ਦਲਜੀਤ ਅਮੀ
ਸਤਾਈ ਸਾਲਾਂ ਦੇ ਮੁੰਡੇ ਸੁੱਖਾ ਕਾਹਲਵਾਂ ਦਾ ਕਤਲ ਕੌਮੀ ਸ਼ਾਹਮਾਰਗ-ਇੱਕ ਉੱਤੇ ਦਿਨ ਦਿਹਾੜੇ ਪੁਲਿਸ ਦੀ ਹਾਜ਼ਰੀ ਵਿੱਚ ਹੋਇਆ ਹੈ। ਕਾਤਲਾਂ ਦੀ ਗਿਣਤੀ ਦਰਜਨ ਤੋਂ ਜ਼ਿਆਦਾ ਦੱਸੀ ਜਾਂਦੀ ਹੈ। ਸੁੱਖੇ ਦੀ ਦੁਸ਼ਮਣੀ ਕਾਰਨ ਕਤਲ ਦਾ ਸ਼ੱਕ ਕਈ ਜੁੰਡਲੀਆਂ ਉੱਤੇ ਕੀਤਾ ਜਾ ਰਿਹਾ ਹੈ। ਅਖ਼ਬਾਰਾਂ ਵਿੱਚ ਛਪੇ ਬਿਆਨਾਂ ਮੁਤਾਬਕ ਪੁਲਿਸ ਦਾ ਦਾਅਵਾ ਹੈ ਕਿ ਸੁੱਖਾ ਭਾੜੇ ਦਾ ਕਾਤਲ ਸੀ ਅਤੇ ਜੇਲ੍ਹ ਵਿੱਚੋਂ ਉਸ ਨੇ ਕਿਸੇ ਹੋਰ ਗੁੰਡਾ-ਢਾਣੀ ਦੇ ਬੰਦੇ ਨਾਲ ਰਲ ਕੇ ਕਤਲ ਦਾ ਠੇਕਾ ਲਿਆ ਸੀ। ਸੁੱਖੇ ਦੇ ਸੋਸ਼ਲ ਮੀਡੀਆ ਉੱਪਰ ਹਾਜ਼ਰੀ ਚੋਖੀ ਹੈ। ਉਸ ਦੇ ਹਮਾਇਤੀਆਂ ਨੇ ਸੁੱਖੇ ਦੀ ਯਾਦ ਵਿੱਚ ਕਈ ਗੀਤਾਂ ਦੇ ਵੀਡੀਓ ਬਣਾਏ ਹਨ। ਇਹ ਗੀਤ ਹਥਿਆਰਾਂ ਅਤੇ ਧੌਂਸ ਨਾਲ ਜੁੜੇ ਹੋਏ ਹਨ ਅਤੇ ਤਸਵੀਰਾਂ ਸੁੱਖਾ ਕਾਹਲਵਾਂ ਅਤੇ ਉਸ ਦੇ ਸਾਥੀਆਂ ਦੀਆਂ ਲੱਗੀਆਂ ਹੋਈਆਂ ਹਨ। ਇਨ੍ਹਾਂ ਸੱਤ ਫ਼ਿਕਰਿਆਂ ਦਾ ਮਕਸਦ ਸੁੱਖਾ ਕਾਹਲਵਾਂ ਦੇ ਕਤਲ ਦੀ ਜਾਂਚ ਕਰਨਾ ਨਹੀਂ ਹੈ। ਇਨ੍ਹਾਂ ਫ਼ਿਕਰਿਆਂ ਵਿੱਚ ਉਹ ਤੱਥ ਹਨ ਜੋ ਪੁਲਿਸ ਅਤੇ ਸੋਸ਼ਲ ਮੀਡੀਆ ਵਿੱਚ ਆਪਣੀ ਕਹਾਣੀ ਆਪ ਬੋਲਦੇ ਹਨ। ਸੁੱਖੇ ਦੀ ਵੱਡੀ ਢਾਣੀ ਸੀ। ਉਸ ਦੀ ਢਾਣੀ ਦੂਜੀਆਂ ਢਾਣੀਆਂ ਨਾਲ ਹਿੱਸਾ ਕਰਕੇ ਕਤਲਾਂ ਅਤੇ ਕੁੱਟਮਾਰ ਦੇ ਠੇਕੇ ਲੈਂਦੀ ਸੀ। ਉਸ ਦੇ ਖ਼ਿਲਾਫ਼ ਕਤਲ, ਇਰਾਦਾ ਕਤਲ ਅਤੇ ਲੁੱਟਮਾਰ ਦੇ ਕਈ ਮਾਮਲੇ ਦਰਜ ਸਨ। ਉਨ੍ਹਾਂ ਦੇ ਮੁਕਾਬਲੇ ਦੀਆਂ ਹੋਰ ਢਾਣੀਆਂ ਹਨ। ਇਨ੍ਹਾਂ ਢਾਣੀਆਂ ਦਾ ਆਪਸ ਵਿੱਚ ਖ਼ੂਨੀ ਟਕਰਾਅ ਚੱਲ ਰਿਹਾ ਹੈ।
ਇਨ੍ਹਾਂ ਤੱਥਾਂ ਅਤੇ ਇੰਟਰਨੈੱਟ ਉੱਤੇ ਘੁੰਮਦੀਆਂ ਤਸਵੀਰਾਂ ਤੋਂ ਇਹ ਅੰਦਾਜ਼ਾ ਲਗਾਉਣਾ ਸੁਖਾਲਾ ਹੈ ਕਿ ਪੰਜਾਬ ਅੰਦਰ ਘੱਟੋ-ਘੱਟ ਪੰਜ-ਸੱਤ ਸੌ ਮੁੰਡਾ ਇਸ ਧੰਦੇ ਵਿੱਚ ਲੱਗਿਆ ਹੋਇਆ ਹੈ। ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਪੌਣੇ ਤਿੰਨ ਕਰੋੜ ਦੀ ਆਬਾਦੀ ਵਿੱਚ ਪੰਜ-ਸੱਤ ਸੌ ਮੁੰਡੇ ਕੋਈ ਵੱਡੀ ਗਿਣਤੀ ਨਹੀਂ ਬਣਦੇ। ਦੂਜਾ ਪਾਸਾ ਇਹ ਵੀ ਹੈ ਕਿ ਪੰਜਾਬ ਅੰਦਰ ਜਿੰਨੇ ਵੀ ਮਸਲੇ ਪੰਜਾਬ ਪੁਲਿਸ ਅਹਿਮ ਮੰਨਦੀ ਹੈ, ਉਨ੍ਹਾਂ ਵਿੱਚੋਂ ਸ਼ਾਇਦ ਹੀ ਕਿਸੇ ਹੋਰ ਵਿੱਚ ਏਨੀ ਵੱਡੀ ਗਿਣਤੀ ਮੁੰਡਿਆਂ ਦੀ ਲੱਗੀ ਹੋਵੇ। ਪੰਜਾਬ ਦੀਆਂ ਹਥਿਆਰਬੰਦ ਲਹਿਰਾਂ ਵਿੱਚ ਕਦੇ ਵੀ ਏਨੀ ਵੱਡੀ ਗਿਣਤੀ ਵਿੱਚ ਹਥਿਆਰਬੰਦ ਮੁੰਡੇ ਨਹੀਂ ਰਹੇ। ਕੌਮੀ ਮੁਕਤੀ ਲਹਿਰ ਤੋਂ ਲੈ ਕੇ ਨਕਸਲਬਾੜੀ ਅਤੇ ਸਿੱਖ ਖਾੜਕੂ ਲਹਿਰ ਵਿੱਚ ਹਥਿਆਰਬੰਦ ਮੁੰਡਿਆਂ ਦੀ ਏਨੀ ਵੱਡੀ ਗਿਣਤੀ ਇੱਕ ਵੇਲੇ ਕਦੇ ਨਹੀਂ ਰਹੀ। ਇਸ ਤੋਂ ਘੱਟ ਹਥਿਆਰਬੰਦ ਮੁੰਡਿਆਂ ਦੀ ਗਿਣਤੀ ਨਾਲ ਲਹਿਰਾਂ ਨਿਜ਼ਾਮ ਬਦਲਣ ਦਾ ਸੁਫ਼ਨਾ ਦੇਖਦੀਆਂ ਰਹੀਆਂ ਹਨ। ਸਰਕਾਰਾਂ ਉਨ੍ਹਾਂ ਤੋਂ ਭੈਅਭੀਤ ਹੁੰਦੀਆਂ ਰਹੀਆਂ ਹਨ। ਉਨ੍ਹਾਂ ਨਾਲ ਸਮਝੌਤਿਆਂ ਰਾਹੀਂ ਸਰਕਾਰਾਂ ਨੇ ਅਮਨ-ਕਾਨੂੰਨ ਬਹਾਲ ਕਰਨ ਜਾਂ ਜਮਹੂਰੀਅਤ ਨੂੰ ਮਜ਼ਬੂਤ ਕਰਨ ਦੇ ਦਾਅਵੇ ਕੀਤੇ ਹਨ।
ਮੌਜੂਦਾ ਜੁੰਡਲੀਆਂ ਅਤੇ ਹਥਿਆਰਬੰਦ ਸਿਆਸੀ ਲਹਿਰਾਂ ਦੀ ਤੁਲਨਾ ਬਹੁਤ ਸਾਰੀ ਆਲੋਚਨਾ ਸਹੇੜ ਕੇ ਵੀ ਕਰਨੀ ਬਣਦੀ ਹੈ। ਇਸ ਲੇਖ ਦਾ ਮਕਸਦ ਹਥਿਆਰਬੰਦ ਸਿਆਸੀ ਲਹਿਰਾਂ ਦੀ ਸਿਆਸਤ, ਉਨ੍ਹਾਂ ਦੀਆਂ ਕਾਮਯਾਬੀਆਂ, ਨਾਕਾਮਯਾਬੀਆਂ, ਸਬਕਾਂ ਅਤੇ ਵਿਰਾਸਤ ਉੱਤੇ ਟਿੱਪਣੀ ਕਰਨਾ ਨਹੀਂ ਹੈ। ਸੁਆਲ ਇਹ ਹੈ ਕਿ ਕੀ ਪੰਜ-ਸੱਤ ਸੌ ਹਥਿਆਰਬੰਦ ਮੁੰਡੇ ਕਿਸੇ ਮੁਲਕ ਦਾ ਨਿਜ਼ਾਮ ਬਦਲ ਸਕਦੇ ਹਨ? ਇਤਿਹਾਸ ਵਿੱਚ ਇਸ ਦੇ ਪੱਖ ਵਿੱਚ ਅਤੇ ਖ਼ਿਲਾਫ਼ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਹੁਣ ਵੀ ਇਸ ਦੇ ਪੱਖ ਵਿੱਚ ਅਤੇ ਖ਼ਿਲਾਫ਼ ਦਾਅਵੇ ਕੀਤੇ ਜਾ ਸਕਦੇ ਹਨ। ਇਹ ਦਾਅਵਾ ਤਾਂ ਸੁਖਾਲਾ ਹੀ ਕੀਤਾ ਜਾ ਸਕਦਾ ਹੈ ਕਿ ਪੰਜ-ਸੱਤ ਸੌ ਹਥਿਆਰਬੰਦ ਮੁੰਡੇ ਨਿਜ਼ਾਮ ਉੱਤੇ ਅਸਰਅੰਦਾਜ਼ ਤਾਂ ਹੋ ਹੀ ਸਕਦੇ ਹਨ। ਇਹ ਨਿਜ਼ਾਮ ਦੀਆਂ ਤਰਜੀਹਾਂ ਬਦਲ ਸਕਦੇ ਹਨ। ਨੀਤੀਆਂ ਦਾ ਮੁਹਾਣ ਬਦਲਣ ਦੀਆਂ ਮਜਬੂਰੀਆਂ ਪੈਦਾ ਕਰ ਸਕਦੇ ਹਨ।
ਜਦੋਂ ਇਹ ਦਲੀਲ ਸੁੱਖਾ ਕਾਹਲਵਾਂ ਦੇ ਹਵਾਲੇ ਨਾਲ ਦਿੱਤੀ ਜਾਵੇਗੀ ਤਾਂ ਕਿਹਾ ਜਾਵੇਗਾ ਕਿ ਮੌਜੂਦਾ ਜੁੰਡਲੀਆਂ ਵਿੱਚ ਏਕੇ ਦੀ ਘਾਟ ਇਨ੍ਹਾਂ ਦਾ ਬੱਝਵਾਂ ਅਸਰ ਨਹੀਂ ਬਣਨ ਦਿੰਦੀ। ਪੰਜਾਬ ਦੀਆਂ ਹਥਿਆਰਬੰਦ ਲਹਿਰਾਂ ਵਿੱਚ ਹਰ ਵੇਲੇ ਵੱਖ-ਵੱਖ ਧੜੇ ਰਹੇ ਹਨ ਅਤੇ ਉਨ੍ਹਾਂ ਦਾ ਆਪਸ ਵਿੱਚ ਕਲੇਸ਼ ਖ਼ੂਨੀ ਰੂਪ ਅਖ਼ਤਿਆਰ ਕਰਦਾ ਰਿਹਾ ਹੈ। ਮੌਜੂਦਾ ਜੁੰਡਲੀਆਂ ਦੀ ਹਥਿਆਰਾਂ ਨੂੰ ਵਰਤਣ ਦੀ ਬੇਕਿਰਕੀ ਅਤੇ ਮੂੰਹਜ਼ੋਰੀ ਕਿਸੇ ਵੀ ਸਿਆਸੀ ਲਹਿਰ ਨਾਲੋਂ ਜ਼ਿਆਦਾ ਹੈ। ਸਿਆਸੀ ਲਹਿਰਾਂ ਦੀ ਦਾਅਵੇਦਾਰੀ ਹੁੰਦੀ ਹੈ ਕਿ ਉਨ੍ਹਾਂ ਦੇ ਹਮਦਰਦ ਸੱਭਿਆਚਾਰਕ ਕਾਮੇ ਜਾਂ ਪ੍ਰਚਾਰਕ ਸਮਾਜ ਉੱਤੇ ਅਸਰਅੰਦਾਜ਼ ਹੁੰਦੇ ਹਨ। ਇਸ ਲਿਹਾਜ ਨਾਲ ਪੰਜਾਬ ਦੀ ਗਾਇਕੀ ਸਨਅਤ ਅੰਦਰ ਹਥਿਆਰਾਂ, ਧੌਂਸ, ਕਬਜ਼ਿਆਂ ਅਤੇ ਕਤਲਾਂ ਦਾ 'ਸੱਭਿਆਚਾਰਕ' ਮੁਹਾਜ਼ ਬਹੁਤ ਮਜ਼ਬੂਤ ਹੈ। ਗੀਤਾਂ, ਫ਼ਿਲਮਾਂ ਅਤੇ ਅਖਾੜਿਆਂ ਦਾ ਇਸ ਤੋਂ ਵੱਡਾ ਢਾਂਚਾ ਕਦੇ ਕਿਸੇ ਸਿਆਸੀ ਲਹਿਰ ਕੋਲ ਨਹੀਂ ਰਿਹਾ। ਇਨ੍ਹਾਂ ਗਾਇਕਾਂ ਅਤੇ ਕਲਾਕਾਰਾਂ ਦੀ ਪ੍ਰਵਾਨਗੀ ਸਰਕਾਰੇ ਦਰਬਾਰੇ ਹੈ ਅਤੇ ਚੋਣਾਂ ਦੌਰਾਨ ਇਹ ਵੱਖ-ਵੱਖ ਸਿਆਸੀ ਪਾਰਟੀਆਂ ਦੇ ਬਰੈਂਡ ਅੰਬੈਸਡਰ ਬਣਦੇ ਹਨ।
ਇਨ੍ਹਾਂ ਹਾਲਾਤ ਵਿੱਚ ਇਹ ਤਾਂ ਹੋ ਨਹੀਂ ਸਕਦਾ ਕਿ ਹਥਿਆਰਬੰਦ ਜੁੰਡਲੀਆਂ ਨਿਜ਼ਾਮ ਉੱਤੇ ਅਸਰਅੰਦਾਜ਼ ਨਾ ਹੋਣ। ਇਸ ਅਸਰਅੰਦਾਜ਼ੀ ਨੂੰ ਸਮਝਣ ਲਈ ਇਨ੍ਹਾਂ ਜੁੰਡਲੀਆਂ ਦੇ ਨੁਮਾਇੰਦੇ ਜੀਅ ਦੀ ਤਫ਼ਸੀਲ ਸਹਾਈ ਹੋ ਸਕਦੀ ਹੈ। ਜੇ ਸੁੱਖਾ ਕਾਹਲਵਾਂ ਨੂੰ ਇਸ ਰੁਝਾਨ ਦਾ ਨੁਮਾਇੰਦਾ ਮੰਨ ਲਈਏ ਤਾਂ ਕੀ ਖਾਕਾ ਸਾਡੇ ਸਾਹਮਣੇ ਆਉਂਦਾ ਹੈ। ਸਤਾਈ ਸਾਲ ਦਾ ਬਾਲ-ਚਿਹਰੇ ਵਾਲਾ ਛੋਹਲਾ ਜਿਹਾ ਮੁੰਡਾ। ਮਾਪੇ ਅਮਰੀਕਾ ਦੇ ਸ਼ਹਿਰੀ ਹਨ। ਸੁੱਖਾ ਅਮਰੀਕਾ ਜਾਣ ਵਾਲਾ ਹੋਵੇ ਜਾਂ ਜਾਣ ਵਿੱਚ ਨਾਕਾਮਯਾਬ ਰਿਹਾ ਹੋਵੇ ਪਰ ਅਮਰੀਕਾ ਜਾਣ ਦਾ ਜੁਗਾੜ ਕਰਨ ਵਿੱਚ ਜ਼ਰੂਰ ਰਿਹਾ ਹੋਵੇਗਾ। ਇਸ ਜੁਗਾੜਬੰਦੀ ਦੌਰਾਨ ਬੰਦਾ ਦਿਮਾਗ਼ੀ ਪੱਖੋਂ ਤਾਂ ਦੂਜੇ ਮੁਲਕ ਪੁੱਜ ਹੀ ਜਾਂਦਾ ਹੈ। ਸੁੱਖਾ ਪੰਜਾਬ ਵਿੱਚ ਸਰਦੇ-ਪੁੱਜਦੇ ਘਰੋਂ ਜਾਪਦਾ ਹੈ ਅਤੇ ਅਮਰੀਕਾ ਤੋਂ ਡਾਲਰਾਂ ਦੀ ਇਮਦਾਦ ਦੀ ਸੰਭਾਵਨਾ ਸਦਾ ਕਾਇਮ ਹੈ। ਹਥਿਆਰਾਂ ਅਤੇ ਕਾਰਾਂ ਦਾ ਸ਼ੌਂਕੀ ਹੈ। ਉਹ ਆਪਣੇ ਫੇਸਬੁੱਕ ਪੰਨੇ ਉੱਤੇ ਲੋਕਾਂ ਨੂੰ ਉਨ੍ਹਾਂ ਦੇ ਪਿੰਡਾਂ ਦੇ ਬਦਮਾਸ਼ਾਂ ਦੇ ਨਾਮ ਪੁੱਛਦਾ ਹੈ। ਉਨ੍ਹਾਂ ਤੋਂ ਇਲਾਕੇ ਦੇ ਡੌਨ ਦੇ ਨਾਮ ਪੁੱਛਦਾ ਹੈ। ਨਸ਼ਿਆਂ ਦੇ ਖ਼ਿਲਾਫ਼ ਬੋਲਦਾ ਹੈ। ਕੁੜੀਆਂ ਦੀ ਇੱਜ਼ਤ ਕਰਨ ਦਾ ਦਾਅਵਾ ਕਰਦਾ ਹੈ ਪਰ ਉਨ੍ਹਾਂ ਉੱਤੇ ਯਕੀਨ ਨਾ ਕਰਨ ਦਾ ਹੋਕਾ ਦਿੰਦਾ ਹੈ। ਲੜਾਈ ਕਰਨ ਅਤੇ ਕਿਸੇ ਦੀ ਲੜਾਈ ਵਿੱਚ ਮਦਦ ਕਰਨ ਲਈ ਕਾਹਲਾ ਜਾਪਦਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਫਾੜਨ ਦਾ ਬਿਆਨ ਦੇਣ ਵਾਲੀ 'ਬਾਂਦਰ ਸੈਨਾ' ਨੂੰ ਹਰ ਥਾਂ ਕੁੱਟਣ ਦਾ ਸੱਦਾ ਦਿੰਦਾ ਹੈ। ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਭੁੱਖ-ਹੜਤਾਲ ਦੀ ਹਮਾਇਤ ਕਰਦਾ ਹੈ। ਇਸ ਤੋਂ ਬਾਅਦ ਪੁਲਿਸ ਦੀਆਂ ਮਿਸਲਾਂ ਵਿੱਚ ਕਤਲ, ਇਰਾਦਾ ਕਤਲ, ਕਬਜ਼ੇ, ਲੁੱਟ-ਖੋਹ ਅਤੇ ਹੋਰ ਮਾਮਲੇ ਦਰਜ ਹਨ। ਇਸ ਨਾਲ ਉਨ੍ਹਾਂ ਪੰਜ-ਸੱਤ ਸੌ ਮੁੰਡਿਆਂ ਦਾ ਖਾਕਾ ਬਣ ਜਾਂਦਾ ਹੈ ਜਿਨ੍ਹਾਂ ਦੀ ਪਛਾਣ ਕੁਝ ਤੱਥਾਂ ਦੇ ਵਖਰੇਵੇਂ ਨਾਲ ਇਸੇ ਚੌਖਟੇ ਦੇ ਨੇੜੇ-ਤੇੜੇ ਆ ਜਾਵੇਗੀ। ਮੌਜੂਦਾ ਗਾਇਕ ਇਸ ਚੌਖਟੇ ਵਿੱਚੋਂ ਨਾਇਕ ਦੇ ਨਕਸ਼ ਪੇਸ਼ ਕਰਦੇ ਹਨ। ਜ਼ਿਆਦਾਤਰ ਗੀਤਕਾਰਾਂ ਦਾ ਮੌਜੂਦਾ ਪੂਰ ਅਜਿਹੇ ਬੰਦੇ ਵਿੱਚੋਂ ਹੀ ਸੁੱਚਾ ਸੂਰਮਾ, ਜਿਉਣਾ ਮੋੜ, ਜੱਗਾ ਡਾਕੂ, ਭਗਤ ਸਿੰਘ, ਜਗਤਾਰ ਹਵਾਰਾ, ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਕਈਆਂ ਦੇ ਸਮਕਾਲੀ ਰੂਪ ਲੱਭਦਾ ਹੈ। ਪੰਜਾਬ ਦਾ ਰੇਤ, ਜ਼ਮੀਨ, ਸ਼ਰਾਬ, ਕੇਬਲ ਅਤੇ ਹੋਰ ਤਰ੍ਹਾਂ ਦਾ ਮਾਫ਼ੀਆ ਇਸੇ ਚੌਖਟੇ ਵਾਲੇ ਬੰਦੇ ਦੇ ਜ਼ੋਰ ਨਾਲ ਮੂੰਹਜ਼ੋਰ ਹੋਇਆ ਹੈ। ਸਿਆਸੀ ਸਰਪ੍ਰਸਤੀ ਵਾਲੇ ਇਸ ਮਾਫ਼ੀਆ ਵਿੱਚ ਇਹ ਜੁੰਡਲੀਆਂ ਵਗਾਰ ਅਤੇ ਵੀੜੀ-ਵੱਟੇ ਉੱਤੇ ਜਾਂਦੀਆਂ ਹਨ ਜਾਂ ਹਿੱਸੇਦਾਰ ਹਨ।
ਇਸ ਬੰਦੇ ਦੀ ਅਸਰਅੰਦਾਜ਼ੀ ਇਸ ਦੀ ਆਪਣੀ ਸਿਆਸਤ ਵਿੱਚ ਨਹੀਂ ਸਗੋਂ ਮੌਜੂਦਾ ਦੌਰ ਦੀ ਭਾਰੂ ਸਿਆਸਤ ਵਿੱਚੋਂ ਪਛਾਣੀ ਜਾ ਸਕਦੀ ਹੈ। ਸੁੱਖਾ ਕਾਹਲਵਾਂ ਦੀ ਜ਼ਿੰਦਗੀ ਅਤੇ ਮੌਤ ਦੇ ਕੁਝ ਹੋਰ ਤੱਥ ਇਸ ਰੁਝਾਨ ਦੀਆਂ ਪਰਤਾਂ ਖੋਲ੍ਹਦੇ ਹਨ। ਜੇਲ੍ਹ ਵਿੱਚ ਇਨ੍ਹਾਂ ਜੁੰਡਲੀਆਂ ਦਾ ਕੰਮ ਜਿਉਂ ਦਾ ਤਿਉਂ ਚੱਲਦਾ ਰਹਿੰਦਾ ਹੈ। ਸਗੋਂ ਜੇਲ੍ਹ ਇਨ੍ਹਾਂ ਲਈ ਸਿਖਲਾਈ-ਕੇਂਦਰ ਬਣਦੀ ਹੈ। ਇੱਕ ਪਾਸੇ ਜੇਲ੍ਹ-ਤੰਤਰ ਦਾ ਡਰ ਮਨਾਂ ਵਿੱਚੋਂ ਨਿਕਲ ਜਾਂਦਾ ਹੈ ਅਤੇ ਦੂਜੇ ਪਾਸੇ ਕਾਨੂੰਨੀ ਚੋਰ-ਮੋਰੀਆਂ ਨਾਲ ਜਾਣ-ਪਛਾਣ ਹੁੰਦੀ ਹੈ। ਜੁੰਡਲੀਆਂ ਦੇ ਗੱਠਜੋੜ ਜੇਲ੍ਹਾਂ ਵਿੱਚ ਬਣਦੇ ਹਨ। ਇਹ ਤੱਥ ਸੁੱਖੇ ਦੀ ਜ਼ਿੰਦਗੀ ਨਾਲ ਜੁੜੇ ਹੋਏ ਸਨ। ਉਸ ਦੀ ਮੌਤ ਨਾਲ ਜੁੜੇ ਤੱਥ ਇਸੇ ਰੁਝਾਨ ਦੀਆਂ ਕੜੀਆਂ ਦੀ ਸ਼ਨਾਖ਼ਤ ਕਰਦੇ ਹਨ। ਸੁੱਖੇ ਦੇ ਕਾਤਲ ਪੁਲਿਸ ਹਿਰਾਸਤ ਵਿੱਚ ਆਪਣੇ ਸ਼ਰੀਕ ਉੱਤੇ ਹਮਲਾ ਕਰਦੇ ਹਨ ਪਰ ਪੁਲਿਸ ਮੁਲਾਜ਼ਮਾਂ ਤੋਂ ਬੇਖ਼ੌਫ਼ ਰਹਿੰਦੇ ਹਨ। ਉਹ ਪੁਲਿਸ ਦੇ ਹਥਿਆਰ ਵੀ ਛੱਡ ਜਾਂਦੇ ਹਨ। ਇਨ੍ਹਾਂ ਤੱਥਾਂ ਦੀ ਇੱਕ ਵਿਆਖਿਆ ਇਹ ਹੋ ਸਕਦੀ ਹੈ ਕਿ ਉਹ ਹਰ ਹਾਲਤ ਵਿੱਚ ਪੁਲਿਸ ਨਾਲ ਘੱਟ ਤੋਂ ਘੱਟ ਦੁਸ਼ਮਣੀ ਮੁੱਲ ਲੈਣਾ ਚਾਹੁੰਦੇ ਹਨ। ਉਨ੍ਹਾਂ ਨੂੰ ਪੁਲਿਸ ਦੇ ਹਥਿਆਰਾਂ ਦੀ ਲੋੜ ਨਹੀਂ। ਮਤਲਬ ਇਹ ਵੀ ਕੱਢਿਆ ਜਾ ਸਕਦਾ ਕਿ ਉਨ੍ਹਾਂ ਨੂੰ ਲੋੜ ਜੋਗੇ ਹਥਿਆਰਾਂ ਦੀ ਕੋਈ ਘਾਟ ਨਹੀਂ। ਵੱਡੀਆਂ ਕਾਰਾਂ, ਵੰਨ-ਸਵੰਨੇ ਮਾਰੂ ਹਥਿਆਰ ਅਤੇ ਤੰਦਰੁਸਤ ਮੁੰਡਿਆਂ ਦਾ ਇਹ ਜਮ੍ਹਾਂਜੋੜ ਸਿਖਲਾਈਯਾਫ਼ਤਾ ਜਾਪਣ ਦੇ ਨਾਲ-ਨਾਲ ਹੋਰ ਵੀ ਕਈ ਇਸ਼ਾਰੇ ਕਰਦਾ ਹੈ।
