Thursday, November 17, 2011

ਸਵਾਲਾਂ-ਜੁਆਬਾਂ ਦੇ ਮੁਕਾਬਲੇ ਅਤੇ ਹਰ ਗੋਬਿੰਦ ਖੁਰਾਣਾ

ਦਲਜੀਤ ਅਮੀ

ਯੂਨੀਵਰਸਿਟੀ ਆਫ਼ ਵਿਨਕੌਂਸਿਨ-ਮੈਡੀਸਨ ਦੇ ਨਿਊਜ਼ਲੈਟਰ ਵਿੱਚ ਬੌਬ ਮਿਸ਼ੇਲ ਨੇ ਲਿਖਿਆ ਹੈ, "ਯੂਨੀਵਰਸਿਟੀ ਆਫ਼ ਵਿਨਕੌਂਸਿਨ-ਮੈਡੀਸਨ ਵਿੱਚ ਖੋਜ ਕਰਕੇ ਨੋਬੇਲ ਪੁਰਸਕਾਰ ਹਾਸਲ ਕਰਨ ਵਾਲੇ ਜੀਵ-ਰਾਸਾਇਣ ਵਿਗਿਆਨੀ ਹਰ ਗੋਬਿੰਦ ਖੁਰਾਣਾ ਨੌ ਨਵੰਬਰ ਦਿਨ ਬੁੱਧਵਾਰ ਨੂੰ

89 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਏ।" ਹਰ ਗੋਬਿੰਦ ਖੁਰਾਣਾ ਪੰਜਾਬੀ ਮੂਲ ਦੇ ਨੋਬੇਲ ਪੁਰਸਕਾਰ ਹਾਸਲ ਕਰਨ ਵਾਲੇ ਪਹਿਲੇ ਵਿਗਿਆਨੀ ਸਨ ਜੋ 1966 ਵਿੱਚ ਅਮਰੀਕੀ ਨਾਗਰਿਕ ਬਣ ਗਏ ਸਨ। ਉਨ੍ਹਾਂ ਨੂੰ 1968 ਵਿੱਚ ਜੀਨ ਉੱਤੇ ਖੋਜ ਕਰਨ ਦੇ ਨਤੀਜੇ ਵਜੋਂ ਮੈਡੀਸਨ ਦੋ ਹੋਰ ਵਿਗਿਆਨੀਆਂ ਨਾਲ ਸਾਂਝਾ ਨੋਬੇਲ ਪੁਰਸਕਾਰ ਦਿੱਤਾ ਗਿਆ। ਰੌਬਰਟ ਹੋਲੇ ਅਤੇ ਮਾਰਸ਼ਲ ਨੋਰੇਨਬਰਗ ਇਸ ਖੋਜ ਅਤੇ ਪੁਰਸਕਾਰ ਵਿੱਚ ਹਿੱਸੇਦਾਰ ਸਨ। ਇਨ੍ਹਾਂ ਤੱਥਾਂ ਬਾਬਤ ਸਵਾਲ ਭਾਰਤੀ ਸਕੂਲਾਂ, ਕਾਲਜਾਂ ਅਤੇ ਟੈਲੀਵਿਜ਼ਨ ਚੈਨਲਾਂ ਦੇ ਸਵਾਲਾਂ-ਜਵਾਬਾਂ ਦੇ ਮੁਕਾਬਲਿਆਂ ਵਿੱਚ ਲਗਾਤਾਰ ਸਵਾਲ ਪੁੱਛੇ ਜਾਂਦੇ ਰਹੇ ਹਨ। ਹਰ ਗੋਬਿੰਦ ਖੁਰਾਣਾ ਦੇ ਚਲਾਣੇ ਦੀ ਖ਼ਬਰ ਇਨ੍ਹਾਂ ਤੱਥਾਂ ਦੇ ਹਵਾਲੇ ਨਾਲ ਹੀ ਨਸ਼ਰ ਕੀਤੀ ਗਈ।


ਇਹ ਤੱਥ ਹਰ ਗੋਬਿੰਦ ਖੁਰਾਣਾ ਦੀਆਂ ਪ੍ਰਾਪਤੀਆਂ ਦੀ ਦੱਸ ਪਾਉਂਦੇ ਹਨ। ਇਨ੍ਹਾਂ ਤੱਥਾਂ ਦਾ ਦੂਜਾ ਪਾਸਾ ਸਵਾਲ ਵਜੋਂ ਪੇਸ਼ ਹੁੰਦਾ ਹੈ। ਆਲਮੀ ਮਿਆਰ ਦਾ ਵਿਗਿਆਨੀ 89 ਸਾਲ ਦੀ ਜ਼ਿੰਦਗੀ ਜਿਉਣ ਤੋਂ ਬਾਅਦ ਕੁਝ ਤੱਥਾਂ ਤੱਕ ਮਹਿਦੂਦ ਕਿਵੇਂ ਹੋ ਸਕਦਾ ਹੈ? ਇਸੇ ਸਵਾਲ ਵਿੱਚ ਹਰ ਗੋਬਿੰਦ ਖੁਰਾਣਾ ਦੀ ਹੋਣੀ ਨਹਿਤ ਜਾਪਦੀ ਹੈ। ਖਲੀਲ ਜਿਬਰਾਨ ਨੇ ਲਿਖਿਆ ਹੈ ਕਿ ਵਿਛੜਨ ਦਾ ਵੇਲਾ ਦਰਅਸਲ ਮਿਲਣ ਦਾ ਵੀ ਸਮਾਂ ਹੁੰਦਾ ਹੈ। ਅਜਿਹੇ ਸਮੇਂ ਹੀ ਵਿਛੜ ਚੁੱਕੇ ਨੂੰ ਫ਼ਾਸਲੇ ਤੋਂ ਵੇਖਿਆ ਜਾ ਸਕਦਾ ਹੈ। ਪੂਰਾ ਹੋ ਚੁੱਕੇ ਬੰਦੇ ਨੂੰ ਤਫ਼ਸੀਲ ਨਾਲ ਸਮਝਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਸੰਨ 2009 ਵਿੱਚ ਭਾਰਤੀ ਮੂਲ ਦੇ ਵਿਗਿਆਨੀ ਵੈਂਕਟਰਾਮਨ ਰਾਮਾਕ੍ਰਿਸ਼ਨਨ ਨੂੰ ਥੌਮਲ ਸਟੀਟਜ਼ ਅਤੇ ਅਡਾ ਯੋਨਾਥ ਨਾਲ ਸਾਂਝਾ ਨੋਬੇਲ ਪੁਰਸਕਾਰ ਮਿਲਿਆ। ਹਰ ਗੋਬਿੰਦ ਖੁਰਾਣਾ ਅਤੇ ਵੈਂਕਟਰਾਮਨ ਰਾਮਾਕ੍ਰਿਸ਼ਨਨ ਦੀਆਂ ਪ੍ਰਾਪਤੀਆਂ ਤੇ ਖੋਜ ਵਿੱਚ ਸਾਂਝੀਆਂ ਤੰਦਾਂ ਪੁਰਸਕਾਰ ਤੋਂ ਇਲਾਵਾ ਰੀਬੋਸੋਮਸ ਅਤੇ ਪ੍ਰੋਟੀਨ ਰਾਹੀਂ ਜੁੜੀਆਂ ਹੋਈਆਂ ਹਨ। ਪੁਰਸਕਾਰ ਮਿਲਣ ਤੋਂ ਬਾਅਦ ਵੈਂਕਟਰਾਮਨ ਰਾਮਾਕ੍ਰਿਸ਼ਨਨ ਨੂੰ ਵਧਾਈਆਂ ਦੀ ਬਹੁਤ ਈਮੇਲ ਆਈ। ਉਸ ਨੇ ਇੱਕ ਲੇਖ ਵਿੱਚ ਲਿਖ ਦਿੱਤਾ, "ਮੈਂ ਆਪਣੀ ਸਾਰੀ ਈਮੇਲ ਆਪ ਦੇਖਦਾ ਹਾਂ। ਇਸ ਕੰਮ ਲਈ ਮੇਰੇ ਕੋਲ ਕੋਈ ਸਹਾਇਕ ਨਹੀਂ ਹੈ। ਵਧਾਈਆਂ ਦੀ ਈਮੇਲ ਕਾਰਨ ਮੇਰਾ ਬਹੁਤ ਸਾਰਾ ਸਮਾਂ ਬਰਬਾਦ ਹੋ ਰਿਹਾ ਹੈ। ਮੈਂ ਇਹ ਨਹੀਂ ਚਾਹੁੰਦਾ ਕਿ ਕੋਈ ਕੰਮ ਦੀ ਮੇਲ ਮੈਥੋਂ ਖੁੰਝ ਜਾਏ। ਮੈਂ ਜਾਣਦਾ ਹਾਂ ਕਿ ਮੈਨੂੰ ਪੁਰਸਕਾਰ ਮਿਲਣ ਨਾਲ ਲੋਕਾਂ ਨੂੰ ਖ਼ੁਸ਼ੀ ਹੋਈ ਹੈ। ਚੰਗਾ ਇਹ ਹੋਵੇਗਾ ਕਿ ਇਸ ਖ਼ੁਸ਼ੀ ਦੇ ਮੌਕੇ ਉਹ ਮੇਰੇ ਕੰਮ ਨੂੰ ਸਮਝਣ ਦਾ ਉਪਰਾਲਾ ਕਰਨ।" ਵੈਂਕਟਰਾਮਨ ਰਾਮਾਕ੍ਰਿਸ਼ਨਨ ਦੀ ਇਸ ਬੇਨਤੀ ਨੂੰ ਹਉਮੈ ਕਰਾਰ ਦਿੱਤਾ ਗਿਆ। ਉਸ ਨਾਲ ਜੁੜੇ ਤੱਥ ਅਹਿਮ ਰਹਿ ਗਏ ਜੋ ਸਵਾਲਾਂ-ਜਵਾਬਾਂ ਦੇ ਮੁਕਾਬਲਿਆਂ ਵਿੱਚ ਪੁੱਛੇ ਜਾ ਸਕਦੇ ਹਨ ਜਾਂ ਨਾਮੀ ਭਾਰਤੀਆਂ ਦੇ ਕੋਸ਼ ਵਿੱਚ ਦਰਜ ਹੋ ਸਕਦੇ ਹਨ।

ਭਾਰਤੀ ਮੂਲ ਦਾ ਵਿਗਿਆਨੀ ਅਸੀਮ ਅੰਸਾਰੀ ਯੂਨੀਵਰਸਿਟੀ ਆਫ਼ ਵਿਨਕੌਂਸਿਨ-ਮੈਡੀਸਨ ਵਿੱਚ ਕੰਮ ਕਰਦਾ ਹੈ। ਉਸ ਨੇ ਹਰ ਗੋਬਿੰਦ ਖੁਰਾਣਾ ਦੇ ਚਲਾਣੇ ਉਤੇ ਕਿਹਾ ਹੈ, "ਡੀ.ਐਨ.ਏ. ਦੇ ਰਾਸਾਇਣ ਵਿਗਿਆਨ ਵਿੱਚ ਉਨ੍ਹਾਂ ਦੀ ਵਿਗਿਆਨਕ ਖੋਜ ਨਵੇਂ ਦਿਸਹੱਦੇ ਤੈਅ ਕਰਨ ਦਾ ਸਬੱਬ ਬਣੀ। ਇਸ ਨਾਲ ਬਾਇਓਤਕਨਾਲੋਜੀ ਵਿੱਚ ਨਵੀਂਆਂ ਖੋਜਾਂ ਦਾ ਮੁੱਢ ਬੱਝਿਆ। ਉਨ੍ਹਾਂ ਨੇ 1960ਵਿਆਂ ਦੇ ਦਹਾਕੇ ਵਿੱਚ ਵਿਸਕੌਂਸਿਨ ਵਿੱਚ ਇਸ ਖੋਜ ਦਾ ਬੁਨਿਆਦੀ ਕੰਮ ਕੀਤੀ ਜਿਸ ਦੀ ਲਗਾਤਾਰਤਾ ਵਿੱਚ ਵਿਗਿਆਨਕ ਖੋਜ ਜਾਰੀ ਹੈ।" ਇਸ ਦੇ ਨਾਲ ਹੀ 2006 ਵਿੱਚ 'ਗਾਰਡੀਅਨ' ਵਿੱਚ ਛਪੇ ਸਲੀਲ ਤ੍ਰਿਪਾਠੀ ਦੇ ਲੇਖ ਦਾ ਹਵਾਲਾ ਜ਼ਰੂਰੀ ਹੈ। ਲੇਖ ਮੁਤਾਬਕ ਹਰ ਗੋਬਿੰਦ ਖੁਰਾਣਾ ਨੇ ਕਦੇ ਕਿਹਾ ਸੀ, "ਮੇਰਾ ਬੁਨਿਆਦੀ ਖੋਜ ਲਈ ਲੋੜੀਂਦੇ ਸਾਧਨਾਂ ਅਤੇ ਸਹੂਲਤਾਂ ਦੀ ਕਿੱਲਤ ਕਾਰਨ ਭਾਰਤ ਵਿੱਚ ਕੰਮ ਕਰਨਾ ਨਾਮੁਮਕਿਨ ਸੀ।" ਇਨ੍ਹਾਂ ਹਵਾਲਿਆਂ ਨਾਲ ਹਰ ਗੋਬਿੰਦ ਖੁਰਾਣਾ ਦੇ ਜੀਵਨ ਅਤੇ ਕੰਮ ਨੂੰ ਜਾਨਣਾ ਇਸ ਮੌਕੇ ਦੀ ਲੋੜ ਬਣਦਾ ਹੈ।

ਹਰ ਗੋਬਿੰਦ ਖੁਰਾਣਾ ਦੇ ਜਨਮ ਦਾ ਪੱਕਾ ਦਿਨ ਪਤਾ ਨਹੀਂ ਹੈ ਪਰ ਕਾਗ਼ਜ਼ਾਂ ਵਿੱਚ ਜਨਮ ਮਿਤੀ ਨੌ ਜਨਵਰੀ 1922 ਦਰਜ ਹੈ। ਉਨ੍ਹਾਂ ਦੇ ਪਿਤਾ ਜੀ ਪਟਵਾਰੀ ਸਨ। ਖ਼ਾਨੇਵਾਲ ਜ਼ਿਲ੍ਹੇ ਦੀ ਕਬੀਰਵਾਲਾ ਤਹਿਸੀਲ ਵਿੱਚ ਉਨ੍ਹਾਂ ਦਾ ਜੱਦੀ ਪਿੰਡ ਰਾਏਪੁਰ ਸੀ। ਚਾਰ ਭਾਈਆਂ ਅਤੇ ਇੱਕ ਭੈਣ ਤੋਂ ਬਾਅਦ ਜਨਮਿਆ ਹਰ ਗੋਬਿੰਦ ਖੁਰਾਣਾ ਡੀ.ਏ.ਵੀ. ਸਕੂਲ ਮੁਲਤਾਨ ਤੋਂ ਪੜ੍ਹਿਆ। ਉਸ ਵੇਲੇ ਤਕਰੀਬਨ ਸੌ ਜੀਆਂ ਦੇ ਪਿੰਡ ਵਿੱਚ ਸਿਰਫ਼ ਉਨ੍ਹਾਂ ਦਾ ਟੱਬਰ ਹੀ ਪੜ੍ਹਿਆ-ਲਿਖਿਆ ਸੀ। ਬਾਅਦ ਵਿੱਚ ਹਰ ਗੋਬਿੰਦ ਖੁਰਾਣਾ ਨੇ ਐਮ.ਐਸਸੀ. ਦੀ ਪੜ੍ਹਾਈ ਪੰਜਾਬ ਯੁਨੀਵਰਸਿਟੀ, ਲਾਹੌਰ ਤੋਂ ਕੀਤੀ। ਨੋਬੇਲ ਅਕੈਡਮੀ ਦੇ ਜੀਵਨੀ ਲੇਖ ਮੁਤਾਬਕ ਸਕੂਲ ਅਧਿਆਪਕ ਰਤਨ ਲਾਲ ਅਤੇ ਐਮ.ਐਸਸੀ. ਦੀ ਖੋਜ ਦੇ ਨਿਗਰਾਨ ਮਹਾਨ ਸਿੰਘ ਦਾ ਅਸਰ ਹਰ ਗੋਬਿੰਦ ਖੁਰਾਣਾ ਲਈ ਫ਼ੈਸਲਾਕੁਨ ਸਾਬਤ ਹੋਇਆ। ਪੀਐਚ.ਡੀ. ਕਰਨ ਲਈ ਭਾਰਤ ਸਰਕਾਰ ਤੋਂ ਵਜ਼ੀਫ਼ਾ ਮਿਲਿਆ ਅਤੇ ਉਹ 1945 ਵਿੱਚ ਲੀਵਰਪੂਲ ਯੂਨੀਵਰਸਿਟੀ ਵਿੱਚ ਪਹੁੰਚ ਗਿਆ। ਉੱਥੇ ਹਰ ਗੋਬਿੰਦ ਖੁਰਾਣਾ ਨੇ ਰੌਜਰ ਜੇ.ਐਸ. ਬੀਅਰ ਦੀ ਨਿਗਰਾਨੀ ਵਿੱਚ ਖੋਜ ਅਤੇ ਪੱਛਮੀ ਸੱਭਿਅਤਾ ਨਾਲ ਜਾਣ-ਪਛਾਣ ਕੀਤੀ। ਪੀਐਚ.ਡੀ. ਤੋਂ ਬਾਅਦ ਹਰ ਗੋਬਿੰਦ ਖੁਰਾਣਾ ਨੇ ਦੋ ਸਾਲ ਪ੍ਰੋ. ਬਲਾਦੀਮੀਰ ਪ੍ਰੀਲੋਗ ਨਾਲ ਸਵਿਟਜਰਲੈਂਡ ਦੇ ਸ਼ਹਿਰ ਜ਼ਿਊਰਿਖ ਵਿੱਚ ਖੋਜ ਕਾਰਜ ਕੀਤਾ। ਕੁਝ ਦੇਰ ਭਾਰਤ ਵਿੱਚ ਰਹਿਣ ਤੋਂ ਇੰਗਲੈਂਡ ਦੀ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਡਾ. ਜੀ. ਡਬਲਯੂ. ਕੇਨਰ ਅਤੇ ਪ੍ਰੋ. ਏ.ਆਰ. ਟੌਡ ਨਾਲ ਖੋਜ ਕਰਦਿਆਂ ਹਰ ਗੋਬਿੰਦ ਖੁਰਾਣਾ ਲਈ ਚਿਰਕਾਲੀ ਖੋਜ ਦਾ ਖੇਤਰ ਤੈਅ ਹੋ ਗਿਆ। ਉਹ ਵੇਲੇ ਪ੍ਰੋਟੀਨ ਅਤੇ ਨਿਉਕਲੀਅਕ ਐਸਿਡ ਵਿੱਚ ਵਿਗਿਆਨਕ ਖੋਜ ਦੀ ਦਿਲਚਸਪੀ ਵਧ ਰਹੀ ਸੀ। ਇਹ ਦਿਲਚਸਪੀ ਹਰ ਗੋਬਿੰਦ ਖੁਰਾਣਾ ਦੀ ਖੋਜ ਅਤੇ ਮਹਾਰਤ ਲਈ ਚਿਰਕਾਲੀ ਵਿਸ਼ੇ ਦੀ ਸ਼ਨਾਖ਼ਤ ਕਰਨ ਵਿੱਚ ਸਹਾਈ ਹੋਈ।

ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਡਾ. ਗੋਰਡਨ ਐਮ. ਸ਼ਰੱਮ ਨੇ ਨੌਕਰੀ ਦੀ ਪੇਸ਼ਕਸ਼ ਕੀਤੀ ਤਾਂ 1952 ਵਿੱਚ ਹਰ ਗੋਬਿੰਦ ਖੁਰਾਣਾ ਵੈਨਕੂਵਰ ਚਲਿਆ ਗਿਆ। ਉਸ ਵੇਲੇ ਬ੍ਰਿਟਿਸ਼ ਕੋਲੰਬੀਆ ਵਿੱਚ ਸਹੂਲਤਾਂ ਭਾਵੇਂ ਘੱਟ ਸਨ ਪਰ ਖੋਜੀਆਂ ਲਈ ਮਾਹੌਲ ਬਹੁਤ ਵਧੀਆ ਸੀ। ਉਹ ਆਪਣੀ ਦਿਲਚਸਪੀ ਮੁਤਾਬਕ ਕੰਮ ਕਰ ਸਕਦੇ ਸਨ। ਇਸ ਤੋਂ ਬਾਅਦ 1960 ਵਿੱਚ ਹਰ ਗੋਬਿੰਦ ਖੁਰਾਣਾ 'ਇੰਸਟੀਚਿਉਟ ਆਫ਼ ਐਨਜਾਇਮ ਰਿਸਰਚ' ਵਿੱਚ ਕੋ-ਡਾਈਰੈਕਟਰ ਵਜੋਂ ਯੂਨੀਵਰਸਿਟੀ ਆਫ਼ ਵਿਨਕੌਂਸਿਨ ਚਲਿਆ ਗਿਆ। ਇਸ ਦੇ ਨਾਲ ਹੀ ਉਹ ਜੀਵ-ਰਾਸਾਇਣ ਵਿਗਿਆਨ ਦੇ ਮਹਿਕਮੇ ਵਿੱਚ ਪੜ੍ਹਾਉਂਦੇ ਸਨ। ਇਸੇ ਅਦਾਰੇ ਵਿੱਚ ਕੰਮ ਕਰਦੇ ਸਮੇਂ ਆਪਣੇ ਸਾਥੀਆਂ ਨਾਲ ਮਿਲ ਕੇ ਹਰ ਗੋਬਿੰਦ ਖੁਰਾਣਾ ਨੇ ਪ੍ਰੋਟੀਨ ਬਣਾਉਣ ਵਿੱਚ ਸਹਾਈ ਹੁੰਦੇ ਆਰ.ਐਨ.ਏ. ਕੋਡ ਅਤੇ ਇਸ ਨਾਲ ਜੁੜੀ ਕਾਰਜਵਿਧੀ ਦੀ ਸ਼ਨਾਖ਼ਤ ਕਰ ਲਈ। ਇਸੇ ਕੰਮ ਲਈ ਉਨ੍ਹਾਂ ਨੂੰ ਨੋਬੇਲ ਪੁਰਸਕਾਰ ਮਿਲਿਆ। ਕੌਰਨਲ ਯੂਨੀਵਰਸਿਟੀ ਦੇ ਰੌਬਰਟ ਹੋਲੇ ਅਤੇ ਨੈਸ਼ਨਲ ਇੰਸਟੀਚਿਉਟ ਆਫ਼ ਹੈਲਥ ਦੇ ਮਾਰਸ਼ਲ ਨੋਰੇਨਬਰਗ ਇਸ ਪੁਰਸਕਾਰ ਦੇ ਹਿੱਸੇਦਾਰ ਸਨ। ਉਤਰੀ ਅਮਰੀਕਾ ਤੇ ਯੂਰਪ ਵਿੱਚ ਖੋਜੀਆਂ ਤੇ ਅਦਾਰਿਆਂ ਦੇ ਤਾਲਮੇਲ ਦੀ ਇਹ ਰੀਤ ਖੋਜ ਮਿਆਰ ਨੂੰ ਉੱਚਾ ਚੁੱਕਣ ਦੀ ਅਹਿਮ ਤੰਦ ਸਾਬਤ ਹੋਈ ਹੈ।

ਸੰਨ 1970 ਵਿੱਚ ਹਰ ਗੋਬਿੰਦ ਖੁਰਾਣਾ 'ਮੈਸਚੂਸੈਟਸ ਇੰਸਟੀਚਿਉਟ ਆਫ਼ ਟੈਕਨਾਲੋਜੀ' (ਐਮ.ਆਈ.ਟੀ.) ਚਲੇ ਗਏ। ਇਸ ਅਦਾਰੇ ਦੇ ਖੋਜ ਮਿਆਰ ਕਾਰਨ ਹਰ ਖੋਜੀ ਤੇ ਵਿਦਵਾਨ ਇਸ ਨਾਲ ਜੁੜਨਾ ਲੋਚਦਾ ਹੈ। ਖੋਜੀਆਂ ਲਈ ਲੋੜੀਂਦੀ ਖੁੱਲ੍ਹ ਕਾਰਨ ਇਸ ਅਦਾਰੇ ਦਾ ਵਿਗਿਆਨ, ਫ਼ਲਸਫ਼ੇ ਅਤੇ ਸਮਾਜਸ਼ਾਸਤਰ ਦੀ ਖੋਜ ਵਿੱਚ ਯੋਗਦਾਨ ਜੱਗ-ਜ਼ਾਹਿਰ ਹੈ। ਇਸ ਅਦਾਰੇ ਵਿੱਚ 1976 ਵਿੱਚ ਹਰ ਗੋਬਿੰਦ ਖੁਰਾਣਾ ਨੇ ਮਨਸੂਈ ਜੀਨ ਨੂੰ ਜੈਵਿਕ ਸੈੱਲ ਵਿੱਚ ਸਰਗਰਮ ਕਰਨ ਦੀ ਕਾਮਯਾਬੀ ਹਾਸਲ ਕੀਤੀ। ਇਹੋ ਤਕਨੀਕ ਜੀਨ ਦੀ ਬਣਤਰ ਨਾਲ ਇਸ ਦੀ ਕਾਰਗੁਜ਼ਾਰੀ ਦੇ ਰਿਸ਼ਤੇ ਬਾਬਤ ਖੋਜ ਵਿੱਚ ਸਹਾਈ ਹੋਈ।

ਜਦੋਂ ਹਰ ਗੋਬਿੰਦ ਖੁਰਾਣਾ ਦੇ ਸਨਮਾਨ ਵਿੱਚ ਸਿਮਪੋਜੀਅਮ ਕੀਤਾ ਗਿਆ ਤਾਂ ਉਹ 2009 ਵਿੱਚ ਯੂਨੀਵਰਸਿਟੀ ਆਫ਼ ਵਿਨਕੌਂਸਿਨ-ਮੈਡੀਸਨ ਗਏ। ਇਸ ਸਮਾਗਮ ਵਿੱਚ ਹਰ ਗੋਬਿੰਦ ਖੁਰਾਣਾ ਤੋਂ ਇਲਾਵਾ ਬੁਲਾਰਿਆਂ ਵਜੋਂ ਨੋਬੇਲ ਪੁਰਸਕਾਰ ਹਾਸਲ ਕਰਨ ਵਾਲੇ ਦੋ ਹੋਰ ਵਿਗਿਆਨੀ ਪਹੁੰਚੇ। ਅਸੀਮ ਅੰਸਾਰੀ ਨੇ ਲਿਖਿਆ ਹੈ, "ਵਿਦਵਾਨ ਵਿਗਿਆਨੀਆਂ ਦਾ ਇਹ ਬੇਮਿਸਾਲ ਇਕੱਠ ਸੀ ਜੋ ਖੁਰਾਣਾ ਦੇ ਯੋਗਦਾਨ ਨੂੰ ਸਿਜਦਾ ਕਰਨ ਜੁੜਿਆ ਸੀ। ਉਹ ਸਾਰੇ ਦੱਸ ਰਹੇ ਸਨ ਕਿ ਖੁਰਾਣਾ ਦਾ ਕੰਮ ਉਨ੍ਹਾਂ ਦੀ ਖੋਜ ਉੱਤੇ ਕਿਵੇਂ ਅਸਰਅੰਦਾਜ਼ ਹੋਇਆ ਹੈ। ਮਸਨੂਈ ਜੀਵ-ਵਿਗਿਆਨ (ਸਿੰਥੈਟਿਕ ਬਾਇਓਲੋਜੀ) ਦੀਆਂ ਮੌਜੂਦਾ ਪ੍ਰਾਪਤੀਆਂ ਲਈ ਖੁਰਾਣਾ ਦਾ ਕੰਮ ਠੋਸ ਬੁਨਿਆਦ ਸਾਬਤ ਹੋਇਆ ਹੈ।" ਇਸੇ ਯੋਗਦਾਨ ਦੇ ਸਨਮਾਨ ਵਜੋਂ ਯੂਨੀਵਰਸਿਟੀ ਆਫ਼ ਵਿਨਕੌਂਸਿਨ-ਮੈਡੀਸਨ ਨੇ 'ਖੁਰਾਣਾ ਸਕੌਲਰਜ਼ ਪ੍ਰੋਗਰਾਮ' ਸ਼ੁਰੂ ਕੀਤਾ ਹੈ ਜਿਸ ਤਹਿਤ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਜਾਂਦੇ ਹਨ। ਇਸੇ ਪ੍ਰੋਗਰਾਮ ਤਹਿਤ ਵਿਨਕੌਂਸਿਨ ਦੇ ਖੇਤੀ ਵਿਗਿਆਨੀਆਂ ਨੂੰ ਭਾਰਤ ਦੇ ਗ਼ੁਰਬਤ ਮਾਰੇ ਪੇਂਡੂ ਇਲਾਕਿਆਂ ਵਿੱਚ ਆਰਥਿਕ ਸਥਿਰਤਾ ਅਤੇ ਖ਼ੁਰਾਕ ਸੁਰੱਖਿਆ ਲਈ ਲੋੜੀਂਦੀਆਂ ਪਹਿਲਕਦਮੀਆਂ ਵਿੱਚ ਸ਼ਾਮਿਲ ਹੋਣ ਲਈ ਭੇਜਿਆ ਜਾਂਦਾ ਹੈ। ਅਸੀਮ ਅੰਸਾਰੀ ਮੁਤਾਬਕ, "ਖੁਰਾਣਾ ਦੇ ਬੇਮਿਸਾਲ ਕੰਮ ਦਾ ਸਨਮਾਨ ਅਜਿਹੇ ਕੌਮਾਂਤਰੀ ਪ੍ਰੋਗਰਾਮ ਨਾਲ ਹੀ ਕੀਤਾ ਜਾ ਸਕਦਾ ਹੈ। ਉਹ ਵਿਨਕੌਂਸਿਨ ਦੇ ਸਰਹੱਦ-ਮੁਕਤ ਗਿਆਨ ਦੀ ਨੁਮਾਇੰਦਗੀ ਕਰਦਾ ਹੈ। ਉਸ ਨੇ ਭਾਰਤ ਦੇ ਪੇਂਡੂ ਇਲਾਕੇ ਦੇ ਗ਼ਰੀਬ ਪਰਿਵਾਰ ਵਿਚੋਂ ਆ ਕੇ ਵਿਨਕੌਂਸਿਨ ਵਿੱਚ ਕੰਮ ਕੀਤਾ। ਉਸ ਦੇ ਯੋਗਦਾਨ ਨਾਲ ਵਿਗਿਆਨ ਖੋਜ ਦਾ ਮੁਹਾਣ ਬਦਲਿਆ ਹੈ।"

ਅਸੀਮ ਅੰਸਾਰੀ ਦੀ ਟਿੱਪਣੀ ਤੋਂ ਬਾਅਦ ਹਰ ਗੋਬਿੰਦ ਖੁਰਾਣਾ ਦੇ ਨੋਬੇਲ ਪੁਰਸਕਾਰ ਹਾਸਲ ਕਰਨ ਵੇਲੇ ਲਿਖੇ ਸਵੈ-ਜੀਵਨੀ ਲੇਖ ਦੀਆਂ ਇਹ ਸਤਰਾਂ ਪੜ੍ਹਨੀਆਂ ਜ਼ਰੂਰੀ ਹਨ, "ਗ਼ਰੀਬੀ ਦੇ ਬਾਵਜੂਦ ਮੇਰੇ ਪਿਤਾ ਜੀ ਨੇ ਬੱਚਿਆਂ ਦੀ ਪੜ੍ਹਾਈ ਨੂੰ ਤਰਜੀਹ ਦਿੱਤੀ। ਅਸੀਂ ਸੌ ਜੀਆਂ ਦੇ ਪਿੰਡ ਵਿੱਚ ਇੱਕੋ-ਇੱਕ ਸਾਖ਼ਰ ਪਰਿਵਾਰ ਸਾਂ।" ਉਨ੍ਹਾਂ ਦੀ ਧੀ ਜੁਲੀਆ ਖੁਰਾਣਾ ਮੁਤਾਬਕ, "ਖੋਜ ਕਰਦੇ ਸਮੇਂ ਉਨ੍ਹਾਂ ਦੀ ਵਿਦਿਆਰਥੀਆਂ, ਨੌਜਵਾਨਾਂ ਅਤੇ ਵਿਦਿਆ ਵਿੱਚ ਦਿਲਚਸਪੀ ਕਾਇਮ ਰਹੀ। ਉਨ੍ਹਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਵਿਦਿਆਰਥੀ ਸਾਡੇ ਘਰ ਆਉਂਦੇ ਸਨ। ਉਹ ਵਿਦਿਆਰਥੀਆਂ ਦੀ ਖੋਜ ਨਾਲ ਜੁੜੀ ਗੱਲਬਾਤ ਵਿੱਚ ਚਾਅ ਨਾਲ ਸ਼ਾਮਿਲ ਹੁੰਦੇ ਹਨ। ਉਹ ਆਪਣੇ ਵਿਦਿਆਰਥੀਆਂ ਨਾਲ ਵਫ਼ਾਦਾਰ ਸਨ ਅਤੇ ਵਿਦਿਆਰਥੀ ਉਨ੍ਹਾਂ ਨਾਲ ਵਫ਼ਾਦਾਰ ਸਨ।"

ਹਰ ਗੋਬਿੰਦ ਖੁਰਾਣਾ ਦੇ ਪੰਜਾਬੀ ਮੂਲ ਬਾਬਤ ਗੱਲ ਕਰਨ ਲਈ ਉਨ੍ਹਾਂ ਸਮਿਆਂ ਦਾ ਫੇਰਾ ਪਾਉਣਾ ਜ਼ਰੂਰੀ ਹੈ ਜਦੋਂ ਉਨ੍ਹਾਂ ਨੇ ਪੰਜਾਬ ਵਿੱਚ ਪੜ੍ਹਾਈ ਕੀਤੀ। ਵਿਗਿਆਨ ਦੀ ਰਸਮੀ ਪੜ੍ਹਾਈ ਪੰਜਾਬ ਵਿੱਚ ਬਸਤਾਨ ਹਕੂਮਤ ਦੇ ਆਉਣ ਤੋਂ ਬਾਅਦ ਸ਼ੁਰੂ ਹੋਈ। ਅਵਾਮੀ ਤਜਰਬੇ ਵਿੱਚ ਰਮੇ ਵਿਗਿਆਨ ਅਤੇ ਰਸਮੀ ਪੜ੍ਹਾਈ ਵਿੱਚ ਰਾਬਤੇ ਦੀ ਚਰਚਾ ਉਸੇ ਵੇਲੇ ਚੱਲੀ। ਰੁਚੀ ਰਾਮ ਸਾਹਨੀ ਅੰਗਰੇਜ਼ਾਂ ਦੇ ਬਣਾਏ ਵਿਦਿਅਕ ਅਦਾਰਿਆਂ ਵਿੱਚ ਪੜ੍ਹਾਉਣ ਵਾਲੇ ਪਹਿਲੇ ਪੰਜਾਬੀ ਵਿਗਿਆਨੀਆਂ ਵਿੱਚ ਸ਼ਾਮਿਲ ਸਨ। ਉਨ੍ਹਾਂ ਨੇ ਵਿਗਿਆਨ ਨੂੰ ਆਵਾਮ ਨਾਲ ਜੋੜਨ ਲਈ 'ਪੰਜਾਬ ਸਾਇੰਸ ਇੰਸਟੀਚਿਉਟ' ਦੀ ਨੀਂਹ ਰੱਖੀ। ਕਿਤਾਬੀ ਪੜ੍ਹਾਈ ਅਤੇ ਬੰਦ ਕਮਰਿਆਂ ਵਿੱਚ ਹੁੰਦੇ ਵਿਗਿਆਨਕ ਤਜਰਬਿਆਂ ਨੂੰ ਜਲਸਿਆਂ ਰਾਹੀਂ ਆਵਾਮ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਨਵੇਂ ਵਿਗਿਆਨਕ ਸੰਦਾਂ ਦੀ ਨੁਮਾਇਸ਼ ਕਰਕੇ ਜਲਸਿਆਂ ਵਿੱਚ ਜੁੜੀ ਸੰਗਤ ਤੋਂ ਇਨ੍ਹਾਂ ਦੇ ਪੰਜਾਬੀ ਨਾਮ ਰੱਖਣ ਦੀ ਸਲਾਹ ਮੰਗੀ। ਨਤੀਜੇ ਵਜੋਂ ਅਸੀਂ ਬਾਈਨੌਕੁਲਰ ਨੂੰ ਦੂਰਬੀਨ ਕਹਿੰਦੇ ਹਾਂ। ਅਜਿਹੇ ਹੋਰ ਵੀ ਬਹੁਤ ਨਾਮ ਹਨ। ਰੁਚੀ ਰਾਮ ਸਾਹਨੀ ਦੀਆਂ ਵਿਗਿਆਨ ਤੋਂ ਬਿਨਾਂ ਦੋ ਕਿਤਾਬਾਂ ਹਨ। ਪਹਿਲੀ ਉਨੀਵੀਂ ਸਦੀ ਬਾਬਤ ਹੈ: 'ਏ ਸੈਂਚੁਰੀ ਆਫ਼ ਕਲਚਰਲ ਫਰਮੈਂਟੇਸ਼ਨ' ਅਤੇ ਦੂਜੀ: 'ਰੀਫੌਰਮਜ਼ ਇਨ ਸਿੱਖ ਸ਼ਰਾਇਨਜ਼'। ਉਨ੍ਹਾਂ ਲਈ ਵਿਗਿਆਨ ਨੂੰ ਅਵਾਮ ਤੱਕ ਲਿਜਾਣਾ ਬਸਤਾਨਾਂ ਦੇ ਖ਼ਿਲਾਫ਼ ਲੜਾਈ ਦਾ ਤਰੀਕਾ ਸੀ। ਕਲਾ ਅਤੇ ਸਾਹਿਤ ਨਾਲ ਉਨ੍ਹਾਂ ਦੀ ਸਾਂਝ ਆਈ.ਸੀ. ਨੰਦਾ, ਨੌਰਾ ਰਿਚਰਡ ਅਤੇ ਫ਼ਿਰੋਜ਼ਦੀਨ ਸ਼ਰਫ਼ ਨਾਲ ਨੇੜਤਾ ਵਿੱਚੋਂ ਝਲਕਦੀ ਹੈ। ਫ਼ਿਰੋਜ਼ਦੀਨ ਸ਼ਰਫ਼ ਦੀਆਂ ਕਵਿਤਾਵਾਂ 'ਮੈਂ ਪੰਜਾਬੀ' ਅਤੇ 'ਫ਼ਰਜ਼' ਦੀ ਨਕਸ਼ਤਰਾਸ਼ੀ ਰੁਚੀ ਰਾਮ ਸਾਹਨੀ ਨੂੰ ਸਾਹਮਣੇ ਬਿਠਾ ਕੇ ਕੀਤੀ ਜਾਪਦੀ ਹੈ। ਉਹ ਬੀ.ਸੀ. ਸਾਨਿਆਲ ਦੀਆਂ ਨੁਮਾਇਸ਼ਾਂ ਦੇ ਪੱਕੇ ਦਰਸ਼ਕ ਸਨ। ਮਾਇਓ ਸਕੂਲ ਆਫ਼ ਆਰਟ ਤੋਂ ਉਨ੍ਹਾਂ ਲਕੜੀ ਤਰਾਸ਼ਣ ਦਾ ਕੰੰਮ ਸਿੱਖ ਕੇ ਵਿਗਿਆਨ ਦੀ ਪੜ੍ਹਾਈ ਵਿੱਚ ਵਰਤਿਆ। ਬਲਰਾਜ ਸਾਹਨੀ ਉਨ੍ਹਾਂ ਦੇ ਘਰ ਨੂੰ ਲਾਹੌਰ ਦੇ ਮੀਲ-ਪੱਥਰ ਵਜੋਂ ਪੇਸ਼ ਕਰਦੇ ਹਨ। ਉਨ੍ਹਾਂ ਦਾ ਪੁੱਤ ਬੀਰਬਲ ਸਾਹਨੀ ਨਾਮੀ ਵਿਗਿਆਨੀ ਸੀ। ਦੂਜੇ ਪੁੱਤਰ ਮੁਲਕ ਰਾਜ ਸਾਹਨੀ ਦਾ ਪੁੱਤਰ ਅਸ਼ੋਕ ਸਾਹਨੀ ਇਸੇ ਰੀਤ ਦੀ ਅਗਲੀ ਕੜੀ ਹੈ। ਇਹ ਕੁਰਸੀਨਾਮਾ ਪੰਜਾਬੀਆਂ ਲਈ ਮਾਣ ਦਾ ਸਬੱਬ ਹੋ ਸਕਦਾ ਹੈ।

ਰੁਚੀ ਰਾਮ ਸਾਹਨੀ ਅਤੇ ਹਰ ਗੋਬਿੰਦ ਖੁਰਾਣਾ ਦਾ ਇਕੱਠੀ ਗੱਲ ਕਰਨ ਦਾ ਸਬੱਬ ਉਨ੍ਹਾਂ ਦੇ ਵਿਗਿਆਨੀ ਅਤੇ ਪੰਜਾਬੀ ਹੋਣ ਤੱਕ ਮਹਿਦੂਦ ਨਹੀਂ ਹੈ। ਇਨ੍ਹਾਂ ਨੇ ਵਿਗਿਆਨ ਅਤੇ ਪੰਜਾਬੀ ਸਮਾਜ ਦੇ ਰਿਸ਼ਤਿਆਂ ਦੀ ਅਹਿਮ ਤੰਦਾਂ ਉਜਾਗਰ ਕੀਤੀਆਂ ਹਨ। ਨਜ਼ਮ ਹੁਸੈਨ ਸਈਅਦ ਮੁਤਾਬਕ ਕਦੇ ਲਾਹੌਰ ਦੇ ਗੌਰਮੈਂਟ ਕਾਲਜ ਵਿੱਚ ਰੁਚੀ ਰਾਮ ਸਾਹਨੀ ਦੇ ਨਾਮ ਉਤੇ ਲਾਇਕ ਵਿਦਿਆਰਥੀਆਂ ਨੂੰ ਤਮਗਾ ਮਿਲਦਾ ਸੀ। ਹੁਣ ਅਜਿਹਾ ਨਹੀਂ ਹੁੰਦਾ। ਹਰ ਗੋਬਿੰਦ ਖੁਰਾਣਾ ਦੇ ਨਾਮ ਉੱਤੇ ਅਮਰੀਕਾ ਵਿੱਚ ਸ਼ੁਰੂ ਹੋਇਆ ਪ੍ਰੋਗਰਾਮ ਚਲਦਾ ਰਹੇਗਾ। ਉਨ੍ਹਾਂ ਨਾਲ ਜੁੜੇ ਕੁਝ ਤੱਥਾਂ ਨੂੰ ਸਵਾਲਾਂ-ਜਵਾਬਾਂ ਦੇ ਮੁਕਾਬਲਿਆਂ ਵਿੱਚ ਸਵਾਲ ਵਜੋਂ ਪੁੱਛਿਆ ਜਾਂਦਾ ਰਹੇਗਾ। ਇਸ ਥਾਂ ਹਰ ਗੋਬਿੰਦ ਖੁਰਾਣਾ ਨਾਲ ਜੁੜੇ ਕੁਰਸੀਨਾਮੇ ਦਾ ਜ਼ਿਕਰ ਲਾਜ਼ਮੀ ਹੈ। ਇਹ ਕੁਰਸੀਨਾਮਾ ਉਨ੍ਹਾਂ ਦੇ ਤਿੰਨ ਬੱਚਿਆਂ ਨਾਲ ਜੁੜਿਆ ਹੋਇਆ ਨਹੀਂ। ਇਹ ਕੁਰਸੀਨਾਮਾ ਇੰਗਲੈਂਡ ਦੇ ਵਿਗਿਆਨੀ ਰੌਜਰ ਜੇ.ਐਸ਼ ਬੀਅਰ ਦਾ ਹੈ ਜਿਸ ਵਿੱਚ ਉਸ ਦੀ ਨਾਦੀ ਸੰਤਾਨ (ਕਾਰਜ ਦਾ ਵਾਰਸ) ਦਰਜ ਹੈ। ਰੌਜਰ ਜੇ.ਐਸ. ਬੀਅਰ ਦੀ ਨਾਦੀ ਸੰਤਾਨ ਵਜੋਂ ਹਰ ਗੋਬਿੰਦ ਖੁਰਾਣਾ ਦਾ ਨਾਮ ਸਭ ਤੋਂ ਉੱਤੇ ਦਰਜ ਹੈ। ਸਾਡੇ ਕੋਲ ਰੁਚੀ ਰਾਮ ਸਾਹਨੀ ਦਾ ਵਿੰਦੀ (ਲਹੂ ਦਾ ਰਿਸ਼ਤਾ) ਸੰਤਾਨ ਦਾ ਕੁਰਸੀਨਾਮਾ ਹੈ। ਇਨ੍ਹਾਂ ਕੁਰਸੀਨਾਮਿਆਂ ਵਿੱਚੋਂ ਪੰਜਾਬ ਦੇ ਗਿਆਨ-ਵਿਗਿਆਨ ਨਾਲ ਗੁੰਝਲਦਾਰ ਰਿਸ਼ਤੇ ਦੀਆਂ ਤੰਦਾਂ ਸੁਲਝਣ ਦਾ ਮੰਤਰ ਹੈ।

ਅਸੀਮ ਅੰਸਾਰੀ ਦਾ 'ਸਰਹੱਦ ਮੁਕਤ' ਗਿਆਨ ਕੌਮਾਂਤਰੀ ਸਮਝੌਤਿਆਂ ਤਹਿਤ ਕਿਸ ਭਾਅ ਸਰਹੱਦਾਂ ਪਾਰ ਕਰਦਾ ਹੈ? ਇਹ ਸਵਾਲ ਵੱਖਰੇ ਲੇਖ ਦਾ ਵਿਸ਼ਾ ਹੋ ਸਕਦਾ ਹੈ। ਰੁਚੀ ਰਾਮ ਸਾਹਨੀ ਦੇ ਵਿਗਿਆਨ ਨੇ ਸਮਾਜਿਕ ਸੁਰਤ ਦੀ ਵਿਵੇਕੀ ਸੁਰ ਛੇੜਨ ਦਾ ਦਾਅਵਾ ਕੀਤਾ ਸੀ। ਉਹ ਬੰਦੇ ਦੇ ਬਾਹਰਮੁਖੀ ਸਮਾਜਿਕ ਵਿਕਾਸ ਵਿੱਚ ਵਿਗਿਆਨ ਨੂੰ ਅਹਿਮ ਤੰਦ ਮੰਨਦੇ ਸਨ। ਇਸ ਵਿੱਚੋਂ ਬਿਹਤਰ ਸਮਾਜ ਦੀ ਉਸਾਰੀ ਦਾ ਰਾਹ ਨਿਕਲਦਾ ਹੈ। ਹਰ ਗੋਬਿੰਦ ਖੁਰਾਣਾ ਨੇ ਪੰਜਾਬੀ ਬੰਦੇ ਦੀ ਲਿਆਕਤ ਦਾ ਸਬੂਤ ਦਿੱਤਾ ਹੈ। ਉਨ੍ਹਾਂ ਨੇ ਬੰਦੇ ਦੇ ਸਰੀਰ ਅੰਦਰ ਚੱਲਦੀ ਪੇਚੀਦਾ ਸਰਗਰਮੀ ਦਾ ਤਾਣਾ ਸਮਝਣ ਦਾ ਉਪਰਾਲਾ ਕੀਤਾ। ਇਸ ਉਪਰਾਲੇ ਵਿੱਚੋਂ ਮਨੁੱਖ ਦੇ ਸਰੀਰ ਨੂੰ ਲੱਗੀਆਂ ਬੀਮਾਰੀਆਂ ਦਾ ਤੋੜ ਲੱਭਦਾ ਹੈ। ਵਿਗਿਆਨ ਦੀ ਹੋਂਦ ਸਮਾਜ ਅਤੇ ਰਾਜਤੰਤਰ ਤੋਂ ਨਿਖੇੜ ਕੇ ਨਹੀਂ ਵੇਖੀ ਜਾ ਸਕਦੀ। ਇਹੋ ਨੁਕਤਾ ਰੁਚੀ ਰਾਮ ਸਾਹਨੀ ਅਤੇ ਹਰ ਗੋਬਿੰਦ ਖੁਰਾਣਾ ਵਿਚਕਾਰ ਫ਼ੈਸਲਾਕੁਨ ਨਿਖੇੜਾ ਕਰਦਾ ਹੈ। 'ਪੰਜਾਬ ਸਾਇੰਸ ਇੰਸਟੀਚਿਉਟ' ਅਤੇ 'ਖੁਰਾਣਾ ਸਕੌਲਰਜ਼ ਪ੍ਰੋਗਰਾਮ' ਪੰਜਾਬੀ ਬੰਦੇ ਦੇ ਵਿਗਿਆਨ ਨਾਲ ਰਾਬਤੇ ਦੀਆਂ ਅਹਿਮ ਕੜੀਆਂ ਹਨ ਜਿਨ੍ਹਾਂ ਵਿੱਚੋਂ ਅਵਾਮ ਅਤੇ ਸਾਮਰਾਜ ਦੇ ਟਕਰਾਅ ਦੀ ਲੜੀ ਲੰਘਦੀ ਹੈ।

1 comment:

Unknown said...

ਡਾਕਟਰ ਹਰਗੋਬਿੰਦ ਖੁਰਾਨਾ ਅਤੇ ਰੁਚੀ ਰਾਮ ਸਾਹਨੀ ਉਪਰ ਏਨਾ ਰੌਚਿਕ ਅਤੇ ਜਾਣਕਾਰੀ ਭਰਪੂਰ ਲੇਖ ਲਿਖਣ ਲਈ ਦਲਜੀਤ ਅਮੀਂ ਦਾ ਬਹੁਤ ਬਹੁਤ ਧੰਨਵਾਦ. ਆਪਣੇ ਇਸ ਲੇਖ ਨਾਲ ਅਮੀ ਨੇ ਤਾਂ ਮੇਰਾ ਮਨ ਹੀ ਮੋਹ ਲਿਆ