Wednesday, June 17, 2015

ਸੁਆਲ-ਸੰਵਾਦ: ਬਦਇੰਤਜ਼ਾਮੀ ਦੇ ਦੌਰ ਵਿੱਚ ਵਿਆਹਾਂ ਦੀ ਮੰਡੀ ਅਤੇ ਪੁਲਾਂ ਦੀ ਸਿਆਸਤ

ਦਲਜੀਤ ਅਮੀ

ਦੋਰਾਹਾ ਵਿੱਚ ਟੈਂਕਰ ਦੇ ਪੁਲ ਨਾਲ ਵੱਜਣ ਕਾਰਨ ਅਮੋਨੀਆ ਗੈਸ ਰਿਸ ਗਈ ਅਤੇ ਛੇ ਜੀਆਂ ਦੀ ਮੌਤ ਹੋ ਗਈ। ਇਸ ਗੈਸ ਦੀ ਮਾਰ ਵਿੱਚ ਆਉਣ ਵਾਲੇ ਜੀਆਂ ਦਾ ਇਲਾਜ ਹਸਪਤਾਲਾਂ ਵਿੱਚ ਹੋ ਰਿਹਾ ਹੈ। ਜੀਆ-ਜੰਤ, ਡੰਗਰ-ਵੱਛੇ ਅਤੇ ਬੂਟਿਆਂ-ਵੇਲਾਂ ਤੇ ਰੁੱਖਾਂ ਦਾ ਨੁਕਸਾਨ ਮਨੁੱਖੀ ਹਮਦਰਦੀ ਤੋਂ ਇਲਾਜ ਜਾਂ ਅੰਕੜਿਆਂ ਦੇ ਘੇਰੇ ਅੰਦਰ ਨਹੀਂ ਪਹੁੰਚ ਸਕਿਆ। ਪ੍ਰਸ਼ਾਸਨ ਨੇ ਹਾਦਸੇ ਦੀ ਭੇਟ ਚੜ੍ਹਣ ਵਾਲੇ ਹਰ ਜੀਅ ਨੂੰ ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਜੋ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਧਾ-ਅੱਧਾ ਦੇਣਾ ਹੈ। ਅਖ਼ਬਾਰਾਂ-ਟੈਲੀਵਿਜ਼ਨਾਂ ਦੀਆਂ ਰਪਟਾਂ ਮੁਤਾਬਕ ਟੈਂਕਰ ਦੀ ਉਚਾਈ ਜ਼ਿਆਦਾ ਸੀ ਅਤੇ ਪੁਲ ਨੀਵਾਂ ਸੀ। ਨੀਵੇਂ ਪੁਲ ਕਾਰਨ ਟੈਂਕਰ ਦੀ ਨੋਜ਼ਲ ਟੁੱਟ ਗਈ ਅਤੇ ਗੈਸ ਰਿਸ ਗਈ। ਰਾਤ ਨੂੰ ਹੋਏ ਇਸ ਰਿਸਾਅ ਦਾ ਅਸਰ ਆਲੇ-ਦੁਆਲੇ ਦੇ ਇਲਾਕੇ ਅਤੇ ਆਵਾਜਾਈ ਉੱਤੇ ਹੋਇਆ। ਇਸ ਰਿਸਾਅ ਨੂੰ ਦੋ ਦਲੀਲਾਂ ਰਾਹੀਂ ਹਾਦਸਾ ਕਰਾਰ ਦਿੱਤਾ ਜਾ ਰਿਹਾ ਹੈ। ਪਹਿਲੀ ਦਲੀਲ ਇਹ ਹੈ ਕਿ ਪਿਛਲੇ ਦਿਨਾਂ ਵਿੱਚ ਪੁਲ ਹੇਠਾਂ ਸੜਕ ਉੱਚੀ ਕੀਤੀ ਗਈ ਸੀ। ਦੂਜੀ ਦਲੀਲ ਹੈ ਕਿ ਡਰਾਈਵਰ ਨੇ ਧੱਕੇ ਨਾਲ ਪੁਲ ਹੇਠੋਂ ਟੈਂਕਰ ਕੱਢਣ ਲਈ ਜ਼ੋਰ-ਅਜ਼ਮਾਈ ਕੀਤੀ। ਇਹ ਦੋਵੇਂ ਦਲੀਲਾਂ ਤੱਥਾਂ ਪੱਖੋਂ ਠੀਕ ਜਾਪਦੀਆਂ ਹਨ। 


ਸੁਆਲ ਇਹ ਹੈ ਕਿ ਇਸ ਰਿਸਾਅ ਨੂੰ ਇਨ੍ਹਾਂ ਦੋਵਾਂ ਦਲੀਲਾਂ ਨਾਲ ਜੋੜ ਕੇ ਹਾਦਸਾ ਕਰਾਰ ਦਿੱਤਾ ਜਾਣਾ ਠੀਕ ਹੈ ਜਾਂ ਅਜਿਹੇ ਰਿਸਾਅ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਹੋਣੀ ਚਾਹੀਦੀ ਹੈ? ਇਸ ਟੈਂਕਰ ਦੇ ਫਟਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇ ਇਹ ਟੈਂਕਰ ਫਟ ਜਾਂਦਾ ਤਾਂ ਡਰਾਈਵਰ ਦੀ ਜਾਨ ਬਚਣਾ ਮੁਸ਼ਕਲ ਸੀ ਅਤੇ ਜਾਨੀ ਨੁਕਸਾਨ ਕਿਤੇ ਜ਼ਿਆਦਾ ਹੋ ਸਕਦਾ ਸੀ। ਜੇ ਇਸ ਖ਼ਦਸ਼ੇ ਦਾ ਡਰਾਈਵਰ ਨੂੰ ਪਤਾ ਹੋਵੇ ਤਾਂ ਉਹ ਨੀਵੇਂ ਪੁਲ ਹੇਠੋਂ ਨਿਕਲਣ ਬਾਰੇ ਕਿਉਂ ਸੋਚੇਗਾ? ਕੀ ਇਸ ਗੈਸ ਰਿਸਾਅ ਦਾ ਸਮਾਜਿਕ ਸੁਰੱਖਿਆ ਨਾਲ ਕੋਈ ਰਿਸ਼ਤਾ ਬਣਦਾ ਹੈ? ਵਿਕਾਸ ਦੀ ਮੌਜੂਦਾ ਧਾਰਨਾ ਉੱਤੇ ਸਵਾਰ ਰਫ਼ਤਾਰ ਅਤੇ ਮਿਕਦਾਰ ਨੂੰ ਸਮਾਜਿਕ ਸੁਰੱਖਿਆ ਨਾਲ ਜੋੜ ਕੇ ਕਿਵੇਂ ਵੇਖਿਆ ਜਾ ਸਕਦਾ ਹੈ? ਕੀ ਮਿਕਦਾਰ ਅਤੇ ਰਫ਼ਤਾਰ ਨਾਲ ਜੁੜੀ ਮਸ਼ੀਨੀ ਸਮਰੱਥਾ ਨੂੰ ਸਮਾਜ ਦੀ ਮੌਜੂਦਾ ਚੇਤਨਾ, ਜੀਵਨ ਸ਼ੈਲੀ ਅਤੇ ਸਰਕਾਰੀ ਤੰਤਰ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ? 

ਗੱਡੀਆਂ ਦੀ ਸਮਰੱਥਾ ਵਧਣ ਨਾਲ ਭਾਰੇ ਟੈਂਕਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਨ੍ਹਾਂ ਟੈਂਕਰਾਂ ਨੇ ਪੁਰਾਣੇ ਸ਼ਹਿਰਾਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚ ਕਰਨੀ ਹੈ। ਜਦੋਂ ਗੱਡੀਆਂ ਦੀ ਲੰਬਾਈ ਅਤੇ ਉਚਾਈ ਵਧ ਰਹੀ ਹੈ ਤਾਂ ਇਹ ਤੈਅ ਹੋਣਾ ਚਾਹੀਦਾ ਹੈ ਕਿ ਇਹ ਕਿਨ੍ਹਾਂ ਰਾਹਾਂ ਉੱਤੋਂ, ਕਿਨ੍ਹਾਂ ਪੁਲਾਂ ਹੇਠੋਂ ਅਤੇ ਕਿਨ੍ਹਾਂ ਦੇ ਉੱਪਰੋਂ ਜਾ ਸਕਦੇ ਹਨ। ਜਦੋਂ ਅਜਿਹੇ ਟੈਂਕਰਾਂ ਨੇ ਖ਼ਤਰਨਾਕ ਚੀਜ਼ਾਂ ਦੀ ਢੋਆ-ਢੁਆਈ ਕਰਨੀ ਹੈ ਤਾਂ ਪੁਲਾਂ ਉੱਪਰ ਇਹ ਕਿਉਂ ਨਹੀਂ ਲਿਖਿਆ ਜਾ ਸਕਦਾ ਹੈ ਕਿ ਇੱਥੋਂ ਕਿੰਨੀ ਉੱਚੀ ਗੱਡੀ ਲੰਘ ਸਕਦੀ ਹੈ? ਗੱਡੀ ਵਾਲੇ ਨੂੰ ਇੱਕ ਥਾਂ ਤੋਂ ਤੁਰਨ ਵੇਲੇ ਕਿਉਂ ਨਹੀਂ ਪਤਾ ਹੋ ਸਕਦਾ ਕਿ ਕਿਸ ਸੜਕ ਅਤੇ ਕਿਸ ਪੁਲ ਤੋਂ ਲੰਘਿਆ ਜਾ ਸਕਦਾ ਹੈ? ਜਦੋਂ ਢੋਆ-ਢੁਆਈ ਖ਼ਤਰਨਾਕ ਸਮਾਨ ਦੀ ਹੋ ਰਹੀ ਹੈ ਤਾਂ ਗੱਡੀ ਬਣਾਉਣ ਵਾਲਿਆਂ ਉੱਤੇ ਉਚਾਈ ਦਾ ਅੰਦਾਜ਼ਾ ਦੇਣ ਵਾਲਾ ਯੰਤਰ ਲਗਾਉਣ ਦੀ ਸ਼ਰਤ ਕਿਉਂ ਨਹੀਂ ਲਗਾਈ ਜਾ ਸਕਦੀ? ਮੌਜੂਦਾ ਤਕਨੀਕ ਨਾਲ ਤਾਂ ਇਹ ਵੀ ਸੰਭਵ ਹੈ ਕਿ ਘੱਟ ਉਚਾਈ ਵਾਲੀ ਥਾਂ ਉੱਤੇ ਗੱਡੀ ਆਪ ਬੰਦ ਹੋ ਜਾਵੇ। ਜੇ ਕਰਜ਼ੇ ਵਾਲੇ ਆਪਣੀਆਂ ਕਿਸ਼ਤਾਂ ਵਸੂਲਣ ਲਈ ਕੰਪਿਊਟਰ ਰਾਹੀਂ ਗੱਡੀਆਂ ਦੇ ਇੰਜਣ ਸੀਲ ਕਰ ਸਕਦੇ ਹਨ ਤਾਂ ਇਹ ਕੰਮ ਤੰਗ ਪੁਲਾਂ ਉੱਤੇ ਸਮਾਜ ਦੀ ਸੁਰੱਖਿਆ ਲਈ ਕਿਉਂ ਨਹੀਂ ਕੀਤਾ ਜਾ ਸਕਦਾ? ਜੇ ਪੂਰੀ ਦੁਨੀਆਂ ਵਿੱਚ ਹਰ ਥਾਂ ਦੀ ਜਾਣਕਾਰੀ ਨਾਲ ਰਾਹ ਲੱਭੇ ਜਾ ਸਕਦੇ ਹਨ ਤਾਂ ਅਜਿਹੇ ਟੈਂਕਰਾਂ ਦੀ ਸੁਰੱਖਿਅਤ ਆਵਾਜਾਈ ਦੀਆਂ ਸ਼ਰਤਾਂ ਕਿਉਂ ਨਹੀਂ ਉਲੀਕੀਆਂ ਜਾ ਸਕਦੀਆਂ? 

ਜਦੋਂ ਵੱਡੀ ਮਿਕਦਾਰ ਵਿੱਚ ਅਜਿਹੇ ਖ਼ਤਰਨਾਕ ਸਮਾਨ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਹੈ ਤਾਂ ਹਾਦਸਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਹਾਦਸਿਆਂ ਦੀਆਂ ਸੰਭਾਵਨਾਵਾਂ ਨੂੰ ਘੱਟ ਕਰਨ ਲਈ ਵਿਉਂਤਬੰਦੀ ਤਾਂ ਹੋਣੀ ਹੀ ਚਾਹੀਦੀ ਹੈ ਪਰ ਇਸ ਤੋਂ ਬਾਅਦ ਸਮਾਜਿਕ ਸੁਰੱਖਿਆ ਯਕੀਨੀ ਬਣਾਉਣ ਲਈ ਚੇਤਨਾ ਦਾ ਪਸਾਰਾ ਵੀ ਹੋਣਾ ਚਾਹੀਦਾ ਹੈ। ਹਾਦਸੇ ਤੋਂ ਬਾਅਦ ਚੇਤਨਾ ਹੀ ਨੁਕਸਾਨ ਘੱਟ ਕਰਨ ਦੇ ਕੰਮ ਆ ਸਕਦੀ ਹੈ। ਸਚੇਤ ਸਰਕਾਰੀ ਮਹਿਕਮਿਆਂ ਤੋਂ ਇਲਾਵਾ ਵਿਦਿਅਕ ਅਦਾਰਿਆਂ ਰਾਹੀਂ ਸਮਾਜ ਵਿੱਚ ਚੇਤਨਾ ਫੈਲਾਉਣੀ ਚਾਹੀਦੀ ਹੈ ਕਿ ਅਜਿਹੇ ਮੌਕੇ ਕਿਸ ਤਰ੍ਹਾਂ ਦੀਆਂ ਪਹਿਲਕਦਮੀਆਂ ਬਚਾਅ ਅਤੇ ਦੂਜਿਆਂ ਦੀ ਮਦਦ ਦੇ ਕੰਮ ਆਉਂਦੀਆਂ ਹਨ। 

ਦੋਰਾਹੇ ਵਾਲੇ ਗੈਸ ਹਾਦਸੇ ਨੇ ਇੰਤਜ਼ਾਮੀਆ ਦੀ ਦੋਵਾਂ ਪੱਖਾਂ ਤੋਂ ਘਾਟ ਉਜਾਗਰ ਕਰ ਦਿੱਤੀ ਹੈ। ਇੱਕ ਪਾਸੇ ਟਾਲੇ ਜਾ ਸਕਣ ਵਾਲੇ ਹਾਦਸਿਆਂ ਲਈ ਲੋੜੀਂਦੀਆਂ ਪੇਸ਼ਬੰਦੀਆਂ ਦੀ ਘਾਟ ਹੈ ਤਾਂ ਦੂਜੇ ਪਾਸੇ ਹਾਦਸੇ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਚੇਤਨਾ ਦੀ ਘਾਟ ਹੈ। ਜੇ ਪ੍ਰਸ਼ਾਸਨ ਗੈਸ ਦੇ ਟੈਂਕਰ ਨੂੰ ਸ਼ਹਿਰੀ ਆਬਾਦੀ ਵਿੱਚੋਂ ਬਾਹਰ ਕੱਢ ਕੇ ਪੇਂਡੂ ਆਬਾਦੀ ਨੇੜੇ ਖੜ੍ਹਾ ਕਰ ਦਿੰਦਾ ਹੈ ਤਾਂ ਇਸ ਦੀ ਗ਼ੈਰ-ਜ਼ਿੰਮੇਵਾਰੀ ਵੀ ਹਾਦਸੇ ਦੇ ਖੌਅ ਨੂੰ ਵਧਾਉਂਦੀ ਹੈ। ਪ੍ਰਸ਼ਾਸਨ ਦੀ ਇਸੇ ਗ਼ੈਰ-ਜ਼ਿੰਮੇਵਾਰੀ ਕਾਰਨ ਇੱਕ ਜਣਾ ਪਿੰਡ ਦੇ ਖੇਤਾਂ ਵਿੱਚ ਕੰਮ ਕਰਦਾ ਹੋਇਆ ਗੈਸ ਤੋਂ ਪੀੜਤ ਹੋਇਆ ਹੈ। ਇਸ ਚਰਚਾ ਨੂੰ ਮੌਜੂਦਾ ਹਾਦਸੇ ਜਾਂ ਇਸ ਦੀ ਮਾਰ ਤੱਕ ਮਹਿਦੂਦ ਕਰਨਾ ਹਾਲਾਤ ਨੂੰ ਨਜ਼ਰਅੰਦਾਜ਼ ਕਰਨਾ ਹੋਵੇਗਾ। ਇਸ ਹਾਦਸੇ ਨਾਲ ਤਾਂ ਸਿਰਫ਼ ਟੈਂਕਰਾਂ ਕਾਰਨ ਸੜਕਾਂ ਉੱਤੇ ਅਜਿਹੇ ਖ਼ਦਸ਼ਿਆਂ ਦੀ ਨਿਸ਼ਾਨਦੇਹੀ ਹੀ ਹੁੰਦੀ ਹੈ। ਇਸ ਚਰਚਾ ਨੂੰ ਮੌਜੂਦਾ ਵਿਕਾਸ ਮਾਡਲ ਜਾਂ ਵਿਕਾਸ ਨਾਲ ਜੁੜੀ ਤਰਜ਼ਿ-ਜ਼ਿੰਦਗੀ ਨਾਲ ਜੋੜ ਕੇ ਵੇਖਣਾ ਜ਼ਰੂਰੀ ਹੈ। 

ਖੁੱਲ੍ਹੀ ਮੰਡੀ ਦੇ ਦੌਰ ਵਿੱਚ ਅਜਿਹੇ ਹਾਦਸਿਆਂ ਦੀ ਸੰਭਾਵਨਾ ਵਧੀ ਹੈ। ਹੁਣ ਘੱਟ ਆਬਾਦੀ ਵਾਲੇ ਇਲਾਕਿਆਂ ਲਈ ਬਣੀਆਂ ਮਹਿੰਗੀਆਂ ਗੱਡੀਆਂ ਜ਼ਿਆਦਾ ਆਬਾਦੀ ਵਾਲੇ ਭੀੜੇ ਇਲਾਕਿਆਂ ਅਤੇ ਤੰਗ ਸੜਕਾਂ ਉੱਤੇ ਆ ਚੜ੍ਹੀਆਂ ਹਨ। ਇੱਕ ਪਾਸੇ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀਆਂ ਕਾਰਾਂ ਹਨ ਅਤੇ ਦੂਜੇ ਪਾਸੇ ਵੱਡੀ ਮਿਕਦਾਰ ਵਿੱਚ ਸਮਾਨ ਢੋਣ ਵਾਲੇ ਟਰੱਕ ਹਨ। ਤੀਜੀ ਦੁਨੀਆਂ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਇਸ ਰਫ਼ਤਾਰ ਅਤੇ ਮਿਕਦਾਰ ਦਾ ਬੋਝ ਚੁੱਕਣ ਵਾਲਾ ਢਾਂਚਾ ਨਹੀਂ ਹੈ। ਜਦੋਂ ਇਸ ਰਫ਼ਤਾਰ ਅਤੇ ਮਿਕਦਾਰ ਦੇ ਪੈਰੋਕਾਰਾਂ ਨੇ ਸੜਕਾਂ ਅਤੇ ਪੁਲਾਂ ਦੀ ਉਸਾਰੀ ਗੱਡੀਆਂ ਦੀਆਂ ਸਹੂਲਤ ਮੁਤਾਬਕ ਕਰਨ ਦਾ ਤਰੱਦਦ ਕੀਤਾ ਹੈ ਤਾਂ ਵਿਕਾਸ ਦੀਆਂ ਬੇਮੇਲ ਤੰਦਾਂ ਸੜਕਾਂ ਉੱਤੇ ਜੁੜਦੀਆਂ ਜਾਪਦੀਆਂ ਹਨ। ਇੱਕੋ ਸੜਕ ਉੱਤੇ ਰੇੜ੍ਹੇ-ਟਾਂਗੇ ਅਤੇ ਗੱਡੀਆਂ ਚੱਲਦੀਆਂ ਹਨ। ਗੱਡੀਆਂ ਤੋਂ ਰਫ਼ਤਾਰ ਬੋਚੀ ਨਹੀਂ ਜਾਂਦੀ ਅਤੇ ਬਲਦਾਂ ਤੋਂ ਮਸ਼ੀਨੀ ਫੁਰਤੀ ਦੀ ਤਵੱਕੋ ਕੀਤੀ ਨਹੀਂ ਜਾ ਸਕਦੀ। ਨਤੀਜੇ ਵਜੋਂ ਸੜਕਾਂ ਉੱਤੇ ਪੈਦਲ ਜਾਂ ਸਾਈਕਲ, ਮੋਟਰਸਾਈਕਲ ਅਤੇ ਸਕੂਟਰ ਦੀ ਸਵਾਰੀ ਕਰਨ ਵਾਲਿਆਂ ਦੀਆਂ ਮੌਤਾਂ ਦੀ ਗਿਣਤੀ ਵਧੀ ਜਾਂਦੀ ਹੈ। ਇਨ੍ਹਾਂ ਨੂੰ ਲੱਗੀਆਂ ਮਾਰੂ ਸੱਟਾਂ ਦਾ ਤਾਂ ਕੋਈ ਹਿਸਾਬ-ਕਿਤਾਬ ਤੱਕ ਨਹੀਂ ਰੱਖਣਾ ਚਾਹੁੰਦਾ। 

ਸੜਕਾਂ ਉੱਤੇ ਪਸਰੀ ਇਸ ਬਦਇੰਤਜ਼ਾਮੀ ਦਾ ਸਮਾਜਿਕ ਪਸਾਰ ਨਿੱਤ ਵਧ ਰਹੇ ਪਾੜੇ ਵਿੱਚ ਨਜ਼ਰ ਆਉਂਦਾ ਹੈ। ਵੱਡੀਆਂ ਤਨਖ਼ਾਹਾਂ ਵਾਲਿਆਂ ਦੇ ਛਿਮਾਹੀ-ਸਾਲਾਨਾ ਵਾਧਿਆਂ ਨੂੰ ਯਕੀਨੀ ਬਣਾਉਣ ਲਈ ਅਦਾਲਤਾਂ ਹਨ ਅਤੇ ਕਾਨੂੰਨੀ ਚਾਰਾਜੋਈਆਂ ਹਨ। ਘੱਟ ਤਨਖ਼ਾਹਾਂ ਵਾਲਿਆਂ ਲਈ ਇੱਕ ਪਾਸੇ ਰੋਜ਼ਗਾਰ ਦਾ ਤੋੜਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੀਆਂ ਉਜਰਤਾਂ ਬਾਬਤ ਸਰਕਾਰਾਂ ਘੱਟੋ-ਘੱਟ ਬਣਦੀ ਕਾਨੂੰਨੀ ਕਾਰਵਾਈ ਤੱਕ ਭੁੱਲ ਗਈਆਂ ਹਨ। ਰਫ਼ਤਾਰ, ਮਿਕਦਾਰ ਅਤੇ ਸਰਮਾਏ ਦੀ ਨੁਮਾਇਸ਼ ਹਰ ਤਬਕੇ ਦੀਆਂ ਅੱਖਾਂ ਚੁੰਧਿਆ ਰਹੀ ਹੈ। ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ, ਕਰਜ਼ੇ ਲੈ ਕੇ ਵੱਡੀਆਂ ਨੌਕਰੀਆਂ ਦੇ ਯੋਗ ਬਣਾਉਣ ਲਈ ਜਫ਼ਰ ਜਾਲ ਰਹੇ ਹਨ। ਨਵੇਂ ਖੁੱਲ੍ਹੇ ਕਾਲਜਾਂ ਦੀਆਂ ਇਮਾਰਤਾਂ ਵੱਡੀਆਂ ਹੋ ਰਹੀਆਂ ਹਨ। ਇਨ੍ਹਾਂ ਦੀਆਂ ਸਾਖ਼ਾਵਾਂ ਵਿੱਚ ਵਾਧਾ ਹੋ ਰਿਹਾ ਹੈ। ਕਾਲਜ ਯੂਨੀਵਰਸਿਟੀਆਂ ਬਣ ਰਹੇ ਹਨ। ਦੂਜੇ ਪਾਸੇ ਡਿਗਰੀਆਂ ਵਾਲੇ ਬੇਰੁਜ਼ਗਾਰਾਂ ਦੀ ਗਿਣਤੀ ਵਧ ਰਹੀ ਹੈ। ਬਠਿੰਡੇ ਫ਼ੌਜ ਵਿੱਚ ਸਫ਼ਾਈ ਸੇਵਕ ਦੀ ਭਰਤੀ ਲਈ ਹਰ ਤਰ੍ਹਾਂ ਦੀਆਂ ਡਿਗਰੀਆਂ ਵਾਲੇ ਉਮੀਦਵਾਰ ਪਹੁੰਚੇ ਸਨ। ਡਿਗਰੀਆਂ, ਰੋਜ਼ਗਾਰ ਅਤੇ ਉਮੀਦਾਂ ਦਾ ਮੇਲ ਨਾ ਹੋਣ ਕਾਰਨ ਪੜ੍ਹੇ-ਲਿਖੇ ਝਪੱਟਾ-ਮਾਰਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇੰਜੀਨੀਅਰ ਬੈਂਕਾਂ ਅਤੇ ਏ.ਟੀ.ਐਮ. ਦੇ ਖੋਖਿਆਂ ਨੂੰ ਸੰਨ੍ਹਾਂ ਲਗਾਉਂਦੇ ਫੜੇ ਜਾਂਦੇ ਹਨ। 

ਮੌਜੂਦਾ ਜੀਵਨ ਸ਼ੈਲੀ ਦਾ ਨਤੀਜਾ ਹੈ ਕਿ ਵਿਆਹ ਘਰਾਂ ਵਿੱਚੋਂ ਮੈਰਿਜ ਪੈਲੇਸਾਂ ਵਿੱਚ ਪਹੁੰਚ ਗਏ ਹਨ। ਮੈਰਿਜ ਪੈਲੇਸਾਂ ਦਾ ਕਚਰਾ ਸੁੱਟਣ ਦਾ ਕੋਈ ਇੰਤਜ਼ਾਮ ਨਹੀਂ ਹੈ। ਮੈਰਿਜ ਪੈਲੇਸਾਂ ਵਿੱਚੋਂ ਆਉਂਦੀਆਂ ਆਵਾਜ਼ਾਂ ਨੇ ਲਾਗਲੀਆਂ ਆਬਾਦੀਆਂ ਦਾ ਰਹਿਣਾ ਮੁਹਾਲ ਕੀਤਾ ਹੈ। ਇਨ੍ਹਾਂ ਥਾਂਵਾਂ ਦਾ ਸ਼ੋਰ ਅਤੇ ਕਚਰਾ ਲੋਕਾਂ ਦੀ ਜ਼ਿੰਦਗੀ ਉੱਤੇ ਅਸਰਅੰਦਾਜ਼ ਹੋਇਆ ਹੈ ਪਰ ਸੁਣਵਾਈ ਕਿਤੇ ਨਹੀਂ ਹੁੰਦੀ। ਇਨ੍ਹਾਂ ਮੈਰਿਜ ਪੈਲੇਸਾਂ ਨੂੰ ਪ੍ਰਦੂਸ਼ਣ ਫੈਲਾਉਂਦੀਆਂ ਸਨਅਤਾਂ ਅਤੇ ਕੁਦਰਤੀ ਸੋਮਿਆਂ ਨੂੰ ਪਲੀਤ ਕਰਦੀਆਂ ਨਿਕਾਸੀਆਂ ਦੀ ਨਵੀਂ ਕੜੀ ਵਜੋਂ ਸਮਝਿਆ ਜਾਣਾ ਜ਼ਰੂਰੀ ਹੈ। ਇਨ੍ਹਾਂ ਮੈਰਿਜ ਪੈਲੇਸਾਂ ਵਿੱਚ ਸ਼ਰਾਬ ਸਰਕਾਰੀ ਇਜਾਜ਼ਤ ਨਾਲ ਪੀਤੀ ਜਾਂਦੀ ਹੈ ਅਤੇ ਸ਼ਰਾਬੀ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਆਪ ਵੀ ਇਸੇ ਮਾਰ ਵਿੱਚ ਆਉਂਦੇ ਹਨ। ਜੇ ਸ਼ਰਾਬ ਪੀਣ ਦੀ ਪ੍ਰਵਾਨਗੀ ਦੇਣ ਵਾਲੇ ਮਹਿਕਮੇ ਸ਼ਰਾਬੀਆਂ ਅਤੇ ਸੜਕ ਹਾਦਸਿਆਂ ਦਾ ਰਿਸ਼ਤਾ ਸਮਝਣ ਵਿੱਚ ਨਾਕਾਮਯਾਬ ਰਹੇ ਹਨ ਤਾਂ ਇਸ ਨੂੰ ਬੇਅਕਲੀ ਨਹੀਂ ਸਗੋਂ ਬਦਨੀਅਤੀ ਕਿਹਾ ਜਾਵੇਗਾ। 

ਇਨ੍ਹਾਂ ਹਾਲਾਤ ਵਿੱਚ ਵਿਆਹਾਂ ਅਤੇ ਪੁਲਾਂ ਦੇ ਉਦਘਾਟਨ ਸਮਾਗਮਾਂ ਦੀਆਂ ਸਾਂਝੀਆਂ ਤੰਦਾਂ ਸਮਝਣੀਆਂ ਜ਼ਰੂਰੀ ਹਨ। ਹੁਣ ਪੰਜਾਬ ਵਿੱਚ ਵਿਆਹ ਕਰਨ ਵੇਲੇ ਇਹ ਦਲੀਲ ਆਮ ਦਿੱਤੀ ਜਾਂਦੀ ਹੈ ਕਿ ਮੁੰਡੇ ਵਾਲਿਆਂ ਨੇ ਫਲਾਣੇ ਪੈਲੇਸ ਵਿੱਚ ਵਿਆਹ ਕਰਨ ਦੀ ਮੰਗ ਕੀਤੀ ਹੈ। ਵਿਆਹ ਦਾ ਰੁਤਬਾ ਪੈਲੇਸ ਦੀ ਚੋਣ ਨਾਲ ਜੁੜ ਗਿਆ ਹੈ। ਵਿਆਹ ਵਾਲੇ ਕੁੜੀ-ਮੁੰਡੇ ਦੀ ਥਾਂ ਪੈਲੇਸ ਦਾ ਬੰਦੋਬਸਤ ਜ਼ਿਆਦਾ ਚਰਚਾ ਵਿੱਚ ਰਹਿੰਦਾ ਹੈ।ਵਿਆਹਾਂ ਉੱਤੇ ਕੈਮਰੇ ਵਾਲੇ ਸ਼ਗਨ ਪਾਉਣ ਵਾਲਿਆਂ ਦੀਆਂ ਮਿਲਣੀਆਂ ਤੋਂ ਲੈ ਕੇ ਬੁਰਕੀਆਂ ਪਾਉਣ ਦਾ ਸਲੀਕਾ ਤੈਅ ਕਰਦੇ ਹਨ। ਅਜਿਹੀਆਂ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਕਿ ਪੈਲੇਸਾਂ ਉੱਤੇ ਹੋਏ ਖ਼ਰਚੇ ਕੁੜੀ-ਮੁੰਡੇ ਦੀ ਜ਼ਿੰਦਗੀ ਬਿਹਤਰ ਕਰ ਸਕਦੇ ਸਨ ਜੋ ਬਾਅਦ ਵਿੱਚ ਕਈ ਸਾਲਾਂ ਤੱਕ ਰੁਲ਼ਦੇ ਰਹੇ। ਦੂਜੇ ਪਾਸੇ ਪੁਲਾਂ ਦੇ ਉਦਘਾਟਨਾਂ ਲਈ ਮੁਕਾਮੀ ਵਿਧਾਨ ਸਭਾ, ਲੋਕ ਸਭਾ ਦੇ ਨੁਮਾਇੰਦਿਆਂ ਤੋਂ ਲੈ ਕੇ ਸੂਬੇ ਦੇ ਮੰਤਰੀਆਂ ਅਤੇ ਕੇਂਦਰੀ ਮੰਤਰੀਆਂ ਦੀਆਂ ਤਕਰਾਰਾਂ ਹੁੰਦੀਆਂ ਹਨ। ਇਹ ਉਦਘਾਟਨ ਸਿਆਸਤਦਾਨਾਂ ਅਤੇ ਸਰਕਾਰਾਂ ਦੀਆਂ ਪ੍ਰਾਪਤੀਆਂ ਵਜੋਂ ਪੇਸ਼ ਹੁੰਦੇ ਹਨ। ਇਹ ਸਮਾਗਮ ਹੋਰ ਵੱਡੇ ਅਤੇ ਮਹਿੰਗੇ ਹੋ ਰਹੇ ਹਨ। 

ਪੰਜਾਬ ਦੇ ਖ਼ਜ਼ਾਨੇ ਦੀ ਹਾਲਤ ਦੱਸਦੀ ਹੈ ਕਿ ਇਨ੍ਹਾਂ ਉਦਘਾਟਨੀ ਸਮਾਗਮਾਂ ਦਾ ਬੋਝ ਚੁੱਕਣਾ ਕਿੰਨਾ ਮੁਸ਼ਕਲ ਹੈ। ਇਨ੍ਹਾਂ ਉਦਘਾਟਨੀ ਸਮਾਗਮਾਂ ਨਾਲ ਜੁੜੀਆਂ ਸੜਕਾਂ ਅਤੇ ਪੁਲ ਗੱਡੀਆਂ ਦੀ ਰਫ਼ਤਾਰ ਅਤੇ ਵਜ਼ਨ ਨੂੰ ਬੋਚ ਸਕਣ ਤੋਂ ਇਨਕਾਰੀ ਹਨ। ਇਨ੍ਹਾਂ ਸੜਕਾਂ ਉੱਤੇ ਦੋ ਪਹੀਆ ਸਵਾਰ ਦੀ ਜਾਨ ਸਦਾ ਖ਼ਤਰੇ ਵਿੱਚ ਹੈ ਅਤੇ ਮਹਿੰਗੀ ਗੱਡੀ ਖਰੀਦਣ ਵਾਲੇ ਦੇ ਪੈਸੇ ਦਾ ਮੁੱਲ ਨਹੀਂ ਪੈਂਦਾ। ਜੇ ਮਹਿੰਗੀ ਗੱਡੀ ਆਪਣੀ ਰਫ਼ਤਾਰ ਉੱਤੇ ਭੱਜੀ ਹੀ ਨਹੀਂ ਤਾਂ ਖਰੀਦਣ ਦਾ ਕੀ ਫਾਇਦਾ? ਇਸੇ ਤਰ੍ਹਾਂ ਮੈਰੇਜ ਪੈਲੇਸਾਂ ਦੇ ਵਿਆਹ ਦੀ ਸ਼ਾਨੋ-ਸ਼ੌਕਤ ਘਰਾਂ ਦਾ ਤਵਾਜ਼ਨ ਵਿਗਾੜ ਦਿੰਦੀ ਹੈ। ਇਹ ਬਦਇੰਤਜ਼ਾਮੀ ਹੈ ਜੋ ਦੋਰਾਹੇ ਵਿੱਚ ਗੈਸ ਬਣਕੇ ਰਿਸ ਗਈ ਹੈ ਅਤੇ ਮੈਰਿਜ ਪੈਲੇਸਾਂ ਤੋਂ ਘਰਾਂ ਵਿੱਚ ਕਰਜ਼ਾ ਬਣ ਕੇ ਪਸਰ ਜਾਂਦੀ ਹੈ। ਇਹ ਬਦਇੰਤਜ਼ਾਮੀ ਹੈ ਜੋ ਸੜਕ ਹਾਦਸਿਆਂ ਰਾਹੀਂ ਰੋਜ਼ ਸਾਹਮਣੇ ਆਉਂਦੀ ਹੈ ਅਤੇ ਪੜ੍ਹਿਆਂ-ਲਿਖਿਆਂ ਨੂੰ ਝਪੱਟ ਮਾਰਨੀ ਜਾਂ ਸੰਨ੍ਹ ਲਗਾਉਣੀ ਸਿਖਾਉਂਦੀ ਹੈ। ਬੋਚੀ ਨਾ ਜਾ ਸਕਣ ਵਾਲੀ ਰਫ਼ਤਾਰ ਅਤੇ ਮਿਕਦਾਰ ਜਿਊਂਦੇ ਜੀਅ ਬੰਦੇ ਨੂੰ ਮੰਡੀ ਦੇ ਵਸ ਪਾਉਂਦੀ ਹੈ ਅਤੇ ਥੋੜ੍ਹਾ ਜਿਹਾ ਤਵਾਜ਼ਨ ਡੋਲਣ ਉੱਤੇ ਬੰਦੇ ਨੂੰ ਮੌਤ ਦੇ ਮੂੰਹ ਪਾਉਂਦੀ ਹੈ। ਜਦੋਂ ਗੱਡੀਆਂ ਦੀ ਮਸ਼ੀਨੀ ਸਮਰੱਥਾ ਦੀ ਨੁਮਾਇਸ਼ ਹੋ ਰਹੀ ਹੈ ਅਤੇ ਮੈਰਿਜ ਪੈਲੇਸ ਜਾਂ ਕੈਮਰਿਆਂ ਵਾਲੇ ਵਿਆਹਾਂ ਦੀ ਪ੍ਰਾਪਤੀ ਬਣੇ ਹਨ ਤਾਂ ਹਾਦਸਾ ਸਾਡੀਆਂ ਬਰੂਹਾਂ ਉੱਤੇ ਖੜ੍ਹਾ ਹੈ। ਬਦਇੰਤਜ਼ਾਮੀ ਦਾ ਇਹ ਆਲਮ ਸਿਰਜਣ ਵਾਲੀ ਖੁੱਲ੍ਹੀ ਮੰਡੀ ਅਤੇ ਸਰਕਾਰ ਆਪਣੇ 'ਪਰਉਪਕਾਰੀ' ਅਦਾਰਿਆਂ ਨਾਲ ਮੁਆਵਜ਼ੇ ਦੀ ਖੇਡ ਖੇਡਣ ਲੱਗੀ ਹੋਈ ਹੈ। ਜਿਵੇਂ ਇਹ ਬਦਇੰਤਜ਼ਾਮੀ ਅਰਸ਼ੋਂ ਉੱਤਰੀ ਹੋਵੇ ਅਤੇ ਮਰਨਾ ਬੰਦੇ ਦਾ ਕੁਦਰਤੀ ਸ਼ੌਕ ਹੋਵੇ! 

(ਇਹ ਲੇਖ 17 ਜੂਨ2015 ਨੂੰ ਨਵਾਂ ਜ਼ਮਾਨਾ ਅਤੇ ਅਮਰੀਕਾ ਵਿੱਚ ਛਪਦੇ ਪੰਜਾਬ ਟਾਈਮਜ਼ ਦੇ 24 ਜੂਨ 2015 ਵਾਲੇ ਅੰਕ ਵਿੱਚ ਛਪਿਆ।)

No comments: