Thursday, September 12, 2013

ਸੀਰੀਆ ਵਿੱਚ ਅਲ-ਕਾਇਦਾ ਦੇ ਰਸਾਲੇ ਅਤੇ ਅਮਰੀਕੀ ਬੰਬਾਜ਼

ਦਲਜੀਤ ਅਮੀ


ਅਮਰੀਕਾ ਇਸ ਵੇਲੇ ਸੀਰੀਆ ਉੱਤੇ ਹਮਲੇ ਲਈ ਵਿਉਂਤਬੰਦੀ ਕਰ ਰਿਹਾ ਹੈ। ਇੰਗਲੈਂਡ ਵਿੱਚ ਇਹ ਤਜਵੀਜ਼ ਹੁਕਮਰਾਨ ਪਾਰਟੀ ਦੇ ਆਗੂਆਂ ਦੀ ਰਾਏ ਦੇ ਉਲਟ ਨਾਮਨਜ਼ੂਰ ਹੋ ਗਈ ਹੈ। ਜਰਮਨ ਨੇ ਲੜਾਈ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰ ਦਿੱਤਾ ਹੈ। ਫਰਾਂਸ ਹਮਲੇ ਲਈ ਤਿਆਰ ਹੈ। ਅਮਰੀਕਾ ਵਿੱਚ ਹਵਾਈ ਹਮਲਾ ਕਰਨ ਦੀ ਤਜਵੀਜ਼ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਪੂਰੀ ਦੁਨੀਆਂ ਦੇ ਅਮਨਪਸੰਦ ਲੋਕ ਇਸ ਤਜਵੀਜ਼ ਦਾ ਵਿਰੋਧ ਕਰ ਰਹੇ ਹਨ। ਕੁਝ ਅਮਰੀਕੀ ਜਥੇਬੰਦੀਆਂ ਸੀਰੀਆ ਵਿੱਚ ਆਪਣੇ ਕਾਰਕੁਨ ਭੇਜਣ ਦੀ ਤਜਵੀਜ਼ ਬਣਾ ਰਹੀਆਂ ਹਨ ਤਾਂ ਜੋ ਇਨ੍ਹਾਂ ਰਾਹੀਂ ਅਮਰੀਕਾ ਉੱਤੇ ਹਮਲਾ ਨਾ ਕਰਨ ਲਈ ਦਬਾਅ ਪਾਇਆ ਜਾਵੇ। ਅਮਰੀਕਾ ਆਖ਼ਰ ਸੀਰੀਆ ਉੱਤੇ ਹਮਲਾ ਕਰਨ ਲਈ ਇੰਨਾ ਕਾਹਲਾ ਕਿਉਂ ਹੈ? ਫੌਰੀ ਦਲੀਲ ਤਾਂ ਇਹੋ ਦਿੱਤੀ ਜਾ ਰਹੀ ਹੈ ਕਿ ਸੀਰੀਆ ਦੀ ਸਰਕਾਰ ਨੇ ਬਾਗ਼ੀਆਂ ਖ਼ਿਲਾਫ਼ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਹੈ। ਇਨ੍ਹਾਂ ਰਸਾਇਣਕ ਹਥਿਆਰਾਂ ਦੀ ਵਰਤੋਂ ਨੂੰ ਰੋਕਣ ਲਈ ਸੀਰੀਆ ਦੇ ਮਿੱਥੇ ਟਿਕਾਣਿਆਂ ਉੱਤੇ ਹਮਲੇ ਕਰਨ ਦੀ ਲੋੜ ਅਮਰੀਕਾ ਨੂੰ ਆ ਪਈ ਹੈ। ਇਸ ਦਲੀਲ ਅੰਦਰ ਥੋਥ ਜਾਪਦੀ ਹੈ। ਰਸਾਇਣਕ ਹਥਿਆਰਾਂ ਦੀ ਵਰਤੋਂ ਰੋਕਣ ਲਈ ਹੋਰ ਭਿਆਨਕ ਹਥਿਆਰਾਂ ਦੀ ਵਰਤੋਂ ਕਰਨ ਨਾਲ ਨਤੀਜਾ ਕੀ ਨਿਕਲੇਗਾ? ਹਥਿਆਰਾਂ ਦੀ ਵਰਤੋਂ ਤਾਂ ਬੰਦੇ ਮਾਰਦੀ ਹੈ। ਉਹ ਰਸਾਇਣਕ ਹਥਿਆਰ ਨਾਲ ਵੀ ਮਰਦੇ ਹਨ ਅਤੇ ਬਾਰੂਦੀ ਬੰਬਾਂ ਨਾਲ ਵੀ। ਸੀਰੀਆ ਦਾ ਬੰਦੇ ਮਾਰਨਾ ਨਾਜਾਇਜ਼ ਅਤੇ ਅਮਰੀਕਾ ਦਾ ਬੰਦੇ ਮਾਰਨਾ ਜਾਇਜ਼ ਕਿਵੇਂ ਹੋਇਆ? ਇਹ ਸਵਾਲ ਵੱਖਰਾ ਹੈ ਕਿ ਰਸਾਇਣਕ ਹਥਿਆਰਾਂ ਦੀ ਵਰਤੋਂ ਸੀਰੀਆ ਸਰਕਾਰ ਨੇ ਕੀਤੀ ਹੈ ਜਾਂ ਬਾਗ਼ੀਆਂ ਨੇ। ਸੰਯੁਕਤ ਰਾਸ਼ਟਰ ਦੀ ਮੁੱਢਲੀ ਜਾਂਚ ਵਿੱਚ ਇਨ੍ਹਾਂ ਹਥਿਆਰਾਂ ਦੀ ਵਰਤੋਂ ਦਾ ਇਸ਼ਾਰਾ ਬਾਗ਼ੀਆਂ ਵੱਲ ਹੋਇਆ ਸੀ। ਇੰਗਲੈਂਡ ਕਬੂਲ ਵੀ ਕਰ ਚੁੱਕਿਆ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਬਣਾਉਣ ਲਈ ਲੋੜੀਂਦਾ ਰਸਾਇਣ ਉੱਥੋਂ ਬਰਾਮਦ ਕੀਤਾ ਗਿਆ ਹੈ।

ਸੀਰੀਆ ਦੇ ਮੌਜੂਦਾ ਮਸਲੇ ਬਾਬਤ ਗੱਲਬਾਤ ਕਰਨ ਲਈ ਕੁਝ ਤੱਥ ਜਾਣ ਲੈਣੇ ਜ਼ਰੂਰੀ ਹਨ। ਸੀਰੀਆ ਪੱਛਮੀ ਏਸ਼ੀਆ ਦਾ ਅਰਬੀ ਮੁਲਕ ਹੈ ਜਿਸ ਦੇ ਉੱਤਰ ਵਿੱਚ ਤੁਰਕੀ, ਪੂਰਬ ਵਿੱਚ ਇਰਾਕ, ਦੱਖਣ ਵਿੱਚ ਜੌਰਡਨ, ਦੱਖਣ-ਪੱਛਮ ਵਿੱਚ ਇਸਰਾਈਲ ਅਤੇ ਪੱਛਮ ਵਿੱਚ ਲਿਬਨਾਨ ਤੇ ਭੂ-ਮੱਧ ਸਾਗਰ ਹੈ। ਸੀਰੀਆ ਪਹਿਲੀ ਆਲਮੀ ਜੰਗ ਦੀ ਭੰਨ-ਤੋੜ ਦੇ ਨਤੀਜੇ ਵਜੋਂ ਫਰਾਂਸੀਸੀਆਂ ਦੀ ਵਿਉਂਤਬੰਦੀ ਨਾਲ ਹੋਂਦ ਵਿੱਚ ਆਇਆ। ਇਸ ਮੁਲਕ ਵਿੱਚ ਆਬਾਦੀ ਅਤੇ ਧਰਾਤਲ ਦੀ ਵੰਨ-ਸਵੰਨਤਾ ਹੈ। ਆਬਾਦੀ ਵਿੱਚ ਕੁਰਦ, ਤੁਰਕ, ਅਰਮੀਨੀਆਈ, ਅਸੀਰੀਆਈ, ਈਸਾਈ, ਡਰੂਜ਼, ਅਲਾਵਾਈਟ ਸ਼ੀਆ ਅਤੇ ਅਰਬੀ ਸੁੰਨੀ ਹਨ। ਧਰਾਤਲ ਵਿੱਚ ਉਪਜਾਉ ਪੱਧਰ ਜ਼ਮੀਨ ਦੇ ਨਾਲ-ਨਾਲ ਉੱਚੇ ਪਹਾੜ ਅਤੇ ਰੇਗ਼ਿਸਤਾਨ ਹੈ। ਸੀਰੀਆ ਅਪਰੈਲ 1946 ਵਿੱਚ ਫਰਾਂਸੀਸੀ ਬਸਤਾਨ ਤੋਂ ਆਜ਼ਾਦ ਹੋਇਆ। ਇਸ ਤੋਂ ਬਾਅਦ ਸੀਰੀਆ ਦਾ ਇਤਿਹਾਸ ਫ਼ੌਜੀ ਰਾਜ ਪਲਟਿਆਂ ਦੀ ਤਵਾਰੀਖ਼ ਹੈ। ਸੰਨ 1970 ਤੋਂ ਬਾਅਦ ਅਸਦ ਖ਼ਾਨਦਾਨ ਦਾ ਰਾਜ ਹੈ। ਇਸ ਦੌਰਾਨ 2000 ਤੱਕ ਹਾਫ਼ਿਜ਼ ਅਲ-ਅਸਦ ਦਾ ਰਾਜ ਰਿਹਾ ਅਤੇ ਉਸ ਤੋਂ ਬਾਅਦ ਹੁਣ ਤੱਕ ਉਸ ਦੇ ਮੁੰਡੇ ਬਸ਼ਰ ਅਲ-ਅਸਦ ਦਾ ਰਾਜ ਹੈ। ਸਿਆਸੀ ਪਾਰਟੀ ਵਜੋਂ ਇਹ ਬਾਥਿਸਟ ਪਾਰਟੀ ਦਾ ਰਾਜ ਹੈ। ਬਾਥ ਪਾਰਟੀ ਦਾ ਅਰਬੀ ਵਿੱਚ ਪੂਰਾ ਨਾਮ ਹਿਜ਼ਬ ਅਲ-ਬਾਥ ਅਲ-ਅਰਾਬੀ ਅਲ-ਇਸ਼ਤਰਾਕੀ ਹੈ ਜਿਸ ਦਾ ਅੰਗਰੇਜ਼ੀ ਨਾਮ ਅਰਬ ਸੋਸ਼ਲਿਸਟ ਪਾਰਟੀ ਹੈ। ਦੂਜੀ ਆਲਮੀ ਜੰਗ ਤੋਂ ਬਾਅਦ ਇਹ ਅਰਬੀ ਏਕੇ, ਆਜ਼ਾਦੀ ਅਤੇ ਸਮਾਜਵਾਦ ਦੇ ਟੀਚੇ ਤਹਿਤ ਸੋਵੀਅਤ ਯੂਨੀਅਨ ਦੀ ਹਮਾਇਤ ਨਾਲ ਬਣੀ ਪਾਰਟੀ ਸੀ ਜਿਸ ਦਾ ਅਸਰ ਇਰਾਕ, ਮਿਸਰ ਅਤੇ ਸੀਰੀਆ ਵਿੱਚ ਸਭ ਤੋਂ ਜ਼ਿਆਦਾ ਸੀ। ਇਸ ਪਾਰਟੀ ਦੇ ਅਸਰ ਕਾਰਨ ਸੀਰੀਆ ਅਤੇ ਮਿਸਰ ਨੇ 1954 ਵਿੱਚ ਯੂਨਾਈਟਿਡ ਅਰਬ ਰਿਪਬਲਿਕ ਵਜੋਂ ਏਕਾ ਕਰ ਲਿਆ ਸੀ ਪਰ 1961 ਵਿੱਚ ਇਹ ਦੁਬਾਰਾ ਵੱਖਰੇ ਮੁਲਕ ਬਣ ਗਏ। ਇਹ ਸਾਰੇ ਤੱਤ ਮਿਲ ਕੇ ਸੀਰੀਆ ਨੂੰ ਉਸ ਖਿੱਤੇ ਦੀ ਸਿਆਸਤ ਦਾ ਅਹਿਮ ਅਖਾੜਾ ਬਣਾਉਂਦੇ ਹਨ ਜਿਸ ਵਿੱਚ ਕਈ ਧਿਰਾਂ ਦੀ ਦਿਲਚਸਪੀ ਹੈ।

ਕਦੇ ਇਰਾਕ ਦਾ ਕਰੀਬੀ ਰਿਹਾ ਸੀਰੀਆ ਇਸ ਵੇਲੇ ਇਰਾਨ ਅਤੇ ਰੂਸ ਦਾ ਕਰੀਬੀ ਹੈ। ਕਦੇ ਅਰਬੀ ਏਕੇ ਦਾ ਝੰਡਾ-ਬਰਦਾਰ ਸਮਝੇ ਜਾਂਦੇ ਸੀਰੀਆ ਨੂੰ ਇਸ ਵੇਲੇ ਅਰਬ ਲੀਗ ਨੇ ਛੇਕਿਆ ਹੋਇਆ ਹੈ। ਉੱਤਰੀ ਅਮਰੀਕੀ ਅਤੇ ਏਸ਼ੀਆ ਦੇ ਅਰਬੀ ਖਿੱਤੇ ਦੀਆਂ ਬਗ਼ਾਵਤਾਂ ਦਾ ਅਸਰ ਸੀਰੀਆ ਉੱਤੇ ਵੀ ਪਿਆ ਹੈ ਅਤੇ ਮਾਰਚ 2011 ਤੋਂ ਖ਼ਾਨਾਜੰਗੀ ਚੱਲ ਰਹੀ ਹੈ। ਮਾਰਚ 2012 ਵਿੱਚ ਬਾਗ਼ੀ ਧੜਿਆਂ ਨੇ ਮਿਲ ਕੇ ਬਦਲਵੀਂ ਸਰਕਾਰ (ਸੀਰੀਅਨ ਨੈਸ਼ਨਲ ਕੁਲੀਸ਼ਨ) ਦਾ ਐਲਾਨ ਕੀਤਾ ਹੋਇਆ ਹੈ ਜਿਸ ਨੂੰ ਅਮਰੀਕਾ, ਇੰਗਲੈਂਡ ਅਤੇ ਫਰਾਂਸ ਨੇ ਸੀਰੀਆਈ ਆਵਾਮ ਦੀ ਨੁਮਾਇੰਦਾ ਸਰਕਾਰ ਵਜੋਂ ਮਾਨਤਾ ਦਿੱਤੀ ਹੋਈ ਹੈ। ਅਰਬ ਲੀਗ ਇਸ ਵੇਲੇ ਸੀਰੀਆ ਦੀ ਬਸ਼ਰ ਅਲ-ਅਸਦ ਸਰਕਾਰ ਦੀ ਥਾਂ ਸੀਰੀਅਨ ਨੈਸ਼ਨਲ ਕੁਲੀਸ਼ਨ ਨੂੰ ਸੱਦਾ ਦੇ ਚੁੱਕੀ ਹੈ। ਇਸ ਖ਼ਿੱਤੇ ਵਿੱਚ ਅਮਰੀਕੀ-ਇਸਰਾਈਲੀ ਸਾਮਰਾਜ ਦੇ ਹਿੱਤ ਸਾਂਝੇ ਹਨ। ਦਿਲਚਸਪ ਤੱਥ ਇਹ ਹੈ ਕਿ ਇਸਰਾਈਲ ਨਾਲ ਰਵਾਇਤੀ ਦੁਸ਼ਮਣੀ ਭੁਲਾ ਕੇ ਅਰਬ ਲੀਗ ਇਸ ਵੇਲੇ ਸੀਰੀਆ ਦੇ ਖ਼ਿਲਾਫ਼ ਹੈ। ਦੂਜੇ ਪਾਸੇ ਸੀਰੀਆ ਦੇ ਬਾਗ਼ੀਆਂ ਵਿੱਚ ਅਲ-ਕਾਇਦਾ (ਨੁਸਰਾ-ਫਰੰਟ) ਸ਼ਾਮਿਲ ਹੈ ਜਿਸ ਦੀ ਹਮਾਇਤ ਅਮਰੀਕਾ ਕਰ ਰਿਹਾ ਹੈ। ਇਨ੍ਹਾਂ ਹਾਲਾਤ ਵਿੱਚ ਉਸ ਖ਼ਿੱਤੇ ਵਿੱਚ ਇਰਾਨ ਅਤੇ ਸੀਰੀਆ ਹੀ ਅਮਰੀਕੀ ਗ਼ਲਬੇ ਉੱਤੇ ਸਵਾਲ ਕਰਦੇ ਹਨ। ਇਸ ਤੰਦ ਦੀ ਤਫ਼ਸੀਲ 'ਇੰਡੀਪੈਂਡੈਂਟ' ਅਖ਼ਬਾਰ ਦਾ ਪੱਤਰਕਾਰ ਰੌਬਰਟ ਫਿਸਕ ਲਿਖਦਾ ਹੈ, "ਜੇ ਹੋਇਆ ਤਾਂ ਇਹ ਆਧੁਨਿਕ ਮਨੁੱਖੀ ਇਤਿਹਾਸ ਦਾ ਸਭ ਤੋਂ ਮੂਰਖ਼ਾਨਾ ਪੱਛਮੀ ਹਮਲਾ ਹੋਵੇਗਾ ... ਮਨੁੱਖੀ ਇਤਿਹਾਸ ਦੇ ਸਭ ਤੋਂ ਪੁਰਾਣੇ ਸੀਰੀਆਈ ਸ਼ਹਿਰਾਂ ਉੱਤੇ ਸੁੱਟੀਆਂ ਜਾਣ ਵਾਲੀਆਂ ਕਰੂਜ਼ ਮਿਜਾਇਲਾਂ ਦਾ ਸੀਰੀਆ ਨਾਲ ਕੋਈ ਲੈਣਾ-ਦੇਣਾ ਨਹੀਂ। ਇਹ ਇਰਾਨ ਦਾ ਨੁਕਸਾਨ ਕਰਨ ਲਈ ਸੁੱਟੀਆਂ ਜਾਣਗੀਆਂ। ਇਹ ਇਸਲਾਮਕ ਰਿਪਬਲਿਕ ਖ਼ਿਲਾਫ਼ ਹਮਲਾ ਹੋਵੇਗਾ ਜੋ ਹੁਣ ਖਰਦਿਮਾਗ਼ ਮੁਹੰਮਦ ਅਹਿਮਦੀਨਿਜਾਦ ਦੇ ਮੁਕਾਬਲੇ ਨਵੇਂ ਅਤੇ ਊਰਜਾਵਾਨ ਰਾਸ਼ਟਰਪਤੀ ਦੀ ਅਗਵਾਈ ਵਿੱਚ ਪਹਿਲਾਂ ਤੋਂ ਵਧੇਰੇ ਸਥਿਰ ਹੈ। ਇਰਾਨ ਦਰਅਸਲ ਇਸਰਾਈਲ ਦਾ ਦੁਸ਼ਮਣ ਹੈ। ਇਸ ਤੋਂ ਬਾਅਦ ਉਹ ਸਹਿਜ ਸੁਭਾਅ ਅਮਰੀਕਾ ਦਾ ਦੁਸ਼ਮਣ ਬਣ ਜਾਂਦਾ ਹੈ। ਇਸ ਕਰ ਕੇ ਇਰਾਨ ਦੇ ਇਕਲੌਤੇ ਅਰਬੀ ਸਾਥੀ ਉੱਤੇ ਮਿਜ਼ਾਇਲਾਂ ਸੁੱਟੀਆਂ ਜਾਣੀਆਂ ਹਨ।" ਅਹਿਮਦੀਨਿਜਾਦ ਦੇ ਨਾਮ ਨਾਲ ਲੱਗਿਆ ਵਿਸ਼ੇਸ਼ਣ ਰੌਬਰਟ ਫਿਸਕ ਦੀ ਗੋਰਿਆਂ ਦੀ ਦੂਜਿਆਂ ਬਾਰੇ ਸਮਝ ਉਭਾਰਦਾ ਹੈ ਪਰ ਉਸ ਦੀ ਦਲੀਲ ਵਿੱਚੋਂ ਮੌਜੂਦਾ ਹਾਲਾਤ ਨੂੰ ਸਮਝਣਾ ਸੁਖਾਲਾ ਹੈ। ਇਹੋ ਮਾਹੌਲ ਮੁਹੰਮਦ ਅਹਿਮਦੀਨਿਜਾਦ ਵੇਲੇ ਇਰਾਨ ਖ਼ਿਲਾਫ਼ ਉਸਾਰਿਆ ਗਿਆ ਸੀ ਪਰ ਉਸ ਤੋਂ ਬਾਅਦ ਦਲੀਲ ਕਮਜ਼ੋਰ ਪੈ ਗਈ। ਦਲੀਲ ਕਮਜ਼ੋਰ ਪੈਣ ਨਾਲ ਅਮਰੀਕੀ-ਇਸਰਾਈਲ ਨੂੰ ਆਪਣੇ ਟੀਚੇ ਤਾਂ ਨਹੀਂ ਭੁੱਲੇ ਜੋ ਹੁਣ ਸੀਰੀਆ ਰਾਹੀਂ ਹਾਸਲ ਕਰਨ ਦੀ ਮਸ਼ਕ ਚੱਲ ਰਹੀ ਹੈ।

ਅਮਰੀਕੀ ਇਤਿਹਾਸ ਆਦਮਖ਼ੋਰ ਮੁਹਿੰਮਾਂ ਨਾਲ ਭਰਿਆ ਪਿਆ ਹੈ। ਹੀਰੋਸ਼ੀਮਾ-ਨਾਗਾਸਾਕੀ ਉੱਤੇ ਪਰਮਾਣੂ ਹਮਲੇ ਅਤੇ ਵੀਅਤਨਾਮ ਦੀ ਜੰਗ ਵਿੱਚ ਰਸਾਇਣਕ ਬੰਬਾਂ ਦੀ ਵਰਤੋਂ ਕਿਸੇ ਤੋਂ ਲੁਕੀ ਨਹੀਂ। ਇਸੇ ਅਮਰੀਕਾ ਦੇ ਗੈਸ ਬੰਬ ਸੱਦਾਮ ਹੁਸੈਨ ਨੇ 1988 ਵਿੱਚ ਕੁਰਦ ਬਾਗ਼ੀਆਂ ਖ਼ਿਲਾਫ਼ ਵਰਤੇ ਸਨ। ਰੌਬਰਟ ਫਿਸਕ ਮੁਤਾਬਕ ਉਸ ਵੇਲੇ ਰਸਾਇਣਕ ਹਥਿਆਰਾਂ ਦੀ ਵਰਤੋਂ ਦਾ ਇਲਜ਼ਾਮ ਸੀ.ਆਈ.ਏ. ਨੇ ਇਰਾਨ ਉੱਤੇ ਲਗਾਇਆ ਸੀ। ਇਨ੍ਹਾਂ ਹੀ ਹਥਿਆਰਾਂ ਦੇ ਨਾਮ ਉੱਤੇ ਇਰਾਕ ਉੱਤੇ 2003 ਵਿੱਚ ਹਮਲਾ ਕੀਤਾ ਗਿਆ ਜੋ ਉਸ ਵੇਲੇ ਇਰਾਕ ਕੋਲ ਨਹੀਂ ਸਨ।ਇਸ ਤੋਂ ਪਹਿਲਾਂ ਇਸਰਾਈਲ ਨੇ ਲਿਬਨਾਨ ਵਿੱਚ 17,000 ਸ਼ਹਿਰੀਆਂ ਨੂੰ ਮਾਰਿਆ। ਹਾਫ਼ਿਜ਼ ਅਲ-ਅਸਦ (ਬਸ਼ਰ ਅਲ-ਅਸਦ ਦਾ ਬਾਪ) ਨੇ 1980ਵਿਆਂ ਦੇ ਮੁੱਢ ਵਿੱਚ ਮੁਸਲਿਮ ਬ੍ਰਦਰਹੁੱਡ (ਅਲ-ਅਖ਼ਬਾਨ) ਦੇ ਹਜ਼ਾਰਾਂ ਕਾਰਕੁਨਾਂ ਨੂੰ ਹਾਮਾ ਇਲਾਕੇ ਵਿੱਚ ਮਾਰਿਆ। ਇਰਾਨ-ਇਰਾਕ ਜੰਗ (1980-88) ਦੌਰਾਨ ਸੱਦਾਮ ਹੁਸੈਨ ਨੇ ਗੈਸ ਬੰਬਾਂ ਦੀ ਵਰਤੋਂ ਕੀਤੀ ਪਰ ਉਸ ਵੇਲੇ ਉਹ ਅਮਰੀਕਾ ਪੱਖੀ ਸੀ। ਰੌਬਰਟ ਫਿਸਕ ਕਬੂਲ ਕਰਦਾ ਹੈ ਕਿ ਸਬੂਤ ਪੇਸ਼ ਕੀਤੇ ਜਾਣ ਦੇ ਬਾਵਜੂਦ ਪੱਛਮੀ ਪੱਤਰਕਾਰਾਂ ਨੇ ਇਨ੍ਹਾਂ ਹਮਲਿਆਂ ਨੂੰ 'ਅਖਾਉਤੀ' ਲਿਖਿਆ ਸੀ। ਜਦੋਂ ਕੁਵੈਤ ਉੱਤੇ ਹਮਲੇ ਤੋਂ ਬਾਅਦ ਅਮਰੀਕਾ ਨੇ ਨਾਟੋ ਦੇ ਝੰਡੇ ਥੱਲੇ ਇਰਾਕ ਉੱਤੇ ਹਮਲਾ ਕੀਤਾ ਤਾਂ ਇਸੇ ਸੀਰੀਆ ਵਿੱਚੋਂ ਕਰੂਜ਼ ਮਿਜ਼ਾਇਲਾਂ ਦਾਗ਼ੀਆਂ ਗਈਆਂ ਸਨ। ਲਿਬਨਾਨ ਜੰਗ ਵਿੱਚ ਅਮਰੀਕਾ, ਇਸਰਾਈਲ ਅਤੇ ਸੀਰੀਆ ਦਾ ਟਾਕਰਾ ਸਭ ਧਿਰਾਂ ਲਈ ਨਾਖ਼ੁਸ਼ਗਵਾਰ ਰਿਹਾ ਸੀ।

ਇਸ ਵੇਲੇ ਅਮਰੀਕੀ ਦਲੀਲ ਸੀਰੀਆ ਦੀ ਬਸ਼ਰ ਅਲ-ਅਸਦ ਸਰਕਾਰ ਵੱਲੋਂ ਵਰਤੇ ਗਏ ਰਸਇਣਕ ਹਥਿਆਰਾਂ ਤੋਂ ਮੁੜ ਵਰਤੋਂ ਰੋਕਣ ਦੇ ਮਕਸਦ ਨਾਲ ਜੋੜੀ ਜਾ ਰਹੀ ਹੈ। ਦੋ ਤੱਥਾਂ ਦੀ ਇਸ ਮਾਮਲੇ ਵਿੱਚ ਬਹੁਤ ਅਹਿਮੀਅਤ ਹੈ। ਇਸ ਵੇਲੇ ਲਿਬਨਾਨ ਵਿੱਚ ਸਰਗਰਮ ਹਿਜ਼ਬੁੱਲਾ ਨੂੰ ਇਰਾਨ ਦੀ ਹਮਾਇਤ ਹੈ ਅਤੇ ਹਿਜ਼ਬੁੱਲਾ ਸੀਰੀਆ ਵਿੱਚ ਬਾਗ਼ੀਆਂ ਖ਼ਿਲਾਫ਼ ਲੜ ਰਿਹਾ ਹੈ। ਹਿਜ਼ਬੁੱਲਾ ਦੇ ਤਿੰਨ ਲੜਾਕੇ ਰਸਾਇਣਕ ਹਮਲੇ ਦਾ ਸ਼ਿਕਾਰ ਹੋਏ ਹਨ ਅਤੇ ਇਸ ਵੇਲੇ ਲਿਬਨਾਨ ਦੇ ਰਾਜਧਾਨੀ ਬੈਰੂਤ ਵਿੱਚ ਜ਼ੇਰੇ-ਇਲਾਜ ਹਨ। ਇਨ੍ਹਾਂ ਦੀ ਖ਼ਬਰ ਉੱਤਰੀ ਅਮਰੀਕੀ ਅਤੇ ਯੂਰਪੀ ਮੀਡੀਆ ਦਾ ਹਿੱਸਾ ਨਹੀਂ ਬਣੀ। ਇਹ ਮੀਡੀਆ ਦੀ ਪੁਰਾਣੀ ਸਾਮਰਾਜ ਪੱਖੀ ਰਵਾਇਤ ਦਾ ਸਮਕਾਲੀ ਰੂਪ ਤਾਂ ਨਹੀਂ ਜਿਸ ਦਾ ਪਛਤਾਵਾਂ ਰੌਬਰਟ ਫਿਸਕ ਤਿੰਨ ਦਹਾਕਿਆਂ ਬਾਅਦ ਕਰ ਰਿਹਾ ਹੈ? ਸੰਯੁਕਤ ਰਾਸ਼ਟਰ ਨੇ ਸੀਰੀਆ ਲਈ ਕੌਮਾਂਤਰੀ ਜਾਂਚ ਕਮਿਸ਼ਨ ਬਣਾਇਆ ਹੋਇਆ ਹੈ। ਇਸ ਦੀ ਟੀਮ ਨੇ ਮਈ (2013) ਵਿੱਚ ਸਾਫ਼ ਕੀਤਾ ਸੀ ਕਿ ਮੁੱਢਲੀ ਜਾਂਚ ਤੋਂ ਬਾਅਦ ਰਸਾਇਣਕ ਹਥਿਆਰਾਂ ਦੀ ਵਰਤੋਂ ਦਾ ਸ਼ੱਕ ਬਾਗ਼ੀਆਂ ਉੱਤੇ ਜਾਂਦਾ ਹੈ। ਇਸ ਕਮਿਸ਼ਨ ਦੀ ਮੈਂਬਰ ਕਾਰਲਾ ਡੈਲ ਪੌਂਟੀ ਨੇ ਸਵਿੱਸ ਟੈਲੀਵਿਜ਼ਨ ਨਾਲ ਮੁਲਾਕਾਤ ਵਿੱਚ ਕਿਹਾ ਸੀ ਕਿ ਬਾਗ਼ੀਆਂ ਉੱਤੇ ਰਸਾਇਣਕ ਹਥਿਆਰਾਂ ਦੀ ਵਰਤੋਂ ਦੇ ਸ਼ੱਕ ਦੀ ਠੋਸ ਬੁਨਿਆਦ ਬਣਦੀ ਹੈ ਪਰ ਇਸ ਨੂੰ ਹਾਲੇ ਸਬੂਤ ਵਿੱਚ ਤਬਦੀਲ ਕਰਨ ਲਈ ਹੋਰ ਜਾਂਚ ਕਰਨ ਦੀ ਲੋੜ ਹੈ।

ਅਮਰੀਕਾ ਨੇ ਹੁਣ ਤੱਕ ਅਤਿਵਾਦ ਖ਼ਿਲਾਫ਼ ਜੰਗ ਦੀਆਂ ਸਾਰੀਆਂ ਮੁਹਿੰਮਾਂ ਲਈ ਸੁਰੱਖਿਆ ਅਤੇ ਜਮਹੂਰੀਅਤ ਦੀ ਰਾਖੀ ਨੂੰ ਮੋਹਰਾ ਬਣਾਇਆ ਹੈ। ਇਨ੍ਹਾਂ ਮੁਹਿੰਮਾਂ ਵਿੱਚ ਉਸ ਨੇ ਅਲ-ਕਾਇਦਾ ਦੇ ਆਗੂਆਂ ਦੀ ਭਾਲ ਵਿੱਚ ਸਭ ਤੋਂ ਵੱਡੀਆਂ ਖ਼ੁਫ਼ੀਆ ਅਤੇ ਜ਼ਾਹਰਾ ਫ਼ੌਜੀ ਕਾਰਵਾਈਆਂ ਕੀਤੀਆਂ ਹਨ। ਦੂਜੇ ਮੁਲਕਾਂ ਦੀਆਂ ਸਰਹੱਦਾਂ ਅਤੇ ਸਫ਼ਾਰਤੀ ਸਲੀਕੇ ਦੀ ਪ੍ਰਵਾਹ ਕੀਤੇ ਬਿਨਾਂ ਡਰੋਨ ਹਮਲੇ ਕੀਤੇ ਹਨ, ਮਿਜ਼ਾਇਲ ਹਮਲੇ ਕੀਤੇ ਹਨ ਅਤੇ ਫ਼ੌਜੀਆਂ ਨੇ ਰਾਤ-ਬਰਾਤੇ ਸੈਂਕੜੇ ਮੀਲ ਅੰਦਰ ਜਾ ਕੇ ਹਥਿਆਰਬੰਦ ਕਾਰਵਾਈਆਂ ਕੀਤੀਆਂ ਹਨ। ਅਲ-ਕਾਇਦਾ ਦੀ ਭਾਲ ਵਿੱਚ ਅਫ਼ਗ਼ਾਨਿਸਤਾਨ, ਇਰਾਕ ਅਤੇ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਵਿੱਚ ਬਰੂਦ ਦਾ ਮੀਂਹ ਵਰਸਾਉਣ ਵਾਲਾ ਅਮਰੀਕਾ ਹੁਣ ਅਲ-ਕਾਇਦਾ (ਨੁਸਰਾ-ਫਰੰਟ) ਨਾਲ ਮਿਲ ਕੇ ਸੀਰੀਆ ਉੱਤੇ ਹਮਲਾ ਕਰ ਰਿਹਾ ਹੈ। ਅਮਰੀਕਾ ਦਾ ਦਾਅਵਾ ਹੈ ਕਿ ਸੀਰੀਆ ਦੀ ਧਰਤੀ ਉੱਤੇ ਅਮਰੀਕੀ ਫ਼ੌਜੀ ਪੈਰ ਨਹੀਂ ਧਰਨਗੇ। ਮਤਲਬ ਸਾਫ਼ ਹੈ ਕਿ ਨੁਸਰਾ-ਫਰੰਟ ਦੀ ਨਿਸ਼ਾਨਦੇਹੀ ਉੱਤੇ ਅਮਰੀਕਾ ਬੰਬਾਰੀ ਕਰੇਗਾ। ਅਲ-ਅਖ਼ਬਾਨ ਹੁਣ ਅਮਰੀਕਾ ਨੂੰ ਦੱਸੇਗਾ ਕਿ ਸੀਰੀਆ ਵਿੱਚ ਕਿੱਥੇ ਬੰਬ ਸੁੱਟਣੇ ਹਨ। ਮਿਸਰ ਵਿੱਚ ਚੋਣਾਂ ਜਿੱਤ ਕੇ ਸਰਕਾਰ ਬਣਵਾਉਣ ਵਾਲੇ ਅਲ-ਅਖ਼ਬਾਨ ਨੂੰ ਫ਼ੌਜੀ ਇਮਦਾਦ ਨਾਲ ਹਟਾ ਦਿੱਤੇ ਜਾਣਾ ਅਮਰੀਕਾ ਨੂੰ ਪ੍ਰੇਸ਼ਾਨ ਨਹੀਂ ਕਰਦਾ ਕਿਉਂਕਿ ਉਸ ਨੂੰ ਦੂਜੀ ਧਿਰ ਦੀ ਸਰਕਾਰ ਚਾਹੀਦੀ ਹੈ। ਮਿਸਰ ਵਿੱਚ ਅਲ-ਅਖ਼ਬਾਨ ਨੂੰ ਇਸਲਾਮੀ ਕੱਟੜਪੰਥੀ ਕਰਾਰ ਦੇਣ ਵਾਲਾ ਅਮਰੀਕਾ ਉਨ੍ਹਾਂ ਨਾਲ ਮਿਲ ਕੇ ਸੀਰੀਆ ਉੱਤੇ ਚੜ੍ਹਾਈ ਕਰ ਰਿਹਾ ਹੈ। ਇਹ ਗੱਠਜੋੜ ਓਬਾਮਾ, ਕੈਮਰੂਨ, ਫਰੈਂਕੋਅਸ ਅਲਾਂਦੇ, ਨੁਸਰਾ-ਫਰੰਟ ਅਤੇ ਦੁਨੀਆਂ ਦੇ ਹੋਰ ਛੋਟੇ-ਵੱਡੇ ਸਰਕਾਰੀ ਜਾਂ ਗ਼ੈਰ-ਸਰਕਾਰੀ ਜੰਗਬਾਜ਼ਾਂ ਦੀ ਬਹੁਤ ਵੱਡੀ ਪ੍ਰਾਪਤੀ ਵਜੋਂ ਪੇਸ਼ ਕੀਤਾ ਜਾ ਸਕਦਾ ਹੈ।

ਅਮਰੀਕੀ ਜਾਣਕਾਰੀ ਜਾਂ ਦਲੀਲ ਖ਼ੁਫ਼ੀਆ ਮਹਿਕਮੇ ਦੇ ਮੁਲਾਜ਼ਮਾਂ ਦੀ ਜਾਣਕਾਰੀ ਉੱਤੇ ਟਿਕੀ ਹੋਈ ਹੈ। ਇਹੋ ਮਾਹਰ 'ਭਰੋਸੇਯੋਗ' ਸੂਤਰਾਂ ਦੇ ਹਵਾਲੇ ਨਾਲ ਇਰਾਕ ਦੇ ਭਿਆਨਕ ਤਬਾਹੀ ਕਰਨ ਵਾਲੇ ਹਥਿਆਰਾਂ ਦੇ ਜ਼ਖ਼ੀਰਿਆਂ ਦੀ ਜਾਣਕਾਰੀ ਦਿੰਦੇ ਸਨ। ਉਹ ਹਥਿਆਰਾਂ ਦੇ ਜ਼ਖੀਰੇ ਕਦੇ ਨਹੀਂ ਮਿਲੇ ਪਰ ਉਸ ਦਲੀਲ ਦੇ ਹਵਾਲੇ ਨਾਲ ਇਰਾਕ ਵਿੱਚ ਅਮਰੀਕੀਆਂ ਦੀ ਅਗਵਾਈ ਵਿੱਚ ਨਾਟੋ ਫ਼ੌਜਾਂ ਨੇ ਭਿਆਨਕ ਤਬਾਹੀ ਮਚਾ ਦਿੱਤੀ ਹੈ। ਸੀਰੀਆ ਉੱਤੇ ਹਮਲੇ ਦੇ ਕਾਰਨਾਂ ਬਾਰੇ ਰੌਬਰਟ ਫਿਸਕ ਲਿਖਦਾ ਹੈ, "ਮੈਨੂੰ ਲੱਗਦਾ ਹੈ ਕਿ ਮੈਂ ਇਸ ਦਾ ਕਾਰਨ ਜਾਣਦਾ ਹਾਂ। ਮੈਨੂੰ ਜਾਪਦਾ ਹੈ ਕਿ ਬਸ਼ਰ ਅਲ-ਅਸਦ ਦੀ ਬੇਕਿਰਕ ਫ਼ੌਜ ਬਾਗ਼ੀਆਂ ਉੱਤੇ ਜਿੱਤ ਹਾਸਲ ਕਰ ਰਹੀ ਹੈ ਜਿਨ੍ਹਾਂ ਨੂੰ ਅਸੀਂ ਚੋਰੀ-ਛਿਪੇ ਹਥਿਆਰ ਦਿੰਦੇ ਹਾਂ। ਇਰਾਨ ਦੀ ਸਰਪ੍ਰਸਤੀ ਵਾਲੇ ਲਿਬਨਾਨੀ ਹਿਜ਼ਬੁੱਲਾ ਦੀ ਮਦਦ ਨਾਲ ਦਮਸ਼ਕ ਦੇ ਨਿਜ਼ਾਮ ਨੇ ਕਿਉਸੇਅਰ ਵਿੱਚ ਬਾਗ਼ੀਆਂ ਦਾ ਲੱਕ ਤੋੜ ਦਿੱਤਾ ਹੈ ਅਤੇ ਇਹੋ ਕੁਝ ਹੋਮਸ ਦੇ ਉੱਤਰ ਵੱਲ ਹੋਣ ਵਾਲਾ ਹੈ। ਇਰਾਨ ਇਸ ਵੇਲੇ ਸੀਰੀਆ ਸਰਕਾਰ ਨੂੰ ਬਚਾਉਣ ਲਈ ਹਰ ਪੱਧਰ ਉੱਤੇ ਲੱਗਿਆ ਹੋਇਆ ਹੈ। ਬਸ਼ਰ ਦੀ ਜਿੱਤ ਦਾ ਮਤਲਬ ਇਰਾਨ ਦੀ ਜਿੱਤ ਹੈ। ਇਰਾਨ ਦੀ ਜਿੱਤ ਪੱਛਮ ਬਰਦਾਸ਼ਤ ਨਹੀਂ ਕਰ ਸਕਦਾ।" ਹੁਣ ਅਮਰੀਕਾ ਰਸਾਇਣਕ ਹਥਿਆਰਾਂ ਦੀ ਵਰਤੋਂ ਕਾਰਨ ਇੱਕ ਮੁਲਕ ਉੱਤੇ ਹਮਲਾ ਕਰਨ ਲਈ ਤਿਆਰ ਹੈ। ਅਫ਼ਗ਼ਾਨਿਸਤਾਨ ਅਤੇ ਇਰਾਕ ਵਿੱਚ ਸੁੱਟੇ ਬੰਬਾਂ ਦਾ ਰਸਾਇਣਕ ਖ਼ਾਸਾ ਨਵੇਂ ਜੰਮੇ ਬੱਚਿਆਂ ਉੱਤੇ ਅਸਰਅੰਦਾਜ਼ ਹੋ ਰਿਹਾ ਹੈ। ਇਨ੍ਹਾਂ ਮੁਲਕਾਂ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਬੱਚੇ ਪੈਦਾ ਹੋ ਰਹੇ ਹਨ ਜਿਸ ਤਰ੍ਹਾਂ ਦਾ ਜ਼ਿਕਰ ਅਸੀਂ ਹੀਰੋਸ਼ੀਮਾ-ਨਾਗਾਸ਼ਾਕੀ ਦੇ ਹਾਦਸਿਆਂ ਦੇ ਹਵਾਲੇ ਨਾਲ ਪੜ੍ਹਦੇ-ਸੁਣਦੇ-ਦੇਖਦੇ ਆਏ ਹਨ। ਕਿਸੇ ਦੇ ਇੱਕ ਹੱਥ, ਕਿਸੇ ਦੇ ਪੰਜ ਹੱਥ, ਕਿਸੇ ਦੇ ਛੋਟੀਆਂ-ਵੱਡੀਆਂ ਲੱਤਾਂ-ਬਾਹਾਂ, ਕਿਸੇ ਦੇ ਸਰੀਰ ਦਾ ਕੋਈ ਨਾ ਕੋਈ ਅੰਗ ਬੇਢੱਬਾ ਜਾਂ ਬੇਕਾਰ ਹੈ। ਇਨ੍ਹਾਂ ਪੱਖਾਂ ਤੋਂ ਤਾਂ ਅਫ਼ਗ਼ਾਨਿਸਤਾਨ ਅਤੇ ਇਰਾਕ ਦਾ ਅਧਿਐਨ ਹੀ ਨਹੀਂ ਕੀਤਾ ਜਾ ਰਿਹਾ।

ਪਿਛਲੇ ਸਾਲਾਂ ਦੌਰਾਨ ਬਗ਼ਾਵਤਾਂ ਦਾ ਅਖਾੜਾ ਬਣਨ ਵਾਲੇ ਜ਼ਿਆਦਾਤਰ ਮੁਲਕਾਂ ਵਿੱਚ ਕਦੇ ਫਰਾਂਸ ਦਾ ਸਾਮਰਾਜ ਰਿਹਾ ਹੈ। ਫਰਾਂਸ ਲਈ ਇਹ ਖੁੱਸ ਚੁੱਕੇ ਸਾਮਰਾਜ ਵਿੱਚ ਦਖ਼ਲਅੰਦਾਜ਼ੀ ਵਧਾਉਣ ਦੀ ਲੜਾਈ ਹੈ। ਅਲਜੀਰੀਆ ਦਾ ਲੇਖਕ ਫਰਾਂਜ਼ ਫਾਨੋ ਆਪਣੀ ਕਿਤਾਬ 'ਰੈਚਡ ਆਫ਼ ਦਿ ਅਰਥ' ਵਿੱਚ ਫਰਾਂਸੀਸੀਆਂ ਦੇ ਜ਼ੁਲਮਾਂ ਦੀ ਤਫ਼ਸੀਲ ਲਿਖਦਾ ਹੈ। ਇਸ ਕਿਤਾਬ ਦੀ ਭੂਮਿਕਾ ਫਰਾਂਸੀਸੀ ਮੂਲ ਦੇ ਨਾਬਰ ਲੇਖਕ ਜੀਨ ਪਾਲ ਸਾਰਤਰ ਨੇ ਲਿਖੀ ਹੈ। ਉਹ ਆਪਣੇ ਮੁਲਕ ਵਾਸੀਆਂ ਨੂੰ ਕਿਤਾਬ ਪੜ੍ਹਣ ਦੀ ਸਿਫ਼ਾਰਿਸ਼ ਕਰਦਾ ਹੈ ਕਿ ਜੇ ਉਹ ਚਾਹੁੰਦੇ ਹਨ ਕਿ 'ਫਰਾਂਸ ਕਿਸੇ ਮਨੋਰੋਗ ਦਾ ਨਾਮ ਹੋਣ ਦੀ ਥਾਂ ਕਿਸੇ ਮੁਲਕ ਦਾ ਨਾਮ ਹੋਵੇ ਤਾਂ ਇਹ ਕਿਤਾਬ ਪੜ੍ਹਨ ਅਤੇ ਸਮਝਣ ਕਿ ਫਰਾਂਸੀਸੀ ਨਫ਼ਰਤ ਦੇ ਲਾਇਕ ਕਿਉਂ ਹਨ।' ਫਰਾਂਸ ਨੇ ਲੀਬੀਆ ਉੱਤੇ ਬੰਬਾਰੀ ਵਾਲੀ ਮੁਹਿੰਮ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਸੀ ਅਤੇ ਹੁਣ ਸੀਰੀਆ ਉੱਤੇ ਹਮਲੇ ਲਈ ਕੱਛਾਂ ਵਜਾ ਰਿਹਾ ਹੈ। ਇਹ ਫਰਾਂਜ਼ ਫਾਨੋ ਦਾ ਪਛਾਣਿਆ ਹੋਇਆ ਮਨੋਰੋਗ ਹੈ ਜਿਸ ਤੋਂ ਸਾਰਤਰ ਫਰਾਂਸ ਨੂੰ ਬਚਾਉਣਾ ਚਾਹੁੰਦਾ ਸੀ।

ਸੀਰੀਆ ਉੱਤੇ ਹਮਲੇ ਲਈ ਲੋਕ-ਰਾਏ ਬਣਾਉਣ ਲਈ ਯੂ-ਟਿਉਬ ਦਾ ਵੀਡੀਓ ਵਰਤਿਆ ਜਾ ਰਿਹਾ ਹੈ। ਫੇਸ-ਬੁੱਕ ਅਤੇ ਯੂ-ਟਿਉਬ ਦਾ ਇਹ ਜਲਵਾ ਕਈ ਥਾਂਈਂ ਦੇਖਿਆ ਜਾ ਰਿਹਾ ਹੈ। ਜੋ ਅਫ਼ਵਾਹਾਂ ਦੇ ਹਵਾਲੇ ਨਾਲ ਬਰਮਾ ਵਿੱਚ ਹੋਇਆ ਸੀ ਅਤੇ ਇਸ ਵੇਲੇ ਉੱਤਰ ਪ੍ਰਦੇਸ਼ ਦੇ ਮੁੱਜਫਰਨਗਰ ਇਲਾਕੇ ਵਿੱਚ ਹੋ ਰਿਹਾ ਹੈ, ਉਹੋ ਕੌਮਾਂਤਰੀ ਪੱਧਰ ਉੱਤੇ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੀ ਤਫ਼ਸੀਲ ਜਾਣਨ ਤੋਂ ਬਾਅਦ ਕਿਸੇ ਗੱਲ ਦੀ ਕੋਈ ਦਲੀਲ ਬਣਦੀ ਸਮਝ ਨਹੀਂ ਆਉਂਦੀ। ਜਾਪਦਾ ਇੰਝ ਹੈ ਕਿ ਇਹ ਸਭ ਕੁਝ ਪਾਗ਼ਲਪਣ ਹੈ। ਇਸ ਪਾਗ਼ਲਪਣ ਵਿੱਚ ਤਰਤੀਬ ਹੈ ਜੋ ਸਾਮਰਾਜੀ ਜੰਗਬਾਜ਼ਾਂ ਦੇ ਪੱਖ ਵਿੱਚ ਭੁਗਤਦੀ ਹੈ। ਇਸ ਪਾਗ਼ਲਪਣ ਦੀ ਤਰਤੀਬ ਇਹੋ ਹੈ ਕਿ ਮਸਲਾ ਦਲੀਲ ਨਾਲ ਨਹੀਂ ਸਗੋਂ ਆਪਣੀ ਹੈਂਕੜ ਨਾਲ ਸੁਲਝਾਉਣਾ ਹੈ। ਹਥਿਆਰਾਂ ਦੀ ਤਾਕਤ ਨਾਲ ਦੁਨੀਆਂ ਉੱਤੇ ਅਮਰੀਕੀ 'ਜਮਹੂਰੀਅਤ' ਦਾ ਝੰਡਾ ਝੁਲਾਉਣਾ ਹੈ। ਜੇ ਹਮਲਾ ਹੁੰਦਾ ਹੈ ਤਾਂ ਉਸ ਦਾ ਨਤੀਜਾ ਕੁਝ ਵੀ ਹੋਵੇ ਪਰ ਫਰਾਂਸੀਸੀਆਂ ਅਤੇ ਅਮਰੀਕੀਆਂ ਦੀ ਹਥਿਆਰ ਦੀ ਮੰਗ ਇਸ ਖ਼ਿੱਤੇ ਵਿੱਚ ਵਧ ਜਾਵੇਗੀ ਕਿ ਅਫ਼ਗ਼ਾਨਿਸਤਾਨ ਤੋਂ ਸੀਰੀਆ ਤੱਕ ਦਾ ਖ਼ਿੱਤਾ ਭਿਆਨਕ ਖ਼ਾਨਾਜੰਗੀ ਦਾ ਸ਼ਿਕਾਰ ਹੋ ਸਕਦਾ ਹੈ। ਇਸ ਅੱਗੇ ਮਿਸਰ ਅਤੇ ਲੀਬੀਆ ਪਹਿਲਾਂ ਹੀ ਖ਼ਾਨਾਜੰਗੀ ਵਿੱਚ ਉਲਝੇ ਹੋਏ ਹਨ। ਕੁਝ ਸਤਰਾਂ ਰੌਬਰਟ ਫਿਸਕ ਦੀਆਂ ਬਹੁਤ ਅਹਿਮ ਹਨ, "ਜੇ ਅਸੀਂ ਵਾਸ਼ਿੰਗਟਨ, ਲੰਡਨ, ਪੈਰਿਸ ਅਤੇ ਹੋਰ 'ਸਭਿਅਕ' ਮੁਲਕਾਂ ਦੀ ਮੂਰਖ਼ਤਾ ਉੱਤੇ ਯਕੀਨ ਕਰੀਏ ਤਾਂ ਲਹੂ-ਪੀਣੀ ਤਲਵਾਰ ਦਮਸ਼ਕ ਉੱਤੇ ਚੱਲਣ ਵਾਲੀ ਹੈ। ਇਸ ਤਬਾਹੀ ਨੂੰ ਹੱਲਾਸ਼ੇਰੀ ਦਿੰਦਾ ਬਾਕੀ ਅਰਬ ਆਲਮ ਇਸ ਖ਼ਿਤੇ ਦੇ ਇਤਿਹਾਸ ਦਾ ਸ਼ਾਇਦ ਸਭ ਤੋਂ ਦੁਖਦਾਈ ਤਜਰਬਾ ਹੋਵੇਗਾ। ਸ਼ਾਇਦ ਸਭ ਤੋਂ ਜ਼ਿਆਦਾ ਸ਼ਰਮਸ਼ਾਰ ਕਰਨ ਵਾਲਾ। ਇਹ ਤੱਥ ਵੀ ਧਿਆਨ ਦੇਣ ਵਾਲਾ ਹੈ ਕਿ ਅਸੀਂ ਸ਼ੀਆ ਮੁਸਲਮਾਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਉੱਤੇ ਹਮਲਾ ਕਰਾਂਗੇ ਤਾਂ ਸੁੰਨੀ ਮੁਸਲਮਾਨ ਬਾਘੀਆਂ ਪਾ ਰਹੇ ਹੋਣਗੇ।" ਖ਼ਾਨਾਜੰਗੀ ਇਸੇ ਨੂੰ ਕਹਿੰਦੇ ਹਨ। ਦੁਨੀਆਂ ਨੂੰ ਇਸ ਤਰ੍ਹਾਂ ਦੀ ਖ਼ਾਨਾਜੰਗੀ ਵਿੱਚ ਉਲਝਾਉਣਾ ਸਾਮਰਾਜੀਆਂ ਦਾ ਖ਼ਾਸਾ ਹੈ। ਅਸੀਂ ਇਸ ਨੂੰ 'ਪਾੜੋ ਤੇ ਰਾਜ ਕਰੋ' ਕਹਿੰਦੇ ਆਏ ਹਾਂ। ਸਾਮਰਾਜੀਆਂ ਨੇ ਆਪੇ ਸਿਰਜੇ ਪਾਗ਼ਲਪਣ ਵਿੱਚੋਂ ਆਪਣੇ ਪੱਖ ਦੀ ਤਰਤੀਬ ਲੱਭ ਲਈ ਹੈ। ਅਮਨਪਸੰਦ ਅਤੇ ਇਨਸਾਫ਼ਪਸੰਦ ਧਿਰਾਂ ਇਸ ਵੇਲੇ ਕਿਤੇ ਵੀ ਦਰਸ਼ਕ ਨਹੀਂ ਹੋ ਸਕਦੀਆਂ। ਇਸ ਵੇਲੇ ਸੀਰੀਆ ਕਿਸੇ ਮੁਲਕ ਦਾ ਨਾਮ ਨਹੀਂ ਹੈ। ਇਹ ਸਾਮਰਾਜ ਖ਼ਿਲਾਫ਼ ਨਾਬਰੀ ਦਾ ਬਿੰਬ ਹੈ ਜਿਸ ਦੇ ਗੁਣ-ਔਗੁਣ ਬਸ਼ਰ ਅਲ-ਅਸਦ ਜਾਂ ਉਸ ਦੀ ਸਰਕਾਰ ਵਿੱਚੋਂ ਨਹੀਂ ਲੱਭੇ ਜਾਣੇ ਚਾਹੀਦੇ। ਸੀਰੀਆ ਇਸ ਵੇਲੇ ਅਮਰੀਕੀ ਗ਼ਲਬੇ ਉੱਤੇ ਸਵਾਲ ਕਰ ਕੇ ਮਨੁੱਖ ਦੀ ਬੰਦਖਲਾਸੀ ਅਤੇ ਜਮਹੂਰੀਅਤ ਦੇ ਮਸਲੇ ਪੇਸ਼ ਕਰਨ ਦਾ ਮੌਕਾ ਹੈ ਜੋ ਖੁੰਝਾਇਆ ਨਹੀਂ ਜਾਣਾ ਚਾਹੀਦਾ।

(ਇਹ ਲੇਖ 12 ਸਤੰਬਰ 2013 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ।)

No comments: