Sunday, July 07, 2013

ਕੁਦਰਤੀ ਆਫ਼ਤਾਂ ਵਿੱਚ ਲੁਕੇ ਕਾਤਲਾਂ ਦੀ ਸ਼ਨਾਖ਼ਤ

ਦਲਜੀਤ ਅਮੀ



ਬੇਮੌਸਮੇ ਮੀਂਹ ਨੇ ਉਤਰਾਖੰਡ ਵਿੱਚ ਤਰਥੱਲੀ ਮਚਾ ਦਿੱਤੀ ਹੈ। ਤਕਰੀਬਨ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਰਾਹਤ ਕਾਰਜਾਂ ਤੋਂ ਹਾਲੇ ਤੱਕ ਜਾਨੀ-ਮਾਲੀ ਨੁਕਸਾਨ ਦਾ ਪੁਖ਼ਤਾ ਅੰਦਾਜ਼ਾ ਨਹੀਂ ਲੱਗਿਆ। ਜੇ ਉਤਰਾਖੰਡ ਵਿੱਚ ਭਿਆਨਕ ਹੜ੍ਹ ਨਾ ਆਉਂਦੇ ਤਾਂ ਹਿਮਾਚਲ ਅਤੇ ਪੰਜਾਬ ਦੇ ਹਾਲਾਤ ਚਰਚਾ ਵਿੱਚ ਆਉਣੇ ਸਨ। ਇਸ ਮੀਂਹ ਨੂੰ ਬੇਮੌਸਮਾ ਸਿਰਫ਼ ਇਸ ਪੱਖੋਂ ਕਿਹਾ ਜਾ ਸਕਦਾ ਹੈ ਕਿ ਇਹ ਮੌਨਸੂਨ ਤੋਂ ਤਕਰੀਬਨ ਦੋ ਹਫ਼ਤੇ ਪਹਿਲਾਂ ਪਿਆ ਹੈ। ਉਂਝ ਮੌਨਸੂਨ ਤੋਂ ਪਹਿਲਾਂ ਤਕਰੀਬਨ ਹਰ ਸਾਲ ਮੀਂਹ ਪੈਂਦਾ ਹੈ ਪਰ ਇਸ ਸਾਲ ਇਹ ਮਿਕਦਾਰ ਪੱਖੋਂ ਜ਼ਿਆਦਾ ਪਿਆ ਹੈ ਅਤੇ ਲਗਾਤਾਰ ਪਿਆ ਹੈ। ਪ੍ਰਸ਼ਾਸਨ ਦੇ ਬੰਦੋਬਸਤ ਲਈ ਇਹ ਮੀਂਹ ਹੈਰਾਨਕੁਨ ਨਹੀਂ ਹੈ। ਇਹ ਮੀਂਹ ਮੌਨਸੂਨ ਦੀ ਮੌਸਮੀ ਬਰਸਾਤ ਤੋਂ ਮਹਿਜ਼ ਦੋ ਹਫ਼ਤੇ ਪਹਿਲਾਂ ਪਿਆ ਹੈ ਸੋ ਪ੍ਰਸ਼ਾਸਨ ਦੇ ਬੰਦੋਬਸਤਾਂ ਦਾ ਇਮਤਿਹਾਨ ਪਹਿਲਾਂ ਹੋ ਗਿਆ ਹੈ। ਇਹ ਗੱਲ ਕਿਸੇ ਪਾਸਿਓਂ ਵੀ ਸਾਹਮਣੇ ਨਹੀਂ ਆਈ ਕਿ ਪ੍ਰਸ਼ਾਸਨ ਦੇ ਬੰਦੋਬਸਤ ਮੁਕੰਮਲ ਨਹੀਂ ਸਨ। ਇਹ ਵੱਖਰਾ ਮਸਲਾ ਹੈ ਕਿ ਪ੍ਰਸ਼ਾਸਨ ਦੇ ਮੁਕੰਮਲ ਬੰਦੋਬਸਤ ਕਿੰਨੇ ਨਾਮੁਕੰਮਲ ਸਨ। ਮੀਂਹ ਕਾਰਨ ਨਦੀਆਂ ਵਿੱਚ ਆਇਆ ਹੜ੍ਹ ਕੰਢਿਆਂ ਨੂੰ ਖੋਰਦਾ ਹੋਇਆ ਆਬਾਦੀ ਵਾਲੇ ਇਲਾਕਿਆਂ ਵਿੱਚ ਆਇਆ ਅਤੇ ਬਹੁਤ ਸਾਰੀਆਂ ਇਮਾਰਤਾਂ ਰੇਤ ਦੇ ਢੇਰ ਵਾਂਗ ਖੁਰ ਗਈਆਂ। ਇਨ੍ਹਾਂ ਹੜ੍ਹਾਂ ਦੇ ਹਵਾਲੇ ਨਾਲ ਇਹ ਵਿਚਾਰਨਾ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਵਿੱਚ ਕੁਦਰਤੀ ਆਫ਼ਤਾਂ ਦਾ ਕਿੰਨਾ ਹਿੱਸਾ ਹੈ ਅਤੇ ਮਨੁੱਖੀ ਅਣਗਹਿਲੀ ਕਿੰਨੀ ਹੈ? ਇਸ ਤੋਂ ਬਾਅਦ ਵਿਕਾਸ ਦੀ ਫੌਰੀ ਅਤੇ ਚਿਰਕਾਲੀ ਵਿਉਂਤਬੰਦੀ ਦਾ ਇਸ ਨਾਲ ਕੀ ਰਿਸ਼ਤਾ ਬਣਦਾ ਹੈ?

ਕਿਸੇ ਬਿਪਤਾ ਨੂੰ ਕੁਦਰਤੀ ਆਫ਼ਤ ਕਹਿਣ ਦੀ ਦਲੀਲ ਹੈ ਕਿ ਇਸ ਨੂੰ ਰੋਕਣਾ ਮਨੁੱਖ ਦੇ ਵੱਸੋਂ-ਬਾਹਰੀ ਗੱਲ ਹੈ। ਕੁਦਰਤ ਦੇ ਖ਼ਾਤੇ ਵਿੱਚ ਹੜ੍ਹ, ਭੂਚਾਲ, ਸੁਨਾਮੀ, ਝੱਖੜ, ਗਲੇਸ਼ਅਰਾਂ ਦਾ ਖਿਸਕਣਾ, ਢਿੱਗਾਂ ਦਾ ਗਿਰਨਾ ਅਤੇ ਸੋਕੇ ਵਰਗੀਆਂ ਆਫ਼ਤਾਂ ਪੈਂਦੀਆਂ ਹਨ। ਇਸ ਤੋਂ ਬਾਅਦ ਅੰਨ੍ਹੇ-ਵਾਹ ਵਗਦੇ ਪਾਣੀ ਦੇ ਰਾਹ ਵਿੱਚ ਆਈਆਂ ਇਮਾਰਤਾਂ ਤੋਂ ਲੈਕੇ ਰੁੱਖਾਂ ਅਤੇ ਪੱਥਰਾਂ ਦਾ ਬੇਜਾਨ ਸਾਬਤ ਹੋਣਾ ਵੀ ਕੁਦਰਤੀ ਹੈ। ਇਹ ਰੁਝਾਨ ਮਨੁੱਖ ਦੀ ਯਾਦਾਸ਼ਤ ਦਾ ਅਨਿੱਖੜਵਾਂ ਅੰਗ ਹਨ। ਇਸ ਯਾਦਾਸ਼ਤ ਤੋਂ ਬਿਨਾਂ ਮਨੁੱਖੀ ਸਭਿਅਤਾ ਦੇ ਗਿਆਨ ਦਾ ਸਰਮਾਇਆ ਕੁਦਰਤੀ ਆਫ਼ਤਾਂ ਬਾਰੇ ਸਮਝ ਬਣਾਉਣ ਵਿੱਚ ਸਹਾਈ ਹੁੰਦਾ ਹੈ। ਬੇਹੱਦ ਪੁਖ਼ਤਾ ਨਾ ਸਹੀ ਪਰ ਮਨੁੱਖ ਕੋਲ ਕੁਦਰਤੀ ਆਫ਼ਤਾਂ ਦੇ ਠੋਸ ਅੰਦਾਜ਼ਿਆਂ ਲਈ ਲੋੜੀਂਦਾ ਗਿਆਨ ਹੈ। ਕੁਦਤਰੀ ਆਫ਼ਤਾਂ ਦੀ ਮਾਰ ਵਿੱਚ ਆਉਣ ਵਾਲੇ ਖੇਤਰਾਂ ਦੀ ਪੁਖ਼ਤਾ ਨਿਸ਼ਾਨਦੇਹੀ ਹੈ। ਇਸ ਤੋਂ ਬਾਅਦ ਮਨੁੱਖ ਕੋਲ ਬਚਾਅ ਕਰਨ ਲਈ ਸਮਾਂ ਅਤੇ ਸਰਮਾਇਆ ਹੈ। 

ਕੁਦਰਤੀ ਆਫ਼ਤਾਂ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਉਨ੍ਹਾਂ ਦੀ ਮਾਰ ਨੂੰ ਘੱਟ ਕੀਤਾ ਜਾ ਸਕਦਾ ਹੈ ਜਾਂ ਉਨ੍ਹਾਂ ਦੀ ਮਾਰ ਤੋਂ ਬਚਾਅ ਕੀਤਾ ਜਾ ਸਕਦਾ ਹੈ। ਹੜ੍ਹ ਨੂੰ ਵਗਣ ਲਈ ਰਾਹ ਛੱਡਿਆ ਜਾ ਸਕਦਾ ਹੈ। ਭੂਚਾਲ ਵਾਲੇ ਖੇਤਰਾਂ ਵਿੱਚ ਇਮਾਰਤਸਾਜ਼ੀ ਦੀ ਵਿਉਂਤਬੰਦੀ ਇਸੇ ਲਿਹਾਜ ਨਾਲ ਕੀਤੀ ਜਾ ਸਕਦੀ ਹੈ। ਜਾਪਾਨ ਵਿੱਚ ਸਭ ਤੋਂ ਜ਼ਿਆਦਾ ਅਤੇ ਭਿਆਨਕ ਭੁਚਾਲ ਆਉਂਦੇ ਹਨ ਪਰ ਬਾਕੀ ਦੁਨੀਆਂ ਦੇ ਮੁਕਾਬਲੇ ਉੱਥੇ ਜਾਨੀ-ਮਾਲੀ ਨੁਕਸਾਨ ਘੱਟ ਹੁੰਦਾ ਹੈ। ਜਾਪਾਨ ਨੇ ਇਮਾਤਰਸਾਜ਼ੀ ਵਿੱਚ ਭੁਚਾਲ ਤੋਂ ਬਚਣ ਦੀ ਸੂਝ ਨੂੰ ਵਿਉਂਤਿਆ ਹੈ। ਸੋਕੇ ਵਾਲੇ ਇਲਾਕੇ ਵਿੱਚ ਪਾਣੀ ਦੀ ਚਿਰਕਾਲੀ ਵਿਉਂਤਬੰਦੀ ਕੀਤੀ ਜਾ ਸਕਦੀ ਹੈ। ਮੌਜੂਦਾ ਦੌਰ ਵਿੱਚ ਪਹਾੜਾਂ ਦੀਆਂ ਟੀਸੀਆਂ ਉੱਤੇ, ਰੇਗ਼ਿਸਤਾਨ ਦੇ ਵਿਚਕਾਰ, ਨਦੀਆਂ ਅਤੇ ਸਮੁੰਦਰ ਨਾਲ ਖਹਿੰਦੀਆਂ ਬਸਤੀਆਂ ਆਬਾਦ ਹੋ ਰਹੀਆਂ ਹਨ। ਪਹਾੜਾਂ ਵਿੱਚ ਵੱਡੇ ਬੰਨ੍ਹਾਂ ਰਾਹੀਂ ਨਦੀਆਂ ਦੇ ਕੁਦਰਤੀ ਵਹਿਣ ਮੋੜੇ ਜਾ ਰਹੇ ਹਨ। ਇਹ ਸਾਰਾ ਵਿਕਾਸ ਕੁਦਰਤੀ ਆਫ਼ਤਾਂ ਦੇ ਲਾਂਘਿਆਂ ਵਿੱਚ ਹੈ। ਉੱਤਰਾਖੰਡ ਵਿੱਚ ਹੜਿਆਈਆਂ ਨਦੀਆਂ ਅਲਕਨੰਦਾ ਅਤੇ ਮੰਦਾਕਿਨੀ ਦੀ ਮਾਰ ਵਿੱਚ ਆਈਆਂ ਇਮਾਰਤਾਂ ਜੇ ਹੜ੍ਹ ਦੀ ਤਾਕਤ ਦਰਸਾਉਂਦੀਆਂ ਹਨ ਤਾਂ ਮਨੁੱਖੀ ਅਣਗਹਿਲੀ ਦੀ ਵੀ ਗਵਾਹੀ ਭਰਦੀਆਂ ਹਨ। ਇਨ੍ਹਾਂ ਨਦੀਆਂ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਦਾ ਅੰਦਾਜ਼ਾ ਲਗਾਉਣ ਲਈ ਕੋਈ ਮਾਹਰ ਹੋਣ ਦੀ ਲੋੜ ਨਹੀਂ ਹੈ। ਇਸ ਕੁਦਰਤੀ ਆਫ਼ਤ ਵਿੱਚ ਇਨ੍ਹਾਂ ਇਮਾਰਤਾਂ ਦਾ ਗਿਰਨਾ ਮਨੁੱਖੀ ਤ੍ਰਾਸਦੀ ਹੈ ਜਾਂ ਇਸ ਨੂੰ ਖੁਦਕੁਸ਼ੀ ਵੀ ਕਿਹਾ ਜਾ ਸਕਦਾ ਹੈ। 

ਸਾਡੇ ਮੁਲਕ ਵਿੱਚ ਪਹਾੜਾਂ ਦਾ ਅਧਿਐਨ ਕਰਨ ਵਾਲੇ ਜਾਣਦੇ ਹਨ ਕਿ ਹਿਮਾਲਾ ਕੁਦਰਤ ਦੀ ਸਭ ਤੋਂ ਛੋਟੀ ਉਮਰ ਦੀ ਪਹਾੜ-ਲੜੀ ਹੈ। ਇਸ ਵਿੱਚ ਹਾਲੇ ਬਹੁਤ ਸਾਰੀਆਂ ਪੋਲਾਂ ਹਨ ਅਤੇ ਬਹੁਤ ਸਾਰੀ ਸਰਗਰਮੀ ਇਸ ਅੰਦਰ ਲਗਾਤਾਰ ਚੱਲਦੀ ਰਹਿੰਦੀ ਹੈ। ਜਦੋਂ ਸੜਕਾਂ, ਬੰਨ੍ਹਾਂ ਅਤੇ ਹੋਰ ਇਮਾਰਤਾਂ ਦੀ ਉਸਾਰੀ ਲਈ ਧਮਾਕੇ ਕੀਤੇ ਜਾਂਦੇ ਹਨ ਤਾਂ ਪਹਾੜਾਂ ਵਿੱਚ ਹੋਰ ਪੋਲ ਪੈਂਦੀ ਹੈ। ਜਦੋਂ ਬੰਨ੍ਹਾਂ ਲਈ ਨਦੀਆਂ ਦੇ ਵਹਿਣ ਬਦਲੇ ਜਾਂਦੇ ਹਨ ਤਾਂ ਕੱਚੀ ਮਿੱਟੀ ਦੇ ਨਵੇਂ ਪਹਾੜ ਬਣਦੇ ਹਨ ਅਤੇ ਪੁਰਾਣੇ ਪੋਲੇ ਹੋ ਜਾਂਦੇ ਹਨ। ਮੌਜੂਦਾ ਹੜ੍ਹਾਂ ਵਿੱਚ ਕੱਚੀ ਮਿੱਟੀ ਦੇ ਨਵੇਂ ਪਹਾੜ ਖੁਰ ਕੇ ਲੋਕਾਂ ਦੇ ਘਰਾਂ ਵਿੱਚ ਜਾ ਵੜੇ ਹਨ। ਇਸ ਕੱਚੀ ਮਿੱਟੀ ਨੇ ਹੜ੍ਹ ਦੀ ਮਾਰ ਦੁਗਣੀ ਕਰ ਦਿੱਤੀ ਹੈ ਅਤੇ ਮੁੜ-ਬਹਾਲੀ ਦਾ ਕੰਮ ਕਈ ਗੁਣਾ ਮੁਸ਼ਕਲ ਕਰ ਦਿੱਤਾ ਹੈ। ਇਸ ਪੱਖ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਘਰਾਂ ਅੰਦਰ ਕਈ-ਕਈ ਫੁੱਟ ਤੱਕ ਮਿੱਟੀ ਭਰ ਗਈ ਹੈ। ਇੱਕ ਥਾਂ ਬਾਸਕਟਬਾਲ ਦੇ ਮੈਦਾਨ ਵਿੱਚ ਭਰੀ ਅੱਠ ਫੁੱਟ ਮਿੱਟੀ ਦਾ ਅੰਦਾਜ਼ਾ ਬਾਸਕਟਬਾਲ ਦੀ ਟੋਕਰੀ ਤੋਂ ਲੱਗਦਾ ਹੈ। ਇਸ ਤੋਂ ਬਾਅਦ ਇਹ ਸਮਝਣ ਵਿੱਚ ਕਿੰਨੀ ਕੁ ਔਖ ਹੋਣੀ ਚਾਹੀਦੀ ਹੈ ਕਿ ਕੱਚੀ ਮਿੱਟੀ ਦੇ ਨਵੇਂ ਪਹਾੜਾਂ ਅਤੇ ਇਨ੍ਹਾਂ ਤੋਂ ਆਬਾਦੀਆਂ ਨੂੰ ਦਰਪੇਸ਼ ਖ਼ਦਸ਼ਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਕਿਸਾਨ ਆਪਣੇ ਵੱਡੇ ਖਾਲ੍ਹ ਦੀਆਂ ਦੋਵੇਂ ਵੱਟਾਂ ਇੱਕਠੀਆਂ ਵਾਹ ਕੇ ਨਵੀਂਆਂ ਨਹੀਂ ਪਾਉਂਦਾ ਕਿਉਂਕਿ ਕੱਚਾ ਖਾਲ ਖੜਾਉਣਾ ਔਖਾ ਹੁੰਦਾ ਹੈ। ਕੱਚੀ ਵੱਟ ਉੱਤੇ ਤੁਰਿਆ ਨਹੀਂ ਜਾਂਦਾ। ਇਸ ਲਈ ਸਾਲ-ਛਮਾਹੀ ਦੇ ਫਰਕ ਨਾਲ ਵੱਟਾਂ ਨਵੀਂਆਂ ਪਾਈਆਂ ਜਾਂਦੀਆਂ ਹਨ। ਖਾਲ੍ਹ ਵਿੱਚ ਪੀੜੀ ਦਰ ਪੀੜੀ ਚੱਲਦੀ ਰਵਾਇਤੀ ਸੂਝ ਲੱਗਦੀ ਹੈ ਪਰ ਬੰਨ੍ਹ ਬਣਾਉਣ ਵੇਲੇ ਆਧੁਨਿਕ ਗਿਆਨ ਦਾ ਵਡਮੁੱਲਾ ਖ਼ਜ਼ਾਨਾ ਮਾਹਰਾਂ ਕੋਲ ਹੁੰਦਾ ਹੈ। ਜੇ ਬੰਨ੍ਹਾਂ ਦੀ ਮਿੱਟੀ ਦੀ ਵਿਉਂਤਬੰਦੀ ਵਿੱਚ ਏਨੀ ਬੁਨਿਆਦੀ ਗੱਲ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਹੈ ਤਾਂ ਇਸ ਨੂੰ ਕੁਦਰਤੀ ਆਫ਼ਤ ਦੀ ਮਾਰ ਕਿਵੇਂ ਕਿਹਾ ਜਾਵੇ?

ਮੌਸਮ ਦਾ ਅੰਦਾਜ਼ਾ ਲਗਾਉਣ ਵਾਲਾ ਮਹਿਕਮਾ ਮੀਂਹ ਦੀਆਂ ਸੰਭਾਵਨਾਵਾਂ ਦੀ ਜਾਣਕਾਰੀ ਨਸ਼ਰ ਕਰਦਾ ਹੈ। ਇਸ ਵਾਰ ਵੀ ਮੀਂਹ ਦੀ ਜਾਣਕਾਰੀ ਦਿੱਤੀ ਗਈ ਪਰ ਇਹ ਨਜ਼ਰਅੰਦਾਜ਼ ਕਰ ਦਿੱਤੀ ਗਈ। ਮੌਸਮ ਵਾਲੇ ਮਹਿਕਮੇ ਤੋਂ ਲੈਕੇ ਬਾਕੀ ਮਹਿਕਮਿਆਂ ਵਿੱਚ ਤਾਲਮੇਲ ਹੋਣਾ ਚਾਹੀਦਾ ਸੀ ਤਾਂ ਜੋ ਘੱਟੋ-ਘੱਟ ਬਾਹਰ ਤੋਂ ਉਸ ਇਲਾਕੇ ਵਿੱਚ ਜਾ ਰਹੇ ਲੋਕਾਂ ਨੂੰ ਰੋਕਿਆ ਜਾਂਦਾ। ਮੌਸਮ ਮਹਿਕਮੇ ਨੇ ਮੀਂਹ ਦਾ ਅੰਦਾਜ਼ਾ ਲਗਾਉਣਾ ਹੈ, ਆਵਾਜਾਈ ਵਾਲੇ ਮਹਿਕਮੇ ਨੇ ਆਉਣ-ਜਾਣ ਵਾਲਿਆਂ ਦੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਹੈ, ਪ੍ਰਸ਼ਾਸਨ ਨੇ ਬਾਕੀ ਮਹਿਕਮਿਆਂ ਨੂੰ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣ ਅਤੇ ਇਸ ਤੋਂ ਪਹਿਲਾਂ ਬਚਾਅ ਕਰਨ ਲਈ ਲੋੜੀਂਦੀਆਂ ਪਹਿਲਕਦਮੀਆਂ ਦੇ ਮਾਮਲੇ ਵਿੱਚ ਤਾਲਮੇਲ ਕਰਨਾ ਹੈ। ਜਦੋਂ ਲਗਾਤਾਰ ਵਰਦੇ ਮੀਂਹ ਅਤੇ ਮੌਸਮ ਮਹਿਕਮੇ ਦੀਆਂ ਚੇਤਾਵਨੀਆਂ ਦੇ ਬਾਵਜੂਦ ਪੁਲਿਸ ਸੈਲਾਨੀਆਂ ਅਤੇ ਯਾਤਰੂਆਂ ਨੂੰ ਰਿਸ਼ਵਤ ਲੈਕੇ ਜਾਣ ਦਿੰਦੀ ਹੈ ਤਾਂ ਇਸ ਨੂੰ ਕੀ ਕਿਹਾ ਜਾਵੇ? ਪੁਲਿਸ ਰਿਸ਼ਵਤ ਲੈਕੇ ਆਪਣੇ ਮੁਲਕ ਦੇ ਸ਼ਹਿਰੀਆਂ ਨੂੰ ਖੁਦਕੁਸ਼ੀ ਕਰਨ ਦੀ ਛੁੱਟੀ ਦੇ ਰਹੀ ਹੈ ਜਾਂ ਹੜ੍ਹ ਦੀ ਮਾਰ ਵਿੱਚ ਆਪਣਾ ਬਚਾਅ ਆਪ ਕਰਨ ਦਾ ਮੌਕਾ ਦੇ ਰਹੀ ਹੈ? ਇਹ ਸਾਰਾ ਮਾਮਲਾ ਪੁਲਿਸ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਏਨੀ ਵੱਡੀ ਆਵਾਜਾਈ ਬਾਬਤ ਜਾਣਕਾਰੀ ਪ੍ਰਸ਼ਾਸਨ ਦੇ ਬਾਕੀ ਮਹਿਕਮਿਆਂ ਨੂੰ ਲਗਾਤਾਰ ਹੁੰਦੀ ਹੈ। ਜੇ ਹੋਰ ਸੈਲਾਨੀਆਂ ਅਤੇ ਯਾਤਰੂਆਂ ਨੂੰ ਉਸ ਇਲਾਕੇ ਵਿੱਚ ਜਾਣ ਤੋਂ ਰੋਕਿਆ ਜਾਂਦਾ ਅਤੇ ਪਹੁੰਚ ਚੁੱਕਿਆ ਨੂੰ ਫੌਰੀ ਵਾਪਸ ਜਾਣ ਲਈ ਕਿਹਾ ਜਾਂਦਾ ਤਾਂ ਘੱਟੋ-ਘੱਟ ਜਾਨੀ ਨੁਕਸਾਨ ਤਾਂ ਘਟ ਜਾਣਾ ਸੀ ਅਤੇ ਰਾਹਤ ਕਾਰਜਾਂ ਵਿੱਚ ਮੁਕਾਮੀ ਲੋਕਾਂ ਨੂੰ ਤਵੱਜੋ ਮਿਲ ਸਕਣੀ ਸੀ। 

ਪ੍ਰਸ਼ਾਸਨ ਅਤੇ ਸਿਆਸਤਦਾਨ ਦਲੀਲ ਦੇ ਸਕਦੇ ਹਨ ਕਿ ਯਾਤਰੂਆਂ ਦੀ ਸ਼ਰਧਾ ਜਾਂ ਸੈਲਾਨੀਆਂ ਦਾ ਛੁੱਟੀਆਂ ਮਨਾਉਣ ਦਾ ਚਾਅ ਜ਼ਿਆਦਾ ਲੋਕਾਂ ਦੇ ਉਸ ਇਲਾਕੇ ਵਿੱਚ ਫਸ ਜਾਣ ਦਾ ਕਾਰਨ ਬਣਿਆ। ਸੁਆਲ ਇਹ ਹੈ ਕਿ ਜੇ ਇਸ ਤਰ੍ਹਾਂ ਦੀ ਆਫ਼ਤ ਆ ਜਾਣ ਦੀ ਸੰਭਾਵਨਾ ਹੈ ਅਤੇ ਸਰਕਾਰੀ ਮਹਿਕਮੇ ਚੇਤਾਵਨੀ ਦੇ ਰਹੇ ਹਨ ਤਾਂ ਧਾਰਮਿਕ ਅਸਥਾਨਾਂ ਅਤੇ ਸੈਲਾਨੀ ਸਨਅਤ ਨਾਲ ਇਸ ਮਾਮਲੇ ਵਿੱਚ ਤਾਲਮੇਲ ਹੋਣਾ ਚਾਹੀਦਾ ਸੀ। ਹੋਟਲਾਂ ਅਤੇ ਗੈਸਟ-ਹਾਉਸਾਂ ਵਾਲਿਆਂ ਰਾਹੀਂ ਨਵੇਂ ਆ ਸੈਲਾਨੀਆਂ ਦੀ ਰਿਹਾਇਸ਼ ਦਾ ਪ੍ਰੰਬਧ ਰੱਦ ਕੀਤਾ ਜਾ ਸਕਦਾ ਸੀ। ਗੁਰਦੁਆਰੇ ਅਤੇ ਮੰਦਿਰ ਦੇ ਪ੍ਰਬੰਧਕਾਂ ਰਾਹੀਂ ਸ਼ਰਧਾਲੂਆਂ ਨੂੰ ਫੌਰੀ ਵਾਪਸ ਜਾਣ ਅਤੇ ਨਵਿਆਂ ਨੂੰ ਨਾ ਆਉਣ ਦਾ ਸੁਨੇਹਾ ਦਿੱਤਾ ਜਾ ਸਕਦਾ ਸੀ। ਇਸ ਤਰ੍ਹਾਂ ਹੜ੍ਹ ਆਉਣ ਅਤੇ ਹਾਲਾਤ ਦੇ ਬਦਤਰ ਹੋਣ ਵਿਚਲਾ ਇੱਕ ਦਿਨ ਫ਼ੈਸਲਾਕੁਨ ਸੀ ਜੋ ਪ੍ਰਸ਼ਾਸਕੀ ਨਲਾਇਕੀ ਜਾਂ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਗਿਆ।

ਉਨ੍ਹਾਂ ਹੀ ਦਿਨਾਂ ਵਿੱਚ ਕੈਨੇਡਾ ਦੇ ਐਲਬਰਟਾ ਸੂਬੇ ਦੇ ਕੈਲਗਿਰੀ ਇਲਾਕੇ ਵਿੱਚ ਹੜ੍ਹ ਆਇਆ। ਜਦੋਂ ਨਦੀ ਖ਼ਤਰੇ ਦੇ ਨਿਸ਼ਾਨ ਦੇ ਕਰੀਬ ਆਈ ਤਾਂ ਇਲਾਕੇ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਹੇਠਲੀ ਮੰਜ਼ਿਲ ਦਾ ਸਾਮਾਨ ਉਪਰ ਪਹੁੰਚਾ ਦੇਵੋ ਅਤੇ ਅਗਲੇ ਐਲਾਨ ਤੋਂ ਇੱਕ ਘੰਟੇ ਦੇ ਅੰਦਰ ਘਰ ਖਾਲੀ ਕਰਨ ਲਈ ਤਿਆਰ ਰਹੋ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਹਰ ਘਰ ਦਾ ਦਰਵਾਜ਼ਾ ਖੜਕਾ ਕੇ ਇਹੋ ਸੁਨੇਹਾ ਦਿੱਤਾ। ਘਰਾਂ ਵਿੱਚ ਦੱਸਿਆ ਕਿ ਪਾਲਤੂ ਕੁੱਤਿਆਂ-ਬਿੱਲੀਆਂ ਨੂੰ ਕਿੱਥੇ ਛੱਡਣਾ ਹੈ ਅਤੇ ਘਰ ਖਾਲੀ ਕਰਨ ਤੋਂ ਬਾਅਦ ਆਪਣੇ ਦਰਵਾਜ਼ੇ ਉੱਤੇ ਕਾਟੇ ਦਾ ਨਿਸ਼ਾਨ ਲਗਾਉਣਾ ਹੈ। ਪੁਲਿਸ ਨੇ ਇਸ ਸੁਨੇਹੇ ਦੀ ਨਿਸ਼ਾਨੀ ਵਜੋਂ ਹਰ ਦਰਵਾਜ਼ੇ ਉੱਤੇ ਪੀਲੀ ਪੱਟੀ ਲਗਾ ਦਿੱਤੀ ਅਤੇ ਇਹ ਦੱਸ ਦਿੱਤਾ ਕਿ ਖਾਲੀ ਕਰਨ ਤੋਂ ਬਾਅਦ ਜੇ ਕਿਸੇ ਘਰ ਦੇ ਦਰਵਾਜ਼ੇ ਉੱਤੇ ਕਾਟੇ ਦਾ ਨਿਸ਼ਾਨ ਨਹੀਂ ਹੋਵੇਗਾ ਤਾਂ ਦਰਵਾਜ਼ਾ ਤੋੜ ਕੇ ਯਕੀਨੀ ਬਣਾਇਆ ਜਾਵੇਗਾ ਕਿ ਘਰ ਖਾਲੀ ਹੈ। ਕੁਦਰਤੀ ਆਫ਼ਤ ਤੋਂ ਬਚਾਅ ਲਈ ਇਹ ਮਸ਼ਕ ਲਗਾਤਾਰ ਕੀਤੀ ਜਾਂਦੀ ਹੈ ਅਤੇ ਲੋੜ ਪੈਣ ਉੱਤੇ ਪੁਖ਼ਤਾ ਢੰਗ ਨਾਲ ਇਸਤੇਮਾਲ ਹੁੰਦੀ ਹੈ। ਜਦੋਂ ਖ਼ਦਸ਼ਿਆਂ ਮੁਤਾਬਕ ਹੜ੍ਹ ਨਹੀਂ ਆਇਆ ਅਤੇ ਖ਼ਤਰਾ ਟਲ ਗਿਆ ਤਾਂ ਮੁੜ ਕੇ ਐਲਾਨ ਕਰ ਦਿੱਤਾ ਗਿਆ। ਉਤਰਾਖੰਡ ਦੇ ਕੁਦਰਤੀ ਆਫ਼ਤ ਨਾਲ ਨਜਿੱਠਣ ਦੇ ਪ੍ਰਬੰਧਾਂ ਦਾ ਇੱਕ ਮੁਕਾਬਲਾ ਕੈਨੇਡਾ ਦੇ ਇਸੇ ਤਜਰਬੇ ਨਾਲ ਹੋਣਾ ਚਾਹੀਦਾ ਹੈ। 

ਹੁਣ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਕੁਝ ਚਿਰਕਾਲੀ ਅਤੇ ਫੌਰੀ ਪੱਖਾਂ ਬਾਬਤ ਵੀ ਚਰਚਾ ਹੋਣੀ ਚਾਹੀਦੀ ਹੈ। ਕੁਦਰਤੀ ਆਫ਼ਤ ਮੌਕੇ ਲੋਕਾਂ ਨੂੰ ਰਾਹਤ ਦੇਣ ਲਈ ਡਾਕਟਰੀ ਸਹਾਇਤਾ ਅਹਿਮ ਹੁੰਦੀ ਹੈ। ਮਰੀਜ਼ਾਂ, ਜ਼ਖ਼ਮੀਆਂ ਅਤੇ ਗਰਭਵਤੀ ਔਰਤਾਂ ਦੀ ਫ਼ੌਰੀ ਦੇਖਭਾਲ ਜ਼ਰੂਰੀ ਹੁੰਦੀ ਹੈ। ਆਫ਼ਤ ਦਾ ਸ਼ਿਕਾਰ ਇਲਾਕੇ ਵਿੱਚ ਡਾਕਟਰੀ ਸਹੂਲਤਾਂ ਅਤੇ ਅਮਲਾ ਵੀ ਇਸੇ ਮਾਰ ਵਿੱਚ ਹੁੰਦਾ ਹੈ। ਮਿਸਾਲ ਵਜੋਂ ਹਸਪਤਾਲ ਅਤੇ ਡਾਕਟਰ ਵੀ ਕੁਦਰਤੀ ਆਫ਼ਤ ਦੀ ਮਾਰ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਹਾਲਾਤ ਵਿੱਚ ਡਾਕਟਰੀ ਇਮਦਾਦ ਬਾਹਰੋਂ ਆਏਗੀ। ਦੂਜੀਆਂ ਥਾਵਾਂ ਦੇ ਡਾਕਟਰ ਅਤੇ ਹੋਰ ਅਮਲਾ ਆਕੇ ਰਾਹਤ ਕਾਰਜ ਕਰੇਗਾ ਜਾਂ ਲੋੜਬੰਦਾਂ ਨੂੰ ਦੂਜੀਆਂ ਥਾਵਾਂ ਉੱਤੇ ਲਿਜਾਇਆ ਜਾਵੇਗਾ। ਸਾਡੇ ਮੁਲਕ ਵਿੱਚ ਸਰਕਾਰੀ ਡਾਕਟਰਾਂ ਦੀਆਂ ਅਸਾਮੀਆਂ ਵੱਡੀ ਗਿਣਤੀ ਵਿੱਚ ਖਾਲੀ ਪਈਆਂ ਹਨ। ਜੇ ਅਜਿਹੀ ਤ੍ਰਾਸਦੀ ਮੌਕੇ ਜ਼ਿਆਦਾ ਮਰੀਜ਼ ਹਸਪਤਾਲਾਂ ਵਿੱਚ ਆ ਜਾਣ ਤਾਂ ਸਾਂਭਣੇ ਮੁਸ਼ਕਲ ਹਨ ਤਾਂ ਅਮਲਾ-ਫੈਲਾ ਅਤੇ ਸਾਜ਼ੋ-ਸਾਮਾਨ ਥੁੜ ਜਾਵੇਗਾ। ਜੇ ਡਾਕਟਰ ਮੌਕੇ ਉੱਤੇ ਭੇਜ ਦਿੱਤੇ ਤਾਂ ਫੌਰੀ ਰਾਹਤ ਤਾਂ ਦਿੱਤੀ ਜਾ ਸਕਦੀ ਹੈ ਪਰ ਇਲਾਜ ਨਹੀਂ ਹੋ ਸਕਦਾ। ਇਸ ਨਾਲ ਹਸਪਤਾਲਾਂ ਵਿੱਚ ਪਹਿਲਾਂ ਤੋਂ ਇਲਾਜਯਾਫ਼ਤਾ ਮਰੀਜ਼ਾਂ ਦੀ ਨਜ਼ਰਅੰਦਾਜ਼ੀ ਹੋਣੀ ਤੈਅ ਹੈ। ਇਹ ਨਜ਼ਰਅੰਦਾਜ਼ੀ ਡਾਕਟਰਾਂ ਅਤੇ ਹੋਰ ਅਮਲੇ-ਫੈਲੇ ਦੇ ਮੌਕੇ ਉੱਤੇ ਜਾਣ ਕਾਰਨ ਹੋ ਸਕਦੀ ਹੈ ਜਾਂ ਵੱਡੀ ਗਿਣਤੀ ਵਿੱਚ ਜ਼ਖਮੀਆਂ ਦੇ ਹਸਪਤਾਲ ਵਿੱਚ ਆ ਜਾਣ ਕਾਰਨ ਹੋ ਸਕਦੀ ਹੈ। ਸਰਕਾਰੀ ਨੀਤੀਆਂ ਤਹਿਤ ਸਰਕਾਰੀ ਹਸਪਤਾਲਾਂ ਦਾ ਢਾਂਚਾ ਤੋੜਿਆ ਜਾ ਰਿਹਾ ਹੈ ਅਤੇ ਸਰਕਾਰੀ ਰਿਆਇਤਾਂ ਨਾਲ ਨਿੱਜੀ ਹਸਪਤਾਲਾਂ ਦਾ ਵਧਾਰਾ ਕੀਤਾ ਜਾ ਰਿਹਾ ਹੈ। ਨਿੱਜੀ ਹਸਪਤਾਲ ਅਜਿਹੇ ਮੌਕੇ ਗ਼ੈਰ-ਹਾਜ਼ਰ ਹੀ ਰਹਿੰਦੇ ਹਨ। ਇਹ ਰੁਝਾਨ ਕੁਦਰਤੀ ਆਫ਼ਤ ਵਿੱਚ ਮਨੁੱਖੀ ਅਣਗਹਿਲੀ ਦਾ ਮਾਰੂ ਪੱਖ ਜੋੜਦਾ ਹੈ।

ਇਹੋ ਦਲੀਲ ਲੋਕ ਕਲਿਆਣ ਨਾਲ ਜੁੜੇ ਹੋਰ ਮਹਿਕਮਿਆਂ ਉੱਤੇ ਵੀ ਲਾਗੂ ਹੁੰਦੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਦੂਰ-ਸੰਚਾਰ ਤਕਨੀਕ ਦੇ ਪਸਾਰੇ ਦੇ ਦਮਗ਼ਜ਼ੇ ਮਾਰਦੀਆਂ ਹਨ। ਸਿਆਸਤਦਾਨਾਂ ਅਤੇ ਦੂਰ-ਸੰਚਾਰ ਦੀਆਂ ਨਿੱਜੀ ਕੰਪਨੀਆਂ ਦੇ ਨਾਪਾਕ ਰਿਸ਼ਤਿਆਂ ਦੀ ਚਰਚਾ ਲਗਾਤਾਰ ਹੁੰਦੀ ਰਹਿੰਦੀ ਹੈ। ਬਿਪਤਾ ਵਿੱਚ ਫਸੇ ਉਤਰਾਖੰਡ ਵਿੱਚ ਦੂਰ-ਸੰਚਾਰ ਸਹੂਲਤਾਂ ਚਾਲੂ ਰੱਖਣ ਲਈ ਸਭ ਤੋਂ ਵੱਧ ਕੰਮ ਭਾਰਤ ਸੰਚਾਰ ਨਿਗਮ ਲਿਮੀਟਿਡ (ਬੀ.ਐਸ.ਐਨ.ਐਲ.) ਨੇ ਕੀਤਾ। ਇਸੇ ਦੌਰਾਨ ਸਰਕਾਰੀ ਰਿਆਇਤਾਂ ਅਤੇ ਸਿਆਸਤਦਾਨਾਂ ਦੀ ਹਿੱਸਾ-ਪੱਤੀਆਂ ਨਾਲ ਵਧ ਰਹੀਆਂ ਕੰਪਨੀਆਂ ਦੀ ਕੋਈ ਸਰਗਰਮੀ ਨਜ਼ਰ ਨਹੀਂ ਆਈ। ਉਤਰਾਖੰਡ ਵਿੱਚ ਬਹੁਤ ਸਾਰੀਆਂ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਰਿਆਇਤਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਚੌਗਿਰਦੇ ਦੇ ਵਿਨਾਸ਼ ਵਿੱਚ ਤਾਂ ਹਿੱਸਾ ਪਾਇਆ ਹੈ ਪਰ ਰਾਹਤ ਕਾਰਜਾਂ ਮੌਕੇ ਗ਼ੈਰ-ਹਾਜ਼ਰ ਰਹੀਆਂ ਹਨ। ਵਿਉਂਤਬੰਦ ਢੰਗ ਨਾਲ ਲੋਕ ਕਲਿਆਣ ਦਾ ਢਾਂਚਾ ਤਹਿਸ-ਨਹਿਸ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਆਰਥਿਕ ਸੁਧਾਰਾਂ ਦਾ ਨਾਂ ਦਿੱਤਾ ਜਾਂਦਾ ਹੈ। ਕੁਦਰਤੀ ਆਫ਼ਤ ਵੇਲੇ ਉਸੇ ਲੋਕ ਕਲਿਆਣ ਢਾਂਚੇ ਨੂੰ ਯਾਦ ਕੀਤਾ ਜਾਂਦਾ ਹੈ। ਤੋੜਿਆ ਜਾ ਰਿਹਾ ਢਾਂਚਾ ਬਿਪਤਾ ਦੇ ਵਕਤ ਕਿੱਥੋਂ ਬਹੁੜੇਗਾ? ਕੀ ਮੌਜੂਦਾ ਮਨੁੱਖੀ ਤ੍ਰਾਸਦੀ ਲਈ ਇਹ ਨੀਤੀਆਂ ਕਸੂਰਵਾਰ ਨਹੀਂ ਹਨ? ਜਿਹੜਾ ਤਬਕਾ ਲੋਕ ਕਲਿਆਣ ਦੇ ਮਹਿਕਮਿਆਂ ਨੂੰ ਖੋਰਾ ਲਗਾਉਣ ਦੀ ਵਕਾਲਤ ਕਰਦਾ ਹੈ, ਉਹ ਬਿਪਤਾ ਵੇਲੇ ਸਰਕਾਰ ਤੋਂ ਰਾਹਤ ਦੀ ਆਸ ਕਰਦਾ ਹੈ। ਜੇ ਅਸੀਂ ਬਿਪਤਾ ਵੇਲੇ ਰਾਹਤ ਦੀ ਤਵੱਕੋ ਰੱਖਣੀ ਹੈ ਤਾਂ ਇਸ ਦਾ ਬੰਦੋਬਸਤ ਤਾਂ ਪਹਿਲਾਂ ਹੀ ਕਰਨਾ ਪਵੇਗਾ। ਜਦੋਂ ਬਿਪਤਾ ਨਹੀਂ ਹੁੰਦੀ ਤਾਂ ਅਸੀਂ ਇਨ੍ਹਾਂ ਬੰਦੋਬਸਤਾਂ ਨੂੰ ਹੀ ਖਾਉ ਮਹਿਕਮੇ ਕਰਾਰ ਦਿੰਦੇ ਹਾਂ ਅਤੇ ਇਨ੍ਹਾਂ ਦਾ ਅਮਲਾ-ਫੈਲਾ ਅਤੇ ਸਾਜ਼ੋ-ਸਾਮਾਨ ਚੁਸਤ-ਦਰੁਸਤ ਹਾਲਤ ਵਿੱਚ ਨਹੀਂ ਰੱਖਿਆ ਜਾਂਦਾ। 


ਕੁਦਰਤੀ ਆਫ਼ਤਾਂ ਦੌਰਾਨ ਲੋਕਾਂ ਦੇ ਕਲਿਆਣ ਲਈ ਲੋੜੀਂਦੇ ਮਹਿਕਮੇ ਚੁਸਤ-ਦਰੁਸਤ ਰੱਖਣੇ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਤੋਂ ਬਾਅਦ ਤਰਦੱਦ ਇਹ ਹੋਣਾ ਚਾਹੀਦਾ ਹੈ ਇਨ੍ਹਾਂ ਮਹਿਕਮਿਆਂ ਦੀ ਲੋੜ ਨਾ ਪਵੇ। ਇਸ ਦੀ ਸਭ ਤੋਂ ਅਹਿਮ ਮਿਸਾਲ ਕਿਉਬਾ ਹੈ। ਇਸ ਮੁਲਕ ਦੀ ਆਬਾਦੀ ਸਵਾ ਕਰੋੜ ਤੋਂ ਘੱਟ ਹੈ। ਚਾਰੇ ਪਾਸਿਓਂ ਸਮੰਦਰ ਵਿੱਚ ਘਿਰੇ ਇਸ ਮੁਲਕ ਨੇ ਪਿਛਲੇ ਸੌ ਸਾਲਾਂ ਦੇ ਸਭ ਤੋਂ ਭਿਆਨਕ ਦੋ ਸਮੁੰਦਰੀ ਤੁਫ਼ਾਨਾਂ ਨੂੰ ਹੱਡੀਂ-ਹੰਢਾਇਆ ਹੈ। ਸਤੰਬਰ 2004 ਵਿੱਚ ਇਵਾਨ ਅਤੇ ਜੁਲਾਈ 2005 ਵਿੱਚ ਡੈਨਿਸ ਨਾਂ ਦੇ ਸਮੁੰਦਰੀ ਤੁਫ਼ਾਨਾਂ ਨੇ ਕੈਰੀਬੀਆਈ ਇਲਾਕੇ ਵਿੱਚ ਤਰਥੱਲੀ ਮਚਾ ਦਿੱਤੀ ਸੀ। ਡੈਨਿਸ ਨੇ ਕਿਉਬਾ ਵਿੱਚ ਦਸ ਜੀਆਂ ਦੀ ਜਾਨ ਲਈ ਅਤੇ ਇਵਾਨ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਕਿਉਬਾ ਦਾ ਬਚਾਅ ਕਿਸਮਤ ਨਾਲ ਨਹੀਂ ਹੋਇਆ ਸਗੋਂ ਉਨ੍ਹਾਂ ਵੱਲੋਂ ਕੀਤੇ ਪੁਖ਼ਤਾ ਬੰਦੋਬਸਤ ਨਾਲ ਹੋਇਆ ਹੈ। ਦੋਵਾਂ ਮੌਕਿਆਂ ਉੱਤੇ ਕਿਉਬਾ ਨੇ 15 ਲੱਖ ਸ਼ਹਿਰੀਆਂ ਨੂੰ ਖ਼ਦਸ਼ਿਆਂ ਦੀ ਜੱਦ ਵਿੱਚੋਂ ਕੱਢ ਕੇ ਸਮੇਂ ਸਿਰ ਆਰਜ਼ੀ ਰਿਹਾਇਸ਼ਾਂ ਵਿੱਚ ਪਹੁੰਚਾਇਆ ਜਿੱਥੇ ਪਾਣੀ, ਰਾਸ਼ਣ ਅਤੇ ਦਵਾਈਆਂ ਦਾ ਬੰਦੋਬਸਤ ਪਹਿਲਾਂ ਕੀਤਾ ਗਿਆ ਸੀ। ਇਹ ਪੂਰੀ ਮਸ਼ਕ ਕਿਉਬਾ ਵਿੱਚ ਮੌਸਮ ਦੀ ਖੋਜ ਨਾਲ ਜੁੜੇ ੧੫ ਸੂਬਾਈ ਅਦਾਰਿਆਂ ਤੋਂ ਸ਼ੁਰੂ ਹੁੰਦੀ ਹੈ। ਕਿਸੇ ਆਫ਼ਤ ਦੀ ਆਮਦ ਬਾਬਤ 72 ਘੰਟੇ ਪਹਿਲਾਂ ਜਾਣਕਾਰੀ ਨਸ਼ਰ ਕਰ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਕਿਸ ਥਾਂ ਦੀ ਆਬਾਦੀ ਕਿਸ ਵੇਲੇ ਕਿਸ ਤਰ੍ਹਾਂ ਕਿੱਥੇ ਜਾਵੇਗੀ। ਬੱਸਾਂ ਰਾਹੀਂ ਗਰਭਵਤੀ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਤਰਜੀਹ ਦਿੰਦੇ ਹੋਏ ਸਾਰੀ ਆਬਾਦੀ ਨੂੰ ਆਰਜ਼ੀ ਰਿਹਾਇਸ਼ਾਂ ਵਿੱਚ ਪਹੁੰਚਾਇਆ ਜਾਂਦਾ ਹੈ। ਹਰ ਇਲਾਕੇ ਵਿੱਚ ਮਰਦਮਸ਼ੁਮਾਰੀ ਮਹਿਕਮੇ ਦੇ ਮੁਲਾਜ਼ਮਾਂ ਨੇ ਇਹ ਤਸਦੀਕ ਕਰਕੇ ਬਾਹਰ ਨਿਕਲਣਾ ਹੈ ਕਿ ਤੈਅ ਇਲਾਕਾ ਖਾਲ੍ਹੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਹਾਲਾਤ ਦੀ ਸਾਰੀ ਜਾਣਕਾਰੀ ਨਸ਼ਰ ਕੀਤੀ ਜਾਂਦੀ ਹੈ। ਜਦੋਂ ਖਾਲੀ ਕੀਤੇ ਇਲਾਕੇ ਨੂੰ ਰਹਿਣ ਲਾਇਕ ਕਰਾਰ ਦਿੱਤਾ ਜਾਂਦਾ ਹੈ ਤਾਂ ਲੋਕਾਂ ਨੂੰ ਵਾਪਸ ਭੇਜਣ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਰਾਹਤ ਕਾਰਜਾਂ ਅਤੇ ਨੁਕਸਾਨ ਦਾ ਲੇਖਾ-ਜੋਖਾ ਤਿਆਰ ਕੀਤਾ ਜਾਂਦਾ ਹੈ। ਜੇ ਕਿਉਬਾ ਆਪਣੇ ਸ਼ਹਿਰੀਆਂ ਦਾ ਸਤਿਕਾਰ ਕਰਦਾ ਹੈ ਤਾਂ ਹੀ ਦੱਸ ਫ਼ੀਸਦੀ ਆਬਾਦੀ ਲਈ ਆਰਜ਼ੀ ਰਿਹਾਇਸ਼ ਦਾ ਬੰਦੋਬਸਤ ਚੁਸਤ-ਦਰੁਸਤ ਹਾਲਤ ਵਿੱਚ ਰੱਖਿਆ ਜਾਂਦਾ ਹੈ। 

ਕੈਨੇਡਾ ਅਤੇ ਕਿਉਬਾ ਦੀਆਂ ਮਿਸਾਲਾਂ ਦਰਸਾਉਂਦੀਆਂ ਹਨ ਕਿ ਕੁਦਰਤੀ ਆਫ਼ਤਾਂ ਵਿੱਚ ਹੁੰਦਾ ਜਾਨੀ-ਮਾਲੀ ਨੁਕਸਾਨ ਕੁਦਰਤੀ ਨਹੀਂ ਹੈ। ਜੇ ਸਰਕਾਰਾਂ ਆਪਣੇ ਸ਼ਹਿਰੀਆਂ ਨੂੰ ਖਪਤਕਾਰ ਸਮਝਣਗੀਆਂ ਤਾਂ ਮੁਨਾਫ਼ਾਖ਼ੋਰੀ ਕਦੇ ਵੀ ਲੋਕ ਕਲਿਆਣ ਦਾ ਢਾਂਚਾ ਕਾਇਮ ਨਹੀਂ ਹੋਣ ਦੇਵੇਗੀ। ਸਾਡੇ ਮੁਲਕ ਦੇ ਮਾਹਰ ਅਰਥਸ਼ਾਸਤਰੀ ਆਪਣੀ ਪ੍ਰਾਪਤੀ ਵਿਕਾਸ ਦਰ ਜਾਂ ਵਿਦੇਸ਼ੀ ਪੂੰਜੀ ਨਿਵੇਸ਼ ਰਾਹੀਂ ਪੇਸ਼ ਕਰਦੇ ਹਨ। ਇਨ੍ਹਾਂ ਦੋਵਾਂ ਪ੍ਰਾਪਤੀਆਂ ਦਾ ਆਵਾਮ ਦੀਆਂ ਮੁਸ਼ਕਲਾਂ ਸੁਲਝਾਉਣ ਵਿੱਚ ਹਿੱਸਾ ਹਾਲੇ ਤੱਕ ਕਿਸੇ ਨੂੰ ਸਮਝ ਨਹੀਂ ਆਇਆ। ਮੌਜੂਦਾ ਦੌਰ ਵਿੱਚ ਭੁੱਖਮਰੀ ਤੋਂ ਲੈਕੇ ਕੁਦਰਤੀ ਆਫ਼ਤਾਂ ਨੂੰ ਨਾ ਕਿਸਮਤ ਮੰਨਿਆ ਜਾ ਸਕਦਾ ਹੈ ਨਾ ਸਿਰਫ਼ ਕੁਦਰਤੀ। ਇਨ੍ਹਾਂ ਦੀ ਆਮਦ ਕੁਦਰਤੀ ਹੋ ਸਕਦੀ ਹੈ ਪਰ ਇਨ੍ਹਾਂ ਰਾਹੀਂ ਹੁੰਦਾ ਨੁਕਸਾਨ ਸਰਕਾਰੀ ਬਦਇੰਤਜ਼ਾਮੀ ਦਾ ਨਤੀਜਾ ਹੈ। ਉਤਰਾਖੰਡ ਵਿੱਚ ਹੜ੍ਹਾਂ ਦੀ ਮਾਰ ਨਾਲ ਲੋਕ ਕੁਦਰਤੀ ਮੌਤ ਨਹੀਂ ਮਰੇ ਸਗੋਂ ਉਨ੍ਹਾਂ ਦਾ ਕਤਲ ਹੋਇਆ ਹੈ। ਮਕਤੂਲਾਂ ਦੀ ਸ਼ਨਾਖ਼ਤ ਦਾ ਦੌਰ ਚੱਲ ਰਿਹਾ ਹੈ। ਜੇ ਭਾਵੁਕਤਾ ਨੇ ਚੇਤਨਾ ਤੱਕ ਦਾ ਸਫ਼ਰ ਤੈਅ ਕੀਤਾ ਤਾਂ ਕਾਤਲਾਂ ਦੀ ਪਛਾਣ ਵੀ ਕੀਤੀ ਜਾਵੇਗੀ। 

(ਇਹ ਲੇਖ 8 ਜੁਲਾਈ 2013 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ।)

No comments: