Thursday, August 13, 2015

ਸੁਆਲ-ਸੰਵਾਦ: ਟਵਿੱਟਰ ਦੀ ਹੱਦ ਵਿੱਚ ਜਮਹੂਰੀਅਤ ਦੀ ਸਫ਼ੇਦਪੋਸ਼ ਸਿਆਸਤ

ਦਲਜੀਤ ਅਮੀ

ਟੈਲੀਵਿਜ਼ਨ ਦਾ ਪਰਦਾ ਦੋ ਬਰਾਬਰ ਦੇ ਹਿੱਸਿਆਂ ਵਿੱਚ ਵੰਡਿਆ ਹੈ। ਇੱਕ ਹਿੱਸਾ ਕਾਲੇ-ਚਿੱਟੇ ਰੰਗਾਂ ਵਿੱਚ ਅਹਿੱਲ ਹੈ। ਦੂਜਾ ਹਿੱਸਾ ਸਰਗਰਮ ਹੈ; ਆਵਾਜ਼ ਆ ਰਹੀ ਹੈ ਅਤੇ ਤਸਵੀਰ ਚਲਦੀ ਹੈ। ਇਸ ਤੋਂ ਬਾਅਦ ਰੰਗ ਬਦਲਦੇ ਹਨ। ਪਹਿਲਾ ਹਿੱਸਾ ਅਹਿੱਲ ਹੋ ਜਾਂਦਾ ਹੈ ਅਤੇ ਦੂਜਾ ਹਿੱਸਾ ਸਰਗਰਮ ਹੋ ਜਾਂਦਾ ਹੈ। ਇਸ ਦ੍ਰਿਸ਼ ਨੂੰ ਆਹਮਣੇ-ਸਾਹਮਣੇ ਵਰਗੇ ਕਈ ਸ਼ਬਦਾਂ ਨਾਲ ਬਿਆਨ ਕੀਤਾ ਜਾਂਦਾ ਹੈ। ਟੈਲੀਵਿਜ਼ਨ ਨੇ ਇਹ ਤਰੀਕਾ ਫ਼ਿਲਮ ਤੋਂ ਸਿੱਖਿਆ ਹੈ ਜਿੱਥੇ ਦੋ ਕਿਰਦਾਰ ਆਹਮਣੇ-ਸਾਹਮਣੇ ਹੁੰਦੇ ਹਨ ਅਤੇ ਚੁਸਤ ਫਿਕਰੇ ਬੋਲਦੇ ਹਨ। ਫ਼ਿਲਮ ਵਿੱਚ ਆਹਮਣੇ-ਸਾਹਮਣੇ ਕਿਰਦਾਰ ਪਰਦਾ ਵੰਡ ਕੇ ਨਹੀਂ ਸਗੋਂ ਪਰਦੇ ਉੱਤੇ ਵਾਰੀ-ਵਾਰੀ ਜਾਂ ਇੱਕੋ ਵੇਲੇ ਆਉਂਦੇ ਹਨ। ਫ਼ਿਲਮਸਾਜ਼ ਇਨ੍ਹਾਂ ਕਿਰਦਾਰਾਂ ਦੇ ਮੇਲ ਦਾ ਸਬੱਬ ਬਣਾ ਕੇ ਉਨ੍ਹਾਂ ਨੂੰ ਆਹਮਣੇ-ਸਾਹਮਣੇ ਕਰਦਾ ਹੈ। ਉਨ੍ਹਾਂ ਦਾ ਟਕਰਾਵਾਂ ਸੰਵਾਦ ਇੱਕੋ ਥਾਂ ਉੱਤੇ ਹੁੰਦਾ ਹੈ ਜਾਂ ਕਿਸੇ ਤਰ੍ਹਾਂ ਦੋਵੇਂ ਕਿਰਦਾਰਾਂ ਦਾ ਰਾਬਤਾ ਬਣਿਆ ਹੁੰਦਾ ਹੈ। ਫ਼ਿਲਮ ਗਲਪ ਦਾ ਮੰਚ ਹੈ ਅਤੇ ਟੈਲੀਵਿਜ਼ਨ ਹਰ ਤਰ੍ਹਾਂ ਦੀ ਪੇਸ਼ਕਾਰੀ ਦਾ ਸਬੱਬ ਬਣਦਾ ਹੈ। ਖ਼ਬਰਾਂ ਅਤੇ ਚਲੰਤ ਮਾਮਲਿਆਂ ਵਾਲੇ ਟੈਲੀਵਿਜ਼ਨ ਨੇ ਹੁਣ ਫ਼ਿਲਮ ਦੀ ਸਿਨਫ਼ ਨਾਲ ਜੁੜੀਆਂ ਤਮਾਮ ਜੁਗਤਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਕਿਰਦਾਰ ਇੱਕ ਥਾਂ ਉੱਤੇ ਨਹੀਂ ਹਨ ਅਤੇ ਨਾ ਹੀ ਉਹ ਸਿੱਧੇ ਰੂਪ ਵਿੱਚ ਇੱਕ-ਦੂਜੇ ਨੂੰ ਮੁਖ਼ਾਤਬ ਹੋ ਰਹੇ ਹਨ। ਟੈਲੀਵਿਜ਼ਨ ਨੇ ਇੱਕ ਕਦਮ ਪੁੱਟ ਕੇ ਪਰਦਾ ਹਿੱਸਿਆਂ ਵਿੱਚ ਵੰਡ ਦਿੱਤਾ ਹੈ ਅਤੇ ਅਸਲ ਜ਼ਿੰਦਗੀ ਦੇ ਕਿਰਦਾਰਾਂ ਨੇ ਹੁੰਗਾਰਾ ਭਰਦਿਆਂ ਵਿੱਥ ਤੋਂ ਇੱਕ-ਦੂਜੇ ਨੂੰ ਮੁਖ਼ਾਤਬ ਹੋਣਾ ਸਿੱਖ ਲਿਆ ਹੈ। 

ਟੈਲੀਵਿਜ਼ਨ ਦਾ ਇਹ ਅਖ਼ਾੜਾ ਅਸਲ ਜ਼ਿੰਦਗੀ ਅਤੇ ਨਾਟਕ ਨੂੰ ਰਲਗੱਡ ਕਰਦਾ ਹੈ। ਕਿਰਦਾਰਾਂ ਨੇ ਅਦਾਕਾਰੀ ਨੂੰ ਜ਼ਿੰਦਗੀ ਦਾ ਹਿੱਸਾ ਮੰਨ ਲਿਆ ਹੈ ਅਤੇ ਟੈਲੀਵਿਜ਼ਨ ਨੇ ਅਦਾਕਾਰੀ ਨੂੰ ਅਸਲ ਵਜੋਂ ਪਰੋਸ ਦਿੱਤਾ ਹੈ। ਦਰਸ਼ਕ ਹਰ ਤਰ੍ਹਾਂ ਦੇ ਮਸਲੇ ਅਤੇ ਮੌਕੇ ਵਿੱਚੋਂ ਮਨੋਰੰਜਨ ਅਤੇ ਮਾਰਾ-ਮਾਰੀ ਲੱਭਣ ਦੀ ਚੇਟਕ ਉੱਤੇ ਲੱਗ ਗਿਆ ਹੈ। ਇਹ ਹਾਲਾਤ ਇਸ਼ਤਿਹਾਰਬਾਜ਼ੀ ਲਈ ਸਾਜ਼ਗਾਰ ਹਨ। ਇਨ੍ਹਾਂ ਹਾਲਾਤ ਨੂੰ ਉਸਾਰਨ ਅਤੇ ਕਾਇਮ ਰੱਖਣ ਵਿੱਚ ਇਸ਼ਤਿਹਾਰਬਾਜ਼ੀ ਦੀ ਭੂਮਿਕਾ ਹੈ। ਵਸਤਾਂ ਦੀ ਇਸ਼ਤਿਹਾਰਬਾਜ਼ੀ ਵਿੱਚੋਂ ਕਈ ਸਮਾਜਿਕ-ਸਿਆਸੀ-ਸੱਭਿਆਚਾਰਕ ਮੁਹਿੰਮਾਂ ਆਪਣਾ ਪ੍ਰਚਾਰ ਲੱਭਦੀਆਂ ਹਨ। ਕਈ ਸਮਾਜਿਕ-ਸਿਆਸੀ-ਸੱਭਿਆਚਾਰਕ ਮਸਲੇ ਇਸ਼ਤਿਹਾਰਬਾਜ਼ੀ ਦਾ ਵਿਸ਼ਾ ਬਣੇ ਹਨ। ਮਿਸਾਲ ਵਜੋਂ ਦੂਜੇ ਵਿਆਹ ਨਾਲ ਜੋੜ ਕੇ ਗਹਿਣਿਆਂ ਦਾ ਇਸ਼ਤਿਹਾਰ ਬਣਦਾ ਹੈ ਅਤੇ ਗੂਗਲ ਸਰਚ ਇੰਜਣ ਆਪਣੀ ਪਹੁੰਚ ਨਾਲ 1947 ਦੀ ਵੰਡ ਦੇ ਵਿਛੜਿਆਂ ਨੂੰ ਮਿਲਾਉਣ ਦਾ ਸਬੱਬ ਬਣਦਾ ਹੈ। ਇਹ ਮਿਸਾਲਾਂ ਸਮੁੱਚੀ ਇਸ਼ਤਿਹਾਰ ਸਨਅਤ ਦੀ ਨੁਮਾਇੰਦਗੀ ਨਹੀਂ ਕਰਦੀਆਂ ਪਰ ਸੰਭਾਵਨਾਵਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ। ਇਸ਼ਤਿਹਾਰਬਾਜ਼ੀ ਦਾ ਭਾਰੂ ਰੁਝਾਨ ਟਕਰਾਅ ਅਤੇ ਮੁਕਾਬਲੇ ਉੱਤੇ ਟਿਕਿਆ ਹੋਇਆ ਹੈ ਜਿਸ ਦਾ ਮਕਸਦ ਫੌਰੀ ਲਾਹਾ ਖੱਟਣਾ ਹੈ।

ਮੌਜੂਦਾ ਦੌਰ ਦੀ ਸਿਆਸਤ ਵੀ ਇਸੇ ਰੁਝਾਨ ਵਿੱਚੋਂ ਪੇਸ਼ ਹੁੰਦੀ ਹੈ। ਇੱਕ ਪਰਦੇ ਨੂੰ ਹਿੱਸਿਆਂ ਵਿੱਚ ਵੰਡ ਕੇ ਸਿਆਸਤਦਾਨ ਪੇਸ਼ ਹੁੰਦੇ ਹਨ ਜਾਂ ਕੀਤੇ ਜਾਂਦੇ ਹਨ। ਇੱਕ ਪਰਦੇ ਉੱਤੇ 'ਮੁਲਕ ਵਜੋਂ ਜਵਾਬਤਲਬੀ' ਕੀਤੀ ਜਾਂਦੀ ਹੈ ਅਤੇ ਦੂਜੇ ਪਰਦੇ ਉੱਤੇ 'ਸ਼ੋਰ ਦੀ ਥਾਂ ਅਕਲਮੰਦੀ ਨਾਲ ਸੰਵਾਦ' ਕੀਤਾ ਜਾਂਦਾ ਹੈ। ਕਦੇ 'ਕੋਕਾ-ਕੋਲਾ' ਬਨਾਮ 'ਪੈਪਸੀ' ਹੋਣ ਵਾਲਾ ਮੁਕਾਬਲਾ ਹੁਣ ਜ਼ਿੰਦਗੀ ਦੇ ਕਈ ਪੱਖਾਂ ਵਿੱਚ ਤਰਜਮਾਨ ਹੋਣ ਲੱਗਿਆ ਹੈ। ਇਹ ਮੁਕਾਬਲਾ ਪਰਦੇ ਦੇ ਹਿੱਸਿਆਂ ਦਾ ਆਪਸ ਵਿੱਚ ਹੁੰਦਾ ਹੈ ਅਤੇ ਇੱਕ ਪਰਦੇ ਦਾ ਦੂਜੇ ਪਰਦੇ ਨਾਲ ਵੀ ਹੁੰਦਾ ਹੈ। ਇਸ ਵਿੱਚ ਮੁੱਕੇਬਾਜ਼ੀ ਅਤੇ ਫ਼ਿਲਮ ਵਾਲੇ ਤੱਤ ਸ਼ਾਮਿਲ ਹੋ ਗਏ ਹਨ। ਟੈਲੀਵਿਜ਼ਨ ਪਰਦੇ ਨੂੰ ਹਿੱਸਿਆਂ ਵਿੱਚ ਵੰਡ ਕੇ ਮੁੱਕੇਬਾਜ਼ੀ ਦਾ ਮਾਹੌਲ ਸਿਰਜਦਾ ਹੈ ਅਤੇ ਫ਼ਿਲਮ ਜਾਂ ਇਸ਼ਤਿਹਾਰ ਲੇਖਕ ਸਿਆਸਤਦਾਨਾਂ ਦੀਆਂ ਤਕਰੀਰਾਂ ਜਾਂ ਜੁਆਬੀ ਇੰਟਰਵਿਊ ਲਿਖ ਰਹੇ ਹਨ। ਇਸ ਤੋਂ ਬਾਅਦ ਚੁਸਤ ਫਿਕਰਿਆਂ ਨਾਲ ਸਿਆਸੀ ਬੁਲਾਰੇ ਅਤੇ ਮਾਹਰ ਜਾਂ ਪੱਤਰਕਾਰ ਟੈਲੀਵਿਜ਼ਨ ਉੱਤੇ ਪੇਸ਼ ਹੁੰਦੇ ਹਨ। ਇਨ੍ਹਾਂ ਤੋਂ ਸੰਕਟ ਮੋਚਨ ਜਾਂ ਦ੍ਰਿੜ੍ਹਤਾ ਨਾਲ ਪੈਂਤੜੇ ਦੀ ਰਾਖੀ ਦੀ ਤਵੱਕੋ ਕੀਤੀ ਜਾਂਦੀ ਹੈ। ਇਹ ਸੰਕਟ ਅਤੇ ਪੈਂਤੜੇ ਦਿਨਾਂ, ਘੰਟਿਆਂ ਅਤੇ ਕਈ ਵਾਰ ਹਰ ਬਿਆਨ ਨਾਲ ਬਦਲਦੇ ਹਨ।

ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਵਰਗਿਆਂ ਦਾ ਚੁਸਤ ਫਿਕਰਿਆਂ ਦਾ ਮੁਕਾਬਲਾ ਖੁੱਲ੍ਹੀ ਮੰਡੀ ਦਾ ਸਭ ਤੋਂ ਦਿਲਕਸ਼ ਸਾਮਾਨ ਹੋ ਨਿਬੜਿਆ ਹੈ। ਸਿਆਸੀ ਆਗੂਆਂ ਦੇ ਬੋਲਾਂ ਵਿੱਚੋਂ ਸਿਆਣਪ ਜਾਂ ਸੂਝ ਜਾਂ ਵਿਚਾਰਧਾਰਕ ਮੁਹਾਣ ਲੱਭਣਾ ਚੋਣ ਅਖਾੜੇ ਵਿੱਚ ਬੇਮਾਅਨਾ ਹੋ ਗਿਆ ਹੈ। ਇਸ ਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਚੋਣ ਤਕਰੀਰਾਂ ਅਤੇ ਬਿਆਨਾਂ ਵਿੱਚ ਕਿਸੇ ਦਾ ਦਿਮਾਗ਼ ਨਹੀਂ ਲੱਗਦਾ। ਇਹ ਦਿਮਾਗ਼ ਤਾਂ ਲੇਖਕਾਂ ਦਾ ਲੱਗਦਾ ਹੈ। ਸਿਆਸੀ ਆਗੂਆਂ ਦਾ ਅਦਾਕਾਰੀ ਹੁਨਰ ਹੈ ਜਿਸ ਦੀ ਨੁਮਾਇਸ਼ ਹੁੰਦੀ ਹੈ। ਜੇ ਇੱਕ ਆਗੂ ਕਿਸੇ ਸ਼ਾਇਰ ਦਾ ਇੱਕ ਸ਼ੇਅਰ ਬੋਲਦਾ ਹੈ ਤਾਂ ਸ਼ਾਮ ਤੱਕ ਉਸੇ ਸ਼ਾਇਰ ਦੇ ਜੁਆਬੀ ਸ਼ੇਅਰ ਸਿਆਸੀ ਅਖਾੜੇ ਵਿੱਚ ਹੁੰਦੇ ਹਨ। ਇਸ ਮਾਮਲੇ ਵਿੱਚ ਕਬੀਰ, ਰਹੀਮ, ਫ਼ਰੀਦ, ਰਵੀਦਾਸ, ਤੁਲਸੀਦਾਸ ਤੋਂ ਲੈ ਕੇ ਹਰ ਗ੍ਰੰਥ ਤੱਕ ਦੀਆਂ ਜੁਆਬੀ ਟੂਕਾਂ ਬਿਨਾਂ ਕਿਸੇ ਪਛੇਤ ਤੋਂ ਜੁਆਬ ਵਜੋਂ ਹਾਜ਼ਰ ਹੁੰਦੀਆਂ ਹਨ। ਪਰਦਾ ਵੰਡ ਚੁੱਕੇ ਟੈਲੀਵਿਜ਼ਨ ਨੂੰ ਜੁਆਬੀ ਟੂਕਾਂ ਚਾਹੀਦੀਆਂ ਹਨ। ਆਗੂਆਂ ਨੂੰ ਟੈਲੀਵਿਜ਼ਨ ਉੱਤੇ ਹਾਜ਼ਰੀ ਦਰਕਾਰ ਹੈ। ਆਗੂਆਂ ਦੀਆਂ ਜੁਆਬੀ ਟੂਕਾਂ ਲੱਭਣ ਵਾਲੀ ਫ਼ੌਜ ਲਗਾਤਾਰ ਸਰਗਰਮ ਰਹਿੰਦੀ ਹੈ। ਆਗੂ ਇਸ ਫ਼ੌਜ ਦੀ ਖੋਜ ਨੂੰ ਅਦਾਕਾਰ ਵਜੋਂ ਪਰਦੇ ਉੱਤੇ ਪੇਸ਼ ਕਰਦੇ ਹਨ। ਟੈਲੀਵਿਜ਼ਨ 'ਸਭ ਤੋਂ ਪਹਿਲਾਂ' ਅਤੇ 'ਸਭ ਤੋਂ ਤੇਜ਼' ਦਾ ਦਾਅਵਾ ਕਰਦਾ ਰਹਿੰਦਾ ਹੈ।

ਪਿਛਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਨੇ ਰੈਲੀਆਂ ਵਿੱਚ ਬਿਹਾਰ ਦੇ ਹਾਲਾਤ ਅਤੇ ਦੂਜੀਆਂ ਧਿਰਾਂ ਦੇ ਆਗੂਆਂ ਬਾਰੇ ਟਿੱਪਣੀਆਂ ਕੀਤੀਆਂ। ਜੁਆਬੀ ਕਾਨਫਰੰਸਾਂ ਵਿੱਚ ਨਰਿੰਦਰ ਮੋਦੀ ਦੀਆਂ ਤਕਰੀਰਾਂ ਬਾਰੇ ਨੁਕਤਾਵਾਰ ਸੁਆਲ ਪੁੱਛੇ ਗਏ ਅਤੇ ਨੁਕਤਾਵਾਰ ਚੁਸਤ ਫਿਕਰਿਆਂ ਵਿੱਚ ਜੁਆਬ ਦਿੱਤੇ ਗਏ। ਟੈਲੀਵਿਜ਼ਨ ਉੱਤੇ ਆਹਮਣੇ-ਸਾਹਮਣੇ ਵਾਲੀ ਪਰਦਾ-ਵੰਡ ਪੇਸ਼ਕਾਰੀ ਦਾ ਸਾਰਾ ਮਸਾਲਾ ਤਿਆਰ ਹੋ ਗਿਆ। ਨਰਿੰਦਰ ਮੋਦੀ ਦੀਆਂ ਟਿੱਪਣੀਆਂ ਵਿੱਚ ਕੋਈ 'ਮੌਕੇ ਉੱਤੇ ਅਹੁੜਨ' ਜਾਂ 'ਸਿਆਸੀ ਸੂਝ' ਵਾਲੀ ਗੱਲ ਨਹੀਂ ਹੈ। ਇਹ ਗੁਣ ਜੁਆਬੀ ਹਮਲਿਆਂ ਵਿੱਚ ਵੀ ਗ਼ੈਰ-ਹਾਜ਼ਰ ਹਨ। ਦੋਵੇਂ ਧਿਰਾਂ ਦੀਆਂ ਟਿੱਪਣੀਆਂ ਮਿੱਥ ਕੇ ਤਿਆਰੀ ਨਾਲ ਕੀਤੀਆਂ ਗਈਆਂ ਹਨ। ਇਹ ਤਿਆਰੀ ਇਸ਼ਤਿਹਾਰਬਾਜ਼ੀ ਅਤੇ ਫ਼ਿਲਮੀ ਦੁਨੀਆਂ ਨਾਲ ਜੁੜੇ ਲੇਖਕ ਕਰਦੇ ਹਨ। ਉਨ੍ਹਾਂ ਦੀਆਂ ਸਤਰਾਂ ਨੂੰ ਪੇਸ਼ ਕਰਨ ਦਾ ਹੁਨਰ ਆਗੂਆਂ ਦਾ ਹੈ ਜਿਸ ਦਾ ਨਿਰਦੇਸ਼ਨ ਕਰਨ ਵਾਲੇ ਉਨ੍ਹਾਂ ਦੇ ਕੱਪੜਿਆਂ, ਅਦਾਵਾਂ ਅਤੇ ਅੰਦਾਜ਼ ਦਾ ਧਿਆਨ ਰੱਖਦੇ ਹਨ। ਬੀਤੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਨਿਰਦੇਸ਼ਕ ਮਾਹਰਾਂ ਵਜੋਂ ਤਜਰਬਾ ਸਾਂਝਾ ਕਰਨ ਲਈ ਟੈਲੀਵਿਜ਼ਨ ਉੱਤੇ ਪੇਸ਼ ਹੁੰਦੇ ਰਹੇ ਸਨ। ਨਰਿੰਦਰ ਮੋਦੀ ਨੇ ਬਿਹਾਰ ਨੂੰ 'ਜੰਗਲ ਰਾਜ' ਅਤੇ 'ਬੀਮਾਰੂ ਸੂਬਾ' ਕਰਾਰ ਦਿੱਤਾ। ਦੂਜੇ ਪਾਸੇ ਨਿਤੀਸ਼ ਕੁਮਾਰ ਨੇ ਭਾਜਪਾ ਨੂੰ 'ਭੜਕੀ ਹੋਈ ਝੂਠੀ' ਜਾਂ 'ਭਾਰਤੀ ਜੁਮਲਾ' ਪਾਰਟੀ ਕਰਾਰ ਦਿੱਤਾ। 

ਦੋਵਾਂ ਆਗੂਆਂ ਦੀਆਂ ਪਾਰਟੀਆਂ ਦਾ ਗੱਠਜੋੜ ਸਤਾਰਾਂ ਸਾਲ ਰਿਹਾ ਹੈ। ਦੋਵਾਂ ਨੂੰ ਇਹ ਤਾਂ ਦੱਸਣਾ ਚਾਹੀਦਾ ਹੈ ਕਿ ਉਹ ਮੌਜੂਦਾ ਨਤੀਜੇ ਉੱਤੇ ਕਿਵੇਂ ਪਹੁੰਚੇ ਹਨ। ਮੋਦੀ ਨੂੰ ਦੱਸਣਾ ਚਾਹੀਦਾ ਹੈ ਕਿ ਬਿਹਾਰ ਵਿੱਚ 'ਬੀਮਾਰੂ ਸੂਬਾ ਹੋਣ ਦਾ ਮੌਜੂਦਾ ਦੌਰ' ਕਦੋਂ ਅਤੇ ਕਿਵੇਂ ਸ਼ੁਰੂ ਹੋਇਆ ਅਤੇ ਭਾਜਪਾ ਇਸ ਸਮਝ ਉੱਤੇ ਕਦੋਂ ਅਤੇ ਕਿਵੇਂ ਪਹੁੰਚੀ। ਦੂਜੇ ਪਾਸੇ ਨੀਤੀਸ਼ ਕੁਮਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਭਾਜਪਾ ਕਦੋਂ ਅਤੇ ਕਿਵੇਂ 'ਝੂਠ ਬੋਲਣ ਵਾਲੀ ਭੜਕੀ ਹੋਈ' ਜਾਂ 'ਜੁਮਲਾ ਪਾਰਟੀ' ਬਣੀ ਅਤੇ ਉਨ੍ਹਾਂ ਨੂੰ ਇਹ ਕਦੋਂ ਅਤੇ ਕਿਵੇਂ ਸਮਝ ਆਇਆ। ਮੌਜੂਦਾ ਸਿਆਸਤ ਦਾ ਇਹੋ ਸਭ ਤੋਂ ਅਹਿਮ ਪੇਚ ਹੈ ਕਿ ਬਹਿਸ ਨੂੰ ਸੰਜੀਦਾ ਨਾ ਹੋਣ ਦਿਓ ਅਤੇ ਚੁਸਤ ਫਿਕਰਿਆਂ ਨਾਲ ਸਨਸਨੀ ਪੈਦਾ ਕਰੋ। ਟੈਲੀਵਿਜ਼ਨ ਉੱਤੇ ਮਾਹਰ ਰੋਜ਼ਾਨਾ ਚਰਚਾ ਕਰਦੇ ਹਨ ਕਿ ਕਿਹੜੇ ਫਿਕਰੇ ਨਾਲ ਕਿਹੜਾ ਆਗੂ ਬਾਜ਼ੀ ਮਾਰ ਗਿਆ। ਇਸ ਦਾ ਮੇਲ ਇਸ਼ਤਿਹਾਰਬਾਜ਼ੀ-ਮੁਖੀ ਖੇਡ ਕ੍ਰਿਕਟ ਨਾਲ ਕੀਤਾ ਜਾ ਸਕਦਾ ਹੈ। ਮੈਚਾਂ ਅਤੇ ਲੜੀਆਂ ਦੇ ਫ਼ੈਸਲੇ ਪਾਸੇ ਕਰਕੇ ਖੇਡ ਮਾਹਰ ਪਾਰੀ ਦਰ ਪਾਰੀ ਜਾਂ ਪੜਾਅ ਦਰ ਪੜਾਅ ਪੜਚੋਲ ਕਰਦੇ ਹਨ ਜਦੋਂ ਕਿ ਸੱਟੇਬਾਜ਼ੀ ਗੇਂਦ ਦਰ ਗੇਂਦ ਚਲਦੀ ਹੈ। ਇਸੇ ਤਰ੍ਹਾਂ ਚੋਣਾਂ ਨਤੀਜਾ ਦਰ ਨਤੀਜਾ ਵੇਖੀਆਂ ਜਾਂਦੀਆਂ ਹਨ ਪਰ ਆਗੂਆਂ ਬਾਰੇ ਚਰਚਾ ਫਿਕਰਾ ਦਰ ਫਿਕਰਾ ਹੁੰਦੀ ਹੈ।

ਇਹ ਵੇਖਣ ਵਾਲਾ ਮਸਲਾ ਹੈ ਕਿ ਇਹ ਰੁਝਾਨ ਮਹਿਜ ਸਿਆਸਤ ਤੱਕ ਮਹਿਦੂਦ ਨਹੀਂ ਹੈ। ਇਸ ਰੁਝਾਨ ਦੀ ਨੁਮਾਇੰਦਗੀ ਯੂਨੀਵਰਸਿਟੀਆਂ ਦੇ ਸੈਮੀਨਾਰਾਂ ਤੋਂ ਸਾਹਿਤਕ ਸਮਾਗਮਾਂ ਅਤੇ ਫੇਸਬੁੱਕ ਤੱਕ ਹੁੰਦੀ ਹੈ। ਨਰਿੰਦਰ ਮੋਦੀ ਨੇ ਨਿਤੀਸ਼ ਕੁਮਾਰ ਉੱਤੇ ਨਸਲੀ ਅਤੇ ਨਿੱਜੀ (ਡੀ.ਐੱਨ.ਏ.) ਟਿੱਪਣੀ ਕੀਤੀ ਹੈ। ਇਸ ਤਰ੍ਹਾਂ ਦੀਆਂ ਟਿੱਪਣੀਆਂ ਫੇਸਬੁੱਕ ਉੱਤੇ ਆਮ ਵੇਖੀਆਂ ਜਾਂਦੀਆਂ ਹਨ। ਕਈ ਵਿਦਵਾਨ ਵੀ ਇਹ ਧਾਰਨਾਵਾਂ ਪੇਸ਼ ਕਰਦੇ ਹਨ ਕਿ ਕਿਹੜੀ ਗੱਲ ਕਿਸ ਨੂੰ (ਨਸਲੀ ਪੱਖੋਂ) ਸਮਝ ਆ ਸਕਦੀ ਹੈ। ਉਨ੍ਹਾਂ ਮੁਤਾਬਕ ਸਮਝਣ ਅਤੇ ਅਹਿਸਾਸ ਕਰਨ ਦਾ ਮਾਮਲਾ ਜਨਮ ਜਾਂ ਧਾਰਮਿਕ ਅਕੀਦਿਆਂ ਨਾਲ ਜੁੜਿਆ ਹੋਇਆ ਹੈ। ਇਹ ਧਾਰਨਾ ਵਾਰ-ਵਾਰ ਪੇਸ਼ ਕੀਤੀ ਜਾਂਦੀ ਹੈ ਕਿ ਕੁਝ ਗੱਲਾਂ ਸਿਰਫ਼ ਸ਼ਰਧਾ ਜਾਂ ਇਲਹਾਮ ਦੇ ਘੇਰੇ ਵਿੱਚ ਹੀ ਸਮਝੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਜਾਤ ਅਤੇ ਲਿੰਗ ਨਾਲ ਜੋੜ ਕੇ ਤਜਰਬੇ ਨੂੰ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ ਅਤੇ ਮਨੁੱਖੀ ਸੰਵੇਦਨਾ ਨੂੰ ਬਿਲਕੁਲ ਖ਼ਾਰਜ ਕੀਤਾ ਜਾਂਦਾ ਹੈ। ਇੱਕ ਧਾਰਾ ਦਾ ਮੰਨਣਾ ਹੈ ਕਿ ਵਿਗਿਆਨਕ ਸੋਚ ਅਤੇ ਨਾਸਤਿਕ ਹੋਣ ਨਾਲ ਹੀ ਮਨੁੱਖਤਾ ਦੇ ਸਾਰੇ ਗੁਣ ਜੁੜੇ ਹੋਏ ਹਨ। ਬੁਨਿਆਦੀ ਤੌਰ ਉੱਤੇ ਇਹ ਪੇਚੀਦਾ ਮਾਮਲਿਆਂ ਦੀ ਪੇਚੀਦਗੀ ਨੂੰ ਨਜ਼ਰਅੰਦਾਜ਼ ਕਰਕੇ 'ਅੰਤਿਮ ਸੱਚ' ਦੀ ਪੇਸ਼ਕਾਰੀ ਦਾ ਤਰੱਦਦ ਹੋ ਨਿਬੜਦਾ ਹੈ। ਸਿਆਸੀ ਆਗੂ ਇਸ ਰੁਝਾਨ ਦੀ ਸਭ ਤੋਂ ਉਲਾਰ ਅਤੇ ਮੂੰਹਜ਼ੋਰ ਨੁਮਾਇੰਦਗੀ ਕਰਦੇ ਹਨ। 

ਕਈ ਵਾਰ ਇਹ ਦਲੀਲ ਪੇਸ਼ ਕੀਤੀ ਜਾਂਦੀ ਹੈ ਕਿ ਘੱਟ ਪੜ੍ਹੇ-ਲਿਖੇ ਜਾਂ ਅਧਪੜ੍ਹ ਜਾਂ ਅਣਪੜ੍ਹ ਆਗੂ ਪੇਚੀਦਾ ਅਤੇ ਅਹਿਮ ਮਸਲਿਆਂ ਨੂੰ ਉਲਾਰ ਬੋਲਾਂ ਰਾਹੀਂ ਸਨਸਨੀ ਤੱਕ ਮਹਿਦੂਦ ਕਰਦੇ ਹਨ। ਦਰਅਸਲ ਇਸ ਸਾਰੇ ਰੁਝਾਨ ਦਾ ਅਗਵਾਨ ਪੜ੍ਹਿਆ-ਲਿਖਿਆ, ਅੰਗਰੇਜ਼ੀ ਬੋਲਣ ਵਾਲਾ ਅਤੇ ਅਮੀਰ ਹੋ ਰਿਹਾ ਸ਼ਹਿਰੀ ਤਬਕਾ ਹੈ। ਇਸੇ ਦੀ ਨੁਮਾਇੰਦਗੀ ਟੈਲੀਵਿਜ਼ਨ ਅਤੇ ਫੇਸਬੁੱਕ ਉੱਤੇ ਹੋ ਰਹੀ ਹੈ। ਇਹ ਟਵਿੱਟਰ ਦੀ 140 ਹਿੰਦਸਿਆਂ ਦੀ ਹੱਦ ਅੰਦਰ ਚੁਸਤ ਫਿਕਰੇ ਲਿਖਣ ਅਤੇ ਟੈਲੀਵਿਜ਼ਨ ਦੇ ਦੋ-ਚਾਰ ਫਿਕਰਿਆਂ ਦੇ ਬਿਆਨ ਦੇਣ ਦਾ ਮਾਹਰ ਹੈ। ਕਦੇ ਇਸੇ ਤਬਕੇ ਦੇ ਬਿਆਨ ਸਿਆਸੀ ਆਗੂਆਂ ਦੇ ਮੂੰਹੋਂ ਸੁਣਾਈ ਦਿੰਦੇ ਹਨ ਅਤੇ ਕਦੇ ਇਹ ਆਪ ਮਾਹਰ ਵਜੋਂ ਪੇਸ਼ ਹੁੰਦਾ ਹੈ। ਇਸ ਦੀ ਉਘੜਵੀਂ ਮਿਸਾਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਫ਼ੇਦਪੋਸ਼ ਬੁਲਾਰੇ ਹਨ ਜੋ ਟੈਲੀਵਿਜ਼ਨ ਦੀ 'ਮੁੱਕੇਬਾਜ਼ੀ ਦੀ ਹਵਸ' ਨੂੰ ਟੂਕਾਂ ਰਾਹੀਂ ਪੂਰਾ ਕਰਦੇ ਹਨ। ਇਹ ਸਫ਼ੇਦਪੋਸ਼ ਸਿਆਸਤ ਵਿੱਚ ਪਿਛਲੇ ਦਰਵਾਜ਼ਿਓਂ ਆਏ ਹਨ। ਇਨ੍ਹਾਂ ਦੀ ਪਿਛਲਾ ਦਰਵਾਜ਼ਾ ਖੋਲ੍ਹਣ ਵਾਲੇ 'ਮਾਲਕਾਂ' ਤੋਂ ਬਿਨਾਂ ਕਿਸੇ ਲਈ ਕੋਈ ਜਵਾਬਦੇਹੀ ਨਹੀਂ ਅਤੇ ਕੋਈ ਜੁਆਬਤਲਬੀ ਨਹੀਂ ਹੋ ਸਕਦੀ। ਨਤੀਜੇ ਵਜੋਂ ਇਹ ਸਿਆਸਤ ਨੂੰ ਗ਼ੈਰ-ਸੰਜੀਦਾ ਕਰਨ ਦਾ ਅਹਿਮ ਕਾਰਜ ਕਰਦੇ ਹਨ। ਇਹ ਸਿਆਸਤ ਵਿੱਚ 'ਖੁੰਦਕੀ', 'ਲੱਚਰ' ਅਤੇ 'ਹੋਛਾ' ਬੋਲ ਲਿਆਏ ਹਨ ਜੋ ਫ਼ਿਲਮੀ ਤਜਰਬੇ ਵਿੱਚੋਂ ਪ੍ਰਵਾਨ ਹੋ ਕੇ ਆਈ ਹੈ। ਇਨ੍ਹਾਂ ਦੀ ਬਹੁ-ਅਰਥੀ ਬੋਲੀ ਇੱਕ ਪਾਸੇ ਅਗਲੇ ਦਿਨ 'ਮੀਡੀਆ ਰਾਹੀਂ ਤੋੜ-ਮਰੋੜ ਕੇ ਪੇਸ਼ ਕੀਤੇ ਬਿਆਨਾਂ' ਨੂੰ ਦਰੁਸਤ ਕਰਨ ਦਾ ਮੌਕਾ ਦਿੰਦੀ ਹੈ ਅਤੇ ਦੂਜੇ ਪਾਸੇ ਖੁਰਦੀ ਭਰੋਸੇਯੋਗਤਾ ਨੂੰ ਮਨੋਰੰਜਨ ਨਾਲ ਪੂਰਨ ਦਾ ਉਪਰਾਲਾ ਕਰਦੀ ਹੈ। 

ਇਸ ਰੁਝਾਨ ਸਾਹਮਣੇ ਚੋਣ ਮਨੋਰਥ ਪੱਤਰਾਂ ਜਾਂ ਸੰਵਿਧਾਨ ਦੀ ਅਹਿਮੀਅਤ ਸੁਆਲਾਂ ਦੇ ਘੇਰੇ ਵਿੱਚ ਆ ਜਾਂਦੀ ਹੈ। ਇਹ ਸੁਆਲ ਤਾਂ ਪੁੱਛੇ ਹੀ ਜਾਣੇ ਚਾਹੀਦੇ ਹਨ ਕਿ ਕੀ ਸਿਆਸਤ ਚੁਸਤ ਫਿਕਰਾ ਬੋਲ ਕੇ ਸਨਸਨੀ ਪੈਦਾ ਕਰਨ ਦਾ ਨਾਮ ਹੈ? ਕੀ ਜਮਹੂਰੀਅਤ ਟਵਿੱਟਰ ਦੇ 140 ਹਿੰਦਸਿਆਂ ਜਿੰਨੀ ਸੰਖੇਪ ਹੋ ਗਈ ਹੈ ਜਾਂ ਨਸਲੀ ਪਛਾਣ ਨਾਲ ਇਸ ਦਾ ਪਸਾਰਾ ਹੋਣਾ ਹੈ? ਕੀ ਚੋਣ ਬਹਿਸ ਦਾ ਚਰਬਾ ਸੋਸ਼ਲ ਮੀਡੀਆ ਹੈ ਜਾਂ ਫੇਸਬੁੱਕ ਦਾ ਤਜਰਬਾ ਸਿਆਸਤਦਾਨਾਂ ਦੇ ਕੰਮ ਆ ਰਿਹਾ ਹੈ? ਇਨ੍ਹਾਂ ਸੁਆਲਾਂ ਤੋਂ ਬਾਅਦ ਸਮਾਜਿਕ ਇਨਸਾਫ਼, ਸ਼ਹਿਰੀ, ਮਨੁੱਖੀ ਅਤੇ ਜਮਹੂਰੀ ਹਕੂਕ ਦੇ ਮਸਲੇ ਕੀ ਮਾਅਨੇ ਰੱਖਦੇ ਹਨ?

(ਇਹ ਲੇਖ 12 ਅਗਸਤ 2015 ਨੂੰ ਨਵਾਂ ਜ਼ਮਾਨਾ ਅਤੇ ਅਮਰੀਕਾ ਵਿੱਚ ਛਪਦੇ ਪੰਜਾਬ ਟਾਈਮਜ਼ ਦੇ 15 ਅਗਸਤ 2015 ਵਾਲੇ ਅੰਕ ਵਿੱਚ ਛਪਿਆ।)

No comments: