Tuesday, June 09, 2015

ਸੁਆਲ-ਸੰਵਾਦ: ਨਜ਼ਰਅੰਦਾਜ਼ ਦਰਦ ਦੇ ਉਲਾਰ ਪ੍ਰਗਟਾਵੇ ਅਤੇ ਡਾਲਰ

ਦਲਜੀਤ ਅਮੀ

ਨਜ਼ਰਅੰਦਾਜ਼ ਕੀਤੀ ਗਈ ਦੁਖਦੀ ਰਗ ਜਦੋਂ ਉਲਾਰ ਸੁਰ ਦੇ ਵਸ ਪੈਂਦੀ ਹੈ ਤਾਂ ਦਰਦ ਦੀ ਨਜ਼ਰਅੰਦਾਜ਼ੀ ਪੱਕੇ ਪੈਰੀਂ ਹੋ ਜਾਂਦੀ ਹੈ। ਦਰਦ ਦੇ ਦੁਆਲੇ ਹੋਈ ਪਾਲਾਬੰਦੀ ਉਲਾਰ ਬੋਲਿਆਂ ਨਾਲ ਆਪਣੀ ਹੋਂਦ ਦੀ ਅਹਿਮੀਅਤ ਲੱਭਦੀ ਹੈ ਤਾਂ ਦਰਦ ਨੂੰ ਮੁਖ਼ਾਤਬ ਹੋਣ ਦੀਆਂ ਸੰਭਾਵਨਾਵਾਂ ਮੱਧਮ ਪੈਂਦੀਆਂ ਜਾਂਦੀਆਂ ਹਨ। ਦਰਦ ਨੇ ਮੁੜ ਹੱਦ ਤੋਂ ਪਾਰ ਹੋਣਾ ਹੈ ਅਤੇ ਇਸ ਦੇ ਉਲਾਰ ਬੋਲਿਆਂ ਦੇ ਵਸ ਪੈਣ ਦਾ ਖ਼ਦਸ਼ਾ ਕਾਇਮ ਰਹਿੰਦਾ ਹੈ। ਜਦੋਂ ਦਰਦ ਸ਼ਰਧਾ ਦੇ ਘੋੜੇ ਸਵਾਰ ਹੋ ਜਾਵੇ ਤਾਂ ਸ਼ਰਧਾ ਨੂੰ ਹਉਮੈ ਦਾ ਬਾਣਾ ਪਾਉਣ ਵਿੱਚ ਸਮਾਂ ਨਹੀਂ ਲੱਗਦਾ। ਇਹ ਸਿਲਸਿਲਾ ਬੁਨਿਆਦੀ ਮੁੱਦਿਆਂ ਦੀ ਨਿਸ਼ਾਨਦੇਹੀ ਕਰ ਕੇ ਦਰਦ ਨੂੰ ਮੁਖ਼ਾਤਬ ਹੋਣ ਤੋਂ ਮੁਨਕਰ ਹੋਣ ਤੱਕ ਜਾਂਦਾ ਹੈ ਅਤੇ ਉਲਾਰ ਬੋਲਿਆਂ ਦੀਆਂ ਸੱਟਾਂ ਨੂੰ ਫ਼ੈਸਲਾਕੁਨ ਕਰਾਰ ਦਿੰਦਾ ਹੈ। ਜੇ ਇਹ ਸੱਟਾਂ ਫ਼ੈਸਲਾਕੁਨ ਹਨ ਤਾਂ ਇਨ੍ਹਾਂ ਨੂੰ ਸੱਜਰੀਆਂ ਰੱਖਣ ਦਾ ਤਰੱਦਦ ਵੀ ਹੁੰਦਾ ਹੈ ਅਤੇ ਨਵੀਆਂ ਸੱਟਾਂ ਖਾਣ ਦੀ ਵਿਉਂਤਬੰਦੀ ਵੀ ਕੀਤੀ ਜਾਂਦੀ ਹੈ। ਇਹ ਫ਼ਿਦਾਇਨੀ ਸਿਆਸਤ ਖ਼ੁਦਕੁਸ਼ ਬੰਬਾਰਾਂ ਤੋਂ ਲੈ ਕੇ 'ਏਕਤਾ-ਅਖੰਡਤਾ' ਦੇ ਨਾਅਰਿਆਂ ਅਤੇ 'ਕੌਮ ਨੂੰ ਖ਼ਤਰੇ' ਦੇ ਬੋਲਿਆਂ ਦੀਆਂ ਵੰਨ-ਸਵੰਨੀਆਂ ਵੰਨਗੀਆਂ ਵਿੱਚੋਂ ਜ਼ਾਹਰ ਹੁੰਦੀ ਹੈ। ਬਾਣਿਆਂ ਅਤੇ ਵਰਦੀਆਂ ਦੀਆਂ ਮਾਤਮੀ ਅਤੇ ਸ਼ਹਾਦਤੀ ਸੁਰਾਂ ਦੀ ਸਾਂਝ ਸੰਗਤ ਨੂੰ ਭੇਡਾਂ ਵਜੋਂ ਪ੍ਰਵਾਨ ਕਰਦੀ ਹੈ ਅਤੇ ਇਹੋ ਦ੍ਰਿੜ੍ਹਾਉਂਦੀ ਜਾਪਦੀ ਹੈ ਕਿ ਦੁਨੀਆਂ ਦੀ ਵੰਨ-ਸਵੰਨਤਾ ਇਨ੍ਹਾਂ ਦੋ ਧਿਰਾਂ ਵਿੱਚ ਹੀ ਸਮਾਈ ਹੋਈ ਹੈ। 

