Friday, July 03, 2015

ਸੁਆਲ-ਸੰਵਾਦ: ਭਾਈ ਮੰਨਾ ਸਿੰਘ ਇਨ੍ਹਾਂ ਇਸ਼ਤਿਹਾਰਬਾਜ਼ਾਂ ਨੂੰ ਦੱਸ ਦੇ …

ਦਲਜੀਤ ਅਮੀ

ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਹਕੀਕੀ ਰੁਤਬਾ ਭਾਵੇਂ ਨੀਮ-ਸੂਬਾ ਸਰਕਾਰ ਵਰਗਾ ਹੋਵੇ ਪਰ ਇਸ ਦੇ ਹਵਾਲੇ ਨਾਲ ਚਰਚਾ ਠੋਸ ਮੁੱਦਿਆਂ ਉੱਤੇ ਹੋ ਰਹੀ ਹੈ। ਪਿਛਲੇ ਦਿਨਾਂ ਵਿੱਚ ਦਿੱਲੀ ਸਰਕਾਰ ਦੇ ਇਸ਼ਤਿਹਾਰ ਨਸ਼ਰ ਹੋਏ ਤਾਂ ਬਹਿਸ ਸ਼ੁਰੂ ਹੋ ਗਈ ਕਿ ਕਿਸ ਤਰ੍ਹਾਂ ਦਾ ਅਕਸ ਪੇਸ਼ ਕੀਤਾ ਜਾ ਰਿਹਾ ਹੈ ਅਤੇ ਕੀ ਸੁਨੇਹਾ ਦਿੱਤਾ ਜਾ ਰਿਹਾ ਹੈ? ਨਿਖੇਧੀ ਕਰਨ ਵਾਲਿਆਂ ਵਿੱਚ ਵਿਚਾਰਾਂ ਦੀ ਵੰਨ-ਸਵੰਨਤਾ ਦੇ ਨਾਲ-ਨਾਲ, ਪਿਛਲੇ ਦਿਨੀਂ ਆਮ ਆਦਮੀ ਪਾਰਟੀ ਤੋਂ ਤੋੜ-ਵਿਛੋੜਾ ਕਰਨ ਵਾਲਿਆਂ ਤੋਂ ਲੈ ਕੇ ਹਰ ਵੰਨਗੀ ਦੇ ਸਿਆਸੀ ਸ਼ਰੀਕ ਅਤੇ ਆਲੋਚਕ ਸ਼ਾਮਿਲ ਸਨ। ਇਨ੍ਹਾਂ ਸਭ ਨੂੰ ਬਹਿਸ ਵਿੱਚ ਸ਼ਾਮਿਲ ਹੋਣਾ ਹੀ ਚਾਹੀਦਾ ਹੈ ਪਰ ਇਨ੍ਹਾਂ ਦੀਆਂ ਦਲੀਲਾਂ ਵਿੱਚੋਂ ਸੱਜਰੀਆਂ ਸੱਟਾਂ ਦਾ ਸੇਕ ਅਤੇ ਮੌਕਾਪ੍ਰਸਤੀ ਨੂੰ ਜ਼ਰੂਰ ਪੜ੍ਹਿਆ ਜਾਵੇਗਾ। ਦਲੀਲਾਂ ਕੁਝ ਨੁਕਤਿਆਂ ਦੁਆਲੇ ਘੁੰਮਦੀਆਂ ਹਨ; ਜਦੋਂ ਖ਼ਜ਼ਾਨੇ ਦੀ ਹਾਲਤ ਖਸਤਾ ਹੈ ਤਾਂ ਇਸ਼ਤਿਹਾਰਾਂ ਉੱਤੇ ਪੈਸਾ ਕਿਉਂ ਲੁਟਾਇਆ ਜਾ ਰਿਹਾ ਹੈ? ਜਮਹੂਰੀਅਤ ਦੇ ਦੂਜੇ ਇਨਕਲਾਬ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਇੱਕ ਵਿਅਕਤੀ ਤੱਕ ਕਿਉਂ ਸਿਮਟ ਰਹੀ ਹੈ? ਹੁਣ ਆਮ ਆਦਮੀ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਨੂੰ ਕਿਵੇਂ ਸਮਝਿਆ ਜਾਵੇ? ਇਸ਼ਤਿਹਾਰਾਂ ਵਿੱਚ ਲੋਕ-ਹਿੱਤ ਦੀ ਜਾਣਕਾਰੀ ਦੀ ਥਾਂ ਕੇਜਰੀਵਾਲ ਦੀਆਂ ਤਸਵੀਰਾਂ ਜਾਂ ਕੇਜਰੀਵਾਲ ਮੁਖੀ ਵਿਚਾਰਾਂ ਨੂੰ ਕਿਉਂ ਤਰਜੀਹ ਮਿਲੀ ਹੈ?

ਇਹ ਸੁਆਲ ਪੁਰਾਣੇ ਹਨ ਅਤੇ ਅਹਿਮ ਹਨ। ਸਰਕਾਰਾਂ ਦੀਆਂ ਇਸ਼ਤਿਹਾਰਬਾਜ਼ੀ ਮੁਹਿੰਮਾਂ ਦਾ ਇਤਿਹਾਸ ਪ੍ਰਚਾਰ (ਪ੍ਰਾਪੇਗੰਡਾ) ਤੋਂ ਲੋਕ ਸੰਪਰਕ ਮਹਿਕਮਿਆਂ ਤੱਕ ਪਹੁੰਚਿਆ ਹੈ। ਪ੍ਰਚਾਰ ਨੂੰ ਲੋਕ ਸੰਪਰਕ ਦਾ ਨਾਮ ਹਿਟਲਰ ਦੀ ਆਦਮਖ਼ੋਰ ਕਾਰਗੁਜ਼ਾਰੀ ਤੋਂ ਬਾਅਦ ਬਦਨਾਮੀ ਦੇ ਦਾਗ਼ ਤੋਂ ਬਚਣ ਲਈ ਦਿੱਤਾ ਗਿਆ ਸੀ। ਇਸ ਮਸ਼ਕ ਤਹਿਤ ਮਹਿਕਮੇ ਦੇ ਖ਼ਾਸੇ ਨੂੰ ਤਬਦੀਲ ਕਰਨ ਦਾ ਕੋਈ ਉਪਰਾਲਾ ਵਿਉਂਤਿਆ ਤੱਕ ਨਹੀਂ ਗਿਆ ਸੀ। 'ਇੱਕ ਝੂਠ ਨੂੰ ਸੌ ਵਾਰ ਬੋਲੋ ਤਾਂ ਲੋਕ ਸੱਚ ਮੰਨ ਲੈਂਦੇ ਹਨ' ਵਾਲੀ ਧਾਰਨਾ ਸਰਕਾਰੀ ਲੋਕ ਸੰਪਰਕ ਮਹਿਕਮਿਆਂ ਦਾ ਮੂਲਮੰਤਰ ਹੈ। ਇਸੇ ਮੂਲਮੰਤਰ ਨੂੰ 'ਭਰੋਸੇਯੋਗਤਾ' ਦਾ ਜਾਮਾ ਪਹਿਨਾਉਣ ਲਈ ਨਿੱਜੀ ਇਸ਼ਤਿਹਾਰਬਾਜ਼ੀ ਉਦਮ 'ਸਿਰਜਣਾਤਮਕਤਾ' ਦਾ ਤੜਕਾ ਲਗਾਉਂਦਾ ਹੈ। ਨਤੀਜੇ ਵਜੋਂ ਹਰ ਸਰਕਾਰੀ ਪਹਿਲਕਦਮੀ ਨੂੰ ਲੋਕਾਂ ਦੀਆਂ ਦੁਸ਼ਵਾਰੀਆਂ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਹੈ। ਇਸੇ ਦੌਰਾਨ ਆਗੂਆਂ ਦਾ ਅਕਸ ਉਭਾਰਨ ਲਈ ਹਰ ਠੋਸ, ਵਿਉਂਤੀ ਜਾਂ ਖ਼ਿਆਲੀ ਪਹਿਲਕਦਮੀ ਦਾ ਸਿਹਰਾ ਉਨ੍ਹਾਂ ਸਿਰ ਬੰਨ੍ਹਿਆ ਜਾਂਦਾ ਹੈ। ਸਿਆਸੀ ਆਗੂ ਨੂੰ ਜਮਹੂਰੀਅਤ ਦੀ ਬੋਲੀ ਵਿੱਚ ਪੈਗੰਬਰੀ ਰੁਤਬਾ ਦੇਣਾ ਇਨ੍ਹਾਂ ਇਸ਼ਤਿਹਾਰਾਂ ਦਾ ਅਣਐਲਾਇਆ ਮਕਸਦ ਹੋ ਨਿਬੜਦਾ ਹੈ। ਮੌਕੇ ਮੁਤਾਬਕ ਚੋਣਵੇਂ ਤੱਥਾਂ ਦਾ ਚੇਤਾ ਕਰਵਾ ਕੇ ਲੋਕ ਰਾਏ ਉਸਾਰਨਾ ਇਸ਼ਤਿਹਾਰਾਂ ਦੀ ਮੰਡੀ ਨੂੰ ਕਾਇਮ ਰੱਖਦਾ ਹੈ। 

ਦਿੱਲੀ ਸਰਕਾਰ ਦੇ ਇਸ਼ਤਿਹਾਰਾਂ ਦੇ ਹਵਾਲੇ ਨਾਲ ਸਾਹਮਣੇ ਆਏ ਸੁਆਲ ਜਮਹੂਰੀਅਤ ਲਈ ਸਦਾ ਅਹਿਮ ਰਹੇ ਹਨ। ਜਦੋਂ ਆਈਨਸਟਾਈਨ 'ਜਾਣਕਾਰ ਆਵਾਮ ਨੂੰ ਸੁਰੱਖਿਆ ਦੀ ਕੂੰਜੀ' ਵਜੋਂ ਪੇਸ਼ ਕਰਦਾ ਹੈ ਤਾਂ ਸਰਕਾਰੀ ਇਸ਼ਤਿਹਾਰ ਮੁਹਿੰਮਾਂ ਦੀ ਪੜਚੋਲ ਜ਼ਰੂਰੀ ਹੋ ਜਾਂਦੀ ਹੈ। ਪਿਛਲੇ ਸਾਲਾਂ ਵਿੱਚ ਸਰਕਾਰੀ ਅਤੇ ਸਿਆਸੀ ਇਸ਼ਤਿਹਾਰਾਂ ਵਿੱਚ ਆਗੂਆਂ ਦੀਆਂ ਸ਼ਕਲਾਂ ਹੋਰ ਵੱਡੀਆਂ ਹੁੰਦੀਆਂ ਗਈਆਂ ਹਨ ਅਤੇ ਜਾਣਕਾਰੀ ਕੰਨੀਆਂ ਤੱਕ ਮਹਿਦੂਦ ਹੁੰਦੀ ਹੋਈ ਸੰਖੇਪ ਤੋਂ ਸੰਖੇਪ ਹੋ ਗਈ ਹੈ। ਗੱਠਜੋੜ ਵਾਲੀਆਂ ਸਿਆਸੀ ਪਾਰਟੀਆਂ ਵਿੱਚ ਇਹ ਤਕਰਾਰ ਦਾ ਮੁੱਦਾ ਬਣਦਾ ਹੈ ਕਿ ਇਸ਼ਤਿਹਾਰਾਂ ਵਿੱਚ ਪੇਸ਼ ਆਗੂਆਂ ਦੀਆਂ ਤਸਵੀਰਾਂ ਵਿੱਚ ਨੁਮਾਇੰਦਗੀ ਕਿਵੇਂ ਤੈਅ ਕੀਤੀ ਜਾਵੇਗੀ? ਪੰਜਾਬ ਦੇ ਬਾਦਲਾਂ, ਕਸ਼ਮੀਰ ਦੇ ਅਬਦੁੱਲਿਆਂ, ਹਰਿਆਣੇ ਦੇ ਚੌਟਾਲਿਆਂ ਜਾਂ ਹੂਡਿਆਂ ਅਤੇ ਕਾਂਗਰਸ ਦੇ ਗਾਂਧੀ ਪਰਿਵਾਰ, ਭਾਜਪਾ ਦੇ ਸਾਬਕਾ ਆਗੂਆਂ ਜਾਂ ਸਿਧਾਂਤਕਾਰਾਂ ਦੀਆਂ ਇਸ਼ਤਿਹਾਰੀ ਤਸਵੀਰਾਂ ਇਸੇ ਮਸ਼ਕ ਦੀ ਵੰਨ-ਸਵੰਨਤਾ ਨੂੰ ਪੇਸ਼ ਕਰਦੀਆਂ ਹਨ। ਇਸੇ ਕੜੀ ਵਿੱਚ ਹੋਰ ਖੇਤਰੀ ਅਤੇ ਕੇਂਦਰੀ ਪਾਰਟੀਆਂ ਦੇ ਨਾਲ ਸੂਬਾ ਸਰਕਾਰਾਂ ਦੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। 


ਭਾਖੜਾ ਬੰਨ੍ਹ ਦੇ ਪੰਜਾਹ ਸਾਲਾ ਮੌਕੇ ਹਰਿਆਣਾ ਦੇ ਤਤਕਾਲੀ ਮੁੱਖ-ਮੰਤਰੀ ਭੁਪਿੰਦਰ ਸਿੰਘ ਹੂਡਾ ਆਪਣੇ ਪਿਤਾ ਰਣਬੀਰ ਸਿੰਘ ਹੂਡਾ ਦੀਆਂ ਤਸਵੀਰਾਂ ਇਸ਼ਤਿਹਾਰਾਂ ਵਿੱਚ ਛਪਵਾ ਕੇ ਆਪਣੇ ਪਰਿਵਾਰਕ ਪਿਛੋਕੜ ਦੀ ਦਾਅਵੇਦਾਰੀ ਪੇਸ਼ ਕਰਦੇ ਹਨ। ਇਸੇ ਤਰ੍ਹਾਂ ਦੁਸ਼ਯੰਤ ਚੌਟਾਲਾ ਦੇ ਚੋਣ ਪ੍ਰਚਾਰ ਵਿੱਚ ਉਸ ਦੇ ਪਿਓ, ਦਾਦੇ ਅਤੇ ਪੜਦਾਦੇ ਦੀਆਂ ਤਸਵੀਰਾਂ ਛਪਦੀਆਂ ਹਨ। ਪੰਜਾਬ ਵਿੱਚ ਹਾਲੇ ਸਿਆਸਤਦਾਨਾਂ ਦੀ ਤੀਜੀ ਪੀੜ੍ਹੀ ਮੂਹਰਲੀ ਸਫ਼ ਵਿੱਚ ਨਹੀਂ ਆਈ ਪਰ ਇਸ ਦੀ ਕਣਸੋਅ ਪੈਣੀ ਸ਼ੁਰੂ ਹੋ ਗਈ ਹੈ। ਸਰਕਾਰੀ ਇਸ਼ਤਿਹਾਰਾਂ ਵਿੱਚ ਸਿਆਸੀ ਆਗੂਆਂ ਦੀਆਂ ਤਸਵੀਰਾਂ ਹਰ ਯੋਜਨਾ ਤਹਿਤ ਵੰਡੇ ਗਏ ਸਮਾਨ ਉੱਤੇ ਹੁੰਦੀਆਂ ਹਨ। ਜਦੋਂ ਕਿਸੇ ਮਹਿਕਮੇ ਦਾ ਮੰਤਰੀ ਬਦਲ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਸੁਆਲ ਚਾਲੂ ਯੋਜਨਾਵਾਂ ਦੀ ਪੇਸ਼ਕਾਰੀ ਵਿੱਚ ਤਸਵੀਰਾਂ ਬਦਲਣ ਦਾ ਆਉਂਦਾ ਹੈ। ਪੰਜਾਬ ਵਿੱਚ ਸਿਹਤ ਮੰਤਰੀ ਬਦਲਣ ਨਾਲ ਹੋਈ 'ਬੇਸੁਆਦੀ' ਤਾਂ ਸਭ ਕਿਸੇ ਨੂੰ ਯਾਦ ਹੋਵੇਗੀ।
 
ਸਰਕਾਰੀ ਮੁਹਿੰਮਾਂ ਦਾ ਨਿੱਜੀ ਰੂਪ ਪੰਜਾਬ ਦੇ ਹਰ ਸ਼ਹਿਰ-ਕਸਬੇ ਵਿੱਚ ਲੱਗੀਆਂ ਇਸ਼ਤਿਹਾਰੀ ਸ਼ਕਲਾਂ ਵਿੱਚ ਦਿਖਾਈ ਦਿੰਦਾ ਹੈ। ਹਰ ਤਰੱਕੀ, ਨਿਯੁਕਤੀ, ਜਿੱਤ ਅਤੇ ਸੁਆਗਤੀ ਸਮਾਗਮ ਲਈ ਵਧਾਈਆਂ ਦਿੰਦੀਆਂ ਅਤੇ ਸੁਆਗਤ ਕਰਦੀਆਂ ਸ਼ਕਲਾਂ ਲੱਗੀਆਂ ਹੋਈਆਂ ਹਨ। ਸੂਬਾਈ ਆਗੂਆਂ ਤੋਂ ਮੁਕਾਮੀ ਆਗੂਆਂ ਤੱਕ ਦੀ ਨੁਮਾਇੰਦਗੀ ਕਰਨ ਲਈ ਵੱਡੀਆਂ ਤੋਂ ਛੋਟੀਆਂ ਡੱਬੀਆਂ ਛਪਦੀਆਂ ਹਨ। ਕਈ ਵਾਰ ਤਸਵੀਰ ਦੀਆਂ ਖ਼ਾਲੀ ਡੱਬੀਆਂ ਛਪਦੀਆਂ ਹਨ ਅਤੇ ਹੇਠਾਂ ਨਾਮ ਛਪੇ ਹੁੰਦੇ ਹਨ। ਇਹ ਖ਼ਾਲੀ ਡੱਬੀਆਂ ਦੇ ਕੀ ਮਾਅਨੇ ਬਣਦੇ ਹਨ? ਹੋ ਸਕਦਾ ਹੈ ਕਿ ਤਸਵੀਰ ਛਾਪ ਕੇ ਸਨਮਾਨ ਕਰਨਾ ਤੈਅ ਹੋ ਗਿਆ ਪਰ ਤਸਵੀਰ ਦਾ ਬੰਦੋਬਸਤ ਨਹੀਂ ਹੋਇਆ। ਇਹ ਵੀ ਹੋ ਸਕਦਾ ਹੈ ਕਿ ਵਾਅਦੇ ਜਾਂ ਤਵੱਕੋ ਮੂਜਬ ਇਸ਼ਤਿਹਾਰ ਦੇ ਖ਼ਰਚੇ ਦਾ ਹਿੱਸਾ ਨਾ ਪਾਇਆ ਗਿਆ ਹੋਵੇ ਅਤੇ ਆਖ਼ਰੀ ਮੌਕੇ ਤਸਵੀਰ ਕੱਢ ਲਈ ਗਈ ਹੋਵੇ। ਨਾਟਕਕਾਰ ਗੁਰਸ਼ਰਨ ਸਿੰਘ ਸੜਕਾਂ, ਚੌਂਕਾਂ ਅਤੇ ਗਲੀਆਂ-ਬਾਜ਼ਾਰਾਂ ਵਿੱਚ ਲੱਗੀਆਂ ਇਸ਼ਤਿਹਾਰੀ ਸ਼ਕਲਾਂ ਨੂੰ ਬਦਸੂਰਤੀ ਕਰਾਰ ਦਿੰਦੇ ਹਨ। ਉਨ੍ਹਾਂ ਨੇ ਇੱਕ ਨਾਟਕ ਲਿਖਿਆ ਸੀ; 'ਬੂਥੀਆਂ, ਬੂਥੀਆਂ, ਬੂਥੀਆਂ'। ਇਸ ਨਾਮ ਨਾਲ ਇਸ਼ਤਿਹਾਰੀ ਬੂਥੀਆਂ ਦੇ ਮਾਅਨੇ ਸਿਆਸੀ ਆਗੂਆਂ ਤੋਂ ਧਾਰਮਿਕ ਸਮਾਗਮਾਂ ਅਤੇ ਮਨੋਰੰਜਨ ਸਨਅਤ ਰਾਹੀਂ ਨਹਾਉਣ-ਧੋਣ, ਖਾਣ-ਪੀਣ ਅਤੇ ਵਰਤੋਂ ਦੀਆਂ ਹੋਰ ਚੀਜ਼ਾਂ ਦੇ ਇਸ਼ਤਿਹਾਰਾਂ ਨਾਲ ਜੁੜ ਜਾਂਦੇ ਹਨ। 

ਮੀਡੀਆ ਇਸ ਚਰਚਾ ਦਾ ਮੰਚ ਬਣਿਆ ਹੋਇਆ ਹੈ ਜੋ ਆਪ ਇਸ਼ਤਿਹਾਰੀ ਖ਼ਬਰਾਂ ਅਤੇ ਸੰਪਾਦਕੀਆਂ ਦੇ ਇਲਜ਼ਾਮਾਂ ਵਿੱਚ ਘਿਰਿਆ ਹੋਇਆ ਹੈ। ਮੀਡੀਆ ਵਿੱਚ ਇਹ ਚਰਚਾ ਆਮ ਰਹਿੰਦੀ ਹੈ ਕਿ ਕੋਈ ਸਰਕਾਰ ਆਪਣੀਆਂ ਪ੍ਰਾਪਤੀਆਂ ਨੂੰ ਪੇਸ਼ ਕਰਨ ਵਿੱਚ ਨਾਕਾਮਯਾਬ ਰਹੀ ਹੈ ਜਾਂ ਕੋਈ ਸਿਆਸੀ ਪਾਰਟੀ ਆਪਣੇ ਵਾਅਦੇ ਲੋਕਾਂ ਨੂੰ ਜਚਾਉਣ ਵਿੱਚ ਕਾਮਯਾਬ ਹੋਈ ਹੈ। ਇਸ ਚਰਚਾ ਦਾ ਸਿੱਧਾ ਰਿਸ਼ਤਾ ਇਸ਼ਤਿਹਾਰ ਸਨਅਤ ਅਤੇ ਮੀਡੀਆ ਦੀ ਆਮਦਨ ਨਾਲ ਜੁੜਦਾ ਹੈ। ਮੀਡੀਆ ਬਹੁਤ ਮਹੀਨ ਢੰਗ ਨਾਲ ਸਰਕਾਰ ਦੀ ਇਸ਼ਤਿਹਾਰ ਲਈ ਬਾਂਹ ਮਰੋੜਦਾ ਹੈ। ਮੀਡੀਆ ਲਈ ਵਿਚਾਰ ਮੁਖੀ ਸਿਆਸਤ ਦੀ ਪੇਸ਼ਕਾਰੀ ਮੁਸ਼ਕਲ ਹੁੰਦੀ ਹੈ ਕਿਉਂਕਿ ਇਹ ਜ਼ਿਆਦਾ ਤਰੱਦਦ ਦੀ ਮੰਗ ਕਰਦੀ ਹੈ। ਵਿਅਕਤੀ ਮੁਖੀ ਸਿਆਸਤ ਮੀਡੀਆ ਦੀ ਅਣਸਰਦੀ ਲੋੜ ਹੈ। ਇਸ ਰੁਝਾਨ ਦੇ ਦੌਰ ਵਿੱਚ ਆਮ ਆਦਮੀ ਪਾਰਟੀ ਦੇ ਇਸ਼ਤਿਹਾਰ ਚਰਚਾ ਦਾ ਵਿਸ਼ਾ ਬਣੇ ਹਨ। ਆਮ ਆਦਮੀ ਪਾਰਟੀ ਦਾ ਨਾਮ ਇਸੇ ਇਸ਼ਤਿਹਾਰੀ ਮਸ਼ਕ ਦਾ ਹਿੱਸਾ ਹੈ। ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਵਿੱਚ 'ਮੈਂ ਵੀ ਅੰਨਾ', 'ਤੂੰ ਵੀ ਅੰਨਾ' ਅਤੇ 'ਸਾਰੇ ਅੰਨਾ' ਵਰਗੇ ਬੋਲੇ ਆਮ ਰਹੇ ਸਨ। ਇਨ੍ਹਾਂ ਬੋਲਿਆਂ ਦੀ ਘਾੜਤ ਅਤੇ ਪ੍ਰਚਾਰ ਕਰਨ ਵਿੱਚ ਮੀਡੀਆ ਦੀ ਭੂਮਿਕਾ ਅਹਿਮ ਰਹੀ ਸੀ ਜੋ ਉਸ ਵੇਲੇ ਰਾਡੀਆ ਟੇਪਾਂ ਵਾਲੇ ਵਿਵਾਦ ਵਿੱਚ ਫਸਿਆ ਹੋਇਆ ਸੀ। ਜਦੋਂ ਨਵੀਂ ਸਿਆਸੀ ਪਾਰਟੀ ਦਾ ਨਾਮ 'ਆਮ ਆਦਮੀ ਪਾਰਟੀ' ਰੱਖਿਆ ਗਿਆ ਤਾਂ ਇਹ ਸਚੇਤ ਚੋਣ ਸੀ ਜਿਵੇਂ 'ਠੰਢਾ ਮਤਲਬ ਕੋਕਾ ਕੋਲਾ।' ਉਸ ਵੇਲੇ ਤੱਕ ਸਿਆਸੀ ਪਾਰਟੀਆਂ ਆਮ ਆਦਮੀ ਦੇ ਨਾਮ ਉੱਤੇ ਸਿਆਸਤ ਕਰਦੀਆਂ ਸਨ ਪਰ ਹੁਣ ਇਸ ਪਾਰਟੀ ਦਾ ਨਾਮ 'ਆਮ ਆਦਮੀ ਪਾਰਟੀ' ਹੋ ਗਿਆ। ਇਸ ਨਾਲ ਬਾਕੀ ਪਾਰਟੀਆਂ ਦਾ ਸਿਆਸੀ ਮੁਹਾਵਰਾ ਖੁੱਸ ਗਿਆ ਅਤੇ ਨਵੀਂ ਪਾਰਟੀ ਦੇ ਨਾਮ ਨਾਲ 'ਆਮ ਆਦਮੀ ਦੀ ਪਾਰਟੀ' ਹੋਣ ਦਾ ਭੁਲੇਖਾ ਪੈਂਦਾ ਸੀ। ਤ੍ਰਿਹਾਇਆ ਜੀਅ ਗਰਮੀਆਂ ਵਿੱਚ ਪੀਣ ਲਈ ਠੰਢਾ ਮੰਗਦਾ ਹੈ ਅਤੇ ਕੋਕਾ ਕੋਲਾ ਇਸ਼ਤਿਹਾਰ ਰਾਹੀਂ ਇਸ ਮੰਗ ਵਿੱਚ ਆਪਣਾ ਨਾਮ ਭਰਦਾ ਹੈ। ਇਸੇ ਤਰਜ਼ ਉੱਤੇ ਨਜ਼ਰਅੰਦਾਜ਼ ਆਮ ਆਦਮੀ ਸਿਆਸਤ ਵਿੱਚ ਆਪਣੀ ਭਾਲ ਕਰਦਾ ਹੈ ਅਤੇ 'ਆਮ ਆਦਮੀ ਪਾਰਟੀ' ਆਪਣਾ ਪਤਾ ਪੇਸ਼ ਕਰਦੀ ਹੈ।
 
ਜਦੋਂ ਗਾਂਧੀ ਟੋਪੀ ਉੱਤੇ 'ਮੈਂ ਹਾਂ ਆਮ ਆਦਮੀ' ਲਿਖਿਆ ਜਾਂਦਾ ਹੈ ਤਾਂ ਕਾਂਗਰਸ ਆਪਣੀ ਰਵਾਇਤੀ ਟੋਪੀ ਤੋਂ ਪਹਿਲੀ ਵਾਰ ਡਰਦੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਇਸ ਟੋਪੀ ਨੂੰ ਚੋਣ ਪ੍ਰਚਾਰ ਉੱਤੇ ਪਾਬੰਦੀ ਲੱਗਣ ਤੋਂ ਬਾਅਦ ਪਾਬੰਦੀ ਦੇ ਘੇਰੇ ਵਿੱਚ ਲਿਆਉਣ ਦੀ ਮੰਗ ਹੋਈ ਸੀ। ਜਦੋਂ 'ਆਮ ਆਦਮੀ ਪਾਰਟੀ' ਦੇ ਆਗੂ ਅਤੇ ਕਾਰਕੁੰਨ 'ਮੈਂ ਹਾਂ ਆਮ ਆਦਮੀ' ਦੀ ਲਿਖਤ ਤੋਂ ਬਿਨਾਂ ਗਾਂਧੀ ਟੋਪੀਆਂ ਪਾ ਕੇ ਚੋਣ-ਬੂਥਾਂ ਦਾ ਦੌਰਾ ਕਰਦੇ ਹਨ ਤਾਂ ਲੋਕ ਅਣਲਿਖਿਆ ਪੜ੍ਹਦੇ ਹਨ। ਜਦੋਂ ਅਣਲਿਖਿਆ ਪੜ੍ਹਿਆ ਜਾਣ ਲੱਗਦਾ ਹੈ ਤਾਂ ਇਸ ਉੱਤੇ ਨਵੀਂ ਲਿਖਤ ਉਭਰ ਆਉਂਦੀ ਹੈ; "ਮੈਂ ਹਾਂ ਅਰਵਿੰਦ ਕੇਜਰੀਵਾਲ।" ਇੱਕ ਪਾਸੇ ਆਮ ਆਦਮੀ ਦੀ ਪਛਾਣ ਵਿੱਚ ਅਰਵਿੰਦ ਕੇਜਰੀਵਾਲ ਦੇ ਨਕਸ਼ ਉੱਘੜਦੇ ਹਨ ਅਤੇ ਦੂਜੇ ਪਾਸੇ "ਮੈਂ ਹਾਂ ਅੰਨਾ" ਵਾਲੀ ਪੈੜ ਵਿੱਚ ਨਵਾਂ ਪੈਰ ਪੈ ਜਾਂਦਾ ਹੈ। ਜਦੋਂ ਲੋਕ ਸਭਾ ਚੋਣਾਂ ਵਿੱਚ 'ਅਬ ਕੀ ਵਾਰ ਮੋਦੀ ਸਰਕਾਰ' ਦਾ ਮੰਤਰ ਗੂੰਜਦਾ ਹੈ ਤਾਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ 'ਪਾਂਚ ਸਾਲ ਕੇਜਰੀਵਾਲ' ਦਾ ਅਰਵਿੰਦ-ਨਾਦ ਸੁਣਾਈ ਦਿੰਦਾ ਹੈ। ਆਪਣੇ ਸਹੁੰ ਚੁੱਕ ਸਮਾਗਮ ਉੱਤੇ ਹਊਮੈਂ ਤੋਂ ਬਚੇ ਰਹਿਣ ਦਾ ਅਹਿਦ ਕਰਨ ਵਾਲਾ ਅਰਵਿੰਦ ਕੇਜਰੀਵਾਲ ਦਿਨਾਂ ਵਿੱਚ ਹੀ ਸੁਆਲ ਕਰਨ ਵਾਲੇ 'ਵਿਦਵਾਨ' ਸਾਥੀਆਂ ਨੂੰ 'ਬੇਆਬਰੂ ਕਰ ਕੇ ਕੂਚੇ ਤੋਂ ਬਾਹਰ' ਕੱਢ ਦੇਣ ਦੀ ਮਸ਼ਕ ਸ਼ੁਰੂ ਕਰ ਦਿੰਦਾ ਹੈ। ਮੌਜੂਦਾ ਇਸ਼ਤਿਹਾਰ ਰਾਹੀਂ ਇਹ ਰੁਝਾਨ ਆਪਣੇ ਸੁਭਾਵਿਕ ਸਿਖ਼ਰ ਤੱਕ ਪਹੁੰਚਦਾ ਹੈ। ਆਮ ਆਦਮੀ ਦੀਆਂ ਦੁਸ਼ਵਾਰੀਆਂ ਨੂੰ ਜੋੜ ਕੇ ਉਭਰਿਆ ਰੁਝਾਨ ਆਪਣੇ ਖ਼ਾਸੇ ਦੇ ਨਕਸ਼ ਨਿਖਾਰ ਰਿਹਾ ਹੈ। 


'ਆਮ ਆਦਮੀ ਪਾਰਟੀ' ਦੇ ਇਸ਼ਤਿਹਾਰ ਵਿਚਲੇ ਸੁਭਾਵਿਕ ਸ਼ਿਖਰ ਨਾਲ ਮੌਜੂਦਾ ਚਰਚਾ ਦਾ ਕੋਈ ਸੁਆਲ ਬੇਮਾਅਨਾ ਨਹੀਂ ਹੋ ਜਾਂਦਾ। ਇਸ ਦਰਅਸਲ ਇਸ਼ਤਿਹਾਰਬਾਜ਼ੀ ਦੇ ਛਲੇਡਾ ਖ਼ਾਸੇ ਨੂੰ ਬੇਪਰਦਾ ਕਰਦਾ ਹੈ। ਬੀਤੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਕਾਮਯਾਬੀ ਨੂੰ ਇਸ ਦੇ ਮੀਡੀਆ ਪ੍ਰਬੰਧ ਅਤੇ ਨੁਮਾਇਸ਼ੀ ਹੁਨਰ ਨਾਲ ਜੋੜ ਕੇ ਸਮਝਿਆ ਜਾਂਦਾ ਰਿਹਾ ਹੈ। ਜਿਵੇਂ 'ਆਮ ਆਦਮੀ ਪਾਰਟੀ' ਆਮ ਆਦਮੀ ਦੀ ਪਾਰਟੀ ਹੋਣ ਦਾ ਦਾਅਵਾ ਕਰ ਕੇ ਹਾਲਾਲਾਲਾ ਸਿਆਸਤ ਕਰਦੀ ਹੈ ਉਸੇ ਤਰ੍ਹਾਂ ਨਰਿੰਦਰ ਮੋਦੀ ਕਾਲੇ ਧਨ ਦੀ ਵਾਪਸੀ ਨਾਲ ਹਰੇਕ ਜੀਅ ਨੂੰ ਤਿੰਨ ਲੱਖ ਰੁਪਏ ਮਿਲਣ ਦਾ ਸੁਫ਼ਨਾ ਬੀਜਦਾ ਹੈ। ਪੰਜਾਬ ਵਿੱਚ 'ਰਾਜ ਨਹੀਂ ਸੇਵਾ' ਦੇ ਵਾਅਦੇ ਨਾਲ ਰਣਜੀਤ ਸਿੰਘ ਵਰਗਾ ਰਾਜ ਕਾਇਮ ਕਰਨ ਦਾ ਸੁਫ਼ਨਾ ਬੀਜਿਆ ਜਾਂਦਾ ਹੈ। ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੇ ਦਾਅਵੇ ਨਾਲ ਪੰਜਾਬੀਆਂ ਨੂੰ ਕੈਲੀਫੋਰਨੀਆ ਦੇ ਰਾਹ ਪਾਇਆ ਜਾਂਦਾ ਹੈ। ਹੁਣ ਪੰਜਾਬ ਦੇ ਖੇਤਾਂ ਨੂੰ ਸਿੰਜਣ ਵਿੱਚ ਨਾਕਾਮਯਾਬ ਰਹੀਆਂ ਨਹਿਰਾਂ-ਨਦੀਆਂ ਵਿੱਚ ਬੱਸਾਂ ਚਲਾਉਣ ਦੀਆਂ ਗੱਲਾਂ ਹੋ ਰਹੀਆਂ ਹਨ।

ਹਿਟਲਰ ਦੇ ਦੌਰ ਵਿੱਚ ਰਵਾਂ ਕੀਤਾ 'ਇੱਕ ਝੂਠ ਨੂੰ ਸੌ ਵਾਰ ਬੋਲਣ' ਦਾ ਦਾਅ ਮੌਜੂਦਾ ਸਿਆਸਤ ਦਾ ਖ਼ਾਸਾ ਬਣ ਗਿਆ ਹੈ। ਅਰਵਿੰਦ ਕੇਜਰੀਵਾਲ ਦੇ ਰਵਾਇਤੀ ਧਿਰਾਂ ਦੇ ਹਮਾਮ ਵਿੱਚ ਆ ਜਾਣ ਨਾਲ ਪੁਰਾਣੇ ਦਾਅਵੇਦਾਰਾਂ ਨੂੰ ਤਕਲੀਫ਼ ਹੋਈ ਹੈ ਅਤੇ ਉਸ ਨੂੰ ਮੌਕਾਪ੍ਰਸਤ ਕਰਾਰ ਦੇਣ ਵਾਲੇ ਸੱਜਰੇ ਸ਼ਰੀਕਾਂ ਨੂੰ ਮੌਕਾ ਮਿਲ ਗਿਆ ਹੈ। ਇਹ ਸਭ ਜਾਣਦੇ ਹਨ ਕਿ ਇਸ਼ਤਿਹਾਰ ਦੁਸ਼ਵਾਰੀਆਂ ਵਿੱਚ ਘਿਰੇ ਆਵਾਮ ਅੰਦਰ 'ਖ਼ਿਆਲੀ ਉਡਾਨ' ਦਾ ਅਹਿਸਾਸ ਜਗਾਉਂਦਾ ਹੈ ਅਤੇ ਉਸ ਨੂੰ ਜਾਣਕਾਰ ਸ਼ਹਿਰੀ ਦੀ ਥਾਂ ਸ਼ਰਧਾਲੂ ਵਜੋਂ ਪ੍ਰਵਾਨ ਕਰਦਾ ਹੈ। ਮੋਦੀ ਦਾ ਤਿੰਨ ਲੱਖ ਰੁਪਏ ਦਾ ਸੁਫ਼ਨਾ ਵੋਟ ਮਸ਼ੀਨਾਂ ਦਾ ਬਟਨ ਦੱਬਣ ਵੇਲੇ ਫ਼ੈਸਲਾਕੁਨ ਸਾਬਤ ਹੁੰਦਾ ਹੈ। ਜਦੋਂ ਮੋਦੀ ਸਰਕਾਰ ਡਾ. ਮਨਮੋਹਨ ਸਿੰਘ ਦੀਆਂ ਨੀਤੀਆਂ ਦੀ ਮੂੰਹਜ਼ੋਰ ਅਲੰਬਰਦਾਰੀ ਕਰਦੀ ਹੈ ਤਾਂ ਆਵਾਮ ਨੂੰ ਕੁਝ ਸਮੇਂ ਲਈ ਆਪਣੇ ਖ਼ੂਨ ਦਾ ਸਲੂਣਾ ਸੁਆਦ ਚੰਗਾ ਲੱਗਦਾ ਹੈ। ਇਹ ਉਸੇ ਸਿਆਸਤ ਦੀ ਮਹੀਨ ਕੜੀ ਹੈ ਜੋ ਮਨੁੱਖ ਦਾ ਜ਼ਿੰਦਗੀ ਨਾਲ ਰਿਸ਼ਤਾ ਤੋੜ ਕੇ ਉਸ ਨੂੰ ਫਿਦਾਇਨ ਬਣਾਉਂਦੀ ਹੈ ਅਤੇ ਸ਼ਹਾਦਤ ਤੋਂ ਬਾਅਦ ਹੂਰਾਂ, ਤਹੂਰ ਅਤੇ ਜੰਨਤ ਦਾ ਵਾਅਦਾ ਕਰਦੀ ਹੈ। ਇਸ਼ਤਿਹਾਰ ਦੁਸ਼ਵਾਰੀਆਂ ਦੇ ਝੰਬੇ ਮਨੁੱਖ ਨੂੰ 'ਮਸਨੂਈ ਪ੍ਰਾਪਤੀਆਂ' ਦੀ ਵਕਤੀ ਲੋਰ ਵਿੱਚ ਆਪਣੀਆਂ ਹਾਰਾਂ ਦੇ ਜ਼ਸ਼ਨ ਵਿੱਚ ਸ਼ਾਮਿਲ ਕਰ ਲੈਣ ਦੀ ਮਸ਼ਕ ਹੋ ਜਾਂਦੀ ਹੈ। ਜੇ ਕਦੇ ਅੰਗਰੇਜ਼ ਗ਼ੁਲਾਮ ਮੁਲਕਾਂ ਨੂੰ ਅੰਗਰੇਜ਼ੀ ਰਾਜ ਦੀਆਂ ਬਰਕਤਾਂ ਸਮਝਾਉਂਦੇ ਸਨ ਤਾਂ ਹੁਣ 'ਯੋਗਾ' ਕਰਦਾ ਮੁਲਕ 'ਆਮ ਆਦਮੀ' ਦੀ ਸਿਆਸਤ ਵਿੱਚੋਂ ਆਪਣੀ ਪਛਾਣ ਲੱਭ ਰਿਹਾ ਹੈ। 'ਬੂਥੀਆਂ, ਬੂਥੀਆਂ, ਬੂਥੀਆਂ' ਨਾਮ ਦਾ ਨਾਟਕ ਲਿਖਣ ਵਾਲਾ ਗੁਰਸ਼ਰਨ ਸਿੰਘ ਸੋਚ ਰਿਹਾ ਹੋਵੇਗਾ, "ਭਾਈ ਮੰਨਾ ਸਿੰਘ ਇਨ੍ਹਾਂ ਆਗੂਆਂ ਨੂੰ ਕਹਿ ਦੇ, ਇਸ਼ਤਿਹਾਰ ਜਮਹੂਰੀਅਤ ਦਾ ਉਲਟਾ ਪਾਸਾ ਹੈ। ਜ਼ਿੰਦਗੀ ਦੀਆਂ ਹਕੀਕੀ ਦੁਸ਼ਵਾਰੀਆਂ ਤੋਂ ਛੁਟਕਾਰੇ ਲਈ ਆਪਣੀ ਤਕਦੀਰ ਆਪ ਲਿਖਣੀ ਪੈਂਦੀ ਹੈ।"

(ਇਹ ਲੇਖ 1 ਜੁਲਾਈ 2015 ਨੂੰ ਨਵਾਂ ਜ਼ਮਾਨਾ ਅਤੇ ਅਮਰੀਕਾ ਵਿੱਚ ਛਪਦੇ ਪੰਜਾਬ ਟਾਈਮਜ਼ ਦੇ 8 ਜੁਲਾਈ 2015 ਵਾਲੇ ਅੰਕ ਵਿੱਚ ਛਪਿਆ।)

No comments: