ਦਲਜੀਤ ਅਮੀ
ਮੌਜੂਦਾ ਦੌਰ ਵਿੱਚ ਸਫ਼ਰਯਾਫ਼ਤਾ ਆਬਾਦੀ ਦੇ ਹਿਜਰਤ, ਬੇਘਰੀ, ਬੇਬਸੀ, ਮਜਬੂਰੀਆਂ ਅਤੇ ਮੌਕਿਆਂ ਦੇ ਸੁਆਲ ਅਫ਼ਰੀਕਾ ਅਤੇ ਯੂਰਪ ਵਿਚਕਾਰਲੇ ਠੰਢੇ ਸਮੁੰਦਰ ਵਿੱਚ ਆ ਜੁੜੇ ਹਨ। ਦੂਜੇ ਪਾਸੇ ਆਵਾਸੀ ਨੇਮਾਂ ਦੀ ਸਖ਼ਤੀ ਅਤੇ ਹਥਿਆਰਾਂ ਦੀ ਪਹਿਰੇਦਾਰੀ ਨਾਲ ਹਕੂਮਤਾਂ ਸਰਹੱਦਾਂ ਨੂੰ ਕੰਧਾਂ ਵਿੱਚ ਤਬਦੀਲ ਕਰ ਰਹੀਆਂ ਹਨ। ਇੱਕ ਪਾਸੇ ਗੂਗਲ ਦੁਨੀਆਂ ਦੇ ਹਰ ਖੱਲ-ਖੂੰਜੇ ਵਿੱਚ ਛੋਟੀ ਤੋਂ ਛੋਟੀ ਨਿਸ਼ਾਨੀ ਦੱਸ ਕੇ ਚੱਤੇ ਪਹਿਰ ਰਾਹ ਦਰਸਾਵਾ ਬਣਿਆ ਹੋਇਆ ਅਤੇ ਦੂਜੇ ਪਾਸੇ ਰੂਮ ਸਾਗਰ ਵਿੱਚ ਤਰਦੀਆਂ ਲਾਸ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਵੇਲੇ ਅਮਰੀਕੀ-ਯੂਰਪੀ ਮੁਲਕ ਅਫ਼ਰੀਕਾ ਦੇ ਹਰ ਚੱਪੇ-ਚੱਪੇ ਦੀ ਨਿਗਰਾਨੀ ਕਰ ਰਹੇ ਹਨ। ਜੰਗੀ ਮੁਹਿੰਮਾਂ ਵਿੱਚ ਹਜ਼ਾਰਾਂ ਮੀਲ ਦੂਰ ਬੈਠ ਕੇ ਸ਼ੱਕੀਆਂ ਦੀ ਹਰ ਹਰਕਤ ਦੇਖੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਬੇਮਨੁੱਖੀ ਮਸ਼ੀਨਾਂ ਨਾਲ ਚਿੱਤ ਕੀਤਾ ਜਾ ਰਿਹਾ ਹੈ। ਇਨ੍ਹਾਂ ਬੇਮਨੁੱਖੀ ਮਸ਼ੀਨਾਂ ਬਾਰੇ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਨਜ਼ਰ ਵਿੱਚ ਆਏ ਬਿਨਾਂ ਇਹ ਕੀੜੀ ਤੱਕ ਦੇਖ ਸਕਦੀਆਂ ਹਨ। ਦੂਜਾ ਪਾਸਾ ਇਹ ਹੈ ਕਿ ਹਿਜਰਤ ਲਈ ਮਜਬੂਰ ਆਬਾਦੀ ਆਪਣੇ ਕਲਬੂਤਾਂ ਵਿੱਚ ਸਾਹ ਚੱਲਦਾ ਰੱਖਣ ਲਈ ਕਿਸੇ ਵੀ ਸੂਈ ਦੇ ਨੱਕੇ ਵਿੱਚੋਂ ਨਿਕਲਣ ਲਈ ਤਿਆਰ ਹੈ। ਉਨ੍ਹਾਂ ਲਈ ਹਰ ਮੌਕਾ ਜ਼ਿੰਦਗੀ ਦਾ ਆਖ਼ਰੀ ਮੌਕਾ ਹੈ।
