Monday, February 09, 2015

ਸੁਆਲ-ਸੰਵਾਦ: 'ਸੁਨਹਿਰੀ ਯੁੱਗ' ਅਤੇ 'ਅੰਤਿਮ ਸੱਚ' ਦੇ ਦਾਅਵੇ

ਦਲਜੀਤ ਅਮੀ

ਪਿਛਲੇ ਦਿਨਾਂ ਵਿੱਚ 'ਹਿੰਦੋਸਤਾਨ ਟਾਈਮਜ਼' ਅਖ਼ਬਾਰ ਵਿੱਚ ਪੰਜਾਬ ਦੀ ਵਿੱਤੀ ਹਾਲਤ ਬਾਰੇ ਬਹਿਸ ਛਪੀ। ਇਸ ਬਹਿਸ ਵਿੱਚ ਛਪੇ ਲੇਖਾਂ ਵਿੱਚ ਉਪ ਮੁੱਖ-ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਲੇਖ ਸ਼ਾਮਿਲ ਸਨ। ਇਨ੍ਹਾਂ ਦੋਵਾਂ ਲੇਖਾਂ ਵਿੱਚ ਅੰਕੜਿਆਂ ਨਾਲ ਦਲੀਲਾਂ ਪੇਸ਼ ਕੀਤੀਆਂ ਗਈਆਂ ਹਨ ਕਿ ਉਨ੍ਹਾਂ ਦੀ ਸਰਕਾਰ ਵੇਲੇ ਪੰਜਾਬ ਵਿੱਚ ਸੁਨਹਿਰੀ ਯੁੱਗ ਸੀ ਜਦੋਂ ਕਿ ਦੂਜੇ ਦੀਆਂ ਸਰਕਾਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ। ਇਨ੍ਹਾਂ ਦੇ ਕਿਸੇ ਅੰਕੜੇ ਉੱਤੇ ਕੋਈ ਸੁਆਲ ਕੀਤੇ ਬਿਨ੍ਹਾਂ ਕਈ ਨਿਚੋੜ ਕੱਢੇ ਜਾ ਸਕਦੇ ਹਨ ਜਿਨ੍ਹਾਂ ਦਾ ਰਾਬਤਾ ਪੰਜਾਬ ਦੀ ਵਿੱਤੀ ਹਾਲਾਤ ਤੋਂ ਵਡੇਰੇ ਰੁਝਾਨ ਨਾਲ ਹੈ। ਪਹਿਲੀ ਧਾਰਨਾ ਅੰਕੜਿਆਂ ਬਾਰੇ ਇਹ ਹੈ ਕਿ 'ਝੂਠ ਦੀਆਂ ਤਿੰਨ ਕਿਸਮਾਂ ਹਨ; ਝੂਠ, ਸਫ਼ੇਦ ਝੂਠ ਅਤੇ ਅੰਕੜੇ।' ਇਸ ਧਾਰਨਾ ਦੀ ਬੁਨਿਆਦ ਇਸ ਮਨੌਤ ਉੱਤੇ ਟਿਕੀ ਹੈ ਕਿ ਅੰਕੜਿਆਂ ਦੇ ਢੇਰ ਵਿੱਚੋਂ ਲੋੜ ਮੁਤਾਬਕ ਚੋਣ ਕਰ ਕੇ ਮਨਮਰਜ਼ੀ ਦੇ ਨਿਚੋੜ ਪੇਸ਼ ਕੀਤੇ ਜਾ ਸਕਦੇ ਹਨ। ਦੂਜੀ ਧਾਰਨਾ ਅੰਕੜਿਆਂ ਪੈਦਾ ਕਰਨ ਦੀ 'ਬੌਧਿਕ ਸਨਅਤ' ਦੀ ਭਰੋਸੇਯੋਗਤਾ ਨਾਲ ਜੁੜੀ ਹੋਈ ਹੈ। 

ਸੁਖਬੀਰ ਬਾਦਲ ਦੇ ਲੇਖ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਦੀਆਂ ਸੜਕਾਂ ਬਹੁਤ ਵਧੀਆ ਹਾਲਤ ਵਿੱਚ ਹਨ। ਇਹ ਅੰਕੜਿਆਂ ਨਾਲ ਸਹੀ ਸਾਬਤ ਕੀਤਾ ਜਾ ਸਕਦਾ ਹੈ। ਦਲੀਲ ਮਜ਼ਬੂਤ ਕਰਨ ਲਈ ਦੂਜੇ ਸੂਬਿਆਂ ਜਾਂ ਮੁਲਕਾਂ ਦੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਇਸੇ ਦਲੀਲ ਦਾ ਦੂਜਾ ਪਾਸਾ ਇਹ ਹੈ ਕਿ ਪੰਜਾਬ ਦੀਆਂ ਸੜਕਾਂ ਉੱਤੇ ਰੋਜ਼ਾਨਾ ਦਸ ਤੋਂ ਜ਼ਿਆਦਾ ਜਾਨਾਂ ਜਾਂਦੀਆਂ ਹਨ। ਇਹ ਸੜਕ ਹਾਦਸਿਆਂ ਵਿੱਚ ਹੋਈਆਂ ਮੌਕੇ ਉੱਤੇ ਮੌਤਾਂ ਹਨ। ਹਸਪਤਾਲ ਜਾ ਕੇ ਜਾਂ ਮਾਰੂ ਸੱਟਾਂ ਨਾਲ ਬਾਅਦ ਵਿੱਚ ਦਮ ਤੋੜਨ ਵਾਲੇ ਜੀਆਂ ਦੀ ਗਿਣਤੀ ਇਸ ਵਿੱਚ ਸ਼ਾਮਿਲ ਨਹੀਂ ਹੈ। ਇਸ ਅੰਕੜੇ ਨੂੰ ਵੀ ਵੱਧ ਹਾਦਸਿਆਂ ਵਾਲੀਆਂ ਮਿਸਾਲਾਂ ਨਾਲ ਛੋਟਾ ਜਾਂ ਘੱਟ ਹਾਦਸਿਆਂ ਵਾਲੀਆਂ ਮਿਸਾਲਾਂ ਨਾਲ ਵੱਡਾ ਬਣਾ ਕੇ ਪੇਸ਼ ਕੀਤਾ ਜਾ ਸਕਦਾ ਹੈ। ਇਸੇ ਲੇਖ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਈ.ਟੀ.ਟੀ. ਅਧਿਆਪਕਾਂ ਦੀ ਤਨਖ਼ਾਹ ਦੂਜੇ ਸੂਬਿਆਂ ਨਾਲੋਂ ਜ਼ਿਆਦਾ ਹੈ। ਕੁਝ ਸੂਬਿਆਂ ਦੇ ਨਾਮ ਦਿੱਤੇ ਗਏ ਹਨ। ਇਸ ਦਾਅਵੇ ਦਾ ਦੂਜਾ ਪੱਖ ਪੰਜਾਬ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਹਨ; ਕਈ ਤਰ੍ਹਾਂ ਦੀਆਂ ਯੋਜਨਾਵਾਂ ਵਿੱਚ ਭਰਤੀ ਕੀਤੇ ਗਏ ਅਧਿਆਪਕ ਹਨ ਅਤੇ ਇੱਕੋ ਕੰਮ ਕਰਦੇ ਅਧਿਆਪਕਾਂ ਨੂੰ ਵੱਖ-ਵੱਖ ਯੋਜਨਾਵਾਂ ਤਹਿਤ ਮਿਲਦੀਆਂ ਵੱਖ-ਵੱਖ ਤਨਖ਼ਾਹਾਂ ਹਨ। ਇਸ ਮਾਮਲੇ ਵਿੱਚ ਢੁਕਵੀਆਂ ਮਿਸਾਲਾਂ ਦੇ ਕੇ ਦੋਵਾਂ ਪੱਖਾਂ ਦੀ ਦਲੀਲ ਉਸਾਰੀ ਜਾ ਸਕਦੀ ਹੈ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਲੇਖ ਆਪਣੇ ਦੌਰ ਦੇ ਘਪਲਿਆਂ ਅਤੇ ਨਾਕਾਮਯਾਬੀਆਂ ਨੂੰ ਨਜ਼ਰਅੰਦਾਜ਼ ਕਰਦਾ ਹੈ। 

ਇਸ ਲੇਖ ਦਾ ਮਕਸਦ ਇਨ੍ਹਾਂ ਦੋਵਾਂ ਲੇਖਾਂ ਦੀ ਪੜਚੋਲ ਕਰਨਾ ਨਹੀਂ ਸਗੋਂ ਇਨ੍ਹਾਂ ਦੇ ਪਿਛਲੀ ਸੁਨਹਿਰੀ ਯੁੱਗ ਦੀ ਮਿੱਥ ਬਾਰੇ ਵਿਚਾਰ ਕਰਨਾ ਹੈ। ਦੋਵਾਂ ਲੇਖਾਂ ਦੀ ਦਲੀਲ ਬੁਨਿਆਦੀ ਰੂਪ ਵਿੱਚ ਇੱਕ ਹੈ ਕਿ ਲੇਖਕ ਆਪਣੀ ਰਾਜ ਦੇ ਸੁਨਹਿਰੀ ਯੁੱਗ ਨੂੰ ਵਡਿਆ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ 2002 ਤੋਂ 2007 ਦੇ 'ਸੁਨਹਿਰੀ ਯੁੱਗ' ਵਿੱਚ ਲਿਜਾਣਾ ਚਾਹੁੰਦੇ ਹਨ ਅਤੇ ਸੁਖਬੀਰ ਬਾਦਲ ਮੌਜੂਦਾ ਸਰਕਾਰ ਦੇ 'ਸੁਨਹਿਰੀ ਯੁੱਗ' ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਇਸ ਬੁਨਿਆਦੀ ਦਲੀਲ ਵਿੱਚ 'ਅੰਤਿਮ ਸੱਚ' ਨੂੰ ਹਾਸਲ ਕਰ ਲੈਣ ਵਰਗਾ ਦਾਅਵਾ ਹੈ। ਇਹੋ ਦਾਅਵਾ ਕੇਂਦਰ ਵਿੱਚ ਬਹੁਮਤ ਨਾਲ ਸਰਕਾਰ ਬਣਾਉਣ ਵਾਲੀ ਭਾਜਪਾ ਦਾ ਹੈ ਜੋ ਭਾਰਤ ਨੂੰ 'ਸੁਨਹਿਰੀ ਯੁੱਗ' ਵਿੱਚ ਵਾਪਸ ਲਿਜਾਣਾ ਚਾਹੁੰਦੀ ਹੈ। ਅੱਠ ਸੌ ਸਾਲਾਂ ਬਾਅਦ ਬਣੀ 'ਹਿੰਦੂ ਸਰਕਾਰ' ਹਿੰਦੋਸਤਾਨ ਦੇ 'ਸੁਨਹਿਰੀ ਯੁੱਗ' ਦੀ ਵਾਪਸੀ ਲਈ ਇਤਿਹਾਸ ਨੂੰ 'ਦਰੁਸਤ' ਕਰ ਕੇ ਲਿਖਣਾ ਚਾਹੁੰਦੀ ਹੈ। ਸਕੂਲਾਂ ਦੀ ਪੜ੍ਹਾਈ ਦਾ ਮੁਹਾਣ ਬਦਲਣਾ ਚਾਹੁੰਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ 'ਭਾਰਤੀ ਵਿਰਾਸਤ' ਨਾਲ ਜੋੜ ਕੇ 'ਅਖੰਡ ਭਾਰਤ' ਦੀ ਸਿਰਜਣਾ ਕੀਤੀ ਜਾ ਸਕੇ। ਵੱਖ-ਵੱਖ ਭਾਜਪਾਈ ਵਿਦਵਾਨਾਂ ਦਾ ਦਾਅਵਾ ਹੈ ਕਿ 'ਸੁਨਹਿਰੀ ਯੁੱਗ' ਵਿੱਚ ਗਿਆਨ, ਵਿਗਿਆਨ, ਫ਼ਲਸਫ਼ਾ ਅਤੇ ਤਕਨਾਲੋਜੀ ਮੌਜੂਦਾ ਦੌਰ ਨਾਲੋਂ ਬਿਹਤਰ ਸਨ। ਉਹ ਗਣੇਸ਼ ਨੂੰ ਉਸ ਵੇਲੇ ਦੀ 'ਸਰਜਰੀ' ਅਤੇ 'ਹਾਈਬ੍ਰਿਡ' (ਬੇਰੜਾ) ਦੀ ਮਿਸਾਲ ਵਜੋਂ ਪੇਸ਼ ਕਰਦੇ ਹਨ। 

ਇਸ ਰੁਝਾਨ ਦੀਆਂ ਕੁਝ ਕੜੀਆਂ ਇੰਟਰਨੈੱਟ ਉੱਤੇ ਮਿਲਦੀਆਂ ਖ਼ਬਰਾਂ ਵਰਗੀਆਂ ਅਫ਼ਵਾਹਾਂ ਤੋਂ ਮਿਲਦੀਆਂ ਹਨ। ਇਹ 'ਖ਼ਬਰ' ਸੋਸ਼ਲ ਮੀਡੀਆ ਉੱਤੇ ਵਾਰ-ਵਾਰ ਫ਼ੈਲਦੀ ਹੈ ਕਿ ਖਗੋਲ ਵਿਗਿਆਨ ਦਾ ਅਮਰੀਕੀ ਅਦਾਰਾ (ਨਾਸਾ) ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਂਦਾ ਹੈ। ਇਸ 'ਖ਼ਬਰ' ਉੱਤੇ ਕੀਰਤਨੀਆਂ ਨੇ ਕੀਰਤਨ ਕਰ ਦਿੱਤੇ ਹਨ ਅਤੇ ਕੀਰਤਨ ਦੀਆਂ ਆਵਾਜ਼ਾਂ ਉੱਤੇ ਇਹ 'ਜਾਣਕਾਰੀ' ਤਫ਼ਸੀਲ ਨਾਲ ਦਿੱਤੀ ਗਈ ਹੈ। ਅਜਿਹੇ ਕਈ ਵੀਡੀਓ ਇੰਟਰਨੈੱਟ ਉੱਤੇ ਮਿਲਦੇ ਹਨ। ਫੇਸਬੁੱਕ ਉੱਤੇ ਇੱਕ ਪੰਨਾ ਹੈ; ਨਾਸਾ ਟੇਕਸ ਹੈਲਪ ਫਰੌਮ ਗੁਰੂ ਗ੍ਰੰਥ ਸਾਹਿਬ। ਤਮਾਮ ਜਗਿਆਸੂਆਂ ਅਤੇ ਤਕਰਸ਼ੀਲਾਂ ਦੇ ਨਾਲ-ਨਾਲ ਰਸਮੀ ਰੂਪ ਵਿੱਚ ਨਾਸਾ ਵੱਲੋਂ ਰੱਦ ਕੀਤੇ ਜਾਣ ਦੇ ਬਾਵਜੂਦ ਇਸ 'ਖ਼ਬਰ' ਦੇ ਪਾਠਕ, ਸਰੋਤੇ ਅਤੇ ਦਰਸ਼ਕ ਹਨ। 

ਪੰਜਾਬੀ ਬੋਲੀ ਦੇ ਪੰਜਾਹ ਸਾਲਾਂ ਵਿੱਚ ਖ਼ਤਮ ਹੋਣ ਦੀ ਰਪਟ ਕਿਸੇ ਕੌਮਾਂਤਰੀ ਅਦਾਰੇ ਵੱਲੋਂ ਜਾਰੀ ਕੀਤੀ ਗਈ ਸੀ। ਕੋਈ ਕੌਮਾਂਤਰੀ ਅਦਾਰਾ ਅਜਿਹੀਆਂ ਰਪਟਾਂ ਖ਼ੂਫ਼ੀਆ ਤੌਰ ਉੱਤੇ ਨਹੀਂ ਛਾਪਦਾ ਪਰ ਰਪਟ ਕਿਸੇ ਨੂੰ ਨਹੀਂ ਲੱਭੀ। ਵਿਦਵਾਨ 'ਜੁਆਬ' ਵਿੱਚ ਮਣਾਮੂੰਹੀ ਕਾਗ਼ਜ਼ ਅਤੇ ਸਿਆਹੀ ਦੇ ਨਾਲ-ਨਾਲ 'ਅਣਮੁੱਲਾ' ਸਮਾਂ ਖ਼ਰਚ ਕਰਦੇ ਹਨ। ਅਖ਼ਬਾਰ ਸੰਪਾਦਕੀਆਂ ਲਿਖਦੇ ਹਨ। ਸਾਹਿਤਕ ਅਦਾਰੇ ਅਤੇ ਜਥੇਬੰਦੀਆਂ ਗੋਸ਼ਟੀਆਂ ਕਰਵਾਉਂਦੀਆਂ ਹਨ।

ਧਾਰਮਿਕ ਗ੍ਰੰਥਾਂ ਦੇ 'ਅੰਤਿਮ ਸੱਚ' ਅਤੇ ਘੱਟ-ਗਿਣਤੀਆਂ ਦੀ 'ਮੰਦਹਾਲੀ' ਦੇ ਮਾਮਲੇ ਵਿੱਚ ਅਫ਼ਵਾਹ ਤੰਤਰ ਜ਼ਿਆਦਾ ਹੀ ਸਰਗਰਮ ਰਹਿੰਦਾ ਹੈ। ਕਦੇ ਇੱਕ ਥਾਂ ਦੀਆਂ ਤਸਵੀਰਾਂ ਦੂਜੀ ਥਾਂ ਦੀਆਂ ਤਸਵੀਰਾਂ ਵਜੋਂ ਪੇਸ਼ ਕੀਤੀਆਂ ਜਾਂਦੀਆਂ ਹਨ। ਕਦੇ ਪੁਰਾਣੀਆਂ 'ਖ਼ਬਰਾਂ' ਨੂੰ ਨਵਾਂ ਰੁਝਾਨ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਹ 'ਖ਼ਬਰਾਂ' ਦੰਗੇ ਦਾ ਸਬੱਬ ਵੀ ਬਣਦੀਆਂ ਹਨ ਅਤੇ ਚੋਣਾਂ ਵੇਲੇ ਫ਼ਿਰਕੂ ਪਾਲਾਬੰਦੀ ਮਜ਼ਬੂਤ ਕਰਨ ਦਾ ਸੰਦ ਵੀ ਬਣਦੀਆਂ ਹਨ। 

ਇਨ੍ਹਾਂ 'ਖ਼ਬਰਾਂ' ਅਤੇ 'ਸੁਨਹਿਰੀ ਯੁੱਗ' ਦੇ ਦਾਅਵੇ ਦਾ ਆਪਸ ਵਿੱਚ ਸਿੱਧਾ ਰਿਸ਼ਤਾ ਹੈ। 'ਖ਼ਬਰਾਂ' ਇਸ ਰੁਝਾਨ ਦਾ ਤਤਕਾਲੀ ਅਤੇ 'ਸੁਨਹਿਰੀ ਯੁੱਗ' ਚਿਰਕਾਲੀ ਪੱਖ ਹਨ। ਇਸੇ ਰੁਝਾਨ ਦੇ ਅੰਦਰ 'ਸ਼ਖ਼ਸ਼ੀਅਤ ਮੁਖੀ' ਸਿਆਸਤ ਅਹਿਮ ਹਿੱਸਾ ਹੋ ਗਈ ਹੈ। 'ਅਬ ਕੀ ਵਾਰ, ਮੋਦੀ ਸਰਕਾਰ' ਅਤੇ 'ਪਾਂਚ ਸਾਲ, ਕੇਜਰੀਵਾਲ' ਵਰਗੇ ਨਾਅਰੇ ਇਸੇ ਰੁਝਾਨ ਨੂੰ ਮਜ਼ਬੂਤ ਕਰਦੇ ਹਨ। ਜਦੋਂ ਨਰਿੰਦਰ ਮੋਦੀ, ਅਰਵਿੰਦ ਕੇਜਰੀਵਾਲ ਅਤੇ ਕਿਰਨ ਬੇਦੀ ਆਪਣਾ ਨਾਮ ਤੀਜੇ ਪੁਰਖ਼ ਵਿੱਚ ਲੈਂਦੇ ਹੋਏ ਆਵਾਮ ਦੀ ਬੰਦਖ਼ਲਾਸੀ ਦੇ ਵਾਅਦੇ ਕਰਦੇ ਹਨ ਤਾਂ 'ਸ਼ਖ਼ਸ਼ੀਅਤ' ਅਤੇ 'ਬੰਦਖ਼ਲਾਸੀ' ਨੂੰ 'ਅੰਤਿਮ ਸੱਚ' ਵਜੋਂ ਬੰਨ੍ਹ ਦਿੰਦੇ ਹਨ। ਦੂਜੇ ਸ਼ਬਦਾਂ ਵਿੱਚ ਉਹ ਬੰਦਖ਼ਲਾਸੀ ਨੂੰ ਕਿਸੇ ਜ਼ਿੰਮੇਵਾਰੀ, ਹਕੂਕ ਜਾਂ ਜਮਹੂਰੀਅਤ ਦੇ ਘੇਰੇ ਵਿੱਚੋਂ ਬਾਹਰ ਕੱਢ ਦਿੰਦੇ ਹਨ। ਇਸੇ ਲੜੀ ਦੀ ਅਗਲੀ ਕੜੀ ਸੁਖਬੀਰ ਬਾਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਬਾਰੇ 'ਬਾਦਲ ਸਾਹਿਬ' ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਮੁਲਾਇਮ ਸਿੰਘ ਯਾਦਵ ਬਾਰੇ 'ਨੇਤਾ ਜੀ' ਦੇ ਬੋਲਿਆਂ ਵਿੱਚੋਂ ਲੱਭੀ ਜਾ ਸਕਦੀ ਹੈ। ਦੱਸ ਸਾਲਾਂ ਦੇ ਰਾਜ ਦੌਰਾਨ ਕਾਂਗਰਸ ਇਹੋ 'ਅੰਤਿਮ ਸੱਚ' ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ 'ਭਰੋਸੇਯੋਗਤਾ' ਵਿੱਚੋਂ ਪੇਸ਼ ਕਰਦੀ ਰਹੀ ਹੈ। 

ਆਪਣੀ ਸ਼ਰਧਾ ਦੇ ਘੇਰੇ ਵਿੱਚ ਕੋਈ 'ਅੰਤਿਮ ਸੱਚ' ਜਾਂ 'ਸੁਨਹਿਰੀ ਯੁੱਗ' ਦਾ ਦਾਅਵਾ ਕਰੇ ਤਾਂ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ? ਸੁਆਲ ਉਸ ਵੇਲੇ ਅਹਿਮ ਹੁੰਦਾ ਹੈ ਜਦੋਂ ਇਹ ਦਾਅਵੇ; ਸਮਾਜ ਉੱਤੇ ਅਸਰਅੰਦਾਜ਼ ਹੁੰਦੇ ਹਨ, ਅਖ਼ਤਿਆਰ ਤੈਅ ਕਰਦੇ ਹਨ, ਗਿਆਨ-ਵਿਗਿਆਨ ਦਾ ਮੁਹਾਣ ਬਦਲਦੇ ਹਨ, ਫ਼ਲਸਫ਼ੇ ਤੇ ਮਨੁੱਖੀ ਸੋਚ ਨੂੰ 'ਕੁਫ਼ਰ' ਜਾਂ 'ਗ਼ੈਰ' ਦੇ ਘੇਰੇ ਵਿੱਚ ਪਾਉਂਦੇ ਹਨ ਅਤੇ ਖੋਜ ਨੂੰ ਤੈਅ ਸਿੱਟਿਆਂ ਉੱਤੇ ਪਹੁੰਚਣ ਦਾ ਜ਼ਰੀਆ ਮੰਨਦੇ ਹਨ। ਆਖ਼ਰ ਬਾਦਲ-ਅਮਰਿੰਦਰ 'ਅੰਕੜਾ ਖੇਡ' ਧਾਰਨਾ ਪੱਖੋਂ ਦੀਨਾ ਨਾਥ ਬੱਤਰਾ ਦੀ ਇਤਿਹਾਸਕ ਸਮਝ ਨਾਲ ਜਾ ਮਿਲਦੇ ਹਨ। 

ਮਨੁੱਖ ਦੀ ਸੱਚ ਦੀ ਭਾਲ ਅਜ਼ਲਾਂ ਤੋਂ ਸ਼ੁਰੂ ਹੋਈ ਹੈ ਅਤੇ ਇਸ ਦੇ ਅਜ਼ਲਾਂ ਤੱਕ ਚਲਦੇ ਰਹਿਣ ਦੀ ਸੰਭਾਵਨਾ ਜੱਗ-ਜ਼ਾਹਰ ਹੈ। ਇਸ ਦੌਰਾਨ ਰੱਬ, ਪੈਗੰਬਰਾਂ, ਧਾਰਮਿਕ ਗ੍ਰੰਥਾਂ, ਮੁਲਕਾਂ ਦੀ ਅਖੰਡਤਾ ਅਤੇ 'ਇਤਿਹਾਸ ਵਿੱਚ ਦਰਜ ਸੁਨਹਿਰੀ ਯੁੱਗ' ਦੇ ਹਵਾਲਿਆਂ ਨਾਲ ਅੰਤਿਮ ਸੱਚ ਦਾ ਦਾਅਵਾ ਹੁੰਦਾ ਰਿਹਾ ਹੈ। ਇਹ ਦਾਅਵਾ ਆਪਣੀ ਤਾਕਤ ਮੁਤਾਬਕ ਹਰ ਸੁਆਲ ਨੂੰ ਤਾਕਤ ਦੇ ਡਰ ਅਤੇ ਮਹਿਰੂਮੀਅਤ ਦੇ ਖ਼ੌਫ਼ ਨਾਲ ਚੁੱਪ ਕਰਵਾਉਂਦਾ ਆਇਆ ਹੈ। ਹਰ ਪੈਗੰਬਰ ਦੀ ਹੋਂਦ ਦੂਜੇ ਪੈਗੰਬਰ ਉੱਤੇ ਕੀਤੇ ਸੁਆਲਾਂ ਨਾਲ ਜੁੜੀ ਹੋਈ ਹੈ। ਹਰ ਪੈਗੰਬਰ ਦੇ ਪੈਰੋਕਾਰਾਂ ਦੀ ਤਾਕਤ ਸੁਆਲਾਂ ਨੂੰ ਰੱਦ ਕਰਨ ਵਿੱਚ ਪਈ ਹੈ। ਹੁਕਮਰਾਨ ਇਸੇ ਦਲੀਲ ਦੇ ਧਾਰਨੀ ਹਨ। ਚੋਣਵੇਂ ਤੱਥਾਂ ਦੀਆਂ ਦਾਅਵੇਦਾਰੀਆਂ ਨਾਲ ਜੁੜੇ 'ਸੁਨਹਿਰੀ ਯੁੱਗ' ਅਤੇ 'ਅੰਤਿਮ ਸੱਚ' ਮਨੁੱਖ ਨੂੰ ਹਾਲਾਤ ਨੂੰ 'ਜਿਉਂ ਦੀ ਤਿਉਂ ਕਾਇਮ ਰੱਖਣ' ਜਾਂ 'ਕਿਸੇ ਬੀਤ ਚੁੱਕੇ ਯੁੱਗ' ਵਿੱਚ ਖ਼ੁਸ਼ਹਾਲੀ ਦਾ ਵਾਅਦਾ ਕਰਦੇ ਹਨ। ਕਦੇ ਇਹੋ ਵਾਅਦਾ ਮੌਤ ਜਾਂ 'ਸ਼ਹਾਦਤ' ਤੋਂ ਬਾਅਦ ਹੂਰਾਂ ਅਤੇ ਜੰਨਤ ਦੀ ਪ੍ਰਾਪਤੀ ਬਾਰੇ ਕੀਤਾ ਜਾਂਦਾ ਹੈ। 

ਜੇ ਸੱਚ ਨੂੰ ਜਾਨਣ ਦੀ ਮਨੁੱਖੀ ਅੰਚਬੀ ਨੂੰ ਸਦੀਵੀ ਮੰਨ ਲਿਆ ਜਾਵੇ ਤਾਂ ਇਹ ਮਸਲਾ ਕਿਸੇ ਵੀ ਜਗਿਆਸੂ ਜਾਂ ਵਿਗਿਆਨੀ ਲਈ ਤਾਂ ਸੁਲਝ ਜਾਵੇਗਾ ਪਰ 'ਸੁਨਹਿਰੀ ਯੁੱਗ' ਅਤੇ 'ਅੰਤਿਮ ਸੱਚ' ਦੀ ਦਾਅਵੇਦਾਰੀਆਂ ਲਈ ਮਹਿੰਗਾ ਸਾਬਤ ਹੋਵੇਗਾ। ਜਗਿਆਸਾ ਅਤੇ ਵਿਗਿਆਨ ਦੇ ਅਧਿਆਤਮਕ ਅਤੇ ਬੰਦਖ਼ਲਾਸੀ ਵਾਲੇ ਪੱਖਾਂ ਨੂੰ ਪ੍ਰਵਾਨ ਕਰ ਲੈਣ ਨਾਲ ਮਸਲਾ ਕਾਫ਼ੀ ਸੁਲਝ ਜਾਂਦਾ ਹੈ। ਆਖ਼ਰ ਮਨੁੱਖ ਦੀ ਭਾਲ ਬਿਹਤਰ ਸੱਚ ਦੀ ਬਣਦੀ ਹੈ। ਕੱਲ੍ਹ ਦਾ ਬਿਹਤਰ ਸੱਚ ਅੱਜ ਦੇ ਬਿਹਤਰ ਸੱਚ ਦਾ ਮੰਚ ਹੈ ਅਤੇ ਅੱਜ ਦੇ ਬਿਹਤਰ ਸੱਚ ਨੇ ਭਲਕ ਦੇ ਬਿਹਤਰ ਸੱਚ ਦਾ ਮੰਚ ਬਣਨਾ ਹੈ। 'ਅੰਤਿਮ ਸੱਚ' ਦੀ ਦਾਅਵੇਦਾਰੀ ਤਾਂ ਸੱਚ ਦੀ ਭਾਲ ਵਿੱਚ ਪਿਆ ਜੂੜ੍ਹ ਜਾਪਦੀ ਹੈ। 'ਸੁਨਹਿਰੀ ਯੁੱਗ' ਦੀ ਪ੍ਰਾਪਤੀ ਤਾਂ ਮਨੁੱਖੀ ਖੋਜ, ਖ਼ੁਸ਼ਹਾਲੀ ਅਤੇ ਬੰਦਖ਼ਲਾਸੀ ਦੀ ਤਮੰਨਾ ਨੂੰ ਬੰਨ੍ਹ ਲਗਾਉਣ ਦਾ ਉਪਰਾਲਾ ਮਾਤਰ ਜਾਪਦੀ ਹੈ। 

ਬਿਹਤਰ ਸੱਚ ਦੀ ਭਾਲ ਇਤਿਹਾਸ ਤੋਂ ਮਿਲੇ ਸਬਕਾਂ ਜਾਂ ਮਨੁੱਖੀ ਤਜਰਬੇ ਨਾਲ ਅੱਗੇ ਵਧਦੀ ਹੈ। ਇਹ ਭਾਲ ਇਤਿਹਾਸ ਜਾਂ ਕਿਸੇ ਤਜਰਬੇ ਦੀ ਗ਼ੁਲਾਮ ਕਿਵੇਂ ਹੋ ਸਕਦੀ ਹੈ? ਮਨੁੱਖ ਇਸ ਭਾਲ ਦਾ ਇੱਕ ਬਚਨ ਵਜੋਂ ਹਿੱਸਾ ਰਿਹਾ ਹੈ ਹੈ ਅਤੇ ਬਹੁਬਚਨ ਵਿੱਚ ਵੀ। ਇੱਕ ਬਚਨ ਕਿਵੇਂ ਨਾ ਕਿਵੇਂ ਬਹੁਬਚਨ ਨੂੰ ਮੁਖ਼ਾਤਬ ਰਹੇਗਾ। ਇੱਕ ਬਚਨ ਅਤੇ ਬਹੁਬਚਨ ਦਾ ਸੰਵਾਦ ਮਨੁੱਖੀ ਦਿਲਚਸਪੀ ਦਾ ਸਦੀਵੀ ਹਿੱਸਾ ਰਹੇਗਾ। ਪਹਿਲਾਂ ਪੁਰਖ਼ ਹਮੇਸ਼ਾ ਵਾਂਗ ਦੂਜੇ ਅਤੇ ਤੀਜੇ ਪੁਰਖ਼ ਨਾਲ ਸੰਵਾਦ ਵਿੱਚ ਰਹੇਗਾ।

(ਇਹ ਲੇਖ 10 ਫਰਵਰੀ 2015 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ)

No comments: