Wednesday, March 18, 2015

ਸੁਆਲ-ਸੰਵਾਦ: ਚਾਰ ਸ਼ਬਦਾਂ ਦੀ ਮੂੰਹਜ਼ੋਰ ਸਿਆਸਤ ਨਾਲ ਚੱਲਦੀ ਮਰਦਾਂ ਦੀ ਸਰਦਾਰੀ

ਦਲਜੀਤ ਅਮੀ

ਨਾਅਰੇ ਸਿਆਸਤ ਦਾ ਖ਼ਾਸਾ ਫੜਦੇ ਹਨ। ਨਾਅਰਿਆਂ ਨੂੰ ਘੜਣ ਉੱਤੇ ਸਿਆਸੀ ਪਾਰਟੀਆਂ ਚੋਖੀ ਮਗਜ਼-ਖਪਾਈ ਕਰਦੀਆਂ ਹਨ। ਸਿਆਸੀ ਮਨਸੂਬਿਆਂ ਅਤੇ ਮਜਬੂਰੀਆਂ ਦੀ ਨੁਮਾਇਸ਼ ਨਾਅਰਿਆਂ ਵਿੱਚ ਹੁੰਦੀ ਹੈ। ਕਈ ਵਾਰ ਮੌਕੇ ਦੇ ਵੇਗ ਵਿੱਚ ਸਿਆਸੀ ਪਾਰਟੀਆਂ ਆਪਣੀ ਸਿਆਸਤ ਦਾ ਕੱਜ ਨਾਅਰਿਆਂ ਰਾਹੀਂ ਉਭਾਰ ਦਿੰਦੀਆਂ ਹਨ। ਕਈ ਵਾਰ ਨਾਅਰੇ ਕੱਜ ਢਕ ਲੈਂਦੇ ਹਨ। ਆਪਮੁਹਾਰੇ ਲੱਗੇ ਨਾਅਰੇ ਸਿਆਸਤ ਦੇ ਟੀਰ ਨੂੰ ਉਭਾਰ ਦਿੰਦੇ ਹਨ। ਕਸੂਤੀਆਂ ਫਸੀਆਂ ਸਿਆਸੀ ਪਾਰਟੀਆਂ ਆਪਣੇ ਨਾਅਰਿਆਂ ਨੂੰ ਬਦਲਦੀਆਂ ਹਨ। ਬਦਲਦੀ ਸਿਆਸਤ ਅਤੇ ਬਦਲਦੇ ਮਾਹੌਲ ਦੇ ਕਈ ਅਧਿਐਨ ਨਾਅਰਿਆਂ ਵਿੱਚੋਂ ਕੀਤੇ  ਜਾਂਦੇ ਹਨ। ਜੁਆਬੀ ਨਾਅਰੇ ਹੋਰ ਵੀ ਦਿਲਚਸਪ ਪੱਖ ਪੇਸ਼ ਕਰਦੇ ਹਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਦੂਜੀਆਂ ਧਿਰਾਂ ਪਹਿਲੀ ਧਿਰ ਦੇ ਨਾਅਰੇ ਨੂੰ ਨਵੇਂ ਸ਼ਬਦਾਂ ਵਿੱਚ ਅਪਣਾਉਣਾ ਚਾਹੁੰਦੀਆਂ ਹਨ ਜਾਂ ਇਸ ਨਾਲ ਸਿੱਧਾ ਟਕਰਾਉਣਾ ਚਾਹੁੰਦੀਆਂ ਹਨ ਜਾਂ ਇਸ ਤੋਂ ਕੰਨੀ ਖਿਸਕਾਉਣਾ ਚਾਹੁੰਦੀਆਂ ਹਨ। ਨਾਅਰਿਆਂ ਵਿੱਚ ਕਈ ਵਾਰ ਆਪਣੀ ਧਿਰ ਅਤੇ ਦੁਸ਼ਮਣ ਦੀ ਸ਼ਨਾਖ਼ਤ ਕੀਤੀ ਜਾਂਦੀ ਹੈ। ਇਸ ਤਰ੍ਹਾਂ ਹਰ ਨਾਅਰੇ ਦੇ ਮਾਮਲੇ ਵਿੱਚ ਸਮਾਂ, ਸਥਾਨ ਅਤੇ ਹਾਲਾਤ ਅਹਿਮ ਹੁੰਦੇ ਹਨ। ਕਈ ਨਾਅਰੇ ਬਦਲੇ ਹਾਲਾਤ ਵਿੱਚ ਆਪਣੇ ਅਰਥ ਬਦਲ ਲੈਂਦੇ ਹਨ। ਜੇ ਨਾਅਰੇ ਇੱਕ ਪਾਸੇ ਜੁਗਤ ਬਣਦੇ ਹਨ ਤਾਂ ਦੂਜੇ ਪਾਸੇ ਵਿਚਾਰ ਦਾ ਵਾਹਨ ਬਣਦੇ ਹਨ। ਸਿਆਸੀ, ਸਮਾਜਿਕ ਅਤੇ ਸੱਭਿਆਚਾਰਕ ਮੁਹਿੰਮਾਂ ਦੇ ਨਾਮ ਵੀ ਨਾਅਰਿਆਂ ਵਾਂਗ ਹੀ ਅਹਿਮ ਹੁੰਦੇ ਹਨ ਜੋ ਕੁਝ ਸ਼ਬਦਾਂ ਵਿੱਚ ਮੁਹਿੰਮ ਦੇ ਖ਼ਾਸੇ ਨੂੰ ਸੂਤਰਬੱਧ ਕਰਦੇ ਹਨ। 

ਮੌਜੂਦਾ ਦੌਰ ਵਿੱਚ ਭਾਜਪਾ ਦੇ ਨਾਅਰੇ ਦਿਲਚਸਪ ਹਨ। ਨਾਅਰਿਆਂ ਅਤੇ ਮੁਹਿੰਮਾਂ ਦੇ ਨਾਮ ਰੱਖਣ ਉੱਤੇ ਭਾਜਪਾ ਚੋਖਾ ਸਮਾਂ ਗੁਜ਼ਾਰਦੀ ਹੈ। ਭਾਜਪਾ ਨੇ ਆਪਣੀ ਸਿਆਸਤ ਦੇ ਪੇਚੀਦਾ ਮੁੱਦਿਆਂ ਨੂੰ ਸੌਖੇ ਸ਼ਬਦਾਂ ਵਿੱਚ ਸੂਤਰਬੱਧ ਕੀਤਾ ਹੈ। ਇਸ ਕੰਮ ਉੱਤੇ ਚੋਖੀ ਮੁਸ਼ੱਕਤ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਇਸ ਨਾਲ ਜੁੜੀਆਂ ਜਥੇਬੰਦੀਆਂ ਕਰਦੀਆਂ ਹਨ। ਇਨ੍ਹਾਂ ਜਥੇਬੰਦੀਆਂ ਦੇ ਹਿੱਸੇ ਉਹ ਮੁਹਿੰਮਾਂ ਆਉਂਦੀਆਂ ਹਨ ਜੋ ਜੁਗਤ ਪੱਖੋਂ ਭਾਜਪਾ ਦੇ ਮੰਚ ਤੋਂ ਬਣਦੀ ਪ੍ਰਵਾਨਗੀ ਹਾਸਲ ਨਹੀਂ ਕਰ ਸਕੀਆਂ। ਭਾਜਪਾ ਦੇ ਸਿਆਸੀ ਘੇਰੇ ਨੂੰ ਮੋਕਲਾ ਕਰਨਾ ਜਾਂ ਇਸ ਦੀ ਸਿਆਸਤ ਨੂੰ ਤਿੱਖਾ ਕਰਨ ਦਾ ਕੰਮ ਇਹ ਜਥੇਬੰਦੀਆਂ ਕਰਦੀਆਂ ਹਨ। ਸੰਘ ਦੀ ਸਿਆਸਤ ਹਿੰਦੂ ਪਛਾਣ ਅਤੇ ਹਿੰਦੂ ਮਸਲਿਆਂ ਦੁਆਲੇ ਘੁੰਮਦੀ ਹੈ। ਇਸੇ ਚੌਖਟੇ ਵਿੱਚੋਂ ਇਹ ਮੁਲਕ ਦਾ ਤਸੱਵਰ ਘੜਦੀ ਹੈ। ਇਸੇ ਚੌਖਟੇ ਵਿੱਚ ਇਹ ਆਪਣੇ-ਪਰਾਏ ਦੀ ਪਛਾਣ ਕਰਦੀ ਹੈ। ਮੁਸਲਮਾਨ ਆਬਾਦੀ ਨੂੰ ਖ਼ਤਰਾ ਕਰਾਰ ਦੇਣਾ ਇਸ ਸਿਆਸਤ ਦੀ ਅਹਿਮ ਤੰਦ ਰਿਹਾ ਹੈ। ਮੁਸਲਮਾਨਾਂ ਨੂੰ ਥੋੜਾ ਮੋਕਲੇ ਘੇਰੇ ਵਿੱਚ ਸਾਮੀ ਧਰਮਾਂ ਦਾ ਨੁਮਾਇੰਦਾ ਮੰਨਿਆ ਜਾ ਸਕਦਾ ਹੈ। 


ਦੂਜੇ ਧਰਮਾਂ ਦੇ ਮੁੰਡਿਆਂ ਨਾਲ ਹਿੰਦੂ ਕੁੜੀਆਂ ਦੇ ਵਿਆਹ ਨੂੰ ਸੰਘ ਦੀ ਸਿਆਸਤ ਲਗਾਤਾਰ ਮਸਲਾ ਬਣਾਉਂਦੀ ਰਹੀ ਹੈ। ਇਸ ਮਾਮਲੇ ਵਿੱਚ ਹਿੰਦੂ ਮੁੰਡਿਆਂ ਦੇ ਦੂਜੇ ਧਰਮਾਂ ਦੀਆਂ ਕੁੜੀਆਂ ਬਾਰੇ ਸੰਘ ਪਹਿਲਾਂ ਕੰਨੀ ਖਿਸਕਾਉਂਦਾ ਰਿਹਾ ਹੈ ਪਰ ਹੁਣ ਇਸ ਬਾਰੇ ਪੱਕੇ ਪੈਰੀਂ ਬੋਲਣ ਲੱਗਿਆ ਹੈ। ਪਹਿਲਾਂ ਖਿਸਕਾਈ ਕੰਨੀ ਦੀ ਹੁਣ ਦਿੱਤੇ ਆਵਾਜ਼ੇ ਨਾਲ ਇੱਕਸੁਰਤਾ ਹੈ। ਬੰਗਾਲ ਵਿੱਚ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਨੇ ਆਪਣੀ ਇੱਕ ਮੁਹਿੰਮ ਦਾ ਨਾਮ ਰੱਖਿਆ ਹੋਇਆ ਹੈ, ਬਹੂ ਲਾਓ ਬੇਟੀ ਬਚਾਓ। ਇਨ੍ਹਾਂ ਚਾਰ ਸ਼ਬਦਾਂ ਵਿੱਚ ਬੰਨ੍ਹੀ ਸਿਆਸਤ ਸੰਘ ਪਰਿਵਾਰ ਤੋਂ ਸਮੇਂ ਅਤੇ ਸਥਾਨ ਵਿੱਚ ਕਿਤੇ ਵੱਡੀ ਹੈ। ਇਸ ਦਾ ਇਤਿਹਾਸ ਸੰਘ ਪਰਿਵਾਰ ਤੋਂ ਪੁਰਾਣਾ ਅਤੇ ਇਸ ਦਾ ਘੇਰਾ ਸੰਘ ਦੇ ਪਨੇ ਤੋਂ ਕਿਤੇ ਵਸੀਹ ਹੈ। ਇਨ੍ਹਾਂ ਚਾਰ ਸ਼ਬਦਾਂ ਨੇ ਇੱਕ ਪੇਚੀਦਾ ਰੁਝਾਨ ਦੀਆਂ ਰਮਜ਼ਾਂ ਨੂੰ ਬਾਕਮਾਲ ਫੜਿਆ ਹੈ। ਇਨ੍ਹਾਂ ਚਾਰ ਸ਼ਬਦਾਂ ਰਾਹੀਂ ਸੰਘ ਪਰਿਵਾਰ ਦੀ ਸਮੁੱਚੀ ਸਿਆਸਤ ਦਾ ਪੁਖ਼ਤਾ ਅੰਦਾਜ਼ਾ ਹੋ ਜਾਂਦਾ ਹੈ ਅਤੇ ਇਸ ਦੇ ਸਮਾਜਿਕ ਅਤੇ ਸੱਭਿਆਚਾਰਕ ਪੱਖਾਂ ਦੀਆਂ ਤੰਦਾਂ ਖੁੱਲ੍ਹ ਜਾਂਦੀਆਂ ਹਨ। 

ਇਸ ਨਾਅਰੇ ਵਿੱਚ ਸੰਘ ਦੀ ਸਿਆਸਤ ਦੀਆਂ ਆਪਣੇ-ਪਰਾਏ, ਪਿਆਰ-ਨਫ਼ਰਤ, ਊਚ-ਨੀਚ, ਮਾਲਕ-ਦਾਸ ਅਤੇ ਹਾਕਮ-ਮਹਿਕੂਮ ਵਾਲੀਆਂ ਰਮਜ਼ਾਂ ਸਮਾਈਆਂ ਹੋਈਆਂ ਹਨ। ਜੇ ਇਸ ਨਾਅਰੇ ਨੂੰ ਭਾਰਤ ਦੇ ਹਵਾਲੇ ਨਾਲ ਸੰਘ ਸਿਆਸਤ ਤੋਂ ਬਾਹਰ ਰੱਖ ਕੇ ਵੇਖਿਆ ਜਾਵੇ ਤਾਂ ਇਸ ਵਿੱਚੋਂ ਵੰਨ-ਸਵੰਨੀ ਮਰਦ ਮੁਖੀ ਬੁਨਿਆਦਪ੍ਰਸਤ ਸਿਆਸਤ ਦੀ ਤਹਿਰੀਕ ਅਤੇ ਮਨਸੂਬੇ ਪੜ੍ਹੇ ਜਾ ਸਕਦੇ ਹਨ। ਬਹੂ ਲਿਆਉਣ ਦਾ ਮਤਲਬ ਦੂਜੇ ਦੀ ਧੀ ਆਪਣੇ ਘਰ ਲਿਆਉਣ ਨਾਲ ਹੈ ਜੋ ਬੱਚੇ ਪੈਦਾ ਕਰਨ ਤੋਂ ਲੈ ਕੇ ਘਰੇਲੂ ਕੰਮ-ਕਾਜ ਦੇ ਨਾਲ-ਨਾਲ ਸ਼ਰਮ, ਧਰਮ ਅਤੇ ਸੱਭਿਆਚਾਰ ਦੇ ਘੇਰੇ ਵਿੱਚ ਰਹਿ ਕੇ ਦੋਇਮ ਦਰਜੇ ਦੀ ਜ਼ਿੰਦਗੀ ਕਬੂਲ ਕਰੇਗੀ। ਬੇਟੀ ਬਚਾਉਣ ਤੋਂ ਮਤਲਬ ਹੈ ਕਿ ਉਸ ਦੀ ਹੋਣੀ ਦਾ ਫ਼ੈਸਲਾ ਪਿਓ, ਪੁੱਤ ਜਾਂ ਭਾਈ-ਭਤੀਜਿਆਂ ਦੀ ਸਰਪ੍ਰਸਤੀ ਹੇਠ ਕੁਣਬੇ (ਜਾਂ ਧਰਮ) ਦੇ ਮਰਦਾਂ ਨੇ ਕਰਨਾ ਹੈ। ਹਿੰਦੂ ਸਮਹਾਤੀ ਨਾਮ ਦੀ ਜਥੇਬੰਦੀ ਦੇ ਮੁਖੀ ਦਾ ਇੰਡੀਅਨ ਐਕਸਪ੍ਰੈਸ ਅਖ਼ਬਾਰ ਵਿੱਚ ਬਿਆਨ ਛਪਿਆ ਹੈ ਕਿ ਉਹ 'ਲਵ ਜਿਹਾਦ ਵਰਗੀ ਮਰਜ਼ ਨਾਲ ਲੜ ਰਹੇ ਹਨ … ਮੁਸਲਮਾਨ ਮੁੰਡੇ ਹਿੰਦੂ ਕੁੜੀਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਵਿਆਹ ਕਰਦੇ ਹਨ … ਸਾਡੇ ਉਪਰਾਲਿਆਂ ਰਾਹੀਂ ਲਵ ਜਿਹਾਦ ਦੀ ਸ਼ਿਕਾਰ ਹਿੰਦੂ ਬੀਬੀਆਂ ਨੂੰ ਨਿਜਾਤ ਮਿਲੀ ਹੈ ਅਤੇ ਮੁਸਲਮਾਨ ਕੁੜੀਆਂ ਹਿੰਦੂਆਂ ਦੇ ਘਰਾਂ ਵਿੱਚ ਵਸੀਆਂ ਹਨ।" ਇਸ ਮੁਹਿੰਮ ਸਦਕਾ ਮੁਸਲਮਾਨ ਕੁੜੀਆਂ ਨੇ ਹਿੰਦੂ ਮੁੰਡਿਆਂ ਨਾਲ ਵਿਆਹ ਕਰਵਾ ਕੇ ਧਰਮ ਅਤੇ ਨਾਮ ਬਦਲੇ ਹਨ। ਇਨ੍ਹਾਂ ਕੁੜੀਆਂ ਦੇ ਸਹੁਰੇ ਪਰਿਵਾਰਾਂ ਨੂੰ 'ਸਲਾਹ' ਦਿੱਤੀ ਗਈ ਹੈ ਕਿ ਉਹ 'ਆਪਣੀ ਸੁਰੱਖਿਆ' ਲਈ ਭਾਜਪਾ ਵਿੱਚ ਸ਼ਾਮਿਲ ਹੋ ਜਾਣ। ਹਿੰਦੂ ਸਮਹਾਤੀ ਦੇ ਨਾਲ 'ਬਹੂ ਲਾਓ ਬੇਟੀ ਬਚਾਓ' ਮੁਹਿੰਮ ਵਿੱਚ ਵਿਸ਼ਵ ਹਿੰਦੂ ਪਰਿਸ਼ਦ, ਹਿੰਦੂ ਜਾਗਰਨ ਮੰਚ ਅਤੇ ਭਾਰਤ ਸੇਵਾਸ਼ਰਾਮ ਸੰਘ ਵਰਗੀਆਂ ਜਥੇਬੰਦੀਆਂ ਸ਼ਾਮਿਲ ਹਨ। ਵਿਸ਼ਵ ਹਿੰਦੂ ਪਰਿਸ਼ਦ ਆਪਣੀ ਗੋਲਡਨ ਜੁਬਲੀ ਮਨਾ ਰਹੀ ਹੈ। ਜਸ਼ਨ ਕਮੇਟੀ ਦੇ ਮੁਖੀ ਜਾਦਵਪੁਰ ਯੂਨੀਵਰਸਿਟੀ ਦੇ ਪ੍ਰੋਫੈਸਰ ਅਚਿਨਯਾ ਵਿਸਵਾਸ ਇਸ ਮੁੰਹਿਮ ਬਾਰੇ ਕਹਿ ਰਹੇ ਹਨ, "ਜੇ ਕੋਈ ਹਿੰਦੂ ਮੁੰਡਾ ਕਿਸੇ ਮੁਸਲਮਾਨ ਕੁੜੀ ਨੂੰ ਹਿੰਦੂ ਬਣਾਉਂਦਾ ਹੈ ਤਾਂ ਇਹ ਪੁੰਨ ਦਾ ਕੰਮ ਹੈ। ਅਸੀਂ ਹਿੰਦੂ ਕੁੜੀਆਂ ਦੇ ਮੁਸਲਮਾਨ ਮੁੰਡਿਆਂ ਨਾਲ ਵਿਆਹ ਵਾਲੇ ਰੁਝਾਨ ਨੂੰ ਤੋੜਨਾ ਚਾਹੁੰਦੇ ਹਾਂ।"

ਭਾਜਪਾ ਦੀ ਕੇਂਦਰ ਸਰਕਾਰ ਇਸ ਮੁੰਹਿਮ ਬਾਰੇ ਜੋ ਵੀ ਸੋਚੇ ਜਾਂ ਬਿਆਨ ਦੇਵੇ ਪਰ ਇਸ ਮੁਹਿੰਮ ਨਾਲ ਸੰਘ ਸਿਆਸਤ ਦੀ ਗੁੱਝੀ ਰਮਜ਼ ਬੇਪਰਦ ਹੋ ਗਈ ਹੈ। ਮਰਦ ਪ੍ਰਧਾਨ ਸਮਾਜ ਦੀ ਮਰਦਾਵੀਂ ਹੈਂਕੜ ਦੀ ਬੁਨਿਆਦੀ ਚੂਲ ਔਰਤ ਨੂੰ ਦੂਜੇ ਦਰਜੇ ਦਾ ਮਨੁੱਖ ਮੰਨਣ ਅਤੇ ਉਸ ਉੱਤੇ ਗ਼ਲਬਾ ਕਾਇਮ ਰੱਖਣ ਲਈ ਵਰਤੇ ਜਾਣ ਵਾਲੇ ਹਰ ਹਰਬੇ ਨਾਲ ਜੁੜੀ ਹੋਈ ਹੈ। ਔਰਤ ਨੂੰ ਦੂਜੇ ਦਰਜਾ ਦਾ ਮਨੁੱਖ ਮੰਨਣ ਵਾਲੀ ਸੋਚ ਦੀ ਧਾਰਨਾ ਹੈ ਕਿ ਉਹ ਸਮਾਨ ਜਾਂ ਵੇਚੀ-ਵੱਟੀ ਜਾਣ ਵਾਲੀ ਸ਼ੈਅ ਹੈ ਜੋ ਮਰਦ ਦੇ ਮੁਕਾਬਲੇ ਕਮਅਕਲ ਹੈ। ਇਸ ਸੋਚ ਤਹਿਤ ਸਾਰੇ ਫ਼ੈਸਲੇ ਮਰਦ ਨੇ ਕਰਨੇ ਹਨ ਅਤੇ ਔਰਤ ਉੱਤੇ ਲਾਗੂ ਕਰਨੇ ਹਨ। 'ਬਹੂ ਲਾਓ ਬੇਟੀ ਬਚਾਓ' ਦੇ ਨਾਅਰੇ ਵਿੱਚ ਇਹ ਸਾਫ਼ ਹੈ ਕਿ ਬਹੂ ਦੀ ਚੋਣ ਅਤੇ ਬੇਟੀ ਦੀ ਹੋਣੀ ਤੈਅ ਕਰਨ ਦੇ ਫ਼ੈਸਲੇ ਮਰਦਾਂ ਦੇ ਹੱਥ ਵਿੱਚ ਹਨ। ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਜੀਵਨ ਸਾਥੀ ਦੀ ਚੋਣ ਕਰਨ ਜਾਂ ਨਾ ਕਰਨ ਦੀ ਆਜ਼ਾਦੀ ਨਹੀਂ ਹੋ ਸਕਦੀ। ਉਂਝ ਬਹੂ ਜਾਂ ਬੇਟੀ ਬਣਨ ਲਈ ਮਰਦਾਂ ਦੀ ਖ਼ੁਸ਼ੀ ਖ਼ਾਤਰ ਕੀਤੇ ਹਰ ਫ਼ੈਸਲੇ ਨੂੰ ਉਸ ਦੀ ਮਰਜ਼ੀ ਵਜੋਂ ਵਡਿਆਇਆ ਜਾ ਸਕਦਾ ਹੈ। 'ਬਹੂ ਨੂੰ ਵਸਣ' ਲਈ ਅਤੇ 'ਬੇਟੀ ਨੂੰ ਬਚਣ' ਲਈ ਮਰਦਾਂ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਪੈਣਾ ਹੈ। ਇਨ੍ਹਾਂ ਧਾਰਨਾਵਾਂ ਰਾਹੀਂ ਅੰਤਿਮ ਸੱਚ ਵਜੋਂ ਮਰਦ ਨੂੰ ਪਰਿਵਾਰ ਦਾ ਪਾਲਣਹਾਰ ਅਤੇ ਲਾਣੇਦਾਰ ਮੰਨ ਲਿਆ ਗਿਆ ਹੈ। 

ਜਦੋਂ ਸਮਾਜ ਵਿੱਚ ਮਰਦ ਨੂੰ ਪ੍ਰਧਾਨ ਮੰਨ ਲਿਆ ਗਿਆ ਹੈ ਤਾਂ ਉਸ ਦੀ ਸ਼ਨਾਖ਼ਤ ਹੋਣੀ ਜ਼ਰੂਰੀ ਹੋ ਜਾਂਦੀ ਹੈ। ਜੇ ਬਹੂ ਮੁਸਲਮਾਨਾਂ ਦੀ ਕੁੜੀ ਨੂੰ ਬਣਾਉਣਾ ਹੈ ਅਤੇ ਹੋਣੀ ਹਿੰਦੂਆਂ ਦੀ ਧੀ ਦੀ ਤੈਅ ਕਰਨੀ ਹੈ ਤਾਂ ਮਰਦ ਹੋਣ ਦਾ ਮਤਲਬ ਸਿਰਫ਼ ਹਿੰਦੂ ਹੈ ਜੋ ਇਸੇ ਕਾਰਜ ਰਾਹੀਂ ਧਰਮ ਕਮਾ ਸਕਦਾ ਹੈ। ਉਹ ਆਪਣੀ ਕੁੜੀ ਨੂੰ ਆਪਣੀ ਤੈਅ ਕੀਤੀ ਬਰਾਦਰੀ ਤੱਕ ਮਹਿਦੂਦ ਕਰੇਗਾ ਅਤੇ ਪਰਾਈ ਕੁੜੀ ਨੂੰ ਇਸੇ ਬਰਾਦਰੀ ਦਾ ਹਿੱਸਾ ਬਣਾਉਣ ਲਈ ਯੋਗ ਕਰੇਗਾ। ਦੋਵਾਂ ਹਾਲਾਤ ਵਿੱਚ ਕੁੜੀਆਂ ਤੋਂ ਸੀਲ ਹੋਣ ਦੀ ਤਵੱਕੋ ਕੀਤੀ ਜਾਂਦੀ ਹੈ। ਸੀਲ ਜ਼ਨਾਨੀ ਨੂੰ ਸਾਉ-ਸੁਸ਼ੀਲ ਕਹਿ ਕੇ ਵਡਿਆਉਣਾ ਸੱਭਿਅਤਾ ਦੀ ਰੀਤ ਹੈ ਜੋ ਮਰਦਾਂ ਨੇ ਤੈਅ ਕੀਤੀ ਹੈ। ਇਸ ਰੀਤ ਦੀ ਅਲੰਬਰਦਾਰੀ ਸਿਰਫ਼ ਮਰਦ ਹੋਣ ਨਾਲ ਨਹੀਂ ਸਗੋਂ ਇਸ ਸੋਚ ਦਾ ਧਾਰਨੀ ਹੋਣ ਨਾਲ ਤੈਅ ਹੁੰਦੀ ਹੈ। ਇਸ ਸੋਚ ਦੀ ਵਕਾਲਤ ਔਰਤ ਵੀ ਕਰ ਸਕਦੀ ਹੈ। ਸਮਾਜ ਦੇ ਹਿੱਸੇ ਵਜੋਂ ਉਹ ਮਰਦਾਂ ਦੇ ਗ਼ਲਬੇ ਦੀ ਰੱਖਪਾਲ, ਰੱਖਵਾਲ, ਦਰਬਾਨ ਤੋਂ ਲੈ ਕੇ ਅਲੰਬਰਦਾਰ ਤੱਕ ਹੋ ਸਕਦੀ ਹੈ। ਉਹ 'ਪਰਾਈ' ਔਰਤ ਉੱਤੇ 'ਆਪਣੇ' ਮਰਦਾਂ ਦੇ ਗ਼ਲਬੇ ਦੀ ਅਗਵਾਨ ਵੀ ਹੋ ਸਕਦੀ ਹੈ ਅਤੇ 'ਆਪਣੀਆਂ' ਕੁੜੀਆਂ ਨੂੰ ਸੀਲ ਕਰਨ ਦੀ ਹਮਲਾਵਰ ਸੁਰ ਵੀ ਹੋ ਸਕਦੀ ਹੈ। ਮਰਦ ਦੀ ਪ੍ਰਧਾਨਗੀ ਕਾਇਮ ਰੱਖਣ ਲਈ ਔਰਤ ਨੂੰ ਕਿਸੇ ਵੀ ਹੱਦ ਤੱਕ ਜਾਣ ਦੀ ਖੁੱਲ੍ਹ ਹੈ। ਇਸੇ 'ਖੁੱਲ੍ਹ' ਨਾਲ ਮਰਦਾਂ ਦੀ ਸਮਾਜਿਕ ਹਕੂਮਤ ਮਜ਼ਬੂਤ ਹੁੰਦੀ ਹੈ ਅਤੇ ਵਿਰਲੀ-ਟਾਂਵੀਂ ਔਰਤ ਦਾ 'ਹੁਕਮਰਾਨ' ਹੋਣ ਦਾ ਝੱਸ ਵੀ ਪੂਰਾ ਹੋ ਜਾਂਦਾ ਹੈ। 


ਸਮਾਜਿਕ ਤੋਂ ਬਾਅਦ ਸਿਆਸੀ ਹਕੂਮਤ ਉੱਤੇ ਮਰਦਾਵਾਂ ਗ਼ਲਬਾ ਕਾਇਮ ਰੱਖਣ ਲਈ ਇਨ੍ਹਾਂ ਧਾਰਨਾਵਾਂ ਨੂੰ ਦੇਸ਼ ਭਗਤੀ ਅਤੇ ਦੇਸ਼ ਧਰੋਹ ਨਾਲ ਜੋੜਿਆ ਜਾਂਦਾ ਹੈ। ਇਸ ਤਰ੍ਹਾਂ ਰਾਜ ਅਤੇ ਧਰਮ ਦੀਆਂ ਕਦਰਾਂ-ਕੀਮਤਾਂ ਇੱਕ ਕਰ ਦਿੱਤੀਆਂ ਜਾਂਦੀਆਂ ਹਨ। ਔਰਤ ਉੱਤੇ ਗ਼ਲਬੇ ਰਾਹੀਂ ਸਿਆਸੀ ਹਕੂਮਤ ਮਜ਼ਬੂਤ ਕਰਨ ਦਾ ਮਤਲਬ ਪਰਾਈ ਧਿਰ ਦੀ ਗ਼ੁਲਾਮੀ ਜਾਂ ਹਾਰ ਨੂੰ ਪੱਕੇ ਪੈਰੀਂ ਕਰਨਾ ਹੁੰਦਾ ਹੈ। ਸਾਮਰਾਜੀ ਮੁਹਿੰਮਾਂ ਤਹਿਤ ਧਾੜਵੀ ਔਰਤ ਨੂੰ ਲੁੱਟ ਦੀ ਅਹਿਮ ਵਸਤ ਸਮਝਦੇ ਆਏ ਹਨ। ਇਤਿਹਾਸ ਗਵਾਹ ਹੈ ਕਿ ਹਮਲੇ ਹੇਠ ਆਈ ਧਿਰ ਔਰਤ ਨੂੰ ਸਭ ਤੋਂ ਕੀਮਤੀ ਸ਼ੈਅ ਸਮਝ ਕੇ ਦੁਸ਼ਮਣ ਦੇ ਹੱਥ ਆਉਣ ਤੋਂ ਬਚਾਉਣ ਲਈ ਆਪ ਕਤਲ ਕਰਦੀ ਰਹੀ ਹੈ। ਮਾਮਲਾ ਸਾਫ਼ ਹੈ ਕਿ ਧਿਰਾਂ ਮਰਦ ਆਪਣੇ-ਆਪ ਨੂੰ ਮੰਨਦੇ ਸਨ ਅਤੇ ਦੋਵੇਂ ਧਿਰਾਂ ਔਰਤ ਨੂੰ ਕੀਮਤੀ ਵਸਤ ਵਜੋਂ ਪ੍ਰਵਾਨ ਕਰਦੀਆਂ ਸਨ। ਸਮਝੌਤਿਆਂ ਵੇਲੇ ਗ਼ਾਲਿਬ ਧਿਰ ਨੂੰ ਤੋਹਫ਼ੇ ਵਜੋਂ ਕੁੜੀਆਂ ਦੇ ਰਿਸ਼ਤੇ ਦਿੱਤੇ ਜਾਂਦੇ ਰਹੇ ਹਨ। ਵੱਖ-ਵੱਖ ਸ਼ਾਹੀ ਘਰਾਣਿਆਂ ਦੀਆਂ ਕੁੜੀਆਂ ਨੂੰ ਮਹਿਲਾਂ ਵਿੱਚ ਜਿੱਤ ਦੀ ਨਿਸ਼ਾਨੀ ਵਜੋਂ 'ਰਾਣੀਆਂ' ਬਣਾ ਕੇ ਰੱਖਣ ਦੀਆਂ ਕਿੰਨੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਸਿਆਸੀ ਮੁਹਾਵਰੇ ਵਿੱਚ ਇਤਿਹਾਸ ਦੇ ਹਵਾਲੇ ਨਾਲ 'ਔਰਤਾਂ ਦੀ ਹੁਰਮਤੀ ਕਰਨ' ਵਾਲੀ ਸੱਭਿਅਤਾ ਤੋਂ ਬਦਲੇ ਅਤੇ 'ਸ਼ਰੀਕ ਦੀਆਂ ਔਰਤਾਂ ਨੂੰ ਦੁਸ਼ਮਣ ਤੋਂ ਬਚਾਉਣ' ਦੇ ਮਿਹਣੇ ਮਾਰੇ ਜਾਂਦੇ ਹਨ। ਸਿਆਸਤਦਾਨ ਅਤੇ ਧਰਮ ਪ੍ਰਚਾਰਕ ਇਹ ਦਲੀਲਾਂ ਆਮ ਦਿੰਦੇ ਹਨ ਕਿ 'ਕਿਹੜੇ ਮਜਹਵ ਦਾ ਧਾੜਵੀ ਕਿਹੜੇ ਧਰਮ ਦੀਆਂ ਕੁੜੀਆਂ ਨੂੰ ਗੋਲੀਆਂ ਬਣਾ ਕੇ ਲੈ ਗਿਆ' ਅਤੇ 'ਕਿਹੜੇ ਧਰਮ ਦੇ ਮਰਦਾਂ ਨੇ ਕਿਹੜੇ ਧਰਮ ਦੀਆਂ ਕੁੜੀਆਂ ਨੂੰ ਕਿਹੜੇ ਧਰਮ ਦੇ ਧਾੜਵੀਆਂ' ਤੋਂ ਬਚਾਇਆ ਸੀ। ਆਧੁਨਿਕ ਦੌਰ ਦੇ ਬੁਨਿਆਦਪ੍ਰਸਤ ਨਸਲੀ ਸਰਬਉੱਚਤਾ ਦੇ ਨਾਮ ਉੱਤੇ ਖ਼ਾਸ ਕਿਸਮ ਦੀ ਨਸਲ ਪੈਦਾ ਕਰਨ ਦਾ ਅਖ਼ਤਿਆਰ ਰਾਖ਼ਵਾਂ ਕਰਨ ਦੀ ਵਕਾਲਤ ਕਰਦੇ ਰਹੇ ਹਨ ਜਿਨ੍ਹਾਂ ਦੀ ਉਘੜਵੀਂ ਮਿਸਾਲ ਹਿਟਲਰ ਹੈ। ਇਸ ਤਰ੍ਹਾਂ ਮਾਮਲਾ ਮਹਿਜ 'ਪਰਾਈ' ਔਰਤ ਉੱਤੇ ਕਬਜ਼ੇ ਦਾ ਨਹੀਂ ਸਗੋਂ 'ਆਪਣੀ' ਉੱਤੇ 'ਕਾਠੀ ਪਾਉਣ' ਦਾ ਵੀ ਹੈ। ਮੌਜੂਦਾ ਦੌਰ ਦੇ ਸਿਆਸੀ ਸਲੀਕੇ ਵਿੱਚ 'ਬਹੂ ਲਾਓ ਬੇਟੀ ਬਚਾਓ' ਦਾ ਨਾਅਰਾ ਸਿਆਸੀ ਧਾੜਵੀਆਂ ਦੇ ਪੁਰਾਣੇ ਰੁਝਾਨ ਨੂੰ ਅੱਗੇ ਤੋਰਦਾ ਹੈ। 

ਇਸ ਨਾਅਰੇ ਤੋਂ ਸਾਫ਼ ਹੈ ਕਿ ਹਿੰਦੂ ਔਰਤ ਤਾਂ ਹਿੰਦੂਆਂ ਦੀ ਜਾਇਦਾਦ ਹੈ ਅਤੇ ਮੁਸਲਮਾਨ ਔਰਤ ਉੱਤੇ ਹਿੰਦੂਆਂ ਦਾ ਕਬਜ਼ਾ 'ਪੁੰਨ' ਅਤੇ 'ਦੇਸ਼ ਭਗਤੀ' ਦਾ ਲਖਾਇਕ ਹੈ। ਮਤਲਬ ਇਹ ਮੁਲਕ ਹਿੰਦੂ ਮਰਦਾਂ ਦੀ ਰਈਅਤ ਹੈ। ਧਰਮ, ਦੇਸ਼ ਭਗਤੀ ਅਤੇ ਗ਼ਲਬੇ ਦੇ ਨਾਮ ਉੱਤੇ ਇਹ ਰੁਝਾਨ ਸਿਰਫ਼ ਸੰਘ ਪਰਿਵਾਰ ਦੀ ਸਿਆਸਤ ਦਾ ਹੀ ਹਿੱਸਾ ਨਹੀਂ ਸਗੋਂ ਸੰਘ ਪਰਿਵਾਰ ਇਸ ਵਡੇਰੇ ਰੁਝਾਨ ਦਾ ਹਿੱਸਾ ਹੈ। ਇਸ ਰੁਝਾਨ ਤਹਿਤ ਯੋਗ, ਸੰਤਾਨ ਅਤੇ ਕਿਰਦਾਰ ਤੈਅ ਕਰਨਾ ਮਰਦਾਂ ਦੇ ਹਿੱਸੇ ਆਇਆ ਹੈ ਜੋ ਇਸ ਕਾਰਜ ਰਾਹੀਂ ਧਰਮ ਪਾਲਦੇ ਹੋਏ ਮੁਲਕ ਜਾਂ ਕੌਮ ਨੂੰ ਅੱਗੇ ਵਧਾਉਂਦੇ ਹਨ। ਇਸ ਰੁਝਾਨ ਤਹਿਤ ਧਰਮ ਦੇ ਨਾਮ ਉੱਤੇ ਲਲਕਾਰੇ ਮਾਰੇ ਜਾਂਦੇ ਹਨ ਪਰ ਜਦੋਂ ਇੱਕੋ ਧਰਮ ਦੇ ਦੋ ਪੈਰੋਕਾਰ ਆਪਸ ਵਿੱਚ ਲੜਦੇ ਹਨ ਤਾਂ ਮੁਹਾਵਰਾ ਇਹੋ ਕਾਇਮ ਰਹਿੰਦਾ ਹੈ। ਉਸ ਵੇਲੇ ਹਵਾਲਾ ਖ਼ਿੱਤੇ, ਸ਼ਰੀਕੇ, ਇੱਜ਼ਤ ਜਾਂ ਖ਼ਾਨਦਾਨ ਦਾ ਦਿੱਤਾ ਜਾ ਸਕਦਾ ਹੈ।


'ਬਹੂ ਲਾਓ ਬੇਟੀ ਬਚਾਓ' ਦਾ ਬੋਲਾ ਮਰਦ ਦੇ ਮੁਕਾਬਲੇ ਔਰਤ ਨੂੰ ਕਮਅਕਲ ਕਹਿਣ ਦੀ ਰਵਾਇਤੀ ਸੋਚ ਦਾ ਸਮਕਾਲੀ ਮੁਹਾਂਵਰਾ ਹੈ। ਗਾਂ ਅਤੇ ਬੇਟੀ (ਗਾਂ-ਗ਼ਰੀਬ) ਨੂੰ ਇੱਕੋ ਜਿਹਾ ਮੰਨਣ ਦੀਆਂ ਬਹੁਤ ਮਿਸਾਲਾਂ ਇਤਿਹਾਸ-ਮਿਥਿਹਾਸ ਵਿੱਚ ਦਰਜ ਹਨ। ਹੁਣ ਇਹ ਗੱਲ ਜ਼ਰਾ ਰਮਜ਼ ਨਾਲ ਕਹਿਣੀ ਪੈਂਦੀ ਹੈ। ਭਾਜਪਾ ਦੀ ਹਰਿਆਣਾ ਸਰਕਾਰ ਨੇ ਗੋਕੇ ਮਾਸ ਉੱਤੇ ਪਾਬੰਦੀ ਲਗਾਉਣ ਲਈ ਨਵਾਂ ਕਾਨੂੰਨ (ਗੌ ਸਨਰਕਸ਼ਨ ਐਵਮ ਗੌ ਸਮਵਰਧਨ ਬਿੱਲ-੨੦੧੫) ਬਣਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਵਿੱਚ ਹੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਨਾਮ ਦੀ ਯੋਜਨਾ ਸ਼ੁਰੂ ਕੀਤੀ ਹੈ। 'ਬੇਟੀ ਬਚਾਓ, ਬੇਟੀ ਪੜ੍ਹਾਓ', 'ਗੌ ਸਨਰਕਸ਼ਨ ਐਵਮ ਗੌ ਸਮਵਰਧਨ' ਅਤੇ 'ਬਹੂ ਲਾਓ ਬੇਟੀ ਬਚਾਓ' ਦੇ ਬੋਲੇ ਲੈਅ ਪੱਖੋਂ ਇੱਕ-ਦੂਜੇ ਨਾਲ ਸਹਿਜਸੁਭਾਅ ਮਿਲ ਜਾਂਦੇ ਹਨ। ਇਨ੍ਹਾਂ ਦੀਆਂ ਸੋਚ ਪੱਖੋਂ ਜੜ੍ਹਾਂ ਇੱਕੋ ਥਾਂ ਹਨ। 'ਬਹੂ ਲਾਓ ਬੇਟੀ ਬਚਾਓ' ਵਿੱਚ ਤਰਜੀਹ ਬਦਲ ਜਾਂਦੀ ਹੈ। ਸਰਕਾਰੀ ਯੋਜਨਾਵਾਂ ਵਿੱਚ 'ਰੱਖਿਆ' ਨੂੰ ਤਰਜੀਹ ਮਿਲੀ ਹੈ ਅਤੇ ਜਥੇਬੰਦਕ ਸੋਚ ਵਿੱਚ 'ਹਮਲੇ' ਨੂੰ ਪਹਿਲ ਦਿੱਤੀ ਗਈ ਹੈ। ਸਰਕਾਰੀ ਯੋਜਨਾ ਵਿੱਚ 'ਬੇਟੀ ਨੂੰ ਪੜ੍ਹਾਉਣ' ਦੀ ਪਹਿਲ ਹੈ ਅਤੇ ਜਥੇਬੰਦਕ ਢਾਂਚੇ ਵਿੱਚ 'ਬਹੂ ਲਿਆਉਣ' ਨੂੰ ਤਰਜੀਹ ਮਿਲੀ ਹੈ। ਪੜ੍ਹਾਈ ਅਤੇ ਰੱਖਿਆ ਦਾ ਖ਼ਾਸਾ 'ਬਲਵਾਨ ਹਿੰਦੂ ਮਰਦ' ਦੀ ਰਜ਼ਾ ਨੇ ਤੈਅ ਕਰਨਾ ਹੈ। ਇਹ 'ਘਰ ਵਾਪਸੀ' ਜਾਂ 'ਤਿਆਰ ਰਹਿਣ' ਦਾ ਲਲਕਾਰਾ ਜਾਪਦਾ ਹੈ। ਇਹ ਹਰ ਸਮਾਜਿਕ ਅਦਾਰੇ ਦੀ ਮਜ਼ਬੂਤੀ ਨੂੰ ਦੂਜੀ ਧਿਰ ਦੇ ਹਮਲੇ ਨਾਲ ਜੋੜ ਕੇ ਪਾਲਾਬੰਦੀ ਕਰਨ ਦੀ ਰਵਾਇਤੀ ਜੁਗਤ ਦਾ ਸਮਕਾਲੀ ਮੁਹਾਵਰਾ ਹੈ। ਇਸ ਮੁਹਾਵਰੇ ਤਹਿਤ 'ਆਪਣੇ-ਪਰਾਏ' ਦੀ ਪਾਲਾਬੰਦੀ ਇੱਕੋ ਰਹੀ ਹੈ ਅਤੇ ਸਮੇਂ-ਸਥਾਨ ਦੇ ਫ਼ਰਕ ਨਾਲ ਅਲੰਬਰਦਾਰ ਧਿਰ ਬਦਲ ਜਾਂਦੀ ਹੈ। ਹੁਣ ਗ਼ਜ਼ਨਵੀਆਂ ਅਤੇ ਅਬਦਾਲੀਆਂ ਨੂੰ ਭੰਡਣ ਵਾਲੀ ਸੰਘ ਦੀ ਸਿਆਸਤ ਉਨ੍ਹਾਂ ਦੇ 'ਸੱਚਾ ਪੈਰੋਕਾਰ' ਹੋਣ ਦਾ ਐਲਾਨ ਕਰ ਰਹੀ ਹੈ। ਸਰਕਾਰ 'ਰੱਖਿਆ' ਦੀ ਤਰਜੀਹ ਤੈਅ ਕਰ ਰਹੀ ਹੈ ਅਤੇ ਸੰਘ ਦੀਆਂ ਜਥੇਬੰਦੀਆਂ 'ਲਾਵਾਂ-ਫੇਰਿਆਂ' ਤੇ 'ਘਰ ਵਾਪਸੀ' ਦੇ ਹਥਿਆਰਾਂ ਨਾਲ ਮਰਦਾਂ ਦੀ ਸਰਦਾਰੀ ਦਾ ਹੋਕਾ ਦੇ ਰਹੀਆਂ ਹਨ। ਸਾਡੇ ਮੁਲਕ ਵਿੱਚ ਇਸ ਮਰਦ ਦਾ ਧਰਮ 'ਹਿੰਦੂ' ਹੈ। 

(ਇਹ ਲੇਖ 18 ਮਾਰਚ 2015 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ)

No comments: