ਜਤਿੰਦਰ ਮੌਹਰ
Main Gate of Khajurla |
ਹੁਣ ਚਹੇੜੂ ਵਾਲੇ ਉੱਚੇ ਪੁੱਲ ਤੋਂ 'ਹਲਵਾਈਆਂ ਦੀ ਵਿਦਿਅਕ ਹੱਟੀ' ਬਿਲਕੁਲ ਸਾਹਮਣੇ ਦਿਸਣੀ ਸ਼ੁਰੂ ਹੋ ਜਾਂਦੀ ਹੈ ਜੋ ਪੰਜਾਬ ਦੀ ਪਹਿਲੀ ਨਿੱਜੀ ਯੂਨਵਰਸਿਟੀ ਹੈ। ਲਵਲੀ ਯੂਨੀਵਰਸਿਟੀ ਰਾਹੀਂ ਸਿੱਖਿਆ ਦੇ ਨਿੱਜੀਕਰਨ ਦਾ ਦੈਂਤ ਮਿਸਾਲੀ ਕਾਮਯਾਬੀ ਨਾਲ ਪ੍ਰਗਟ ਹੋਇਆ ਸੀ। ਇਸ ਵਿਦਿਅਕ ਹੱਟੀ ਨੂੰ ਮਾਨਤਾ ਦੇਣ ਲਈ ਪੰਜਾਬ ਦੀ ਸੱਤਾ 'ਤੇ ਕਾਬਜ਼ ਸਮਕਾਲੀ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਵਿੱਚ ਲੋੜੀਂਦਾ ਮਤਾ ਪਾਸ ਕੀਤਾ ਸੀ। ਇਹ ਤੋਂ ਬਾਅਦ ਨਵੀਆਂ ਵਿਦਿਅਕ ਹੱਟੀਆਂ ਦਾ ਹੜ੍ਹ ਜਿਹਾ ਆ ਗਿਆ। ਸਿੱਖਿਆ ਵਰਗੇ ਬੁਨਿਆਦੀ ਹੱਕ ਨੂੰ ਖੁੱਲ੍ਹਮ-ਖੁੱਲ੍ਹੇ ਰੂਪ 'ਚ ਮੁਨਾਫ਼ੇ ਦੀ ਅੰਨ੍ਹੀ ਦੌੜ ਦਾ ਹਿੱਸਾ ਬਣਾ ਦਿੱਤਾ ਗਿਆ। ਵਿਦਿਅਕ ਹੱਟੀਆਂ ਦੇ ਜ਼ਸ਼ਨ ਨੂੰ 'ਅਕਾਲੀ' ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਨ੍ਹ 2011 'ਚ ਦਿੱਤੇ ਬਿਆਨ ਨਾਲ ਜੋੜ ਕੇ ਵੀ ਸਮਝਿਆ ਜਾ ਸਕਦਾ ਹੈ। ਮੁੱਖ-ਮੰਤਰੀ ਬਾਦਲ ਨੇ ਲੰਘੇ ਸਾਲ ਦੀਆਂ ਪ੍ਰਾਪਤੀਆਂ 'ਚੋਂ ਚਿਤਕਾਰਾ ਵਰਗੀ ਨਿੱਜੀ ਯੂਨੀਵਰਸਿਟੀ ਦਾ ਖੁੱਲ੍ਹਣਾ ਅਪਣੀ ਸਰਕਾਰ ਦੀ ਅਹਿਮ ਪ੍ਰਾਪਤੀ ਮੰਨਿਆ ਸੀ।
ਚਹੇੜੂ ਵਾਲੇ ਪੁੱਲ ਤੋਂ ਲੈ ਕੇ ਜਲੰਧਰ ਦਾਖ਼ਲ ਹੋਣ ਵਿਚਕਾਰ ਜਿਨ੍ਹਾਂ ਦੋ ਪਿੰਡਾਂ ਵੱਲ ਚੇਤ-ਅਚੇਤ ਨਜ਼ਰ ਜਾਂਦੀ ਰਹੀ ਹੈ ਉਨ੍ਹਾਂ 'ਚ ਪਹਿਲਾ ਪਿੰਡ ਖਜੂਰਲਾ ਹੈ। ਗੱਲ ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਮੁੱਢਲੇ ਸਾਲਾਂ ਦੀ ਹੈ। ਬਰਤਾਨਵੀ ਬਸਤਾਨਾਂ ਖ਼ਿਲਾਫ਼ ਚੱਲ ਰਹੀ ਕੌਮੀ ਮੁਕਤੀ ਲਹਿਰ ਵੇਲੇ ਬੱਬਰ ਅਕਾਲੀ ਸੂਰਿਆਂ ਦਾ ਸੰਘਰਸ਼ ਦੋਆਬੇ 'ਚ ਜ਼ੋਰਾਂ 'ਤੇ ਸੀ। ਸਾਮਰਾਜੀਆਂ ਖ਼ਿਲਾਫ਼ ਲੜੀ ਜਾ ਰਹੀ ਲਹਿਰ ਨੂੰ ਡੱਕਣ ਲਈ ਖਜੂਰਲੇ 'ਚ ਪੁਲਸੀਆਂ ਦੀ ਖ਼ਾਸ ਚੌਂਕੀ ਬਣੀ ਹੋਈ ਸੀ। ਬੱਬਰ ਆਮ ਤੌਰ 'ਤੇ ਕਾਲੀਆਂ ਪੱਗਾਂ ਬੰਨ੍ਹਦੇ ਸਨ ਜਿਹਦੇ ਕਰਕੇ ਕਾਲੀ ਪੱਗ ਬੰਨ੍ਹਣ ਵਾਲੇ ਬੰਦੇ ਨੂੰ ਬੱਬਰ ਸਮਝਣ ਦਾ ਰੁਝਾਨ ਸੀ। ਖਜੂਰਲਾ ਚੌਂਕੀ ਦੇ ਪੁਲਸੀਆਂ ਨੇ ਇੱਕ ਪੇਂਡੂ ਨੂੰ ਕਾਲੀ ਪੱਗ ਬੰਨ੍ਹਣ ਕਰਕੇ ਫੜ ਲਿਆ ਅਤੇ ਚੌਂਕੀ 'ਚ ਲਿਆਕੇ ਤਸ਼ੱਦਦ ਕਰਨ ਲੱਗੇ। ਜਦੋਂ ਬੱਬਰ ਅਕਾਲੀਆਂ ਨੂੰ ਸੂਹ ਲੱਗੀ ਤਾਂ ਉਨ੍ਹਾਂ ਨੇ ਚੌਂਕੀ 'ਤੇ ਹਮਲਾ ਕਰ ਦਿੱਤਾ। ਪੁਲਸੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਨ੍ਹਾਂ ਨੇ ਬੇਕਸੂਰ ਪੇਂਡੂ ਦੇ ਪੈਰੀਂ ਹੱਥ ਲਾ ਕੇ ਮੁਆਫ਼ੀ ਮੰਗੀ। ਸੂਰਮਗਤੀ ਦੀ ਇਹ ਮਿਸਾਲੀ ਘਟਨਾ ਉਸ ਸੱਤਾ ਦੇ ਵਿਰੁੱਧ ਸੂਰਿਆਂ ਦੇ ਹੌਂਸਲੇ ਦਾ ਸਬੂਤ ਹੈ ਜਿਸ ਸੱਤਾ ਦੇ ਰਾਜ 'ਚ ਸੂਰਜ ਨਹੀਂ ਛਿਪਦਾ ਸੀ। ਸੂਰਿਆਂ ਨੇ ਉਸ ਰਾਜ ਦੇ ਦਾਬੇ ਅਤੇ ਡਰ ਨੂੰ ਟਿੱਚ ਜਾਣਿਆ। ਬੱਬਰ ਅਕਾਲੀ ਸੂਰੇ ਮਨੁੱਖ ਦੀ ਸਦੀਵੀ ਆਜ਼ਾਦੀ ਅਤੇ ਹਰ ਤਰ੍ਹਾਂ ਦੇ ਦਾਬੇ ਤੋਂ ਮੁਕਤੀ ਦੇ ਸੰਘਰਸ਼ ਦਾ ਬਿੰਬ ਬਣੇ। ਨਾਬਰੀ ਦੇ ਇਸ ਲੋਕ-ਇਤਿਹਾਸ ਨੂੰ ਮੌਜੂਦਾ ਅਤੇ ਅਗਲੀਆਂ ਨਸਲਾਂ ਤੱਕ ਪੁਚਾਉਣਾ ਸੂਰਿਆਂ ਨੂੰ ਸੱਚੀ ਸਰਧਾਂਜਲੀ ਹੈ।
A statue of money lander in Haveli, Jalandhar |
ਖਜੂਰਲੇ ਦੇ ਇਤਿਹਾਸ ਨੂੰ ਸਮਕਾਲੀ ਬਸਤਾਨਾਂ ਦੀਆਂ ਧਾੜਾਂ ਦੇ ਸਮਿਆਂ 'ਚ ਮੁੜ ਵਿਚਾਰਨਾ ਬਣਦਾ ਹੈ ਬੇਸ਼ੱਕ ਇਹ ਸਮੁੱਚੀ ਲਹਿਰ ਦੀ ਛੋਟੀ ਘਟਨਾ ਹੋਵੇ। ਬਸਤਾਨਾਂ ਦਾ ਨਵਾਂ ਹਮਲਾ ਖੁੱਲ੍ਹੀ ਮੰਡੀ ਅਤੇ ਨਵ-ਉਦਾਰੀਕਰਨ ਦੀਆਂ ਨੀਤੀਆਂ ਰਾਹੀਂ ਦਰਪੇਸ਼ ਹੋਇਆ ਹੈ। ਇਸ ਹਮਲੇ ਦੇ ਮਹੀਨਤਮ ਰੂਪਾਂ ਦੀ ਨਿਸ਼ਾਨਦੇਹੀ ਕਰਨ ਦੀ ਲੋੜ ਹੈ ਜੋ ਬੰਦੇ ਨੂੰ ਸੀਲ ਖਪਤਕਾਰ ਬਣਾਉਣ ਦੀ ਮਸ਼ਕ 'ਚ ਲੱਗੇ ਹੋਏ ਹਨ। ਇਸ ਮਸ਼ਕ ਦਾ ਉਘੜਵਾਂ ਰੂਪ ਜਰਨੈਲੀ ਸੜਕ 'ਤੇ ਦਿਸਦਾ ਹੈ ਜਿੱਥੇ ਖਜੂਰਲੇ ਦੇ ਮੁੱਖ-ਦਰਵਾਜ਼ੇ ਨੂੰ ਅੱਜ-ਕੱਲ੍ਹ ਲੱਭਣਾ ਔਖਾ ਹੋ ਗਿਆ ਹੈ। ਪਿੰਡ ਦੇ ਮੁੱਖ-ਦਰਵਾਜ਼ੇ ਕੋਲ ਉੱਚਾ ਪੁੱਲ ਅਤੇ 'ਹਵੇਲੀ' ਨਾਮ ਦਾ ਮਹਿੰਗਾ ਢਾਬਾ ਬਣ ਗਿਆ ਹੈ। ਅੱਜ-ਕੱਲ੍ਹ ਇਹ ਭੋਜਨ-ਹੱਟੀ ਜਲੰਧਰ ਜਿਲ੍ਹੇ ਸਮੇਤ ਪੰਜਾਬ ਦੀ 'ਪਛਾਣ' ਬਣ ਗਈ ਹੈ। ਜਰਨੈਲੀ ਸੜਕ ਨੂੰ ਚੌੜੀ ਕਰਨ ਅਤੇ ਉੱਚੇ ਪੁੱਲ ਬਣਾਉਣ ਦੇ ਠੇਕੇ ਨਿੱਜੀ ਕੰਪਨੀਆਂ ਨੂੰ ਦੇ ਦਿੱਤੇ ਗਏ ਹਨ। ਮੁਨਾਫ਼ਾ ਜਿਨ੍ਹਾਂ ਦਾ ਇੱਕੋ-ਇੱਕ ਨਿਸ਼ਾਨਾ ਹੈ। ਸਰਕਾਰ ਆਮ ਸ਼ਹਿਰੀਆਂ ਨੂੰ ਦੇਣ ਵਾਲੀਆਂ ਬੁਨਿਆਦੀ ਸੇਵਾਵਾਂ ਤੋਂ ਹੱਥ ਪਿੱਛੇ ਖਿੱਚ ਰਹੀ ਹੈ ਅਤੇ ਨਿੱਜੀਕਰਨ ਦਾ ਰਾਹ ਪੱਧਰਾ ਕਰ ਰਹੀ ਹੈ। ਇਸੇ ਰੁਝਾਨ 'ਚੋਂ ਸੀਲ ਖਪਤਕਾਰੀ ਅਤੇ ਗ਼ੁਲਾਮੀ ਦਾ ਰਾਹ ਨਿਕਲਦਾ ਹੈ। ਗੱਲ ਸਿਰਫ਼ ਹੱਟੀਆਂ ਪਿੱਛੇ ਲੁਕੇ ਖਜੂਰਲੇ ਦੇ ਮੁੱਖ-ਦਰਵਾਜ਼ੇ ਦੀ ਨਹੀਂ ਹੈ। ਉਸ ਇਤਿਹਾਸ ਦੀ ਵੀ ਹੈ ਜਿਹਨੇ ਮਨੁੱਖ ਦੀ ਬਰਾਬਰੀ ਅਤੇ ਨਾਬਰੀ ਦੀ ਗੱਲ ਕਰਨੀ ਹੈ।
Master Mota Singh |
Nand Singh Ghurial |
Babu Santa Singh |
Babbar Dalip Singh |
ਇਸੇ ਕੜੀ 'ਚ ਦੂਜਾ ਪਿੰਡ 'ਬੜਿੰਗ' ਹੈ ਜੋ ਜਲੰਧਰ ਸ਼ਹਿਰ 'ਚ ਦਾਖ਼ਲ ਹੋਣ ਵੇਲੇ ਆਉਂਦਾ ਹੈ। ਇਹ ਬੱਬਰ ਅਕਾਲੀ ਲਹਿਰ ਦੇ ਮੋਹਰੀ ਸ਼ਹੀਦ ਜਥੇਦਾਰ ਕਿਸ਼ਨ ਸਿੰਘ ਗੜਗੱਜ ਦਾ ਪਿੰਡ ਹੈ। ਜਰਨੈਲੀ ਸੜਕ 'ਤੇ ਬਣੇ ਪਿੰਡ ਦੇ ਮੁੱਖ-ਦਰਵਾਜ਼ੇ 'ਤੇ ਕਿਸ਼ਨ ਸਿੰਘ ਗੜਗੱਜ ਦਾ ਨਾਮ ਲਿਖਿਆ ਹੈ ਅਤੇ ਤਸਵੀਰ ਲੱਗੀ ਹੋਈ ਹੈ। ਬੱਬਰ ਅਕਾਲੀ ਲਹਿਰ ਦਾ ਜ਼ਿਕਰ ਕਿਸ਼ਨ ਸਿੰਘ ਗੜਗੱਜ ਤੋਂ ਬਿਨ੍ਹਾਂ ਅਧੂਰਾ ਹੋਵੇਗਾ। ਕਿਸ਼ਨ ਸਿੰਘ ਗੜਗੱਜ ਹੋਰੀਂ ਫ਼ੌਜ ਦੇ 35 ਨੰਬਰ ਸਿੱਖ ਰਸਾਲੇ 'ਚ ਭਰਤੀ ਹੋਏ ਪਰ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਤੋਂ ਬਾਅਦ ਸੰਨ੍ਹ 1921 'ਚ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਇਨਕਲਾਬਪਸੰਦ ਸਿੱਖਾਂ ਨਾਲ ਮਿਲ ਕੇ ਗੋਰੀ ਸਰਕਾਰ ਦੇ ਵਿਰੁੱਧ ਹਥਿਆਰਬੰਦ ਸੰਘਰਸ਼ ਦੀ ਨੀਂਹ ਰੱਖੀ। ਇਤਿਹਾਸਕਾਰ ਬਖਸ਼ੀਸ਼ ਸਿੰਘ ਨਿੱਜਰ ਮੁਤਾਬਕ, "ਬੱਬਰਾਂ ਦਾ ਯਕੀਨ ਸੀ ਕਿ ਹਥਿਆਰਬੰਦ ਜਦੋਜਹਿਦ ਨਾਲ ਅੰਗਰੇਜ਼ੀ ਸਾਮਰਾਜ ਦਾ ਅੰਤ ਕੀਤਾ ਜਾ ਸਕਦਾ ਹੈ। ਜਿਹਦੇ ਲਈ ਕਿਰਤੀ-ਕਿਸਾਨਾਂ ਨੂੰ ਲਾਮਬੰਦ ਕਰਨਾ ਜ਼ਰੂਰੀ ਹੈ। ਇਸ ਨਿਸ਼ਾਨੇ ਨੂੰ ਹਾਸਲ ਕਰਨ ਲਈ ਕੌਮੀ ਮੁਕਤੀ ਲਹਿਰ ਦਾ ਕੇਂਦਰ ਸ਼ਹਿਰੀ ਖੇਤਰ ਤੋਂ ਪੇਂਡੂ ਖੇਤਰ ਵਿੱਚ ਬਦਲ ਜਾਣਾ ਕੁਦਰਤੀ ਅਤੇ ਜ਼ਰੂਰੀ ਹੈ। ਬੱਬਰਾਂ ਨੇ ਇਸ ਖੇਤਰ ਨੂੰ ਲਾਮਬੰਦ ਕਰਨ ਲਈ ਪ੍ਰਚਾਰ ਕੀਤਾ। ਆਵਾਜਾਈ ਅਤੇ ਸੰਚਾਰ ਸਾਧਨ ਵਿਕਸਿਤ ਨਾ ਹੋਣ ਕਰਕੇ ਅੰਗਰੇਜ਼ਾਂ ਦੀ ਵੱਡੀ ਟੇਕ ਪਾਲਤੂ ਜ਼ੈਲਦਾਰਾਂ, ਸਫ਼ੈਦਪੋਸ਼ਾਂ ਅਤੇ ਲੰਬੜਦਾਰਾਂ ਉੱਤੇ ਸੀ। ਬੱਬਰ ਅੰਗਰੇਜ਼ਾਂ ਦੇ ਇਸ ਆਧਾਰ ਨੂੰ ਤੋੜ ਕੇ ਕੌਮੀ ਮੁਕਤੀ ਦਾ ਰਾਹ ਪੱਧਰਾ ਕਰਨਾ ਚਾਹੁੰਦੇ ਸਨ।" ਖ਼ੁਫ਼ੀਆ ਪੁਲਿਸ ਦੀ ਰਪਟ ਮੁਤਾਬਕ ਬੱਬਰਾਂ ਨੇ ਰੂਸੀ ਬਾਲਸ਼ਵਿਕਾਂ ਨਾਲ ਸੰਬੰਧ ਜੋੜੇ ਸਨ। ਬੱਬਰ ਲਹਿਰ ਦੇ ਮੋਢੀ ਮਾਸਟਰ ਮੋਤਾ ਸਿੰਘ ਪਤਾਰਾ ਨੇ ਰੂਸ ਦੀ ਯਾਤਰਾ ਕੀਤੀ ਅਤੇ ਬਾਲਸ਼ਵਿਕ ਇਨਕਲਾਬ ਦਾ ਅਸਰ ਕਬੂਲ ਕੀਤਾ। ਇਸ ਅਸਰ ਦੇ ਹਵਾਲੇ ਨਾਲ ਉਨ੍ਹਾਂ ਨੇ ਸਿੱਖ ਧਰਮ ਦਾ ਅਧਿਐਨ ਕੀਤਾ।
ਜਲੰਧਰ ਜਿਲ੍ਹੇ ਦੇ ਪਿੰਡ ਰੁੜਕਾ ਕਲਾਂ ਵਿੱਚ ਹੋਏ ਇਕੱਠ 'ਚ ਜੁਝਾਰੂਆਂ ਦੇ ਦਲ ਦਾ ਨਾਮ 'ਚੱਕਰਵਰਤੀ ਜੱਥਾ (ਚੱਲਦਾ-ਫਿਰਦਾ ਜੱਥਾ)' ਰੱਖਿਆ ਗਿਆ। ਬਾਅਦ ਵਿੱਚ ਚੱਕਰਵਰਤੀ ਜੱਥੇ ਦਾ ਨਾਮ ਬਦਲ ਕੇ ਬੱਬਰ ਅਕਾਲੀ ਦਲ ਰੱਖ ਦਿੱਤਾ ਗਿਆ। ਬੱਬਰਾਂ ਨੇ ਗੁਪਤ ਅਖ਼ਬਾਰ 'ਬੱਬਰ ਅਕਾਲੀ ਦੋਆਬਾ' ਕੱਢਣਾ ਸ਼ੁਰੂ ਕੀਤਾ ਜਿਹਦੇ ਵਿੱਚ ਉਹ ਸਮੇਂ ਦੀ ਸਰਕਾਰ ਦੇ ਲੋਕ-ਦੋਖੀ ਕਿਰਦਾਰ ਨੂੰ ਨੰਗਾ ਕਰਦੇ ਸਨ। ਇਤਿਹਾਸ ਵਿੱਚ ਕਿਸ਼ਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਸੂਰਮਗਤੀ ਦੇ ਕਈ ਹਵਾਲੇ ਮਿਲਦੇ ਹਨ। ਖਜੂਰਲੇ ਦੀ ਚੌਂਕੀ 'ਤੇ ਹਮਲਾ ਕੁਲ ਤਿੰਨ ਬੱਬਰਾਂ ਨੇ ਕੀਤਾ ਸੀ ਜਿਨ੍ਹਾਂ 'ਚ ਜਥੇਦਾਰ ਕਿਸ਼ਨ ਸਿੰਘ ਗੜਗੱਜ, ਬੱਬਰ ਸੁੰਦਰ ਸਿੰਘ ਅਤੇ ਬਾਬੂ ਸੰਤਾ ਸਿੰਘ ਹਰਿਉਂ ਦਾ ਨਾਮ ਆਉਂਦਾ ਹੈ। ਉਨ੍ਹਾਂ ਕੋਲ ਹਥਿਆਰਾਂ ਦੇ ਨਾਮ 'ਤੇ ਸਿਰਫ਼ ਤਲਵਾਰਾਂ ਸਨ ਪਰ ਪੁਲਸੀਆਂ ਕੋਲ ਰਫ਼ਲਾਂ ਅਤੇ ਗੋਲੀ-ਸਿੱਕਾ ਸੀ। ਇੱਕ ਹੋਰ ਹਵਾਲੇ ਮੁਤਾਬਕ ਇੱਕ ਮੇਲੇ 'ਚ ਕਿਸ਼ਨ ਸਿੰਘ ਤਕਰੀਰ ਕਰ ਰਹੇ ਸਨ। ਪਲਿਸ ਦਲ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਮੰਚ ਵੱਲ ਵਧਣ ਲੱਗਿਆ। ਕਿਸ਼ਨ ਸਿੰਘ ਨੇ ਤਲਵਾਰ ਧੂਹ ਲਈ ਅਤੇ ਪੁਲਿਸ ਨੂੰ ਲਲਕਾਰਿਆ ਕਿ ਜੇ ਹਿੰਮਤ ਹੈ ਤਾਂ ਮੈਨੂੰ ਗ੍ਰਿਫ਼ਤਾਰ ਕਰਕੇ ਦਿਖਾਉ। ਆਲੇ ਦੁਆਲੇ ਦੀ ਸੰਗਤ ਪੁਲਿਸ ਨੂੰ ਟੁੱਟ ਕੇ ਪੈ ਗਈ ਅਤੇ ਪੁਲਿਸ ਨੂੰ ਵਾਪਸ ਮੁੜਨਾ ਪਿਆ।
Jathedar Kishan Singh Gargaj |
ਬੱਬਰਾਂ ਦੀਆਂ ਕਾਰਵਾਈਆਂ ਤੋਂ ਡਰੀ ਗੋਰੀ ਸਰਕਾਰ ਦੋਆਬੇ ਦੇ ਦੋ ਜਿਲ੍ਹਿਆਂ ਨੂੰ ਕਿਸੇ ਰਿਆਸਤ ਨਾਲ ਜੋੜਨ ਦੀ ਸੋਚਣ ਲੱਗੀ ਸੀ। ਜਲੰਧਰ ਅਤੇ ਹੁਸ਼ਿਆਰਪੁਰ 'ਚ ਸਰਕਾਰੀ ਕਾਰ-ਵਿਹਾਰ ਨਾਮਨਿਹਾਦ ਰਹਿ ਗਿਆ ਸੀ। ਜਲੰਧਰ ਦੇ ਕਮਿਸ਼ਨਰ ਟਾਊਨਸ਼ੈਡ ਨੇ ਪੰਜਾਬ ਦੇ ਰਾਜਪਾਲ ਨੂੰ ਲਿਖੀ ਲੰਮੀ ਚਿੱਠੀ 'ਚ ਲਿਖਿਆ ਸੀ, "ਦੁਆਬੇ 'ਚ ਅੰਗਰੇਜ਼ ਰਾਜ ਖ਼ਤਮ ਹੋ ਚੁੱਕਿਆ ਹੈ। ਬੱਬਰਾਂ ਦੇ ਡਰ ਨਾਲ ਅੰਗਰੇਜ਼ ਸਰਕਾਰ ਨੂੰ ਕੋਈ ਵੀ ਮਿਲਵਰਤਣ ਦੇਣ ਨੂੰ ਤਿਆਰ ਨਹੀਂ ਹੈ।" ਹਾਲਾਤ ਏਨ੍ਹੇ ਵਿਗੜ ਚੁੱਕੇ ਸਨ ਕਿ ਫ਼ੌਜ ਸੱਦਣੀ ਪਈ। ਦੁਆਬੇ ਦੇ ਵਿਗੜੇ ਹਾਲਾਤ ਦਾ ਮਸਲਾ ਬਰਤਾਨਵੀ ਸੰਸਦ 'ਚ ਵੀ ਵਿਚਾਰਿਆ ਗਿਆ ਅਤੇ ਉਚੇਚੀ ਰਪਟ ਮੰਗੀ ਗਈ। ਸਰਕਾਰ ਨੇ ਬੱਬਰਾਂ ਨੂੰ ਰੋਕਣ ਲਈ ਪੂਰਾ ਤਾਣ ਲਾ ਦਿੱਤਾ। ਕਿਸ਼ਨ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੇ ਅਪਣੇ ਕੇਸ ਦੀ ਪੈਰਵਾਈ ਲਈ ਵਕੀਲ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਸੀ, "ਸਾਡਾ ਸਰਕਾਰ ਵਿੱਚ ਕੋਈ ਭਰੋਸਾ ਨਹੀਂ ਹੈ। ਇਹ ਅਦਾਲਤਾਂ ਦਿਖਾਵਾ ਅਤੇ ਫ਼ਰੇਬ ਹਨ।" ਜਥੇਦਾਰ ਜੀ ਦੀ ਗ੍ਰਿਫ਼ਤਾਰੀ ਵੇਲੇ ਦਾ ਬਿਆਨ ਹੈ, "ਜਦ ਮੈ ਫ਼ੌਜ ਵਿੱਚ ਨੌਕਰੀ ਕਰ ਰਿਹਾ ਸੀ, ਉਦੋਂ ਹੀ ਸਰਦਾਰ ਅਜੀਤ ਸਿੰਘ ਦੀ ਨਜ਼ਰਬੰਦੀ, ਦਿੱਲੀ ਦੇ ਰਕਾਬਗੰਜ ਗੁਰਦੁਆਰੇ ਦੀ ਕੰਧ ਢਾਹੇ ਜਾਣ, ਬਜਬਜ ਘਾਟ ਵਿੱਚ ਬੇਗ਼ੁਨਾਹ ਮੁਸਾਫ਼ਰਾਂ 'ਤੇ ਗੋਲੀ ਚਲਾਉਣ, ਰੋਲਟ ਐਕਟ, ਜਲ੍ਹਿਆਂਵਾਲੇ ਬਾਗ਼ ਦੇ ਹਾਦਸੇ ਅਤੇ ਮਾਰਸ਼ਲ ਲਾਅ ਵਗੈਰਾ ਗੱਲਾਂ ਕਰਕੇ ਮੇਰੇ ਦਿਲ 'ਚ ਨਫ਼ਰਤ ਪੈਦਾ ਹੋ ਗਈ। ਅੰਤ 'ਚ ਗ਼ੁਲਾਮੀ ਦੇ ਬੋਝ ਨੂੰ ਹੋਰ ਬਰਦਾਸ਼ਤ ਨਾ ਕਰ ਸਕਣ ਕਾਰਨ ਮੈਂ ਸਰਕਾਰੀ ਨੌਕਰੀ ਛੱਡ ਕੇ ਕੌਮੀ ਲਹਿਰ 'ਚ ਸ਼ਾਮਲ ਹੋ ਗਿਆ।" ਉਨ੍ਹਾਂ ਨੇ ਮੁਕੱਦਮੇ ਦੀ ਕਾਰਵਾਈ ਦੌਰਾਨ ਕਿਹਾ ਸੀ, "ਮੈ ਸਰਕਾਰ ਦਾ ਕੱਟੜ ਵੈਰੀ ਹਾਂ। ਇਸੇ ਕਰਕੇ ਜਿਵੇਂ ਵੀ ਹੋਵੇ ਅੰਗ੍ਰੇਜ਼ਾਂ ਨੂੰ ਭਾਰਤ ਵਿੱਚੋਂ ਬਾਹਰ ਕੱਢਣ ਦੀ ਇੱਛਾ ਨਾਲ ਹੀ ਇਹ ਸਭ ਕੁਝ ਕੀਤਾ ਸੀ।"
Six Babbars after being executed by Britishers in 1926 |
27 ਫਰਵਰੀ 1926 ਨੂੰ ਕਿਸ਼ਨ ਸਿੰਘ ਗੜਗੱਜ ਅਤੇ ਪੰਜ ਹੋਰ ਬੱਬਰਾਂ ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿੱਚ ਫ਼ਾਂਸੀ 'ਤੇ ਟੰਗ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਕੀਤੇ ਗਏ ਬੱਬਰਾਂ 'ਚ 29 ਸਾਲ ਦੇ ਬਾਬੂ ਸੰਤਾ ਸਿੰਘ (ਪਿੰਡ ਛੋਟੀ ਹਰਿਉਂ, ਨੇੜੇ ਸਮਰਾਲਾ, ਜ਼ਿਲ੍ਹਾ ਲੁਧਿਆਣਾ) 75 ਸਾਲ ਦੇ ਬੱਬਰ ਕਰਮ ਸਿੰਘ (ਪਿੰਡ ਹਰੀਪੁਰ, ਜ਼ਿਲ੍ਹਾ ਜਲੰਧਰ) 28 ਸਾਲ ਦੇ ਬੱਬਰ ਨੰਦ ਸਿੰਘ (ਪਿੰਡ ਘੁੜਿਆਲ, ਜ਼ਿਲ੍ਹਾ ਜਲੰਧਰ) 40 ਸਾਲ ਦੇ ਬੱਬਰ ਧਰਮ ਸਿੰਘ (ਪਿੰਡ ਹਿਆਤਪੁਰ ਰੁੜਕੀ, ਜ਼ਿਲ੍ਹਾ ਹੁਸ਼ਿਆਰਪੁਰ) ਅਤੇ 17 ਸਾਲ ਦੇ ਬੱਬਰ ਦਲੀਪ ਸਿੰਘ (ਪਿੰਡ ਧਾਮੀਆਂ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ) ਸ਼ਾਮਲ ਸਨ। ਜ਼ਿੰਦਗੀਆਂ ਕੁਰਬਾਨ ਕਰ ਗਏ ਸੂਰਿਆਂ ਦੀ ਵਾਰ ਪੁਸ਼ਤ ਦਰ ਪੁਸ਼ਤ ਗਾਈ ਜਾਣੀ ਚਾਹੀਦੀ ਹੈ। ਇਨ੍ਹਾਂ ਸੂਰਿਆਂ ਨੇ ਪੰਜਾਬ ਦੀ ਨਾਬਰ-ਰਵਾਇਤ ਨੂੰ ਜਿਉਂਦਾ ਰੱਖਣ ਲਈ ਜਾਨ ਲਾ ਦਿੱਤੀ। ਉਨ੍ਹਾਂ ਦੀ ਜਦੋਜਹਿਦ ਨੂੰ ਸਮਕਾਲੀ ਸਮਿਆਂ ਦੇ ਲੋਕ-ਮੁਕਤੀ ਸੰਘਰਸ਼ ਨਾਲ ਜੋੜ ਕੇ ਦੇਖਣ ਦੀ ਲੋੜ ਹੈ। ਆਲਮੀਕਰਨ ਅਤੇ ਮੰਡੀ ਦੇ ਹੱਲੇ ਨੂੰ ਡੱਕਣ ਲਈ ਪੰਜਾਬ ਦਾ ਨਾਬਰ ਇਤਿਹਾਸ ਲਗਾਤਾਰਤਾ ਵਿੱਚ ਚਲਦਾ ਦਿਖਾਈ ਦਿੰਦਾ ਹੈ।
ਚਹੇੜੂ ਵਾਲੇ ਪੁੱਲ ਤੋਂ ਲੈ ਕੇ ਜਲੰਧਰ ਤੱਕ ਹੋਂਦ 'ਚ ਆਈਆਂ ਬੇਹਿਸਾਬ ਛੋਟੀਆਂ-ਵੱਡੀਆਂ ਹੱਟੀਆਂ ਨੇ ਆਲੇ-ਦੁਆਲੇ ਦੇ ਪਿੰਡਾਂ ਨੂੰ ਲਗਭਗ ਲੁਕੋ ਲਿਆ ਹੈ। ਹੱਟੀਆਂ ਦੇ ਘੜਮੱਸ ਵਿੱਚ ਬੜਿੰਗ ਪਿੰਡ ਦਾ ਮੁੱਖ-ਦਰਵਾਜ਼ਾ ਸੌਖਾ ਨਹੀਂ ਲੱਭਦਾ। ਇਹ ਮਹਿਜ਼ ਸ਼ਹੀਦ ਦੇ ਪਿੰਡ ਦਰਵਾਜ਼ਾ ਨਹੀਂ ਸਗੋਂ ਪੰਜਾਬ ਦੇ ਨਾਬਰ-ਇਤਿਹਾਸ ਵੱਲ ਖੁੱਲ੍ਹਦਾ ਬੂਹਾ ਹੈ। ਜਿਹਨੂੰ ਮੰਡੀ ਦੀ ਚਕਾਚੌਂਧ ਧੁੰਦਲਾ ਕਰਨ ਦੀ ਮਸ਼ਕ 'ਚ ਲੱਗੀ ਹੋਈ ਹੈ। ਹੱਟੀਆਂ ਦੀ ਪੈਦਾਵਾਰ ਲਈ ਜ਼ਿੰਮੇਵਾਰ ਅਤੇ ਇਨ੍ਹਾਂ ਦੀ ਰਾਖੀ ਕਰਨ ਵਾਲਾ ਨਿਜ਼ਾਮ ਰੂਪੀ ਦੈਂਤ ਨੰਗੇ ਚਿੱਟੇ ਰੂਪ 'ਚ ਖਜੂਰਲੇ ਅਤੇ ਬੜਿੰਗ ਵਰਗੇ ਅਣਗਿਣਤ ਪਿੰਡਾਂ ਦੀਆਂ ਦੇਹਲੀਆਂ 'ਤੇ ਖੜਾ ਹੈ। ਬਾਈ ਪਾਸ਼ ਇੱਕ ਕਵਿਤਾ 'ਚ ਪੁਰਖਿਆਂ ਨਾਲ ਗੁਫ਼ਤਗੂ ਕਰਕੇ ਇਸ ਗੱਲ ਦਾ ਭੇਤ ਲੱਭਣ ਲਈ ਪੁੱਛਦਾ ਹੈ ਕਿ ਦੁਕਾਨ (ਹੱਟੀਆਂ) ਜਮ੍ਹਾਂ ਦੁਕਾਨ (ਹੱਟੀਆਂ) ਦਾ ਜਮਾਂਫਲ ਮੰਡੀ ਕਿਵੇਂ ਬਣ ਗਿਆ? ਮੰਡੀ ਜਮ੍ਹਾਂ ਤਹਿਸੀਲ ਦਾ ਜਮਾਂਫਲ ਸ਼ਹਿਰ ਕਿਵੇਂ ਬਣਿਆ? ਮੰਡੀ ਅਤੇ ਤਹਿਸੀਲ ਦੇ ਬੰਜਰ ਮੈਦਾਨਾਂ 'ਚ ਥਾਣੇ ਦਾ ਦਰੱਖਤ ਕਿੰਝ ਉੱਗ ਆਇਆ? ਅੱਜ ਮੰਡੀ, ਤਹਿਸੀਲ ਅਤੇ ਥਾਣੇ ਦੇ ਨਾਪਾਕ ਗੱਠਜੋੜ ਦੀ ਚੜ੍ਹਤ ਨਵੀਆਂ ਸਿਖਰਾਂ ਲੱਭ ਰਹੀ ਹੈ। ਇਸ ਨੂੰ ਆਪਣੇ ਅਮਰ ਹੋਣ ਦਾ ਹੰਕਾਰੀ ਭਰਮ ਹੈ। ਇਹ ਸਮੂਹਕ ਭਲਾਈ ਦੇ ਵਿਚਾਰ ਨੂੰ ਬੇਤੁਕਾ ਅਤੇ ਮੁਨਾਫ਼ੇ ਦੀ ਮੁਕਾਬਲੇਬਾਜ਼ੀ ਨੂੰ ਅੰਤਮ ਸੱਚ ਐਲਾਨਦੀ ਹੈ। ਮੰਡੀ ਦੀ ਚੜ੍ਹਤ ਦੇ ਸਮਿਆਂ ਵਿੱਚ ਹੀ ਨਾਬਰਾਂ ਨੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਣਾ ਹੈ। ਲੋਕਾਈ ਮਨੁੱਖ ਦੀ ਬਿਹਤਰ ਜ਼ਿੰਦਗੀ ਲਈ ਲੜੇ ਸੂਰਿਆਂ ਨੂੰ ਇਤਿਹਾਸ 'ਚੋਂ ਲੱਭੇਗੀ ਅਤੇ ਚੇਤਿਆਂ 'ਚ ਸਾਂਭੇਗੀ। ਇਹ ਹਰ ਸਮਿਆਂ ਦੀ ਤਰ੍ਹਾਂ ਸਾਡੇ ਸਮਿਆਂ 'ਚ ਵੀ ਲਾਜ਼ਮੀ ਹੈ। ਲੜ ਕੇ ਮਰ ਚੁੱਕਿਆ ਦੀ ਲਗਾਤਾਰਤਾ ਵਿੱਚ ਸਮਕਾਲੀ ਜੁਝਾਰੂਆਂ ਦੀ ਨਿਸ਼ਾਨਦੇਹੀ ਹੋਵੇਗੀ। ਅਵਾਮ ਹੱਟੀਆਂ ਦੀ ਅਮੁੱਕ ਵਾੜ ਪਿੱਛੇ ਲੁਕੀ ਅਪਣੇ ਸੂਰਮੇ ਵਡਾਰੂਆਂ ਦੀ ਪੈੜ ਲਾਜ਼ਮੀ ਲੱਭੇਗੀ।
No comments:
Post a Comment