ਦਲਜੀਤ ਅਮੀ
ਸ਼ਿਕਾਇਤ ਦਰਜ ਕਰਨ ਤੋਂ ਤਕਰੀਬਨ ਦੋ ਹਫ਼ਤੇ ਬਾਅਦ ਅਸੁਮਲ ਸ਼੍ਰਿਉਮਿਲਾਨੀ ਉਰਫ਼ ਆਸਾਰਾਮ ਬਾਪੂ ਨੂੰ ਇੰਦੌਰ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਖ਼ਿਲਾਫ਼ ਨਾਬਾਲਗ਼ ਕੁੜੀ ਉੱਤੇ ਕਾਮੁਕ ਹਮਲਾ ਕਰਨ ਦਾ ਇਲਜ਼ਾਮ ਹੈ। ਇਸ ਦੌਰਾਨ ਆਸਾਰਾਮ ਦੇ ਸ਼ਰਧਾਲੂਆਂ ਨੇ ਕਈ ਥਾਈਂ ਰੋਸ ਮੁਜ਼ਾਹਰੇ ਕੀਤੇ। ਪੱਤਰਕਾਰਾਂ ਨਾਲ ਖਿੱਚ-ਧੂਹ ਕੀਤੀ ਅਤੇ ਆਸਾਰਾਮ ਨੂੰ ਰੱਬ ਕਰਾਰ ਦਿੱਤਾ। ਭਾਜਪਾ ਦੇ ਕਈ ਆਗੂਆਂ ਨੇ ਆਸਾਰਾਮ ਦਾ ਪੱਖ ਲਿਆ ਅਤੇ ਨਰਿੰਦਰ ਮੋਦੀ ਨੇ ਭਾਜਪਾ ਨੂੰ ਆਸਾਰਾਮ ਦੇ ਮਾਮਲੇ ਤੋਂ ਨਿਖੇੜਾ ਕਰਨ ਦੀ ਸਲਾਹ ਦਿੱਤੀ। ਇਸ ਦੌਰਾਨ 'ਯੋਗ ਵੇਦਾਂਤਾ ਸਮਿਤੀ' ਦੇ ਮੁਖੀ ਆਸਾਰਾਮ ਦੇ ਪੱਖ ਵਿੱਚ 28 ਅਗਸਤ ਨੂੰ ਸੂਰਤ ਵਿੱਚ 'ਭਾਰਤੀ ਸੱਭਿਆਚਾਰ ਦੀ ਰੱਖਿਆ ਲਈ ਵਿਰਾਟ ਸੰਤ ਸੰਮਲੇਨ' ਕੀਤਾ ਗਿਆ। ਆਸਾਰਾਮ ਨੇ ਕਿਹਾ, "ਮੈਨੂੰ ਕੋਈ ਗ੍ਰਿਫ਼ਤਾਰ ਨਹੀਂ ਕਰ ਸਕਦਾ।" ਸਭ ਤੋਂ ਅਹਿਮ ਬਿਆਨ ਇਸੇ ਸੰਮੇਲਨ ਵਿੱਚ ਸਨਾਤਨ ਸੰਸਥਾ ਦੇ ਬੁਲਾਰੇ ਅਭੈ ਵਾਰਤਕ ਦਾ ਹੈ ਜੋ ਇਸ ਮਾਮਲੇ ਦੀਆਂ ਜੜ੍ਹਾਂ ਅਤੇ ਪਹੁੰਚ ਦੀ ਦੱਸ ਪਾਉਂਦਾ ਹੈ।
ਡਾ. ਨਰਿੰਦਰ ਦਾਭੋਲਕਰ ਦੇ ਕਤਲ ਤੋਂ ਬਾਅਦ ਸ਼ੱਕ ਦੇ ਘੇਰੇ ਵਿੱਚ ਸਮਝੀ ਜਾਂਦੀ ਹਿੰਦੂ ਜਨਜਾਗ੍ਰਿਤੀ ਸਮਿਤੀ ਇਸ ਵੇਲੇ ਆਸਾਰਾਮ ਦੇ ਪੱਖ ਵਿੱਚ ਸੰਤਾਂ ਅਤੇ ਹਿੰਦੂ ਸ਼ਰਧਾਲੂਆਂ ਦੀ ਗੋਲਬੰਦੀ ਵਿੱਚ ਲੱਗੀ ਹੋਈ ਹੈ। ਹਿੰਦੂ ਜਨਜਾਗ੍ਰਿਤੀ ਸਮਿਤੀ ਦੀ ਵੈੱਬਸਾਇਟ ਉੱਤੇ ਸਨਾਤਨ ਸੰਸਥਾ ਦੇ ਬੁਲਾਰੇ ਅਭੈ ਵਾਰਤਕ ਦਾ ਬਿਆਨ ਆਸਾਰਾਮ ਦੀ ਸ਼ਰਧਾ ਵਿੱਚੋਂ ਉਪਜਦੀ ਤਾਕਤ ਅਤੇ ਡਾ. ਦਾਭੋਲਕਰ ਦੇ ਕਤਲ ਦੀਆਂ ਸਾਂਝੀਆਂ ਤੰਦਾਂ ਦੀ ਸ਼ਨਾਖ਼ਤ ਕਰਦਾ ਹੈ, "ਸਰਕਾਰ ਇੱਕ ਸੰਤ ਨੂੰ ਕਾਬੂ ਕਰਨ ਵਿੱਚ ਔਖੀ ਹੋਈ ਪਈ ਹੈ। ਇਸੇ ਲਈ ਮਹਾਂਰਾਸ਼ਟਰ ਸਰਕਾਰ ਨੇ 'ਜਾਦੂ ਟੂਣੇ ਅਤੇ ਅੰਧ-ਵਿਸ਼ਵਾਸ ਖ਼ਿਲਾਫ਼ ਕਾਨੂੰਨ' ਬਣਾਇਆ ਹੈ ਤਾਂ ਜੋ ਸਾਰੇ ਸੰਤਾਂ ਨੂੰ ਇੱਕੋ ਝਟਕੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਸਕੇ। ਇਸ ਕਾਨੂੰਨ ਦਾ ਸੰਤਾਂ ਦੀਆਂ ਜੀਵਨੀਆਂ ਅਤੇ ਰਹੁ-ਰੀਤ ਉੱਤੇ ਮਾੜਾ ਅਸਰ ਪਵੇਗਾ। ਹਿੰਦੂਆਂ ਨੂੰ ਆਸਾਰਾਮ ਦੀ ਬਦਨਾਮੀ ਕਰਨ ਵਾਲੇ ਚੈਨਲਾਂ ਦਾ ਬਾਈਕਾਟ ਕਰ ਕੇ ਸਿਰਫ਼ 'ਸੁਦਰਸ਼ਨ' ਚੈਨਲ ਦੇਖਣਾ ਚਾਹੀਦਾ ਹੈ ਅਤੇ 'ਸਨਾਤਕ ਪ੍ਰਵਾਤ' ਪੜ੍ਹਨਾ ਚਾਹੀਦਾ ਹੈ ਤਾਂ ਜੋ ਹਿੰਦੂ ਧਰਮ ਵਿਰੋਧੀ ਲੋਕਾਂ ਦਾ ਵਿਚਾਰਧਾਰਕ ਪੱਧਰ ਉੱਤੇ ਵਿਰੋਧ ਕੀਤਾ ਜਾ ਸਕੇ।"
ਇਸ ਵੇਲੇ ਪੂਰੇ ਮੁਲਕ ਵਿੱਚ ਔਰਤਾਂ ਖ਼ਿਲਾਫ਼ ਹਿੰਸਾ ਉੱਤੇ ਚਰਚਾ ਚੱਲ ਰਹੀ ਹੈ। ਦਿੱਲੀ ਵਾਲੇ ਮਾਮਲੇ ਦਾ ਅਦਾਲਤੀ ਫ਼ੈਸਲਾ ਆਇਆ ਹੈ। ਮੁੰਬਈ ਵਿੱਚ ਫੋਟੋ-ਪੱਤਰਕਾਰ ਨਾਲ ਬਲਾਤਕਾਰ ਦਾ ਮਾਮਲਾ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਿਆ ਹੋਇਆ ਹੈ। ਨੋਇਡਾ ਦੇ ਸਮੂਹਿਕ ਬਲਾਤਕਾਰ ਦੇ ਮਾਮਲੇ ਦੇ ਮੁਲਜ਼ਮਾਂ ਵਿੱਚ ਦੋ ਪੁਲਿਸ ਮੁਲਾਜ਼ਮ ਸ਼ਾਮਿਲ ਹਨ। ਬਾਲੀਵੁੱਡ ਫ਼ਿਲਮ ਸਨਅਤ ਦੇ ਕੱਦਾਵਰ ਅਦਾਕਾਰ ਓਮ ਪੂਰੀ ਖ਼ਿਲਾਫ਼ ਉਨ੍ਹਾਂ ਦੀ ਘਰਵਾਲੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸੇ ਦੌਰ ਵਿੱਚ ਆਸਾਰਾਮ ਦੇ ਮੌਜੂਦਾ ਮਾਮਲੇ ਤੋਂ ਪਹਿਲਾਂ ਇੱਕ ਪੁਰਾਣੇ ਬਿਆਨ ਦਾ ਜ਼ਿਕਰ ਕਰਨਾ ਜ਼ਰੂਰੀ ਸੀ। ਜਦੋਂ ਦਿੱਲੀ ਦੇ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਲੋਕ ਸੜਕਾਂ ਉੱਤੇ ਰੋਸ ਮੁਜ਼ਾਹਰੇ ਕਰ ਰਹੇ ਸਨ ਤਾਂ ਆਸਾਰਾਮ ਨੇ ਬਿਆਨ ਦਿੱਤਾ ਸੀ, "ਮੁਲਜ਼ਮ ਮੁੰਡਿਆਂ ਦੇ ਨਾਲ ਇਹ ਕੁੜੀ ਵੀ ਕਸੂਰਵਾਰ ਹੈ। ਉਸ ਨੂੰ ਰੱਬ ਦਾ ਨਾਮ ਲੈਣਾ ਚਾਹੀਦਾ ਹੈ ਅਤੇ ਹਮਲਾਵਰਾਂ ਨੂੰ ਭਰਾ ਕਹਿ ਕੇ ਉਨ੍ਹਾਂ ਦੇ ਪੈਰੀਂ ਪੈ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਉਹ ਬਚ ਸਕਦੀ ਸੀ ... ਗ਼ਲਤੀ ਇੱਕ ਪਾਸਿਓਂ ਨਹੀਂ ਹੁੰਦੀ।" ਇਨ੍ਹਾਂ ਹਾਲਾਤ ਵਿੱਚ ਆਸਾਰਾਮ ਦੇ ਮਾਮਲੇ ਉੱਤੇ ਚਰਚਾ ਹੋਣੀ ਚਾਹੀਦੀ ਹੈ। ਜੇ ਇਸ ਮਾਮਲੇ ਨੂੰ ਮੌਜੂਦਾ ਪੁਲਿਸ ਸ਼ਿਕਾਇਤ ਤੱਕ ਮਹਿਦੂਦ ਕਰ ਲਿਆ ਜਾਵੇ ਤਾਂ ਇਹ ਸਬੂਤਾਂ, ਹਾਲਾਤ ਅਤੇ ਗਵਾਹਾਂ ਤੱਕ ਘਟ ਕੇ ਰਹਿ ਜਾਵੇਗਾ ਜਿਸ ਦੀ ਆਪਣੇ-ਆਪ ਵਿੱਚ ਬਹੁਤ ਅਹਿਮੀਅਤ ਹੈ। ਵਡੇਰਾ ਸਵਾਲ ਇਹ ਹੈ ਕਿ ਇਸ ਰੁਝਾਨ ਪਿੱਛੇ ਕਾਰਜਸ਼ੀਲ ਤਾਕਤ ਕੀ ਹੈ? ਜੇ ਆਸਾਰਾਮ ਨੂੰ ਇਸ ਕਾਰਜਸ਼ੀਲ ਤਾਕਤ ਦਾ ਨੁਮਾਇੰਦਾ ਮੰਨ ਕੇ ਪੜਚੋਲ ਕੀਤੀ ਜਾਵੇ ਤਾਂ ਇਸ ਰੁਝਾਨ ਦੀਆਂ ਕਈ ਪਰਤਾਂ ਸਮਝ ਆਉਂਦੀਆਂ ਹਨ।
ਘਟਨਾ 15 ਅਗਸਤ ਨੂੰ ਜੋਧਪੁਰ ਵਿੱਚ ਵਾਪਰੀ ਅਤੇ ਸ਼ਿਕਾਇਤ 18 ਅਗਸਤ ਨੂੰ ਦਿੱਲੀ ਵਿੱਚ ਦਰਜ ਹੋਈ। ਬਾਅਦ ਵਿੱਚ ਸ਼ਿਕਾਇਤ ਦਾ ਜੋਧਪੁਰ ਤਬਾਦਲਾ ਕੀਤਾ ਗਿਆ। ਆਸਾਰਾਮ ਨੂੰ 26 ਤੋਂ 30 ਅਗਸਤ ਤੱਕ ਪੇਸ਼ ਹੋਣ ਦਾ ਸਮਾਂ ਦਿੱਤਾ ਗਿਆ। ਇਸ ਦੌਰਾਨ ਆਸਾਰਾਮ ਦੇ ਆਸ਼ਰਮਾਂ ਦੇ ਨੁਮਾਇੰਦਿਆਂ ਨੇ ਕਈ ਤਰ੍ਹਾਂ ਦੇ ਬਿਆਨ ਦਿੱਤੇ। ਆਸਾਰਾਮ ਨੇ ਆਪ ਕਈ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ। ਆਸਾਰਾਮ ਨੇ ਕਿਹਾ ਕਿ ਉਹ ਕੁੜੀ ਪਾਕ ਹੈ ਅਤੇ ਉਸ ਨਾਲ ਕੁਝ ਵੀ ਅਜਿਹਾ ਨਹੀਂ ਹੋਇਆ। ਉਹ ਇਹ ਵੀ ਕਹਿ ਰਿਹਾ ਸੀ ਕਿ ਉਹ ਕੁੜੀ ਬਹੁਤ ਹੁਸ਼ਿਆਰ ਹੈ ਅਤੇ ਉਸ ਨੂੰ ਨਾਬਾਲਗ਼ ਕਹਿਣਾ ਹੀ ਗ਼ਲਤ ਹੈ। ਆਸਾਰਾਮ ਨੂੰ ਰੱਬ ਕਰਾਰ ਦੇਣ ਅਤੇ ਹੋਰ ਗੁਰੂਆਂ ਨਾਲ ਉਸ ਨੂੰ ਮੇਲ ਕੇ ਵੇਖਣ ਵਾਲੇ ਕਈ ਬਿਆਨ ਆਏ। ਇੱਕ ਅਜਿਹੇ ਹੀ ਬਿਆਨ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਆਸਾਰਾਮ ਦੇ ਹਮਾਇਤੀਆਂ ਨੇ ਲਗਾਤਾਰ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ। ਆਸਾਰਾਮ ਦੇ ਆਸ਼ਰਮ ਵਿੱਚੋਂ ਅਸ਼ਵਨੀ ਨਾਮ ਦੀ ਕਿਸੇ ਕੁੜੀ ਦੱਸਿਆ ਕਿ ਉਹ ਇਲਜ਼ਾਮ ਲਗਾਉਣ ਵਾਲੀ ਕੁੜੀ ਦੀ ਜਮਾਤੀ ਹੈ ਅਤੇ ਉਨ੍ਹਾਂ ਦੀ ਟੈਲੀਫੋਨ ਉੱਤੇ ਗੱਲ ਹੋਈ ਹੈ, ਉਹ ਕਹਿ ਰਹੀ ਹੈ, "ਮੈਂ ਨਹੀਂ, ਸਗੋਂ ਮੇਰੇ ਮਾਪੇ ਇਲਜ਼ਾਮ ਲਗਾ ਰਹੇ ਹਨ।"
