Tuesday, April 28, 2015

ਸੁਆਲ-ਸੰਵਾਦ: ਖ਼ੁਦਕੁਸ਼ੀ ਤੋਂ ਪਹਿਲਾਂ ਘਰਾਂ ਨੂੰ ਜਾਂਦੇ ਰਾਹ ਬੰਦ

ਦਲਜੀਤ ਅਮੀ

ਦਿੱਲੀ ਵਿੱਚ ਸਿਆਸੀ ਮੁਜ਼ਾਹਰੇ ਦੌਰਾਨ ਖੁਦਕਸ਼ੀ ਕਰਨ ਵਾਲੇ ਕਿਸਾਨ ਦੀ ਚਰਚਾ ਲਗਾਤਾਰ ਜਾਰੀ ਹੈ। ਟੈਲੀਵਿਜ਼ਨ ਚੈਨਲ, ਸਿਆਸੀ ਆਗੂ ਅਤੇ ਵਿਦਵਾਨ ਖ਼ੁਦਕਸ਼ੀ ਲਈ ਕਸੂਰਵਾਰ ਤੈਅ ਕਰਨ ਵਾਸਤੇ ਹਰ ਤਰ੍ਹਾਂ ਦੀਆਂ ਦਲੀਲਾਂ ਅਤੇ ਵਿਸ਼ੇਸ਼ਣ ਵਰਤ ਰਹੇ ਹਨ। ਪੁਲਿਸ ਕਾਰਵਾਈ ਅਤੇ ਨਿਆਇਕ ਜਾਂਚ ਦੇ ਨਾਲ-ਨਾਲ ਮੁਆਵਜ਼ਾ ਦੇਣ ਦੀ ਮਸ਼ਕ ਚੱਲ ਰਹੀ ਹੈ। ਜ਼ਿਆਦਾਤਰ ਦਲੀਲਾਂ ਅਤੇ ਇਲਜ਼ਾਮਾਂ ਦਾ ਘੇਰਾ ਮੌਕਾ-ਏ-ਵਾਰਦਾਤ ਹੈ। ਸਫ਼ਾਈ ਦੇਣ ਵਾਲੇ ਵੀ ਮੌਕੇ ਦੇ ਹਵਾਲੇ ਨਾਲ ਆਪਣੀ ਦਲੀਲ ਪੇਸ਼ ਕਰ ਰਹੇ ਹਨ। ਮੌਕੇ ਉੱਤੋਂ ਹੀ ਕਾਗ਼ਜ਼ ਦਾ ਟੋਟਾ ਮਿਲਿਆ ਹੈ ਜਿਸ ਦੀ ਇਬਾਰਤ ਹਿੰਦੀ ਵਿੱਚ ਹੈ। ਇਹ ਖ਼ੁਦਕੁਸ਼ੀ ਕਰਨ ਵਾਲੇ ਗਜੇਂਦਰ ਦੀ ਲਿਖਤ ਦੱਸੀ ਜਾਂਦੀ ਹੈ, "ਦੋਸਤੋ, ਮੈਂ ਕਿਸਾਨ ਦਾ ਪੁੱਤ ਹਾਂ। ਮੈਨੂੰ ਮੇਰੇ ਬਾਪ ਨੇ ਘਰੋਂ ਕੱਢ ਦਿੱਤਾ ਹੈ ਕਿਉਂਕਿ ਮੇਰੀ ਫ਼ਸਲ ਬਰਬਾਦ ਹੋ ਗਈ। ਮੇਰੇ ਤਿੰਨ ਜੁਆਕ ਹਨ। ਮੈਂ ਰਾਜਸਥਾਨ ਦੇ ਦੌਂਸਾ ਜ਼ਿਲ੍ਹੇ ਦੇ ਬੌੜੀਸੀ ਦੇ ਪਿੰਡ ਨੰਗਲ ਝਾਮਰਵਾੜਾ ਤੋਂ ਹਾਂ। ਮੈਨੂੰ ਘਰ ਜਾਣ ਦਾ ਉਪਾਅ ਦੱਸੋ। ਜੈ ਜਵਾਨ, ਜੈ ਕਿਸਾਨ। ਗਜੇਂਦਰ ਸਿੰਘ ਕਲਿਆਣਵਤ।" ਇਸ ਲਿਖਤ ਲਈ ਵਰਤੇ ਗਏ ਕਾਗ਼ਜ਼, ਪੈੱਨ ਅਤੇ ਅੱਖਰਾਂ ਦੀ ਬਣਤਰ ਤੋਂ ਲਿਖਣ ਵਾਲੇ ਬਾਰੇ ਕਈ ਕੁਝ ਪੜ੍ਹਿਆ ਜਾ ਸਕਦਾ ਹੈ ਪਰ ਇਸ ਲੇਖ ਦਾ ਘੇਰਾ ਇਬਾਰਤ ਤੱਕ ਮਹਿਦੂਦ ਹੈ। ਜੇ ਇਹ ਲਿਖਤ ਗਜੇਂਦਰ ਦੀ ਨਾ ਹੋਵੇ ਤਾਂ ਵੀ ਇਹ ਕਿਸੇ ਉਸੇ ਵਰਗੇ ਦੀ ਹੈ। ਸ਼ਾਜ਼ਿਸ ਲਈ ਸ਼ੱਕ ਦੇ ਘੇਰੇ ਵਿੱਚ ਆਏ ਜੀਆਂ ਤੋਂ ਇਸ ਤਰ੍ਹਾਂ ਦੀ ਲਿਖਤ ਦੀ ਤਵੱਕੋ ਕੀਤੀ ਜਾਣੀ ਔਖੀ ਹੈ। 

ਇਸ ਲਿਖਤ ਵਿੱਚ ਗਜੇਂਦਰ ਨੇ ਆਪਣੀ ਪਛਾਣ ਅਤੇ ਹਾਲਾਤ ਆਪ ਬਿਆਨ ਕੀਤੇ ਹਨ। ਇਸ ਦੇ ਨਾਲ ਹੀ ਉਸ ਨੇ ਪੜ੍ਹਣ ਵਾਲੇ ਦੀ ਪਛਾਣ ਵੀ ਤੈਅ ਕੀਤੀ ਹੈ। ਸੰਖੇਪ ਜਿਹੀ ਲਿਖਤ ਵਿੱਚ ਗਜੇਂਦਰ ਦੇ ਜਨਮ ਤੋਂ ਮੌਤ ਦੀ ਕਹਾਣੀ ਸਮੋਈ ਹੈ ਜਿਸ ਵਿੱਚੋਂ ਉਸ ਦੀਆਂ ਮਜਬੂਰੀਆਂ ਅਤੇ ਮਾਣ ਦੀ ਝਲਕ ਪੈਂਦੀ ਹੈ। ਰੁੱਖ ਉੱਤੇ ਚੜ੍ਹ ਕੇ ਫਾਹਾ ਲੈਣ ਦੀ ਕਹਾਣੀ ਸਿਰਫ਼ ਉਸ ਦੀ ਮੌਤ ਨਾਲ ਜੋੜ ਕੇ ਸੁਣਾਈ ਜਾ ਰਹੀ ਹੈ। ਇਹ ਲਿਖਤ ਉਸ ਦੀ ਮੌਤ ਤੋਂ ਪਹਿਲਾਂ ਦੀ ਹੈ ਜਿਸ ਵਿੱਚ ਮੌਤ ਤੋਂ ਪਹਿਲਾਂ ਕੀਤੀ ਜਾ ਸਕਣ ਵਾਲੀ ਚਾਰਾਜੋਈ ਦੀ ਮੰਗ ਹੈ। ਉਹ ਸਿਆਸੀ ਮੁਜ਼ਾਹਰੇ ਵਿੱਚ ਆਪਣਾ ਮੰਗ ਪੱਤਰ ਲੈ ਕੇ ਪੁੱਜਿਆ ਸੀ ਕਿ ਉਸ ਨੂੰ 'ਘਰ ਜਾਣ ਦਾ ਉਪਾਅ' ਦੱਸਿਆ ਜਾਵੇ। ਇਸ ਮੰਗ ਪੱਤਰ ਵਿੱਚ ਗਜੇਂਦਰ 'ਦੋਸਤੋ' ਕਹਿ ਕੇ ਮੁਖ਼ਾਤਬ ਹੋਇਆ ਹੈ। ਜੇ ਦੋਸਤ ਸ਼ਬਦ ਵਿਸ਼ੇਸ਼ਣ ਦੇ ਨਾਲ ਵਰਤਿਆ ਜਾਵੇ ਤਾਂ ਇਹ ਮੋਹ ਭਿੱਜਿਆ ਸੰਬੋਧਨ ਹੁੰਦਾ ਹੈ ਪਰ ਜੇ ਮਹਿਜ ਨਾਮ ਵਜੋਂ ਵਰਤਿਆ ਜਾਵੇ ਤਾਂ ਓਪਰੇਪਣ ਉੱਤੇ ਸਲੀਕਾਚਾਰੀ ਦਾ ਪਰਦਾ ਹੁੰਦਾ ਹੈ। ਇਸ ਤੋਂ ਬਿਨਾਂ ਇਹ ਸ਼ਬਦ 'ਕਾਰਜ ਮੁਖੀ ਸਾਂਝ' ਦੀ ਨੁਮਾਇੰਦਗੀ ਵੀ ਕਰਦਾ ਹੈ। ਬੇਨਾਮ ਦੋਸਤਾਂ ਨੂੰ ਮੁਖ਼ਾਤਬ ਗਜੇਂਦਰ ਆਪਣੀ ਕਹਾਣੀ ਕਹਿ ਰਿਹਾ ਹੈ ਕਿਉਂਕਿ ਬਾਪ ਨੇ ਘਰੋਂ ਕੱਢ ਦਿੱਤਾ ਹੈ ਅਤੇ ਬੱਚਿਆਂ ਦੀ ਦੇਖਭਾਲ ਦਾ ਸੰਸਾ ਬਣਿਆ ਹੋਇਆ ਹੈ। ਦੋਸਤਾਂ ਤੋਂ ਬਿਨਾਂ ਉਹ ਇਸ ਇਬਾਰਤ ਵਿੱਚ ਦਰਜ ਹਰ ਪਛਾਣ ਉੱਤੇ ਦਾਅਵੇਦਾਰੀ ਕਰਦਾ ਹੈ। ਉਸ ਨੇ ਆਪਣੇ ਬਾਪ, ਫ਼ਸਲ, ਬੱਚਿਆਂ, ਘਰ ਅਤੇ ਪਿੰਡ ਨੂੰ ਆਖ਼ਰੀ ਸਾਹ ਤੱਕ ਆਪਣਾ ਮੰਨਿਆ ਹੈ। ਇਨ੍ਹਾਂ ਸ਼ਬਦਾਂ ਵਿੱਚ ਹੀ ਉਸ ਦੀਆਂ ਰਿਸ਼ਤੇਦਾਰੀਆਂ ਅਤੇ ਦਾਅਵੇਦਾਰੀਆਂ ਹਨ। ਇਹੋ ਉਸ ਦੀ ਪਛਾਣ ਹੈ ਜੋ ਬਰਬਾਦ ਹੋਈ ਫ਼ਸਲ ਕਾਰਨ ਉਸ ਦੀਆਂ ਰਿਸ਼ਤੇਦਾਰੀਆਂ ਅਤੇ ਦਾਅਵੇਦਾਰੀਆਂ ਰੱਦ ਕਰ ਰਹੀ ਹੈ। ਬਰਬਾਦ ਹੋਈ ਫ਼ਸਲ ਦਾ ਤੋੜ ਉਸ ਦੇ ਮਾਣ ਵਾਲੇ ਘੇਰੇ ਵਿੱਚ ਨਹੀਂ ਹੈ। ਇਸੇ ਮਜਬੂਰੀ ਵਿੱਚੋਂ ਉਹ ਆਪਣੇ ਘੇਰੇ ਤੋਂ ਬਾਹਰ ਓਪਰਿਆਂ ਵਿੱਚ ਆਸਰਾ ਭਾਲਦਾ ਹੈ। ਉਸ ਨੂੰ ਇਨ੍ਹਾਂ ਓਪਰਿਆਂ ਦੇ ਜੁੱਟ ਵਿੱਚੋਂ ਆਪਣੀ ਹੋਣੀ ਦੇ ਭਾਈਵਾਲਾਂ ਦੀ ਦੱਸ ਪੈਂਦੀ ਹੈ ਜੋ ਰਸਮੀ ਹੋਣ ਦਾ ਝਉਲਾ ਪਾਉਂਦੀ ਹੈ। 

ਆਖ਼ਰ ਵਿੱਚ 'ਜੈ ਜਵਾਨ, ਜੈ ਕਿਸਾਨ' ਦਾ ਨਾਅਰਾ ਗਜੇਂਦਰ ਦੀ ਓਪਰਿਆਂ ਦੀ ਦੁਨੀਆਂ ਵਿੱਚ ਪਛਾਣ ਲੱਭਣ ਦਾ ਤਰਦੱਦ ਜਾਪਦਾ ਹੈ। ਕਿਸਾਨ ਦਾ ਪੁੱਤ 'ਕਿਸਾਨ ਦੀ ਜੈ-ਜੈ ਕਾਰ' ਵਿੱਚੋਂ ਆਪਣੇ ਘਰ ਦਾ ਰਾਹ ਪੁੱਛਦਾ ਹੈ। ਇਸ ਨਾਅਰੇ ਵਿੱਚੋਂ ਗਜੇਂਦਰ ਦਾ ਪਿੰਡ ਤੋਂ ਬਾਹਰਲੇ ਮੁਲਕ ਨਾਲ ਰਿਸ਼ਤਾ ਤੈਅ ਹੁੰਦਾ ਜਾਪਦਾ ਹੈ। ਕਿਸਾਨ ਦੀ ਮਿਹਨਤ-ਮੁਸ਼ੱਕਤ ਅਤੇ ਮੁਲਕ ਦੀ ਅੰਨ-ਸੁਰੱਖਿਆ ਵਿੱਚ ਪਾਏ ਹਿੱਸੇ ਦੀ ਚਰਚਾ ਸੱਤਾ ਦੇ ਗ਼ਲਿਆਰਿਆਂ ਵਿੱਚ ਸਦਾ ਰਹਿੰਦੀ ਹੈ। ਮੌਸਮ, ਬੀਮਾਰੀ ਅਤੇ ਮੰਡੀ ਕਾਰਨ ਖੇਤੀ ਵਿੱਚ ਬੇਵਿਸਾਹੀ ਲਗਾਤਾਰ ਕਾਇਮ ਰਹਿੰਦੀ ਹੈ। ਇਸ ਬੇਵਿਸਾਹੀ ਤੋਂ ਬੇਖ਼ਬਰ ਜਾਂ ਕੰਨੀ ਕਤਰਾਉਣ ਵਾਲਾ ਨਿਜ਼ਾਮ ਕਿਸਾਨ ਨੂੰ 'ਜੈ-ਜੈ ਕਾਰ' ਨਾਲ ਨਿਵਾਜਦਾ ਹੈ। ਬੇਵਿਸਾਹੀ ਵਿੱਚ ਪਲਿਆ ਕਿਸਾਨ ਇਸੇ ਨਿਵਾਜਿਸ਼ ਨੂੰ ਮਾਣ ਸਮਝਦਾ ਆਇਆ ਹੈ। ਹੁਣ ਜਦੋਂ ਖੇਤੀ ਸੰਕਟ ਸਾਹਮਣੇ ਇਸ ਨਾਅਰੇ ਦਾ ਥੋਥਾਪਣ ਜੱਗ-ਜ਼ਾਹਿਰ ਹੋ ਗਿਆ ਹੈ ਤਾਂ ਨਵੇਂ ਨਾਅਰੇ ਜਾਂ ਮੁਹਾਵਰੇ ਘੜ੍ਹੇ ਜਾਣ ਤੋਂ ਪਹਿਲਾਂ ਕਿਸਾਨ ਦੀ ਜਾਨ ਮੁੱਠੀ ਵਿੱਚ ਆਈ ਹੋਈ ਹੈ। 



ਜੇ ਗਜੇਂਦਰ ਨੰਗਲ ਝਾਮਰਵਾੜਾ ਵਿੱਚ ਖ਼ੁਦਕੁਸ਼ੀ ਕਰ ਲੈਂਦਾ ਤਾਂ ਉਸ ਦੀ ਮੌਤ ਨੇ ਕਿਸੇ ਮੁਕਾਮੀ ਅਖ਼ਬਾਰ ਦੇ ਆਖ਼ਰੀ ਪੰਨਿਆਂ ਜਾਂ ਕਿਸੇ ਸੰਜੀਦਾ ਪੱਤਰਕਾਰ ਦੇ ਲੇਖ ਤੱਕ ਮਹਿਦੂਦ ਹੋ ਜਾਣਾ ਸੀ। ਗਜੇਂਦਰ ਨੇ ਖ਼ੁਦਕੁਸ਼ੀ ਦਿੱਲੀ ਵਿੱਚ ਸਿਆਸੀ ਮੁਜ਼ਾਹਰੇ ਦੌਰਾਨ ਕੀਤੀ ਹੈ। ਮੌਤ ਦੀ ਭਿਆਨਕਤਾ ਤਾਂ ਹਰ ਥਾਂ ਕਾਇਮ ਰਹਿਣੀ ਸੀ ਪਰ ਦਿੱਲੀ ਵਰਗੀ ਥਾਂ ਨੇ ਇਸ ਨੂੰ ਸਿਆਸੀ ਮੁੱਦਾ ਬਣਾ ਦਿੱਤਾ ਹੈ। ਦੂਜੇ ਸ਼ਬਦਾਂ ਵਿੱਚ ਸਾਫ਼ ਹੈ ਕਿ ਮੌਤ ਦਾ ਨਾਟਕ ਦਿੱਲੀ ਦੀਆਂ ਅੱਖਾਂ ਤੋਂ ਓਝਲ ਕਿੰਨੇ ਵੀ ਕਰੂਰ ਰੂਪ ਵਿੱਚ ਚਲਦਾ ਰਹੇ ਪਰ ਦਿਖਣਾ ਨਹੀਂ ਚਾਹੀਦਾ। ਕੀ ਇਹ ਖ਼ੁਦਕੁਸ਼ੀ ਮੌਜੂਦਾ ਸਿਆਸਤ ਦੇ ਨੁਮਾਇਸ਼ੀ ਖ਼ਾਸੇ ਦੀ ਅਹਿਮ ਰਮਜ਼ ਨੂੰ ਬੇਪਰਦ ਕਰਦੀ ਹੈ? ਜਦੋਂ ਸਰਕਾਰਾਂ ਅਤੇ ਸਿਆਸੀ ਧਿਰਾਂ ਨੁਮਾਇਸ਼ੀ ਪ੍ਰਾਪਤੀਆਂ ਤੱਕ ਮਹਿਦੂਦ ਹੋ ਗਈਆਂ ਹਨ ਤਾਂ ਇਹ ਨਾਕਾਮਯਾਬੀ ਦੀ ਨੁਮਾਇਸ਼ ਰਾਜਧਾਨੀ ਵਿੱਚ ਹੋ ਗਈ ਹੈ। ਇਸ ਨੁਮਾਇਸ਼ ਤੋਂ ਬਾਅਦ ਜਾਬਤਾ ਪੂਰਤੀ ਕਾਰਵਾਈਆਂ ਦੀ ਮਜਬੂਰੀ ਨਿਜ਼ਾਮ ਦੇ ਸਿਰ ਆ ਪਈ ਹੈ। ਮੌਜੂਦਾ ਚਰਚਾ ਨੂੰ ਇਸੇ ਨੁਕਤੇ ਤੋਂ ਸਮਝਣਾ ਜ਼ਰੂਰੀ ਹੈ। 

ਗਜੇਂਦਰ ਦੀ ਮੌਤ ਸੋਗ਼ਵਾਰ ਹੋਣ ਦੇ ਬਾਵਜੂਦ ਸਭ ਕੁਝ ਨਹੀਂ ਹੈ। ਉਸ ਦੇ ਘਰ ਨੂੰ ਜਾਂਦਾ ਰਾਹ ਬੰਦ ਹੋ ਜਾਣਾ ਜਾਂ ਭੁੱਲ ਜਾਣਾ ਸਭ ਤੋਂ ਵੱਡਾ ਸੁਆਲ ਹੈ। ਆਖ਼ਰੀ ਵੇਲੇ ਕਿਸ ਦੀ ਪਹਿਲਕਦਮੀ ਉਸ ਦੀ ਜ਼ਿੰਦਗੀ ਲੰਮੀ ਕਰ ਸਕਦੀ ਸੀ? ਇਹ ਅਹਿਮ ਸੁਆਲ ਹੈ ਪਰ ਵਡੇਰਾ ਸੁਆਲ ਖ਼ੁਦਕੁਸ਼ੀ ਦੀ ਸੋਚ ਵੱਲ ਜਾਂਦਾ ਰਾਹ ਹੈ। ਖ਼ੁਦਕੁਸ਼ੀ ਦਾ ਫ਼ੈਸਲਾ ਕਰਨ ਵਿੱਚ ਤਾਂ ਲੰਮਾ ਸਮਾਂ ਲੱਗਿਆ ਹੋਵੇਗਾ ਪਰ ਇਸ ਨੂੰ ਫੌਰੀ ਪਹਿਲਕਦਮੀ ਦੀ ਘਾਟ ਤੱਕ ਮਹਿਦੂਦ ਕਰ ਦੇਣਾ ਨੁਮਾਇਸ਼ੀ ਪ੍ਰਾਪਤੀਆਂ ਵਾਲੀ ਸਿਆਸਤ ਦੇ ਨੁਮਾਇਸ਼ੀ ਸਰੋਕਾਰ ਨੂੰ ਉਘਾੜਦਾ ਹੈ। ਹੁਣ ਤੱਕ ਖ਼ੁਦਕੁਸ਼ੀਆਂ ਦੇ ਜ਼ਿੰਦਗੀ ਦੀ ਦੁਸ਼ਵਾਰੀਆਂ ਨਾਲ ਰਿਸ਼ਤੇ ਨੂੰ ਰੱਦ ਕਰਨ ਲਈ ਨਸ਼ੇ, ਘਰੇਲੂ ਕਲੇਸ਼ ਅਤੇ ਮਹਿੰਗੇ ਸਮਾਜਿਕ ਰੀਤ-ਰਿਵਾਜ਼ ਦੀ ਦਲੀਲ ਵਾਰ-ਵਾਰ ਦਿੱਤੀ ਜਾਂਦੀ ਰਹੀ ਹੈ। ਮੌਜੂਦਾ ਮਾਮਲੇ ਵਿੱਚ ਸਾਹਮਣੇ ਆਇਆ ਫੌਰੀ ਭੜਕਾਹਟ ਜਾਂ ਨਜ਼ਰਅੰਦਾਜ਼ੀ ਦਾ ਸੁਆਲ ਇਸੇ ਲੜੀ ਦੀ ਕੜੀ ਹੈ। ਖ਼ੁਦਕੁਸ਼ੀ ਨੂੰ ਫੌਰੀ ਕਾਰਨ ਤੱਕ ਮਹਿਦੂਦ ਕਰ ਦੇਣ ਦਾ ਮਤਲਬ ਜ਼ਿੰਦਗੀ ਨੂੰ ਨਜ਼ਰਅੰਦਾਜ਼ ਕਰਨਾ ਹੈ। ਜਦੋਂ ਖ਼ੁਦਕੁਸ਼ੀ ਨੂੰ ਸਮਾਜਿਕ ਰੁਝਾਨ ਵਜੋਂ ਫੌਰੀ ਕਾਰਨਾਂ ਤੱਕ ਮਹਿਦੂਦ ਕੀਤਾ ਜਾਂਦਾ ਹੈ ਤਾਂ ਇਸ ਦਾ ਮਤਲਬ ਜ਼ਿੰਦਗੀ ਉੱਤੇ ਅਸਰਅੰਦਾਜ਼ ਜ਼ਲਾਲਤ ਨੂੰ ਨਜ਼ਰਅੰਦਾਜ਼ ਕਰਨਾ ਹੈ। ਇਸ ਪੱਖੋਂ ਮੀਡੀਆ, ਸਿਆਸਤਦਾਨ ਅਤੇ ਵਿਦਵਾਨ ਆਪਣੀਆਂ-ਆਪਣੀਆਂ ਦਲੀਲਾਂ ਦੀ ਵੰਨ-ਸਵੰਨਤਾ ਦੇ ਬਾਵਜੂਦ ਗਜੇਂਦਰ ਦੀ ਮੌਤ ਨੂੰ ਮੁਖ਼ਾਤਬ ਹੁੰਦੇ ਹੋਏ ਉਸ ਦੀ ਜ਼ਿੰਦਗੀ ਨੂੰ ਕੱਖੋਂ-ਹੌਲਾ ਕਰਨ ਵਾਲੇ ਹਾਲਾਤ ਨੂੰ ਨਜ਼ਰਅੰਦਾਜ਼ ਕਰਨ ਦੀ ਮਸ਼ਕ ਕਰਦੇ ਜਾਪਦੇ  ਹਨ। ਜੇ ਗਜੇਂਦਰ ਦੀ ਖ਼ੁਦਕੁਸ਼ੀ ਨੂੰ ਕਿਸੇ ਭੜਕਾਹਟ ਨਾਲ ਜੋੜ ਦਿੱਤਾ ਜਾਵੇ ਤਾਂ ਵੀ ਇੱਕ ਸੁਆਲ ਅਹਿਮ ਰਹਿੰਦਾ ਹੈ। ਭੜਕਾਹਟ ਕਾਰਨ ਕੌਣ ਖ਼ੁਦਕੁਸ਼ੀ ਕਰ ਸਕਦਾ ਹੈ? ਜਿਸ ਨੂੰ ਜ਼ਿੰਦਗੀ ਜਿਉਣ ਦਾ ਰਾਹ ਭੁੱਲ ਗਿਆ ਹੋਵੇ। ਫੌਰੀ ਭੜਕਾਹਟ ਕਾਰਨ ਖ਼ੁਦਕੁਸ਼ੀ ਕਰਨ ਵਾਲਾ ਜੀਅ ਇਸ ਹਾਦਸੇ ਦੀ ਜੱਦ ਵਿੱਚ ਪਹਿਲਾਂ ਆ ਚੁੱਕਿਆ ਹੋਵੇਗਾ। ਗਜੇਂਦਰ ਜ਼ਿੰਦਗੀ ਜਿਉਣ ਲਈ ਲੋੜੀਂਦੇ ਘਰ ਦਾ ਰਾਹ ਭੁੱਲਣ ਦੀ ਸਾਫ਼ ਨਿਸ਼ਾਨਦੇਹੀ ਕਰਦਾ ਹੈ। 

ਇਸ ਮਾਮਲੇ ਦੀ ਚਰਚਾ ਦਾ ਇੱਕ ਪਾਸਾ ਖ਼ੁਦਕੁਸ਼ੀ ਨੂੰ ਫੌਰੀ ਕਾਰਨ ਤੱਕ ਮਹਿਦੂਦ ਕਰਨਾ ਹੈ ਤਾਂ ਦੂਜਾ ਪਾਸਾ ਸਮੁੱਚੇ ਖੇਤੀ ਸੰਕਟ ਨੂੰ ਖ਼ੁਦਕੁਸ਼ੀਆਂ ਤੱਕ ਘਟਾ ਦੇਣਾ ਹੈ। ਖੇਤੀ ਸੰਕਟ ਦੀ ਮਾਰ ਦੀ ਇੰਤਹਾ ਤਾਂ ਖ਼ੁਦਕੁਸ਼ੀਆਂ ਦੇ ਰੁਝਾਨ ਵਿੱਚੋਂ ਸਮਝੀ ਜਾ ਸਕਦੀ ਹੈ ਪਰ ਸਮੁੱਚੇ ਸੰਕਟ ਨੂੰ ਇਸੇ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਖੇਤੀ ਸੰਕਟ ਕਾਰਨ ਖ਼ੁਦਕੁਸ਼ੀਆਂ ਕਰਨ ਵਾਲੇ ਹੀ ਬਦਤਰ ਹਾਲਾਤ ਦਾ ਸ਼ਿਕਾਰ ਨਹੀਂ ਹੋਏ। ਉਨ੍ਹਾਂ ਹੀ ਹਾਲਾਤ ਵਿੱਚ ਜ਼ਿੰਦਗੀ ਨੂੰ ਹਰ ਹੀਲੇ ਅੱਗੇ ਤੋਰਨ ਦੇ ਆਹਰ ਵਿੱਚ ਲੱਗੇ ਜੀਆਂ ਦਾ ਸੰਕਟ ਕਿਸੇ ਵੀ ਤਰ੍ਹਾਂ ਛੋਟਾ ਨਹੀਂ ਹੈ। ਖ਼ੁਦਕੁਸ਼ੀਆਂ ਕਰਨ ਵਾਲਿਆਂ ਨਾਲ ਪਰਿਵਾਰਾਂ ਦਾ ਸੰਕਟ ਤਾਂ ਹੋਰ ਡੂੰਘਾ ਹੁੰਦਾ ਹੈ। 

ਜਦੋਂ ਸੰਕਟ ਖ਼ੁਦਕੁਸ਼ੀ ਤੱਕ ਮਹਿਦੂਦ ਹੋ ਜਾਂਦਾ ਹੈ ਤਾਂ ਸਿਆਸਤਦਾਨਾਂ ਲਈ ਮੁਆਵਜ਼ੇ ਦੀ ਨੁਮਾਇਸ਼ੀ ਮਸ਼ਕ ਕਰਨੀ ਸੁਖਾਲੀ ਹੋ ਜਾਂਦੀ ਹੈ। ਇਸ ਮਾਮਲੇ ਵਿੱਚ ਗਜੇਂਦਰ ਨੇ ਖ਼ੁਦਕੁਸ਼ੀ ਲਈ ਢੁਕਵੇਂ ਥਾਂ ਦੀ ਚੋਣ ਕੀਤੀ ਹੈ। ਇਹ ਖ਼ੁਦਕੁਸ਼ੀ ਨੰਗਲ ਝਾਮਰਵਾੜਾ ਵਿੱਚ ਹੁੰਦੀ ਤਾਂ ਸਾਰੀਆਂ ਸਿਆਸੀ ਧਿਰਾਂ ਅਤੇ ਸਰਕਾਰਾਂ ਦੀ ਨਜ਼ਰ ਵਿੱਚ ਇਸ ਨੂੰ ਹਿੰਦਸੇ ਤੋਂ ਵੱਧ ਰੁਤਬਾ ਹਾਸਲ ਨਹੀਂ ਹੋਣਾ ਸੀ। ਉਸ ਦੀ ਮੌਤ ਉੱਤੇ ਮੁਆਵਜ਼ੇ ਜਾਂ ਸੰਵੇਦਨਾ ਦੀ ਸਿਆਸਤ ਕਰ ਰਹੀਆਂ ਸਿਆਸੀ ਧਿਰਾਂ ਨੂੰ ਨੰਗਲ ਝਾਮਰਵਾੜਾ ਪਿੰਡ ਨਹੀਂ ਸਗੋਂ ਉਸ ਦਾ ਇੱਕ ਹਿੰਦਸਾ ਅਹਿਮ ਜਾਪਦਾ ਹੈ ਜੋ ਦਿੱਲੀ ਦੇ ਸਿਆਸੀ ਮੰਚ ਉੱਤੇ ਆਪਣੀ ਪੈੜ ਛੱਡ ਗਿਆ ਹੈ। ਫ਼ਸਲ ਦੀ ਬਰਬਾਦੀ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਗਜੇਂਦਰ ਦੀ ਹੋਣੀ ਕਾਰਨ ਉਸ ਨਾਲ ਹਮਦਰਦੀ ਹੋਵੇ ਜਾਂ ਨਾ ਹੋਵੇ ਪਰ ਮੁਆਵਜ਼ੇ ਕਾਰਨ ਈਰਖਾ ਜ਼ਰੂਰ ਹੋਵੇਗੀ। ਉਨ੍ਹਾਂ ਦੇ ਦਿਮਾਗ਼ ਵਿੱਚ ਇਹ ਵਿਚਾਰ ਕਦੇ ਨਾ ਕਦੇ ਆ ਸਕਦਾ ਹੈ ਕਿ ਗਜੇਂਦਰ ਨੇ ਠੀਕ ਕੀਤਾ। ਇਨ੍ਹਾਂ ਹਾਲਾਤ ਵਿੱਚ ਇਹ ਸੋਚਣਾ ਕਿੰਨਾ ਕੁ ਔਖਾ ਹੈ ਕਿ ਖ਼ੁਦਕੁਸ਼ੀ ਕਰਨਾ ਖ਼ੁੱਦਾਰੀ ਜਾਂ ਬਹਾਦਰੀ ਦੀ ਨਿਸ਼ਾਨੀ ਹੈ। ਜਦੋਂ ਜਿਉਂਦੇ ਨੂੰ ਜਿਉਂਦਾ ਰਹਿਣ ਲਈ ਸਹਾਰਾ ਨਾ ਲੱਭੇ ਤਾਂ ਮੌਤ ਦੀ ਕੀਮਤ ਕਈ ਸੁਆਲਾਂ ਨੂੰ ਜਨਮ ਦਿੰਦੀ ਹੈ। 

ਖ਼ੁਦਕੁਸ਼ੀ ਤੱਕ ਮਹਿਦੂਦ ਚਰਚਾ ਕਦੇ ਮਸਲੇ ਦਾ ਹੱਲ ਨਹੀਂ ਕਰ ਸਕਦੀ। ਇਹ ਸ਼ੱਕਰ ਰੋਗੀ ਦੇ ਫੋੜੇ ਉੱਤੇ ਪੱਟੀ ਬੰਨ੍ਹਣ ਵਰਗਾ ਕੰਮ ਹੈ। ਮੌਜੂਦਾ ਸਿਆਸਤ ਦਾ 'ਆਮ ਆਦਮੀ ਪਾਰਟੀ' ਖ਼ਾਸਾ ਇਸੇ ਰੁਝਾਨ ਦੀ ਮੂੰਹਜ਼ੋਰ ਵਕਾਲਤ ਕਰਦਾ ਹੈ। ਕਾਂਗਰਸ, ਭਾਜਪਾ ਅਤੇ ਹੋਰ ਰਵਾਇਤੀ ਸਿਆਸੀ ਧਿਰਾਂ ਇਸੇ ਰੁਝਾਨ ਨੂੰ ਚੱਲਦਾ ਰੱਖਣ ਦੀਆਂ ਮਾਹਰ ਧਿਰਾਂ ਹਨ। ਇਨ੍ਹਾਂ ਲਈ ਬੁਨਿਆਦੀ ਸੁਆਲ ਨਿਜ਼ਾਮ ਦੇ ਬੁਨਿਆਦੀ ਢਾਂਚੇ ਨਾਲ ਕਦੇ ਨਹੀਂ ਜੁੜਦੇ। ਜੋ ਸੰਕਟ ਢਾਂਚੇ ਦੀ ਪੈਦਾਵਾਰ ਹੈ ਉਸ ਨੂੰ ਭ੍ਰਿਸ਼ਟਾਚਾਰ ਦੇ ਘੇਰੇ ਵਿੱਚ ਲਿਆ ਕੇ ਸੁਲਝਾਇਆ ਨਹੀਂ ਜਾ ਸਕਦਾ ਪਰ ਅੱਗੇ ਪਾਇਆ ਜਾ ਸਕਦਾ ਹੈ। ਮੌਜੂਦਾ ਨਿਜ਼ਾਮ ਖ਼ੁਦਕੁਸ਼ੀ ਦਾ ਮੁਆਵਜ਼ਾ ਨੁਮਾਇਸ਼ੀ ਪ੍ਰਾਪਤੀ ਵਜੋਂ ਤੈਅ ਕਰ ਸਕਦਾ ਹੈ ਪਰ ਜ਼ਿੰਦਗੀ ਲਈ ਸਾਜ਼ਗਾਰ ਹਾਲਤ ਬਣਾਉਣ ਲਈ ਢਾਂਚੇ ਵਿੱਚ ਤਬਦੀਲੀ ਦਰਕਾਰ ਹੈ। ਢਾਂਚੇ ਵਿੱਚ ਤਬਦੀਲੀ ਲਿਆ ਕੇ ਉਨ੍ਹਾਂ ਹਾਲਾਤ ਨੂੰ ਬਦਲਿਆ ਜਾ ਸਕਦਾ ਹੈ ਜੋ ਬੰਦੇ ਨੂੰ ਉਸ ਦੇ ਘਰ ਦਾ ਰਾਹ ਭੁੱਲਾ ਦਿੰਦੇ ਹਨ। ਜੇ ਢਾਂਚੇ ਵਿੱਚ ਤਬਦੀਲੀ ਦਾ ਸੁਆਲ ਆਏਗਾ ਤਾਂ ਨਿਜ਼ਾਮ ਵੱਲੋਂ ਆਵਾਮ ਨੂੰ ਦਿੱਤੀਆਂ ਵਡਿਆਈਆਂ ਦੀ ਪੜਚੋਲ ਵੀ ਕੀਤੀ ਜਾਵੇਗੀ। ਇਸ ਤੋਂ ਬਾਅਦ ਤੈਅ ਹੋ ਸਕੇਗਾ ਕਿ 'ਜੈ ਜਵਾਨ, ਜੈ ਕਿਸਾਨ' ਦਾ ਨਾਅਰਾ ਕਿਸਾਨਾਂ ਦੀ ਪ੍ਰਾਪਤੀ ਦਾ ਨਹੀਂ ਸਗੋਂ ਉਨ੍ਹਾਂ ਖ਼ਿਲਾਫ਼ ਕੀਤੀ ਗਈ ਸਾਜ਼ਿਸ਼ ਦੀ ਨੁਮਾਇੰਦਗੀ ਕਰਦਾ ਹੈ। ਗਜੇਂਦਰ ਦੀ ਖ਼ੁਦਕੁਸ਼ੀ ਨੂੰ ਬਲਿਦਾਨ ਤੋਂ ਸ਼ਹਾਦਤ ਤੱਕ ਕਰਾਰ ਦੇਣ ਦੀ ਸਿਆਸਤ 'ਜੈ ਜਵਾਨ, ਜੈ ਕਿਸਾਨ' ਦੇ ਨਾਅਰੇ ਦਾ ਨਵਾਂ ਜਨਮ ਨਹੀਂ ਤਾਂ ਹੋਰ ਕੀ ਹੈ? ਖ਼ੁਦਕੁਸ਼ੀ ਨਾਲ ਜੋੜ ਕੇ ਸੰਵੇਦਨਾ ਨੂੰ ਹਲੂਣਾ ਦਿੱਤਾ ਜਾ ਸਕਦਾ ਹੈ ਕਿਉਂਕਿ ਇਹ ਜ਼ਿੰਦਗੀ ਦੀ ਡੋਰ ਆਪਣੇ ਹੱਥੀਂ ਤੋੜਣ ਦਾ ਹਾਦਸਾ ਹੈ। ਇਸ ਹਾਦਸੇ ਦੇ ਖ਼ਦਸ਼ਿਆਂ ਨੂੰ ਮੁਖ਼ਾਤਬ ਹੋਣ ਦਾ ਸੁਆਲ ਸੰਵੇਦਨਾ ਤੋਂ ਅੱਗੇ ਜਾ ਕੇ ਦਰਦਮੰਦੀ ਨਾਲ ਜ਼ਿਆਦਾ ਜੁੜਦਾ ਹੈ। ਮਨੁੱਖ ਨੂੰ ਜ਼ਿੰਦਗੀ ਨਾਲ ਜੋੜਨ ਵਾਲੀ ਸਿਆਸਤ ਇੱਕੋ ਵੇਲੇ ਫੌਰੀ ਰਾਹਤ ਅਤੇ ਚਿਰਕਾਲੀ ਵਿਉਂਤਬੰਦੀ ਰਾਹੀਂ ਹੀ ਹੋ ਸਕਦੀ ਹੈ। ਟੈਲੀਵਿਜ਼ਨ ਦੀ ਬਹਿਸ ਵਿੱਚ ਜਿੱਤ-ਹਾਰ ਤੈਅ ਕਰਨ ਜਾਂ ਸ਼ਰਧਾਜਲੀਆਂ ਉੱਤੇ ਮੁਆਵਜ਼ੇ ਦੀ ਰਕਮ ਨਾਲ ਕੀਤੀ ਜਾਣ ਵਾਲੀ ਸਿਆਸਤ ਦਰਦਮੰਦੀ ਦੀ ਸਿਆਸਤ ਨਹੀਂ ਹੋ ਸਕਦੀ। ਦਰਦਮੰਦੀ ਜਦੋਂ ਗਜੇਂਦਰ ਦੇ 'ਦੋਸਤਾਂ' ਨਾਲ ਵਿਸ਼ੇਸ਼ਣ ਵਜੋਂ ਜੁੜੇਗੀ ਤਾਂ ਉਸ ਦੇ ਘਰ ਨੂੰ ਜਾਂਦਾ ਰਾਹ ਸਾਫ਼ ਹੋਵੇਗਾ।

(ਇਹ ਲੇਖ 30 ਅਪ੍ਰੈਲ 2015 ਨੂੰ ਨਵਾਂ ਜ਼ਮਾਨਾ ਅਤੇ ਅਮਰੀਕਾ ਵਿੱਚ ਛਪਦੇ ਪੰਜਾਬ ਟਾਈਮਜ਼ ਦੇ 2 ਮਈ 2015 ਵਾਲੇ ਅੰਕ ਵਿੱਚ ਛਪਿਆ।) 

No comments: