ਦਲਜੀਤ ਅਮੀ
ਖ਼ੁਰਾਕ ਮਨੁੱਖ ਦਾ ਪਹਿਲਾ ਅਤੇ ਖੇਡ ਮਨੁੱਖ ਦਾ ਉੱਤਮ ਸਕੂਨ ਹੈ। ਖੇਡ ਮਨੁੱਖੀ 'ਮਨ ਕੇ ਚਾਅ' ਦਾ ਜ਼ਾਹਰਾ ਰੂਪ ਹੈ। ਪੰਜਾਬੀਆਂ ਦੇ 'ਮਨ ਕੇ ਚਾਅ' ਦੀ ਨੁਮਾਇੰਦਗੀ ਕਰਨ ਵਾਲੀ ਕਬੱਡੀ ਨੂੰ ਕੱਖਾਂ ਤੋਂ ਕਰੋੜਾਂ ਦੀ ਕਰਨ ਦਾ 'ਸਿਹਰਾ' ਗਾਉਣ ਵਾਲਿਆਂ ਦੀ ਅਕਲ ਦਾ ਇਮਤਿਹਾਨ ਕਿਹੜਾ ਇਤਿਹਾਸ ਲਵੇਗਾ? ਸ਼ਾਹਰੁਖ਼ ਖ਼ਾਨ ਨੇ ਆਪਣੀ ਫ਼ਿਲਮ 'ਰਾ-ਵਨ' ਦੇ ਇਸ਼ਤਿਹਾਰ ਨਾਲ ਦੂਜੇ ਪਰਲਜ਼ ਵਿਸ਼ਵ ਕਬੱਡੀ ਕੱਪ-2011 ਦਾ ਉਦਘਾਟਨ ਕੀਤਾ। ਅਕਸ਼ੈ ਕੁਮਾਰ ਨੇ ਆਪਣੀ ਫ਼ਿਲਮ 'ਦੇਸੀ ਬੁਆਏਜ਼' ਦੇ ਇਸ਼ਤਿਹਾਰ ਨਾਲ ਸਮਾਪਤੀ ਸਮਾਗਮ ਨੂੰ ਸਿਖ਼ਰ ਉੱਤੇ ਪਹੁੰਚਾਇਆ। ਟੈਲੀਵਿਜ਼ਨ ਦੇ ਕਸੀਦਾਕਾਰਾਂ ਨੇ ਅਗਲੇ ਸਾਲ ਆਉਂਦੇ 'ਅਸਲੀ' ਮੁਕਾਬਲੇ ਦੀ ਦੁਹਾਈ ਦਿੱਤੀ ਅਤੇ ਬਿਨਾਂ ਬੋਲੇ ਕਬੱਡੀ ਦੇ ਮੁਕਾਬਲੇ ਨੂੰ 'ਨਕਲੀ' ਕਰਾਰ ਦਿੱਤਾ। ਖਿਡਾਰੀਆਂ ਨੇ ਚੰਗੇ ਜੌਹਰ ਦਿਖਾਏ। ਮੌਜੂਦਾ ਦੌਰ ਵਿੱਚ ਖੇਡ ਮੈਦਾਨ ਵਿੱਚੋਂ ਸਿਆਸਤ ਦੇ ਮੂੰਹਜ਼ੋਰ ਪ੍ਰਗਟਾਵੇ ਨੂੰ ਨੈਤਿਕ, ਸਮਾਜਿਕ, ਵਿਰਾਸਤੀ ਅਤੇ ਮਨੁੱਖੀ ਪੈਂਤੜੇ ਤੋਂ ਪਰਖਣਾ ਕੁਥਾਂ ਜਾਪ ਸਕਦਾ ਹੈ। ਜੇ ਯੂਰਪੀ ਫੁੱਟਬਾਲ ਕੱਪ ਦੀ ਮੇਜ਼ਬਾਨੀ ਬਦਲੇ ਯੂਕਰੇਨ ਨੂੰ ਯੂਰਪੀ ਯੂਨੀਅਨ ਵਿੱਚ ਸ਼ੁਮਾਰ ਕੀਤੇ ਜਾਣ ਦੀ ਗੱਲ ਚੱਲ ਸਕਦੀ ਹੈ ਜਾਂ ਇੰਗਲੈਂਡ, ਓਲੰਪਿਕ ਖੇਡਾਂ ਦੀ ਕਾਮਯਾਬੀ ਨਾਲ ਇਰਾਕ ਵਿੱਚ ਹੋਈ ਪਸ਼ੇਮਾਨੀ ਦਾ ਦਾਗ਼ ਧੋਣ ਬਾਬਤ ਸੋਚ ਸਕਦਾ ਹੈ ਤਾਂ ਬਾਦਲਕੇ ਕਬੱਡੀ ਦੀ 'ਆਲਮੀ' ਪ੍ਰਾਪਤੀ ਦੇ 'ਇਨਾਮ' ਵਿੱਚ ਵੋਟਾਂ ਤਾਂ ਮੰਗ ਹੀ ਸਕਦੇ ਹਨ।
ਮੌਜੂਦਾ ਖੇਡ ਮੇਲਿਆਂ ਦਾ ਖ਼ਾਸਾ ਖੇਡ ਮੈਦਾਨ ਦੀਆਂ ਕਦਰਾਂ-ਕੀਮਤਾਂ ਅਤੇ ਖੇਡ-ਭਾਵਨਾ ਨਾਲ ਮੇਲ ਨਹੀਂ ਖਾਂਦਾ। ਸਰਕਾਰੀ ਸਰਪ੍ਰਸਤੀ ਵਿੱਚ ਹੁੰਦੇ ਖੇਡ ਮੇਲਿਆਂ ਨੂੰ ਰਾਜਤੰਤਰ ਦੇ ਖ਼ਾਸੇ ਨਾਲ ਜੋੜ ਕੇ ਹੀ ਸਮਝਿਆ ਜਾ ਸਕਦਾ ਹੈ। ਪਿਛਲੇ ਕਈ ਸਾਲਾਂ ਤੋਂ ਖੇਡ ਮੇਲਿਆਂ ਦਾ ਸਿਆਸੀ-ਅਰਥਚਾਰਾ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ। ਗਰੀਸ ਦੀ ਮੌਜੂਦਾ ਮੰਦਹਾਲੀ ਦੀਆਂ ਜੜ੍ਹਾਂ 2004 ਦੀਆਂ ਏਥਨਜ਼ ਓਲੰਪਿਕ ਖੇਡਾਂ ਵਿੱਚ ਲੱਗੀਆਂ ਹੋਈਆਂ ਹਨ। ਦੱਖਣੀ ਅਫ਼ਰੀਕਾ ਦੇ ਵਿਦੇਸ਼ੀ ਕਰਜ਼ੇ ਵਿੱਚ ਵੱਡਾ ਹਿੱਸਾ ਫੁੱਟਬਾਲ ਦੇ ਆਲਮੀ ਕੱਪ ਨੇ ਪਾਇਆ ਹੈ। ਯੂਕਰੇਨ ਦੇ ਅਰਥਚਾਰੇ ਦੀਆਂ ਚੂਲ੍ਹਾਂ ਯੂਰਪੀ ਫੁੱਟਬਾਲ ਕੱਪ ਨਾਲ ਹਿੱਲ ਰਹੀਆਂ ਹਨ। ਭਾਰਤ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਹਵਾਲੇ ਨਾਲ ਫੈਲਿਆ ਭ੍ਰਿਸ਼ਟਾਚਾਰ ਘਪਲੇਬਾਜ਼ਾਂ ਦੇ ਹਵਾਲੇ ਨਾਲ ਵਿਚਾਰਿਆ ਗਿਆ ਹੈ ਪਰ ਇਸ ਨੂੰ ਆਵਾਮੀ ਪੈਂਤੜੇ ਤੋਂ ਸਮਝਣਾ ਬਾਕੀ ਹੈ। ਇਸੇ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ, ਫੀਫਾ ਅਤੇ ਇਟਾਲੀਅਨ ਫੁੱਟਬਾਲ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਚਰਚਾ ਲਗਾਤਾਰ ਹੁੰਦੀ ਰਹਿੰਦੀ ਹੈ। ਕਾਰਗੁਜ਼ਾਰੀ ਵਧਾਉਣ ਲਈ ਵਰਤੀਆਂ ਜਾਂਦੀਆਂ ਪਾਬੰਦੀਸ਼ੁਦਾ ਦਵਾਈਆਂ ਦਾ ਮਸਲਾ ਨੈਸ਼ਨਲ ਐਂਟੀ ਡੋਪਿੰਗ ਐਸੋਸੀਏਸ਼ਨ (ਨਾਡਾ) ਅਤੇ ਵਰਲਡ ਐਂਟੀ ਡੋਪਿੰਗ ਐਸੋਸੀਏਸ਼ਨ (ਵਾਡਾ) ਦੇ ਹਵਾਲੇ ਨਾਲ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਕਾਇਮ ਰਹਿੰਦਾ ਹੈ। ਇਸ ਤੋਂ ਬਿਨਾਂ ਸੱਟਾਬਾਜ਼ਾਰੀ ਅਤੇ ਖਿਡਾਰੀਆਂ ਦੇ ਇਖ਼ਲਾਕੀ ਮਾਮਲੇ ਅਦਾਲਤੀ ਕਾਰਵਾਈਆਂ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਹਾਲਾਤ ਵਿੱਚ ਦੂਜੇ ਪਰਲਜ਼ ਵਰਲਡ ਕਬੱਡੀ ਕੱਪ-2011 ਦਾ ਲੇਖਾ-ਜੋਖਾ ਸਮੁੱਚੇ ਰੁਝਾਨ ਨੂੰ ਸਮਝਣ ਵਿੱਚ ਸਹਾਈ ਹੋ ਸਕਦਾ ਹੈ।
ਸੂਚਨਾ ਦੇ ਅਧਿਕਾਰ ਤਹਿਤ ਪਿਛਲੇ ਸਾਲ ਦੇ ਕਬੱਡੀ ਖੇਡ ਮੇਲੇ ਬਾਬਤ ਮਿਲੀ ਜਾਣਕਾਰੀ ਉੱਤੇ ਬਣੀਆਂ ਖ਼ਬਰਾਂ ਮੁਤਾਬਕ ਜ਼ਿਆਦਾਤਰ ਖ਼ਰਚਾ ਨਿੱਜੀ ਕਾਰੋਬਾਰੀਆਂ ਵੱਲੋਂ ਕੀਤਾ ਗਿਆ ਸੀ। ਇਸ਼ਤਿਹਾਰਾਂ ਅਤੇ ਸਪੌਂਸਰਸ਼ਿਪ ਵਜੋਂ ਇਕੱਠੀ ਹੋਈ ਰਕਮ ਨਾਲ ਇਹ ਖੇਡ ਮੁਕਾਬਲਾ ਕਰਵਾਇਆ ਗਿਆ। ਇਸ ਵਾਰ ਵੀ ਇਸੇ ਤਰ੍ਹਾਂ ਹੋਇਆ ਹੈ। ਇਸ ਵਿਸ਼ਵ ਕਬੱਡੀ ਕੱਪ ਦੇ ਨਾਮ ਅੱਗੇ ਅਗੇਤਰ ਦੇ ਰੂਪ ਵਿੱਚ ਜੁੜੀ 'ਪਰਲਜ਼' ਰੀਅਲ ਅਸਟੇਟ ਕੰਪਨੀ ਹੈ। ਇਸ ਦਾ ਵੰਨ-ਸਵੰਨੀਆਂ ਰਿਹਾਇਸ਼ੀ ਅਤੇ ਕਾਰੋਬਾਰੀ ਇਮਾਰਤਾਂ ਦਾ ਕਾਰੋਬਾਰ ਕਈ ਸੂਬਿਆਂ ਵਿੱਚ ਫੈਲਿਆ ਹੋਇਆ ਹੈ। ਇਸ ਤੋਂ ਬਾਅਦ ਹੋਰ ਮੁਕਾਮੀ, ਕੌਮੀ ਅਤੇ ਕੌਮਾਂਤਰੀ ਕੰਪਨੀਆਂ ਨੇ ਇਸ ਖੇਡ ਮੇਲੇ ਦੀ ਇਸ਼ਤਿਹਾਰ ਨਾਲ ਸਰਪ੍ਰਸਤੀ ਕੀਤੀ। ਇਹ ਕੌਮਾਂਤਰੀ ਰੁਝਾਨ ਹੈ ਕਿਉਂਕਿ ਸਰਕਾਰਾਂ ਦਾ ਕੰਮ ਖੇਡ ਮੇਲਿਆਂ ਲਈ ਢਾਂਚਾਗਤ ਸਹੂਲਤਾਂ ਅਤੇ ਸਰਕਾਰੀ ਮਹਿਕਮਿਆਂ ਦੀ ਮਾਹਰਾਨਾ ਨਿਗਰਾਨੀ ਤੱਕ ਮਹਿਦੂਦ ਕਰ ਦਿੱਤਾ ਗਿਆ ਹੈ। ਢਾਂਚੇ ਵਿੱਚ ਪੱਕੀਆਂ ਉਸਾਰੀਆਂ ਕਰਨ ਦਾ ਖ਼ਰਚ ਸਰਕਾਰਾਂ ਸਿਰ ਪੈਂਦਾ ਹੈ ਜਿਸ ਬਾਬਤ ਕੌਮਾਂਤਰੀ ਪੱਧਰ ਉੱਤੇ ਲਗਾਤਾਰ ਸਵਾਲ ਹੋ ਰਹੇ ਹਨ। ਜਦੋਂ ਪੱਕੀਆਂ ਉਸਾਰੀਆਂ ਇਨ੍ਹਾਂ ਖੇਡ ਮੇਲਿਆਂ ਤੋਂ ਬਿਨਾਂ ਜ਼ਿਆਦਾ ਕੰਮ ਨਹੀਂ ਆਉਂਦੀਆਂ ਤਾਂ ਇਨ੍ਹਾਂ ਦਾ ਕੰਮ ਨੁਮਾਇਸ਼ ਤੱਕ ਮਹਿਦੂਦ ਹੋ ਜਾਂਦਾ ਹੈ। ਇਸੇ ਰਕਮ ਨਾਲ ਖੇਡ ਸੱਭਿਆਚਾਰ ਦੀ ਉਸਾਰੀ ਲਈ ਜ਼ਿਆਦਾ ਸਹੂਲਤਾਂ ਦੀ ਉਸਾਰੀ ਹੋ ਸਕਦੀ ਹੈ ਜੋ ਲਗਾਤਾਰ ਅਵਾਮ ਦੇ ਕੰਮ ਆ ਸਕਦੀਆਂ ਹਨ। ਇਸ ਤਰ੍ਹਾਂ ਸਰਕਾਰੀ ਪੈਸਾ ਨੁਮਾਇਸ਼ੀ ਕੰਮਾਂ ਉੱਤੇ ਖ਼ਰਚ ਹੁੰਦਾ ਹੈ ਅਤੇ ਕਾਰੋਬਾਰੀ ਘਰਾਣੇ ਰਿਆਇਤਾਂ ਤੇ ਛੋਟਾਂ ਰਾਹੀਂ ਆਪਣਾ ਮੁਨਾਫ਼ਾ ਵਧਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਇਹ ਧਾਰਨਾ ਆਲਮੀ ਪੱਧਰ ਉੱਤੇ ਪੱਕੇ ਪੈਰੀਂ ਹੋ ਚੁੱਕੀ ਹੈ ਕਿ ਨਿੱਜੀ ਮੁਨਾਫ਼ੇ ਦੀ ਸਰਕਾਰੀ ਸਰਪ੍ਰਸਤੀ ਲਈ ਖੇਡ ਮੇਲਿਆਂ ਦਾ ਖ਼ਾਸਾ ਬਦਲ ਦਿੱਤਾ ਗਿਆ ਹੈ। ਇਸ ਨੁਕਤੇ ਦੀ ਵਧੇਰੇ ਸਮਝ ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਦਾ ਮਹਿਮਾਗਾਣ ਕਰਦੀ ਇਸ਼ਤਿਹਾਰਬਾਜ਼ੀ ਤੋਂ ਹੋ ਜਾਂਦੀ ਹੈ। ਟੈਲੀਵਿਜ਼ਨ ਉੱਤੇ ਪ੍ਰਚਾਰੀਆਂ ਜਾ ਰਹੀਆਂ ਸਰਕਾਰੀ ਪ੍ਰਾਪਤੀਆਂ ਨਿੱਜੀ ਕਾਰੋਬਾਰੀਆਂ ਦੀਆਂ ਹਨ। ਬਾਦਲਾਂ ਦੀਆਂ ਨਿੱਜੀ ਬੱਸਾਂ ਸਰਕਾਰੀ ਪ੍ਰਾਪਤੀ ਵਜੋਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਨਿੱਜੀ ਕਾਰੋਬਾਰ ਦੇ ਵਾਧੇ ਨੂੰ ਸੂਬੇ ਦੀ ਪ੍ਰਾਪਤੀ ਬਣਾ ਕੇ ਪੇਸ਼ ਕਰਨ ਦੇ ਮਾਮਲੇ ਵਿੱਚ ਬਾਦਲ ਨਿਆਰੇ ਨਹੀਂ ਹਨ। ਟਾਟਿਆਂ, ਬਿਰਲਿਆਂ, ਬਜਾਜਾਂ ਅਤੇ ਅੰਬਾਨੀਆਂ ਦੇ ਕਾਰੋਬਾਰ ਕੌਮੀ ਹਿੱਤ ਬਣਾ ਕੇ ਪੇਸ਼ ਹੁੰਦੇ ਰਹੇ ਹਨ। ਕਿੰਗਫਿਸ਼ਰ ਦਾ ਘਾਟਾ ਕੌਮੀ ਮਸਲਾ ਬਣਿਆ ਹੋਇਆ ਹੈ। ਅਮਰੀਕੀ ਕੰਪਨੀਆਂ ਦਾ ਪਸਾਰਾ ਜੰਗੀ ਮੁਹਿੰਮਾਂ ਰਾਹੀਂ ਆਲਮੀ ਪੱਧਰ ਉੱਤੇ ਜਮਹੂਰੀਅਤ ਦੇ ਨਾਮ ਹੇਠ ਹੁੰਦਾ ਹੈ। ਇਸ ਪੱਖੋਂ ਕਬੱਡੀ ਆਲਮੀ ਰੁਝਾਨ ਦੇ ਮੁਕਾਮੀ ਪ੍ਰਗਟਾਵੇ ਦਾ ਸਬੱਬ ਬਣੀ ਹੈ।
'ਪੰਜਾਬੀਆਂ ਦੀ ਸ਼ਾਨ ਵੱਖਰੀ' ਦਾ ਗਾਇਨ ਬਹੁਤ ਹੋਇਆ। 'ਸ਼ੇਰਾਂ ਦੀ ਕੌਮ ਪੰਜਾਬੀ' ਅਤੇ 'ਸਿੰਘ ਇਜ਼ ਕਿੰਗ' ਦਾ ਜਾਪ ਰੋਕਣ ਦੀਆਂ ਬੇਨਤੀਆਂ ਤਾਂ ਕਸੀਦਾਕਾਰਾਂ ਨੂੰ ਵੀ ਕਰਨੀਆਂ ਪਈਆਂ। ਪੰਜਾਬੀਆਂ ਦਾ ਫ਼ਿਲਮਸਾਜ਼ ਮਨਮੋਹਨ ਸਿੰਘ ਵਾਰ-ਵਾਰ ਕਹਿੰਦਾ ਹੈ ਕਿ ਪੰਜਾਬੀ ਦਰਸ਼ਕਾਂ ਦੇ ਮਿਆਰ ਕਾਰਨ ਵਿਸ਼ਾਮੁਖੀ ਚੰਗੀਆਂ ਫ਼ਿਲਮਾਂ ਨਹੀਂ ਬਣ ਸਕਦੀਆਂ। ਹਰਭਜਨ ਮਾਨ ਹੁਰਾਂ ਨੇ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਬਾਬੂ ਸਿੰਘ ਮਾਨ ਦਾ ਲਿਖਿਆ ਲੋਕ ਗੀਤ ਸੁਣਾ ਕੇ ਪੰਜਾਬੀਆਂ ਅਤੇ ਕਬੱਡੀ ਦੀ ਸਿਫ਼ਤ ਕੀਤੀ। 'ਅਸਲੀ' ਮੁਕਾਬਲੇ ਦੀ ਤਿਆਰੀ ਦਾ ਸੱਦਾ ਦਿੱਤਾ। ਬਾਪੂ ਕਰਨੈਲ ਸਿੰਘ ਪਾਰਸ ਦੀ ਸ਼ਗਿਰਦੀ ਕਰਨ ਵਾਲੇ ਹਰਭਜਨ ਮਾਨ ਨੂੰ ਇਹ ਪਤਾ ਹੈ ਕਿ 'ਲੋਕ ਗੀਤ' ਅਤੇ ਗੀਤ ਵਿੱਚ ਕੀ ਫ਼ਰਕ ਹੁੰਦਾ ਹੈ। ਬਾਬੂ ਸਿੰਘ ਮਾਨ ਦਾ ਲਿਖਿਆ 'ਲੋਕ ਗੀਤ' ਪੰਜਾਬੀਆਂ ਦੇ ਨੀਵੇਂ ਮਿਆਰ ਦੀ ਨਿਸ਼ਾਨੀ ਹੈ ਜਾਂ ਕਾਰੋਬਾਰੀ ਮੰਤਰ? ਹਰਭਜਨ ਮਾਨ ਇਸ ਤਰ੍ਹਾਂ ਮਨਮੋਹਨ ਸਿੰਘ ਹੁਰਾਂ ਦੀ ਸਮਝ ਨੂੰ ਅਮਲੀ ਜਾਮਾ ਪਹਿਨਾਉਂਦੇ ਜਾਪਦੇ ਹਨ। ਹਰਭਜਨ ਤੋਂ ਬਾਅਦ ਸਤਿੰਦਰ ਸੱਤੀ, ਰਾਜ ਬਰਾੜ ਜਾਂ ਇੰਗਲੈਂਡ ਦੇ ਮੁੰਡਿਆਂ ਤੋਂ ਪੰਜਾਬੀਆਂ ਨਾਲ ਸੁਹਿਰਦ ਹੋ ਕੇ ਨਿਭਣ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ? ਜਦੋਂ ਖਿਡਾਰੀਆਂ ਦੀ ਥਾਂ ਖੇਡ ਮੈਦਾਨ ਦਾ ਗੇੜਾ 'ਕਲਾਕਾਰ' ਲਗਾਉਂਦੇ ਹਨ ਤਾਂ ਸਰਕਾਰੀ ਤਰਜੀਹ ਦਾ ਖੁਲਾਸਾ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਇਨ੍ਹਾਂ ਹਾਲਾਤ ਵਿੱਚ 'ਪੰਜਾਬੀਆਂ ਦੀ ਸ਼ਾਨ ਵੱਖਰੀ', 'ਸ਼ੇਰਾਂ ਦੀ ਕੌਮ ਪੰਜਾਬੀ' ਅਤੇ 'ਸਿੰਘ ਇਜ਼ ਕਿੰਗ' ਦਾ ਗਾਇਨ ਪੰਜਾਬੀ ਬੰਦੇ ਦੀ ਬੰਦਿਆਈ ਨੂੰ ਰੱਦ ਕਰਕੇ ਕਿਸੇ ਖਰੂਦੀ ਗ਼ੈਰ-ਸਮਾਜਿਕ ਬੰਦੇ ਦੀ ਪਿੱਠ ਠੋਕਦਾ ਹੈ। 'ਨੀਵੇਂ ਬੌਧਿਕ ਮਿਆਰ' ਦੇ ਹਾਣ ਦਾ ਹੋਣ ਲਈ 'ਕਲਾਕਾਰ' ਇਮਤਿਹਾਨ ਦੇ ਰਹੇ ਹਨ।
ਪੰਜਾਬੀਆਂ ਦੀ ਮੋਟੀ ਮੱਤ ਦੇ ਕਿੱਸੇ ਬਥੇਰੇ ਹਨ ਜਿਨ੍ਹਾਂ ਦੀਆਂ ਜੜ੍ਹਾਂ 'ਖਾਧਾ ਪੀਤਾ ਲਾਹੇ ਦਾ ...' ਨਾਲ ਜੁੜ ਜਾਂਦੀਆਂ ਹਨ। ਇਸ ਥਾਂ ਪੰਜਾਬੀ ਦੇ ਇਤਿਹਾਸ ਵਿੱਚ ਦਰਜ ਭਲਵਾਨ ਅਤੇ ਕਲਾਕਾਰ ਦਾ ਬੇਮਿਸਾਲ ਰਿਸ਼ਤਾ ਯਾਦ ਕਰਨਾ ਲਾਜ਼ਮੀ ਹੈ। ਪੰਜਾਬੀਆਂ ਦੇ ਚੇਤਿਆਂ ਵਿੱਚ ਗਾਮਾ ਭਲਵਾਨ ਖ਼ੁਸ਼ੀ ਦਾ ਅਹਿਸਾਸ ਸੱਜਰਾ ਕਰਨ ਦਾ ਸਬੱਬ ਬਣਦਾ ਹੈ। ਉਸ ਦੀ ਭਲਵਾਨੀ ਦੇ ਕਿੱਸੇ ਬਹੁਤ ਹਨ ਪਰ ਇਹ ਕੁਝ ਵੱਖਰਾ ਹੈ। ਜਦੋਂ ਲਾਹੌਰ ਵਿੱਚ ਆਧੁਨਿਕ ਚਿੱਤਰਕਾਰੀ ਅਤੇ ਬੁੱਤਸਾਜ਼ੀ ਦੀ ਪੜ੍ਹਾਈ ਸ਼ੁਰੂ ਹੋਈ ਤਾਂ ਮਾਇਓ ਸਕੂਲ ਆਫ਼ ਆਰਟਸ ਨੇ ਅਹਿਮ ਹਿੱਸਾ ਪਾਇਆ ਸੀ। ਚਿੱਤਰਕਾਰੀ ਅਤੇ ਬੁੱਤਸਾਜ਼ੀ ਇੱਕੋ ਵੇਲੇ ਦ੍ਰਿੜਤਾ ਅਤੇ ਕੋਮਲਤਾ ਦੀ ਮੰਗ ਕਰਦੇ ਹਨ। ਇਕੋ ਗ਼ਲਤੀ ਨਾਲ ਪੱਥਰ ਵਿੱਚੋਂ ਉਭਰਦਾ ਬੁੱਤ ਹੱਥੋਂ ਨਿਕਲ ਜਾਂਦਾ ਹੈ। ਵਿਦਿਆਰਥੀਆਂ ਦੇ ਅਧਿਐਨ ਲਈ ਕਿਸੇ (ਮਾਡਲ) ਨੂੰ ਲਗਾਤਾਰ ਉਨ੍ਹਾਂ ਦੇ ਸਾਹਮਣੇ ਬੈਠਣਾ ਜਾਂ ਖੜ੍ਹਨਾ ਪੈਂਦਾ ਹੈ। ਮਾਇਓ ਸਕੂਲ ਆਫ਼ ਆਰਟ ਦੇ ਵਿਦਿਆਰਥੀਆਂ ਸਾਹਮਣੇ ਬੈਠਣ ਵਾਲਿਆਂ ਵਿੱਚ ਗਾਮਾ ਸ਼ਾਮਿਲ ਸੀ। ਬੀ.ਸੀ. ਸਾਨਿਆਲ ਨੇ ਗਾਮੇ ਦਾ ਬੁੱਤ ਬਣਾਉਣ ਦਾ ਫ਼ੈਸਲਾ ਕੀਤਾ। ਧਾਤ ਵਿੱਚ ਢਾਲਣ ਤੋਂ ਪਹਿਲਾਂ ਮਿੱਟੀ ਦਾ ਬੁੱਤ ਬਣਦਾ ਹੈ। ਗਾਮਾ ਲਗਾਤਾਰ ਬੈਠਦਾ ਸੀ। ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਮਿੱਟੀ ਦਾ ਬੁੱਤ ਤਿਆਰ ਹੋਇਆ। ਸਵੇਰੇ ਜਾ ਕੇ ਦੇਖਿਆ ਤਾਂ ਬੁੱਤ ਖਿੰਡਿਆ ਪਿਆ ਸੀ। ਕਲਾਕਾਰ ਨੂੰ ਦੁਬਾਰਾ ਮਨ ਬਣਾਉਣ ਵਿੱਚ ਸਮਾਂ ਲੱਗਿਆ ਪਰ ਗਾਮਾ ਇਸ ਮਨ ਦੀ ਥਾਹ ਪਾ ਕੇ ਪਹਿਲਾਂ ਤਿਆਰ ਬੈਠਾ ਸੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਹਿਜ ਸੁਭਾਅ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਥੋਡੇ 'ਚੋਂ ਕਿਸੇ ਨੇ ਬੀ.ਏ. ਪਾਸ ਕੀਤੀ ਹੋਵੇ।" ਸਵਾਲ ਇਹ ਹੈ ਕਿ ਖਿਡਾਰੀਆਂ ਨੂੰ ਘੱਟ ਦਿਮਾਗ ਵਾਲੇ ਕਿਉਂ ਮੰਨਿਆ ਜਾਂਦਾ ਹੈ? ਕਿਤੇ ਇਹ ਉਨ੍ਹਾਂ ਨੂੰ ਪੜ੍ਹਾਈ-ਲਿਖਾਈ ਤੋਂ ਦੂਰ ਰਹਿਣ ਲਈ ਦਿੱਤੀ ਹੱਲਾਸ਼ੇਰੀ ਤਾਂ ਨਹੀਂ? ਇਸ ਰੁਝਾਨ ਦੀਆਂ ਕੜੀਆਂ ਖਿਡਾਰੀਆਂ ਨੂੰ ਨਕਲ ਮਰਵਾਉਣ ਦੀ ਵਕਾਲਤ ਕਰਨ ਵਾਲੇ ਕੋਚਾਂ ਤੇ ਖੇਡ ਪ੍ਰਬੰਧਕਾਂ ਨਾਲ ਜੁੜਦੀਆਂ ਹਨ।
ਗਾਮੇ ਨਾਲ ਹਰਜੀਤ ਬਾਜਾਖ਼ਾਨਾ ਦੀ ਗੱਲ ਵੀ ਕਰਨੀ ਬਣਦੀ ਹੈ। ਹਰਜੀਤ ਦੇ ਕਬੱਡੀ ਪਾਉਣ ਦੇ ਕਿੱਸੇ ਤੁਰੇ ਹੀ ਸਨ ਕਿ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਦੇਖਣ ਵਾਲੇ ਪਾਰਖ਼ੂ ਮੰਨਦੇ ਹਨ ਕਿ ਉਸ ਨੇ ਫਿੱਡੂ ਵਾਂਗ ਧੁੰਮਾਂ ਪਾਉਣੀਆਂ ਸਨ। ਇਤਿਹਾਸ ਗਵਾਹ ਹੈ ਕਿ ਧੁੰਮਾਂ ਤਾਂ ਪਾਉਣ ਵਾਲਿਆਂ ਦੀਆਂ ਹੀ ਪੈਂਦੀਆਂ ਹਨ। ਜਦੋਂ ਹਰਜੀਤ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਤਾਂ ਪੰਜਾਬ, ਕਾਰ ਨੂੰ ਕੰਪਨੀਆਂ ਦੇ ਨਾਮ ਨਾਲ ਸੱਦਣ ਦੀ ਜਾਚ ਸਿੱਖ ਰਿਹਾ ਸੀ। ਉਸ ਦੀ ਸੂਮੋ ਦੀ ਬਰੇਕ ਹੇਠ ਬੋਤਲ ਆ ਗਈ ਸੀ। ਲੋੜ ਪੈਣ ਉੱਤੇ ਬਰੇਕ ਨਹੀਂ ਲੱਗੀ। ਬਾਅਦ ਵਿੱਚ ਪੰਜਾਬੀਆਂ ਦੀ ਬਰੇਕ ਹੇਠੋਂ ਬੋਤਲ ਨੂੰ ਕੱਢਣ ਦਾ ਸੁਹਿਰਦ ਉਪਰਾਲਾ ਨਹੀਂ ਹੋਇਆ। ਇਸ ਬੋਤਲ ਦੀ ਮਹਿਮਾ ਪੰਜਾਬ ਦੇ ਗਾਇਕ ਗਾ ਰਹੇ ਹਨ। ਗਾਇਕਾਂ ਦੀ ਸਰਪ੍ਰਸਤੀ ਕੰਪਨੀਆਂ ਅਤੇ ਸਿਆਸਤਦਾਨ ਕਰ ਰਹੇ ਹਨ। ਇਸ ਗੱਠਜੋੜ ਦੀ ਮੂੰਹਜ਼ੋਰ ਨੁਮਾਇਸ਼ ਕਬੱਡੀ ਦੇ ਮੈਦਾਨ ਵਿੱਚੋਂ ਕੀਤੀ ਗਈ ਹੈ।
ਸਵਾਲ ਇਸ ਨੁਮਾਇਸ਼ ਲਈ ਕਬੱਡੀ ਦੇ ਮੈਦਾਨ ਦੀ ਚੋਣ ਬਾਬਤ ਕਰਨਾ ਬਣਦਾ ਹੈ। ਕਬੱਡੀ ਪੰਜਾਬੀਆਂ ਨੂੰ ਹੁਲਾਰਾ ਦਿੰਦੀ ਹੈ। ਜਦੋਂ ਦੁੱਲਾ, ਗੁਲਜ਼ਾਰੀ, ਗੱਗੀ ਅਤੇ ਸਰਾਵਾਂਵਾਲਾ ਸੁਖਬੀਰ ਕਬੱਡੀ ਪਾਉਂਦੇ ਹਨ ਜਾਂ ਏਕਮ ਤੇ ਮੰਗੀ ਜੱਫ਼ੇ ਲਗਾਉਂਦੇ ਹਨ ਤਾਂ ਪੰਜਾਬੀ ਅਸ਼-ਅਸ਼ ਕਰ ਉੱਠਦੇ ਹਨ। ਇਸ ਅਹਿਸਾਸ ਦੀ ਥਾਹ ਪਾਉਣ ਲਈ ਵਿਦਵਾਨ ਹੋਣ ਦੀ ਲੋੜ ਨਹੀਂ। ਇਸ ਚੋਣ ਦਾ ਇੱਕ ਸਿਰਾ ਇਸੇ ਅਹਿਸਾਸ ਨਾਲ ਜੁੜਦਾ ਹੈ। ਦੂਜਾ ਸਿਰਾ ਮੰਡੀ ਦੀ ਸਮਝ ਨਾਲ ਜੁੜਦਾ ਹੈ। ਮੰਡੀ ਵਿੱਚ ਬੰਦੇ ਦੇ ਖਪਤਕਾਰ ਨਾਲ ਰਾਬਤੇ ਦੇ ਦੋ ਮੰਤਰ ਹਨ। ਪਹਿਲਾ: ਪ੍ਰਚਾਰੀ ਜਾ ਰਹੀ ਸ਼ੈਅ ਨਾਲ ਬੰਦੇ ਦੀ ਵੁਕਅਤ ਵਿੱਚ ਹੋਣ ਵਾਲਾ ਵਾਧਾ (ਦੂਜੇ ਦੀ ਗੋਰੀ ਮਾਂ ਦੇ ਖਾਂਚੇ ਵਿੱਚ ਆਪਣੀ ਮਾਂ ਨੂੰ ਢਾਲਣ ਲਈ) ਅਹਿਮ ਲਾਲਚ ਬਣਦਾ ਹੈ। ਦੂਜਾ: ਖਪਤਕਾਰ ਦੀ ਪਛਾਣ ਨੂੰ ਮਜ਼ਬੂਤ ਕਰਨ ਲਈ ਪ੍ਰਚਾਰੀ ਜਾ ਰਹੀ ਸ਼ੈਅ ਦੀ ਅਹਿਮੀਅਤ ਦਰਸਾਉਣਾ (ਮਰਦਾਨਗੀ ਲਈ ਕੱਪੜੇ ਜਾਂ ਸ਼ਰਾਬ ਪੀਣਾ ਜਾਂ ਕੋਈ ਖਾਸ ਕਾਰ ਚਲਾਉਣਾ)। ਪੰਜਾਬੀਆਂ ਨੂੰ 'ਸ਼ਾਨ ਵੱਖਰੀ' ਦੇ ਨਾਮ ਉੱਤੇ ਕੁਝ ਵੀ ਵੇਚਿਆ ਜਾ ਸਕਦਾ ਹੈ। ਇਹੋ 'ਵੱਖਰੀ ਸ਼ਾਨ' ਮੰਡੀ ਲਈ ਸਾਜ਼ਗਾਰ ਮਾਹੌਲ ਸਿਰਜਦੀ ਹੈ। ਕਬੱਡੀ ਨੂੰ 'ਕੱਖ ਤੋਂ ਕਰੋੜਾਂ ਦੀ' ਕਰਨ ਦਾ ਇਸ਼ਤਿਹਾਰੀ ਮੰਤਰ ਇਸੇ ਸਮਝ ਵਿੱਚੋਂ ਨਿਕਲਦਾ ਹੈ। ਪੜਤ ਗੁਆ ਚੁੱਕੇ ਸਿਆਸਤਦਾਨ ਪੰਜਾਬੀਆਂ ਦੇ ਭਾਵੁਕ ਆਪੇ ਵਿੱਚੋਂ ਆਪਣੀ ਅਹਿਮੀਅਤ ਦੀ ਸੁਰ ਛੇੜਨ ਦਾ ਉਪਰਾਲਾ ਕਰ ਰਹੇ ਹਨ। ਕੈਨੇਡਾ ਤੋਂ ਸੁਖਬੀਰ ਬਾਦਲ ਦੇ ਨਾਮ ਆਈ ਰਸਮੀ ਸਰਕਾਰੀ ਚਿੱਠੀ ਟੈਲੀਵਿਜ਼ਨ ਉੱਤੇ ਪੜ੍ਹ ਕੇ ਇਸੇ ਲਈ ਸੁਣਾਈ ਜਾਂਦੀ ਹੈ। ਮੰਗੀ ਤੇ ਏਕਮ ਦੇ ਜੱਫ਼ੇ ਦੇਖਣ ਆਈ ਸੰਗਤ ਨੂੰ ਅਕਸ਼ੈ ਕੁਮਾਰ ਤੇ ਸੁਖਬੀਰ ਬਾਦਲ ਦੇ ਲੜ ਬੰਨ੍ਹਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਕਬੱਡੀ ਨਾਲ ਪੰਜਾਬ ਦੀ ਪਛਾਣ ਨਰੋਏ ਜੁੱਸੇ ਅਤੇ ਸਮਾਜੀਕਰਨ ਦੀ ਪੌੜੀ ਵਜੋਂ ਹੈ। ਪੰਜਾਬ ਸਰਕਾਰ ਖੇਡ ਸੱਭਿਆਚਾਰ ਦੇ ਪਸਾਰੇ ਤੋਂ ਕੰਨੀ ਕਤਰਾ ਰਹੀ ਹੈ। ਖੇਡ ਮੈਦਾਨ ਵਿੱਚ ਪੰਜਾਬੀਆਂ ਦੀ ਗਿਣਤੀ ਘਟ ਰਹੀ ਹੈ। ਨਰੋਏ ਜੁੱਸੇ ਵਾਲਾ ਪੰਜਾਬ ਇਤਿਹਾਸ ਵਿੱਚ ਦਰਜ ਭੂਤਕਾਲ ਜਾਪਦਾ ਹੈ। ਸਮਾਜੀਕਰਨ ਦਾ ਉਲਟਾ ਗੇੜਾ ਕਲੇਸ਼ ਦੇ ਰੂਪ ਵਿੱਚ ਸਾਡੇ ਸਾਡੇ ਸਾਮਹਣੇ ਹੈ। ਗਾਇਕ ਪੰਜਾਬੀਆਂ ਨੂੰ ਹਥਿਆਰ ਚਲਾਉਣ ਅਤੇ ਮਾਰ-ਕੁੱਟ ਦੀ ਚੱਤੇ-ਪਹਿਰ ਸਿਖਲਾਈ ਦੇ ਰਹੇ ਹਨ। ਨੈਸ਼ਨਲ ਕਬੱਡੀ ਵਿੱਚ ਪੰਜਾਬ ਦਾ ਕੌਮੀ ਪੱਧਰ ਉੱਤੇ ਕੋਈ ਤਮਗਾ ਨਹੀਂ ਆਇਆ। ਪੰਜਾਬ ਸਟਾਇਲ ਕਬੱਡੀ ਦੇ ਆਲਮੀ ਕੱਪ ਦਾ ਮਤਲਬ ਹੈ ਕਿ ਵੱਖ-ਵੱਖ ਮੁਲਕਾਂ ਵਿੱਚ ਵਸੇ ਪੰਜਾਬੀ ਇਸ ਵਿੱਚ ਭਾਗ ਲੈਣਗੇ। ਕੁਝ ਗੋਰਿਆਂ-ਗੋਰੀਆਂ ਦੀ ਨੁਮਾਇਸ਼ੀ ਸ਼ਮੂਲੀਅਤ ਤੋਂ ਬਿਨਾਂ 14 ਮੁਲਕਾਂ ਦੇ ਨਾਮ ਉੱਤੇ ਸਿਰਫ਼ ਪੰਜਾਬੀ ਖੇਡ ਰਹੇ ਸਨ। ਇਹੋ ਜਿਹੇ ਮੁਕਾਬਲੇ ਬਹੁਤ ਸਾਲਾਂ ਤੋਂ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਹੋ ਰਹੇ ਹਨ। ਇਨ੍ਹਾਂ ਮੁਕਾਬਲਿਆਂ ਬਾਬਤ ਕਬੂਤਰਬਾਜ਼ੀ ਅਤੇ ਡੋਪਿੰਗ ਦੇ ਹਵਾਲੇ ਨਾਲ ਲਗਾਤਾਰ ਵਿਵਾਦ ਉਭਰਦੇ ਰਹੇ ਹਨ। ਪੰਜਾਬ ਵਿੱਚ ਪਰਵਾਸੀ ਪੰਜਾਬੀਆਂ ਦੀ ਸਰਪ੍ਰਸਤੀ ਨਾਲ ਚੱਲਦੇ ਖੇਡ ਮੇਲੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੇ ਰਹਿੰਦੇ ਹਨ। ਕਦੇ-ਕਦਾਈ ਇਨ੍ਹਾਂ ਖੇਡ ਮੇਲਿਆਂ ਉੱਤੇ ਲੱਗਦੇ ਪੈਸੇ ਦੇ ਨਾਜਾਇਜ਼ ਪੱਖ ਅਤੇ ਜਸ਼ਨਾਂ ਵਿੱਚ ਹੁੰਦੇ ਖਰੂਦ ਵੀ ਖ਼ਬਰਾਂ ਦਾ ਵਿਸ਼ਾ ਬਣਦੇ ਰਹੇ ਹਨ। ਇਨ੍ਹਾਂ ਖੇਡ ਮੇਲਿਆਂ ਦਾ ਵਧੇਰੇ ਪ੍ਰਚਾਰਿਆ ਰੂਪ ਪਰਲਜ਼ ਕਬੱਡੀ ਵਰਲਡ ਕੱਪ ਹੈ। ਪੰਜਾਬੀ ਦੇ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਸਾਹਿਤਕਾਰਾਂ ਦੀਆਂ ਆਲਮੀ, ਇੰਟਰਨੈਸ਼ਨਲ ਅਤੇ ਵਰਲਡ ਕਾਨਫਰੰਸਾਂ ਬਾਬਤ ਲਿਖਦੇ ਹਨ ਕਿ ਇਹ ਸ਼ਬਦ ਸਮਾਗਮ ਦੇ ਮਿਆਰ ਦੀ ਥਾਂ ਆਪਣੀ ਅਹਿਮੀਅਤ ਵਧਾਉਣ ਨਾਲ ਵਧੇਰੇ ਜੁੜੇ ਹੋਏ ਹਨ। ਇਹ ਧਾਰਨਾ ਕਬੱਡੀ ਵਰਲਡ ਕੱਪ ਉੱਤੇ ਵੀ ਲਾਗੂ ਹੁੰਦੀ ਹੈ।
ਕਬੱਡੀ ਵਿੱਚ ਹੁਣ ਕਬੱਡੀ-ਕਬੱਡੀ ਬੋਲਣ ਦੀ ਲੋੜ ਨਹੀਂ ਕਿਉਂਕਿ ਅੱਧੇ ਮਿੰਟ ਦਾ ਸਮਾਂ ਘੜੀ ਨਾਲ ਨਾਪਿਆ ਜਾਂਦਾ ਹੈ। ਬਾਬਾ ਰਾਮਦੇਵ ਕਬੱਡੀ ਦੀ ਥਾਂ ਯੋਗਾ-ਯੋਗਾ ਦੀ ਵਕਾਲਤ ਰਾਹੀਂ ਆਪਣਾ ਪ੍ਰਚਾਰ ਕਰ ਗਏ। ਟੈਲੀਵਿਜ਼ਨ ਦੇ ਕਸੀਦਾਕਾਰ ਬਾਦਲ-ਬਾਦਲ ਕਰਦੇ ਰਹੇ। ਉਨ੍ਹਾਂ ਨੇ ਹਰ ਬੰਦੇ ਨੂੰ ਸੁਖਬੀਰ ਬਾਦਲ ਦੇ ਸੋਹਲੇ ਗਾਉਣ ਲਈ ਮਜਬੂਰ ਕੀਤਾ। ਹਰ ਖਿਡਾਰੀ ਤੋਂ ਸੁਖਬੀਰ ਬਾਦਲ ਦੇ ਯੋਗਦਾਨ ਬਾਬਤ ਸਵਾਲ ਪੁੱਛੇ ਅਤੇ ਉਨ੍ਹਾਂ ਨੇ ਤਿਆਰ ਪਟਕਥਾ ਮੁਤਾਬਕ ਜਵਾਬ ਦਿੱਤੇ। ਪੰਜਾਬੀਆਂ ਦੀ ਖੇਡ ਨੂੰ ਪਿੰਡਾਂ ਤੋਂ ਸ਼ਹਿਰਾਂ ਅਤੇ ਕੱਖ ਤੋਂ ਕਰੋੜ ਦੀ ਕਰਨ ਦੇ ਮਿਹਣੇ ਮਾਰਨ ਵਾਲੇ ਸ਼ੰਮੀ ਡਾਵਰਾ, ਮੱਖਣ ਸਿੰਘ, ਮੱਖਣ ਅਲੀ ਅਤੇ ਸਰਵਣ ਸਿੰਘ ਵਰਗੇ ਸੁਨਹਿਰੀ ਵੇਲ ਦੇ ਹੱਕਦਾਰ ਬਣ ਗਏ ਹਨ। ਇਨ੍ਹਾਂ ਭਾਣੇ 'ਅਸਲੀ' ਮੁਕਾਬਲਾ ਤਾਂ ਹੋਣਾ ਹੈ ਪਰ 'ਨਕਲੀ' ਮੁਕਾਬਲੇ ਵਿੱਚ ਪੰਜਾਬ ਦੇ ਫੌਰੀ ਤੇ ਚਿਰਕਾਲੀ ਮਸਲੇ ਜ਼ਰੂਰ ਚਿੱਤ ਕਰ ਦਿੱਤੇ ਗਏ ਹਨ। 'ਮਨ ਕੇ ਚਾਅ' ਦੀ ਮੰਡੀ ਵਿੱਚ ਬੋਲੀ ਦੋ ਕਰੋੜ ਲੱਗ ਗਈ ਹੈ। ਬੀ.ਸੀ. ਸਾਨਿਆਲ ਦੇ ਸਾਹਮਣੇ ਗਾਮਾ ਗੋਡਿਆਂ ਵਿੱਚ ਸਿਰ ਦੇਈ ਬੈਠਾ ਹੈ ਅਤੇ ਬਰੇਕ ਥੱਲੇ ਆਈ ਬੋਤਲ ਪੰਜਾਬ ਦੀ ਹੋਣੀ ਬਣ ਗਈ ਜਾਪਦੀ ਹੈ।
1 comment:
। 'ਨੀਵੇਂ ਬੌਧਿਕ ਮਿਆਰ' ਦੇ ਹਾਣ ਦਾ ਹੋਣ ਲਈ 'ਕਲਾਕਾਰ' ਇਮਤਿਹਾਨ ਦੇ ਰਹੇ ਹਨ।
........bahut vadhia...veere...iss di jarurat c ...
-roshan
Post a Comment