ਦਲਜੀਤ ਅਮੀ
ਇੱਕੋ ਵੇਲੇ ਦੋ ਮੋਦੀਆਂ ਦੀ ਚਰਚਾ ਹੋ ਰਹੀ ਹੈ। ਇੱਕ ਨੇ ਯੋਗਾ ਨੂੰ ਕੌਮਾਂਤਰੀ ਪੱਧਰ ਉੱਤੇ ਪੇਸ਼ ਕੀਤਾ ਹੈ ਅਤੇ ਦੂਜਾ ਕ੍ਰਿਕਟ ਇਤਿਹਾਸ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਦਾ ਅਧਿਆਏ ਜੋੜਨ ਤੋਂ ਬਾਅਦ ਇਲਜ਼ਾਮਾਂ ਦੇ ਘੇਰੇ ਵਿੱਚ ਹੈ। ਪਿਛਲੇ ਦਿਨੀਂ ਉੱਤਰੀ ਅਰਧ ਗੋਲੇ ਵਿੱਚ ਸਾਲ ਦੇ ਸਭ ਤੋਂ ਵੱਡੇ ਦਿਨ ਨੂੰ ਪਲੇਠੇ ਕੌਮਾਂਤਰੀ ਯੋਗਾ ਦਿਵਸ ਵਜੋਂ ਮਨਾਇਆ ਗਿਆ। ਇਸੇ ਦੌਰਾਨ ਲਲਿਤ ਮੋਦੀ ਦੀ 'ਮਨੁੱਖੀ ਆਧਾਰ' ਉੱਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧਿਆ ਅਤੇ ਕੇਂਦਰੀ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਵੱਲੋਂ ਕੀਤੀ ਗਈ ਇਮਦਾਦ ਵੀ ਚਰਚਾ ਵਿੱਚ ਹੈ। ਦੋ ਮੋਦੀਆਂ ਦੀ ਇੱਕੋ ਵੇਲੇ ਚਰਚਾ ਹੋਣਾ ਸਬੱਬ ਹੈ ਪਰ ਇਸ ਸਬੱਬ ਨਾਲ ਮੌਜੂਦਾ ਦੌਰ ਦੀਆਂ ਕਈ ਰਮਜ਼ਾਂ ਖੁੱਲ੍ਹਦੀਆਂ ਹਨ। ਦੋਵਾਂ ਦੀ ਜ਼ਿੰਦਗੀ ਵਿੱਚ ਕਈ ਗੱਲਾਂ ਇੱਕੋ ਜਿਹੀਆਂ ਹਨ।
ਲਲਿਤ ਮੋਦੀ ਅਮੀਰ ਕਾਰੋਬਾਰੀਆਂ ਦੇ ਘਰ ਜੰਮਣ ਤੋਂ ਲੈਕੇ ਇੰਡੀਅਨ ਪ੍ਰੀਮੀਅਰ ਲੀਗ ਦੀ ਕਾਮਯਾਬੀ ਅਤੇ ਵਿੱਤੀ ਬੇਨੇਮੀਆਂ, ਗ਼ੈਰ-ਅਨੁਸ਼ਾਸਨੀ ਵਿਹਾਰ ਅਤੇ ਪੇਸ਼ੇਵਰ ਬੇਈਮਾਨੀ ਦੇ ਇਲਜ਼ਾਮਾਂ ਵਿੱਚ ਘਿਰਿਆ ਹੋਇਆ ਹੈ। ਤੀਹ ਸਾਲ ਪਹਿਲਾਂ ਲਲਿਤ ਮੋਦੀ ਨੇ ਉੱਤਰੀ ਕੈਰੋਲੀਨਾ ਵਿੱਚ ਨਸ਼ਿਆਂ ਦੀ ਤਸਕਰੀ, ਹਿੰਸਾ ਅਤੇ ਅਗਵਾ ਕਰਨ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਕਬੂਲ ਕੀਤੇ ਸਨ। ਪਾਂਡੀ ਤੋਂ ਇੰਡੀਅਨ ਪ੍ਰੀਮੀਅਰ ਲੀਗ ਦੇ ਬਾਨੀ ਕਮਿਸ਼ਨਰ ਹੋਣ ਤੱਕ ਦਾ ਸਫ਼ਰ ਖੇਡ ਪ੍ਰਬੰਧ ਨਾਲ ਜੁੜੇ ਕਈ ਅਹੁਦਿਆਂ ਅਤੇ ਕਾਰੋਬਾਰੀ ਪਹਿਲਕਦਮੀਆਂ ਰਾਹੀਂ ਤੈਅ ਹੋਇਆ ਹੈ। ਦੂਜੇ ਪਾਸੇ ਨਰਿੰਦਰ ਮੋਦੀ ਨੇ ਚਾਹ ਬਣਾਉਣ ਵਾਲੇ ਖੋਖੇ ਤੋਂ ਗੁਜਰਾਤ ਦੇ ਮੁੱਖ ਮੰਤਰੀ ਰਾਹੀਂ ਪ੍ਰਧਾਨ ਮੰਤਰੀ ਤੱਕ ਦਾ ਸਫ਼ਰ ਤੈਅ ਕੀਤਾ ਹੈ। ਉਨ੍ਹਾਂ ਦੇ ਇਸ ਸਫ਼ਰ ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦਾ ਕਤਲੇਆਮ ਅਤੇ ਆਪਣਾ ਰਾਹ ਸਾਫ਼ ਕਰਨ ਲਈ ਵਰਤੇ ਸਿਆਸੀ ਦਾਅਪੇਚ ਲਗਾਤਾਰ ਚਰਚਾ ਦਾ ਵਿਸ਼ਾ ਰਹੇ ਹਨ। ਦੋਵਾਂ ਮੋਦੀਆਂ ਵਿੱਚੋਂ ਨਰਿੰਦਰ ਨੂੰ ਤਿਆਗੀ ਅਤੇ ਲਲਿਤ ਨੂੰ ਭੋਗੀ ਵਜੋਂ ਪੇਸ਼ ਕਰਨ ਦੀ ਮਸ਼ਕ ਲਗਾਤਾਰ ਚੱਲਦੀ ਰਹਿੰਦੀ ਹੈ। ਨਰਿੰਦਰ ਦੀ ਸਿਆਸੀ ਕਾਮਯਾਬੀ ਵਿੱਚ ਉਸ ਦੀ ਵਪਾਰਕ ਬੁੱਧੀ ਅਤੇ ਲਲਿਤ ਦੀ ਕਾਰੋਬਾਰੀ ਚੜ੍ਹਾਈ ਵਿੱਚ ਉਸ ਦੇ ਸਿਆਸੀ ਗੁਰਾਂ ਦਾ ਜ਼ਿਕਰ ਜ਼ਰੂਰ ਆਉਂਦਾ ਹੈ।
ਇੰਡੀਅਨ ਪ੍ਰੀਮੀਅਰ ਲੀਗ ਅਤੇ ਯੋਗਾ ਦੇ ਹਵਾਲੇ ਨਾਲ ਕੁਝ ਗੱਲਾਂ ਮੌਜੂਦਾ ਦੌਰ ਦੇ ਕਈ ਪੱਖਾਂ ਨੂੰ ਉਭਾਰਦੀਆਂ ਹਨ। ਇੰਡੀਅਨ ਪ੍ਰੀਮੀਅਰ ਲੀਗ ਤੋਂ ਕਈ ਸਾਲ ਪਹਿਲਾਂ 20-ਵੀਹ ਓਵਰਾਂ ਦੀ ਕ੍ਰਿਕਟ ਦੇ ਤਜਰਬੇ ਚੱਲ ਰਹੇ ਸਨ। ਇਸੇ ਦੌਰਾਨ ਕ੍ਰਿਕਟ ਖੇਡ ਮੈਦਾਨ ਦੀ ਥਾਂ ਟੈਲੀਵਿਜ਼ਨ ਦੇ ਪੇਸ਼ਕਾਰੀ ਵਜੋਂ ਸਮਝੀ ਜਾ ਰਹੀ ਸੀ। ਇਸ਼ਤਿਹਾਰਬਾਜ਼ੀ ਲਈ ਇਹ ਖੇਡ ਬਹੁਤ ਢੁੱਕਵੀਂ ਬਣਦੀ ਸੀ। ਇਸ ਖੇਡ ਦੀ ਸਭ ਤੋਂ ਤੇਜ਼-ਤਰਾਰ ਵੰਨਗੀ ਵਿੱਚ ਵੀ ਇਸ਼ਤਿਹਾਰਬਾਜ਼ੀ ਲਈ ਚੋਖੀ ਥਾਂ ਹੈ। ਖੇਡ-ਮੈਦਾਨ ਦੇ ਬਾਹਰ ਹਰ ਕੋਨੇ ਉੱਤੇ ਇਸ਼ਤਿਹਾਰਬਾਜ਼ੀ ਕੀਤੀ ਜਾ ਸਕਦੀ ਹੈ। ਖੇਡ ਦੌਰਾਨ ਹਰ ਓਵਰ ਤੋਂ ਬਾਅਦ, ਹਰ ਵਿਕਟ ਗਿਰਨ ਤੋਂ ਬਾਅਦ, ਓਵਰਾਂ ਅਤੇ ਪਾਰੀਆਂ ਦੌਰਾਨ ਇਸ਼ਤਿਹਾਰਬਾਜ਼ੀ ਟੈਲੀਵਿਜ਼ਨ ਦਾ ਪੂਰਾ ਪਰਦਾ ਹਥਿਆ ਸਕਦੀ ਹੈ। ਮੋਦੀ ਦੌਰ ਦੀ ਡਿਜੀਟਲ ਤਕਨੀਕ ਰਾਹੀਂ ਟੈਲੀਵਿਜ਼ਨ ਦੇ ਜ਼ਰੀਏ ਮੈਚ ਦੀਆਂ ਤਫ਼ਸੀਲਾਂ ਖੇਡ ਮੈਦਾਨ ਉੱਤੇ ਉੱਕਰੀਆਂ ਜਾਣ ਲੱਗੀਆਂ ਤਾਂ ਇਸ਼ਤਿਹਾਰ ਵੀ ਉੱਕਰਿਆ ਜਾਣ ਲੱਗਿਆ। ਜੇ ਗੇਂਦਬਾਜ਼ ਵਾਲੇ ਸਿਰੇ ਉੱਤੇ ਮੈਚ ਦਾ ਵੇਰਵਾ ਉਭਰਦਾ ਹੈ ਤਾਂ ਵਿਕਟਕੀਪਰ ਦੇ ਪਿੱਛੇ ਇਸ਼ਤਿਹਾਰ ਲਿਸ਼ਕਦਾ ਹੈ। ਇਸ ਤੋਂ ਬਾਅਦ ਚਲਦੇ ਮੈਚ ਦੌਰਾਨ ਇਸ਼ਤਿਹਾਰ ਟੈਲੀਵਿਜ਼ਨ ਦੇ ਪਰਦੇ ਵਿੱਚ ਆਪਣੇ ਖ਼ਾਨੇ ਮੱਲ ਸਕਦਾ ਹੈ। ਜੇ ਪਹਿਲਾਂ ਹੇਠਲੀਆਂ ਪੱਟੀਆਂ ਸ਼ੁਰੂ ਹੋਈਆਂ ਤਾਂ ਹੌਲੀ-ਹੌਲੀ ਇਹ ਪੱਟੀਆਂ ਲਗਾਤਾਰ ਚੱਲਣ ਲੱਗੀਆਂ। ਇਹ ਲਿਖਤ ਤੋਂ ਗ੍ਰਾਫ਼ਿਕਸ ਰਾਹੀਂ ਐਨੀਮੇਸ਼ਨ ਅਤੇ ਮਲਟੀਮੀਡੀਆ-ਵੀਡੀਓ ਤੱਕ ਪਹੁੰਚ ਗਈਆਂ। ਹੁਣ ਟੈਲੀਵਿਜ਼ਨ ਦਾ ਪਰਦਾ ਇੱਕੋ ਵੇਲੇ ਹੇਠਲੀ ਅਤੇ ਵੱਖੀ ਦੀ ਪੱਟੀ ਰਾਹੀਂ ਵੰਡਿਆ ਜਾਂਦਾ ਹੈ ਜਿਸ ਉੱਤੇ ਇੱਕੋ ਵੇਲੇ ਇੱਕ ਤੋਂ ਜ਼ਿਆਦਾ ਇਸ਼ਤਿਹਾਰ ਮੈਚ ਦੇ ਨਾਲ ਚਲਦੇ ਹਨ। ਹੁਣ ਖੇਡ ਮਾਹਰ ਚੌਕਿਆਂ-ਛਿੱਕਿਆਂ ਜਾਂ ਮੈਚ ਦੀਆਂ ਝਾਕੀਆਂ ਨਾਲ ਇਸ਼ਤਿਹਾਰੀ ਵਿਸ਼ੇਸ਼ਣ ਲਗਾਉਂਦੇ ਹਨ। ਛਿੱਕੇ ਡੀ.ਐਲ.ਐਫ. ਹੋ ਗਏ ਹਨ।
ਜਦੋਂ 20-ਵੀਹ ਕ੍ਰਿਕਟ ਨੂੰ ਤਿੰਨ ਘੰਟਿਆਂ ਦੇ ਮਨੋਰੰਜਨ ਵਜੋਂ ਫ਼ਿਲਮ ਵਾਂਗ ਪੇਸ਼ ਕੀਤਾ ਜਾਂਦਾ ਹੈ ਤਾਂ ਕੁਝ ਤਬਦੀਲੀਆਂ ਹੋਰ ਵਾਪਰਦੀਆਂ ਹਨ। ਜਿਵੇਂ ਟੈਲੀਵਿਜ਼ਨ ਪਰਦੇ ਦੇ ਖੂੰਜਿਆਂ ਅਤੇ ਕੰਨੀਆਂ ਵਿੱਚ ਇਸ਼ਤਿਹਾਰ ਆਉਂਦਾ ਹੈ ਉਸੇ ਤਰ੍ਹਾਂ ਖੇਡ-ਮੈਦਾਨ ਦੇ ਕੋਨਿਆਂ ਵਿੱਚ ਦੇਸੀ-ਵਿਦੇਸ਼ੀ ਗੀਤ-ਸੰਗੀਤ-ਨਾਚ ਆਉਂਦਾ ਹੈ। ਫ਼ਿਲਮ ਸਨਅਤ ਦੇ ਅਦਾਕਾਰ ਆਪਣੀ ਅਦਾਕਾਰੀ ਅਤੇ ਕਾਰੋਬਾਰ ਲਈ ੨੦-ਵੀਹ ਨੂੰ ਨਵੇਂ ਮੰਚ ਵਜੋਂ ਪ੍ਰਵਾਨ ਕਰਦੇ ਹਨ। ਉਨ੍ਹਾਂ ਦੇ ਜਸ਼ਨ ਅਤੇ ਅਫ਼ਸੋਸ ਨਾਲ 20-ਵੀਹ ਦਿਲਕਸ਼ ਹੋ ਜਾਂਦਾ ਹੈ। ਸ਼ਿਲਪਾ ਸ਼ੈਟੀ ਅਤੇ ਪ੍ਰੀਤੀ ਜਿੰਟਾ ਤੋਂ ਲੈ ਕੇ ਸ਼ਾਹਰੁਖ਼ ਖ਼ਾਨ ਤੱਕ ਕੈਮਰੇ ਲਈ ਢੁਕਵੀਂਆਂ ਥਾਂਵਾਂ ਉੱਤੇ ਬੈਠਦੇ ਹਨ ਅਤੇ ਲਗਾਤਾਰ ਸਰਗਰਮ ਰਹਿੰਦੇ ਹਨ। ਜੇ ਕਿਸੇ ਗੇਂਦਬਾਜ਼ ਜਾਂ ਬੱਲੇਬਾਜ਼ ਦਾ ਜਾਦੂ ਨਹੀਂ ਚੱਲਿਆ ਤਾਂ ਖੇਡ ਮੈਦਾਨ ਵਿਚਲੇ ਦਰਸ਼ਕਾਂ ਲਈ ਪੇਸ਼ਕਾਰੀਆਂ ਹਨ ਅਤੇ ਟੈਲੀਵਿਜ਼ਨ ਲਈ ਫ਼ਿਲਮ ਸਨਅਤ ਦੀ ਦਿਲਕਸ਼ੀ ਹੈ। ਲਲਿਤ ਮੋਦੀ ਦੇ ਦੌਰ ਵਿੱਚ ਕੈਰੀ ਪੈਕਰ ਦੇ ਤਿੰਨ ਦਹਾਕੇ ਦੇ ਤਜਰਬੇ ਪੁਰਾਣੇ ਯੁੱਗ ਦੀ ਕਹਾਣੀ ਲੱਗਣ ਲੱਗਦੇ ਹਨ। 20-ਵੀਹ ਖੇਡ ਪੰਨਿਆਂ ਤੋਂ ਪੇਜ-ਥ੍ਰੀ ਤੱਕ ਦਾ ਸਫ਼ਰ ਤੈਅ ਕਰਦਾ ਹੈ। ਦੇਰ ਰਾਤ ਤੱਕ ਚਲਦੇ ਸ਼ਰਾਬ, ਸ਼ਬਾਬ ਅਤੇ ਕਬਾਬ ਦੇ ਜਸ਼ਨ ਦੀਆਂ ਮਸਾਲੇਦਾਰ ਗੱਲਾਂ ਖ਼ਬਰਾਂ ਵਜੋਂ ਮਨੋਰੰਜਨ ਅਤੇ ਖ਼ਬਰੀਆ ਜਗਤ ਦਾ ਹਿੱਸਾ ਬਣਦੀਆਂ ਹਨ। ਖਿਡਾਰੀਆਂ ਦੀ ਸ਼ਰਾਬ ਪੀਣ ਦੀ ਸਮਰੱਥਾ, ਨੱਚਣ ਦਾ ਹੁਨਰ ਅਤੇ ਇੱਕ-ਰਾਤੀਆ-ਇਸ਼ਕ 20-ਵੀਹ ਦੇ ਬਾਹਰ ਇੰਡੀਅਨ ਪ੍ਰੀਮੀਅਰ ਲੀਗ ਦਾ ਪਸਾਰਾ ਕਰਦੇ ਹਨ। ਸੱਟੇਬਾਜ਼ਾਂ ਦੀ ਗ਼ੈਰ-ਕਾਨੂੰਨੀ ਸਰਗਰਮੀ ਵਧ ਜਾਂਦੀ ਹੈ ਅਤੇ 'ਭਰੋਸੇਯੋਗ' ਸੂਤਰਾਂ ਦੇ ਹਵਾਲੇ ਨਾਲ ਮੈਚ ਦੇ ਰੁਖ਼ ਦਾ ਅੰਦਾਜ਼ਾ ਲਗਾਉਣ ਲਈ ਠੋਸ ਜਾਣਕਾਰੀ ਮੰਨੀ ਜਾਂਦੀ ਹੈ। ਸੱਟੇਬਾਜ਼ੀ ਵੀ ਲੜੀ-ਲੜੀ ਜਾਂ ਮੈਚ-ਮੈਚ ਦੀ ਥਾਂ ਓਵਰ-ਓਵਰ ਅਤੇ ਗੇਂਦ-ਗੇਂਦ ਦੀ ਤਫ਼ਸੀਲ ਤੱਕ ਪੁੱਜ ਜਾਂਦੀ ਹੈ। ਚੌਕਿਆਂ-ਛਿੱਕਿਆਂ ਉੱਤੇ ਲਗਦੀਆਂ ਸ਼ਰਤਾਂ ਨੋ-ਵਾਲ ਅਤੇ ਵਾਇਡ-ਵਾਲ ਨੂੰ ਆਪਣੇ ਘੇਰੇ ਵਿੱਚ ਲੈ ਲੈਂਦੀਆਂ ਹਨ। ਇਸ ਹਮਾਮ ਵਿੱਚ ਖਿਡਾਰੀ, ਪ੍ਰੰਬਧਕ, ਮਾਲਕ ਅਤੇ ਪਤਵੰਤੇ ਚਾਂਗਰਾਂ ਮਾਰ-ਮਾਰ ਕੇ ਨਹਾਉਂਦੇ ਹਨ। ਭਾਰਤ ਵਿੱਚ ਚੋਣਾਂ ਦੌਰਾਨ ਸੁਰੱਖਿਆ ਕਾਰਨ ਇਜਾਜ਼ਤ ਨਾ ਮਿਲਣ ਉੱਤੇ ਭਾਰਤੀ ਟੈਲੀਵਿਜ਼ਨ ਦਰਸ਼ਕ ਦੀ ਸਹੂਲਤ ਮੁਤਾਬਕ ਇੰਡੀਅਨ ਪ੍ਰੀਮੀਅਰ ਲੀਗ ਦੱਖਣੀ ਅਫ਼ਰੀਕਾ ਵਿੱਚ ਹੁੰਦੀ ਹੈ ਅਤੇ ਇਸ ਨੂੰ ਮੁਲਕ ਦੀ ਕ੍ਰਿਕਟ ਜਗਤ ਵਿੱਚ ਵਧਦੀ ਤਾਕਤ ਵਜੋਂ ਪੇਸ਼ ਕੀਤਾ ਜਾਂਦਾ ਹੈ। ਜਦੋਂ ਲਲਿਤ ਮੋਦੀ ਨੂੰ ਵਿੱਤੀ ਬੇਨੇਮੀਆਂ, ਗ਼ੈਰ-ਅਨੁਸ਼ਾਸਨੀ ਵਿਹਾਰ ਅਤੇ ਪੇਸ਼ੇਵਰ ਬੇਈਮਾਨੀ ਦੇ ਇਲਜ਼ਾਮਾਂ ਤਹਿਤ ਪਾਸੇ ਕੀਤਾ ਜਾਂਦਾ ਹੈ ਤਾਂ 'ਖੇਡ ਹਰ ਹੀਲੇ ਜਾਰੀ ਰਹਿਣੀ ਚਾਹੀਦੀ ਹੈ' ਦਾ ਬੋਲਾ ਸਿਆਸੀ ਗ਼ਲਿਆਰਿਆਂ ਤੋਂ ਜਮਹੂਰੀਅਤ ਦੇ ਤੀਜੇ ਥੰਮ੍ਹ ਰਾਹੀਂ ਗੂੰਜਦਾ ਹੈ। ਕ੍ਰਿਕਟ ਨੂੰ 'ਸਲੀਕੇਦਾਰਾਂ' ਦੀ ਖੇਡ ਵਜੋਂ ਬਹਾਲ ਕਰਨ ਦੀ ਮੰਗ ਹੁੰਦੀ ਰਹਿੰਦੀ ਹੈ।
ਨਰਿੰਦਰ ਮੋਦੀ ਦੇ ਉਭਾਰ ਅਤੇ ਪੇਸ਼ਕਾਰੀ ਵਿੱਚ ਲਲਿਤ ਮੋਦੀ ਦੀਆਂ ਜੁਗਤਾਂ ਕੰਮ ਆਉਂਦੀਆਂ ਹਨ। ਉਹ ਫ਼ਿਰਕੂ ਫਸਾਦਾਂ ਵਾਲੀ ਕੈਨਵਸ ਉੱਤੇ ਵਿਕਾਸ ਦਾ ਡਿਜੀਟਲ ਪਰਦਾ ਪਾਉਂਦਾ ਹੈ। ਆਰਥਿਕ ਸੁਧਾਰਾਂ ਦੇ ਭਾਰਤੀ ਕੈਰੀ ਪੈਕਰ ਡਾ. ਮਨਮੋਹਨ ਸਿੰਘ ਦੀਆਂ ਪਹਿਲਕਦਮੀਆਂ ਨੂੰ ਸਿਆਸਤ ਦਾ 20-ਵੀਹ ਰੂਪ ਬਣਾ ਕੇ ਧੁੰਧਲਾ ਕਰਦਾ ਹੈ। ਉਹ 'ਮੇਡ ਇੰਨ ਇੰਡੀਆ' ਵਿੱਚ ਸਿਰਫ਼ ਪਹਿਲੇ ਡੱਡੇ ਦਾ ਕੱਕਾ ਬਣਾ ਕੇ ਇਸ਼ਤਿਹਾਰਬਾਜ਼ੀ ਦੀ ਅਹਿਮੀਅਤ ਨੂੰ ਉਘਾੜਦਾ ਹੈ। ਉਸ ਦੀ ਇਸ ਜੁਗਤ ਸਾਹਮਣੇ 'ਠੰਢਾ ਮਤਲਬ ਕੋਕਾ ਕੋਲਾ' ਦਾ ਮੰਡੀ ਮੁਖੀ ਉਧਮੀ ਖ਼ਾਸਾ ਮੱਧਮ ਪੈ ਜਾਂਦਾ ਹੈ। ਉਸ ਦਾ 'ਪ੍ਰਧਾਨ ਸੇਵਕ' ਵਜੋਂ ਮੰਤਰੀਆਂ-ਸੰਤਰੀਆਂ ਨੂੰ ਨੁਮਾਇਸ਼ੀ ਬਣਾ ਦੇਣਾ ਨਿਮਰਤਾ ਦਾ ਖੁੱਲ੍ਹੀ ਮੰਡੀ ਵਾਲਾ ਆਪਹੁਦਰਾ ਰੂਪ ਪੇਸ਼ ਕਰਦਾ ਹੈ। ਉਹ ਝਾੜੂ ਫੜ ਕੇ ਮੁਲਕ ਦੀ ਸਫ਼ਾਈ ਦਾ ਦਾਅਵਾ ਕਰਦਾ ਹੈ ਅਤੇ ਸਾਰੇ ਚਿੱਟਕੱਪੜੀਏ ਮੰਤਰੀਆਂ-ਸੰਤਰੀਆਂ ਨੂੰ ਕੂੜੇ ਦੇ ਢੇਰਾਂ ਲਾਗੇ ਤਸਵੀਰਾਂ ਖਿਚਵਾਉਣ ਦਾ ਵਰਦਾਨ ਦਿੰਦਾ ਹੈ। ਅਧਿਆਪਕ ਦਿਵਸ ਮੌਕੇ ਪੂਰੇ ਮੁਲਕ ਨੂੰ ਵਿਦਿਆਰਥੀ ਬਣਾ ਕੇ ਟੈਲੀਵਿਜ਼ਨ ਅੱਗੇ ਬਿਠਾਉਂਦਾ ਹੈ। ਇੱਕੋ ਦਿਨ ਵਿੱਚ ਚਾਰ ਪੌਸ਼ਾਕਾਂ ਬਦਲ ਕੇ ਵਧ ਰਹੇ ਆਰਥਿਕ ਪਾੜੇ ਵਾਲੇ ਸਮਾਜ ਵਿੱਚ ਉਹ ਸਾਦਗੀ ਦੇ ਮਾਅਨੇ ਸਮਝਾਉਂਦਾ ਹੈ। ਇਸੇ ਕੜੀ ਵਿੱਚ 21 ਜੂਨ ਨੂੰ ਕੌਮਾਂਤਰੀ ਯੋਗਾ ਦਿਵਸ ਮਨਾਇਆ ਜਾਂਦਾ ਹੈ। ਇੱਕ ਪਾਸੇ ਯੋਗਾ ਨੂੰ ਆਲਮੀ ਵਿਰਾਸਤ ਵਜੋਂ ਪੇਸ਼ ਕੀਤਾ ਜਾਂਦਾ ਹੈ ਅਤੇ ਦੂਜੇ ਪਾਸੇ ਇਸ ਨੂੰ 'ਭਾਰਤੀ ਸੰਸਕ੍ਰਿਤੀ ਦੇ ਆਲਮੀ ਰਾਜਪਲਟੇ' ਵਜੋਂ ਪ੍ਰਚਾਰਿਆ ਜਾਂਦਾ ਹੈ। ਸੁਆਲ ਯੋਗਾ ਦੀ ਕਸਰਤ ਵਜੋਂ ਅਹਿਮੀਅਤ ਦਾ ਨਹੀਂ ਹੈ ਸਗੋਂ ਇਸ ਦੀ ਪੇਸ਼ਕਾਰੀ ਨਾਲ ਜੁੜੀ ਸੋਚ ਦਾ ਹੈ। ਦੋ ਮਿਸਾਲਾਂ: ਗੋਰਖ਼ਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਦਿਤਿਆਨਾਥ ਯੋਗੀ ਨੇ ਯੋਗਾ ਦਿਵਸ ਦੀ ਸਰਕਾਰੀ ਮਸ਼ਕ ਉੱਤੇ ਸੁਆਲ ਕਰਨ ਵਾਲੀਆਂ ਘੱਟਗਿਣਤੀਆਂ ਨੂੰ ਜੂਆਬ ਦਿੱਤਾ, "ਵਿਰੋਧ ਕਰਨ ਵਾਲੇ ਮੁਲਕ ਤੋਂ ਬਾਹਰ ਜਾਓ ਜਾਂ ਸਮੁੰਦਰ ਵਿੱਚ ਡੁੱਬ ਮਰੋ।" ਰਾਸ਼ਟਰੀ ਸਵੈਮ ਸੇਵਕ ਦੇ ਆਗੂ ਰਾਮ ਮਾਧਵ ਨੇ ਯੋਗਾ ਦਿਵਸ ਦੇ ਸਮਾਗਮਾਂ ਵਿੱਚੋਂ ਗ਼ੈਰ-ਹਾਜ਼ਰ ਰਹੇ ਹਾਮਿਦ ਅੰਸਾਰੀ ਨੂੰ ਟਵਿੱਟਰ ਰਾਹੀਂ ਸੁਆਲ ਕੀਤੇ ਜਿਨ੍ਹਾਂ ਦਾ ਫ਼ਿਰਕੂ ਖ਼ਾਸਾ ਬਿਆਨ ਕਰਨ ਦੀ ਲੋੜ ਨਹੀਂ। ਬਾਅਦ ਵਿੱਚ ਉਨ੍ਹਾਂ ਨੇ ਇਹ ਦੋ ਟਵੀਟ ਮਿਟਾ ਦਿੱਤੇ ਕਿਉਂਕਿ ਹਾਮਿਦ ਅੰਸਾਰੀ ਦੀ ਸਿਹਤ ਖ਼ਰਾਬ ਹੋਣ ਦੀ ਖ਼ਬਰ ਨਾਗਪੁਰ ਪਹੁੰਚ ਗਈ ਸੀ।
ਯੋਗਾ ਦਿਵਸ ਦੇ ਸਮਾਗਮਾਂ ਵਿੱਚ ਪ੍ਰਧਾਨ ਮੰਤਰੀ ਯੋਗ ਆਸਣ ਕਰਦੇ ਨਜ਼ਰ ਆਏ। ਕਸਰਤ ਕਰਦੇ ਮੌਜੂਦਾ ਪ੍ਰਧਾਨ ਮੰਤਰੀ ਦੀ ਤਸਵੀਰ ਸਾਬਕਾ ਪ੍ਰਧਾਨ ਮੰਤਰੀਆਂ ਦੀਆਂ ਤਸਵੀਰਾਂ ਨਾਲੋਂ ਵੱਖਰੀ ਹੈ: ਜਵਾਹਰ ਲਾਲ ਨਹਿਰੂ ਦੇ ਸੀਸ ਆਸਣ ਅਤੇ ਇੰਦਰਾ ਗਾਂਧੀ ਦੇ ਯੋਗ ਆਸਣਾਂ ਤੋਂ ਵੱਖਰੀ ਹੈ। ਉਹ ਆਪਣੀ ਸਿਹਤ ਦੀ ਫ਼ਿਕਰਮੰਦੀ ਦੇ ਆਸਣ ਕਰਦੇ ਸਨ ਪਰ ਨਰਿੰਦਰ ਮੋਦੀ 'ਧਰਮ, ਦੇਸ਼ਭਗਤੀ, ਨੈਤਿਕਤਾ ਅਤੇ ਸੱਭਿਅਤਾ' ਦੇ 'ਆਲਮੀ ਸ਼ੰਖ ਨਾਦ' ਦੀ ਨੁਮਾਇੰਦਗੀ ਕਰ ਰਹੇ ਹਨ। ਜੇ ਸਭ ਤੋਂ ਵੱਧ ਖ਼ੂਨ ਦੀ ਕਮੀ ਦਾ ਸ਼ਿਕਾਰ ਲੋਕਾਂ ਦੇ ਮੁਲਕ ਵਿੱਚ ਸਿਹਤ ਮੁੱਦਿਆਂ ਦੀ ਗੱਲ ਹੋਵੇ ਤਾਂ ਆਵਾਮ ਲਈ ਖ਼ੁਸ਼ਖ਼ਬਰੀ ਹੋਵੇਗੀ। ਜੇ ਸਾਡੇ ਮੁਲਕ ਵਿੱਚ ਬਾਲ ਅਤੇ ਜਣੇਪਾ ਮੌਤਾਂ ਨੂੰ ਘੱਟ ਕਰਨ ਦੀ ਗੱਲ ਹੋਵੇ ਜਾਂ ਮੁਲਕ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਦਾ ਉਪਰਲਾ ਹੋਵੇ ਤਾਂ ਸਰਕਾਰ ਦਾ ਧੰਨਵਾਦੀ ਹੋਇਆ ਜਾ ਸਕਦਾ ਹੈ। ਜੇ ਯੋਗਾ ਨੂੰ ਯੋਗੀਆਂ ਰਾਹੀਂ ਧਰਮ ਦੀ ਪ੍ਰਾਪਤੀ ਵਜੋਂ ਪੇਸ਼ ਕੀਤਾ ਜਾਂਦਾ ਹੈ ਤਾਂ ਮੁਲਕ ਦੀ ਸਿਹਤ ਨੂੰ ਇਸ ਤੋਂ ਖ਼ਤਰਾ ਹੈ।
ਯੋਗਾ ਦੀ ਸਰਕਾਰੀ ਮਸ਼ਕ ਨੂੰ ਇਸ ਦੇ ਅਲੰਬਰਦਾਰਾਂ ਦੀ ਸਿਆਸਤ ਤੋਂ ਵੱਖ ਕਰ ਕੇ ਨਹੀਂ ਸਮਝਿਆ ਜਾ ਸਕਦਾ। ਉਹ ਲੋਕਾਂ ਦੀ 'ਠੰਢੇ' ਦੀ ਲੋੜ ਨੂੰ ਆਪਣੀ ਬੋਤਲ ਦੀ ਮੰਡੀ ਨਾਲ ਜੋੜ ਰਹੇ ਹਨ। ਲੋਕਾਂ ਨੇ ਕਸਰਤ ਕਰਨੀ ਹੈ ਕਿਉਂਕਿ ਤੰਦਰੁਸਤ ਦਿਮਾਗ਼ ਤੰਦਰੁਸਤ ਸਰੀਰ ਵਿੱਚ ਵਾਸ ਕਰਦਾ ਹੈ। ਲੋਕਾਂ ਨੇ ਖੇਡਣਾ ਹੈ ਕਿਉਂਕਿ ਖ਼ੁਰਾਕ ਮਨੁੱਖ ਦਾ ਪਹਿਲਾ ਅਤੇ ਖੇਡ ਮਨੁੱਖ ਦਾ ਉੱਤਮ ਸਕੂਨ ਹੈ। ਖੁੱਲ੍ਹੀ ਮੰਡੀ ਦੇ ਦੌਰ ਵਿੱਚ ਮੋਦੀਆਂ ਦਾ ਉਦਮੀ ਖ਼ਾਸਾ ਸਮਝਣਾ ਬਹੁਤ ਜ਼ਰੂਰੀ ਹੈ। ਇਸ ਦੌਰ ਵਿੱਚ ਲਲਿਤ ਖੇਡ ਭਾਵਨਾ ਉੱਤੇ ਸਵਾਰ ਹੁੰਦਾ ਹੈ ਤਾਂ ਨਰਿੰਦਰ ਦੇਸ਼ ਭਗਤੀ ਦਾ ਰਥਵਾਨ ਬਣਦਾ ਹੈ। ਜੇ ਡਾ ਮਨਮੋਹਨ ਸਿੰਘ ਦੇ ਦੌਰ ਵਿੱਚ ਰਾਡੀਆ ਟੇਪਾਂ ਦੇ ਵਿਵਾਦਾਂ ਵਿੱਚ ਫਸੇ ਰਤਨ ਟਾਟਾ ਦੀ 'ਨਿੱਜੀ ਜ਼ਿੰਦਗੀ ਵਿੱਚ ਖ਼ਲਲ' ਦਾ ਧਿਆਨ ਰੱਖਿਆ ਜਾ ਸਕਦਾ ਹੈ ਤਾਂ ਨਰਿੰਦਰ ਮੋਦੀ ਦੇ ਦੌਰ ਵਿੱਚ ਲਲਿਤ ਮੋਦੀ ਦੀ 'ਮਨੁੱਖੀ ਇਮਦਾਦ' ਤਾਂ ਹੀ ਕੀਤੀ ਜਾਵੇਗੀ। ਲਲਿਤ ਮੋਦੀ ਦੇ ਦੌਰ ਵਿੱਚ ਭਾਵੇਂ ਕੈਰੀ ਪੈਕਰ ਪੁਰਾਣਾ ਜਾਪਣ ਲੱਗ ਜਾਵੇ ਪਰ ਉਸੇ ਦੀ ਵਿਰਾਸਤ ਨਵੇਂ ਰੂਪ ਵਿੱਚ ਮੂੰਹਜ਼ੋਰ ਹੋ ਕੇ ਅੱਗੇ ਵਧਦੀ ਹੈ।
(ਇਹ ਲੇਖ 24 ਜੂਨ2015 ਨੂੰ ਨਵਾਂ ਜ਼ਮਾਨਾ ਅਤੇ ਅਮਰੀਕਾ ਵਿੱਚ ਛਪਦੇ ਪੰਜਾਬ ਟਾਈਮਜ਼ ਦੇ 1 ਜੁਲਾਈ 2015 ਵਾਲੇ ਅੰਕ ਵਿੱਚ ਛਪਿਆ।)

1 comment:
it will be posted in july edition of saroakaran di awaz that is published in Canada
Post a Comment