ਜੂਨ 1984 ਦੇ ਯਾਦਗ਼ਾਰੀ ਸਮਾਗਮਾਂ ਤਹਿਤ ਦਰਬਾਰ ਸਾਹਿਬ ਅਤੇ ਜੰਮੂ ਵਿੱਚ ਹੋਈਆਂ ਘਟਨਾਵਾਂ ਕੀ ਦਰਸਾਉਂਦੀਆਂ ਹਨ? ਜੇ ਖ਼ਦਸ਼ਿਆਂ ਤੋਂ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੁਰੱਖਿਆ ਏਜੰਸੀਆਂ ਜਾਣੂ ਸਨ ਤਾਂ ਇਨ੍ਹਾਂ ਦੀ ਤਿਆਰੀ ਕੀ ਦਰਸਾਉਂਦੀ ਹੈ? ਜੇ ਇਨ੍ਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਲੈਣ ਲਈ ਕੋਈ ਜਥੇਬੰਦੀ ਤਿਆਰ ਨਹੀਂ ਤਾਂ ਜੰਮੂ ਵਿੱਚ 'ਸ਼ਹੀਦੀ ਰੁਤਬਾ' ਦੇਣ ਦਾ ਹੱਕ ਇਨ੍ਹਾਂ ਨੂੰ ਕਿੱਥੋਂ ਮਿਲਦਾ ਹੈ? ਕੀ 1984 ਦੇ ਸਾਲ ਨੂੰ ਸਿਰਫ਼ ਠੇਸ ਦੇ ਹਵਾਲੇ ਨਾਲ ਸ਼ਰਧਾ ਵਜੋਂ ਹੀ ਯਾਦ ਕੀਤਾ ਜਾਣਾ ਚਾਹੀਦਾ ਹੈ ਜਾਂ ਉਸ ਨੂੰ 'ਵਿਵੇਕ ਦਾਨ, ਵਿਸਾਹ ਦਾਨ ਅਤੇ ਭਰੋਸਾ ਦਾਨ' ਮੰਗਣ ਵਾਲੀ ਅਰਦਾਸ ਦੀ ਸਾਣ ਉੱਤੇ ਚਾੜ੍ਹਿਆ ਜਾਣਾ ਚਾਹੀਦਾ ਹੈ? ਕੀ 1984 ਦੀ ਠੇਸ ਨਾਲ ਜੁੜੀ ਸਿਆਸਤ ਅਤੇ ਅਰਥਚਾਰੇ ਦੀ ਮੌਜੂਦਾ ਦੌਰ ਦੇ ਸੁਆਲਾਂ ਨਾਲ ਸੰਜੀਦਗੀ ਵੀ ਪਰਖਣੀ ਚਾਹੀਦੀ ਹੈ? ਕੀ 'ਇੰਦਰਾ ਗਾਂਧੀ ਦੀ ਹਮਲਾਵਰ ਵਜੋਂ ਅਰਦਾਸ ਵਿੱਚ ਸ਼ਨਾਖ਼ਤ' ਕਰਨ ਵਾਲੇ ਜਥੇਦਾਰ ਨੂੰ ਹਮਲਾਵਰਾਂ ਦੀ ਮੌਜੂਦਾ ਪੀੜ੍ਹੀ ਦੇ ਨਾਮ ਪੁੱਛੇ ਜਾ ਸਕਦੇ ਹਨ? ਕੀ 'ਸਰਕਾਰਾਂ' ਅਤੇ 'ਪੰਥ' ਨੂੰ ਪ੍ਰਣਾਏ ਕਸੀਦਾਕਾਰ ਇਤਿਹਾਸਕਾਰਾਂ ਦੀਆਂ ਚੋਣਵੇਂ ਤੱਥਾਂ ਵਾਲੀਆਂ ਲਿਖਤਾਂ ਨੂੰ ਹੀ ਅੰਤਿਮ ਮੰਨਿਆ ਜਾਣਾ ਚਾਹੀਦਾ ਹੈ? ਇਨ੍ਹਾਂ ਸੁਆਲਾਂ ਦੀ ਫ਼ਹਿਰਿਸਤ ਹੋਰ ਲੰਮੀ ਹੋ ਸਕਦੀ ਹੈ। 

ਅੰਮ੍ਰਿਤਸਰ ਅਤੇ ਜੰਮੂ ਦੀਆਂ ਘਟਨਾਵਾਂ ਨੂੰ ਵਿਦੇਸ਼ਾਂ ਵਿੱਚ ਹੋਏ ਸਮਾਗਮਾਂ ਅਤੇ ਨਸ਼ਰ ਹੋਏ ਬਿਆਨਾਂ ਤੋਂ ਨਿਖੇੜ ਕੇ ਸਮਝਣਾ ਮੁਸ਼ਕਲ ਹੈ। ਇਸ ਵਾਰ 'ਪਿਛਲੇ ਸਾਲ ਤੋਂ ਸਬਕ ਸਿੱਖ' ਕੇ ਦਰਬਾਰ ਸਾਹਿਬ ਆਈਆਂ ਜਥੇਬੰਦੀਆਂ ਤਾਂ ਸੁਰੱਖਿਆ ਏਜੰਸੀਆਂ ਅਤੇ ਟਾਸਕ ਫੋਰਸ ਦੇ ਤਾਲਮੇਲ ਨਾਲ ਉਸਾਰੀਆਂ ਰੋਕਾਂ ਤੋਂ ਕੰਨੀ ਕਤਰਾ ਕੇ ਲੰਘ ਗਈਆਂ। ਵੱਖ-ਵੱਖ ਖੂੰਜਿਆਂ ਵਿੱਚ ਖੜ੍ਹੋ ਕੇ ਛੋਟੇ-ਛੋਟੇ ਕੈਮਰਿਆਂ ਨੂੰ ਮੁਖ਼ਤਾਬ ਹੋ ਕੇ  ਆਗੂਆਂ ਨੇ ਆਪਣੇ ਨਾਲ ਲਿਆਂਦੇ ਗਿਣਤੀ ਦੇ ਹਮਾਇਤੀਆਂ ਸਾਹਮਣੇ ਤਕਰੀਰਾਂ ਕੀਤੀਆਂ। ਇਹੋ ਤਕਰੀਰਾਂ ਦੁਨੀਆਂ ਭਰ ਵਿੱਚ ਸ਼ਰਧਾਲੂਆਂ ਸਾਹਮਣੇ ਨਸ਼ਰ ਹੋਈਆਂ ਅਤੇ ਵਿਦੇਸ਼ਾਂ ਵਿੱਚ ਚਰਚਾ ਦਾ ਵਿਸ਼ਾ ਬਣੀਆਂ। ਇਨ੍ਹਾਂ ਤਕਰੀਰਾਂ ਨਾਲ ਵਿਦੇਸ਼ਾਂ ਵਿੱਚੋਂ 'ਪੰਥ ਦੇ ਨਾਮ ਉੱਤੇ ਹੁੰਦੀਆਂ ਉਗਰਾਹੀਆਂ' ਦਾ ਰਿਸ਼ਤਾ ਤਾਂ ਸਮਝਣਾ ਹੀ ਚਾਹੀਦਾ ਹੈ? ਕੀ ਇਨ੍ਹਾਂ ਤਕਰੀਰਾਂ ਨੂੰ ਗ਼ੈਰ-ਸਰਕਾਰੀ ਸੰਸਥਾਵਾਂ ਦੀ 'ਵੇਰਵਾ ਦੇਣ ਵਾਲੀ ਸਲਾਨਾ ਮਸ਼ਕ' ਮੰਨਿਆ ਜਾ ਸਕਦਾ ਹੈ? ਗ਼ੈਰ-ਸਰਕਾਰੀ ਸੰਸਥਾਵਾਂ ਦੇ ਕਰਾਰ 'ਪਰਉਪਕਾਰੀ' ਸਰਗਰਮੀਆਂ ਦੀਆਂ ਗਵਾਹੀਆਂ ਪੇਸ਼ ਕਰਨ ਤੋਂ ਬਾਅਦ ਹੀ ਨਵੇਂ ਕੀਤੇ ਜਾਂਦੇ ਹਨ। ਇਹ ਦਲੀਲ ਸੁਰੱਖਿਆ ਏਜੰਸੀਆਂ ਅਤੇ ਟਾਸਕ ਫੋਰਸ ਉੱਤੇ ਜਿਉਂ ਦੀ ਤਿਉਂ ਲਾਗੂ ਕੀਤੀ ਜਾ ਸਕਦੀ ਹੈ। ਜੇ ਇਸ ਵਾਰ ਕੁਝ ਨਹੀਂ ਹੋਵੇਗਾ ਤਾਂ ਅਗਲੇ ਸਾਲ ਖ਼ਦਸ਼ੇ ਦੀ ਦਲੀਲ ਕਿੱਥੇ ਰਹਿ ਜਾਵੇਗੀ?

ਬਲਿਊ ਸਟਾਰ ਅਪਰੇਸ਼ਨ ਦੀ 31ਵੀਂ ਬਰਸੀ ਮੌਕੇ ਭਿੰਡਰਾਂਵਾਲੇ ਦੇ ਪੋਸਟਰ ਲਗਾਉਣ ਅਤੇ ਪਾੜਨ ਦੀ ਕੀ ਅਹਿਮੀਅਤ ਬਣਦੀ ਹੈ? ਭਿੰਡਰਾਂਵਾਲੇ ਦੇ ਪੋਸਟਰ ਦੇ ਜੁਆਬ ਵਿੱਚ ਦੂਜੇ ਬਰਾੜ (ਕੁਲਦੀਪ ਸਿੰਘ) ਦੀ ਥਾਂ ਜਨਰਲ ਵੈਦਿਆ ਦਾ ਪੋਸਟਰ ਕਿਵੇਂ ਅਤੇ ਕਿਉਂ ਆਇਆ? ਭਿੰਡਰਾਂਵਾਲੇ ਦੇ ਪੋਸਟਰਾਂ ਅਤੇ ਸਟਿੱਕਰਾਂ ਨਾਲ ਜੁੜੇ ਮੁਨਾਫ਼ੇ ਦਾ ਅੰਦਾਜ਼ਾ ਤਾਂ ਚੀਨ ਦੇ ਉੱਦਮੀ ਖ਼ਾਸੇ ਨੂੰ ਹੈ ਪਰ ਵੈਦਿਆ ਦੀ ਚੋਣ ਕਿਵੇਂ ਹੋਈ ਹੈ? ਕੀ ਮੋਦੀ-ਨਾਦ ਦੇ ਦੌਰ ਵਿੱਚ ਬਲਿਊ ਸਟਾਰ ਅਪਰੇਸ਼ਨ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਸਿੰਘ ਬਰਾੜ ਨਾਲ 'ਸਿੱਖ ਹੋਣ ਕਾਰਨ' ਵਿਤਕਰਾ ਕੀਤਾ ਜਾ ਰਿਹਾ ਹੈ? 

ਇਸ ਰੁਝਾਨ ਤੋਂ ਸਾਫ਼ ਹੁੰਦਾ ਹੈ ਕਿ ਇਹ ਸਾਰੀ ਮਸ਼ਕ ਮੌਕੇ ਮੁਤਾਬਕ ਹੀ ਕੀਤੀ ਜਾ ਰਹੀ ਹੈ। ਹੁਣ ਸੁਆਲ ਇਹ ਵੀ ਆਏਗਾ ਕਿ ਇਤਿਹਾਸ ਅਤੇ ਖ਼ਿੱਤੇ ਦੇ ਦਰਦ ਨਾਲ ਜੁੜੇ ਸੁਆਲ ਮਹਿਜ ਮੌਕੇ ਤੱਕ ਮਹਿਦੂਦ ਕਿਉਂ ਹੋ ਜਾਂਦੇ ਹਨ? ਸਰਕਾਰ ਇਸ ਮੌਕੇ ਨਾਲ ਜੁੜੇ ਖ਼ਦਸ਼ਿਆਂ ਨੂੰ ਸਾਲ ਦੇ ਬਾਕੀ ਦਿਨਾਂ ਵਿੱਚ ਮੁਖ਼ਾਤਬ ਕਿਉਂ ਨਹੀਂ ਹੁੰਦੀ? ਇਸ ਮੌਕੇ 'ਛੋਟੇ ਕੈਮਰਿਆਂ ਰਾਹੀਂ ਆਲਮੀ ਬਿਆਨ' ਦੇਣ ਵਾਲੀਆਂ ਜਥੇਬੰਦੀਆਂ ਸਾਲ ਦੇ ਬਾਕੀ ਦਿਨਾਂ ਵਿੱਚ ਇਨ੍ਹਾਂ ਹੀ ਸੁਆਲਾਂ ਨੂੰ ਕਿਵੇਂ ਮੁਖ਼ਾਤਬ ਹੁੰਦੀਆਂ ਹਨ? ਕੀ ਇਕੱਤੀ ਸਾਲਾਂ ਵਿੱਚ ਸਾਰੀ ਸਿਆਸਤ ਯਾਦਗ਼ਾਰੀ ਦਿਨਾਂ ਅਤੇ 'ਸਿੱਖ ਬੰਦੀਆਂ' ਦੇ ਸੁਆਲਾਂ ਤੱਕ ਮਹਿਦੂਦ ਹੋ ਗਈ ਹੈ? ਕੀ ਇਕੱਤੀ ਸਾਲ ਪਹਿਲਾਂ ਵਾਪਰੀ ਤ੍ਰਾਸਦੀ ਦਾ ਪਿਛੋਕੜ ਬਿਲਕੁਲ ਅਹਿਮ ਨਹੀਂ ਹੈ? ਉਸ ਪਿਛੋਕੜ ਦੀ ਬੇਬਾਕ ਪੜਚੋਲ ਕਿਉਂ ਨਹੀਂ ਹੋਣੀ ਚਾਹੀਦੀ?

ਵਿਦੇਸ਼ਾਂ ਵਿੱਚ ਸਰਗਰਮ 'ਸਿੱਖ ਜਥੇਬੰਦੀਆਂ' 1984 ਦੇ 'ਘੱਲੂਘਾਰੇ' ਦੇ ਯਾਦਗ਼ਾਰੀ ਸਮਾਗਮਾਂ ਵਿੱਚ ਸੁਆਲ ਕਰਦੀਆਂ ਹਨ ਕਿ ਸਿੱਖਾਂ ਨੂੰ ਵੱਖਰਾ ਰਾਜ ਮਿਲਣਾ ਚਾਹੀਦਾ ਹੈ। 'ਸਿੱਖਸ ਫ਼ਾਰ ਜਸਟਿਸ' ਮੁਹਿੰਮ ਚਲਾ ਰਹੀ ਹੈ ਕਿ 2020 ਵਿੱਚ ਸਿੱਖਾਂ ਵਿੱਚ 'ਵੱਖਰੇ ਰਾਜ ਲਈ' ਮਰਦਮਸ਼ੁਮਾਰੀ ਹੋਣੀ ਚਾਹੀਦੀ ਹੈ। ਇਸੇ ਤਰਜ਼ ਦੇ ਪੋਸਟਰ ਉੱਤਰੀ ਅਮਰੀਕਾ, ਯੂਰਪ ਅਤੇ ਆਸਟਰੇਲੀਆ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਲਹਿਰਾਏ ਗਏ। ਇਨ੍ਹਾਂ ਸਮਾਗਮਾਂ ਵਿੱਚ ਨਸਲਕੁਸ਼ੀ ਵਰਗੇ ਸ਼ਬਦ ਆਮ ਵਰਤੇ ਜਾਂਦੇ ਹਨ। ਇਨ੍ਹਾਂ ਦੀ ਸਿਆਸਤ ਜਾਂ ਅਰਥਚਾਰੇ ਦੇ ਖ਼ਾਸੇ ਦੀ ਗੱਲ ਪਾਸੇ ਛੱਡ ਕੇ ਕੁਝ ਸੁਆਲ ਪੁੱਛੇ ਜਾਣੇ ਜ਼ਰੂਰੀ ਹਨ। ਕੀ 1984 ਦਾ ਪੂਰਾ ਸਾਲ ਘੱਲੂਘਾਰੇ ਦਾ ਸਾਲ ਹੈ? ਬਲਿਊ ਸਟਾਰ ਅਪਰੇਸ਼ਨ ਤੋਂ ਪਹਿਲਾਂ ਹੋਏ ਕਤਲਾਂ ਦਾ ਹਿਸਾਬ ਕਾਤਲਾਂ ਵੱਲੋਂ ਲਈਆਂ ਜ਼ਿੰਮੇਵਾਰੀਆਂ ਦੇ ਹਵਾਲੇ ਨਾਲ ਕਿਵੇਂ ਕੀਤਾ ਜਾਵੇਗਾ? 

ਨਿਰੰਕਾਰੀਆਂ ਖ਼ਿਲਾਫ਼ ਕੀਤੀਆਂ ਗਈਆਂ ਕਾਰਵਾਈਆਂ ਨੂੰ ਨਸਲਕੁਸ਼ੀ ਕਿਉਂ ਨਹੀਂ ਕਿਹਾ ਜਾ ਸਕਦਾ? ਕੀ ਇਹ ਸੁਆਲ ਪੁੱਛਣ ਨਾਲ ਕੋਈ ਨਿਰੰਕਾਰੀ ਜਾਂ 1978 ਵਾਲੀ ਵਿਸਾਖੀ ਵਾਲੇ ਕਾਂਡ ਦਾ ਹਮਾਇਤੀ ਹੋ ਜਾਂਦਾ ਹੈ? ਵੰਡ ਵੇਲੇ ਹੋਏ ਕਤਲੇਆਮ ਵਿੱਚ ਧਿਰ ਤਾਂ ਕੋਈ ਵੀ ਘੱਟ ਨਹੀਂ ਸੀ ਪਰ ਸਿਧਾਂਤਕ ਸੁਆਲ ਤਾਂ ਪੁੱਛਿਆ ਹੀ ਜਾਵੇਗਾ। ਮੁਸਲਮਾਨ ਬੀਬੀਆਂ ਨੂੰ ਉਧਾਲ ਕੇ ਮੁਕੱਦਸ ਥਾਵਾਂ ਉੱਤੇ ਕੀਤੀਆਂ 'ਅਰਦਾਸਾਂ' ਨੂੰ ਕਿਵੇਂ ਸਮਝਿਆ ਜਾਵੇਗਾ? ਦਰਬਾਰ ਸਾਹਿਬ ਦੇ ਲੰਗਰ ਵਿੱਚ 'ਟੋਟੇ-ਟੋਟੇ' ਕਰ ਕੇ ਸੁੱਟੇ ਗਏ ਗਹਿਲ ਸਿੰਘ ਛੱਜਲਵੱਡੀ ਦੀ ਅਮਨਪਸੰਦੀ ਦਾ ਉਸੇ ਥਾਂ ਹੁੰਦੀ ਅਰਦਾਸ ਨਾਲ ਕੀ ਰਿਸ਼ਤਾ ਬਣਦਾ ਹੈ? ਬਲਿਊ ਸਟਾਰ ਤੋਂ ਬਾਅਦ ਜਨਵਰੀ 1986 ਵਿੱਚ ਹੋਏ 'ਸਰਬੱਤ ਖ਼ਾਲਸੇ' ਨੂੰ 'ਪੰਥ ਦਾ ਫ਼ੈਸਲਾ' ਕਰਾਰ ਦਿੱਤਾ ਜਾਂਦਾ ਹੈ। ਇਹ ਮੁਸ਼ਕਲ ਸਮਿਆਂ ਵਿੱਚ ਸਭ ਤੋਂ ਮੁਕੱਦਸ ਅਸਥਾਨ ਉੱਤੇ ਹੋਏ ਫ਼ੈਸਲਿਆਂ ਵਜੋਂ ਵਡਿਆਇਆ ਜਾਂਦਾ ਹੈ। ਉਸ ਮੌਕੇ ਫ਼ੈਸਲਾਕੁਨ ਭੂਮਿਕਾ ਨਿਭਾਉਣ ਵਾਲੇ ਤਕਰੀਬਨ ਸਾਰੇ ਬੰਦੇ ਜਾਣਦੇ ਸਨ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਲਿਊ ਸਟਾਰ ਅਪਰੇਸ਼ਨ ਦੌਰਾਨ ਮਾਰੇ ਗਏ ਸਨ। ਸਭ ਤੋਂ ਮੁਕੱਦਸ ਥਾਂ ਤੋਂ ਸਰਬਸੰਮਤੀ ਨਾਲ ਬੋਲੇ ਗਏ ਉਸ 'ਝੂਠ' ਦਾ ਹਿਸਾਬ 'ਪੰਥ ਦੇ ਫ਼ੈਸਲਿਆਂ' ਦੇ ਹਵਾਲੇ ਨਾਲ ਕਿਵੇਂ ਕੀਤਾ ਜਾਵੇਗਾ?

ਆਪਣੇ ਅੰਦਰ ਦੀ ਕਾਣ ਨੂੰ ਮੁਖ਼ਾਤਬ ਹੋਏ ਬਿਨਾਂ ਮਰਦਮਸ਼ੁਮਾਰੀ ਦੀ ਮੰਗ ਕੀਤੀ ਜਾ ਸਕਦੀ ਹੈ। ਜੇ ਇਸ ਖ਼ਿੱਤੇ ਦਾ ਨਾਮ 'ਹਿੰਦੋਸਤਾਨ' ਦੀ ਥਾਂ 'ਖ਼ਾਲਿਸਤਾਨ' ਜਾਂ 'ਪਾਕਿਸਤਾਨ' ਜਾਂ ਕੋਈ ਹੋਰ ਸਤਾਨ ਹੋਵੇ ਤਾਂ ਇਨ੍ਹਾਂ ਯਾਦਗ਼ਾਰੀ ਸਮਾਗਮਾਂ ਵਿੱਚੋਂ ਉਸ ਵੇਲੇ ਦੇ ਸਮਾਜ ਦੇ ਕਿਹੋ ਜਿਹੇ ਨਕਸ਼ ਉੱਭਰਦੇ ਹਨ? ਉਸ 'ਸਤਾਨ' ਦੇ ਸ਼ਹਿਰੀਆਂ ਦਾ ਆਪਸੀ ਰਿਸ਼ਤਾ ਅਤੇ ਆਲਮੀ ਸ਼ਹਿਰੀ ਵਜੋਂ ਰੁਤਬਾ ਕਿਨ੍ਹਾਂ ਅਸੂਲਾਂ ਨਾਲ ਤੈਅ ਹੋਵੇਗਾ? ਕੀ ਮਰਦਮਸ਼ੁਮਾਰੀ ਦੀ ਮੰਗ ਕਰਨ ਵਾਲਿਆਂ ਕੋਲ 'ਪੰਜਾਬ ਦੀ ਗ਼ੁਲਾਮੀ' ਤੋਂ ਬਾਹਰ ਆਜ਼ਾਦੀ ਦਾ ਨਿੱਘ ਮਾਣਦੇ ਸਿੱਖਾਂ ਦਾ 'ਆਲਮੀ ਸ਼ਹਿਰੀ' ਵਜੋਂ ਕੋਈ ਅਕਸ ਹੈ? ਕੀ ਉਨ੍ਹਾਂ ਦੇ ਹੇਰਵੇ ਵਿੱਚੋਂ ਕੱਢੇ ਦਸਵੰਧ ਨਾਲ ਪੰਜਾਬ 'ਗੁਰਾਂ ਦੇ ਨਾਮ' ਵਸ ਸਕਦਾ ਹੈ? ਵਿਦੇਸ਼ਾਂ ਵਿੱਚ ਵਸਦਾ ਇਹ ਤਬਕਾ ਵਾਰ-ਵਾਰ 'ਗ਼ਦਰੀ ਬਾਬਿਆਂ ਦੀ ਵਿਰਾਸਤ' ਦੀ ਮੌਜੂਦਾ ਕੜੀ ਹੋਣ ਦਾ ਦਾਅਵਾ ਕਰਦਾ ਹੈ। ਗ਼ਦਰੀ ਬਾਬਿਆਂ ਦੇ ਦੌਰ ਵਿੱਚ ਸਾਮਰਾਜ ਦੇ ਸੁਆਲ ਵੱਖਰੇ ਸਨ। ਉਸ ਦੌਰ ਵਿੱਚ ਹਰ ਮੁਲਕ ਦੇ ਸਾਮਰਾਜ ਖ਼ਿਲਾਫ਼ ਸੰਘਰਸ਼ ਵਿੱਚ ਸਾਮਰਾਜੀ ਮੁਲਕਾਂ ਵਿੱਚੋਂ ਗ਼ੁਲਾਮੀ ਦਾ ਅਹਿਸਾਸ ਅਤੇ ਆਜ਼ਾਦੀ ਦੀ ਚੇਟਕ ਲੈ ਕੇ ਆਏ ਲੋਕਾਂ ਨੇ ਹਿੱਸਾ ਪਾਇਆ। ਗ਼ਦਰੀ ਬਾਬੇ ਉਸੇ ਆਲਮੀ ਰੁਝਾਨ ਦੀ ਕੜੀ ਸਨ। ਨਤੀਜੇ ਵਜੋਂ ਉਨ੍ਹਾਂ ਨੇ ਆਪਣਾ ਨਿਸ਼ਾਨਾ ਸਾਮਰਾਜ ਦੇ ਖ਼ਾਤਮੇ ਨੂੰ ਬਣਾਇਆ ਅਤੇ ਦੂਜੇ ਮੁਲਕਾਂ ਦੀਆਂ ਕੌਮੀ ਮੁਕਤੀ ਲਹਿਰਾਂ ਵਿੱਚ ਵੀ ਹਿੱਸਾ ਪਾਇਆ। ਇੱਕ ਸਦੀ ਬਾਅਦ ਸਾਮਰਾਜ ਦਾ ਰੂਪ ਬਦਲ ਗਿਆ ਹੈ। ਮੌਜੂਦਾ ਦੌਰ ਵਿੱਚ ਸਾਮਰਾਜੀ ਮੁਲਕਾਂ ਦੇ ਸ਼ਹਿਰੀ ਬਣੇ ਤੀਜੀ ਦੁਨੀਆ ਦੇ ਮੂਲ ਵਾਸੀਆਂ ਨੇ ਜੰਗੀ ਮੁਹਿੰਮਾਂ ਵਿੱਚ ਤਕੜਿਆਂ ਦਾ ਪੱਖ ਪੂਰਿਆ ਹੈ। ਅਫ਼ਗ਼ਾਨਿਸਤਾਨ ਤੋਂ ਇਰਾਕ ਤੱਕ ਦੀਆਂ ਜੰਗਾਂ ਅਮਰੀਕੀ-ਯੂਰਪੀ ਅਫ਼ਗ਼ਾਨੀਆਂ ਅਤੇ ਅਮਰੀਕੀ-ਯੂਰਪੀ ਇਰਾਕੀਆਂ ਦੀ ਹਮਾਇਤ ਨਾਲ ਲੜੀਆਂ ਗਈਆਂ ਹਨ। ਸ਼੍ਰੀਲੰਕਾ ਵਿੱਚ ਤਾਮਿਲਾਂ ਦੀ ਜੰਗ ਨੇ ਉੱਤਰੀ ਅਮਰੀਕਾ ਅਤੇ ਯੂਰਪੀ ਡਾਲਰਾਂ ਨਾਲ ਪੈਰ ਛੱਡੇ। ਕੈਨੇਡਾ ਦੀਆਂ ਗ਼ੈਰ-ਸਰਕਾਰੀ ਤਾਮਿਲ ਜਥੇਬੰਦੀਆਂ ਦੇ ਬੈਂਕ ਖਾਤਿਆਂ ਰਾਹੀਂ ਤਾਮਿਲਾਂ ਖ਼ਿਲਾਫ਼ ਸਭ ਤੋਂ ਭਿਆਨਕ ਹਮਲਾ ਕੀਤਾ ਗਿਆ। ਵਿਦੇਸ਼ੀਆਂ ਦੀ ਇਮਦਾਦ ਮਾਅਨੇ ਰੱਖਦੀ ਹੈ ਪਰ ਕੀ ਕੋਈ ਜੰਗ ਦਸਵੰਧੀ ਡਾਲਰਾਂ ਨਾਲ ਲੜੀ ਜਾ ਸਕਦੀ ਹੈ। ਦਸਵੰਧੀ ਡਾਲਰਾਂ ਲਈ ਤਾਂ ਸਾਲਾਨਾ ਵੇਰਵੇ ਭੇਜਣ ਦੀਆਂ ਮੰਚੀ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਹਨ। 

ਪੁਰਾਣੇ ਸਾਮਰਾਜੀ ਦੌਰ ਦੀ ਦਲੀਲ ਗੋਰੀ ਨਸਲ ਦੀਆਂ ਸੱਭਿਆਚਾਰਕ ਮੁਹਿੰਮਾਂ ਉੱਤੇ ਟਿਕੀ ਹੋਈ ਸੀ। ਸਾਮਰਾਜੀ ਆਪਣੀਆਂ ਖ਼ੂੰਖ਼ਾਰ ਜੰਗਾਂ ਨੂੰ ਤੀਜੀ ਦੁਨੀਆਂ ਜਾਂ ਗ਼ੈਰ-ਗੋਰਿਆਂ ਨੂੰ 'ਸੱਭਿਅਤਾ ਸਿਖਾਉਣ' ਦੇ ਮੁਕੱਦਸ ਕਾਰਜਾਂ ਨਾਲ ਜੋੜ ਕੇ ਜਾਇਜ਼ ਕਰਾਰ ਦਿੰਦੇ ਸਨ। ਕੈਨੇਡਾ ਅਤੇ ਆਸਟਰੇਲੀਆਂ ਵਿੱਚ ਇਸਾਈ ਪ੍ਰਚਾਰਕਾਂ ਦੇ ਮੋਢਿਆਂ ਉੱਤੇ ਚੜ੍ਹ ਕੇ ਕੀਤਾ ਗਿਆ ਹਕੂਮਤੀ ਜਬਰ ਹੁਣ ਤੱਕ ਮੂਲ ਨਿਵਾਸੀਆਂ ਦੇ ਪਿੰਡੇ ਵਿੱਚੋਂ ਸਿੰਮਦਾ ਹੈ। ਮੌਜੂਦਾ ਦੌਰ ਵਿੱਚ ਗੋਰੀ ਨਸਲ ਦੀ ਇਸੇ ਵਿਰਾਸਤ ਦਾ ਦਾਅਵਾ ਵਿਕਸਤ ਮੁਲਕਾਂ ਵਿੱਚ ਵਸੇ ਤੀਜੀ ਦੁਨੀਆ ਦੇ ਮੂਲ ਵਾਸੀ ਕਰ ਰਹੇ ਹਨ। ਇਹ ਗੋਰੀ ਨਸਲ ਵਾਂਗ ਆਪਣੇ-ਆਪ ਨੂੰ ਆਪਣੇ ਮੂਲ ਖ਼ਿੱਤਿਆਂ ਦਾ ਉੱਤਮ ਪੂਰਖ ਕਰਾਰ ਦਿੰਦੇ ਹਨ। ਇਨ੍ਹਾਂ ਦੀ ਹੋਂਦ ਤੀਜੀ ਦੁਨੀਆਂ ਦੇ ਲੋਕਾਂ ਨੂੰ ਅਕਲ, ਧਰਮ ਅਤੇ ਇਨਸਾਫ਼ ਨਾਲ ਨਿਵਾਜਣ ਨਾਲ ਜੁੜ ਗਈ ਜਾਪਦੀ ਹੈ। ਇਸ ਪੱਖੋਂ ਪੰਜਾਬ ਦੀ ਹਰ ਧਿਰ ਲਈ ਸੁਆਲ ਬਣਦਾ ਹੈ ਕਿ ਉਨ੍ਹਾਂ ਦੇ ਵਿਦੇਸ਼ੀ ਹਮਾਇਤੀ ਉਨ੍ਹਾਂ ਦੀ ਤਾਕਤ ਹਨ ਜਾਂ ਕਮਜ਼ੋਰੀ? ਵਿਦੇਸ਼ਾਂ ਦੀਆਂ ਸਿੱਖ ਜਥੇਬੰਦੀਆਂ ਨੇ ਬਾਕੀ ਦੀਆਂ ਘੱਟਗਿਣਤੀਆਂ ਦੇ ਸੁਆਲ ਨਜ਼ਰਅੰਦਾਜ਼ ਕੀਤੇ ਹਨ। ਪੰਜਾਬੀ ਮੂਲ ਦੀਆਂ ਤਕਰਸ਼ੀਲ ਜਥੇਬੰਦੀਆਂ ਦਾ ਅਫ਼ਰੀਕੀ ਮੂਲ ਦੇ ਤਰਕਸ਼ੀਲਾਂ ਅਤੇ ਨਾਸਤਿਕਾਂ ਨਾਲ ਕੋਈ ਰਾਬਤਾ ਨਹੀਂ ਬਣ ਸਕਿਆ। ਉਨ੍ਹਾਂ ਨੇ ਉੱਤਰੀ ਅਮਰੀਕਾ ਅਤੇ ਯੂਰਪ ਦੀਆਂ ਤਰਕਸ਼ੀਲ ਰਵਾਇਤਾਂ ਨੂੰ ਆਪਣੀ ਸਰਗਰਮੀ ਨਾਲ ਜੋੜਨ ਦਾ ਕੋਈ ਠੋਸ ਤਰੱਦਦ ਨਹੀਂ ਕੀਤਾ। ਪੰਜਾਬੀ ਮੂਲ ਦੇ ਕਮਿਉਨਿਸਟਾਂ ਦੀ ਵਿਚਾਰਧਾਰਾ ਪੰਜਾਬ ਵਿੱਚ ਖੱਬੇ ਪੱਖੀ ਧਿਰਾਂ ਨਾਲ ਹਮਦਰਦੀ ਤੋਂ ਅੱਗੇ ਨਹੀਂ ਜਾ ਸਕੀ। ਕੁੱਲ ਮਿਲਾ ਕੇ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਦੀ ਸਿਆਸਤ ਪੰਜਾਬ ਦਾ ਚਰਬਾ ਹੈ ਜੋ ਉੱਤਮ ਪੂਰਖ਼ੀ ਧਾਰਨਾ ਉੱਤੇ ਸਵਾਰ ਹੈ। ਇਨ੍ਹਾਂ ਕੋਲ ਗ਼ਦਰੀ ਬਾਬਿਆਂ ਵਾਲੀ ਬੋਲੀ ਹੋ ਸਕਦੀ ਹੈ ਪਰ ਅਹਿਸਾਸ ਅਤੇ ਚੇਟਕ ਤੋਂ ਬਿਨਾਂ ਇਸ ਦੀ ਕੀ ਅਹਿਮੀਅਤ ਹੈ? ਇਨ੍ਹਾਂ ਸੁਆਲਾਂ ਨੂੰ ਪੰਜਾਬ ਦੇ ਦਰਦ ਵਾਂਗ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਪੰਜਾਬ ਦੇ ਬੇਚੈਨ ਮੁੰਡਿਆਂ ਨੂੰ ਬੇਮੁਹਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀਆਂ ਕਾਰਵਾਈਆਂ ਤੋਂ ਨਾਤਾ ਤੋੜਿਆ ਜਾ ਸਕਦਾ ਹੈ। ਜੇ ਉਹ ਮਰ ਜਾਣ ਤਾਂ ਉਨ੍ਹਾਂ ਨੂੰ ਸ਼ਹੀਦੀ ਰੁਤਬੇ ਦਿੱਤੇ ਜਾ ਸਕਦੇ ਹਨ। ਇਨ੍ਹਾਂ ਬੇਪਛਾਣ ਮੁੰਡਿਆਂ ਦੀਆਂ ਯਾਦਗਾਰੀ ਅਰਦਾਸਾਂ ਵਿੱਚੋਂ ਸ਼ਹੀਦਾਂ ਦੇ ਨਕਸ਼ ਉਘਾੜੇ ਜਾ ਸਕਦੇ ਹਨ ਪਰ ਇਤਿਹਾਸ ਹਮੇਸ਼ਾ ਸ਼ਰਧਾਵਸ ਚੋਣਵੇਂ ਤੱਥਾਂ ਨਾਲ ਨਹੀਂ ਲਿਖਿਆ ਜਾਣਾ। ਕੋਈ ਭਾਈ ਘਨੱ੍ਹਈਆ ਮੋਢੇ ਚੁੱਕੀ ਮਸ਼ਕ ਦੀ ਲੱਜ ਪਾਲਣ ਦਾ ਜੇਰਾ ਕਰ ਸਕਦਾ ਹੈ। 

(ਇਹ ਲੇਖ 11 ਜੂਨ2015 ਨੂੰ ਨਵਾਂ ਜ਼ਮਾਨਾ ਅਤੇ ਅਮਰੀਕਾ ਵਿੱਚ ਛਪਦੇ ਪੰਜਾਬ ਟਾਈਮਜ਼ ਦੇ 17 ਜੂਨ 2015 ਵਾਲੇ ਅੰਕ ਵਿੱਚ ਛਪਿਆ।)


1 comment:

Unknown said...

ਇਹ ਸਵਾਲ ਜਵਾਬ ਮੰਗਦੇ ਨੇ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਸਵਾਰਥੀ ਰਾਜਨੀਤਕਾਂ ਤੋਂ