ਆਖ਼ਰ ਜੇ ਇਹ ਮੁੰਡੇ ਸਰਕਾਰ ਅਤੇ ਪੁਲਿਸ ਨਾਲ ਲੱਗਦੇ ਹੱਥ ਦੁਸ਼ਮਣੀ ਲੈਣੀ ਨਹੀਂ ਚਾਹੁੰਦੇ ਤਾਂ ਇਹ ਨਿਜ਼ਾਮ ਉੱਤੇ ਅਸਰਅੰਦਾਜ਼ ਕਿਵੇਂ ਹੋ ਸਕਦੇ ਹਨ? ਜੇ ਨਿਜ਼ਾਮ ਦੇ ਅਰਥ ਘਟਾ ਕੇ ਸਿਰਫ਼ ਸਿਆਸਤ ਅਤੇ ਇੰਤਜ਼ਾਮੀਆ ਤੱਕ ਮਹਿਦੂਦ ਕਰ ਦਿੱਤੇ ਜਾਣ ਤਾਂ ਇਨ੍ਹਾਂ ਦੀ ਅਸਰਅੰਦਾਜ਼ੀ ਬੇਮਾਅਨਾ ਹੋ ਸਕਦੀ ਹੈ। ਸਮਾਜ, ਸਤਿਕਾਰ, ਸਵੈਮਾਣ, ਸਿੱਖਿਆ, ਸਬਰ, ਸੰਤੋਖ ਅਤੇ ਸਲੀਕਾ ਮਨੁੱਖੀ ਨਿਜ਼ਾਮ ਦਾ ਅਨਿੱਖੜਵਾਂ ਅੰਗ ਹਨ। ਸੁੱਖਾ ਕਾਹਲਵਾਂ ਵਾਲਿਆਂ ਵਰਗੀਆਂ ਜੁੰਡਲੀਆਂ ਪੰਜਾਬੀ ਬੰਦੇ ਦੇ ਇਸੇ ਨਿਜ਼ਾਮ ਉੱਤੇ ਅਸਰਅੰਦਾਜ਼ ਹੋ ਰਹੇ ਹਨ। ਜੇ ਸੁੱਖਾ ਕਾਹਲਵਾਂ ਵਰਗਿਆਂ ਬਾਰੇ ਹਮਦਰਦੀ ਨਾਲ ਗੱਲ ਕਰਨੀ ਹੋਵੇ ਤਾਂ ਉਨ੍ਹਾਂ ਅੰਦਰਲਾ ਇਹੋ ਮਨੁੱਖੀ ਨਿਜ਼ਾਮ ਮਨਫ਼ੀ ਹੋਇਆ ਹੈ। ਰੂਹ ਨੂੰ ਲੱਗਿਆ ਖ਼ੋਰਾ ਉਹ ਬੰਦੂਕਾਂ ਦੀ ਲੋਰ ਅਤੇ ਮਾਰ-ਕੁੱਟ ਦੇ ਨਸ਼ੇ ਵਿੱਚ ਭੁੱਲਣਾ ਚਾਹੁੰਦੇ ਹਨ। ਇਹ ਪੰਜਾਬੀ ਬੰਦੇ ਦੀ ਰੂਹ ਨੂੰ ਚੱਟੀ ਜਾ ਰਹੇ ਹਨ। ਰੂਹ-ਬੁੱਤ ਦੇ ਝੇੜੇ ਵਿੱਚ ਇਹ ਬੁੱਤ ਨੂੰ ਮੈਦਾਨਿ-ਜੰਗ ਅਤੇ ਸਰਬ-ਸ਼ਕਤੀਮਾਨ ਮੰਨਦੇ ਜਾਪਦੇ ਹਨ। ਇੱਕ ਪਾਸੇ ਇਹ ਬੁੱਤਾਂ ਤੋਂ ਬੇਵਕਤ ਲਾਸ਼ਾਂ ਬਣਾਉਣ ਦੀਆਂ ਦੁਕਾਨਾਂ ਬਣ ਗਏ ਜਾਪਦੇ ਹਨ ਅਤੇ ਦੂਜੇ ਪਾਸੇ ਬੇਵਕਤ ਲਾਸ਼ਾਂ ਬਣਨ ਨੂੰ ਆਪਣੀ ਹੋਣੀ ਮੰਨੀ ਬੈਠੇ ਲੱਗਦੇ ਹਨ। ਇਹ ਭਾਵੇਂ ਸਿਆਸੀ ਲਹਿਰਾਂ ਤੋਂ ਜ਼ਿਆਦਾ ਖ਼ੂਨ ਵਹਾ ਦੇਣ ਅਤੇ ਸਿਆਸੀ ਨਿਜ਼ਾਮ ਤੇ ਇੰਤਜ਼ਾਮੀਆ ਤੋਂ ਕੰਨੀ ਕਤਰਾ ਕੇ ਸਮਾਜਿਕ ਅਤੇ ਮਨੁੱਖੀ ਨਿਜ਼ਾਮ ਦੀਆਂ ਚੂਲਾਂ ਹਿਲਾ ਦੇਣ ਪਰ ਇਹ ਅਮਨ-ਕਾਨੂੰਨ ਜਾਂ ਏਕਤਾ-ਅਖੰਡਤਾ ਨੂੰ ਖ਼ਤਰਾ ਨਹੀਂ ਹੋ ਸਕਦੇ। ਇਹ ਆਵਾਮ ਦੇ ਮਨੁੱਖੀ, ਜਮਹੂਰੀ ਅਤੇ ਸ਼ਹਿਰੀ ਹਕੂਕ ਦੇ ਭਾਵੇਂ ਤੂੰਬੇ ਉਡਾ ਦੇਣ ਪਰ ਇਹ ਅਤਿਵਾਦ ਦੇ ਘੇਰੇ ਵਿੱਚ ਨਹੀਂ ਆਉਣ ਵਾਲੇ। ਇਹ ਭਾਵੇਂ ਆਪਣੇ-ਆਪਣੇ ਇਲਾਕੇ ਵਿੱਚ ਆਪਣਾ-ਆਪਣਾ ਸਿੱਕਾ ਚਲਾਉਣ ਅਤੇ ਹਰ ਕੰਮ-ਧੰਦੇ ਦੀ ਪ੍ਰਵਾਨਗੀ ਦੀ ਕੀਮਤ ਤੈਅ ਕਰ ਕੇ ਵਸੂਲਣ ਪਰ ਇਹ ਦੇਸ਼ ਧਰੋਹ ਦੇ ਇਲਜ਼ਾਮ ਤੋਂ ਬਚੇ ਰਹਿਣਗੇ।
ਇਸ ਹਵਾਲੇ ਨਾਲ ਸੁਰੱਖਿਆ ਦੀ ਚਿੰਤਾ ਕਰਦੀਆਂ ਸਰਕਾਰਾਂ ਦੀ ਗੱਲ ਕਰਨੀ ਬਣਦੀ ਹੈ। ਸੁਰੱਖਿਆ ਦੇ ਨਾਮ ਹੇਠ ਆਵਾਮ ਉੱਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਇਨ੍ਹਾਂ ਸੁਰੱਖਿਆ ਬੰਦੋਬਸਤਾਂ ਦੀ ਨੁਮਾਇਸ਼ ਹਰ ਮੌਕੇ ਉੱਤੇ ਪਤਵੰਤਿਆਂ ਨਾਲ ਤੋਰੀ ਜਾਂਦੀ ਹੈ। ਸਰਕਾਰ ਖ਼ੂਫ਼ੀਆ-ਤੰਤਰ ਅਤੇ ਨਿਗਰਾਨੀ ਦੀ ਨਵੀਂ ਤਕਨਾਲੋਜੀ ਨਾਲ ਸੂਹਾਂ ਲੈਂਦੀ ਹੈ। ਇੰਨਫਰਮੇਸ਼ਨ ਤਕਨਾਲੋਜੀ ਰਾਹੀਂ ਸਬੂਤ ਇਕੱਠੇ ਕਰਦੀ ਹੈ ਅਤੇ ਹਰ ਸੂਹ ਜਾਂ ਜਾਣਕਾਰੀ ਨੂੰ ਕਾਰਵਾਈ ਦੇ ਘੇਰੇ ਵਿੱਚ ਲਿਆਉਣ ਲਈ ਸਰਗਰਮ ਰਹਿਣ ਦਾ ਦਾਅਵਾ ਕਰਦੀ ਹੈ। ਸੁਰੱਖਿਆ-ਤੰਤਰ ਸਮੁੰਦਰ, ਅਸਮਾਨ, ਸੜਕ-ਲਾਂਘਿਆਂ ਅਤੇ ਸਾਈਵਰ-ਸਪੇਸ ਉੱਤੇ ਪਹਿਰਾ ਬਿਠਾਏ ਜਾਣ ਦਾ ਭਰੋਸਾ ਦਿੰਦਾ ਹੈ। ਇਹ ਸਭ ਕੁਝ ਆਵਾਮ ਨੂੰ ਸੁਰੱਖਿਆ ਦੇਣ ਦੇ ਨਾਮ ਉੱਤੇ ਕੀਤਾ ਜਾਂਦਾ ਹੈ।
ਸੁੱਖਾ ਕਾਹਲਵਾਂ ਵਰਗਿਆਂ ਦੀਆਂ ਢਾਣੀਆਂ ਵੀ ਤਾਂ ਆਵਾਮ ਦੀ ਜਾਨ-ਮਾਲ ਨੂੰ ਖ਼ਤਰਾ ਪੈਦਾ ਕਰਦੀਆਂ ਹਨ ਪਰ ਇਹ ਇਸ ਸਾਰੇ ਸੁਰੱਖਿਆ-ਤੰਤਰ ਦੀ ਪਹੁੰਚ ਅਤੇ ਪਹਿਲਕਦਮੀ ਤੋਂ ਬਾਹਰ ਕਿਉਂ ਹਨ? ਇਨ੍ਹਾਂ ਦੀਆਂ ਪੈੜਾਂ ਸਾਈਵਰ-ਸਪੇਸ ਉੱਤੇ ਉਘੜੀਆਂ ਪਈਆਂ ਹਨ। ਜਦੋਂ ਅਤਿਵਾਦੀ ਜਥੇਬੰਦੀਆਂ ਦੇ ਮਹਿਜ਼ ਇਸ਼ਾਰਾ ਕਰਦੇ ਟਵੀਟ ਦੀਆਂ ਰਮਜ਼ਾਂ ਫਰੋਲੀਆਂ ਜਾਂਦੀਆਂ ਹਨ ਤਾਂ ਇਨ੍ਹਾਂ ਦੀਆਂ ਧਮਕੀਆਂ ਜਾਂ ਕਾਰਵਾਈਆਂ ਦੇ ਜਸ਼ਨ ਨਜ਼ਰਅੰਦਾਜ਼ ਕਿਉਂ ਹੋ ਜਾਂਦੇ ਹਨ? ਇਨ੍ਹਾਂ ਸੁਆਲਾਂ ਦੇ ਪਿੱਛੇ ਹੀ ਹੁਕਮਰਾਨ ਧਿਰ ਦੀ ਸੋਚ ਲੁਕੀ ਹੋਈ ਹੈ। ਜੇ ਇਹ ਜੁੰਡਲੀਆਂ ਸਰਕਾਰ ਜਾਂ ਪੁਲਿਸ-ਪ੍ਰਸ਼ਾਸਨ ਲਈ ਖ਼ਤਰਾ ਨਹੀਂ ਹਨ ਤਾਂ ਇਨ੍ਹਾਂ ਨੂੰ ਖ਼ਤਰਨਾਕ ਕਰਾਰ ਨਹੀਂ ਦਿੱਤਾ ਜਾ ਸਕਦਾ। ਦੂਜਾ ਇਹ ਜੁੰਡਲੀਆਂ ਸਿਆਸਤਦਾਨਾਂ ਤੋਂ ਲੈ ਕੇ ਮੁਨਾਫ਼ਾਮੁਖੀ ਨਿਜ਼ਾਮ ਦੀਆਂ ਬੇਵਰਦੀ ਫ਼ੌਜਾਂ ਹੋਣ ਦੀ ਸਮਰੱਥਾ ਰੱਖਦੀਆਂ ਹਨ ਜੋ ਸਿਆਸੀ ਸੁਆਲਾਂ ਦੇ ਬਰੂਦ ਨਾਲ ਜੁਆਬ ਦੇਣ ਦਾ ਕੰਮ ਕਰ ਸਕਦੀਆਂ ਹਨ। ਇਹ ਸਿਆਸੀ ਨਿਜ਼ਾਮ, ਜਿਸ ਵਿੱਚ ਸਰਕਾਰ ਅਤੇ ਸਰਕਾਰ ਬਣਾਉਣ ਦੀਆਂ ਦਾਅਵੇਦਾਰ ਧਿਰਾਂ ਸ਼ਾਮਿਲ ਹੁੰਦੀਆਂ ਹਨ, ਦੀ ਵਗਾਰ ਕਰ ਦਿੰਦੇ ਹਨ। ਜ਼ਮੀਨਾਂ ਉੱਤੇ ਕਬਜ਼ਿਆਂ ਤੋਂ ਲੈ ਕੇ ਸ਼ਰੀਕਾਂ ਨੂੰ ਚੁੱਪ ਕਰਵਾਉਣ ਜਾਂ ਚੋਣਾਂ ਵਿੱਚ ਵਿਰੋਧੀਆਂ ਨੂੰ ਖੂੰਜੇ ਲਗਾਉਣ ਅਤੇ ਕੁਰਕੀ ਹੋ ਰਹੀਆਂ ਜਾਇਦਾਦਾਂ ਖਰੀਦਣ ਲਈ ਇਹੋ ਲਾਣਾ ਤਾਂ ਹੁਮ-ਹੁਮਾ ਕੇ ਪੁੱਜਦਾ ਹੈ। ਮਾਂਝੇ ਵਿੱਚ ਮੁਜ਼ਾਹਰਿਆਂ ਦੇ ਹਕੂਕ ਲਈ ਲੜਦੇ ਕਿਸਾਨ ਆਗੂ ਸਾਧੂ ਸਿੰਘ ਤਖ਼ਤੂਪੁਰਾ ਅਤੇ ਮਾਲਵੇ ਵਿੱਚ ਜ਼ਮੀਨ ਕੁਰਕ ਹੋਣ ਤੋਂ ਬਚਾਉਣ ਲਈ ਸੰਘਰਸ਼ ਕਰਦੇ ਪ੍ਰਿਥੀ ਚੱਕ ਅਲੀਸ਼ੇਰ ਦੇ ਕਤਲ ਇਸੇ ਲਾਣੇ ਤੋਂ ਕਰਵਾਏ ਜਾਂਦੇ ਹਨ। ਇਹੋ ਖ਼ਾਸਾ ਇਨ੍ਹਾਂ ਜੁੰਡਲੀਆਂ ਨੂੰ ਸਿਆਸੀ ਲਹਿਰਾਂ ਤੋਂ ਵੱਖਰਾ ਅਤੇ ਲੋਕ-ਦੋਖੀ ਬਣਾਉਂਦਾ ਹੈ। ਸਿਆਸੀ ਲਹਿਰਾਂ ਦੀ ਹਰ ਕਾਰਵਾਈ ਦੀ ਸੇਧ ਨਿਜ਼ਾਮ ਨੂੰ ਸੁਆਲ ਕਰਦੀ ਹੈ ਦੂਜੇ ਪਾਸੇ ਇਨ੍ਹਾਂ ਜੁੰਡਲੀਆਂ ਦੀ ਹਰ ਕਾਰਵਾਈ ਸਿਆਸੀ ਨਿਜ਼ਾਮ ਨੂੰ ਯਕੀਨ ਦਵਾਉਂਦੀ ਹੈ। ਇਹ ਜ਼ਰੂਰੀ ਨਹੀਂ ਕਿ ਇਹ ਜੁੰਡਲੀਆਂ ਅਤੇ ਸਿਅਸੀ ਨਿਜ਼ਾਮ ਦਾ ਤਾਲਮੇਲ ਪੁਖ਼ਤਾ ਹੋਵੇ ਪਰ ਇਨ੍ਹਾਂ ਦਾ ਖ਼ਾਸਾ ਇਨ੍ਹਾਂ ਨੂੰ ਜੋਟੀਦਾਰ ਬਣਾਉਂਦਾ ਹੈ। ਇਹ ਜੁੰਡਲੀਆਂ ਸਿਆਸੀ ਨਿਜ਼ਾਮ ਦੀ ਰਜਾ ਵਿੱਚ ਆਪਣੀਆਂ ਛੋਟੀਆਂ-ਛੋਟੀਆਂ ਰਿਆਸਤਾਂ ਚਲਾਉਣਾ ਚਾਹੁੰਦੀਆਂ ਹਨ ਅਤੇ ਬਦਲੇ ਵਿੱਚ ਵਗਾਰ ਕਰਨ ਅਤੇ ਮਾਲੀਆ ਦੇਣ ਨੂੰ ਤਿਆਰ ਹਨ।
ਇਨ੍ਹਾਂ ਜੁੰਡਲੀਆਂ ਵਿੱਚ ਸ਼ਾਮਿਲ ਮੁੰਡਿਆਂ ਦੀ ਘਰ ਵਾਪਸੀ ਵਿੱਚ ਸਿਆਸੀ ਨਿਜ਼ਾਮ ਦੀ ਕੋਈ ਦਿਲਚਸਪੀ ਨਹੀਂ। ਇਨ੍ਹਾਂ ਦੀ ਜ਼ਿੰਦਗੀ ਸਿਆਸੀ ਨਿਜ਼ਾਮ ਦਾ ਸੰਦ ਅਤੇ ਮੌਤ ਪ੍ਰਾਪਤੀ ਬਣਦੀ ਹੈ। ਇਹ ਧੰਦਾ ਹੀ ਛੋਟੀ ਉਮਰ ਦੀ ਬੇਦਲੀਲ, ਬੇਪਰਵਾਹ ਅਤੇ ਬੇਰੂਹ ਜਵਾਨੀ ਦੀ ਮੂੰਹਜ਼ੋਰੀ ਦਾ ਹੈ। ਇਨ੍ਹਾਂ ਨੇ ਕੁਝ ਦਿਨਾਂ ਦੀ ਚਮਕ ਨੂੰ ਦੇਖਣਾ ਹੈ। ਇਸੇ ਚਮਕ ਨੇ ਅਲੂਏ ਮੁੰਡਿਆਂ ਨੂੰ ਖਿੱਚਣਾ ਹੈ। ਇਸ ਧੰਦੇ ਵਿੱਚ ਭਰਤੀ ਨਹੀਂ ਘਟਦੀ, ਭਰਤੀ ਦੀ ਉਮਰ ਜ਼ਰੂਰ ਘੱਟ ਰਹੀ ਹੈ। ਮੌਤ ਦੀ ਉਮਰ ਵੀ ਘੱਟ ਰਹੀ ਹੈ।ਸਤਾਈ ਸਾਲ ਤਾਂ ਕੋਈ ਮਰਨ ਦੀ ਉਮਰ ਨਹੀਂ ਹੁੰਦੀ। ਪਿਆਰ ਕਰਨ ਦੀ ਉਮਰੇ ਇਹ ਲਾਸ਼ਾਂ ਉੱਤੇ ਭੰਗੜਾ ਪਾ ਰਹੇ ਹਨ। ਇਨ੍ਹਾਂ ਵਿੱਚੋਂ ਜੰਨਤ ਅਤੇ ਹੂਰਾਂ ਦੇ ਲਾਲਚ ਵਿੱਚ ਫਿਦਾਇਨ ਬਣੇ ਜੱਹਾਦੀਆਂ ਦਾ ਝਉਲਾ ਪੈਂਦਾ ਹੈ। ਇਨ੍ਹਾਂ ਹਾਲਾਤ ਵਿੱਚ ਇਨ੍ਹਾਂ ਨਾਲ ਸੰਵਾਦ ਕਰਨਾ ਦੋਧਾਰੀ ਤਲਵਾਰ ਹੈ। ਇਨ੍ਹਾਂ ਨੂੰ ਸਿਰਫ਼ ਹੱਥੋਪਾਈ, ਹੂਰੇ-ਮੁੱਕੀ, ਚਾਕੂ-ਛੁਰਿਆਂ ਅਤੇ ਬੰਦੂਕਾਂ-ਪਿਸਤੌਲਾਂ ਦੀ ਬੋਲੀ ਆਉਂਦੀ ਹੈ। ਇਨ੍ਹਾਂ ਦੀ ਘਰ ਵਾਪਸੀ ਦੀ ਲੜਾਈ ਸਿਆਸੀ ਜੰਗ ਤੋਂ ਘੱਟ ਨਹੀਂ ਹੈ ਜੋ ਮੌਜੂਦਾ ਸਰਕਾਰਾਂ ਅਤੇ ਪੁਲਿਸ-ਪ੍ਰਸ਼ਾਸਨ ਨੇ ਨਹੀਂ ਲੜਨੀ।
ਪੰਜਾਬ ਦੀ ਖ਼ਾਨਾਜੰਗੀ ਇਨ੍ਹਾਂ ਮੁੰਡਿਆਂ ਦੇ ਪਿੰਡੇ ਉੱਤੇ ਖੁਣੀ ਗਈ ਹੈ। ਇਨ੍ਹਾਂ ਦਾ ਜਿਉਣਾ-ਮਰਨਾ ਸੋਗ਼ਵਾਰ ਹੈ। ਇਨ੍ਹਾਂ ਨੂੰ ਕੀਤੇ ਸੁਆਲ ਇਨ੍ਹਾਂ ਨੇ ਨਹੀਂ ਸੁਣਨੇ। ਸਿਆਸੀ ਨਿਜ਼ਾਮ ਅਤੇ ਪੁਲਿਸ-ਪ੍ਰਸ਼ਾਸਨ ਨੇ ਇਨ੍ਹਾਂ ਸੁਆਲਾਂ ਨੂੰ ਕੰਨ ਨਹੀਂ ਧਰਨਾ। ਨਿਜ਼ਾਮ ਬਦਲੀ ਦੀਆਂ ਸਿਆਸੀ ਲਹਿਰਾਂ ਲਈ ਇਨ੍ਹਾਂ ਦੀ ਮਾਰ ਵਿੱਚ ਰਹਿਣਾ, ਇਨ੍ਹਾਂ ਖ਼ਿਲਾਫ਼ ਲੜਨਾ ਅਤੇ ਉਸੇ ਵੇਲੇ ਇਨ੍ਹਾਂ ਨਾਲ ਸੰਵਾਦ ਕਰਨਾ ਔਖਾ ਸਾਬਤ ਹੋਇਆ ਹੈ।
ਇਸ ਬੇਉਮੀਦੀ ਦੇ ਦੌਰ ਵਿੱਚ ਕੁਝ ਸੁਆਲ ਤਾਂ ਕੀਤੇ ਜਾਣੇ ਚਾਹੀਦੇ ਹਨ। ਕੋਈ ਇਨ੍ਹਾਂ ਦੀ ਘਰ-ਵਾਪਸੀ ਦੇ ਗੀਤ ਕਿਉਂ ਨਹੀਂ ਲਿਖਦਾ? ਕੋਈ ਵਿਦਵਾਨ ਇਨ੍ਹਾਂ ਦੀ ਮੁੜ-ਬਹਾਲੀ ਦੇ ਪਰਚੇ ਕਿਉਂ ਨਹੀਂ ਪੜ੍ਹਦਾ? ਕੋਈ ਇਨ੍ਹਾਂ ਦੀ ਬੇਕਿਰਕ ਜ਼ਿੰਦਗੀ ਵਿੱਚ ਧੜਕਣ ਭਰਨ ਵਾਲੀਆਂ ਫ਼ਿਲਮਾਂ ਕਿਉਂ ਨਹੀਂ ਬਣਾਉਂਦਾ? ਕੋਈ ਸੁੱਖੇ ਕਾਹਲਵਾਂ ਤੋਂ ਆਪਣੇ ਚਿਹਰੇ ਵਰਗਾ ਬਾਲ ਹੋਣ ਦੀ ਮੰਗ ਕਿਉਂ ਨਹੀਂ ਕਰਦਾ? ਜੇ ਇਨ੍ਹਾਂ ਨੂੰ ਘਰਾਂ ਦੇ ਬੂਹੇ ਤੰਗ ਲੱਗਦੇ ਹਨ ਤਾਂ ਕੋਈ ਬੂਹਿਆਂ ਦੀਆਂ ਨਵੀਂਆਂ ਚੌਗਾਠਾਂ ਦੀ ਬਾਤ ਕਿਉਂ ਨਹੀਂ ਪਾਉਂਦਾ? ਕੋਈ ਇਨ੍ਹਾਂ ਦੀ ਜ਼ਿੰਦਗੀ ਵਿੱਚ ਭਰੋਸੇ ਦੀ ਬਹਾਲੀ ਦੀ ਅਰਦਾਸ ਕਿਉਂ ਨਹੀਂ ਕਰਦਾ? ਸੁੱਖਾ ਕਾਹਲਵਾਂ ਨੂੰ ਕੋਈ ਸੁਖਬੀਰ ਕਹਿਣ ਤੋਂ ਕਿਉਂ ਝਿਜਕਦਾ ਹੈ?
(ਇਹ ਲੇਖ 3 ਫਰਵਰੀ 2015 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ)

4 comments:
very good insights into what is going on inside punjab .
System is old and useless as CM parkash singh badal .
"Punjab hun guran de naam te ni jiunda "
ਸੈਂਕੜਿਆਂ ਨੂੰ ਹਜਾਰਾਂ ਬਨਣ ਨੂੰ ਬਹੁਤਾ ਸਮਾਂ ਨਹੀਂ ਲੱਗਣਾ ।
The write up is an eye-opner, impels us to join heads and think and act. Time is running out....
Ami Ji well said. We have to be careful as they are the Punjabi youngsters. They are our part. Our system and Government should take necessary actions to stop these Youngster who are becoming Gangsters.
Gursharanjit Singh Shinh
Post a Comment