ਇਸੇ ਦੌਰਾਨ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ, ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਉਮਾ ਭਾਰਤੀ ਨੇ ਬਿਆਨ ਦਿੱਤਾ, "ਰਾਜਸਥਾਨ ਅਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੈ। ਆਸਾਰਾਮ ਬਾਪੂ ਕਾਂਗਰਸ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਤਿੱਖੀ ਨੁਕਤਾਚੀਨੀ ਕਰਦਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਉੱਤੇ ਸਿਆਸਤ ਅਸਰਅੰਦਾਜ਼ ਹੋਈ ਹੈ। ਜੇ ਉਹ ਕਸੂਰਵਾਰ ਹੋਇਆ ਤਾਂ ਮੈਂ ਉਸ ਨੂੰ ਸਭ ਤੋਂ ਪਹਿਲਾਂ ਸਜ਼ਾ ਦੇਵਾਂਗੀ।" ਰਾਜ ਸਭਾ ਵਿੱਚ ਭਾਜਪਾ ਦੇ ਨੁਮਾਇੰਦੇ ਪ੍ਰਭਾਤ ਝਾਅ ਨੇ ਇਸ ਮਾਮਲੇ ਨੂੰ ਸਿਆਸੀ ਸਾਜ਼ਿਸ਼ ਕਰਾਰ ਦਿੱਤਾ। ਇੰਦੌਰ ਤੋਂ ਭਾਜਪਾ ਦੇ ਵਿਧਾਇਕ ਰਮੇਸ਼ ਮੰਦੌਲਾ ਨੇ ਆਸਾਰਾਮ ਦੇ ਸ਼ਰਧਾਲੂਆਂ ਨਾਲ ਮਿਲ ਕੇ ਮੁਜ਼ਾਹਰਾ ਕੀਤਾ। 'ਦਿ ਹਿੰਦੂ' ਵਿੱਚ ਉਸ ਦਾ ਬਿਆਨ ਛਪਿਆ ਹੈ, "ਇਹ ਬਾਪੂ ਨੂੰ ਬਦਨਾਮ ਕਰਨ ਲਈ ਕੁਝ ਭਾਰਤੀਆਂ ਦੀ ਵਿਦੇਸ਼ੀਆਂ ਨਾਲ ਮਿਲ ਕੇ ਕੀਤੀ ਗਈ ਸਾਜ਼ਿਸ਼ ਹੈ। ਅਸੀਂ ਸੰਤਾਂ ਦੀ ਪਸ਼ੇਮਾਨੀ ਦਾ ਵਿਰੋਧ ਕਰਨ ਆਏ ਹਾਂ।" ਭਾਜਪਾ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਨਰਿੰਦਰ ਮੋਦੀ ਨੇ ਚੁੱਪ ਤੋੜੀ, "ਜੇ ਸੰਤ ਅਜਿਹੀਆਂ ਕਰਤੂਤਾਂ ਕਰਦੇ ਹਨ ਤਾਂ ਇਹ ਸਮਾਜ ਉੱਤੇ ਬਹੁਤ ਵੱਡਾ ਧੱਬਾ ਹੈ।" ਜੇ ਭਾਜਪਾ ਆਗੂਆਂ ਸਮੇਤ ਆਸਾਰਾਮ ਦੇ ਸਾਰੇ ਆਗੂਆਂ ਦੇ ਬਿਆਨਾਂ ਦੀ ਪੜਚੋਲ ਕੀਤੀ ਜਾਵੇ ਤਾਂ ਇਨ੍ਹਾਂ ਵਿੱਚ ਇੱਕ ਤਰਤੀਬ ਉਭਰਦੀ ਹੈ। ਇਨ੍ਹਾਂ ਵਿੱਚ ਇਨਸਾਫ਼ ਦੀ ਮੰਗ ਕਰਨ ਵਾਲੀ ਔਰਤ ਖ਼ਿਲਾਫ਼ ਵਰਤੀਆਂ ਜਾਣ ਵਾਲੀਆਂ ਤਮਾਮ ਜੁਗਤਾਂ ਹਾਜ਼ਰ ਹਨ। ਇਨ੍ਹਾਂ ਵਿੱਚ ਸੰਤ ਨੂੰ ਸ਼ਰਧਾ ਦੇ ਘੇਰੇ ਵਿੱਚ ਰੱਖ ਕੇ ਬਿਨਾਂ ਕਿਸੇ ਪੁੱਛ-ਪੜਤਾਲ ਦੇ ਪਾਕਿ-ਪਵਿੱਤਰ ਕਰਾਰ ਦੇਣ ਦੀ ਦਲੀਲ ਹੈ। ਪੀੜਤ ਨੂੰ ਚਾਲਾਕ ਅਤੇ ਮਾਪਿਆਂ ਨੂੰ ਸਾਜ਼ਿਸ਼ੀ ਗਰਦਾਨਣ ਦਾ 'ਉੱਦਮ' ਹੈ। ਸ਼ਿਕਾਇਤ ਕਰਨ ਵਾਲਿਆਂ ਉੱਤੇ ਰੱਬ, ਸ਼ਰਧਾ, ਸਮਾਜ ਅਤੇ ਸਿਆਸਤ ਦੇ ਨਾਮ ਉੱਤੇ ਦਬਾਅ ਪਾਉਣ ਦਾ ਉਪਰਾਲਾ ਹੋ ਰਿਹਾ ਹੈ।
ਮੋਦੀ ਅਤੇ ਉਮਾ ਭਾਰਤੀ ਦੇ ਬਿਆਨਾਂ ਵਿੱਚ ਕੁਝ ਇਤਫ਼ਰਕਾ ਜਾਪਦਾ ਹੈ ਪਰ ਇਹ ਮਹਿਜ਼ ਲਿਹਾਫ਼ ਹੈ। ਦਰਅਸਲ ਸੰਤਾਂ ਨੂੰ ਸਵਾਲਾਂ ਦੇ ਘੇਰੇ ਤੋਂ ਬਾਹਰ ਰੱਖਣ ਦੀ ਦਲੀਲ ਦੋਵੇਂ ਦੇ ਰਹੇ ਹਨ। ਨਰਿੰਦਰ ਮੋਦੀ ਲਈ ਹੁਣ ਪ੍ਰਧਾਨ ਮੰਤਰੀ ਦੀ ਉਮੀਦਵਾਰੀ ਦਾ ਜ਼ਾਬਤਾ ਅਹਿਮ ਹੋ ਗਿਆ ਹੈ ਅਤੇ ਨਾਲ ਹੀ ਬਿਹਤਰ ਪ੍ਰਸ਼ਾਸਕ ਵਜੋਂ ਅਕਸ ਉਸਾਰਨ ਦਾ ਸਵਾਲ ਹੈ। ਜੇ ਨਰਿੰਦਰ ਮੋਦੀ ਇਸ ਵੇਲੇ ਆਸਾਰਾਮ ਦੀ ਹਮਾਇਤ ਕਰ ਦਿੰਦਾ ਤਾਂ ਭਾਜਪਾ ਦੀ ਜ਼ਿਆਦਾ ਪਸ਼ੇਮਾਨੀ ਹੋਣੀ ਸੀ। ਆਸਾਰਾਮ ਖ਼ਿਲਾਫ਼ ਤਿੰਨ ਅਹਿਮ ਮਾਮਲੇ ਗੁਜਰਾਤ ਵਿੱਚ ਦਰਜ ਹਨ। ਅਪਰੈਲ 2008 ਵਿੱਚ ਅਹਿਮਦਾਬਾਦ ਵਿੱਚ ਆਸਾਰਾਮ ਦੇ ਆਸ਼ਰਮ ਦੀ ਸਰਪ੍ਰਸਤੀ ਵਿੱਚ ਚੱਲਦੇ ਸਕੂਲ ਵਿੱਚ ਦੋ ਨਾਬਾਲਗ਼ ਮੁੰਡਿਆਂ ਦੀ ਰਹੱਸਮਈ ਮੌਤ ਹੋਈ ਸੀ। ਇਸ ਮਾਮਲੇ ਵਿੱਚ ਗੁਜਰਾਤ ਦੀ ਸੀ.ਆਈ.ਡੀ. ਨੇ ਆਸ਼ਰਮ ਦੇ ਸੱਤ ਅਹੁਦੇਦਾਰਾਂ ਨੂੰ ਮੁਲਜ਼ਮ ਬਣਾਇਆ ਹੈ। ਇਸੇ ਆਸ਼ਰਮ ਵਿੱਚ ਆਸਾਰਾਮ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਹੈ। ਇਸ ਤੋਂ ਬਿਨਾਂ ਉਸ ਉੱਤੇ 2010 ਵਿੱਚ ਗੁਜਰਾਤ ਸਰਕਾਰ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਦਾ ਮੁਕੱਦਮਾ ਚੱਲ ਰਿਹਾ ਹੈ; ਜਦੋਂ ਕਿ ਇਸੇ ਗੁਜਰਾਤ ਸਰਕਾਰ ਨੇ ਨਵਸਾਰੀ ਜ਼ਿਲ੍ਹੇ ਦੇ ਭੈਰਵੀ ਪਿੰਡ ਵਿੱਚ ਆਸਾਰਾਮ ਆਸ਼ਰਮ ਨੂੰ ਸੰਨ 2000 ਵਿੱਚ ਦਸ ਏਕੜ ਜ਼ਮੀਨ ਦਿੱਤੀ ਸੀ। ਆਸਾਰਾਮ ਨੇ ਬਾਅਦ ਨੇ ਛੇ ਏਕੜ ਵਾਧੂ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਸੀ। ਮੁਕਾਮੀ ਲੋਕਾਂ ਨੇ ਵਿਰੋਧ ਕੀਤਾ ਤਾਂ ਪ੍ਰਸ਼ਾਸਨ ਨੇ ਆਸ਼ਰਮ ਦੀਆਂ ਉਸਾਰੀਆਂ ਢਾਹ ਕੇ ਕਬਜ਼ੇ ਵਾਲੀ ਜ਼ਮੀਨ ਛੁਡਾਈ ਸੀ। ਇਨ੍ਹਾਂ ਮਾਮਲਿਆਂ ਦੀ ਜਾਣਕਾਰੀ ਤੋਂ ਬਾਅਦ ਮੋਦੀ ਦਾ ਬੋਚ ਕੇ ਬੋਲਣਾ ਸਮਝ ਆਉਂਦਾ ਹੈ। ਨਾਲ ਹੀ ਇਹ ਸਾਫ਼ ਹੈ ਕਿ ਆਸਾਰਾਮ ਦਾ ਕਾਰੋਬਾਰ ਅਤੇ ਆਸ਼ਰਮਾਂ ਦਾ ਜਾਲ ਸਿਆਸੀ ਸਰਪ੍ਰਸਤੀ ਹੇਠ ਉਸਰਿਆ ਹੈ। ਇਹ ਵੱਖਰੀ ਗੱਲ ਹੈ ਕਿ ਉਹ ਸਿਆਸੀ ਸਰਪ੍ਰਸਤੀ ਤੋਂ ਜ਼ਿਆਦਾ ਗੁੰਜ਼ਾਇਸ਼ ਦੀ ਤਵੱਕੋ ਕਰਦਾ ਹੈ।
ਮੋਦੀ ਅਤੇ ਊਮਾ ਭਾਰਤੀ ਵਿੱਚ ਜਾਪਦਾ ਇਤਫ਼ਰਕਾ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਸ਼ੋਕ ਸਿੰਘਲ ਨੇ ਸਾਫ਼ ਕਰ ਦਿੱਤਾ ਹੈ। ਉਨ੍ਹਾਂ ਦਾ ਬਿਆਨ ਹੈ, "ਕੋਈ 80 ਸਾਲਾ ਸੰਤ ਖ਼ਿਲਾਫ਼ ਅਜਿਹਾ ਇਲਜ਼ਾਮ ਕਿਵੇਂ ਲਗਾ ਸਕਦਾ ਹੈ?" ਉਨ੍ਹਾਂ ਅੱਗੇ ਕਿਹਾ ਕਿ ਹਿੰਦੂ ਧਰਮ ਉੱਤੇ ਅਜਿਹੇ ਹਮਲੇ 2004 ਕਾਂਚੀ ਦੇ ਸੰਕਰਾਚਾਰਿਆ ਦੀ ਕਤਲ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰੀ ਨਾਲ ਸ਼ੁਰੂ ਹੋਏ ਸਨ। ਇਸੇ ਦੌਰਾਨ ਇੱਕ ਟੈਲੀਵਿਜ਼ਨ ਨਾਲ ਮੁਲਾਕਾਤ ਵਿੱਚ ਕਾਂਚੀ ਦੇ ਸੰਕਰਾਚਾਰਿਆ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਬਿਹਤਰੀਨ ਦਾਅਵੇਦਾਰ ਕਰਾਰ ਦਿੱਤਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਬੁਲਾਰੇ ਚਮਪਤ ਰਾਏ ਨੇ ਬਿਆਨ ਦਿੱਤਾ ਹੈ, "ਸਾਨੂੰ ਇਹ ਹਿੰਦੂਆਂ ਦੇ ਵਿਸ਼ਵਾਸ਼ ਅਤੇ ਸ਼ਰਧਾ ਖ਼ਿਲਾਫ਼ ਸਾਜ਼ਿਸ਼ ਜਾਪਦੀ ਹੈ। ਜਦੋਂ ਵਿਸ਼ਵਾਸ਼ ਕਮਜ਼ੋਰ ਹੁੰਦਾ ਹੈ ਤਾਂ ਸਮਾਜ ਨਿਤਾਣਾ ਹੋ ਜਾਂਦਾ ਹੈ। ਸਾਡੇ ਮੀਡੀਆ ਉੱਤੇ ਖਾੜੀ ਦੇ ਮੁਲਕਾਂ ਅਤੇ ਡਾਲਰਾਂ ਵਾਲਿਆਂ ਦਾ ਕਬਜ਼ਾ ਹੈ ਜੋ ਹਿੰਦੂਆਂ ਨੂੰ ਬਦਨਾਮ ਕਰਨ ਦਾ ਮੌਕਾ ਭਾਲਦਾ ਰਹਿੰਦਾ ਹੈ।" ਰਾਸ਼ਟਰੀ ਸਵੈਮ ਸੇਵਕ ਸੰਘ ਦੇ ਬੁਲਾਰੇ ਰਾਮ ਮਾਧਵ ਨੇ ਕਿਹਾ ਹੈ ਕਿ ਜੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਬਿਆਨ ਦੇ ਦਿੱਤਾ ਹੈ ਤਾਂ ਉਨ੍ਹਾਂ ਨੂੰ ਬਿਆਨ ਦੇਣ ਦੀ ਲੋੜ ਨਹੀਂ। ਇਨ੍ਹਾਂ ਸਾਰੇ ਬਿਆਨਾਂ ਨਾਲ ਨਰਿੰਦਰ ਮੋਦੀ ਤੋਂ ਲੈਕੇ ਉਮਾ ਭਾਰਤੀ, ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਇੱਕੋ ਸੋਚ ਤਹਿਤ ਆਸਾਰਾਮ ਵਰਗਿਆਂ ਦੇ ਸ਼ਰਧਾ ਦੇ ਕਾਰੋਬਾਰ ਦੀ ਵਕਾਲਤ ਕਰਦੇ ਨਜ਼ਰ ਆਉਂਦੇ ਹਨ।
ਆਸਾਰਾਮ ਦੀ ਸਿਆਸੀ ਸਰਪ੍ਰਸਤੀ ਸਿਰਫ਼ ਭਾਜਪਾ ਨਹੀਂ ਕਰਦੀ, ਕਾਂਗਰਸੀ ਵੀ ਮੌਕਾ-ਮੇਲ ਹੋਣ ਉੱਤੇ ਇਹੋ ਕਰਦੇ ਹਨ। ਮੱਧ ਪ੍ਰਦੇਸ਼ ਦੀ ਸਰਕਾਰ ਨੇ ਰਤਲਾਮ ਦੇ ਮੇਘਾਲਿਆ ਮੰਦਿਰ ਵਿੱਚ ਆਸਾਰਾਮ ਦੀ 'ਯੋਗ ਵੇਦਾਂਤਾ ਸਮਿਤੀ' ਨੂੰ 2001 ਵਿੱਚ 11 ਦਿਨਾਂ ਲਈ ਸਤਸੰਗ ਕਰਨ ਦੀ ਇਜਾਜ਼ਤ ਦਿੱਤੀ ਸੀ। ਉਸ ਤੋਂ ਬਾਅਦ ਇਨ੍ਹਾਂ ਨੇ ਅੱਜ ਤੱਕ ਉਹ ਥਾਂ ਖਾਲੀ ਨਹੀਂ ਕੀਤੀ। ਇਸ ਤਰ੍ਹਾਂ ਆਸਾਰਾਮ ਨੇ 700 ਕਰੋੜ ਦੇ ਸਰਕਾਰੀ ਮੁੱਲ ਵਾਲੀ 100 ਏਕੜ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਹੈ। ਕਬਜ਼ਾ ਕਰਨ ਵੇਲੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਸੀ। ਦਸੰਬਰ 2003 ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਉਮਾ ਭਾਰਤੀ ਆਪ 260 ਦਿਨਾਂ ਲਈ ਮੁੱਖ ਮੰਤਰੀ ਰਹੀ ਹੈ। ਪ੍ਰੋ. ਮੀਰਾ ਨੰਦਾ ਨੇ ਆਪਣੀ ਕਿਤਾਬ 'ਦਿ ਗੌਡ ਮਾਰਕਿਟ' ਵਿੱਚ ਦਲੀਲ ਦਿੱਤੀ ਹੈ ਕਿ ਸਰਕਾਰ (ਕਿਸੇ ਵੀ ਪਾਰਟੀ ਦੀ) ਨੇ ਰੱਬ ਦੇ ਨਾਮ ਉੱਤੇ ਚੱਲਦੇ ਸ਼ਰਧਾ ਦੇ ਕਾਰੋਬਾਰ ਨੂੰ ਲਗਾਤਾਰ ਸਰਪ੍ਰਸਤੀ ਦਿੱਤੀ ਹੈ। ਸਰਕਾਰੀ ਜਾਇਦਾਦ ਉੱਤੇ ਕਬਜ਼ੇ ਕਰਵਾਉਣ ਦੇ ਨਾਲ-ਨਾਲ ਇਨ੍ਹਾਂ ਨੂੰ ਪਰਉਪਕਾਰ ਅਤੇ ਭਲਾਈ ਦੇ ਨਾਮ ਉੱਤੇ ਖ਼ਜ਼ਾਨਾ ਵੀ ਲੁਟਾਇਆ ਗਿਆ ਹੈ। ਨਤੀਜੇ ਵਜੋਂ ਪੜ੍ਹੇ-ਲਿਖੇ ਸ਼ਹਿਰੀ ਮੱਧ-ਵਰਗ ਵਿੱਚ ਸ਼ਰਧਾ ਦਾ ਪਸਾਰਾ ਹੋਇਆ ਹੈ। ਪ੍ਰੋ. ਮੀਰਾ ਇਸੇ ਦਲੀਲ ਨੂੰ ਖੁੱਲ੍ਹੀ ਮੰਡੀ ਦੇ ਆਪਹੁਦਰੇਪਣ ਨਾਲ ਜੋੜਦੀ ਹੈ। ਇੱਕ ਤਰ੍ਹਾਂ ਨਾਲ ਮੌਜੂਦਾ ਸਿਆਸੀ ਲਾਣਾ ਸਾਧਾਂ-ਸੰਤਾਂ ਦੇ ਆਪਹੁਦਰੇਪਣ ਨੂੰ ਸ਼ਰਧਾ ਦੇ ਘੇਰੇ ਵਿੱਚੋਂ ਵੇਖਣ ਦੀ ਜਾਚ ਸਿਖਾਉਂਦਾ ਜਾਪਦਾ ਹੈ।
ਇਨ੍ਹਾਂ ਸਾਧਾਂ-ਸੰਤਾਂ ਨੂੰ ਰੱਬ ਕਰਾਰ ਦਿੱਤਾ ਜਾਂਦਾ ਹੈ। ਇਨ੍ਹਾਂ ਨੂੰ ਸਰਕਾਰੀ ਜ਼ਮੀਨਾਂ, ਰਿਆਇਤਾਂ ਅਤੇ ਛੋਟਾਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਦੀਆਂ ਵਧੀਕੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਨ੍ਹਾਂ ਵਧੀਕੀਆਂ ਵਿੱਚ ਜ਼ਮੀਨਾਂ-ਜਾਇਦਾਦਾਂ ਉੱਤੇ ਕਬਜ਼ੇ, ਆਸ਼ਰਮਾਂ ਦੇ ਗੁਆਂਢ ਵਿੱਚ ਲੋਕਾਂ ਨਾਲ ਕੀਤੀ ਧੱਕੇਸ਼ਾਹੀ, ਧਾਰਮਿਕ ਇਕੱਠਾਂ ਨਾਲ ਸੜਕਾਂ ਉੱਤੇ ਹੁੰਦੀ ਖੱਜਲਖੁਆਰੀ, ਰਾਤਾਂ ਨੂੰ ਬੇਆਰਾਮ ਕਰਦਾ ਰੌਲਾ, ਬਾਬਿਆਂ-ਮਾਤਾਵਾਂ ਦੀ ਐਸ਼-ਪ੍ਰਸਤੀ ਦੀ ਮਾਰ ਅਤੇ ਵਿਗਿਆਨਕ ਸੋਚ ਉੱਤੇ ਹਮਲਾ ਸ਼ਾਮਿਲ ਹੈ। 'ਹਿੰਦੂ ਜਨਜਾਗ੍ਰਿਤੀ ਸਮਿਤੀ' ਦਾ ਬੁਲਾਰਾ ਅਭੈ ਵਾਰਤਕ ਸ਼ਰਧਾ ਦੇ ਇਸ ਕਾਰੋਬਾਰ ਦਾ ਮੂੰਹ-ਜ਼ੋਰ ਬੁਲਾਰਾ ਹੈ। ਸਿਆਸੀ ਆਗੂ ਅਤੇ ਸਰਕਾਰ ਇਸ ਰੁਝਾਨ ਦੀ ਹਮਾਇਤ ਜਾਂ ਵਿਰੋਧ, ਵਿਚਾਰ ਪੱਖੋਂ ਨਹੀਂ ਸਗੋਂ ਜੁਗਤ ਪੱਖੋਂ ਕਰਦੇ ਹਨ। ਕਾਂਗਰਸੀਆਂ ਨੂੰ ਆਸਾਰਾਮ ਤੋਂ ਵਕਤੀ ਔਖ ਹੋ ਸਕਦੀ ਹੈ ਪਰ ਉਹ ਕਿਸੇ ਹੋਰ ਬਾਬੇ-ਮਾਤਾ ਦੇ ਪੈਰੀਂ ਲੱਗ ਜਾਣਗੇ। ਕੋਈ ਕਾਂਗਰਸੀ ਆਗੂ ਇਸੇ ਵੇਲੇ ਆਸਾਰਾਮ ਨਾਲ ਵੀ ਸ਼ਰਧਾ ਦੀ ਡੋਰ ਨਾਲ ਬੰਨ੍ਹਿਆ ਹੋ ਸਕਦਾ ਹੈ। ਪੰਜਾਬ ਵਿੱਚ ਬਾਦਲਕਿਆਂ ਦੀਆਂ ਦੋਵੇਂ ਪਾਰਟੀਆਂ ਅਤੇ ਕਾਂਗਰਸ ਦੇ ਆਗੂਆਂ ਨੂੰ ਸੱਚੇ-ਸੌਦੇ ਵਾਲਿਆਂ ਦੇ ਡੇਰੇ ਉੱਤੇ ਨੱਕ ਰਗੜਦੇ ਵੇਖਿਆ ਗਿਆ ਹੈ। ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਜਮਾਂਜੋੜ੍ਹ ਨੂਰਮਹਿਲ ਵਾਲੇ ਆਸ਼ੂਤੋਸ਼ ਦੀ ਪੁਸ਼ਤ-ਪਨਾਹੀ ਕਰਦਾ ਹੈ।
ਇਨ੍ਹਾਂ ਹਾਲਾਤ ਵਿੱਚ ਜ਼ਿਆਦਾਤਰ ਲੋਕ ਬਾਬਿਆਂ-ਮਾਤਾਵਾਂ-ਡੇਰਿਆਂ ਦੇ ਸ਼ਰਧਾਲੂਆਂ ਤੋਂ ਕੁੱਟ ਖਾ ਕੇ, ਆਪਣੀ ਜਾਇਦਾਦ ਇਨ੍ਹਾਂ ਨੂੰ ਕਬਜ਼ਾਨੁਮਾ ਸੌਦੇ ਰਾਹੀਂ ਵੇਚ ਕੇ, ਕੁੜੀਆਂ-ਮੁੰਡਿਆਂ ਨੂੰ ਵਧੀਕੀਆਂ ਤੋਂ ਬਾਅਦ ਚੁੱਪ ਰਹਿਣ ਦੀ ਮੱਤ ਦੇ ਕੇ ਅਤੇ ਇਨ੍ਹਾਂ ਦੀ ਖੱਜਲਖੁਆਰੀ ਨੂੰ ਹੋਣੀ ਮੰਨ ਕੇ ਚੁੱਪ ਦੇ ਬੰਦੀਖ਼ਾਨੇ ਵਿੱਚ ਕੈਦ ਹੋ ਜਾਂਦੇ ਹਨ। ਕਈਆਂ ਦੀ ਇੱਕ ਡੇਰੇ ਤੋਂ ਨਾਰਾਜ਼ਗੀ ਦੂਜੇ ਡੇਰੇ ਦੀ ਸ਼ਰਧਾ ਵਿੱਚ ਵਾਧੇ ਦਾ ਸਬੱਬ ਬਣਦੀ ਹੈ। ਕਈਆਂ ਦੀ ਹਿੰਮਤ ਪ੍ਰਸ਼ਾਸਨ ਦੇ ਮੁਕਾਮੀ ਅਦਾਰਿਆਂ ਦੀ ਤਸ਼ੱਦਦੀ ਪਹੁੰਚ ਸਾਹਮਣੇ ਜਵਾਬ ਦੇ ਜਾਂਦੀ ਹੈ। ਜੇ ਕਿਸੇ ਕੁੜੀ ਦੇ ਮਾਪਿਆਂ ਨੇ ਆਪਣੀ ਧੀ ਨਾਲ ਹੋਈ ਵਧੀਕੀ ਖ਼ਿਲਾਫ਼ ਪੁਲਿਸ ਤੱਕ ਪਹੁੰਚ ਕੀਤੀ ਹੈ ਤਾਂ ਉਨ੍ਹਾਂ ਨੇ ਬਿਖੜਾ ਪੈਂਡਾ ਤੈਅ ਕੀਤਾ ਹੈ। ਉਥੇ ਤੱਕ ਪਹੁੰਚਣ ਵਿੱਚ ਹੀ ਉਨ੍ਹਾਂ ਨੂੰ ਆਪਣੇ ਅਕੀਦਿਆਂ, ਸ਼ਰਧਾ ਅਤੇ ਪ੍ਰਸ਼ਾਸਨ ਦੀਆਂ ਸਲਾਹੁਣੀਆਂ ਨਾਲ ਜੂਝਣਾ ਪਿਆ ਹੋਵੇਗਾ। ਇਸ ਤੋਂ ਬਾਅਦ ਦਾ ਪੈਂਡਾ ਇਕੱਲਤਾ ਭਰਿਆ ਹੈ ਕਿਉਂਕਿ ਜੋ ਹਾਲਾਤ ਉਨ੍ਹਾਂ ਨੂੰ ਆਸਾਰਾਮ ਦੇ ਤਹਿਖ਼ਾਨੇ ਤੱਕ ਲੈ ਗਏ ਸਨ, ਉਹ ਜਿਉਂ ਦੇ ਤਿਉਂ ਹਨ। ਉਨ੍ਹਾਂ ਦੀ ਜਾਣ-ਪਛਾਣ ਵਾਲਾ ਸਮਾਜਕ ਘੇਰਾ ਉਸੇ ਸੋਚ ਵਾਲੀ ਜੀਵਨ ਸ਼ੈਲੀ ਜਿਉਂ ਰਿਹਾ ਹੈ ਜੋ ਇਨ੍ਹਾਂ ਨੂੰ ਵਧੀਕੀ ਦੀ ਜੱਦ ਵਿੱਚ ਲੈ ਗਈ ਸੀ। ਪੀੜਤ ਕੁੜੀ ਦਾ ਪਿਉ ਆਸਾਰਾਮ ਦਾ ਸ਼ਰਧਾਲੂ ਰਿਹਾ ਹੈ। ਉਸ ਨੇ ਸ਼ਾਹਜਹਾਂਪੁਰ ਵਿੱਚ ਆਸਾਰਾਮ ਦੇ ਆਸ਼ਰਮ ਲਈ ਜ਼ਮੀਨ ਖਰੀਦ ਕੇ ਦਿੱਤੀ ਸੀ। ਉਸ ਨੇ ਆਸਾਰਾਮ ਦਾ ਸ਼ਾਹਜਹਾਂਪੁਰ ਵਿੱਚ ਆਸ਼ਰਮ ਚਲਾਉਣ ਲਈ ਆਪਣਾ ਕਾਰੋਬਾਰ ਛੱਡ ਦਿੱਤਾ। ਆਸਾਰਾਮ ਦੇ ਕਹਿਣ ਉੱਤੇ ਆਪਣੇ ਬੱਚਿਆਂ ਨੂੰ ਆਸ਼ਰਮ ਦੇ ਸਕੂਲਾਂ ਵਿੱਚ ਪੜ੍ਹਨ ਲਗਾ ਦਿੱਤਾ। ਹੁਣ ਉਸ ਦੇ ਦੋ ਬੱਚੇ ਸਕੂਲੋਂ ਹਟ ਗਏ ਹਨ। ਦਿੱਲੀ ਪੁਲਿਸ ਨੇ ਸ਼ਿਕਾਇਤ, ਧਰਨੇ ਦੀ ਧਮਕੀ ਤੋਂ ਬਾਅਦ ਦਰਜ ਕੀਤੀ ਅਤੇ ਇਸ ਤੋਂ ਪਹਿਲਾਂ ਦਿੱਲੀ ਦੇ ਡਿਪਟੀ ਕਮਿਸ਼ਨਰ ਕੋਲ ਪੇਸ਼ ਕੀਤਾ ਗਿਆ ਜਿਸ ਨੇ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਮਾਪਿਆਂ ਅਤੇ ਪੀੜਤ ਕੁੜੀ ਦੇ ਬਿਆਨ ਦਰਜ ਕੀਤੇ। ਦਿੱਲੀ ਤੋਂ ਜੋਧਪੁਰ ਤਬਾਦਲਾ ਕੀਤੀ ਗਈ ਸ਼ਿਕਾਇਤ ਦਰਜ ਕਰਨ ਤੋਂ ਪਹਿਲਾਂ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਇਸ ਤੋਂ ਬਾਅਦ ਆਸਾਰਾਮ ਦੀ ਗ੍ਰਿਫ਼ਤਾਰੀ ਲਈ ਕੁੜੀ ਦੇ ਪਿਉ ਨੇ ਸ਼ਾਹਜਹਾਂਪੁਰ ਵਿੱਚ ਧਰਨਾ ਦਿੱਤਾ। ਇਸ ਤੋਂ ਬਾਅਦ 'ਇੰਡੀਅਨ ਐਕਸਪ੍ਰੈਸ. ਅਖਬਾਰ ਵਿੱਚ ਛਪਿਆ ਉਸ ਦਾ ਬਿਆਨ ਬਹੁਤ ਅਹਿਮ ਹੈ, "ਮੈਂ ਉਸ ਵਿੱਚ ਅੰਨ੍ਹੀ ਸ਼ਰਧਾ ਰੱਖ ਕੇ ਗ਼ਲਤੀ ਕੀਤੀ ਪਰ ਹੁਣ ਮੈਨੂੰ ਮੇਰੀ ਧੀ ਲਈ ਇਨਸਾਫ਼ ਚਾਹੀਦਾ ਹੈ। ਉਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਹੋਰ ਧੀਆਂ-ਭੈਣਾਂ ਦਾ ਬਚਾਅ ਹੋ ਸਕੇ।" ਉਸ ਦੀ ਅਗਲੀ ਗੱਲ ਹੋਰ ਧਿਆਨ ਦੀ ਮੰਗ ਕਰਦੀ ਹੈ, "ਜਦੋਂ ਮੈਂ ਉਸ ਦਾ ਸ਼ਰਧਾਲੂ ਸਾਂ ਤਾਂ ਮੈਨੂੰ ਉਸ ਖ਼ਿਲਾਫ਼ ਕੋਈ ਵੀ ਇਲਜ਼ਾਮ ਸੱਚਾ ਨਹੀਂ ਲੱਗਦਾ ਸੀ। ਮੈਨੂੰ ਪਤਾ ਹੈ ਕਿ ਉਸ ਦੇ ਅੰਨ੍ਹੇ ਸ਼ਰਧਾਲੂ ਕੁਝ ਵੀ ਕਰ ਸਕਦੇ ਹਨ।" ਇਹ ਉਸ ਕੁੜੀ ਦੇ ਪਿਉ ਦਾ ਤਜਰਬਾ ਬੋਲਦਾ ਹੈ। ਉਸੇ ਵਰਗਿਆਂ ਦਾ ਜਮਾਂਜੋੜ੍ਹ ਸ਼ਰਧਾ ਦੇ ਕਾਰੋਬਾਰ ਦਾ ਧੁਰਾ ਹੈ ਜਿਸ ਦੇ ਆਸਰੇ ਸਿਆਸਤਦਾਨ ਆਵਾਮ ਦੇ ਅਸਲ ਮੁੱਦਿਆਂ ਤੋਂ ਕੰਨੀ ਖਿਸਕਾ ਜਾਂਦੇ ਹਨ।
ਇਹ ਅੰਨ੍ਹੀ ਸ਼ਰਧਾ ਦਾ ਕਾਰੋਬਾਰ ਸ਼ਰਧਾਲੂਆਂ ਸਮੇਤ ਸਾਰੇ ਆਵਾਮ ਲਈ ਘਾਤਕ ਹੈ। ਇਹ ਗ਼ੈਰ-ਮਨੁੱਖੀ ਰੁਝਾਨ ਹੈ ਜੋ ਮਨੁੱਖ ਦਾ ਜਗਿਆਸੂ ਵਜੋਂ ਕਤਲ ਕਰਦਾ ਹੈ। ਇਸ ਰੁਝਾਨ ਨੂੰ ਸਵਾਲ ਪ੍ਰਵਾਨ ਨਹੀਂ ਹੈ ਕਿਉਂਕਿ ਸਿਰ ਨਿਵਾ ਕੇ ਆਸ਼ੀਰਵਾਦ ਲੈਣਾ ਸਭ ਤੋਂ ਅਹਿਮ ਬਣ ਗਿਆ ਹੈ। ਸਰਕਾਰਾਂ ਅਤੇ ਸਿਆਸਤਦਾਨਾਂ ਨੂੰ ਇਹ ਰੁਝਾਨ ਰਾਸ ਆਉਂਦਾ ਹੈ। ਜਗਿਆਸੂ ਮਨੁੱਖ ਸਵਾਲ ਪੁੱਛੇਗਾ। ਬੇਇਨਸਾਫ਼ੀ, ਨਾਬਰਾਬਰੀ ਅਤੇ ਵਿਤਕਰੇ ਨੂੰ ਹੋਣੀ ਮੰਨਣ ਤੋਂ ਇਨਕਾਰ ਕਰੇਗਾ। ਜਦੋਂ ਸਰਕਾਰ ਤੇ ਸਿਆਸਤਦਾਨ ਸ਼ਰਧਾ ਦੇ ਕਾਰੋਬਾਰ ਦੀ ਸਰਪ੍ਰਸਤੀ ਕਰਦੇ ਹਨ ਤਾਂ ਇਹ ਆਵਾਮ ਦੀ ਸ਼ਹਿਰੀ ਵਜੋਂ ਹਤਕ ਕਰਦੇ ਹਨ। ਬਾਬਿਆਂ-ਮਾਤਾਵਾਂ ਅਤੇ ਡੇਰਿਆਂ ਦੇ ਮੁੰਨੇ ਸੀਲ ਸ਼ਰਧਾਲੂ ਇਨ੍ਹਾਂ ਦੇ ਸੀਲ ਪਿੱਛਲੱਗ ਬਣਦੇ ਹਨ। ਇਹੋ ਮੰਡੀ ਦੇ ਸੀਲ ਖਪਤਕਾਰ ਬਣਦੇ ਹਨ। ਮਨੁੱਖ ਨੂੰ ਕਾਇਨਾਤ ਦਾ ਹਿੱਸਾ ਹੋਣ ਦੇ ਨਾਤੇ ਕੁਦਰਤ ਨੇ ਯਾਦਾਸ਼ਤ, ਜਗਿਆਸਾ ਅਤੇ ਗਿਆਨ ਹਾਸਲ ਕਰ ਸਕਣ ਦੀ ਸਮਰੱਥਾ ਨਾਲ ਨਵਾਜਿਆ ਹੈ। ਕੁਦਰਤ ਦੀ ਇਸ ਅਮਾਨਤ ਵਿੱਚ ਮਨੁੱਖੀ ਚੇਤਨਾ ਅਤੇ ਵਿਗਿਆਨਕ ਸੋਚ ਨੇ ਲਗਾਤਾਰ ਵਾਧਾ ਕੀਤਾ ਹੈ। ਸ਼ਰਧਾ ਦਾ ਕਾਰੋਬਾਰ ਮਨੁੱਖ ਨੂੰ ਜਗਿਆਸਾ ਤੋਂ ਨਿਖੇੜ ਕੇ ਪਸ਼ੂ ਬਿਰਤੀ ਨਾਲ ਜੋੜਦਾ ਹੈ ਜਿੱਥੇ ਗਿਆਨ, ਵਿਗਿਆਨ, ਸਤਿਕਾਰ, ਨੈਤਿਕਤਾ ਅਤੇ ਬੌਧਿਕ-ਅਧਿਆਤਮਕ ਉਡਾਨ ਦੇ ਮਾਅਨੇ ਖ਼ਤਮ ਹੋ ਜਾਂਦੇ ਹਨ। ਇਸ ਹਵਾਲੇ ਨਾਲ ਆਸਾਰਾਮ ਮੌਜੂਦਾ ਦੌਰ ਵਿੱਚ ਉੱਚੀ-ਜਾਤ ਦੇ ਪਿਤਾ-ਪੁਰਖੀ, ਅਮੀਰ ਮਰਦ ਦੇ ਗ਼ਲਬੇ ਦੀ ਨੁਮਾਇੰਦਗੀ ਕਰਦਾ ਹੈ। ਉਹ ਬੀਬੀਆਂ, ਦੂਜੀਆਂ ਜਾਤਾਂ ਅਤੇ ਗ਼ਰੀਬਾਂ ਨੂੰ ਆਪਣੀ ਅੰਨ੍ਹੀ ਰਈਅਤ ਮੰਨਦਾ ਹੈ ਜਿਨ੍ਹਾਂ ਨੂੰ ਖੈਰਾਤ ਰੂਪੀ ਰਿਆਇਤਾਂ ਸਰਕਾਰਾਂ ਅਤੇ ਸਿਆਸਤਦਾਨ ਵੀ ਦਿੰਦੇ ਹਨ। ਵਿਅਕਤੀਗਤ ਪੱਧਰ ਉੱਤੇ ਇਹ ਗ਼ਲਬਾ ਜਾਤ, ਧਰਮ ਅਤੇ ਪਰਿਵਾਰ ਵਿੱਚ ਉਸੇ ਤਰ੍ਹਾਂ ਕਾਰਜਸ਼ੀਲ ਰਹਿੰਦਾ ਹੈ ਜਿਵੇਂ ਜਥੇਬੰਦਕ ਰੂਪ ਵਿੱਚ ਸਮਾਜਕ ਪੱਧਰ ਉੱਤੇ ਸਰਗਰਮ ਹੈ।
ਸ਼ਾਹਜਹਾਂਪੁਰ ਵਿੱਚੋਂ ਇੱਕ ਬਾਪ ਨੇ ਆਪਣੀ ਧੀ ਦੇ ਹਵਾਲੇ ਨਾਲ ਇਸ ਗ਼ਲਬੇ ਉੱਤੇ ਸਵਾਲ ਕੀਤਾ ਹੈ। ਇਸ ਸਵਾਲ ਨੂੰ ਇੱਕ ਪਾਸੇ ਸ਼ਰਧਾਲੂਆਂ ਦੀ ਸ਼ਰਧਾ ਨਾਲ ਰੱਦ ਕਰਨ ਦਾ ਰੁਝਾਨ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਪੀੜਤ ਨੂੰ ਕਮਜ਼ੋਰ ਕੜੀ ਮੰਨ ਕੇ ਸੰਕੋਚ ਕੀਤਾ ਜਾ ਰਿਹਾ ਹੈ। ਇਹ ਸੰਕੋਚ ਸ਼ਰਧਾ ਦੇ ਪੱਖ ਵਿੱਚ ਭੁਗਤੇਗਾ ਅਤੇ ਬਾਅਦ ਵਿੱਚ ਸ਼ਰਧਾ ਦਾ ਕਾਰੋਬਾਰ ਇਸ ਸੰਕੋਚ ਹੇਠੋਂ ਵੀ ਜ਼ਮੀਨ ਖਿਸਕਾਉਣ ਲਈ ਕਾਰਜਸ਼ੀਲ ਰਹੇਗਾ। ਇਨ੍ਹਾਂ ਹਾਲਾਤ ਵਿੱਚ ਹਾਰ-ਜਿੱਤ ਦੇ ਹਿਸਾਬ-ਕਿਤਾਬ ਵਿੱਚੋਂ ਬਾਹਰ ਨਿਕਲ ਕੇ ਸ਼ਰਧਾ ਰਾਹੀਂ ਉਸਾਰੇ ਗਏ ਗ਼ਲਬੇ ਉੱਤੇ ਹੋਏ ਸਵਾਲ ਨੂੰ ਦੂਣ-ਸਵਾਇਆ ਕਰਨਾ ਜ਼ਰੂਰੀ ਹੈ। ਇਸ ਤਤਕਾਲੀ ਸਵਾਲ ਵਿੱਚੋਂ ਚਿਰਕਾਲੀ ਮਸਲਿਆਂ ਨਾਲ ਜੁੜੇ ਸਵਾਲਾਂ ਦਾ ਰਾਹ ਖੁੱਲ੍ਹਦਾ ਹੈ। ਜਗਿਆਸੂ ਮਨੁੱਖ ਇਸ ਦੌਰ ਵਿੱਚ ਦਰਸ਼ਕ ਨਹੀਂ ਹੋ ਸਕਦਾ ਕਿਉਂਕਿ ਜਗਿਆਸਾ ਨੂੰ ਮਨੁੱਖੀ ਗੁਣ ਬਣਾਈ ਰੱਖਣ ਦੀ ਜ਼ਿੰਮੇਵਾਰੀ ਉਸੇ ਸਿਰ ਪੈਂਦੀ ਹੈ। ਡਾ. ਦਾਭੋਲਕਰ ਦੇ ਕਤਲ ਤੋਂ ਬਾਅਦ ਵਿਗਿਆਨਕ ਚੇਤਨਾ ਸ਼ਰਧਾਜਲੀ ਮਤਿਆਂ ਤੱਕ ਮਹਿਦੂਦ ਨਹੀਂ ਹੋਣੀ ਚਾਹੀਦੀ ਸਗੋਂ ਇਹ ਸ਼ਹਾਦਤ ਸ਼ਰਧਾ ਦੇ ਕਾਰੋਬਾਰ ਉੱਤੇ ਸਵਾਲ ਕਰਨ ਦੀ ਤਾਕਤ ਬਣਨੀ ਚਾਹੀਦੀ ਹੈ। ਜਦੋਂ ਅਭੈ ਵਾਰਤਕ ਸ਼ਰਧਾਲੂਆਂ ਨੂੰ 'ਕੁਝ' ਦੇਖਣ ਅਤੇ ਪੜ੍ਹਨ ਦੀ ਸਲਾਹ ਦਿੰਦਾ ਹੈ ਤਾਂ ਸੋਚਣਾ ਬਣਦਾ ਹੈ ਕਿ ਸਿਰਫ਼ 'ਕੁਝ' ਦੇਖਣ ਜਾਂ ਪੜ੍ਹਨ ਦੀ ਸਲਾਹ ਮਨੁੱਖ ਨੂੰ 'ਕੱਖ ਦਾ ਨਾ ਛੱਡਣ' ਦੀ ਕੁਹਜੀ ਸਾਜ਼ਿਸ਼ ਕਿਵੇਂ ਹੈ! ਕੀ ਇਹ ਮਨੁੱਖੀ ਜਗਿਆਸਾ ਉੱਤੇ ਕਾਤਲਾਨਾ ਹਮਲਾ ਨਹੀਂ ਹੈ?
(ਇਹ ਲੇਖ 5 ਸਤੰਬਰ 2013 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ।)
No comments:
Post a Comment