ਦਲਜੀਤ ਅਮੀ
ਮੌਜੂਦਾ ਪੰਜਾਬੀ ਘਰਾਂ ਵਿੱਚ ਜਦੋਂ ਅਮਰੀਕਾ, ਯੂਰਪ ਜਾਂ ਆਸਟਰੇਲੀਆ ਦੇ ਪੱਕੇ ਵੀਜ਼ੇ ਦਾ ਬੰਦੋਬਸਤ ਹੋ ਜਾਵੇ ਤਾਂ ਨੇੜਲੇ ਰਿਸ਼ਤੇਦਾਰਾਂ ਤੋਂ ਲੁਕੋ ਕੇ ਰੱਖਿਆ ਜਾਂਦਾ ਹੈ। ਭਾਨੀ, ਈਰਖਾ ਅਤੇ ਤੋਹਮਤਾਂ ਤੋਂ ਬਚਣ ਦੇ ਇਸ ਤਰਦੱਦ ਪਿੱਛੇ ਮਿਸਾਲਾਂ ਬਹੁਤ ਹਨ। ਜੇ ਅਜਿਹੇ ਮੌਕੇ ਕੋਈ ਵੀਜ਼ਾ ਲੈਣ ਤੋਂ ਇਨਕਾਰ ਕਰ ਦੇਵੇ ਤਾਂ ਹੇਠਲੀ ਉੱਤੇ ਆ ਜਾਂਦੀ ਹੈ। ਇਸ ਤੋਂ ਬਾਅਦ ਹਰ ਰਿਸ਼ਤੇਦਾਰ ਅਤੇ ਸੰਗੀ-ਸਨੇਹੀ ਨੂੰ ਸਮਝਾਉਣ ਲਈ ਸੱਦਿਆ ਜਾਂਦਾ ਹੈ। ਦਲੀਲਾਂ ਦਿੱਤੀਆਂ ਜਾਂਦੀਆਂ ਹਨ: ਸਵਰਗ ਨੂੰ ਠ੍ਹੋਕਰ ਨਹੀਂ ਮਾਰਨੀ ਚਾਹੀਦੀ ਕਿਉਂਕਿ ਇਹ ਕਰਮਾਂ ਵਾਲਿਆਂ ਨੂੰ ਨਸੀਬ ਹੁੰਦਾ ਹੈ। ਸਵਰਗ ਜਾ ਕੇ ਹੋਰਾਂ ਦੀ ਬਾਂਹ ਫੜ ਕੇ ਭਵਜਲ ਪਾਰ ਕਰਵਾਉਣ ਦਾ ਪੁੰਨ ਤਾਂ ਵਿਰਲਿਆਂ ਨੂੰ ਨਸੀਬ ਹੁੰਦਾ ਹੈ। ਚਲੋ ਜੇ ਰਹਿਣਾ ਨਹੀਂ ਤਾਂ ਇੱਕ ਵਾਰ ਜਾ ਕੇ ਦੇਖਣ ਵਿੱਚ ਕੀ ਹਰਜ ਹੈ। ਵੀਜ਼ਾ ਪੱਕਾ ਕਰਵਾ ਕੇ ਜਾਂ ਨਾਗਰਿਕ ਬਣ ਕੇ ਜਾਂ ਕੁਝ ਕਮਾਈ ਕਰ ਕੇ ਵਾਪਸ ਆ ਜਾਇਓ। ਇਨ੍ਹਾਂ ਦਲੀਲਾਂ ਦੀ ਜੇ ਕੋਈ ਸੁਣਵਾਈ ਨਾ ਹੋਵੇ ਤਾਂ ਇਨਕਾਰੀ ਨੂੰ ਹੰਕਾਰੀ ਤੋਂ ਪਾਗ਼ਲ ਤੱਕ ਕੁਝ ਵੀ ਕਰਾਰ ਦਿੱਤਾ ਜਾ ਸਕਦਾ ਹੈ। ਇੱਕ ਪਾਸੇ ਵਿਦੇਸ਼ ਜਾਣ ਦਾ ਭੇਦ ਹੈ ਅਤੇ ਦੂਜੇ ਪਾਸੇ ਵਿਦੇਸ਼ ਭੇਜਣ ਦਾ ਧੂਮ-ਧੜੱਕਾ ਹੈ। ਕੱਚੇ, ਵੱਟੇ, ਕਾਗ਼ਜ਼ੀ ਅਤੇ ਮੁੱਲ ਦੇ ਵਿਆਹਾਂ ਵਿੱਚ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਦੇ ਸਜ-ਧਜ ਕੇ ਨੱਚਦੇ-ਗਾਉਂਦੇ ਮੇਲ ਦੂਜੇ ਮੁਲਕਾਂ ਦੇ ਸਫ਼ਾਰਤਖ਼ਾਨਿਆਂ ਨੂੰ ਯਕੀਨ ਦਵਾਉਣ ਉੱਤੇ ਲੱਗੇ ਹੋਏ ਹਨ ਕਿ ਵਿਆਹ ਤਸੱਲੀਬਖ਼ਸ਼ ਹੈ। ਅਜਿਹੇ ਮੌਕੇ ਸਿਆਸਤਦਾਨਾਂ, ਅਫ਼ਸਰਸ਼ਾਹੀ ਅਤੇ ਸਰਦੇ-ਪੁਜਦੇ 'ਸੱਜਣਾਂ ਨਾਲ ਸ਼ੋਭਦੇ ਹਨ' ਕਿਉਂਕਿ ਇਹ ਵਿਆਖਿਆਨ ਸਫ਼ਾਰਤਖ਼ਾਨਿਆਂ ਵਿੱਚ 'ਭਰੋਸੇਯੋਗ' ਜਾਪਦੇ ਹਨ।
ਇਨ੍ਹਾਂ ਵਿਆਹਾਂ ਦੀ 'ਭਰੋਸੇਯੋਗਤਾ' ਕਾਇਮ ਕਰਨ ਲਈ ਲਾਵਾਂ ਪੜ੍ਹਾਉਣ ਵਾਲਿਆਂ ਤੋਂ ਲੈ ਕੇ ਫੋਟੋਆਂ ਖਿੱਚਣ ਵਾਲਿਆਂ ਤੱਕ, ਸਭ ਸਚੇਤ ਰਹਿੰਦੇ ਹਨ। ਕਾਨੂੰਨੀ ਸਬੂਤ ਜਾਰੀ ਕਰਨ ਵੇਲੇ ਸ਼ਬਦ-ਜੋੜਾਂ ਅਤੇ ਗੋਤਾਂ ਨੂੰ ਦਰੁਸਤ ਰੱਖਣ ਦੀ 'ਜ਼ਿੰਮੇਵਾਰੀ' ਨਿਭਾਉਣ ਲਈ ਸਾਰੇ ਸਰਕਾਰੀ ਮਹਿਕਮੇ ਚੇਤਨ ਰਹਿੰਦੇ ਹਨ। ਸਫ਼ਾਰਤਖ਼ਾਨਿਆਂ ਨੂੰ ਯਕੀਨ ਦਿਵਾਉਣ ਲਈ 'ਨਵੇਂ ਵਿਆਹੇ ਜੋੜਿਆਂ' ਦੇ ਪਹਾੜਾਂ ਅਤੇ ਹੋਟਲਾਂ ਵਿੱਚ ਨੇੜਤਾ ਮਾਣਦਿਆਂ ਦੇ ਸਬੂਤ ਪੇਸ਼ ਕੀਤੇ ਜਾਂਦੇ ਹਨ। ਵਿਦੇਸ਼ਾਂ ਵਿੱਚ ਲਿਜਾਣ ਦੀ ਯੋਗਤਾ ਤੋਂ ਬਾਅਦ ਵਿਆਹ ਦੇ ਇਸ਼ਤਿਹਾਰਾਂ ਵਿੱਚ 'ਜਾਤ-ਧਰਮ ਦਾ ਕੋਈ ਬੰਧਨ ਨਹੀਂ' ਜੁੜ ਗਿਆ ਹੈ। ਇਹ ਵਾਧਾ ਪੰਜਾਬੀ ਸਮਾਜ ਵਿੱਚ ਜਾਤ ਦੀ ਪਕੜ ਢਿੱਲੀ ਨਹੀਂ ਕਰ ਸਕਿਆ ਪਰ ਕਈ ਗ਼ਰੀਬ-ਗ਼ੁਰਬਿਆਂ ਦੇ ਸਾਕ ਸਰਦੇ-ਪੁੱਜਦਿਆਂ ਨਾਲ ਜੋੜਣ ਵਿੱਚ ਕਾਮਯਾਬ ਰਿਹਾ ਹੈ। ਜਦੋਂ 'ਪੰਜਾਬੀਆਂ ਦੀ ਸ਼ਾਨ ਵੱਖਰੀ' ਦੇ ਵੰਨ-ਸਵੰਨੇ ਗੀਤ ਗਾਉਂਦਾ ਪੰਜਾਬ ਸਿਰਤੋੜ ਤੋਂ ਅੱਗੇ ਜਾ ਕੇ 'ਸਾਕ-ਤੋੜ', 'ਰਵਾਇਤ-ਤੋੜ' ਅਤੇ 'ਭਰੋਸਾ-ਤੋੜ' ਉਪਰਾਲੇ ਕਰਦਾ ਹੈ ਤਾਂ ਇਨਕਾਰੀ ਨੂੰ ਛੇਕਿਆ ਜਾਣਾ 'ਲਾਜ਼ਮੀ' ਜਾਪਦਾ ਹੈ। ਇਸ ਲੇਖ ਵਿੱਚ ਉਨ੍ਹਾਂ ਦੁਹਾਗਣਾਂ ਦੀ ਗੱਲ ਨਹੀਂ ਕਰਨੀ ਜੋ ਮਾਪਿਆਂ ਦੇ ਕੀਤੇ ਸਾਕਾਂ ਰਾਹੀਂ ਸਹੇੜੇ ਲਾੜਿਆਂ ਦੇ ਵਿਦੇਸ਼ੋਂ ਪਰਤਣ ਦੀ ਉਡੀਕ ਵਿੱਚ 'ਪਰਾਏ ਘਰਾਂ' ਅੰਦਰ ਪਲ-ਪਲ ਮਰਦੀਆਂ ਹਨ।
ਜੇ ਇਨਕਾਰੀ ਕੁੜੀ ਹੋਵੇ ਤਾਂ ਸੁਆਲ ਹੋਰ ਅਹਿਮ ਹੋ ਜਾਂਦਾ ਹੈ। ਉਸ ਨੂੰ ਦੱਸਿਆ ਜਾਂਦਾ ਹੈ ਕਿ ਪੰਜਾਬ ਵਿੱਚ ਕੁੜੀਆਂ ਲਈ ਕੋਈ ਥਾਂ ਨਹੀਂ। ਜੇ ਕੁੱਖ ਵਿੱਚ ਕਤਲ ਹੋਣ ਤੋਂ ਬਚ ਗਈ ਤਾਂ ਦਹੇਜ ਲਈ ਫ਼ੂਕੀ ਜਾਵੇਗੀ। ਛੇੜਛਾੜ ਰੋਜ਼ ਦਾ ਮਸਲਾ ਹੈ। ਬਲਾਤਕਾਰ ਦਾ ਖ਼ਦਸ਼ਾ ਸਦਾ ਕਾਇਮ ਹੈ। ਘਰਾਂ ਤੋਂ ਸ਼ੁਰੂ ਹੋਈ ਬੇਕਦਰੀ ਸਮਾਜਿਕ ਵਿਹਾਰ ਉੱਤੇ ਭਾਰੂ ਹੈ। ਇਹ ਦਲੀਲ ਬਹੁਤ ਸਾਫ਼ ਹੈ ਕਿ 'ਜ਼ਿੰਦਗੀ' ਦਾ ਸ਼ੁਕਰਾਨਾ ਕਰਨ ਲਈ ਵਿਦੇਸ਼ ਜਾਣਾ ਜ਼ਰੂਰੀ ਹੈ। ਇਸ ਸ਼ੁਕਰਾਨੇ ਵਿੱਚ ਰਿਸ਼ਤੇਦਾਰਾਂ ਅਤੇ ਸਨੇਹੀਆਂ ਦਾ ਭਲਾ ਨਿਹਤ ਹੈ। ਕਿਸੇ ਦੇ ਮੁੰਡੇ ਨੂੰ ਵਿਆਹ ਕੇ ਸੱਤ ਸਮੁੰਦਰ ਪਾਰ ਲਿਜਾਣ ਦਾ ਸਬੱਬ ਬਣੇਗੀ। ਜੇ 'ਉਦਮੀ' ਹੋਵੇ ਤਾਂ ਆਪਣੇ ਪੱਕੇ ਵਿਆਹ ਤੋਂ ਪਹਿਲਾਂ ਇੱਕ-ਦੋ ਤਜ਼ਾਰਤੀ ਵਿਆਹ ਕਰਵਾ ਸਕਦੀ ਹੈ। ਇਸ ਦਲੀਲ ਨੂੰ ਸਮਝਣ ਲਈ ਅਰਥ-ਸ਼ਾਸਤਰੀ ਹੋਣ ਦੀ ਲੋੜ ਨਹੀਂ। ਜੇ ਮਾਪਿਆਂ ਨੇ ਪੜ੍ਹਾ-ਲਿਖਾ ਕੇ ਅਮਰੀਕਾ ਜਾਣ ਜੋਗੀ ਕੀਤੀ ਹੈ ਤਾਂ ਉਨ੍ਹਾਂ ਦੀ ਬੰਦਖ਼ਲਾਸੀ ਧੀ ਦੀ 'ਜ਼ਿੰਮੇਵਾਰੀ' ਬਣਦੀ ਹੈ। ਕੈਨੇਡਾ ਵਿੱਚ ਪੰਜਾਬੀਆਂ ਦੀਆਂ ਕਿਰਤ ਕਮਾਈਆਂ ਦਾ ਸ਼ਾਨਾਂਮੱਤਾ ਇਤਿਹਾਸ ਹੈ ਜਿਸ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਨਾਲ ਇਹ ਵੀ ਦਰਜ ਹੈ ਕਿ 'ਇਹ ਵੀਜ਼ਾ ਲੈਣ ਲਈ ਸਕੇ ਭੈਣ-ਭਰਾਵਾਂ ਵਿੱਚ ਵਿਆਹ ਕਰਦੇ ਹਨ ਅਤੇ ਭਰੋਸੇਯੋਗਤਾ ਸਾਬਤ ਕਰਨ ਲਈ ਗਰਭ ਧਾਰਨ ਤੱਕ ਕੀਤੇ ਜਾਂਦੇ ਹਨ।' ਇਹ ਕੈਨੇਡਾ ਵਿੱਚ ਚੋਣਾਂ ਜਿੱਤਣ ਵਾਲੇ ਪੰਜਾਬੀਆਂ ਦੀ ਹਾਜ਼ਰੀ ਵਿੱਚ ਸਾਬਕਾ ਇਮੀਗਰੇਸ਼ਨ ਅਤੇ ਸਿਟੀਜਨ ਮੰਤਰੀ ਡਿਆਨਾ ਫਿਨਲੇਅ ਦਾ ਬਿਆਨ ਹੈ। ਜੇ ਕੋਈ ਕੁੜੀ ਹਰ ਤਰ੍ਹਾਂ ਦੀ ਬੇਕਦਰੀ ਅਤੇ ਜ਼ਲਾਲਤ ਤੋਂ ਬਚ ਕੇ ਵਿਦੇਸ਼ ਜਾਣ ਦੇ ਯੋਗ ਹੋਈ ਹੈ ਤਾਂ ਉਸ ਤੋਂ ਸੂਈ ਦੇ ਨੱਕੇ ਵਿੱਚੋਂ ਨਿਕਲਣ ਦੀ ਤਵੱਕੋ ਤਾਂ ਕੀਤੀ ਜਾਵੇਗੀ। ਜਿੱਥੇ ਕੁੜੀਆਂ ਦੇ ਜੰਮਣ ਤੋਂ ਮਰਨ ਤੱਕ ਦੇ ਸਾਰੇ ਫ਼ੈਸਲੇ ਮਰਦਾਂ ਦੇ ਹੱਥ ਵਿੱਚ ਹੋਣ ਉੱਥੇ ਵਿਦੇਸ਼ ਜਾਣ ਤੋਂ ਇਨਕਾਰ ਕਰ ਕੇ 'ਬਾਪ ਦੀ ਇੱਜ਼ਤ ਰੋਲਣ' ਅਤੇ 'ਭਾਈਆਂ ਤੋਂ ਬੇਮੁੱਖ ਹੋਣ' ਦੀ ਸਜ਼ਾ ਤਾਂ ਮਿਲੇਗੀ।
ਜੇ ਕੁੜੀ ਆਪਣੇ ਭਾਈ ਦੇ ਪੈਦਾ ਹੋਣ ਦੀ ਉਡੀਕ ਕਾਰਨ ਪੈਦਾ ਹੋਈ ਹੋਵੇ ਤਾਂ ਇਹ ਸੁਆਲ ਹੋਰ ਵੀ ਅਹਿਮ ਹੋ ਜਾਂਦਾ ਹੈ। ਪੰਜਾਬੀ ਮਾਪਿਆਂ ਨੇ ਮੁੰਡਿਆਂ ਦੀ ਉਡੀਕ ਵਿੱਚ ਕੁੜੀਆਂ ਜੰਮੀਆਂ ਹੋਣ ਅਤੇ 'ਬਿਨਾਂ ਕਿਸੇ ਵਿਤਕਰੇ ਤੋਂ ਲਾਡਾਂ-ਪਿਆਰਾਂ ਨਾਲ ਮੁੰਡਿਆਂ ਵਾਂਗ ਪਾਲੀਆਂ ਹੋਣ' ਤਾਂ ਹਰ ਕੁੜੀ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਨ੍ਹਾਂ 'ਲਾਡਾਂ-ਪਿਆਰਾਂ' ਅਤੇ 'ਮੁੰਡਿਆਂ ਵਾਂਗ ਪਾਲਣ' ਦੇ ਸਰਾਪ ਵਰਗੇ ਵਰਦਾਨ ਨੂੰ ਕੁੜੀਆਂ ਤੋਂ ਵੱਧ ਕੌਣ ਜਾਣਦਾ ਹੈ। ਉਨ੍ਹਾਂ ਨੂੰ ਯਾਦ ਕਰਵਾਉਣ ਲਈ ਬੋਲਣ ਦੀ ਲੋੜ ਨਹੀਂ ਪੈਂਦੀ ਕਿ ਉਨ੍ਹਾਂ ਨੂੰ 'ਲਾਡ-ਪਿਆਰ' ਨਾਲ ਪਾਲ ਕੇ ਅਤੇ ਪੜ੍ਹਣ-ਲਿਖਣ ਦੀਆਂ ਸਹੂਲਤਾਂ ਦੇ ਕੇ 'ਜੱਗੋਂ-ਤੇਰਵਾਂ' ਅਹਿਸਾਨ ਕੀਤਾ ਜਾ ਰਿਹਾ ਹੈ। ਅਹਿਸਾਨਮੰਦ ਹੋਣਾ ਤਾਂ ਇਨਸਾਨੀ ਫ਼ਰਜ਼ ਹੈ। ਜੇ ਕਿਸੇ ਕੁੜੀ ਨੇ ਵਿਦੇਸ਼ ਜਾਣ ਤੋਂ ਇਨਕਾਰ ਕੀਤਾ ਹੈ ਤਾਂ ਜ਼ਰੂਰ 'ਉਸ ਨੇ ਮਾਪਿਆਂ ਦੀ ਪੱਤ ਦਾਅ ਉੱਤੇ ਲਗਾ ਕੇ' ਆਪਣੀ ਮਰਜ਼ੀ ਦਾ ਮੁੰਡਾ ਭਾਲਿਆ ਹੋਵੇਗਾ। ਜੇ ਕੁੜੀ ਇਹ ਸਾਫ਼ ਕਰ ਦੇਵੇ ਕਿ ਇਸ ਇਨਕਾਰ ਦਾ ਕਾਰਨ ਕੋਈ ਮੁੰਡਾ ਨਹੀਂ ਤਾਂ ਕੀ ਹੋਵੇਗਾ? ਇਸ ਤੋਂ ਬਾਅਦ ਮਾਪੇ 'ਸੁੱਖ ਦਾ ਸਾਹ' ਲੈਂਦੇ ਹੋਏ ਸਮਝਾ ਸਕਦੇ ਹਨ ਕਿ ਜੇ 'ਕੋਈ ਮੁੰਡਾ ਹੁੰਦਾ ਤਾਂ ਅਸੀਂ ਤੈਨੂੰ ਜੁਆਬ ਨਹੀਂ ਦੇਣਾ ਸੀ' ਪਰ ਹੁਣ ਜਿੱਦ ਕਰਨਾ ਮੂਰਖ਼ਾਂ ਵਾਲਾ ਕੰਮ ਹੈ। ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ 'ਬਾਕੀ ਭੈਣ-ਭਰਾਵਾਂ ਅਤੇ ਮਾਪਿਆਂ ਨੇ ਤਾਂ ਵਿਦੇਸ਼ੀਂ ਚਲੇ ਜਾਣਾ ਹੈ' ਤਾਂ ਇਕੱਲੀ ਕੁੜੀ ਪਿੱਛੇ ਕਿਵੇਂ ਰਹੇਗੀ? ਮਾਪਿਆਂ ਨੂੰ 'ਬੱਚੇ ਪਾਲਣ' ਤੋਂ ਬਾਅਦ ਆਪ 'ਜ਼ਿੰਦਗੀ ਮਾਨਣ' ਦਾ ਹੱਕ ਹੈ। ਜੇ ਕੁੜੀ ਇਕੱਲੀ ਰਹੇਗੀ ਤਾਂ ਮਾਪੇ ਨਾਲ ਟੰਗੇ ਜਾਣਗੇ। ਜੇ ਮੁੰਡਾ ਹੁੰਦਾ ਤਾਂ ਇਕੱਲਾ ਵੀ ਛੱਡਿਆ ਜਾ ਸਕਦਾ ਸੀ। ਇਹ ਮਸਲੇ ਆਪਣੇ-ਆਪ ਵਿੱਚ ਪੇਚੀਦਾ ਹਨ। ਇਕੱਲੇ ਛੱਡੇ ਮੁੰਡੇ ਦੀ ਕਹਾਣੀ ਦਾ ਨਾਮ ਸੁੱਖਾ ਕਾਹਲਵਾਂ ਵੀ ਤਾਂ ਹੋ ਸਕਦਾ ਹੈ!
ਇਕੱਲੀ ਕੁੜੀ ਨੂੰ ਛੱਡ ਕੇ ਜਾਣ ਦਾ ਸੁਆਲ ਸਿਰਫ਼ ਮਾਪਿਆਂ ਦਾ ਨਹੀਂ ਹੈ। ਇਨਕਾਰ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਮੱਤ ਦੇਣ ਲਈ ਬੁਲਾਇਆ ਜਾ ਸਕਦਾ ਹੈ। ਰਿਸ਼ਤੇਦਾਰ ਕੀ ਕਰ ਸਕਦੇ ਹਨ। ਮਾਪਿਆਂ ਦੀ ਦਲੀਲ ਨੂੰ ਵੱਖ-ਵੱਖ ਅੰਦਾਜ਼ ਵਿੱਚ ਸਮਝਾ ਸਕਦੇ ਹਨ। ਪਿਆਰ ਨਾਲ, ਗੱਸੇ ਨਾਲ, ਦਲੀਲ ਨਾਲ, ਰੋਅਬ ਨਾਲ, ਹੁਕਮ ਨਾਲ, ਧਮਕੀ ਨਾਲ ਜਾਂ ਜਿਵੇਂ ਵੀ … ਜਿਸ ਦਾ ਜਿੰਨਾ ਹੱਥ ਪੈਂਦਾ ਹੋਵੇ। ਇਸ ਤੋਂ ਬਾਅਦ ਲਾਹਣਤਾਂ ਪਾ ਕੇ ਹੱਥ ਖੜ੍ਹੇ ਕਰ ਕੇ ਰਿਸ਼ਤੇਦਾਰ ਮਾਪਿਆਂ ਸਾਹਮਣੇ ਬੇਬਸੀ ਜ਼ਾਹਰ ਕਰ ਦੇਣਗੇ। ਜਾਂਦੀ ਵਾਰ ਕੋਈ ਅੱਥਰੂਆਂ ਭਰੀਆਂ ਅੱਖਾਂ ਨਾਲ ਕੁੜੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇਹ ਬੋਲ ਕਹਿ ਸਕਦਾ/ਸਕਦੀ ਹੈ ਕਿ 'ਸਾਡਾ ਫ਼ਰਜ਼ ਤਾਂ ਸਮਝਾਉਣਾ ਸੀ' ਜਾਂ 'ਸਾਡਾ ਕਿਹੜਾ ਜ਼ੋਰ ਚੱਲਦੈ' ਜਾਂ 'ਅਸੀਂ ਤਾਂ ਤੇਰੇ ਭਲੇ ਦੀ ਗੱਲ ਕਰਦੇ ਆਂ।' ਇਸ ਤੋਂ ਬਾਅਦ ਬਾਪੂ ਤਾਂ ਰਿਸ਼ਤੇਦਾਰ ਨੂੰ ਇਹੋ ਕਹੇਗਾ ਕਿ 'ਕੱਲ੍ਹ ਨੂੰ ਮੈਨੂੰ 'ਲਾਂਭਾ ਨਾ ਦਿਓ, ਹੁਣੇ ਸਮਝਾ ਲਓ ਜੇ ਸਮਝਦੀ ਆ।' ਇਨ੍ਹਾਂ ਹਾਲਾਤ ਵਿੱਚ ਆਖ਼ਰੀ ਉਪਰਾਲੇ ਵਜੋਂ ਸਿਰ ਜੋੜ ਕੇ ਬੈਠਾ ਕੁਣਬਾ ਕੁੜੀ ਨੂੰ ਇਹ ਸੁਆਲ ਕਰਦਾ ਹੈ, "ਤੂੰ ਕਰਨਾ ਕੀ ਹੈ?" ਕੁੜੀ ਦਾ ਜੁਆਬ ਇੱਕ ਸ਼ਬਦ ਵਿੱਚ ਹੈ, "ਇਨਕਲਾਬ।" ਇਸ ਤੋਂ ਬਾਅਦ ਕੁੜੀ ਨੂੰ ਕੁੱਟਿਆ ਜਾਂਦਾ ਹੈ। ਕਿਤਾਬਾਂ ਉਸ ਦੇ ਸਾਹਮਣੇ ਪਾੜ ਕੇ ਸੁੱਟੀਆਂ ਜਾਂਦੀਆਂ ਹਨ। ਕੰਧਾਂ ਉੱਤੇ ਲੱਗੇ ਪੋਸਟਰ ਪਾੜ ਕੇ ਪੈਰਾਂ ਥੱਲੇ ਮਧੋਲੇ ਜਾਂਦੇ ਹਨ। ਖ਼ੂਨ ਅਤੇ ਪਸੀਨੇ ਵਿੱਚ ਲੱਥਪੱਥ ਕੁੜੀ ਦੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰਨ ਮੌਕੇ ਐਲਾਨ ਕੀਤਾ ਜਾਂਦਾ ਹੈ, "ਤੇਰੇ ਸਿਰ ਵਿੱਚੋਂ ਭਗਤ ਸਿੰਘ ਕੱਢਣੈਂ।"
ਆਸਟਰੀਅਨ ਫ਼ਿਲਮ 'ਟੂ ਹਾਵਜ਼' ਦਾ ਇੱਕ ਦ੍ਰਿਸ਼ ਪੰਜਾਬੀ ਪਿਓ ਦੇ ਇਸ ਐਲਾਨ ਨੂੰ ਸਮੇਂ-ਸਥਾਨ ਦੀਆਂ ਹੱਦਾਂ ਤੋਂ ਪਾਰ ਕਰ ਦਿੰਦਾ ਹੈ। ਜੰਗੀ ਕੈਦੀਆਂ ਤੋਂ ਮੁਸ਼ੱਕਤੀ ਛਾਉਣੀਆਂ ਵਿੱਚ ਖੰਦਕਾਂ ਪੁੱਟਣ ਅਤੇ ਮੋਰਚੇ ਬਣਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਮੁਸ਼ੱਕਤੀ ਕੈਦੀਆਂ ਦੇ ਪਿੰਡੇ ਉੱਤੇ ਤਸ਼ਦੱਦ ਦੇ ਨੀਲਾਂ ਅਤੇ ਪੱਟੀਆਂ ਤੋਂ ਸੱਖਣੀ ਥਾਂ ਲੱਭਣੀ ਮੁਸ਼ਕਲ ਹੈ। ਇਸੇ ਦੌਰਾਨ ਕੈਮਰਾ ਬਦ ਤੋਂ ਬਦਤਰ ਵੱਲ ਜਾਂਦਾ ਹੈ। ਇੱਕ ਬੰਦੇ ਨੂੰ ਦਰਖ਼ਤ ਨਾਲ ਉਲਟਾ ਟੰਗਿਆ ਹੋਇਆ ਹੈ। ਤਸ਼ਦੱਦ ਮਾਹਰ ਐਲਾਨ ਕਰਦਾ ਹੈ, "ਇਸ ਦੇ ਸਿਰ ਵਿੱਚੋਂ ਕਮਿਉਨਿਜ਼ਮ ਕੱਢਣੈਂ।" ਪੰਜਾਬੀ ਪਿਓ ਦਾ ਹਿਟਲਰ ਦੇ ਪਿਆਦਿਆਂ ਨਾਲ ਕੀ ਰਿਸ਼ਤਾ ਹੈ?
ਪੰਜਾਬ ਵਿੱਚ ਤਕਰੀਬਨ ਹਰ ਜੀਅ ਦੇ ਕੰਨੀਂ ਇਹ ਐਲਾਨ ਗੁਰਦੁਆਰਿਆਂ ਵਿੱਚ ਹੁੰਦੀ ਅਰਦਾਸ ਰਾਹੀਂ ਪੈਂਦਾ ਹੈ। ਅਰਦਾਸ ਵਿੱਚ ਚਰਖੜੀਆਂ ਉੱਤੇ ਚੜ੍ਹਨ ਅਤੇ ਬੰਦ-ਬੰਦ ਕਟਵਾ ਕੇ ਅਕੀਦਾ ਨਿਭਾਉਣ ਦੀ ਰਵਾਇਤ ਨੂੰ ਸਿਰ ਨਿਵਾਇਆ ਜਾਂਦਾ ਹੈ। ਇਹੋ ਅਰਦਾਸ ਕੱਚੇ, ਕਾਗ਼ਜ਼ੀ, ਵੱਟੇ ਅਤੇ ਮੁੱਲ ਦੇ ਵਿਆਹਾਂ ਉੱਤੇ ਵੀ ਹੁੰਦੀ ਹੈ। ਕੋਈ ਵਿਰਲੀ ਆਪਣੇ ਅਕੀਦਿਆਂ ਨੂੰ ਰਸਮੀ ਯਾਦ ਕਰਨ ਦੀ ਥਾਂ ਨਿਭਾਉਣ ਦਾ ਫ਼ੈਸਲਾ ਕਰ ਸਕਦੀ ਹੈ। ਆਪਣੇ ਘਰ ਵਿੱਚ ਕੈਦ ਕੁੜੀ ਆਪਣੀਆਂ ਕਿਤਾਬਾਂ ਦੇ ਪੰਨੇ ਜੋੜ ਕੇ ਪੜ੍ਹ ਵੀ ਸਕਦੀ ਹੈ। ਫਟੀਆਂ ਤਸਵੀਰਾਂ ਦਾ ਅਕਸ ਕਿਸੇ ਦੇ ਦਿਲ ਵਿੱਚ ਜੁੜਿਆ ਵੀ ਰਹਿ ਸਕਦਾ ਹੈ।
ਉਪਰਲੀ ਕਹਾਣੀ ਸਾਡੇ ਸਮਿਆਂ ਦੀ ਨੁਮਾਇੰਦਗੀ ਕਰਨ ਲਈ ਸੁਣਾਈ ਜਾ ਸਕਦੀ ਹੈ। ਇਹ ਸੁਆਲ ਤਾਂ ਆਵੇਗਾ ਕਿ ਉਸ ਕੁੜੀ ਉਰਫ਼ ਇਨਕਲਾਬ ਕੌਰ ਦਾ ਕੀ ਬਣਿਆ? ਉਹ ਇਸ ਵੇਲੇ ਇਰਾਦਾ ਕਤਲ ਦੇ ਇਲਜ਼ਾਮ ਹੇਠ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਹੈ। ਇਰਾਦਾ ਕਤਲ ਦਾ ਮਸਲਾ ਸਿਰਫ਼ ਕਾਨੂੰਨ ਦੀ ਧਾਰਾ 307 ਨਹੀਂ ਹੈ। ਇਹ ਸਮਾਜ ਦੀ ਸਮਝ ਅਤੇ ਸਮਾਜਿਕ ਸੋਚ ਨਾਲ ਜੁੜਿਆ ਹੋਇਆ ਹੈ। ਪੰਜਾਬੀਆਂ ਲਈ ਜਿਉਣਾ ਵਿਦੇਸ਼ ਜਾਣ ਅਤੇ ਮਰਨਾ ਪੰਜਾਬ ਵਿੱਚ ਰਹਿਣ ਨਾਲ ਜੁੜਿਆ ਜਾਪਦਾ ਹੈ। ਇਨ੍ਹਾਂ ਹਾਲਾਤ ਵਿੱਚ ਇਨਕਲਾਬ ਕੌਰ ਨੇ 'ਜ਼ਿੰਦਗੀ' ਨੂੰ ਧੱਕਾ ਮਾਰਿਆ ਹੈ। 'ਖ਼ੁਦਕੁਸ਼ੀ ਕਰਨ' ਦਾ ਨਾਕਾਮਯਾਬ ਉਪਰਾਲਾ ਇਰਾਦਾ ਕਤਲ ਹੀ ਤਾਂ ਹੁੰਦਾ ਹੈ। ਕੁਝ ਦਿਨ ਪਹਿਲਾਂ ਤੱਕ ਖ਼ੁਦਕੁਸ਼ੀ ਦੇ ਨਾਕਾਮਯਾਬ ਉਪਰਾਲੇ ਖ਼ਿਲਾਫ਼ ਧਾਰਾ 309 ਤਹਿਤ ਕਾਰਵਾਈ ਕੀਤੀ ਜਾਂਦੀ ਸੀ। ਮਾਮਲਾ ਤਾਂ ਉਹੋ ਹੈ ਪਰ ਕਾਨੂੰਨ ਆਪਣੀ ਕਾਰਵਾਈ ਵੱਖਰੀ ਧਾਰਾ ਹੇਠ ਕਰਦਾ ਹੈ। ਜੇ ਪੰਜਾਬ ਵਿੱਚ ਕੋਈ ਕਿਸੇ ਨੂੰ ਵਿਦੇਸ਼ ਜਾਣ ਤੋਂ ਰੋਕਦਾ ਹੈ ਤਾਂ ਇਸ ਨੂੰ 'ਸਵਰਗ' ਦੀ ਥਾਂ 'ਨਰਕ' ਵਿੱਚ ਧੱਕਣ ਦਾ ਜੁਰਮ ਮੰਨਿਆ ਜਾ ਸਕਦਾ ਹੈ। 'ਨਰਕ' ਤਾਂ ਮੌਤ ਸਮਾਨ ਹੈ। ਇਸ ਲਈ 'ਨਰਕ' ਵਿੱਚ ਰੱਖਣ ਦਾ ਸੁਆਲ 'ਇਰਾਦਾ ਕਤਲ' ਹੀ ਤਾਂ ਬਣਦਾ ਹੈ। ਜਦੋਂ ਨਿਜ਼ਾਮ ਬੰਦੇ ਨੂੰ ਸੀਲ ਸ਼ਹਿਰੀ ਬਣਾਉਣ ਦੇ ਕਾਰਖ਼ਾਨੇ ਚਲਾ ਰਿਹਾ ਹੋਵੇ ਤਾਂ ਇਨਕਲਾਬ ਕੌਰ ਹੋਣ ਦਾ ਮਤਲਬ 'ਦੇਸ਼ ਧਰੋਹ' ਹੀ ਤਾਂ ਹੈ। ਸਮਾਜਿਕ ਨਿਜ਼ਾਮ ਤੋਂ ਬਾਅਦ ਸਿਆਸੀ ਨਿਜ਼ਾਮ ਉੱਤੇ ਸੁਆਲ ਕਰਨਾ ਘੱਟੋ-ਘੱਟ ਇਰਾਦਾ ਕਤਲ ਤਾਂ ਬਣਦਾ ਹੀ ਹੈ। ਜੇ ਮੁੰਡੇ ਦੀ ਉਡੀਕ ਵਿੱਚ ਪੈਦਾ ਹੋਈ ਕੁੜੀ ਇਨਕਲਾਬ ਕਰਨ ਲਈ ਵਿਦੇਸ਼ ਜਾਣ ਤੋਂ ਇਨਕਾਰ ਕਰੇਗੀ ਤਾਂ ਇਸ ਨਾਲ ਨਿਜ਼ਾਮ ਦੀ ਹਰ ਚੂਲ ਹਿੱਲਦੀ ਹੈ। ਵਿਦੇਸ਼ ਭੇਜਣ ਲਈ ਇੱਕ-ਜੁੱਟ ਸਮਾਜਿਕ, ਸਿਆਸੀ ਅਤੇ ਮਜ਼ਹਬੀ ਨਿਜ਼ਾਮ ਇਨਕਲਾਬ ਕੌਰ ਦੇ ਖ਼ਤਰੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਸੇ ਲਈ ਉਹ ਜੇਲ੍ਹ ਵਿੱਚ ਬੰਦ ਹੈ। ਸਮਾਜਿਕ ਸੋਚ ਮੁਤਾਬਕ ਜੋ ਕਾਰਵਾਈ ਧਾਰਾ 309 ਤਹਿਤ ਹੋਣੀ ਚਾਹੀਦੀ ਸੀ ਉਹ ਸਬੂਤਾਂ ਅਤੇ ਗਵਾਹਾਂ ਦੀ ਘਾਟ ਕਾਰਨ ਧਾਰਾ 307 ਤਹਿਤ ਕੀਤੀ ਜਾ ਰਹੀ ਹੈ।
ਮਾਪਿਆਂ ਨੇ ਕੁੜੀ ਦਾ ਨਾਮ ਇਨਕਲਾਬ ਕੌਰ ਨਹੀਂ ਰੱਖਿਆ। ਉਸ ਦਾ ਨਾਮ ਹਰਦੀਪ ਕੌਰ ਰੱਖਿਆ ਗਿਆ ਸੀ। ਕਮਰੇ ਵਿੱਚ ਬੰਦ ਕੀਤੀ ਹਰਦੀਪ ਕੌਰ ਉਰਫ਼ ਇਨਕਲਾਬ ਕੌਰ ਦਾ ਮਾਪਿਆਂ ਨੇ ਪੂਰਾ ਧਿਆਨ ਰੱਖਿਆ ਸੀ। ਉਸ ਨੂੰ ਵੇਲੇ ਸਿਰ ਰੋਟੀ-ਪਾਣੀ ਦਿੱਤਾ ਜਾਂਦਾ ਸੀ ਅਤੇ ਕੁਝ ਦਿਨ ਬਾਅਦ ਕਮਰੇ ਤੋਂ ਬਾਹਰ ਜਾਣ ਲਈ ਸਮਾਂ ਦਿੱਤਾ ਜਾਂਦਾ ਸੀ। ਜਦੋਂ ਮਾਪਿਆਂ ਦਾ 'ਭਰੋਸਾ ਬਹਾਲ' ਹੋ ਗਿਆ ਤਾਂ ਇਨਕਲਾਬ ਕੌਰ ਨੂੰ ਮੌਕਾ ਮਿਲ ਗਿਆ। ਘਰੋਂ ਭੱਜੀ ਇਨਕਲਾਬ ਕੌਰ ਦੇ ਸਾਰੇ ਦਸਤਾਵੇਜ ਕੁਝ ਦਿਨਾਂ ਬਾਅਦ ਉਸ ਤੱਕ ਪਹੁੰਚਾ ਦਿੱਤੇ ਗਏ। ਸੁਨੇਹਾ ਸਾਫ਼ ਸੀ ਕਿ 'ਸਾਡੀ ਰਜ਼ਾ ਤੋਂ ਬਾਹਰ ਆਪਣਾ ਕੋਈ ਰਿਸ਼ਤਾ ਨਹੀਂ।' ਇਹ ਸਮਾਜਿਕ ਨਿਜ਼ਾਮ ਦਾ ਐਲਾਨ ਹੈ ਜੋ ਸ਼ਰਤਾਂ ਉੱਤੇ 'ਲਾਡ-ਪਿਆਰ' ਅਤੇ 'ਮੁੰਡਿਆਂ ਵਾਂਗ ਕੀਤੀ ਪਰਵਰਿਸ਼' ਦਾ ਅਹਿਸਾਨ ਜਤਾਉਣਾ ਕਦੇ ਨਹੀਂ ਭੁੱਲਦਾ।
ਹਰਦੀਪ ਕੌਰ ਦੱਸਦੀ ਹੈ ਕਿ ਘਰ ਦੀ ਕੈਦ ਵਿੱਚ ਉਸ ਨੂੰ ਤਰਕਸ਼ੀਲ ਸਾਹਿਤ ਦਾ ਸਹਾਰਾ ਰਿਹਾ। ਉਸ ਨੇ ਸ਼ਰਧਾ ਦੇ ਘੇਰੇ ਵਿੱਚੋਂ ਨਿਕਲ ਕੇ ਦਲੀਲ ਨਾਲ ਸੁਆਲ ਕਰਨੇ ਸਿੱਖੇ। ਉਸ ਨੇ ਸਮਾਜ ਦੀ ਕਾਣੀ ਵੰਡ ਨੂੰ ਮਿਟਾਉਣਾ ਅਤੇ ਨਾਇਨਸਾਫ਼ੀ ਨੂੰ ਖ਼ਤਮ ਕਰਨਾ ਜ਼ਿੰਦਗੀ ਦਾ ਮਕਸਦ ਬਣਾ ਲਿਆ। ਵਿਦਿਆਰਥੀ ਜਦੋਂ ਸਰਕਾਰੀ ਅਦਾਰਿਆਂ ਵਿੱਚ ਪੜ੍ਹਾਈ ਨੂੰ ਆਪਣੀ ਪਹੁੰਚ ਵਿੱਚ ਲਿਆਉਣ ਦੀਆਂ ਮੰਗਾਂ ਕਰਦੇ ਹਨ ਤਾਂ ਇਨਕਲਾਬ ਕੌਰ ਸਰਗਰਮ ਭੂਮਿਕਾ ਨਿਭਾਉਂਦੀ ਹੈ। ਔਰਤਾਂ ਖ਼ਿਲਾਫ਼ ਗੀਤਾਂ ਅਤੇ ਫ਼ਿਲਮਾਂ ਰਾਹੀਂ ਹੁੰਦੇ ਹਿੰਸਕ ਪ੍ਰਚਾਰ ਦਾ ਵਿਰੋਧ ਕਰਨਾ ਉਸ ਦੀ ਸਿਆਸਤ ਦਾ ਹਿੱਸਾ ਹੈ। ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ਉੱਤੇ ਦਲਿਤਾਂ ਦੇ ਹਕੂਕ ਬਹਾਲ ਕਰਨ ਵਾਲੇ ਸੰਘਰਸ਼ਾਂ ਵਿੱਚ ਉਹ ਸ਼ਾਮਿਲ ਹੈ। ਸਮਾਜ ਨੂੰ ਦਰਦਮੰਦੀ ਅਤੇ ਇਨਸਾਫ਼ ਦੀਆਂ ਧਾਰਨਾਵਾਂ ਨਾਲ ਜੋੜਨਾ ਉਸ ਦੀ ਸਿਆਸਤ ਦਾ ਖ਼ਾਸਾ ਹੈ। ਇਸ ਰਾਹ ਉੱਤੇ ਤੁਰਦਿਆਂ ਨਿਜ਼ਾਮ ਦੀਆਂ ਵੱਖ-ਵੱਖ ਪਰਤਾਂ ਨਾਲ ਟਕਰਾ ਹੋਣਾ ਲਾਜ਼ਮੀ ਹੈ। ਜਦੋਂ ਮੋਗੇ ਵਿੱਚ ਓਰਵਿਟ ਬੱਸ ਵਿੱਚੋਂ ਧੱਕਾ ਦੇ ਕੇ ਨਾਬਾਲਗ਼ ਕੁੜੀ ਦਾ ਕਤਲ ਕੀਤਾ ਗਿਆ ਤਾਂ ਇਨਕਲਾਬ ਕੌਰ ਨੂੰ ਉਸ ਦੀ ਹੋਣੀ 'ਰੱਬ ਦਾ ਭਾਣਾ' ਨਹੀਂ ਜਾਪੀ ਸਗੋਂ ਇਹ ਨਿਜ਼ਾਮ ਦੀ ਸਿਆਸੀ ਹਿੰਸਾ ਦੇ ਕਰੂਰ ਪ੍ਰਗਟਾਵੇ ਵਜੋਂ ਸਮਝ ਆਈ। ਇਨਕਲਾਬ ਕੌਰ ਦੇ 'ਘਰ ਵਾਲੇ ਬੰਦੀਖ਼ਾਨੇ' ਤੋਂ ਮੋਗੇ ਵਾਲੇ ਮਕਤਲ ਵਿਚਲਾ ਫ਼ਾਸਲਾ ਤਕਰੀਬਨ ਪੰਦਰਾਂ ਕਿਲੋਮੀਟਰ ਹੈ। ਇਨਕਲਾਬ ਕੌਰ ਇਸ ਫ਼ਾਸਲੇ ਨੂੰ ਚੰਗੀ ਤਰ੍ਹਾਂ ਜਾਣਦੀ ਅਤੇ ਸਮਝਦੀ ਹੈ। ਉਹ ਇਸ ਫ਼ਾਸਲੇ ਦੇ ਚੱਪੇ-ਚੱਪੇ ਤੋਂ ਜਾਣੂੰ ਹੈ। ਉਸ ਨੂੰ ਕਿਤਾਬਾਂ ਪਾੜੇ ਜਾਣ ਵਾਲੇ ਕਮਰੇ ਅਤੇ ਮਕਤਲ ਦਾ ਸਮਾਜ-ਸ਼ਾਸਤਰ ਅਤੇ ਸਿਆਸਤ ਸਮਝ ਆਉਂਦੀ ਹੈ। ਉਸ ਲਈ ਇਨ੍ਹਾਂ ਦੋਵਾਂ ਥਾਵਾਂ ਦੀ ਸਿਆਸਤ ਦੀ ਗੂੜ੍ਹੀ ਸਾਂਝ ਉੱਤੇ ਸੁਆਲ ਕਰਨਾ ਇਨਕਲਾਬ ਵੱਲ ਜਾਂਦਾ ਰਾਹ ਹੈ। ਜਦੋਂ ਉਹ ਕਤਲ ਦੇ ਮੁਲਜ਼ਮਾਂ ਦੇ ਨਾਲ ਬੱਸ ਦੇ ਮਾਲਕਾਂ ਦੀ ਹੈਂਕੜ ਅਤੇ ਸਰਕਾਰੀ ਸਰਪ੍ਰਸਤੀ ਦਾ ਰਿਸ਼ਤਾ ਬੇਪਰਦ ਕਰਦੀ ਹੈ ਤਾਂ ਨਿਜ਼ਾਮ ਆਪਣੇ 'ਫ਼ਾਲਿਆਂ ਤੋਂ ਤਿੱਖੇ ਦੰਦ' ਦਿਖਾਉਂਦਾ ਹੈ। ਇੱਕ ਪਾਸੇ ਮੁਆਵਜ਼ੇ ਅਤੇ ਵਾਅਦਿਆਂ ਦੀ ਸਿਆਸਤ ਹੁੰਦੀ ਹੈ ਅਤੇ ਦੂਜੇ ਪਾਸੇ ਕਾਤਲਾਂ ਦੀ ਸ਼ਨਾਖ਼ਤ ਕਰਨ ਵਾਲਿਆਂ ਨੂੰ ਸਿਆਸੀ ਕਹਿ ਕੇ ਰੱਦ ਕੀਤਾ ਜਾਂਦਾ ਹੈ। ਇਨਕਲਾਬ ਕੌਰ ਤਾਂ ਮੰਨਦੀ ਹੈ ਕਿ ਇਹ ਸਿਆਸੀ ਕਤਲ ਹੈ ਅਤੇ ਇਸ ਉੱਤੇ ਸੁਆਲ ਕਰਨਾ ਸਿਆਸਤ ਹੈ। ਉਸ ਲਈ ਸਿਆਸਤ ਕਰਨ ਦਾ ਮਾਮਲਾ ਜ਼ਿੰਦਗੀ ਨੂੰ ਪਿਆਰ ਕਰਨਾ ਹੈ। ਉਸ ਨੂੰ ਇਹ ਵੀ ਪਤਾ ਹੈ ਕਿ 'ਅਮਰੀਕਾ ਤੋਰਨ ਲਈ ਤਹੂ' ਅਤੇ 'ਮੁਆਵਜ਼ਾ ਲੈਣ ਵਾਲੇ' ਬਾਪੂਆਂ ਵਿੱਚ ਕਿੰਨੀ ਸਾਂਝ ਹੈ। ਇਨ੍ਹਾਂ 'ਬਾਪੂਆਂ' ਦਾ ਪਸਾਰਾ ਸੂਬੇ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਹੈ।
ਜ਼ਿਲ੍ਹਾ ਮੋਗਾ ਦੇ ਪਿੰਡ ਕੋਟਲਾ ਮਿਹਰ ਸਿੰਘ ਤੋਂ ਬੇਦਖ਼ਲ ਕੀਤੀ ਗਈ ਹਰਦੀਪ ਕੌਰ ਨੂੰ ਉਸ ਦੇ ਸਾਥੀਆਂ ਸਮੇਤ ਇਰਾਦਾ ਕਤਲ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਉਸ ਨੂੰ ਇਹ ਵੀ ਸਾਫ਼ ਹੋ ਗਿਆ ਹੋਵੇਗਾ ਕਿ ਘਰ ਦੇ ਬੰਦੀਖ਼ਾਨਿਆਂ, ਮਕਤਲ ਅਤੇ ਜੇਲ੍ਹਾਂ ਦੀ ਆਪਸੀ ਸਾਂਝ ਕਿੰਨੀ ਪੀਡੀ ਹੈ। ਮੌਜੂਦਾ ਮਾਹੌਲ ਵਿੱਚ ਇਨਕਲਾਬ ਕੌਰ ਹੋਣ ਦੇ ਮਾਅਨੇ ਕੀ ਹਨ? ਇਹ ਸੁਆਲ ਸਿਰਫ਼ ਹਰਦੀਪ ਕੌਰ ਲਈ ਅਹਿਮ ਨਹੀਂ ਹੈ। ਇਹ ਪੰਜਾਬੀ ਕੁੜੀ ਵੱਲੋਂ ਮਾਪਿਆਂ ਦੀ ਬੇਗ਼ੈਰਤ 'ਬੰਦਖ਼ਲਾਸੀ' ਦੀ ਥਾਂ ਸਮਾਜ ਦੀ ਵਡੇਰੀ ਜ਼ਿੰਮੇਵਾਰੀ ਨਿਭਾਉਣ ਦਾ ਵਾਅਦਾ ਹੈ। ਇਹ ਪੰਜਾਬ ਦੀ ਪਛਾਣ ਅਤੇ ਨਿਜ਼ਾਮ ਦੇ ਗ਼ੈਰ-ਮਨੁੱਖੀ ਖ਼ਾਸੇ ਨੂੰ ਸਮਝਣ ਦਾ ਮਸਲਾ ਹੈ। ਜਦੋਂ ਕੋਈ ਆਪਣਿਆਂ ਦੇ ਬੇਗ਼ਾਨੇ ਹੋਣ ਦੇ ਨਾਲ-ਨਾਲ ਤਸ਼ਦੱਦ ਦਾ ਸ਼ਿਕਾਰ ਹੋਣ ਤੋਂ ਬਾਅਦ ਫਟੇ ਕਾਗ਼ਜ਼ਾਂ ਨੂੰ ਜੋੜ ਕੇ ਪੜ੍ਹਦੀ ਹੈ ਤਾਂ ਇਹ ਕਾਗ਼ਜ਼ ਭਗਤ ਸਿੰਘ ਦੀ ਕਿਤਾਬ ਹੋ ਨਿਬੜਦੇ ਹਨ। ਇਹ ਆਖ਼ਰੀ ਮੌਕੇ ਅਧਪੜ੍ਹੀ ਛੱਡੀ ਭਗਤ ਸਿੰਘ ਦੀ ਕਿਤਾਬ ਦਾ ਅਗਲਾ ਵਰਕਾ ਪੜ੍ਹਨਾ ਹੈ। ਜਦੋਂ ਪੰਜਾਬੀ ਸਵਰਗ ਦੀ ਭਾਲ ਵਿੱਚ ਵਿਦੇਸ਼ਾਂ ਨੂੰ ਵਹੀਰਾਂ ਘੱਤ ਰਹੇ ਹੋਣ ਤਾਂ ਇਨਕਲਾਬ ਕੌਰ ਹੋਣ ਦਾ ਮਤਲਬ ਬੋਤਾ ਸਿੰਘ-ਗਰਜਾ ਸਿੰਘ ਦੀ ਰੀਤ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਨਾ ਹੈ। ਸਮੇਂ ਦੀਆਂ ਵੱਡੀਆਂ ਤਾਕਤਾਂ ਦੇ ਮੂੰਹਜ਼ੋਰ ਰੁਝਾਨ ਅੱਗੇ ਹਿੱਕ ਢਾਹ ਕੇ ਖੜ੍ਹੋ ਜਾਣਾ ਇਨ੍ਹਾਂ ਦੇ ਹਿੱਸੇ ਆਇਆ ਹੈ। ਬੇਦਖ਼ਲੀ ਤੋਂ ਬਾਅਦ ਆਪਣੇ ਪਿੰਡ ਦਾ ਨਾਮ ਆਪਣੇ ਨਾਮ ਨਾਲ ਜੋੜੀ ਰੱਖਣਾ ਪਿਤਾ-ਪੁਰਖ਼ੀ ਨਿਜ਼ਾਮ ਖ਼ਿਲਾਫ਼ ਨਾਬਰੀ ਹੈ। ਹਰਦੀਪ ਕੌਰ ਤੋਂ ਹਰਦੀਪ ਕੌਰ ਕੋਟਲਾ ਹੋ ਜਾਣਾ ਸਚੇਤ ਫ਼ੈਸਲਾ ਹੀ ਹੋ ਸਕਦਾ ਹੈ। ਹੁਣ ਤੱਕ ਅਹਿਸਾਨਾਂ ਨਾਲ ਕੁੜੀਆਂ ਪਾਲਣ ਵਾਲੇ ਸਮਾਜ ਨੂੰ ਸਿੱਧਾ ਮੁਖ਼ਾਤਬ ਹੋ ਕੇ ਇਹ ਕਹਿਣਾ ਇਨਕਲਾਬ ਕੌਰ ਦੇ ਹਿੱਸੇ ਆਇਆ ਹੈ ਕਿ ਆਪਣੀ ਰਜ਼ਾ ਵਿੱਚ ਮਾਣ-ਸਨਮਾਨ ਨਾਲ ਜਿਉਣਾ ਹਰ ਜੀਅ ਦਾ ਜਮਾਂਦਰੂ ਹੱਕ ਹੈ। ਉਹ ਘਰ ਦੇ ਬੰਦੀਖ਼ਾਨੇ ਵਿੱਚੋਂ ਦਲੀਲਾਂ ਦੀ ਬੋਲੀ ਸਿੱਖ ਕੇ ਤੁਰੀ ਹੈ। ਇਸ ਬੋਲੀ ਦਾ ਹਰ ਬੋਲ ਨਿਜ਼ਾਮ ਦੇ ਮਨੁੱਖ ਨੂੰ ਸੀਲ ਸ਼ਹਿਰੀ ਅਤੇ ਮੰਡੀ ਦੇ ਮਨੁੱਖ ਨੂੰ ਸੀਲ ਖ਼ਪਤਕਾਰ ਬਣਾਉਣ ਦੇ ਖ਼ਾਸੇ ਉੱਤੇ ਸੁਆਲ ਕਰਦਾ ਹੈ। ਇਹ ਸ਼ਰਧਾ ਦਾ ਹਰ ਰਿਸ਼ਤਾ ਰੱਦ ਕਰ ਕੇ 'ਸਰਬਤ ਦੇ ਭਲੇ' ਵਾਲੀ ਅਰਦਾਸ ਸਨਮੁੱਖ ਆਪਣੇ-ਆਪ ਨੂੰ ਸਰਬਤ ਦੇ ਹਿੱਸੇ ਵਜੋਂ ਪਛਾਨਣ ਦਾ ਉਪਰਾਲਾ ਹੈ।
ਜਦੋਂ ਇਨਕਲਾਬ ਕੌਰ ਨੇ ਅਮਰੀਕਾ ਜਾਣ ਤੋਂ ਇਨਕਾਰ ਕੀਤਾ ਸੀ ਤਾਂ ਇਸ ਦਾ ਮਤਲਬ ਪੰਜਾਬ ਦੀ ਜ਼ਿੰਦਗੀ ਨਾਲ ਇਕਰਾਰ ਕਰਨਾ ਸੀ। ਜਹਾਜ਼ੇ ਚੜ੍ਹਨ ਤੋਂ ਇਨਕਾਰ ਕਰਨ ਦਾ ਮਤਲਬ ਪੰਜਾਬ ਨੂੰ ਜਿਉਣਯੋਗ ਖ਼ਿੱਤਾ ਬਣਾਉਣ ਦਾ ਹੋਕਾ ਵੀ ਹੈ। ਇਹ ਇੱਕ ਪਾਸੇ ਸਵਰਗ ਲੱਭਣ ਲਈ ਪੰਜਾਬ ਤੋਂ ਬਾਹਰ ਜਾਣ ਤੋਂ ਇਨਕਾਰ ਕਰਨਾ ਹੈ ਅਤੇ ਦੂਜੇ ਪਾਸੇ ਪੰਜਾਬ ਨੂੰ 'ਕੈਲੀਫੋਰਨੀਆ' ਬਣਾਉਣ ਦੇ ਵਾਅਦਿਆਂ ਵਾਲੀਆਂ ਆਦਮਖ਼ੋਰ ਸਿਆਸਤ ਨੂੰ ਸਿੱਧਾ ਹੋ ਕੇ ਟੱਕਰਨਾ ਹੈ। ਇਸ ਇਨਕਾਰ ਨਾਲ ਇਹ ਦਾਅਵੇਦਾਰੀ ਮਜ਼ਬੂਤ ਹੁੰਦੀ ਹੈ ਕਿ ਪੰਜਾਬਣਾਂ ਮਰਦਾਂ ਦਾ ਯਰਗਮਾਲ ਨਹੀਂ ਹਨ। ਇਹ ਔਰਤ ਦੇ ਖ਼ੁਦਮੁਖ਼ਤਿਆਰ ਰੁਤਬੇ ਦਾ ਬੁਲੰਦ ਐਲਾਨ ਹੈ।
ਇਹ ਹੋ ਸਕਦਾ ਹੈ ਕਿ ਇਨਕਲਾਬ ਕੌਰ ਦੀ ਧਿਰ ਨੂੰ ਵੱਡੀ ਕਾਮਯਾਬੀ ਹਾਸਲ ਨਾ ਹੋਵੇ ਪਰ ਉਨ੍ਹਾਂ ਨੇ ਪੰਜਾਬ ਵਿੱਚ ਗ਼ੈਰਤ ਦੀ ਫ਼ਸਲ ਬੀਜੀ ਹੈ। ਇਨਕਲਾਬ ਕੌਰ ਨੇ ਘਰ ਦੇ ਬੰਦੀਖ਼ਾਨੇ ਵਿੱਚ ਦਲੀਲ ਅਤੇ ਦਰਦਮੰਦੀ ਦੀ ਰੀਤ ਕਾਇਮ ਰੱਖੀ ਹੈ। ਨਤੀਜੇ ਵਜੋਂ ਉਹ ਇਸ ਰੀਤ ਦੀ ਸਿਆਸਤ ਦੀ ਲਗਾਤਾਰਤਾ ਕਾਇਮ ਰੱਖਣ ਵਾਲੀ ਕੜੀ ਬਣੀ ਹੈ। ਹਕੂਮਤ ਨੇ ਆਪਣੇ ਖ਼ਾਸੇ ਮੁਤਾਬਕ ਉਸ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਉਹ ਆਪਣੇ ਵਿਦਿਆਰਥੀ ਸਾਥੀਆਂ ਸਮੇਤ ਓਰਬਿਟ ਦੀ ਬੱਸ ਉੱਤੇ ਹਮਲੇ ਤੋਂ ਬਾਅਦ ਇਰਾਦਾ ਕਤਲ ਦੇ ਮਾਮਲੇ ਵਿੱਚ ਫੜੀ ਗਈ ਹੈ। ਇਤਿਹਾਸ ਕਦੇ ਉਸ ਦੇ ਕੰਮਾਂ ਨੂੰ ਮਨੁੱਖ ਦੀ ਗ਼ੈਰਤ ਬਹਾਲ ਰੱਖਣ ਅਤੇ ਪੰਜਾਬ ਨੂੰ ਜ਼ਿੰਦਗੀ ਦਾ ਵਰਦਾਨ ਦੇਣ ਵਾਲੇ ਉਪਰਾਲਿਆਂ ਵਜੋਂ ਦਰਜ ਕਰੇਗਾ। ਇਤਿਹਾਸ ਵਿੱਚ ਇਹ ਦਰਜ ਹੋਵੇਗਾ ਕਿ ਜਦੋਂ 'ਨੰਨ੍ਹੀ ਛਾਂ' ਹੁਕਮਰਾਨ ਧਿਰ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ ਤਾਂ ਇਨਕਲਾਬ ਕੌਰ ਨੇ ਆਪਣੀ ਜ਼ਿੰਦਗੀ ਦਾ ਮਕਸਦ ਇੱਕ ਸ਼ਬਦ ਵਿੱਚ ਬਿਆਨ ਕੀਤਾ ਸੀ। ਇਹ ਪੰਜਾਬ ਨੂੰ ਕੈਲੀਫੋਰਨੀਆ ਜਾਣ ਅਤੇ ਬਣਨ ਤੋਂ ਰੋਕ ਕੇ ਇਸ ਨੂੰ ਪ੍ਰੋ. ਪੂਰਨ ਸਿੰਘ, ਫ਼ਿਰੋਜ਼ਦੀਨ ਸ਼ਰਫ਼ ਅਤੇ ਧਨੀਰਾਮ ਚਾਤਰਿਕ ਦੀਆਂ ਕਵਿਤਾਵਾਂ ਵਰਗੀ ਬੇਪਰਵਾਹੀ ਨਾਲ ਨਿਵਾਜਣ ਦਾ ਕਰਾਰ ਹੈ। ਪੰਜਾਬੀਆਂ ਦੇ ਇਸ ਨਾਬਰ ਖ਼ਾਸੇ ਦਾ ਐਲਾਨ ਕਬੀਰ ਨੇ ਕੀਤਾ ਹੈ, "ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥" ਜੇ ਹੁਕਮਰਾਨ ਨੂੰ ਕਬੀਰ ਦੇ ਇਨ੍ਹਾਂ ਬੋਲਾਂ ਵਿੱਚ ਇਰਾਦਾ ਕਤਲ ਦਿਖਾਈ ਦਿੰਦਾ ਹੈ ਤਾਂ ਉਹ ਆਪਣੀ ਰੀਤ ਦੇ ਸੱਚੇ ਪੈਰੋਕਾਰ ਹਨ। ਪ੍ਰੋ. ਪੂਰਨ ਸਿੰਘ ਨੇ ਸ਼ਾਇਦ ਇਨਕਲਾਬ ਕੌਰ ਅਤੇ ਉਸ ਦੇ ਸਾਥੀਆਂ ਬਾਰੇ ਹੀ ਲਿਖਿਆ ਸੀ, "ਆ ਵੀਰਾ ਰਾਂਝਿਆ! ਆ ਭੈਣੇ ਹੀਰੇ! ਸਾਨੂੰ ਛੋੜ ਨਾ ਜਾਓ, ਤੁਸਾਂ ਬਿਨ ਅਸੀਂ ਸੱਖਣੇ।"
(ਇਹ ਲੇਖ 13 ਮਈ 2015 ਨੂੰ ਨਵਾਂ ਜ਼ਮਾਨਾ ਅਤੇ ਅਮਰੀਕਾ ਵਿੱਚ ਛਪਦੇ ਪੰਜਾਬ ਟਾਈਮਜ਼ ਦੇ 16 ਮਈ 2015 ਵਾਲੇ ਅੰਕ ਵਿੱਚ ਛਪਿਆ।)

1 comment:
ਹਾਂ, ਹੁਣ ਇਹੀ ਰਾਹ ਬਾਕੀ ਹੈ ।ਪਹਿਲਾਂ ਵੀ ਇਹੀ ਰਾਹ ਸੀ।ਅੱਗੋਂ ਵੀ ਇਹੀ ਰਹੇਗਾ।
ਇਸ ਤੋਂ ਬਿਨਾਂ ਕੋਈ ਰਾਹ ਨਹੀਂ ਹੈ ਆਪਣੀ ਅਤੇ ਆਪਣਿਆਂ ਦੀ ਬੰਦਖਲਾਸੀ ਦਾ।
ਮੁਲਖ ਸਿੰਘ
Post a Comment