Showing posts with label Arjun Sheoran. Show all posts
Showing posts with label Arjun Sheoran. Show all posts

Thursday, May 08, 2014

ਸੁਰਾਂ ਤੋਂ ਪਾਰ ਜ਼ੰਜੀਰਾਂ ਤੋੜਦੀ ਕਵਿਤਾ ਦੇ ਫ਼ੈਲਦੇ ਅਰਥ

ਚੰਡੀਗੜ੍ਹ, 8 ਮਈ: (ਦਲਜੀਤ ਅਮੀ) ਤੂਮ ਲਾਖ ਲਗਾਓ ਜ਼ੰਜੀਰੇ, ਹਮ ਹਰ ਜ਼ੰਜੀਰ ਕੋ ਤੋੜੇਂਗੇ,
ਖੋਨੇ ਕੋ ਕੁਛ ਨਹੀਂ ਪਾਸ ਹਮਾਰੇ, ਛੀਨੇਗੇ ਤੁਝ ਸੇ ਵੀ ਇਤਨਾ,
ਖੋਨੇ ਕੋ ਕੁਛ ਨਾ ਛੋਡੇਂਗੇ, …


ਇੱਕ ਕੁੜੀ ਪੰਜਾਬੀ ਲਹਿਜ਼ੇ ਵਿੱਚ ਇਹ ਗੀਤਨੁਮਾ ਕਵਿਤਾ ਸੈਕਟਰ ਸਤਾਰਾਂ ਦੇ ਪਲਾਜ਼ਾ ਵਿੱਚ ਗਾ ਰਹੀ ਹੈ। ਉਸ ਦਾ ਸੁਰ ਵਾਰ-ਵਾਰ ਉਖੜਦਾ ਹੈ। ਕਈ ਅੱਖਰਾਂ ਉੱਤੇ ਉਹ ਅੜਕਦੀ ਹੈ। ਕਈ ਅੱਖਰਾਂ ਨੂੰ ਉਹ ਦੁਹਰਾਕੇ ਦਰੁਸਤ ਕਰਦੀ ਹੈ। ਉਖੜਦਾ ਸੁਰ, ਅੜਕਦੇ ਅੱਖਰ ਅਤੇ ਦੁਹਰਾਅ ਉਸ ਦੇ ਚਿਹਰੇ ਦੀ ਦ੍ਰਿੜਤਾ ਵਿੱਚ ਖਲ ਨਹੀਂ ਪਾਉਂਦੇ। ਉਸ ਦੇ ਦੁਆਲੇ ਸਰੋਤਿਆਂ ਦੇ ਘੇਰਾ ਹੈ। ਕੁਝ ਆਉਂਦੇ-ਜਾਂਦੇ ਲੋਕ ਇਸ ਘੇਰੇ ਦੇ ਵਿੱਚੋਂ ਇਹ ਦੇਖਣ ਦਾ ਤਰਦੱਦ ਕਰ ਰਹੇ ਹਨ ਕਿ ਅੰਦਰੋਂ ਆਉਂਦੀ ਆਵਾਜ਼ ਕਿਸ ਦੀ ਹੈ। ਘੇਰਾ ਬਣਾਉਣ ਵਾਲੇ ਲੋਕਾਂ ਦੇ ਹੱਥਾਂ ਵਿੱਚ ਤਖ਼ਤੀਆਂ ਹਨ। ਤਖ਼ਤੀਆਂ ਉੱਤੇ ਨਾਅਰੇਨੁਮਾ ਲਿਖਤਾਂ ਦਰਜ ਹਨ। ਇਨ੍ਹਾਂ ਉੱਤੇ ਲਿਖਿਆ ਹੈ, "ਵਿਕਾਸ ਕੇ ਨਾਮ ਪਰ ਉਜਾੜਾ ਬੰਦ ਕਰੋ।"
"ਘਰ ਅਧਿਕਾਰ ਸਭ ਕਾ ਅਧਿਕਾਰ।"
"ਚੰਡੀਗੜ੍ਹ ਪ੍ਰਸ਼ਾਸਨ ਹੋਸ਼ ਕਰੋ।"
ਕੁਝ ਅੰਗਰੇਜ਼ੀ ਵਿੱਚ ਸਵਾਲ ਲਿਖੇ ਹਨ ਕਿ ਸ਼ਹਿਰ ਨੂੰ ਬਣਾਉਣ, ਵਸਾਉਣ ਅਤੇ ਸਾਫ਼-ਸੁਥਰਾ ਰੱਖਣ ਵਾਲਿਆਂ ਦੇ ਹਕੂਕ ਦੀ ਜ਼ਾਮਨੀ ਕੌਣ ਭਰੇਗਾ?
ਚੰਡੀਗੜ੍ਹ ਨੂੰ ਖ਼ੂਬਸੂਰਤ ਸ਼ਹਿਰ ਦਾ ਰੁਤਬਾ ਦੇਣ ਵਾਲਿਆਂ ਦਾ ਉਜਾੜਾ ਕਿਉਂ?


ਇਨ੍ਹਾਂ ਸਵਾਲਾਂ ਨਾਲ ਜੋੜ ਕੇ ਉਸ ਕੁੜੀ ਦੇ ਬੋਲਾਂ ਦੇ ਅਰਥ ਸਾਫ਼ ਹੁੰਦੇ ਹਨ। ਕਵਿਤਾ ਤੋਂ ਬਾਅਦ ਉਹ ਕੁੜੀ ਸਾਹਮਣੇ ਜਮਾਂ ਹੋਈ ਖਲਕਤ ਨਾਲ ਗੱਲ ਸ਼ੁਰੂ ਕਰਦੀ ਹੈ। ਉਹ ਆਪਣੀ ਪਛਾਣ ਤੋਂ ਸ਼ੁਰੂ ਕਰਦੀ ਹੈ ਕਿ ਯੂਨੀਵਰਸਿਟੀ ਵਿੱਚ ਪੜ੍ਹਣਾ ਅਤੇ ਸ਼ਹਿਰ ਨੂੰ ਸਮਝਣਾ ਆਪਸ ਵਿੱਚ ਕਿਵੇਂ ਜੁੜਦਾ ਹੈ। ਪੰਜਾਬ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਉਸ ਵੇਲੇ ਪੰਜ ਨੰਬਰ ਕਲੋਨੀ ਗਏ ਸਨ ਜਦੋਂ ਇਸ ਦੇ ਢਾਹੇ ਜਾਣ ਦੀਆਂ ਖ਼ਬਰਾਂ ਨਵੰਬਰ ੨੦੧੩ ਵਿੱਚ ਅਖ਼ਬਾਰਾਂ ਵਿੱਚ ਛਪੀਆਂ ਸਨ। ਇਹ ਕੁੜੀ ਉਨ੍ਹਾਂ ਵਿੱਚੋਂ ਇੱਕ ਹੈ। ਠੰਢ ਵਿੱਚ ਬਿਨਾਂ ਛੱਤ ਤੋਂ ਬੈਠੇ ਮਜ਼ਦੂਰਾਂ ਦੀ ਹੋਣੀ ਇਨ੍ਹਾਂ ਵਿਦਿਆਰਥੀਆਂ ਦੇ ਮਨ ਉੱਤੇ ਅਸਰਅੰਦਾਜ਼ ਹੋਈ। ਯੂਨੀਵਰਸਿਟੀ ਵਿੱਚ ਪੜ੍ਹ ਕੇ ਨੀਤੀਆਂ ਅਤੇ ਇਨ੍ਹਾਂ ਨੂੰ ਲਾਗੂ ਕਰਨ ਦੇ ਤੌਰ-ਤਰੀਕੇ ਸਮਝ ਆਉਂਦੇ ਹਨ। ਜਦੋਂ ਇਹੋ ਪੜ੍ਹਾਈ ਉਜੜੇ ਮਜ਼ਦੂਰਾਂ ਦੇ ਹਾਲਾਤ ਨਾਲ ਦੋਚਾਰ ਹੁੰਦੀ ਹੈ ਤਾਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਹੈ। ਨਤੀਜੇ ਵਜੋਂ ਇਹ ਵਿਦਿਆਰਥੀ ਮਜ਼ਦੂਰਾਂ ਦੀਆਂ ਕਲੋਨੀਆਂ ਨਾਲ ਜੁੜੀਆਂ ਨੀਤੀਆਂ ਦਾ ਅਧਿਐਨ ਕਰਦੇ ਹਨ ਅਤੇ ਮਜ਼ਦੂਰਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਦੇ ਹਨ। ਜਲਸੇ ਵਿੱਚ ਉਹ ਕੁੜੀ ਸਵਾਲ ਪੁੱਛਦੀ ਹੈ, "ਸਾਨੂੰ ਸਾਰਿਆਂ ਨੂੰ ਇਨ੍ਹਾਂ ਮਜ਼ਦੂਰਾਂ ਨਾਲ ਖੜਨਾ ਚਾਹੀਦਾ ਹੈ। ਇਨ੍ਹਾਂ ਤੱਕ ਲੜਨ ਅਤੇ ਹੱਕ ਮੰਗਣ ਦੀ ਸੋਝੀ ਲੈਕੇ ਜਾਣੀ ਚਾਹੀਦੀ ਹੈ। ਕੀ ਇਹ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ?" 

ਆਲੇ ਦੁਆਲੇ ਜੁੜੀ ਭੀੜ ਉਸ ਕੁੜੀ ਦੀ ਹਾਂ ਵਿੱਚ ਹਾਂ ਮਿਲਾਉਂਦੀ ਹੈ। ਇਸੇ ਤਰਜ਼ ਉੱਤੇ ਡਾ ਪਿਆਰੇ ਲਾਲ ਗਰਗ, ਮਨਮੋਹਨ ਸ਼ਰਮਾ, ਰਾਜਵਿੰਦਰ ਸਿੰਘ ਬੈਂਸ ਅਤੇ ਲਲਨ ਸਿੰਘ ਬੰਗੇਲ ਤਕਰੀਰਾਂ ਕਰਦੇ ਹਨ। ਅਰਜੁਨ ਸ਼ਿਓਰਾਨ ਦੱਸਦੇ ਹਨ ਕਿ ਪੰਡਿਤ ਕਲੋਨੀ, ਮਜ਼ਦੂਰ ਕਲੋਨੀ, ਨਹਿਰੂ ਕਲੋਨੀ ਅਤੇ ਕੁਲਦੀਪ ਕਲੋਨੀ ਨੂੰ ਢਾਹੁਣ ਦਾ ਨੋਟਿਸ ਜਾਰੀ ਹੋਇਆ ਹੈ। ਇਨ੍ਹਾਂ ਕਲੋਨੀਆਂ ਦੇ ਤਕਰੀਬਨ ਵੀਹ ਹਜ਼ਾਰ ਵਾਸੀਆਂ ਨੂੰ ਦਸ ਤਰੀਕ ਨੂੰ ਬੇਘਰ ਕਰ ਦਿੱਤਾ ਜਾਵੇਗਾ। ਅਰਜੁਨ ਸ਼ਹਿਰ ਦੇ ਪਿਛੋਕੜ ਦੀ ਗੱਲ ਕਰਦੇ ਹਨ ਕਿ ਕਦੇ ਇਸ ਥਾਂ ਤੋਂ ਸਿੰਧੂ ਘਾਟੀ ਸਭਿਅਤਾ ਦੀਆਂ ਨਿਸ਼ਾਨੀਆਂ ਮਿਲੀਆਂ ਸਨ। ਉਹ ਸਭਿਅਤਾ ਹੁਣ ਸਿਰਫ਼ ਕਿਤਾਬਾਂ ਵਿੱਚ ਦਰਜ ਹੋ ਗਈ ਹੈ। ਕੀ ਮੌਜੂਦਾ ਵਿਕਾਸ ਮਜ਼ਦੂਰਾਂ ਨੂੰ ਘਰਾਂ ਜਾਂ ਸ਼ਹਿਰਾਂ ਦੀ ਥਾਂ ਕਿਤਾਬਾਂ ਤੱਕ ਮਹਿਦੂਦ ਕਰਨ ਉੱਤੇ ਲੱਗਿਆ ਹੋਇਆ ਹੈ? ਅਰਜੁਨ ਦਾ ਵਕਾਲਤ ਦਾ ਹੁਨਰ ਵੀ ਉਸ ਕੁੜੀ ਦੀ ਪੜ੍ਹਾਈ ਨਾਲ ਜੋਟੀ ਪਾਉਂਦਾ ਜਾਪਦਾ ਹੈ। ਇਸ ਤਰ੍ਹਾਂ ਇਸ ਸ਼ਹਿਰ ਦੇ ਸ਼ਹਿਰੀ ਦੀ ਪਛਾਣ ਕੁਝ ਬਦਲਦੀ ਜਾਪਦੀ ਹੈ। ਸੁੱਖ-ਸਹੂਲਤਾਂ ਅਤੇ ਨੌਕਰੀਆਂ-ਤਰੱਕੀਆਂ ਨਾਲ ਜੁੜਿਆ ਸ਼ਹਿਰ ਸਰੋਕਾਰਾਂ ਨਾਲ ਜੁੜਦਾ ਜਾਪਦਾ ਹੈ। ਇਨ੍ਹਾਂ ਵਿਦਿਆਰਥੀਆਂ, ਵਕੀਲਾਂ, ਡਾਕਟਰਾਂ, ਪੱਤਰਕਾਰਾਂ ਅਤੇ ਅਧਿਆਪਕਾਂ ਦਾ ਮਜ਼ਦੂਰਾਂ ਦੇ ਪੱਖ ਵਿੱਚ ਬੋਲਣਾ 'ਪੱਥਰਾਂ ਦੇ ਸ਼ਹਿਰ' ਵਿੱਚ ਪਸਰੀ ਚੁੱਪ ਤੋੜਦਾ ਜਾਪਦਾ ਹੈ। 

ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿੱਚ ਬੁੱਧੀਜੀਵੀ ਤਬਕੇ ਦੇ ਲੋਕ ਹਰ ਮੁੱਦੇ ਉੱਤੇ ਰੋਸ-ਮੁਜ਼ਾਹਰੇ ਕਰਨ ਆਉਂਦੇ ਹਨ। ਇਨ੍ਹਾਂ ਮੁੱਦਿਆਂ ਵਿੱਚ ਕੌਮੀ ਅਤੇ ਕੌਮਾਂਤਰੀ ਮੁੱਦੇ ਸ਼ਾਮਲ ਹੁੰਦੇ ਹਨ। ਜਮਹੂਰੀਅਤ, ਨਿਰਪੱਖਤਾ, ਵੰਨ-ਸਵੰਨਤਾ, ਇਨਸਾਫ਼ ਅਤੇ ਮਨੁੱਖਤਾ ਨਾਲ ਜੁੜੇ ਤਮਾਮ ਸਵਾਲ ਵੱਖ-ਵੱਖ ਘਟਨਾਵਾਂ ਦੇ ਹਵਾਲੇ ਨਾਲ ਇਸੇ ਥਾਂ ਉੱਤੇ ਵਿਚਾਰੇ ਜਾਂਦੇ ਹਨ। ਅਮਰੀਕਾ ਦੀ ਜੰਗੀ ਮੁਹਿੰਮ, ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ, ਕਸ਼ਮੀਰ ਵਿੱਚ ਹੁੰਦੀ ਨਾਇਨਸਾਫ਼ੀ ਅਤੇ ਔਰਤਾਂ ਨਾਲ ਹੁੰਦੀਆਂ ਵਧੀਕੀਆਂ ਉੱਤੇ ਸਵਾਲ ਇਸੇ ਥਾਂ ਉੱਤੇ ਕੀਤੇ ਜਾਂਦੇ ਹਨ। ਹਰ ਵਾਰ ਜਲਸਿਆਂ ਤੋਂ ਬਾਅਦ ਇਹ ਗੱਲ ਹੁੰਦੀ ਹੈ ਕਿ ਨਵੀਂ ਪੀੜੀ ਇਨ੍ਹਾਂ ਸਵਾਲਾਂ ਵਿੱਚ ਦਿਲਚਸਪੀ ਨਹੀਂ ਲੈਂਦੀ। 

ਕਲੋਨੀਆਂ ਢਾਹੁਣ ਦੇ ਖ਼ਿਲਾਫ਼ ਚੱਲ ਰਹੇ ਜਲਸੇ ਵਿੱਚ ਇਸ ਕੁੜੀ ਨੇ ਪੁਰਾਣੀ ਪੀੜ੍ਹੀ ਦੇ ਖ਼ਦਸ਼ਿਆਂ ਨੂੰ ਘਟਾ ਦਿੱਤਾ ਜਾਪਦਾ ਹੈ। ਡਾ ਪਿਆਰੇ ਲਾਲ ਗਰਗ ਅਤੇ ਮਨਮੋਹਨ ਸ਼ਰਮਾ ਨੂੰ ਤਾਂ ਵਿਦਿਆਰਥੀਆਂ ਦੀ ਝੁੱਗੀਆਂ-ਝੋਪੜੀਆਂ ਦੇ ਵਾਸੀਆਂ ਨਾਲ ਸਾਂਝ ਸਮੁੱਚੇ ਸਮਾਜ ਲਈ ਆਸ ਦੀ ਕਿਰਨ ਜਾਪਦੀ ਹੈ। ਜਦੋਂ ਇਹ ਕੁੜੀ ਮਜ਼ਦੂਰਾਂ ਦੀ ਜਾਗਰੂਕਤਾ, ਏਕੇ ਅਤੇ ਹਕੂਕ ਦੇ ਮਸਲਿਆਂ ਵਿੱਚ ਪੜ੍ਹੇ-ਲਿਖੇ ਤਬਕੇ ਦੀ ਸ਼ਮੂਲੀਅਤ ਦੀ ਗੱਲ ਕਰਦੀ ਹੈ ਤਾਂ ਇਹ ਪੁਰਾਣੀ ਪੀੜ੍ਹੀ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਨਵੇਂ ਸਿਰੇ ਤੋਂ ਕਰਵਾਉਂਦੀ ਹੈ। 


ਰਾਜਵਿੰਦਰ ਬੈਂਸ ਮਨੁੱਖੀ ਹਕੂਕ ਦੇ ਮਾਮਲਿਆਂ ਦੀ ਪੈਰਵੀ ਲਈ ਜਾਣੇ-ਜਾਂਦੇ ਹਨ। ਉਹ ਇਨ੍ਹਾਂ ਮਾਮਲਿਆਂ ਨੂੰ ਵਕਾਲਤ ਤੋਂ ਜ਼ਿਆਦਾ ਅਹਿਮ ਮੰੰਨਦੇ ਹਨ। ਉਨ੍ਹਾਂ ਦੀ ਦਲੀਲ ਹੈ ਕਿ ਬਸਤੀਆਂ ਨੂੰ ਤੋੜ ਕੇ ਮਜ਼ਦੂਰਾਂ ਨੂੰ ਬੇਘਰ ਕਰਨਾ ਜਮਹੂਰੀ ਅਤੇ ਮਨੁੱਖੀ ਹਕੂਕ ਦੇ ਖ਼ਿਲਾਫ਼ ਹੈ। ਉਹ ਚੰਡੀਗੜ੍ਹ ਨਾਲ ਜੋੜ ਕੇ ਸਮਝਾਉਂਦੇ ਹਨ ਕਿ ਇੱਕ ਝੁੱਗੀ ਲਈ ਕਾਰ ਤੋਂ ਵੀ ਘੱਟ ਥਾਂ ਦੀ ਲੋੜ ਹੈ। ਉਹ ਆਪਣੇ ਅਧਿਐਨ ਨੂੰ ਵੀ ਮਜ਼ਦੂਰਾਂ ਦੇ ਮਸਲੇ ਨਾਲ ਜੋੜਦੇ ਹਨ ਅਤੇ ਦੱਸਦੇ ਹਨ ਕਿ ਪੂਰੀ ਦੁਨੀਆਂ ਵਿੱਚ ਬਸਤੀਆਂ ਦੀ ਥਾਂ ਮਜ਼ਦੂਰਾਂ ਦੀਆਂ ਰਿਹਾਇਸ਼ੀ ਇਮਾਰਤਾਂ ਅਤੇ ਕਾਰੋਬਾਰੀ ਸਹੂਲਤਾਂ ਉਸਾਰੀਆਂ ਗਈਆਂ ਹਨ। ਇਸ ਤਰ੍ਹਾਂ ਰਿਹਾਇਸ਼ੀ ਅਤੇ ਕਾਰੋਬਾਰੀ ਲੋੜਾਂ ਦਾ ਧਿਆਨ ਇੱਕੋ ਵੇਲੇ ਰੱਖਿਆ ਜਾ ਸਕਦਾ ਹੈ। ਰਾਜਵਿੰਦਰ ਬੈਂਸ ਮੁਤਾਬਕ ਇਸ ਤਰ੍ਹਾਂ ਝੁੱਗੀਆਂ ਨੂੰ ਤੋੜਨਾ ਪ੍ਰਸ਼ਾਸਨ ਦੀ ਗ਼ੈਰ-ਸੰਜੀਦਗੀ ਦੀ ਨਿਸ਼ਾਨੀ ਹੈ। ਜਲਸੇ ਵਿੱਚ ਰਾਜਵਿੰਦਰ ਬੈਂਸ ਦੀ ਵਕਾਲਤ, ਲਲਨ ਸਿੰਘ ਬੰਘੇਲ ਦਾ ਫਲਸਫ਼ਾ, ਪਿਆਰੇ ਲਾਲ ਦੀ ਡਾਕਟਰੀ, ਅਰਜੁਨ ਸ਼ਿਓਰਾਨ ਦਾ ਇਤਿਹਾਸ, ਸਚਿੰਦਰਪਾਲ ਪਾਲੀ ਦੀ ਸਿਆਸਤ ਅਤੇ ਉਸ ਕੁੜੀ ਦੀ ਕਵਿਤਾ ਇੱਕਸੁਰ ਹੋਕੇ ਪ੍ਰਸ਼ਾਸਨ ਦੇ ਫ਼ੈਸਲੇ ਉੱਤੇ
ਠੋਸ ਸਵਾਲ ਕਰ ਰਹੇ ਹਨ।। ਪੰਡਿਤ ਕਲੋਨੀ ਤੋਂ ਆਏ ਰਾਮੇਸ਼ ਸਿੰਘ ਇਸ ਜਲਸੇ ਦਾ ਨਿਚੋੜ ਪੇਸ਼ ਕਰਦੇ ਹਨ। ਉਹ ਕਹਿੰਦੇ ਹਨ ਕਿ ਵਿਦਿਆਰਥੀਆਂ ਦੀ ਆਮਦ ਨਾਲ ਮਜ਼ਦੂਰਾਂ ਨੂੰ ਬਲ ਮਿਲਿਆ ਹੈ। ਉਨ੍ਹਾਂ ਨੂੰ ਦੋ ਦਿਨ ਬਾਅਦ ਆਪਣੀਆਂ ਕਲੋਨੀਆਂ ਤੋੜੇ ਜਾਣ ਦਾ ਡਰ ਹੈ ਪਰ ਆਸ ਵੀ ਹੈ ਕਿ ਸ਼ਾਇਦ ਇਸ ਤਬਕੇ ਦੀ ਇਮਦਾਦ ਨਾਲ ਪ੍ਰਸ਼ਾਸਨ ਆਪਣਾ ਫ਼ੈਸਲਾ ਵਾਪਸ ਲੈ ਹੀ ਲਵੇ। 

ਜਲਸਾ ਅੰਤਿਮ ਪੜਾਅ ਉੱਤੇ ਹੈ ਪਰ ਉਸ ਕੁੜੀ ਦੀ ਕਵਿਤਾ ਦੇ ਅਰਥ ਲਗਾਤਾਰ ਫੈਲ ਰਹੇ ਹਨ। ਉਹ ਕੁੜੀ ਆਪਣੇ ਨਾਲਦੀਆਂ ਕੁੜੀਆਂ ਵਿੱਚ ਰਲ ਗਈ ਹੈ ਪਰ ਉਸ ਦੀ ਕਵਿਤਾ ਤੇਰ-ਮੇਰ ਦੀ ਪਿਰਤ ਦੀਆਂ ਜ਼ੰਜੀਰਾਂ ਤੋੜ ਕੇ ਦਰਦਮੰਦੀ ਦੀ ਤਸਵੀਰ ਬਣਦੀ ਜਾਪਦੀ ਹੈ। ਜਦੋਂ ਇਹ ਜਲਸਾ ਵਿਖਰ ਰਿਹਾ ਹੈ ਤਾਂ ਕਵਿਤਾ ਦਾ ਉਖੜਦਾ ਸੁਰ ਅਤੇ ਅੜਕਦੇ ਅੱਖਰ ਪਿੱਛੇ ਰਹਿ ਗਏ ਹਨ ਪਰ ਅਰਥ ਹਵਾ ਵਿੱਚ ਫੈਲ ਰਹੇ ਹਨ।