ਇਟਲੀ ਦੇ ਸਮੁੰਦਰ ਵਿੱਚ ਮੱਛੀਆਂ ਫੜਨ ਵਾਲੀ ਕਿਸ਼ਤੀ ਡੁੱਬ ਗਈ ਜਿਸ ਵਿੱਚ ਹਿਜਰਤਯਾਫ਼ਤਾ ਮੁਸਾਫ਼ਰ ਸਨ। ਤਕਰੀਬਨ 950 ਮੁਸਾਫ਼ਰਾਂ ਦੇ ਡੁੱਬ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਅਠਾਈ ਯੂਰਪੀ ਮੁਲਕਾਂ ਦੇ ਗ੍ਰਹਿ-ਮੰਤਰੀ ਅਤੇ ਆਹਲਾ ਪੁਲਿਸ ਅਧਿਕਾਰੀ ਰੂਮ ਸਾਗਰ ਵਿੱਚ ਵਾਪਰਦੇ ਹਾਦਸਿਆਂ ਨਾਲ ਨਿਪਟਣ ਲਈ ਲਗਜ਼ਮਬਰਗ ਵਿੱਚ ਹੰਗਾਮੀ ਬੈਠਕ ਕਰ ਰਹੇ ਹਨ। ਹਾਦਸੇ ਦੇ ਅੰਕੜਿਆਂ ਦੀ ਬਦੌਲਤ ਇਹ ਹੰਗਾਮੀ ਬੈਠਕ ਹੋਈ ਅਤੇ ਇਸ ਨੂੰ ਖ਼ਬਰ ਦਾ ਰੁਤਬਾ ਮਿਲਿਆ ਹੈ। ਰੂਮ ਸਾਗਰ ਵਿੱਚ ਡੁੱਬ ਜਾਣ ਵਾਲਿਆਂ ਦੀ ਤ੍ਰਾਸਦੀ ਅੰਕੜਿਆਂ ਵਿੱਚ ਨਹੀਂ ਸਗੋਂ ਬਚ ਜਾਣ ਵਾਲਿਆਂ ਦੇ ਚਿਹਰਿਆਂ ਉੱਤੇ ਉਕਰੀ ਹੋਈ ਹੈ। ਉਨ੍ਹਾਂ ਦੇ ਚਿਹਰਿਆਂ ਉੱਤੇ ਦਰਜ ਹੋਇਆ ਖ਼ੌਫ਼ ਤਾਂ ਮਨੁੱਖੀ ਸੰਵੇਦਨਾ ਨੇ ਪੜ੍ਹਨਾ ਹੈ ਪਰ ਇਹ ਸੁਆਲ ਪੁੱਛ ਲਿਆ ਜਾਣਾ ਚਾਹੀਦਾ ਹੈ ਕਿ ਇਹ ਭੁੱਖਾਂ ਦੇ ਮਾਰੇ ਕੌਣ ਹਨ ਜੋ ਲਾਰੇ ਬੰਨ੍ਹ ਤੁਰੇ ਹਨ?' ਇਨ੍ਹਾਂ ਜਿਊਣ-ਜੋਗਿਆਂ ਨੂੰ ਮੌਤ ਦੇ ਮੂੰਹ ਸਿਰਫ਼ ਭੁੱਖਾਂ ਨੇ ਪਾਇਆ ਹੈ ਜਾਂ ਬੰਬਾਂ ਅਤੇ ਵਿਕਾਸ ਨੇ ਕੋਈ ਹਿੱਸਾ ਪਾਇਆ ਹੈ? ਇਨ੍ਹਾਂ ਨੂੰ ਉਨ੍ਹਾਂ ਰਾਹਾਂ ਉੱਤੇ ਤੁਰਨਾ ਪਿਆ ਹੈ ਜਿਨ੍ਹਾਂ ਦੀ ਸਾਰ ਇਹ ਨਹੀਂ ਜਾਣਦੇ। ਇਹ ਤਾਂ ਸਿਰਫ਼ ਉਹ ਜਾਣਦੇ ਕਿ ਕਿਹਦੇ ਆਸਰੇ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਅਤੇ ਟਰੱਕਾਂ ਦੇ ਤਹਿਖ਼ਾਨਿਆਂ ਜਾਂ ਕਾਰਾਂ ਦੀਆਂ ਡਿੱਗ੍ਹੀਆਂ ਵਿੱਚ ਸਫ਼ਰ ਕੀਤਾ ਜਾਂਦਾ ਹੈ। ਇਹ ਅੰਦਾਜ਼ਾ ਤਾਂ ਬਾਅਦ ਵਿੱਚ ਲਗਾਇਆ ਜਾਵੇਗਾ ਕਿ ਇਸ ਤਜਰਬੇ ਵਿੱਚ ਬਚ ਜਾਣ ਵਾਲਿਆਂ ਦਾ ਕੀ ਖੁੱਸ ਗਿਆ? ਹਾਲੇ ਤਾਂ ਇਹ ਤੈਅ ਕਰਨਾ ਔਖਾ ਹੈ ਕਿ ਇਸ ਹਾਦਸੇ ਦੇ ਆਰ-ਪਾਰ ਖੜ੍ਹੀ ਲੋਕਾਈ ਲਈ ਚੰਗੇ-ਮੰਦੇ ਭਾਗਾਂ ਵਿਚਕਾਰਲੀ ਲਕੀਰ ਕਿੱਥੇ ਹੈ? ਮਨੁੱਖੀ ਇਤਿਹਾਸ ਵਿੱਚ ਸ਼ਾਇਦ ਕਦੇ ਇਹ ਵੀ ਦਰਜ ਹੋਵੇਗਾ ਕਿ ਇਸ ਤ੍ਰਾਸਦੀ ਦੀ ਮਾਰ ਹੇਠ ਆਈ ਲੋਕਾਈ ਅੰਦਰ ਬੁਜ਼ਦਿਲੀ ਅਤੇ ਜਿਉਂਦੇ ਰਹਿਣ ਦੀ ਰੀਝ ਰਲਗੱਡ ਕਿਵੇਂ ਹੁੰਦੀ ਰਹੀ।
ਜੇ ਇਸ ਤ੍ਰਾਸਦੀ ਨੂੰ ਇਟਲੀ ਵਿੱਚ ਹੋਏ ਹਾਦਸੇ ਤੱਕ ਮਹਿਦੂਦ ਕਰਨਾ ਕੁਤਾਹੀ ਹੋਵੇਗੀ ਤਾਂ ਅਫ਼ਰੀਕਾ ਤੱਕ ਮਹਿਦੂਦ ਕਰਨਾ ਵੀ ਭੁੱਲ ਹੋਵੇਗੀ। ਕਦੇ-ਕਦੇ ਤਾਂ ਪੰਜਾਬ ਵਿੱਚ ਮਾਲਟਾ ਕਾਂਡ ਨੂੰ ਯਾਦ ਕਰ ਲਿਆ ਜਾਂਦਾ ਹੈ ਜਿਸ ਵਿੱਚ ਦੱਖਣੀ ਏਸ਼ੀਆ ਦੇ ਸਾਰੇ ਮੁਲਕਾਂ ਦੇ ਜੀਅ ਇਸੇ ਤਰ੍ਹਾਂ ਇਟਲੀ ਦੇ ਸਮੁੰਦਰ ਵਿੱਚ ਡੁੱਬੇ ਸਨ। ਜੇ ਇਸ ਤ੍ਰਾਸਦੀ ਨੂੰ ਇਤਿਹਾਸ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇੱਕ ਪਾਸੇ ਕੋਮਾਗਾਟਾਮਾਰੂ ਅਤੇ ਦੂਜੇ ਪਾਸੇ ਫ੍ਰੈਂਚਫਾਨੋ ਦੀ ਅਲਜੀਰੀਆ ਤੋਂ ਫਰਾਂਸ ਬਾਰੇ ਲਿਖੀ ਕਿਤਾਬ ਵੱਡੀ ਲੜੀ ਦੀਆਂ ਦੋ ਕੜੀਆਂ ਜਾਪਦੀਆਂ ਹਨ। ਕੋਮਾਗਾਟਾਮਾਰੂ ਦੀ ਮੌਜੂਦਾ ਜੂਨ ਰੂਮ ਸਾਗਰ ਵਿੱਚ ਤੈਰਦੇ ਲਾਵਾਰਿਸ ਜਹਾਜ਼ ਹਨ ਜਿਨ੍ਹਾਂ ਨੂੰ ਛੱਡ ਕੇ ਤਸਕਰ ਫਰਾਰ ਹੋ ਜਾਂਦੇ ਹਨ ਅਤੇ ਸਰਕਾਰਾਂ ਕੰਢੇ ਨਹੀਂ ਲੱਗਣ ਦਿੰਦੀਆਂ। ਜਨਵਰੀ ਦੇ ਮਹੀਨੇ ਵਿੱਚ ਦੋ ਵਾਰ ਹੋਇਆ ਕਿ ਮਨੁੱਖੀ ਤਸਕਰ ਮੁਸਾਫ਼ਰਾਂ ਨਾਲ ਭਰਿਆ ਮਾਲ ਜਹਾਜ਼ ਸਮੁੰਦਰ ਦੇ ਵਿਚਕਾਰ ਛੱਡ ਕੇ ਫਰਾਰ ਹੋ ਗਏ। ਮੁਸਾਫ਼ਰਾਂ ਤੋਂ ਜਹਾਜ਼ ਤੱਕ ਦੀ ਕੀਮਤ ਵਸੂਲ ਚੁੱਕੇ ਤਸਕਰ ਸਿਰਫ਼ ਇਸ ਧੰਦੇ ਦੇ ਅਰਥਚਾਰੇ ਦੀ ਦੱਸ ਨਹੀਂ ਪਾਉਂਦੇ ਸਗੋਂ ਇਸ ਦੀ ਕਰੂਰਤਾ ਦਾ ਭੇਦ ਵੀ ਖੋਲ੍ਹਦੇ ਹਨ। ਉਹ ਜਹਾਜ਼ ਨੂੰ ਕੰਢੇ ਨਾਲ ਟਕਰਾਉਣ ਲਈ ਛੱਡ ਦਿੰਦੇ ਹਨ। ਸਮੁੰਦਰੀ ਫ਼ੌਜਾਂ ਇਨ੍ਹਾਂ ਲਾਵਾਰਿਸ ਜਹਾਜ਼ਾਂ ਨੂੰ ਕਬਜ਼ੇ ਵਿੱਚ ਲੈਂਦੀਆਂ ਹਨ। ਇਸ ਤੋਂ ਬਾਅਦ ਇਹ ਜਹਾਜ਼ਾਂ ਨੂੰ ਵਾਪਸ ਭੇਜਣ ਦੀ ਮਸ਼ਕ ਸ਼ੁਰੂ ਹੁੰਦੀ ਹੈ। ਦਵਾਈਆਂ ਅਤੇ ਖਾਣ-ਪੀਣ ਦਾ ਕੁਝ ਬੰਦੋਬਸਤ ਸਮੁੰਦਰ ਦੇ ਅੰਦਰ ਹੀ ਸਮੁੰਦਰੀ ਫ਼ੌਜਾਂ ਕਰਦੀਆਂ ਹਨ। ਇਸ ਤੋਂ ਬਾਅਦ ਕਾਗ਼ਜ਼ੀ ਕਾਰਵਾਈਆਂ ਹੁੰਦੀਆਂ ਹਨ। ਪਨਾਹ ਦੇਣ ਤੋਂ ਲੈ ਕੇ ਵਾਪਸ ਭੇਜਣ ਜਾਂ ਗ਼ੈਰ-ਕਾਨੂੰਨੀ ਢੰਗ ਨਾਲ ਮੁਲਕ ਵਿੱਚ ਦਾਖ਼ਲ ਹੋਣ ਖ਼ਿਲਾਫ਼ ਅਦਾਲਤੀ ਕਾਰਵਾਈਆਂ ਦਾ ਸਿਲਸਿਲਾ ਚੱਲਦਾ ਹੈ। ਇਸ ਤਰ੍ਹਾਂ ਸਿਰਫ਼ ਇਟਲੀ ਵਿੱਚ ਇੱਕ ਸਾਲ ਦੇ ਅੰਦਰ 1,70,000 ਮੁਸਾਫ਼ਰਾਂ ਨੂੰ ਨਜ਼ਰਬੰਦ ਕੀਤਾ ਗਿਆ। ਜੇ ਅਠਾਈ ਮੁਲਕ ਹੰਗਾਮੀ ਬੈਠਕ ਵਿੱਚ ਸ਼ਾਮਿਲ ਹੋਏ ਹਨ ਤਾਂ ਇਸ ਅੰਕੜੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਪੂਰਾ ਤਰਦੱਦ ਕੀਤਾ ਜਾਂਦਾ ਹੈ ਕਿ ਕਾਗ਼ਜ਼ੀ ਕਾਰਵਾਈ ਨਾ ਕਰਨੀ ਪਵੇ। ਇਨ੍ਹਾਂ ਮੁਸਾਫ਼ਰਾਂ ਦੀ ਸਮੁੰਦਰ ਵਿੱਚ ਮੌਤ ਨੂੰ ਯੂਰਪੀ ਮੁਲਕ ਨਜ਼ਰਅੰਦਾਜ਼ ਕਰਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਇਨ੍ਹਾਂ ਦੇ ਸਮੁੰਦਰ ਵਿੱਚ ਮਰ ਜਾਣ ਨੂੰ ਬਿਹਤਰ ਮੰਨਦੇ ਹਨ। ਇਸ ਤਰ੍ਹਾਂ ਉਹ ਕਾਗ਼ਜ਼ੀ ਕਾਰਵਾਈ ਅਤੇ ਆਵਾਸੀਆਂ ਦੇ ਬੋਝ ਤੋਂ ਬਚ ਜਾਂਦੇ ਹਨ। ਉਹ ਇਸੇ ਤੱਥ ਵਿੱਚੋਂ ਤਸੱਲੀ ਲੱਭਦੇ ਹਨ ਕਿ ਸਮੁੰਦਰ ਦੇ ਬਰਫ਼ੀਲੇ ਪਾਣੀਆਂ ਨੇ ਉਨ੍ਹਾਂ ਦੇ ਹੱਥ ਖ਼ੂਨ ਨਾਲ ਲਿਬੜਣ ਤੋਂ ਬਚਾ ਲਏ ਹਨ। ਜੇ ਮੌਜੂਦਾ ਦੌਰ ਵਿੱਚ ਜੰਗਬਾਜ਼ ਮੁਲਕਾਂ ਨੇ ਆਪਣੇ ਫ਼ੌਜੀਆਂ ਦੀਆਂ ਮੌਤਾਂ ਦੀ ਗਿਣਤੀ ਘਟਾ ਕੇ ਆਵਾਮੀ ਰਾਏ ਜੰਗੀ ਮੁਹਿੰਮਾਂ ਦੇ ਪੱਖ ਵਿੱਚ ਉਸਾਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤਾਂ ਉਹ ਆਪਣੀਆਂ ਨੀਤੀਆਂ ਕਾਰਨ ਵਹਿੰਦੇ ਖ਼ੂਨ ਤੋਂ ਵੀ ਹੱਥ ਬਚਾਉਣ ਦਾ ਸਿਰਤੋੜ ਤਰਦੱਦ ਕਰ ਰਹੇ ਹਨ।
ਖੋਜੀ ਪੱਤਰਕਾਰਾਂ ਦੇ ਕੌਮਾਂਤਰੀ ਅਦਾਰੇ (ਇੰਟਰਨੈਸ਼ਨਲ ਕਨਸੋਰਟੀਅਮ ਆਫ਼ ਇੰਵੈਸਟੀਗੇਟਿੰਗ ਜਰਨਲਿਸਟ) ਮੁਤਾਬਕ ਪਿਛਲੇ ਪੰਜ ਸਾਲਾਂ ਦੌਰਾਨ ਵਰਲਡ ਬੈਂਕ ਦੀਆਂ ਵਿਕਾਸ ਯੋਜਨਾਵਾਂ ਦੇ ਨਤੀਜੇ ਵਜੋਂ ਚੌਦਾਂ ਮੁਲਕਾਂ ਵਿੱਚੋਂ ਚੌਂਤੀ ਲੱਖ ਲੋਕ ਹਿਜਰਤ ਕਰਨ ਲਈ ਮਜਬੂਰ ਹੋਏ ਹਨ। ਵਰਲਡ ਬੈਂਕ ਇਨ੍ਹਾਂ ਲੋਕਾਂ ਦੀ ਰਾਖੀ ਕਰਨ ਵਿੱਚ ਨਾਕਾਮਯਾਬ ਰਿਹਾ ਹੈ। ਵਰਲਡ ਬੈਂਕ ਅਤੇ ਇਸ ਦੇ ਸਹਿਯੋਗੀ ਵਿੱਤੀ ਅਦਾਰਿਆਂ ਨੇ ਮਨੁੱਖੀ ਹਕੂਕ ਦੇ ਉਲੰਘਣ, ਬਲਾਤਕਾਰ, ਕਤਲ ਅਤੇ ਤਸ਼ੱਦਦ ਦੇ ਇਲਜ਼ਾਮਾਂ ਵਿੱਚ ਘਿਰੀਆਂ ਸਰਕਾਰਾਂ ਅਤੇ ਕੰਪਨੀਆਂ ਦੀਆਂ ਯੋਜਨਾਵਾਂ ਵਿੱਚ ਸਰਮਾਇਆ ਲਗਾਇਆ ਹੈ। ਇਲਜ਼ਾਮਾਂ ਦੀ ਤਸਦੀਕ ਕਰਦੇ ਸਬੂਤ ਹੋਣ ਦੇ ਬਾਵਜੂਦ ਵਰਲਡ ਬੈਂਕ ਨੇ ਆਪਣੀ ਵਿੱਤੀ ਹਮਾਇਤ ਜਾਰੀ ਰੱਖੀ ਹੈ। ਇਥੋਪੀਆ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਦੁਨੀਆਂ ਦੀਆਂ ਸਭ ਤੋਂ ਜੋਖ਼ਮ ਭਰੀਆਂ ਕਰਾਰ ਦਿੱਤੀਆਂ ਗਈਆਂ ਯੋਜਨਾਵਾਂ ਵਿੱਚ ਪੰਜਾਹ ਅਰਬ ਅਮਰੀਕੀ ਡਾਲਰ ਖ਼ਰਚੇ ਗਏ ਸਨ। ਇਨ੍ਹਾਂ ਯੋਜਨਾਵਾਂ ਰਾਹੀਂ ਹੁੰਦੇ ਚੌਗਿਰਦੇ ਅਤੇ ਸਮਾਜਿਕ ਨੁਕਸਾਨ ਨੂੰ 'ਬੇਮਿਸਾਲ ਅਤੇ ਬੇਮੋੜ' ਕਰਾਰ ਦਿੱਤਾ ਜਾ ਚੁੱਕਿਆ ਹੈ।
ਮੌਜੂਦਾ ਹਾਲਾਤ ਵਿੱਚ ਅਮੀਰ ਮੁਲਕਾਂ ਨੇ ਵਪਾਰ ਅਤੇ ਜੰਗ ਨੂੰ ਰਲਗੱਡ ਕੀਤਾ ਹੈ ਜਿਸ ਦਾ ਪ੍ਰਗਟਾਵਾ ਉਨ੍ਹਾਂ ਦੇ ਸਰਹੱਦਾਂ ਨਾਲ ਲੱਗਦੇ ਸਮੁੰਦਰਾਂ ਵਿੱਚ ਹੁੰਦਾ ਹੈ। ਸਰਹੱਦਾਂ ਉੱਤੇ ਤਾਇਨਾਤ ਗਾਰਦਾਂ ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ ਕਰਨ ਅਤੇ ਕਾਗ਼ਜ਼ੀ-ਅਦਾਲਤੀ ਕਾਰਵਾਈ ਤੋਂ ਬਚਣ ਲਈ ਲਾਸ਼ਾਂ ਦੇ ਪੰਚਨਾਮੇ ਕਰਨ ਨੂੰ ਤਰਜੀਹ ਦਿੰਦੀਆਂ ਹਨ। ਇਸੇ ਸੋਚ ਦਾ ਪ੍ਰਗਟਾਵਾ ਯੂਰਪੀ ਮੁਲਕ ਰੂਮ ਸਾਗਰ ਵਿੱਚ ਕਰ ਰਹੇ ਹਨ। ਇਨ੍ਹਾਂ ਮੁਲਕਾਂ ਨੇ ਗ਼ਰੀਬ ਮੁਲਕਾਂ ਦੇ ਬੰਦੇ ਅੰਦਰ ਅੱਗ ਲਗਾਈ ਹੈ ਜੋ ਕਿਸੇ ਵੀ ਭੱਠੀ ਵਿੱਚ ਪੈਣ ਨੂੰ ਤਿਆਰ ਹੈ। ਹੁਣ ਇਨ੍ਹਾਂ ਮੁਲਕਾਂ ਦਾ ਤਰਦੱਦ ਇਸੇ ਮਸ਼ਕ ਵਿੱਚ ਲੱਗਿਆ ਹੈ ਕਿ ਸਮੁੰਦਰ ਵਿੱਚ ਡੁੱਬਦੀਆਂ ਲਾਸ਼ਾਂ ਯੂਰਪੀ ਸਰਕਾਰਾਂ ਦੇ ਸਿਰ ਕਤਲ ਬਣ ਕੇ ਨਾ ਪੈਣ। ਇਹ ਖ਼ੁਦਕੁਸ਼ੀ ਹੋਵੇ ਜਾਂ ਗ਼ਲਤੀ ਪਰ ਯੂਰਪੀ ਮੁਲਕਾਂ ਦਾ ਮਨੁੱਖੀ ਹਕੂਕ ਦੀ ਰਾਖੀ ਦਾ ਬਹੀ-ਖ਼ਾਤਾ ਖ਼ਰਾਬ ਨਾ ਕਰਨ।
ਇੱਕ ਪਾਸੇ ਆਪਣੇ ਸਲੀਕੇ ਦੇ ਬਹੀ-ਖ਼ਾਤੇ ਸੁਥਰੇ ਰੱਖਣ ਦਾ ਤਰਦੱਦ ਹੈ ਅਤੇ ਦੂਜੇ ਪਾਸੇ ਜੰਗੀ ਮੁਹਿੰਮਾਂ ਤੇ ਵਿੱਤੀ ਪੂੰਜੀ ਦਾ ਹਮਲਾਵਰ ਖ਼ਾਸਾ ਹੈ ਜੋ ਬੰਦੇ ਨੂੰ ਮੁਲਕਬਦਰ ਕਰ ਰਿਹਾ ਹੈ। ਇਹ ਧਾਰਨਾ ਵੀ ਵਿਚਾਰ ਦੀ ਮੰਗ ਕਰਦੀ ਹੈ ਕਿ ਮੁਲਕ ਨਾਮ ਦੀ ਪਛਾਣ ਬੰਦੇ ਨੂੰ ਬੱਦੂ ਬਣਾ ਰਹੀ ਹੈ। ਮੁਕਾਮੀ ਸਰਕਾਰਾਂ ਵਿਦੇਸ਼ੀ ਪੂੰਜੀ ਦੇ ਪੱਖ ਵਿੱਚ ਖੜ੍ਹ ਗਈਆਂ ਹਨ ਅਤੇ ਵਿਕਾਸ ਯੋਜਨਾਵਾਂ ਲਈ ਕੁਦਰਤੀ ਸਰੋਤਾਂ ਅਤੇ ਜ਼ਮੀਨ ਉੱਤੇ ਦਾਅਵੇਦਾਰੀ ਤੋਂ ਮਹਿਰੂਮ ਹੋ ਰਿਹਾ ਬੰਦਾ ਹਰ ਥਾਂ ਬੇਮੁਲਕ ਹੈ। ਇਨ੍ਹਾਂ ਹਾਲਾਤ ਵਿੱਚ ਪੈਂਦਾ ਹੁੰਦੀ ਬੇਕਿਰਕ ਹਿੰਸਾ ਬੰਦੇ ਨੂੰ ਅਜਿਹੀ ਖ਼ਾਨਾਜੰਗੀ ਦਾ ਸ਼ਿਕਾਰ ਬਣਾਉਂਦੀ ਹੈ ਕਿ ਇਸ ਦੀਆਂ ਪਰਤਾਂ ਖੋਲ੍ਹਣਾ ਬੰਦੇ ਦੇ ਵੱਸੋਂ ਬਾਹਰ ਹੋ ਜਾਂਦਾ ਹੈ। ਇਸ ਬੰਦੇ ਨੂੰ ਕਾਰਾਂ ਦੀਆਂ ਡਿੱਗ੍ਹੀਆਂ, ਟਰੱਕਾਂ ਦੇ ਤਹਿਖ਼ਾਨੇ, ਮਨੁੱਖੀ ਤਸਕਰੀ, ਠੰਢੇ ਸਮੁੰਦਰਾਂ ਦੇ ਗੋਤੇ ਅਤੇ ਅਮੀਰ ਮੁਲਕਾਂ ਦੇ ਰਿਸ਼ਵਤਖ਼ੋਰ ਮੁਲਾਜ਼ਮ ਜ਼ਿੰਦਗੀ ਦਾ ਆਖ਼ਰੀ ਮੌਕਾ ਮੁਹੱਈਆ ਕਰਦੇ ਹਨ। ਦੁਨੀਆਂ ਭਰ ਦੇ ਹਥਿਆਰ, ਜੇਲ੍ਹਾਂ, ਥਾਣੇ, ਕਾਨੂੰਨ ਅਤੇ ਪਾਬੰਦੀਆਂ ਬੰਦੇ ਨੂੰ ਇਸ ਮੌਕੇ ਨੂੰ ਹਾਮੀ ਭਰਨ ਤੋਂ ਨਹੀਂ ਰੋਕ ਸਕਦੇ। ਜੇ ਕੋਈ ਗੋਦੀ ਚੁੱਕੇ ਬੱਚਿਆਂ ਨਾਲ ਚਾਰ ਕੱਪੜਿਆਂ ਵਿੱਚ ਰੂਮ ਸਾਗਰ ਵਿੱਚ ਤਰਦੇ ਤਸਕਰਾਂ ਦੇ ਜਹਾਜ਼ ਵਿੱਚ ਸਵਾਰ ਹੋ ਸਕਦੀ ਹੈ ਤਾਂ ਉਸ ਕੋਲ ਗੁਆਉਣ ਲਈ ਕੀ ਬਚਿਆ ਹੈ? ਇਹ ਬਿਨਾਂ ਹਥਿਆਰਾਂ ਤੋਂ ਚਲਦਾ ਜੱਹਾਦ ਜਾਪਦਾ ਹੈ ਜਿਸ ਵਿੱਚ ਸ਼ਹਾਦਤ, ਹੂਰਾਂ, ਜੰਨਤ ਅਤੇ ਤਹੂਰ ਮੌਤ ਤੋਂ ਬਾਅਦ ਨਹੀਂ ਮਿਲਣਾ ਸਗੋਂ ਥੁੜ੍ਹਾਂ ਦਾ ਤੋੜ ਫਾਨੀ ਸੰਸਾਰ ਵਿੱਚ ਲੱਭਣ ਲਈ ਸਭ ਕੁਝ ਦਾਅ ਉੱਤੇ ਲਗਾ ਦਿੱਤਾ ਗਿਆ ਹੈ।
ਇਹ ਮਨੁੱਖੀ ਜੱਹਾਦ ਹੈ ਜੋ ਹਰ ਰੰਗ, ਨਸਲ, ਬੋਲੀ ਅਤੇ ਸੋਚ ਦੀਆਂ ਹੱਦਾਂ ਪਾਰ ਕਰਕੇ ਮਨੁੱਖ ਨੰਗੇ ਧੜ ਕਰ ਰਿਹਾ ਹੈ। ਸੀਰੀਆ ਵਿੱਚੋਂ ਜਾਨ ਬਚਾ ਕੇ, ਇਥੋਪੀਆ ਵਿੱਚੋਂ ਉੱਜੜ ਕੇ, ਲੀਬੀਆ ਤੋਂ ਭੱਜ ਕੇ ਅਤੇ ਬੰਗਲਾਦੇਸ਼ ਦੀ ਮੰਦਹਾਲੀ ਤੋਂ ਪਰੇਸ਼ਾਨ ਹੋ ਕੇ ਬੰਦੇ ਇਟਲੀ ਵਿੱਚ ਮਾਲਟਾ ਨੂੰ ਜਾਂਦੀ ਕਿਸ਼ਤੀ ਵਿੱਚ ਇਕੱਠੇ ਹੋ ਜਾਂਦੇ ਹਨ। ਰੂਮ ਸਾਗਰ ਵਿੱਚ ਮੱਛੀਆਂ ਦੀ ਖ਼ੁਰਾਕ ਬਣ ਗਏ ਜੀਆਂ ਦੀ ਪਛਾਣ ਕਿਸੇ ਮੁਲਕ ਨਾਲ ਨਹੀਂ ਜੁੜਦੀ। ਇਨ੍ਹਾਂ ਦੀ ਮੁਲਕਬਦਰੀ ਮੁਲਕ ਨਾਮ ਦੀ ਧਾਰਨਾ ਉੱਤੇ ਸੁਆਲ ਹੈ। ਮੁਲਕ ਮਨੁੱਖ ਨੇ ਬਣਾਇਆ ਹੈ ਜੋ ਆਪਣੀ ਤਾਕਤ ਦਾ ਕੋਹਝਾ ਪ੍ਰਗਟਾਵਾ ਮਨੁੱਖੀ ਪਿੰਡੇ ਉੱਤੇ ਕਰ ਰਿਹਾ ਹੈ। ਕੱਲ੍ਹ ਦੇ ਗ਼ੁਲਾਮ ਮੁਲਕ ਮੌਜੂਦਾ ਦੌਰ ਵਿੱਚ ਬਸਤਾਨ ਮੁਲਕਾਂ ਦੇ ਦਰਬਾਨ ਬਣ ਗਏ ਹਨ। ਕਾਨੂੰਨ ਦੀ ਹਰ ਤਬਦੀਲੀ ਅਤੇ ਹਰ ਰਿਆਇਤ ਉੱਤੇ ਦਾਅਵੇਦਾਰੀ ਵਿੱਚ ਪਹਿਲ ਬਸਤਾਨ ਮੁਲਕਾਂ ਨੂੰ ਮਿਲ ਰਹੀ ਹੈ। ਜਦੋਂ ਇਸ ਹਾਲਤ ਵਿੱਚ ਮਨੁੱਖ ਅੰਦਰਲੀ ਖ਼ਾਨਾਜੰਗੀ ਘਰ ਅਤੇ ਰਿਸ਼ਤੇਦਾਰੀਆਂ ਵਰਗੀ ਹਰ ਧਾਰਨਾ ਨੂੰ ਬੇਮਾਅਨਾ ਕਰਦੀ ਹੋਈ ਆਖ਼ਰੀ ਮੌਕੇ ਦੀ ਭਾਲ ਵਿੱਚ ਹੈ ਤਾਂ ਰੂਮ ਸਾਗਰ ਵਿੱਚ ਤਰਦੀਆਂ ਲਾਸ਼ਾਂ ਦਾ ਲਾਵਾਰਿਸ ਰਹਿ ਜਾਣਾ ਸੁਭਾਵਿਕ ਵੀ ਹੋ ਸਕਦਾ ਹੈ। ਉਂਝ ਇੰਟਰਨੈਸ਼ਨਲ ਕਨਸੋਰਟੀਅਮ ਆਫ਼ ਇੰਵੈਸਟੀਗੇਟਿੰਗ ਜਰਨਲਿਸਟ ਦੇ ਅਧਿਐਨ ਦਾ ਵਿਸ਼ਾ ਬਣੇ ਚੌਦਾਂ ਮੁਲਕਾਂ ਵਿੱਚ ਇੱਕ ਨਾਮ ਭਾਰਤ ਹੈ। ਰੂਮ ਸਾਗਰ ਵਿੱਚ ਕੋਮਾਗਾਟਾਮਾਰੂ ਦੀ ਵਿਰਾਸਤ ਗੋਤੇ ਖਾ ਰਹੀ ਹੈ। ਕੀ ਇਹ ਵਿਰਾਸਤ ਜੂਹਬੰਦ ਕੀਤੇ ਜਾਣ ਦੇ ਹਰ ਤਰਦੱਦ ਤੋਂ ਨਾਬਰ ਹੈ? ਜੇ ਨਾਬਰ ਹੈ ਤਾਂ ਇਹ ਵਿਰਾਸਤ ਕਿਸ ਦੀ ਹੈ?
(ਇਹ ਲੇਖ 22 ਅਪ੍ਰੈਲ 2015 ਨੂੰ ਨਵਾਂ ਜ਼ਮਾਨਾ ਅਤੇ ਅਮਰੀਕਾ ਵਿੱਚ ਛਪਦੇ ਪੰਜਾਬ ਟਾਈਮਜ਼ ਦੇ 25 ਅਪਰੈਲ 2015 ਵਾਲੇ ਅੰਕ ਵਿੱਚ ਛਪਿਆ।)

No comments:
Post a Comment