ਜਤਿੰਦਰ ਮੌਹਰ
ਗੱਲ ਉਨ੍ਹਾਂ ਸਮਿਆਂ ਦੀ ਹੈ ਜਦੋਂ ਧਾੜਵੀ ਕੌਮਾਂ ਆਸਟ੍ਰੇਲੀਆ ਨਹੀ ਪਹੁੰਚੀਆਂ ਸਨ। ਕੁਝ ਡੱਚ ਸਮੁੰਦਰੀ ਕੰਢਿਆਂ ਦਾ ਗੇੜਾ ਮਾਰ ਚੁੱਕੇ ਸਨ ਪਰ ਉਨ੍ਹਾਂ ਲਈ ਮੱਖੀਆਂ ਨਾਲ ਭਰੀ ਇਹ ਧਰਤੀ ਕਿਸੇ ਕੰਮ ਦੀ ਨਹੀਂ ਸੀ। ਸੰਨ੍ਹ 1688 'ਚ ਅੰਗ਼ਰੇਜ਼ ਖ਼ੋਜੀ ਵਿਲੀਅਮ ਡੈਮਪੀਅਰ ਆਸਟ੍ਰੇਲੀਆ ਦੇ ਉੱਤਰੀ-ਪੱਛਮੀ ਕੰਢਿਆਂ ਦੀ ਵਾਟਾ-ਗਾਹੀ ਕਰ ਰਿਹਾ ਸੀ। ਉਸਦਾ ਲਿਖਿਆ 'ਸੱਭਿਅਕ' ਯੂਰਪ 'ਚ ਸਭ ਤੋਂ ਵੱਧ ਪੜ੍ਹਿਆ ਤੇ ਮੰਨਿਆ ਗਿਆ। ਇਸ ਗੋਰੇ ਨੇ ਆਸਟ੍ਰੇਲੀਆਈ ਕਬਾਇਲੀਆਂ ਨੂੰ ਦੁਨੀਆਂ ਦੇ ਸਭ ਤੋਂ ਦੀਨ, ਨੀਚ, ਦੁਸ਼ਟ ਤੇ ਭੱਦੇ ਲੋਕ ਬਣਾਕੇ ਪੇਸ਼ ਕੀਤਾ। ਆਸਟ੍ਰੇਲੀਆਈ ਮੂਲ ਵਾਸੀਆਂ ਨੂੰੰ ਐਬੋਰਿਜਨਲਜ਼ ਕਿਹਾ ਜਾਂਦਾ ਹੈ। ਇਹ ਚਾਲੀ ਹਜ਼ਾਰ ਸਾਲ ਪਹਿਲਾਂ ਦੱਖਣੀ-ਪੂਰਬੀ ਏਸ਼ੀਆ ਤੋਂ ਆਕੇ ਆਸਟ੍ਰੇਲੀਆ 'ਚ ਵਸ ਗਏ ਸਨ। ਇਹ 'ਨੀਚ' ਲੋਕ ਮਨੁੱਖੀ ਇਤਿਹਾਸ ਦੀ ਸਭ ਤੋਂ ਪੁਰਾਣੀ ਪੱਥਰ-ਕਲਾ (ਰੌਕ-ਆਰਟ) ਦੇ ਚਿਤੇਰੇ ਸਨ।
ਮੂਲ ਵਾਸੀਆਂ ਦੇ ਕਬਾਇਲੀ ਕਾਨੂੰਨ, ਜਿਉਣ-ਜਾਚ ਤੇ ਸੱਭਿਆਚਾਰ, ਮਨੁੱਖਤਾ ਅਤੇ ਕੁਦਰਤ ਦੇ ਆਪਸੀ ਪਵਿੱਤਰ ਰਿਸ਼ਤੇ 'ਚੋਂ ਫੁੱਟੇ ਹੋਏ ਸਨ। ਇਨ੍ਹਾਂ ਦਾ ਮੰਨਣਾ ਸੀ ਕਿ ਪੁਰਾਣੇ ਸਮਿਆਂ 'ਚ ਕਰਤਾ-ਪੁਰਖ ਨੇ ਖੁਦ ਨੂੰ ਜੀਵ-ਜੰਤੂਆਂ ਅਤੇ ਬਨਸਪਤੀ ਦੇ ਰੂਪ 'ਚ ਤਬਦੀਲ ਕਰ ਲਿਆ। ਜਿਨ੍ਹਾਂ ਦੀ ਦੇਖਭਾਲ ਤੇ ਰੱਖਿਆ ਕਰਨਾ ਕਬਾਇਲੀਆਂ ਦੀ ਜਮਾਂਦਰੂ ਜ਼ਿੰਮੇਵਾਰੀ ਹੈ। ਮੂਲ ਵਾਸੀਆਂ ਦੀਆਂ ਟੋਟੇਮਿਕ ਰਵਾਇਤਾਂ ਨੇ ਆਸਟ੍ਰੇਲੀਆ ਮਹਾਂਦੀਪ 'ਚ ਅਨੇਕਾਂ ਜਾਨਵਰਾਂ ਤੇ ਬੂਟਿਆਂ ਲਈ ਸੁਰੱਖਿਅਤ ਚੌਗਿਰਦਾ ਸਿਰਜਿਆ। ਟੋਟੇਮਿਕ (Totemic) ਰਵਾਇਤ ਮੁਤਾਬਕ ਕਬਾਇਲੀ ਲੋਕ ਇਨ੍ਹਾਂ ਨੂੰ ਗੋਦ ਲੈ ਲੈਂਦੇ ਸਨ। ਗੋਦ ਲਏ ਜੀਵ ਨੂੰ ਟੋਟਮ ਕਿਹਾ ਜਾਂਦਾ ਸੀ। ਉਸ ਟੋਟਮ ਨੂੰ ਨਾ ਖੁਦ ਤੇ ਨਾ ਕੋਈ ਦੂਜਾ ਫੜ ਜਾਂ ਮਾਰ ਸਕਦਾ ਸੀ। ਉਲੰਘਣਾ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ।
ਕਬਾਇਲੀ ਲੋਕਾਂ ਲਈ ਜ਼ਮੀਨ ਰੂਹਾਨੀ ਸੀ। ਲੇਖਕ ਕੌਲਿਨ ਟਾਟਜ਼ ਲਿਖਦਾ ਹੈ,"ਆਸਟ੍ਰੇਲੀਆਈ ਮੂਲ ਵਾਸੀਆਂ ਲਈ ਜ਼ਮੀਨ ਧਾਰਮਿਕ ਚੀਜ਼ ਹੈ। ਉਹ ਸੋਮਾ … ਜਿਸ ਤੋਂ ਧਰਮ ਤੇ ਸੱਭਿਆਚਾਰ ਫੁੱਟਦੇ ਹਨ। ਇਹ ਖਰੀਦਣ ਜਾਂ ਵੇਚਣ ਵਾਲੀ ਚੀਜ਼ ਨਹੀਂ ਹੈ। ਇਹ ਸਾਰਿਆਂ ਦੀ ਸਾਂਝੀ ਵਰਤੋਂ ਲਈ ਹੈ। ਜ਼ਮੀਨ ਦੇ ਵੱਖ-ਵੱਖ ਹਿੱਸਿਆਂ ਉੱਤੇ ਕਬਜ਼ਾ ਜਮਾਉਣ ਦੀ ਧਾਰਣਾ, ਮੂਲ ਵਾਸੀਆਂ ਲਈ ਅਣਜਾਣੀ ਸ਼ੈਅ ਹੈ ਜੋ ਵਾੜ ਲਾਉਣ ਨੂੰ ਵੀ ਧਰਤੀ ਦਾ ਮੁਹਾਂਦਰਾ ਵਿਗਾੜਨ ਦੇ ਤੁਲ ਸਮਝਦੇ ਸਨ। ਇਸ ਤਰ੍ਹਾਂ ਖ਼ੂਨੀ ਸਾਕਿਆਂ ਦਾ ਮੁੱਢ ਬੱਝਿਆ। ਕਿਉਂਕਿ ਗੋਰੇ 'ਲੈਣ' 'ਚ ਯਕੀਨ ਰੱਖਦੇ ਸਨ ਪਰ ਕਬਾਇਲੀਆਂ ਦਾ ਮੰਨਣਾ ਸੀ ਕਿ 'ਲਿਆ' ਨਹੀਂ ਜਾ ਸਕਦਾ।" 23 ਅਗਸਤ 1770 ਨੂੰ ਬਰਤਾਨਵੀ ਸਮੁੰਦਰੀ ਜਹਾਜ਼ ਕਪਤਾਨ ਜੇਮਜ਼ ਕੁੱਕ ਦੀ ਅਗਵਾਈ ਹੇਠ ਉੱਤਰੀ-ਪੂਰਬੀ ਆਸਟ੍ਰੇਲੀਆ ਦੇ ਛੋਟੇ ਜਿਹੇ ਟਾਪੂ 'ਤੇ ਪਹੁੰਚਿਆ। ਕੈਪਟਨ ਕੁੱਕ ਨੇ ਤੁਰੰਤ ਪੂਰਬੀ ਆਸਟਰੇਲੀਆ ਨੂੰ ਬਰਤਾਨੀਆ ਦੀ ਮਲਕੀਅਤ ਐਲਾਨ ਦਿੱਤਾ। ਉਸਨੇ ਲਾਤੀਨੀ ਫਿਕਰਾ 'ਟੈਰਾ ਨੁਲੀਅਸ' ਵਰਤਿਆ ਜਿਸਦਾ ਅਰਥ ਹੈ 'ਉਹ ਜ਼ਮੀਨ ਜੋ ਕਿਸੇ ਦੀ ਨਹੀਂ।' ਜ਼ਾਹਰ ਹੈ ਕਿ ਸਾਜਸ਼ ਰਚੀ ਜਾ ਚੁੱਕੀ ਸੀ।
ਇਸ ਆਮਦ ਤੋਂ ੧੮ ਸਾਲ ਬਾਅਦ ਜਨਵਰੀ 1788 ਨੂੰ ਯੂਰਪੀਆਂ ਦਾ ਪਹਿਲਾ ਜੱਥਾ ਬੌਟਨੀ ਖਾੜੀ ਪਹੁੰਚ ਗਿਆ। ਇਸ ਸਮੁੰਦਰੀ ਬੇੜੇ 'ਚ ਦੋ ਜੰਗੀ, ਤਿੰਨ ਰਸਦੀ ਤੇ ਛੇ ਹੋਰ ਜਹਾਜ਼ ਸਨ। ਜਿਨ੍ਹਾਂ 'ਚ 800 ਮੁਜਰਮ ਸਵਾਰ ਸਨ। ਕਮਾਂਡਰ ਆਰਥਰ ਫ਼ਿਲਿਪ ਨੇ ਇਸ ਥਾਂ ਨੂੰ ਸਿਡਨੀ ਉੱਪ-ਖਾੜੀ ਦਾ ਨਾਮ ਦਿੱਤਾ। ਛੱਬੀ ਜਨਵਰੀ 1788 ਨੂੰ ਏਥੇ ਬਰਤਾਨਵੀ ਝੰਡਾ ਝੁਲਾਇਆ ਗਿਆ। ਹੁਣ ਇਹ ਦਿਨ ਆਸਟ੍ਰੇਲੀਆ ਦੇ ਕੌਮੀ ਦਿਨ ਵਜੋਂ ਮਨਾਇਆ ਜਾਂਦਾ ਹੈ। ਫ਼ਿਲਿਪ ਨੇ ਇਸ ਜਗ੍ਹਾ ਯੂਰਪੀ ਵਸੇਬੇ ਦਾ ਬਾਨਣੂੰ ਬੰਨਿਆ ਜੀਹਦਾ ਕੰਮ ਮੁਜਰਮਾਂ ਲਈ ਸਜ਼ਾ ਦੀ ਥਾਂ ਵਸਾਉਣਾ ਸੀ।
ਸ਼ੁਰੂ 'ਚ ਕਬਾਇਲੀ ਗੋਰਿਆਂ ਨਾਲ ਖਾਣ-ਪੀਣ, ਜ਼ਮੀਨ ਅਤੇ ਸੰਦ-ਔਜ਼ਾਰਾਂ ਸੰਬੰਧੀ ਜਾਣਕਾਰੀ ਸਾਂਝੀ ਕਰਨ ਦੇ ਇਛੁੱਕ ਸਨ। ਗੋਰਿਆਂ ਨੇ ਹੋਰ ਜ਼ਮੀਨ ਦੱਬਣ ਦੇ ਇਰਾਦੇ ਦੀ ਭਾਫ਼ ਨਹੀਂ ਕੱਢੀ ਸੀ। ਕਬਾਇਲੀਆਂ ਨੇ ਆਏ ਗੋਰਿਆਂ ਦੀ ਵਸਣ ਵਿੱਚ ਮਦਦ ਕੀਤੀ। ਘਰਾਂ ਲਈ ਚੰਗੀ ਲੱਕੜੀ ਦੇ ਰੁੱਖ ਦਿਖਾਏ। ਕੱਟਣਾ ਤੇ ਘਰ ਬਣਾਉਣਾ ਸਿਖਾਇਆ। ਹਰ ਥਾਂ ਚੰਗੇ ਰਾਹ-ਦਸੇਰੇ ਸਿੱਧ ਹੋਏ। ਜਦੋਂ ਤੱਕ ਗੋਰੇ ਸਿਡਨੀ ਉਪ-ਖਾੜੀ ਤੱਕ ਸੀਮਿਤ ਸਨ ਉਦੋਂ ਤੱਕ ਸਭ ਠੀਕ ਸੀ। ਟਕਰਾਉ ਉਦੋਂ ਸ਼ੁਰੂ ਹੋਇਆ ਜਦੋਂ ਗੋਰਿਆਂ ਨੇ ਮੂਲ ਵਾਸੀਆਂ ਦੀਆਂ ਸ਼ਿਕਾਰਗਾਹਾਂ ਤੇ ਭੋਜਨਗਾਹਾਂ ਲੁੱਟਣੀਆਂ ਸ਼ੁਰੁ ਕਰ ਦਿੱਤੀਆਂ। ਜੰਗਲ ਕੱਟ ਕੇ ਫਾਰਮ ਬਣਾਏ। ਪਾਣੀ ਦੇ ਖੱਡਿਆਂ ਨੂੰ ਗੋਰਿਆਂ ਦੀਆਂ ਵੱਗਾਂ ਨੇ ਪਲੀਤ ਕਰ ਦਿੱਤਾ ਤੇ ਬਾਕੀ ਉੱਤੇ ਕਬਜ਼ਾ ਕਰ ਲਿਆ। ਬਹੁਤ ਸਾਰੇ ਬੰਦ ਕਰ ਦਿੱਤੇ। ਮੂਲ ਵਾਸੀਆਂ ਨੂੰ ਉਨ੍ਹਾਂ ਦੀਆਂ ਧਾਰਮਿਕ ਥਾਂਵਾ ਤੋਂ ਭਜਾ ਦਿੱਤਾ ਗਿਆ। ਉਨ੍ਹਾਂ ਨੂੰ ਸਾਂਝੀ ਜ਼ਮੀਨ ਤੋਂ ਬੇਦਖ਼ਲ ਕਰਨ ਦਾ ਮਤਲਬ ਧਾਰਮਿਕ ਥਾਂਵਾਂ ਅਤੇ ਭੋਜਨ ਦੇ ਸੋਮਿਆਂ ਤੋਂ ਵਾਂਝਾ ਕਰਨਾ ਸੀ। ਮੂਲ ਰੂਪ 'ਚ ਮੂਲ ਵਾਸੀ ਸ਼ਿਕਾਰੀ ਲੋਕ ਸਨ। ਜਿਨ੍ਹਾਂ ਨੂੰ ਹਰ ਰੋਜ਼ ਸ਼ਿਕਾਰ ਲਈ ਮੁਸ਼ੱਕਤ ਕਰਨੀ ਪੈਂਦੀ ਸੀ। ਰਵਾਇਤੀ ਭੋਜਨਗਾਹਾਂ ਖ਼ਤਮ ਹੋਣ ਕਰਕੇ ਭੁੱਖਮਰੀ ਫੈਲਣੀ ਸ਼ੁਰੂ ਹੋ ਗਈ। ਕਬਾਇਲੀਆਂ ਨੇ ਆਪਣੇ ਜ਼ਮੀਨੀ ਹੱਕ ਦਾ ਦਾਅਵਾ ਕਰਨਾ ਸ਼ੁਰੁ ਕੀਤਾ। ਗੋਰਿਆਂ ਨੇ ਇਸ ਦਾਅਵੇ ਨੂੰ ਬਹਾਨੇ ਵਜੋਂ ਲਿਆ ਤੇ 'ਅਸੱਭਿਅਕ ਪਾਪੀਆਂ' ਨੂੰ ਸਬਕ ਸਿਖਾਉਣ ਦੀ ਠਾਣ ਲਈ। ਬਰਤਾਨੀਆਂ ਅਤੇ ਨਿਊ ਸਾਊਥ ਵੇਲਜ਼ ਦੇ ਨੀਤੀ-ਘਾੜਿਆਂ ਨੇ ਪੱਕੇ ਜ਼ਮੀਨੀ ਕਬਜ਼ੇ ਦੀ ਨੀਤੀ ਅਖ਼ਤਿਆਰ ਕੀਤੀ। ਵਪਾਰ ਵਧ ਰਿਹਾ ਸੀ। ਹੋਰ ਚਰਾਂਦਾ ਅਤੇ ਜ਼ਮੀਨਾਂ ਦੀ ਲੋੜ ਸੀ। ਨਤੀਜੇ ਵਜੋਂ ਸਰਹੱਦੀ ਖਿੱਤਿਆਂ 'ਚ ਗੁਰੀਲਾ ਜੰਗ ਸਿਖ਼ਰਾਂ ਛੂਹਣ ਲੱਗੀ।
ਪੈਮਲਵੂਏ ਬਸਤਾਨਾਂ ਦੇ ਖ਼ਿਲਾਫ਼ ਮੁੱਢਲੇ ਦੌਰ ਦੀ ਜੱਦੋ ਜਹਿਦ ਦੇ ਸੂਰਮਿਆਂ 'ਚ ਉੱਘੜਵਾਂ ਨਾਮ ਹੈ। ਸੰਨ੍ਹ 1802 'ਚ ਉਸਦੀ ਸ਼ਹੀਦੀ ਤੋਂ ਬਾਅਦ ਉਸਦੇ ਮੁੰਡੇ ਟੈਡਬਰੀ ਨੇ ਨਾਬਰੀ ਦੀ ਰਵਾਇਤ ਨੂੰ ਅੱਗੇ ਵਧਾਇਆ। ਹੋਰ ਉੱਘੇ ਸੂਰਿਆਂ 'ਚ ਵਿੰਡਰਾਡਾਈਨ (ਸ਼ਹੀਦੀ-ਸੰਨ੍ਹ 1829 , ਯਗਨ (ਸ਼ਹੀਦੀ-ਸੰਨ੍ਹ 1833), ਜਾਂਡਾਮਾਰਾ (ਸ਼ਹੀਦੀ-ਸੰਨ੍ਹ 1897) ਦਾ ਨਾਮ ਆਉਂਦਾ ਹੈ। ਜਰਾਇਮ-ਪੇਸ਼ਾ ਗੋਰਿਆਂ ਕੋਲ ਚੰਗੀਆਂ ਰਫ਼ਲਾਂ ਤੇ ਕਬਾਇਲੀਆਂ ਕੋਲ ਸਿਰਫ ਨੇਜੇ ਸਨ। ਇਸ ਅਸਾਂਵੀ ਜੰਗ ਦਾ ਅੰਤ ਹਰ ਵਾਰ ਮੂਲ ਵਾਸੀਆਂ ਦੀ ਹਾਰ ਨਾਲ ਹੁੰਦਾ। ਬਚੀ-ਖੁਚੀ ਆਬਾਦੀ ਹਿਜ਼ਰਤ ਕਰਨਾ ਸ਼ੁਰੁ ਕਰ ਦਿੰਦੀ। ਭੁੱਖਮਰੀ ਅਤੇ ਬੀਮਾਰੀ ਬੰਦੂਕਾਂ ਤੋਂ ਵੱਡੇ ਦੁਸ਼ਮਣ ਸਨ। ਕੁਝ ਮੂਲ ਵਾਸੀ ਸ਼ਹਿਰਾਂ ਦੇ ਕੰਢਿਆਂ 'ਤੇ ਰਹਿਣ ਲੱਗ ਪਏ। ਜਿੱਥੇ ਧਰਮ ਦੇ ਨੁਮਾਇੰਦੇ ਭੁੱਖੇ-ਨੰਗਿਆਂ ਨੂੰ ਈਸਾਈਅਤ ਦਾ ਪਾਠ ਪੜਾਉਂਦੇ। ਸੰਨ੍ਹ ੧੮੩੦ ਤੱਕ ਨਿਊ ਸਾਊਥ ਵੇਲਜ਼ ਦਾ ਪੂਰਾ ਖਿੱਤਾ ਗੋਰਿਆਂ ਦੇ ਕਬਜ਼ੇ ਹੇਠ ਆ ਗਿਆ।
ਤਸਮਾਨੀਆ 'ਚ ੩ ਮਈ 1804 'ਚ ਰਿਸਡਨ ਉਪ-ਖਾੜੀ ਦਾ ਖ਼ੂਨੀ ਘੱਲੂਘਾਰਾ ਸਿਰਫ਼ ਸ਼ੂਰੁਆਤ ਸੀ। ਉਸ ਤੋਂ ਬਾਅਦ ਗੋਰਿਆਂ ਨੇ ਜੱਲ੍ਹਿਆਂ ਵਾਲੇ ਬਾਗ਼ ਦੀ ਖ਼ੂਨੀ ਵਿਸਾਖੀ ਵਰਗੇ ਕਈ ਸਾਕੇ ਵਰਤਾਏ। 'ਆਖ਼ਰੀ ਹੱਲ' ਲਈ ਰਾਜਪਾਲ ਆਰਥਰ ਨੇ ਮਾਰਸ਼ਲ-ਲਾਅ ਲਾ ਦਿੱਤਾ। ਸੰਨ੍ਹ 1830 'ਚ ਵੱਡੀ ਫ਼ੌਜੀ ਕਾਰਵਾਈ 'ਬਲੈਕ ਵਾਰ' ਉਲੀਕੀ ਗਈ। ਇਹ ਮਹਿੰਗਾ ਉਪਰੇਸ਼ਨ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ। ਸਿਰਫ਼ ਦੋ ਮੂਲਵਾਸੀ ਫੜੇ ਜਾ ਸਕੇ। ਵਿਚੋਲੇ ਜਾਰਜ ਰਾਬਿੰਨਸਨ ਰਾਹੀਂੇ ਮੂਲਵਾਸੀਆਂ ਨੂੰ ਆਪਣੇ ਘਰ ਸੈਂਕੜੇ ਮੀਲਾਂ ਦੂਰ ਫਲਿੰਡਰਜ਼ ਟਾਪੂ ਉੱਤੇ ਬਣਾਉਣ ਲਈ ਮਨਾ ਲਿਆ ਗਿਆ। ਕਬਾਇਲੀਆਂ ਨੇ ਆਪਣੀ ਜ਼ਮੀਨ ਦੇ ਰੂਹਾਨੀ ਸੁੱਖ ਦੀ ਘਾਟ ਸ਼ਿੱਦਤ ਨਾਲ ਮਹਿਸੂਸ ਕੀਤੀ। ਇੱਥੇ ਗੋਰਿਆਂ ਨੇ ਮੂਲਵਾਸੀਆਂ ਨੂੰ 'ਸੱਭਿਅਕ' ਬਣਾਉਣ ਦੀ 'ਪਵਿੱਤਰ ਮੁਹਿੰਮ' ਚਲਾਈ। ਰਵਾਇਤੀ ਜੀਵਨ-ਸ਼ੈਲੀ ਤੋਂ ਟੁੱਟਣ ਅਤੇ ਗੋਰਿਆਂ ਨਾਲ ਆਈਆਂ ਬੀਮਾਰੀਆਂ ਨਾਲ ਟਾਪੂ ਉੱਤੇ ਧੱਕੇ ਨਾਲ ਵਸਾਈ ਗਈ ਮੂਲਵਾਸੀਆਂ ਦੀ ਬਹੁਗਿਣਤੀ ਮੌਤ ਦੇ ਮੂੰਹ ਵਿੱਚ ਜਾ ਪਈ। ਤਸਮਾਨੀਆ 'ਚ ਮੂਲ ਵਾਸੀ ਲਗਾਤਾਰ ਘੱਟ ਹੁੰਦੇ ਗਏ ਅਤੇ ਉਂਗਲਾਂ 'ਤੇ ਗਿਣਨ ਜੋਗੇ ਹੀ ਰਹਿ ਗਏ। ਪੱਛਮੀ ਆਸਟ੍ਰੇਲੀਆ 'ਚ ਰਾਜਪਾਲ ਸਟਿਰਲਿੰਗ ਨੇ ਕਬਾਇਲੀਆਂ ਦੇ ਖ਼ਿਲਾਫ਼ ਖੁੱਲੀ ਛੁੱਟੀ ਦੇ ਦਿੱਤੀ। ਉਸ ਨੇ ਪਿੰਜਾਰਾ ਦੀ ਲੜਾਈ 'ਚ ਮੂਲਵਾਸੀਆਂ ਦੇ ਖ਼ੂਬ ਆਹੂ ਲਾਹੇ।
ਉੱਤਰੀ ਆਸਟ੍ਰੇਲੀਆ ਸਭ ਤੋਂ ਵੱਧ ਹਿੰਸਾਗ੍ਰਸਤ ਇਲਾਕਾ ਰਿਹਾ। ਰਾਤ ਵੇਲੇ ਮੂਲਵਾਸੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਜਾਂ ਕੁੱਤੇ ਛੱਡਣ ਦਾ ਰਿਵਾਜ਼ ਆਮ ਸੀ। ਜੂਨ 1839 ਦੇ ਮਾਇਲ-ਖਾੜੀ ਸਾਕੇ 'ਚ ੨੮ ਜਿਉਂਦੇ ਜੀਆਂ ਨੂੰ ਬੰਦ ਬੰਦ ਕੱਟ ਦਿੱਤਾ ਗਿਆ। ਇਨ੍ਹਾਂ 'ਚ ਜ਼ਿਆਦਾਤਰ ਬੱਚੇ ਤੇ ਔਰਤਾਂ ਸਨ। ਗੋਰਿਆਂ ਨੇ ਇੱਕ ਮੂਲਵਾਸੀ ਪੁਲਸ ਫ਼ੋਰਸ ਤਿਆਰ ਕੀਤੀ। ਜਿਸ ਵਿੱਚ ਦੂਰ-ਦੁਰੇਡੇ ਦੇ ਮੂਲਵਾਸੀਆਂ ਨੂੰ ਭਰਤੀ ਕੀਤਾ ਗਿਆ। ਇਨ੍ਹਾਂ ਨੂੰ ਜੰਗਲ ਅਤੇ ਝਾੜੀਆਂ 'ਚ ਛੁਪਣ ਦਾ ਕੁਦਰਤੀ ਹੁਨਰ ਆਉਂਦਾ ਸੀ। ਇਹ ਭਰਾ ਮਾਰੂ ਪੈਂਤੜਾ ਪਹਿਲਾਂ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਸੂਬਿਆਂ 'ਚ ਵਰਤਿਆ ਗਿਆ। ਜੋ ਬੀਮਾਰੀਆਂ ਗੋਰੇ ਨਾਲ ਲੈ ਕੇ ਆਏ। ਉਨ੍ਹਾਂ ਨਾਲ ਲੜਨ ਦੀ ਕੁਦਰਤੀ ਅੰਦਰੂਨੀ ਤਾਕਤ ਮੂਲਵਾਸੀਆਂ 'ਚ ਨਹੀਂ ਸੀ। ਚੇਚਕ ਨੇ ਸਿਡਨੀ ਖ਼ਿੱਤੇ 'ਚ ਤਿੰਨ ਸਾਲ ਦੇ ਅੰਦਰ ਕਬਾਇਲੀਆਂ ਦੀ ਬਹੁਗਿਣਤੀ ਖ਼ਤਮ ਕਰ ਦਿੱਤੀ। ਉਨ੍ਹਾਂ ਦਾ 'ਚੇਚਕ ਗੀਤ' ਏਸੇ ਬੇਵਸੀ 'ਚੋਂ ਨਿਕਲਿਆ ਹੈ। ਅਠਾਰਾਂ ਹਜ਼ਾਰ ਤੋਂ ਵੱਧ ਮੂਲਵਾਸੀ ਗੋਲੀ ਦਾ ਸ਼ਿਕਾਰ ਹੋਏ। ਉਸ ਤੋਂ ਜ਼ਿਆਦਾ ਬੀਮਾਰੀ, ਕੁਪੋਸ਼ਣ ਤੇ ਭੁੱਖਮਰੀ ਨਾਲ ਮਾਰੇ ਗਏ। ਰਿਸਡਨ ਕੋਵ (1804), ਮਾਇਲ-ਖਾੜੀ (1839), ਕੋਨਿਸਟਨ ਅਤੇ ਕਿੰਬਰਲੇਜ਼ (1928) ਦੇ ਖ਼ੂਨੀ ਘੱਲੂਘਾਰਿਆਂ ਨੇ ਬਸਤਾਨਾਂ ਦੇ ਨਸਲਕੁਸ਼ੀ ਪ੍ਰਾਜੈਕਟ ਨੂੰ ਜਾਰੀ ਰੱਖਿਆ। ਇਹ ਕੁਝ ਸਾਕੇ ਸਨ ਜਿਨ੍ਹਾਂ ਦੀਆਂ ਖ਼ਬਰਾਂ ਬਣ ਸਕੀਆਂ।
ਬਸਤਾਨਾਂ ਦੀ ਆਮਦ ਸਮੇਂ ਪੂਰੇ ਮਹਾਂਦੀਪ 'ਚ ਢਾਈ ਤੋਂ ਪੰਜ ਲੱਖ ਮੂਲਵਾਸੀ ਸਨ। ਇੱਕ ਵੇਰਵੇ ਮੁਤਾਬਕ ਸੰਨ੍ਹ 1938 ਤੱਕ ਇਨ੍ਹਾਂ ਦੀ ਗਿਣਤੀ ਘਟ ਕੇ 70,000 ਰਹਿ ਗਈ। ਤੇਜ਼ੀ ਨਾਲ ਮੂਲ ਵਾਸੀ ਆਬਾਦੀ ਦਾ ਖ਼ਾਤਮਾ ਹੋਇਆ। ਗੋਰਿਆਂ ਨੂੰ ਉਨ੍ਹਾਂ ਦਾ ਬੀਜ-ਨਾਸ ਨੇੜੇ ਲੱਗਣ ਲੱਗਿਆ। ਕੁਝ ਚੰਗੇ ਗੋਰੇ ਮੂਲਵਾਸੀਆਂ ਦੀ ਸਮਾਜ 'ਚ ਇੱਕਮਿਕਤਾ ਚਾਹੁੰਦੇ ਸਨ। ਉਨ੍ਹਾਂ ਦਾ ਮੂੰਹ ਬੰਦ ਕਰਨ ਲਈ ਨਵੀਂ ਨੀਤੀ ਅਮਲ 'ਚ ਲਿਆਂਦੀ ਗਈ। ਜਿਸਦਾ ਨਿਸ਼ਾਨਾ ਚੁੱਪ-ਚੁਪੀਤੇ ਕਬਾਇਲੀਆਂ ਨੂੰ ਖ਼ਾਤਮੇ ਵੱਲ ਲਿਜਾਣਾ ਸੀ। ਇਸ ਪਹੁੰਚ ਨੂੰ 'ਸੂਥਿੰਗ ਦਿ ਡਾਇੰਗ ਪਿਲੋ' ਨਾਮ ਦਿੱਤਾ ਗਿਆ। 'ਅਲਹਿਦਗੀ' ਦੀ ਸਰਕਾਰੀ ਨੀਤੀ ਤਹਿਤ ਬਚੇ-ਖੁਚੇ ਕਬਾਇਲੀਆਂ ਨੂੰ ਮਿਸ਼ਨਰੀ ਡੇਰਿਆਂ ਅਤੇ ਰੱਖਾਂ 'ਚ ਕੈਦ ਕਰ ਦਿੱਤਾ ਗਿਆ। ਜਿੱਥੇ ਉਨ੍ਹਾਂ ਨੂੰ ਘੱਟੋ-ਘੱਟ ਖਾਣਾ, ਦਵਾਈਆਂ ਅਤੇ ਹਲਕੇ ਕੰਬਲ ਦਿੱਤੇ ਜਾਂਦੇ ਸਨ। ਇਸ ਨੀਤੀ ਦਾ ਮੰਤਵ ਜ਼ਮੀਨਾਂ ਖੋਹਣ ਦੇ ਕੰਮ ਨੂੰ ਬੇਰੋਕ ਜਾਰੀ ਰੱਖਣਾ ਸੀ।
ਡੇਰਿਆਂ ਅਤੇ ਰੱਖਾਂ 'ਚ ਅਣਮਨੁੱਖੀ ਪਾਬੰਦੀਆਂ ਸਨ। ਜਿਵੇਂ ਵਿਆਹ ਕਰਾਉਣ ਲਈ ਮਨਜ਼ੂਰੀ ਲੈਣੀ ਪੈਂਦੀ ਸੀ ਅਤੇ ਬੱਚਿਆਂ ਨੂੰ ਖੋਹ ਲਿਆ ਜਾਂਦਾ ਸੀ। ਮਜ਼ਦੂਰੀ ਬਦਲੇ ਸਿਰਫ ਖਾਣਾ ਦਿੱਤਾ ਜਾਂਦਾ। ਵੋਟ ਦਾ ਹੱਕ ਨਹੀਂ ਸੀ ਅਤੇ ਨਿੱਜੀ ਚਿੱਠੀਆਂ ਲਿਖਣ 'ਚ ਦਖ਼ਲਅੰਦਾਜ਼ੀ ਹੁੰਦੀ ਸੀ। ਬਾਹਰ ਘੁੰਮਣਾਂ ਮਨ੍ਹਾਂ ਸੀ। ਮੂਲਵਾਸੀ ਮਰਦਮਸ਼ੁਮਾਰੀ 'ਚ ਗਿਣੇ ਨਹੀਂ ਜਾਂਦੇ ਸਨ। ਉਪਰੋਂ, ਅਦਾਲਤਾਂ ਗੋਰਿਆਂ ਦੀ ਸਰਦਾਰੀ ਲਈ ਹੀ ਫ਼ਿਕਰਮੰਦ ਸਨ। ਕਬਾਇਲੀ ਸਮਾਜ ਦੇ ਪਤਨ ਦੇ ਕੇਂਦਰ 'ਚ ਜ਼ਮੀਨ ਦਾ ਸਵਾਲ ਪਿਆ ਹੈ। ਉਨ੍ਹਾਂ ਨੂੰ ਆਪਣੇ ਜਾਇਜ਼ ਹੱਕ ਲੈਣ ਲਈ ਲੰਬਾ ਸੰਘਰਸ਼ ਕਰਨਾ ਪਿਆ। ਨੌ ਜੁਲਾਈ 1976 'ਚ ਉਨ੍ਹਾਂ ਨੂੰ ਪਹਿਲਾਂ ਜ਼ਮੀਨੀ ਹੱਕ ਮਿਲਿਆ। ਇਸ ਦਿਨ ਨੂੰ ਉਹ ਕੌਮੀ ਦਿਨ ਵਜੋਂ ਮਨਾਉਂਦੇ ਹਨ। ਗੋਰੇ ਅੱਜ ਵੀ ਆਸਟ੍ਰੇਲੀਆ ਤੇ ਕਾਬਜ਼ ਹਨ। 'ਅਲਹਿਦਗੀ' ਦੀ ਨੀਤੀ ਕਿਸੇ ਨਾ ਕਿਸੇ ਰੂਪ 'ਚ ਬਰਕਰਾਰ ਹੈ। ਬਸਤਾਨਾਂ ਦਾ ਆਲਮੀ ਤਰਕ ਹੈ ਕਿ 'ਤਰੱਕੀ' ਦੀ ਕੀਮਤ ਕਿਸੇ ਨੂੰ ਤਾਂ ਚੁਕਾਉਣੀ ਪੈਂਦੀ ਹੈ। ਮੌਜੂਦਾ ਦੌਰ 'ਚ ਬਸਤਾਨਾਂ ਦੀਆਂ ਧਾੜਾਂ ਖ਼ਤਮ ਨਹੀਂ ਹੋਈਆਂ। ਮੁਨਾਫ਼ੇ ਲਈ ਹਾਬੜੀਆਂ ਜਮਾਤਾਂ ਨੇ ਆਲਮੀਕਰਨ ਅਤੇ ਅੱਤਵਾਦ ਦੇ ਨਾਮ 'ਤੇ ਅੱਤ ਚੁੱਕੀ ਹੋਈ ਹੈ।
ਢਾਈ ਤੋਂ ਪੰਜ ਲੱਖ ਆਸਟ੍ਰੇਲੀਆਈ ਮੂਲਵਾਸੀਆਂ ਨੂੰ ਮਹਾਂਦੀਪ 'ਚੋਂ ਉਜਾੜਨ ਲਈ ਸੌ ਸਾਲ ਦਾ ਸਮਾਂ ਲੱਗਿਆ। ਇੱਕ ਸਰਕਾਰੀ ਕਮਿਸ਼ਨ ਦੀ ਰਪਟ ਮੁਤਾਬਕ, ਛੱਤੀਸਗੜ੍ਹ ਦੇ ਸਾਢੇ ਤਿੰਨ ਲੱਖ ਕਬਾਇਲੀਆਂ ਨੂੰ ਕੁਝ ਇੱਕ ਸਾਲਾਂ ਦੇ ਅੰਦਰ ਕਾਮਯਾਬੀ ਨਾਲ ਉਜਾੜ ਦਿੱਤਾ ਗਿਆ। ਇਹ ਕੋਲੰਬਸ ਤੋਂ ਬਾਅਦ ਜ਼ਮੀਨ ਝਪਟਣ ਦਾ ਸਭ ਤੋਂ ਵੱਡਾ ਹੱਲਾ ਹੈ। ਢਾਡਿਆਂ ਦੀ 'ਤਰੱਕੀ' ਦੀ ਕੀਮਤ ਨਿਮਾਣਿਆਂ ਨੂੰ ਚੁਕਾਉਣੀ ਪੈਂਦੀ ਹੈ। ਸਾਡੇ ਸਮਿਆਂ ਦੀ ਸਭ ਤੋਂ ਵੱਡੀ ਧਾੜਵੀ ਜਮਾਤ ਦੇ ਸਾਬਕਾ ਚੌਧਰੀ ਜਾਰਜ ਬੁੱਸ਼ ਨੂੰ ਜੁੱਤੀ ਮਾਰਨ ਵਾਲੇ ਮੁੰਤਜ਼ਰ-ਅਲ-ਜ਼ੈਦੀ ਦੇ ਸ਼ਬਦਾਂ 'ਚ "ਪਿਛਲੇ ਕੁਝ ਸਾਲਾਂ 'ਚ ਦਸ ਲੱਖ ਤੋਂ ਵੱਧ ਲੋਕ ਧਾੜਵੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਹਨ। ਇਸ ਵੇਲੇ ਇਰਾਕ 'ਚ ਪੰਜਾਹ ਲੱਖ ਤੋਂ ਵਧ ਅਨਾਥ ਹਨ। ਦਸ ਲੱਖ ਤੋਂ ਜ਼ਿਆਦਾ ਵਿਧਵਾਵਾਂ ਹਨ। ਅਣਗਿਣਤ ਲੋਕਾਂ ਦੇ ਹੱਥ ਪੈਰ ਜੰਗ ਦੀ ਭੇਂਟ ਚੜ੍ਹੇ ਹਨ। ਇਸ ਤੋਂ ਵੱਧ ਗਿਣਤੀ 'ਚ ਇਰਾਕੀ ਲੋਕ ਦੇਸ਼ ਅਤੇ ਵਿਦੇਸ਼ ਅੰਦਰ ਬੇਘਰ ਹੋਏ ਬੈਠੇ ਹਨ।" ਇਹ 'ਨਿਗੂਣੀ' ਤਬਾਹੀ ਬਸਤਾਨਾਂ ਦੀ ਆਮਦਨ ਵਧਾਉਣ ਦਾ ਜ਼ਰੀਆ ਹੈ ਪਰ ਬਿਨਾਂ ਸ਼ੱਕ ਘਾਟ ਪੈਮਲਵੂਏ ਦੇ ਵਾਰਿਸਾਂ ਦੀ ਵੀ ਨਹੀਂ ਹੈ।

No comments:
Post a Comment