Tuesday, May 19, 2015

ਸੁਆਲ-ਸੰਵਾਦ: ਬੁਰਾ ਹਾਲ ਹੋਇਆ ਪੰਜਾਬ ਦਾ …

ਦਲਜੀਤ ਅਮੀ

ਇਰਾਕ ਵਿੱਚ ਬੰਦੀ ਬਣਾਏ 39 ਮੁੰਡਿਆਂ ਦੀ ਹੋਣੀ ਬਾਰੇ ਧੁੰਧਲਕਾ ਕਾਇਮ ਹੈ ਪਰ ਜਾਨ ਨੂੰ ਖ਼ਦਸ਼ੇ ਕਾਰਨ ਸਰਕਾਰੀ ਪਹਿਲਕਦਮੀਆਂ ਨਾਲ ਵਾਪਸ ਪੁੱਜੇ ਮੁੰਡੇ ਮੁੜ ਕੇ ਪਰਤਣੇ ਸ਼ੁਰੂ ਹੋ ਗਏ ਹਨ। ਇਰਾਕ ਵਿੱਚ ਕੱਟੜਪੰਥੀ ਤਾਕਤਾਂ ਦੇ ਮੂੰਹਜ਼ੋਰ ਹਮਲੇ ਕਾਰਨ ਬਹੁਤ ਸਾਰੇ ਭਾਰਤੀਆਂ ਨੂੰ ਜਹਾਜ਼ਾਂ ਰਾਹੀਂ ਵਾਪਸ ਲਿਆਂਦਾ ਗਿਆ ਸੀ। ਵਿਦੇਸ਼ ਮੰਤਰਾਲੇ ਦੀਆਂ ਪਹਿਲਕਦਮੀਆਂ ਅਤੇ ਖ਼ੁਫ਼ੀਆ ਏਜੰਸੀਆਂ ਦੀ ਮੁਸ਼ਕੱਤ ਨਾਲ ਇਹ ਰਾਹਤ ਸੰਭਵ ਹੋਈ ਸੀ। ਹੁਣ ਪੰਜਾਬ ਦੇ ਤਕਰੀਬਨ ਵੀਹ ਮੁੰਡੇ ਵਾਪਸ ਇਰਾਕ ਪਰਤ ਜਾਣ ਦੀਆਂ ਖ਼ਬਰਾਂ ਆ ਚੁੱਕੀਆਂ ਹਨ ਅਤੇ ਕਈ ਵਾਪਸ ਜਾਣ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਅਸਲ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ। ਜਦੋਂ ਉੱਥੇ ਬੰਦੀ ਬਣੇ ਮੁੰਡਿਆਂ ਦੀ ਹੋਣੀ ਬਾਰੇ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀਆਂ ਹਨ ਤਾਂ ਇਹ ਮੁੰਡੇ ਇਰਾਕ ਕਿਉਂ ਜਾ ਰਹੇ ਹਨ? ਜਦੋਂ ਬੰਦੀ ਮੁੰਡਿਆਂ ਦੇ ਵਾਰਸ ਉਨ੍ਹਾਂ ਦੀ ਹੋਣੀ ਦੀ ਥਾਹ ਪਾਉਣ ਲਈ ਦਰ-ਬ-ਦਰ ਭਟਕ ਰਹੇ ਹਨ ਤਾਂ ਵਾਪਸ ਪਰਤਣ ਵਾਲਿਆਂ ਦੇ ਘਰਾਂ ਵਿੱਚ ਕੀ ਸੋਚ ਚੱਲ ਰਹੀ ਹੈ? ਕਿਸੇ ਵੀ ਅੰਦਾਜ਼ੇ ਨਾਲ ਇਹ ਮੁੰਡੇ ਆਪਣੀ ਜਾਨ ਖ਼ਤਰੇ ਵਿੱਚ ਪਾ ਰਹੇ ਹਨ। ਉਂਝ ਇਹ ਪਹਿਲੀ ਵਾਰ ਨਹੀਂ ਹੋਇਆ। ਮਾਲਟਾ ਕਾਂਡ ਵਿੱਚੋਂ ਜਾਨ ਬਚਾ ਕੇ ਆਏ ਕਈ ਮੁੰਡੇ ਜਲਦੀ ਨਾਲ ਉਨ੍ਹਾਂ ਹੀ ਰਾਹਾਂ ਉੱਤੇ ਵਿਦੇਸ਼ਾਂ ਨੂੰ ਤੁਰ ਗਏ ਸਨ। 

ਇਨ੍ਹਾਂ ਮੁੰਡਿਆਂ ਬਾਰੇ ਇਹ ਸੁਆਲ ਪੁੱਛਣਾ ਹੀ ਬਣਦਾ ਹੈ ਕਿ ਉਹ ਜ਼ਿੰਦਗੀ ਨੂੰ ਇੰਝ ਦਾਅ ਉੱਤੇ ਕਿਉਂ ਲਗਾ ਰਹੇ ਹਨ? ਬੰਦੀਆਂ ਦੀ ਚਿੰਤਾ ਕਰਨ ਵਾਲਾ ਪੰਜਾਬ ਇਨ੍ਹਾਂ ਨੂੰ ਜਾਣ ਤੋਂ ਕਿਉਂ ਨਹੀਂ ਰੋਕਦਾ? ਬੰਦੀਆਂ ਨਾਲੋਂ ਬਚ ਕੇ ਬੰਗਲਾਦੇਸ਼ ਅਤੇ ਭਾਰਤ ਆਏ ਸਾਥੀਆਂ ਦੇ ਦਾਅਵੇ ਹਨ ਕਿ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਹੈ ਪਰ ਵਿਦੇਸ਼ ਮੰਤਰਾਲਾ ਉਨ੍ਹਾਂ ਦੇ ਸਲਾਮਤ ਹੋਣ ਦਾ ਵਾਅਦਾ ਕਰ ਰਿਹਾ ਹੈ। ਬੰਦੀਆਂ ਦੇ ਜਿਉਂਦੇ ਪਰਤੇ ਸਾਥੀਆਂ ਦੀਆਂ ਚਸ਼ਮਦੀਦ ਗਵਾਹੀਆਂ ਜਾਂ ਵਿਦੇਸ਼ ਮੰਤਰਾਲੇ ਦੇ ਭਰੋਸੇਯੋਗ ਸੂਤਰਾਂ ਵਿੱਚੋਂ ਸੱਚ ਭਾਵੇਂ ਕੁਝ ਵੀ ਨਿਕਲੇ ਪਰ ਦੋਵਾਂ ਹਾਲਾਤ ਵਿੱਚ ਇਰਾਕ ਵਿੱਚ ਪਰਵਾਸੀਆਂ ਦੀ ਜਾਨ ਨਾਲ ਜੁੜੇ ਖ਼ਦਸ਼ੇ ਘੱਟ ਨਹੀਂ ਹੋ ਜਾਂਦੇ। ਪੰਜਾਬ ਦੇ ਮੁੰਡਿਆਂ ਨੂੰ ਕੋਈ ਕਿਉਂ ਨਹੀਂ ਕਹਿੰਦਾ ਕਿ ਉੱਥੇ ਜਾਨ ਖ਼ਤਰੇ ਵਿੱਚ ਹੈ। ਮੌਤ ਸਹੇੜਨ ਦੀ ਥਾਂ ਇੱਥੇ ਦੋ ਬੁਰਕੀਆਂ ਘੱਟ ਨਾਲ ਗੁਜ਼ਾਰਾ ਕਿਉਂ ਨਹੀਂ ਕੀਤਾ ਜਾ ਸਕਦਾ? ਇਹ ਤਵੱਕੋ ਤਾਂ ਸਿਆਸੀ ਅਤੇ ਸਮਾਜਿਕ ਨਿਜ਼ਾਮ ਦੇ ਹਰ ਅਦਾਰੇ ਤੋਂ ਕੀਤੀ ਜਾ ਸਕਦੀ ਹੈ ਕਿ ਇਨ੍ਹਾਂ ਨੂੰ ਰੋਕਣ ਦਾ ਤਰਦੱਦ ਕਰੇ। ਜੇ ਸਰਕਾਰ ਬੰਦੀਆਂ ਨੂੰ ਵਾਪਸ ਲਿਆਉਣ ਦਾ ਵਾਅਦਾ ਕਰਦੀ ਹੈ ਤਾਂ ਉਸੇ ਪਾਸੇ ਨੂੰ ਤੁਰੇ ਮੁੰਡਿਆਂ ਨੂੰ ਰੋਕਣ ਦਾ ਉਪਰਾਲਾ ਕਿਉਂ ਨਹੀਂ ਕਰਦੀ? ਸਭ ਤੋਂ ਅਹਿਮ ਸੁਆਲ ਤਾਂ ਇਹੋ ਹੈ ਕਿ ਪੰਜਾਬੀ ਬੰਦੇ ਨੂੰ ਖ਼ਾਨਾਜੰਗੀ ਦਾ ਸ਼ਿਕਾਰ ਮੁਲਕ ਆਪਣੀ ਮੰਜ਼ਿਲ ਕਿਉਂ ਲੱਗਦਾ ਹੈ?

ਕੀ ਇਰਾਕ ਦੇ ਖ਼ਦਸ਼ੇ ਸਹੇੜਨਾ ਪੰਜਾਬ ਵਿੱਚ ਜਿਉਣ ਨਾਲੋਂ ਬਿਹਤਰ ਹੈ? ਇਸ ਸੁਆਲ ਨੂੰ ਟਾਲਿਆ ਜਾ ਸਕਦਾ ਹੈ ਕਿ ਪੂਰੇ ਦੱਖਣੀ ਏਸ਼ੀਆਈ ਮੁਲਕਾਂ ਦੇ ਮੁੰਡੇ-ਕੁੜੀਆਂ ਇਸ ਰੁਝਾਨ ਦਾ ਹਿੱਸਾ ਹਨ। ਰੁਝਾਨ ਦੇ ਮਾਮਲੇ ਵਿੱਚ ਤਾਂ ਰੂਮ ਸਾਗਰ ਪਾਰ ਕਰਨ ਲੱਗਿਆ ਅਫ਼ਰੀਕਾ, ਪੱਛਮੀ ਯੂਰਪ ਵਿੱਚ ਰਿਆਇਤਾਂ ਭਾਲਦਾ ਪੂਰਬੀ ਯੂਰਪ ਅਤੇ ਲਾਤੀਨੀ ਅਮਰੀਕਾ ਤੋਂ ਉੱਤਰੀ ਅਮਰੀਕਾ ਜਾਣ ਦਾ ਤਰਦੱਦ ਕਰਦਾ ਮੁਲਖ਼ ਪੰਜਾਬੀਆਂ ਦੀ ਹੋਣੀ ਦਾ ਸਾਂਝੀਵਾਲ ਹੈ। ਰੁਝਾਨ ਦੇ ਵਡੇਰਾ ਹੋ ਜਾਣ ਨਾਲ ਤਾਂ ਸੁਆਲ ਦੀ ਅਹਿਮੀਅਤ ਖ਼ਤਮ ਨਹੀਂ ਹੋ ਜਾਂਦੀ। ਪੰਜਾਬ ਦੇ ਸੁਆਲ ਦਾ ਆਲਮੀ ਹਾਲਾਤ ਨਾਲ ਰਿਸ਼ਤਾ ਬਣਦਾ ਹੈ ਪਰ ਇਨ੍ਹਾਂ ਦੀਆਂ ਮੁਕਾਮੀ ਤੰਦਾਂ ਦੀ ਅਹਿਮੀਅਤ ਹੈ। ਜੇ ਕਿਸੇ ਮਾਮਲੇ ਵਿੱਚ ਬੰਗਲਾਦੇਸ਼, ਪਾਕਿਸਤਾਨ ਜਾਂ ਸ਼੍ਰੀਲੰਕਾ ਨਾਕਾਮਯਾਬ ਰਹੇ ਹਨ ਤਾਂ ਇਸ ਨਾਲ ਭਾਰਤ ਦੀ ਨਾਕਾਮਯਾਬੀ ਢਕੀ ਨਹੀਂ ਜਾਂਦੀ। ਜੇ ਕੇਰਲਾ ਦੀਆਂ ਬੀਬੀਆਂ ਹਰ ਹਾਲਤ ਵਿੱਚ ਅਰਬੀ ਮੁਲਕਾਂ ਦੇ ਹਸਪਤਾਲਾਂ ਵਿੱਚ ਨੌਕਰੀ ਕਰਨ ਜਾ ਰਹੀਆਂ ਹਨ ਤਾਂ ਇਸ ਨਾਲ ਇਰਾਕ ਵਿੱਚ ਮਜ਼ਦੂਰੀ ਕਰਨ ਜਾਂਦੇ ਮੁੰਡਿਆਂ ਦਾ ਸੁਆਲ ਛੋਟਾ ਨਹੀਂ ਹੋ ਜਾਂਦਾ। ਪੰਜਾਬੀ ਬੰਦੇ ਦਾ ਸੁਆਲ ਤਾਂ ਪੰਜਾਬ ਵਿੱਚ ਪੁੱਛਿਆ ਜਾਣਾ ਹੀ ਚਾਹੀਦਾ ਹੈ। ਦਰਦਮੰਦ ਆਲਮੀ ਸ਼ਹਿਰੀ ਵਜੋਂ ਤਾਂ ਦੂਜੇ ਮੁਲਕਾਂ ਦੇ ਸ਼ਹਿਰੀਆਂ ਨਾਲ ਵੀ ਰਿਸ਼ਤੇਦਾਰੀ ਪੁਗਾਉਣ ਦੀ ਤਵੱਕੋ ਕੀਤੀ ਜਾਂਦੀ ਹੈ ਪਰ ਮੁਕਾਮੀ ਮਸਲਿਆਂ ਨੂੰ ਸਰਕਾਰਾਂ ਦੀ ਕਾਰਗੁਜ਼ਾਰੀ ਅਤੇ ਸਮਾਜਿਕ ਹਾਲਾਤ ਨਾਲ ਜੋੜ ਕੇ ਸਮਝਣਾ ਜ਼ਰੂਰੀ ਹੈ।

ਦਰਅਸਲ ਇਹ ਮਸਲੇ ਦਾ ਇੱਕ ਪਾਸਾ ਹੈ ਕਿ ਕੋਈ ਇਨ੍ਹਾਂ ਮੁੰਡਿਆਂ ਉੱਤੇ ਹੱਕ-ਪਿਆਰ ਜਤਾਵੇ ਅਤੇ ਜ਼ਿੰਦਗੀ ਵਰਗਾ ਵਾਅਦਾ ਕਰੇ ਤਾਂ ਇਹ ਰੁਕ ਸਕਦੇ ਹਨ। ਦੂਜਾ ਪਾਸਾ ਇਹ ਹੈ ਕਿ ਮੁੰਡਿਆਂ ਅੰਦਰ ਉਹ ਜ਼ਮੀਨ ਕਿੱਥੇ ਹੈ ਜਿਸ ਉੱਤੇ ਹੱਕ-ਪਿਆਰ ਅਤੇ ਜ਼ਿੰਦਗੀ ਵਰਗੀਆਂ ਸ਼ੈਆਂ ਜੜ੍ਹ ਫੜਦੀਆਂ ਹਨ? ਇਸ ਸੁਆਲ ਦਾ ਜੁਆਬ ਪੰਜਾਬ ਦੇ ਹਾਲਾਤ ਵਿੱਚ ਭਾਲਿਆ ਜਾ ਸਕਦਾ ਹੈ। ਰੋਜ਼ਗਾਰ-ਕਾਰੋਬਾਰ-ਵਪਾਰ ਦੇ ਘੇਰੇ ਵਿੱਚੋਂ ਵੱਡਾ ਤਬਕਾ ਬਾਹਰ ਹੋ ਗਿਆ ਹੈ। ਰਵਾਇਤੀ ਸਨਅਤ ਅਤੇ ਧੰਦੇ ਮੌਜੂਦਾ ਦੌਰ ਦੀ ਰਕਮ ਮੁਖੀ ਜੀਵਨ ਸ਼ੈਲੀ ਦਾ ਭਾਰ ਚੁੱਕਣ ਤੋਂ ਮੁਨਕਰ ਹਨ। ਇਸੇ ਦੌਰ ਵਿੱਚ ਇਹ ਦਲੀਲ ਭਾਰੂ ਹੈ ਕਿ ਨੌਜਵਾਨ ਵਿਹਲੇ ਫਿਰਨਾ ਗਿਝੇ ਹਨ ਅਤੇ ਨਸ਼ਿਆਂ ਦੇ ਆਦੀ ਹਨ। ਹਰ ਨੌਜਵਾਨ ਨਸ਼ਿਆਂ ਦੇ ਮਾਮਲੇ ਵਿੱਚ ਸ਼ੱਕ ਦੇ ਘੇਰੇ ਵਿੱਚ ਹੈ। ਫ਼ਿਲਮ ਅਤੇ ਸੰਗੀਤ ਸਨਅਤ ਇਸੇ ਅਕਸ ਨੂੰ ਉਘਾੜ ਕੇ ਪੇਸ਼ ਕਰਦੀ ਹੈ। ਸ਼ੱਕ ਦੇ ਘੇਰੇ ਵਿੱਚ ਆਇਆ ਨੌਜਵਾਨ ਸਮਾਜਿਕ-ਸਿਆਸੀ ਜ਼ਲਾਲਤ ਤੋਂ ਕਿਵੇਂ ਬਚੇ? ਨਸ਼ਿਆਂ ਦੇ ਸਹਾਰੇ ਤੋਂ ਕਿਵੇਂ ਬਚੇ? ਜੇ ਉਹ ਸਿਦਕਦਿਲੀ ਨਾਲ ਇਨ੍ਹਾਂ ਤੋਂ ਬਚ ਜਾਵੇ ਤਾਂ ਜਿਉਣ ਦਾ ਖੇੜਾ ਕਿੱਥੋਂ ਲਿਆਵੇ? ਉਨ੍ਹਾਂ ਦੇ ਅੰਦਰ ਜਿਉਣ ਦਾ ਚਾਅ ਕੋਈ ਕਿਵੇਂ ਜਗਾਵੇ? 

ਜਿਨ੍ਹਾਂ ਨੂੰ 'ਸੱਪਾਂ ਦੀਆਂ ਸਿਰੀਆਂ ਮਿੱਧ ਕੇ' ਮਾਣ-ਇੱਜ਼ਤ ਵਾਲੀ ਜ਼ਿੰਦਗੀ ਨਸੀਬ ਨਹੀਂ ਹੋਈ ਉਹ ਅੰਨ੍ਹੇਵਾਹ ਵਰ੍ਹਦੀਆਂ ਗੋਲੀਆਂ ਵਿੱਚੋਂ 'ਤੀਹ ਅਮਰੀਕੀ ਡਾਲਰ' ਦੀ ਦਿਹਾੜੀ ਕਰਨ ਕਿਉਂ ਨਾ ਜਾਣ? ਜੇ ਸਰਕਾਰਾਂ ਘੱਟੋ-ਘੱਟ ਮਜ਼ਦੂਰੀ ਯਕੀਨੀ ਬਣਾਉਣ ਅਤੇ ਸੰਵਿਧਾਨਕ ਵਾਅਦੇ (ਚੋਣ ਵਾਅਦਿਆਂ ਦੀ ਜੇ ਗੱਲ ਛੱਡ ਵੀ ਦਿੱਤੀ ਜਾਵੇ।) ਪੂਰਾ ਕਰਨ ਵਿੱਚ ਨਾਕਾਮਯਾਬ ਰਹੀਆਂ ਹੋਣ ਤਾਂ ਕੋਈ ਅੰਨ੍ਹੇਵਾਹ ਚਲਦੀ ਬੰਦੂਕ ਤੋਂ ਕਿਉਂ ਡਰੇ? ਜਦੋਂ ਫ਼ੈਸਲਾ ਜ਼ਲਾਲਤ ਅਤੇ ਥੁੜ੍ਹ ਨਾਲ ਸੁੱਕ ਜਾਣ ਜਾਂ ਗੋਲੀ ਨਾਲ ਮਰ ਜਾਣ ਵਿੱਚ ਕਰਨਾ ਹੈ ਤਾਂ ਇੱਕ ਝਟਕੇ ਨਾਲ ਮਰ ਜਾਣ ਦਾ ਫ਼ੈਸਲਾ ਬਿਹਤਰ ਜਾਪਦਾ ਹੈ? ਉਂਝ ਇਸ ਫ਼ੈਸਲੇ ਉੱਤੇ ਸੁਆਲ ਕਰਨ ਦਾ ਹੱਕ ਕਿਸ ਨੂੰ ਹੈ? ਹੁਸ਼ਿਆਰਪੁਰ ਦਾ ਨਛੱਤਰ ਸਿੰਘ ਜੁਲਾਈ-2014 ਵਿੱਚ ਇਰਾਕ ਤੋਂ ਆਇਆ ਸੀ ਅਤੇ ਹੁਣ ਵਾਪਸ ਚਲਿਆ ਗਿਆ ਹੈ। ਨਛੱਤਰ ਨੇ ਇਰਾਕ ਤੋਂ ਇੰਡੀਅਨ ਐਕਸਪ੍ਰੈਸ ਦੀ ਪੱਤਰਕਾਰ ਅੰਜੂ ਅਗਨੀਹੋਤਰੀ ਚਾਬਾ ਨੂੰ ਦੱਸਿਆ ਹੈ, "ਕੁਝ ਮਹੀਨੇ ਮਜ਼ਦੂਰੀ ਕੀਤੀ ਪਰ ਦੋ ਡੰਗ ਦੀ ਰੋਟੀ ਤੱਕ ਨਹੀਂ ਜੁੜੀ।" ਜਲੰਧਰ ਦਾ ਗੌਰਵ, ਪਟਿਆਲੇ ਦਾ ਗੁਰਜੀਤ ਅਤੇ ਹੁਸ਼ਿਆਰਪੁਰ ਦਾ ਪ੍ਰਿੰਸ ਨਾ ਸਿਰਫ਼ ਨਛੱਤਰ ਦੇ ਸਫ਼ਰ ਦੇ ਸਾਥੀ ਹਨ ਸਗੋਂ ਹੋਣੀ ਦੇ ਸਾਂਝੀਵਾਲ ਵੀ ਹਨ। 

ਇਹ ਮੁੰਡੇ 'ਇਸਲਾਮਿਕ ਸਟੇਟ' ਦੀਆਂ ਬੰਦੂਕਾਂ ਅੱਗੇ ਰੋਜ਼ਗਾਰ ਲਈ ਗਏ ਹਨ। ਜੇ ਉਨ੍ਹਾਂ ਦੇ ਘਰਦੇ ਕੁਝ ਸਰਦੇ-ਪੁੱਜਦੇ ਹੁੰਦੇ ਤਾਂ ਸ਼ਾਇਦ ਉਹ ਉੱਤਰੀ ਅਮਰੀਕਾ, ਯੂਰਪ ਜਾਂ ਆਸਟਰੇਲੀਆ ਜਾਣ ਦਾ ਜੁਗਾੜ ਕਰਦੇ। ਉਹ ਸ਼ਾਇਦ ਜਾਨ ਦਾ ਜੋਖ਼ਿਮ ਲੈਣ ਦੀ ਥਾਂ ਸਮਾਜਿਕ ਕਦਰਾਂ-ਕੀਮਤਾਂ ਦੀ ਕੁਰਬਾਨੀ ਦੇ ਕੇ ਸੱਤ ਸਮੁੰਦਰ ਪਾਰ ਕਰ ਜਾਂਦੇ। ਉਨ੍ਹਾਂ ਵਰਗੇ ਹਾਲਾਤ ਵਿੱਚੋਂ ਹੀ ਕੁਝ ਲੋਕ ਪੰਜਾਬ ਵਿੱਚ ਆਪਣੀ ਹੋਣੀ ਬਦਲਣ ਦਾ ਤਰੱਦਦ ਕਰਦੇ ਹਨ। ਬਠਿੰਡੇ ਜ਼ਿਲ੍ਹੇ ਦੇ ਹਮੀਰਗੜ੍ਹ ਪਿੰਡ ਵਿੱਚ ਦਲਿਤ ਤਬਕੇ ਦੀ ਰੂੜੀਆਂ ਲਗਾਉਣ ਲਈ ਥਾਂ ਦੀ ਮੰਗ ਦੇ ਜੁਆਬ ਵਿੱਚ ਹੁਕਮਰਾਨ ਸਿਆਸੀ ਧਿਰ ਦੇ ਕਾਰਕੁਨਾਂ ਨੇ ਪਿੰਡ ਦੇ ਜੱਟਾਂ ਨਾਲ ਮਿਲ ਕੇ ਪੁਲਿਸ ਦੀ ਅਗਵਾਈ ਵਿੱਚ ਹਮਲਾ ਕੀਤਾ। ਹਮਲੇ ਵਿੱਚ ਜ਼ਖ਼ਮੀ ਹੋਈਆਂ ਬੀਬੀਆਂ ਦੀਆਂ ਤਸਵੀਰਾਂ ਨੂੰ ਇਰਾਕ ਦੀਆਂ ਦੱਸ ਦਿੱਤਾ ਜਾਵੇ ਤਾਂ ਦੇਖਣ ਵਾਲਾ ਯਕੀਨ ਕਰ ਲਵੇਗਾ ਅਤੇ ਉਸ ਮੁਲਕ ਦੇ ਆਵਾਮ ਦੀ ਖ਼ਸਤਾਹਾਲ ਹਾਲਤ ਬਾਬਤ ਭਾਵੇਂ ਰਸਮੀ ਹੀ ਸਹੀ ਪਰ ਅਫ਼ਸੋਸ ਜ਼ਰੂਰ ਕਰੇਗਾ। ਪੰਜਾਬ ਅੰਦਰਲੇ ਇਸ ਇਰਾਕ ਨੂੰ ਅਖ਼ਬਾਰਾਂ ਨੇ ਨਜ਼ਰਅੰਦਾਜ਼ ਕੀਤਾ ਹੈ ਅਤੇ ਇਸ ਵੇਲੇ ਇਰਾਦਾ ਕਤਲ ਦੇ ਇਲਜ਼ਾਮ ਵਿੱਚ ਬਾਰਾਂ ਮਰਦ ਅਤੇ ਚਾਰ ਬੀਬੀਆਂ ਜੇਲ੍ਹ ਵਿੱਚ ਬੰਦ ਹਨ। ਹਸਪਤਾਲਾਂ ਵਿੱਚ ਪਈਆਂ ਬੀਬੀਆਂ ਨੂੰ ਲੱਗੇ ਸਟੈੱਨ ਗਰਨੇਡਾਂ ਦੀ ਤਸਦੀਕ ਪੁਲਿਸ ਦੀਆਂ ਮਿਸਲਾਂ ਵਿੱਚੋਂ ਹੁੰਦੀ ਹੈ। 

ਹਮੀਰਗੜ੍ਹ ਨੂੰ ਵਿੱਕੋਲਿਤਰੀ ਘਟਨਾ ਕਰਾਰ ਦਿੱਤਾ ਜਾ ਸਕਦਾ ਹੈ ਪਰ ਅਖ਼ਬਾਰਾਂ ਅਤੇ ਟੈਲੀਵਿਜ਼ਨਾਂ ਵੱਲੋਂ ਨਜ਼ਰਅੰਦਾਜ਼ ਕੀਤੀਆਂ ਘਟਨਾਵਾਂ ਕੁਝ ਹੋਰ ਬਿਆਨ ਕਰਦੀਆਂ ਹਨ। ਲੰਬੀ ਹਲਕੇ ਦਾ ਪਿੰਡ ਸਿੰਘੇਵਾਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਪਿੰਡ ਬਾਦਲ ਤੋਂ ਤਕਰੀਬਨ ਅੱਠ ਕਿਲੋਮੀਟਰ ਦੂਰ ਹੈ। ਇਸ ਪਿੰਡ ਦੇ ਲੋਕਾਂ ਨੇ ਕਈ ਵਾਰ ਆਪਣੇ ਵਿਧਾਇਕ ਦੀ ਜੁਆਬਤਲਬੀ ਕੀਤੀ ਹੈ। ਚੋਣਾਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਪਿੰਡ ਵੜਨ ਨਹੀਂ ਦਿੱਤਾ ਗਿਆ ਸੀ। ਇਸ ਪਿੰਡ ਦੇ ਦਲਿਤ ਪਰਿਵਾਰਾਂ ਦੀ ਮੰਗ ਸੀ ਕਿ ਕਾਨੂੰਨ ਮੁਤਾਬਕ ਘਰਾਂ ਤੋਂ ਬਾਹਰ ਬਿਜਲੀ ਦੇ ਮੀਟਰ ਲਗਾਉਣ ਵੇਲੇ ਘਰ ਦੇ ਅੰਦਰ ਡਿਸਪਲੇ ਲਗਾਏ ਜਾਣ। ਇਸ ਪਿੰਡ ਦੀ ਮਜ਼ਦੂਰ ਆਗੂ ਗੁਰਮੇਲ ਕੌਰ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ ਸੱਤ ਜੀਆਂ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ ਹੋਇਆ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮਰਹੂਮ ਆਗੂ ਨਾਨਕ ਸਿੰਘ ਦੇ ਬਜ਼ੁਰਗ ਮਾਪਿਆਂ ਅਤੇ ਬੱਚਿਆਂ ਉੱਤੇ ਪਰਚਾ ਦਰਜ ਕੀਤਾ ਗਿਆ ਹੈ। ਸਿੱਧਵਾਂ ਬੇਟ ਇਲਾਕੇ ਦੇ ਪਿੰਡ ਕੰਨੀਆਂ ਹੁਸੈਨੀ ਦੀਆਂ ਚਾਰ ਬੀਬੀਆਂ ਅਤੇ ਤਕਰੀਬਨ ਦਰਜਨ ਮਰਦ ਇਰਾਦਾ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ। ਜੇ ਪਿਛਲੇ ਇੱਕ ਸਾਲ ਦਾ ਰੁਝਾਨ ਵੇਖਿਆ ਜਾਵੇ ਤਾਂ ਹੁਕਮਰਾਨ ਧਿਰਾਂ ਦੀ ਕਾਰਗੁਜ਼ਾਰੀ ਅਤੇ ਆਵਾਮ ਦੀਆਂ ਮੁਸ਼ਕਲਾਂ ਦਾ ਪਾੜਾ ਉਘਾੜਨ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਦੀਆਂ ਜੇਲ੍ਹ-ਯਾਤਰਾਵਾਂ ਦੀ ਲੰਬੀ ਫ਼ਹਿਰਿਸਤ ਹੈ। ਪੰਚਾਇਤੀ ਜ਼ਮੀਨ ਵਿੱਚ ਦਲਿਤਾਂ ਦੀ ਹਿੱਸੇਦਾਰੀ ਉੱਤੇ ਹੱਕ ਜਤਾਉਣ ਲਈ ਬਾਉਪੁਰ ਤੋਂ ਬਾਲਦ ਕਲਾਂ ਅਤੇ ਮਤੋਈ ਤੱਕ ਦੀਆਂ ਮਿਸਾਲਾਂ ਹਨ। ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ ਕਈ ਤਰ੍ਹਾਂ ਦੇ ਮਾਮਲਿਆਂ ਵਿੱਚ ਜੇਲ੍ਹੀਂ ਡੱਕਣ ਦੀਆਂ ਮਿਸਾਲਾਂ ਹਨ। ਜੇ ਬਠਿੰਡੇ ਵਾਲੇ ਸ਼ਿੰਗਾਰਾ ਸਿੰਘ ਨੂੰ ਇੱਕ ਤੋਂ ਬਾਅਦ ਦੂਜਾ ਮਾਮਲਾ ਖੋਲ੍ਹ ਕੇ ਕਈ ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ ਤਾਂ ਤਰਨਤਾਰਨ ਤੋਂ ਕੰਵਲਜੀਤ ਪੰਨੂ ਨਾਲ ਵੀ ਇਹੋ ਕੀਤਾ ਗਿਆ। ਜ਼ਮੀਨ ਪ੍ਰਾਪਤੀ ਦੇ ਸੰਘਰਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਕਾਰਕੁਨਾਂ ਨੇ ਜੇਲ੍ਹਾਂ ਕੱਟੀਆਂ। ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਰਾਜਵੰਤ ਕੌਰ ਪੰਨੂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਖੁੱਲ੍ਹੇ ਖ਼ਤ ਵਿੱਚ ਐਲਾਨ ਕੀਤਾ ਸੀ, "ਤੇਰੇ ਜਬਰ ਤੋਂ ਸਾਡਾ ਸਬਰ ਵੱਡਾ, ਇਹ ਅਸੀਂ ਸਾਬਤ ਕਰਾਂਗੇ। ਤੇਰੇ ਭਰਾ ਅਮਰਿੰਦਰ ਸਿੰਘ ਨੇ ਹਕੂਮਤੀ ਸਮੇਂ 'ਚ ਸਾਡੇ 'ਤੇ ਬਥੇਰਾ ਜਬਰ ਕੀਤਾ। ਤੇਰੇ ਪੁਲਸੀਏ ਸਾਡੇ ਘਰ-ਘਰ ਹਰਲ-ਹਰਲ ਕਰਦੇ ਫਿਰਦੇ, ਉਸ ਹਾਕਮ ਨੇ ਵੀ ਸਾਡੇ 'ਤੇ ਬੜੇ ਪਰਚੇ ਦਰਜ ਕੀਤੇ। ਇੱਥੋਂ ਤੱਕ ਕਿ ਮੇਰੇ 'ਤੇ ਵੀ 307 ਦਾ ਪਰਚਾ ਦਰਜ ਕੀਤਾ। ਬਥੇਰਾ ਚਿਰ ਸਾਨੂੰ ਘਰੋਂ ਬੇਘਰ ਰੱਖਿਆ ਪਰ ਉਹ ਹਾਕਮ ਹਾਰਿਆ ਸੀ। ਸਾਥੀ ਪੰਨੂ 'ਤੇ 14 ਪਰਚੇ ਪਹਿਲਾਂ ਦਰਜ ਹਨ। ਪੰਦਰਵੇਂ ਲਈ ਤੇਰਾ ਬੜਾ ਧੰਨਵਾਦ। ਪੰਨੂ ਬਾਰੇ ਲਿਖਦਿਆਂ ਪਰਚਿਆਂ ਬਾਰੇ ਇੱਕ ਕਿਤਾਬ ਅਲੱਗ ਲਿਖਣੀ ਪਊਗੀ। ਤੇਰਾ ਤੇ ਤੇਰੀ ਭੈਣ ਕਾਂਗਰਸ ਦਾ ਉਚੇਚਾ ਜ਼ਿਕਰ ਹੋਊ, ਤੁਸੀਂ ਔਰੰਗਜ਼ੇਬ ਦੇ ਪੈਰੋਕਾਰ। ਮੈਨੂੰ, ਮੇਰੇ ਸਾਥੀ ਪੰਨੂ ਤੇ ਸਾਡੀ 14 ਵਰ੍ਹਿਆਂ ਦੀ ਭਰ ਜਵਾਨ ਹੋਈ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਤੇ ਉਸਦੇ ਸੰਘਰਸ਼ੀ ਯੋਧਿਆਂ ਨੂੰ ਕੀ ਹਰਾ ਲਓਗੇ?" 

ਪਿਛਲੇ ਦਿਨਾਂ ਵਿੱਚ ਢਾਈ ਸੌ ਰੁਪਏ ਮਹੀਨਾ ਪੈਨਸ਼ਨ ਨਾ ਮਿਲਣ ਕਾਰਨ ਅਵਾਜ਼ਾਰ ਬਜ਼ੁਰਗ ਨੇ ਕਪੂਰਥਲਾ ਜ਼ਿਲ੍ਹੇ ਦੇ ਢਿੱਲਵਾਂ ਕਸਬੇ ਵਿੱਚ ਆਤਮਦਾਹ ਕਰ ਲਿਆ। ਇਸ ਮਾਮਲੇ ਵਿੱਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੋਮਨਾਥ ਦਾ ਪਰਿਵਾਰ ਤਾਂ ਖ਼ੁਸ਼ ਹੀ ਹੋਵੇਗਾ। ਉਨ੍ਹਾਂ ਨੂੰ ਢਾਈ ਸੌ ਰੁਪਏ ਮਹੀਨੇ ਦੀ ਥਾਂ ਡਿਪਟੀ ਕਮਿਸ਼ਨਰ ਨੇ ਇੱਕ ਲੱਖ ਰੁਪਏ ਮੁਆਵਜ਼ਾ ਦਿੱਤਾ ਹੈ। ਅਖ਼ਬਾਰਾਂ ਵਾਲਿਆਂ ਕੋਲ ਤਾਂ ਡਿਪਟੀ ਕਮਿਸ਼ਨਰ ਨੇ ਅਜਿਹਾ ਕੋਈ ਮੁਆਵਜ਼ਾ ਦੇਣ ਤੋਂ ਇਨਕਾਰ ਕੀਤਾ ਹੈ ਪਰ ਬੀਬੀ ਜਗੀਰ ਕੌਰ ਦਾ ਬਿਆਨ ਹੁਕਮਰਾਨ ਸਿਆਸੀ ਧਿਰ ਦੀ ਸੋਚ ਦਾ ਅੰਦਾਜ਼ਾ ਲਗਾਉਣ ਲਈ ਅਹਿਮ ਹੈ। ਇਨ੍ਹਾਂ ਹਾਲਾਤ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਲਾਹ ਹੈ ਕਿ ਸਿੱਖਾਂ ਨੂੰ ਆਪਣਾ ਵਜੂਦ ਕਾਇਮ ਰੱਖਣ ਲਈ ਚਾਰ-ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ। 

ਮੌਜੂਦਾ ਹਾਲਾਤ ਵਿੱਚ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੇ ਦਾਅਵਿਆਂ ਵਾਲੀ ਸਰਕਾਰ, ਅਕਾਲ ਤਖ਼ਤ ਤੋਂ ਚਾਰ ਬੱਚੇ ਪੈਦਾ ਕਰਨ ਦੀ ਸਲਾਹ ਦੇਣ ਵਾਲੇ ਜਥੇਦਾਰ, ਪੁਲਿਸ ਵੱਲੋਂ ਨਾ ਦਰਜ ਕੀਤੇ ਗਏ ਹਮੀਰਗੜ੍ਹ ਵਾਲੀਆਂ ਜਸਵਿੰਦਰ ਕੌਰ ਅਤੇ ਅੰਗਰੇਜ਼ ਕੌਰ ਦੇ ਬਿਆਨਾਂ ਅਤੇ ਮੁੜ ਕੇ ਇਰਾਕ ਤੁਰ ਗਏ ਨਛੱਤਰ ਹੋਰਾਂ ਦਾ ਆਪਸ ਵਿੱਚ ਕੀ ਰਿਸ਼ਤਾ ਬਣਦਾ ਹੈ? ਇਨ੍ਹਾਂ ਦੇ ਜਮ੍ਹਾਂਜੋੜ ਵਿੱਚੋਂ ਪੰਜਾਬ ਦਾ ਕੀ ਨਕਸ਼ਾ ਉਘੜਦਾ ਹੈ? ਇਸੇ ਪੰਜਾਬ ਵਿੱਚ ਵਿਦੇਸ਼ੀਂ ਗਏ ਪੰਜਾਬੀਆਂ ਨੇ ਬਹੁਤ ਸਾਰੇ ਪਿੰਡਾਂ ਦੀਆਂ ਮੜ੍ਹੀਆਂ ਦੀ ਨੁਹਾਰ ਬਦਲ ਦਿੱਤੀ ਹੈ। ਕਈ ਪਿੰਡਾਂ ਵਿੱਚ ਸਭ ਤੋਂ ਖ਼ੂਬਸੂਰਤ ਥਾਂ ਮੜ੍ਹੀਆਂ ਹਨ। ਜੇ ਕੋਈ ਇਰਾਕ ਨੂੰ ਤੁਰ ਗਿਆ ਹੈ ਤਾਂ ਉਸ ਨੂੰ ਪੰਜਾਬ ਦੀਆਂ ਸਭ ਤੋਂ ਖ਼ੂਬਸੂਰਤ ਥਾਵਾਂ ਉਡੀਕਦੀਆਂ ਹਨ। ਇਨ੍ਹਾਂ ਮੜ੍ਹੀਆਂ ਦੇ ਨਾਲ ਕਈ ਥਾਵਾਂ ਉੱਤੇ ਮਹੀਨਿਆਂ ਬੱਧੀ ਲਾਸ਼ਾਂ ਰੱਖਣ ਦਾ ਬੰਦੋਬਸਤ ਕੀਤਾ ਗਿਆ ਹੈ। ਜਦੋਂ ਵਿਦੇਸ਼ਾਂ ਤੋਂ ਵਿਹਲ ਮਿਲੀ ਤਾਂ ਰਿਸ਼ਤੇਦਾਰ ਲਾਸ਼ਾਂ ਕਿਓਟਣ ਆ ਜਾਣਗੇ। ਉਨ੍ਹਾਂ ਦੇ ਦਸਵੰਧ ਵਿੱਚੋਂ ਸਾਂਝੀਆਂ ਥਾਵਾਂ ਨੂੰ ਪੱਖਿਆਂ ਤੋਂ ਏਅਰ-ਕੰਡੀਸ਼ਨਰ ਤੱਕ ਜੁੜ ਸਕਦੇ ਹਨ। ਸਰਕਾਰ ਇਨ੍ਹਾਂ ਥਾਵਾਂ ਨੂੰ ਮੈਚਿੰਗ ਗਰਾਂਟਾਂ ਦੇ ਸਕਦੀ ਹੈ। 

ਜੇ ਕਿਸੇ ਦਾ ਨਛੱਤਰ ਦੇ ਨਾਮ ਉੱਤੇ ਬੋਲੀ ਪਾਉਣ ਨੂੰ ਚਿੱਤ ਕਰੇ ਤਾਂ ਉਹ ਕੀ ਕਰੇ? ਜੇ ਕਿਸੇ ਅੰਗਰੇਜ਼ ਕੌਰ ਜਾਂ ਜਸਵਿੰਦਰ ਕੌਰ ਜਾਂ ਇਨਕਲਾਬ ਕੌਰ ਦੀਆਂ ਸੱਟਾਂ ਦਾ ਧਿਆਨ ਧਰਨ ਵੇਲੇ ਕਿਸੇ ਨੂੰ ਗੁਰਦੁਆਰਿਆਂ ਵਿੱਚੋਂ ਹੁੰਦੀ ਅਰਦਾਸ ਸੁਣ ਜਾਵੇ ਤਾਂ ਉਹ 'ਚਰਖੜੀਆਂ 'ਤੇ ਚੜ੍ਹਨ …' ਵਾਲਿਆਂ/ਵਾਲੀਆਂ ਦੀ ਰੀਤ ਨੂੰ ਕਿਵੇਂ ਸਮਝੇ? ਸਿੱਖਾਂ ਦੀ ਗਿਣਤੀ ਦੀ ਚਿੰਤਾ ਕਰਨ ਵਾਲੇ ਜਥੇਦਾਰ ਨੂੰ ਜੇ ਇਹ ਸੁਆਲ ਪੁੱਛਣ ਨੂੰ ਜੀਅ ਕਰੇ ਕਿ ਉਨ੍ਹਾਂ ਦੇ ਸਮੇਂ ਵਿੱਚ ਚਰਖੜੀਆਂ ਕੌਣ ਚਲਾ ਰਿਹਾ ਹੈ? ਤਵੀਆਂ ਥੱਲੇ ਝੋਕਾ ਕੌਣ ਲਗਾ ਰਿਹਾ ਹੈ? ਸਿਰ ਵਿੱਚ ਤੱਤਾ ਰੇਤਾ ਕੌਣ ਕੇਰ ਰਿਹਾ ਹੈ? ਜੇ ਇਹ ਸੁਆਲ ਪੁੱਛਣ ਦਾ ਹੀਆ ਨਾ ਪਵੇ ਤਾਂ ਬੁੱਲ੍ਹੇ ਸ਼ਾਹ ਦੇ ਕਸੂਰ ਵਿੱਚੋਂ ਆਪਣੇ ਬੇਕਸੂਰ ਹੋਣ ਦੇ ਬੋਲ ਲੱਭੇ ਜਾ ਸਕਦੇ ਹਨ, "ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ, ਬੂਰਾ ਹਾਲ ਹੋਇਆ ਪੰਜਾਬ ਦਾ, ਵਿੱਚ ਹਾਵਿਆਂ ਦੋਜ਼ਖਾਂ ਮਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।" ਨਛੱਤਰ ਦੇ ਨਾਮ ਪੈਂਦੀ ਲੋਕ ਬੋਲੀ ਅਤੇ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦੀ ਜੋਟੀ ਵਿੱਚੋਂ ਪੰਜਾਬ ਗਾਜ਼ੀਆਂ ਦੀ ਉਡੀਕ ਕਰਦਾ ਹੈ।

(ਇਹ ਲੇਖ 20 ਮਈ 2015 ਨੂੰ ਨਵਾਂ ਜ਼ਮਾਨਾ ਅਤੇ ਅਮਰੀਕਾ ਵਿੱਚ ਛਪਦੇ ਪੰਜਾਬ ਟਾਈਮਜ਼ ਦੇ 22 ਮਈ 2015 ਵਾਲੇ ਅੰਕ ਵਿੱਚ ਛਪਿਆ।)



2 comments:

Unknown said...

Sanu aa Mil mittar

ਨਜ਼ਰੀਆ said...

ਦਲਜੀਤ ਭਾ ਜੀ, ਤੁਹਾਡੀਆਂ ਹੋਰਨਾਂ ਲਿਖ਼ਤਾਂ ਵਾਂਗੂੰ ਇਹ ਲਿਖ਼ਤ ਵੀ ਰੂਹ ਨੂੰ ਚੀਰ ਗਈ ਹੈ।
......ਜ਼ੁਲਮ ਨੂੰ ਠੱਲ੍ਣ ਲਈ ਲੋਕਾਂ ਨੂੰ ਇਕਜੁਟ ਹੋ ਕੇ ਜੰਗ ਲੜਨੀ ਹੀ ਪਵੇਗੀ।