ਮੁੱਖ ਮੰਤਰੀ ਪ੍ਰਕਾਸ਼ ਸਿੰਘ
ਇਹ ਖੁੱਲ੍ਹਾ ਖ਼ਤ ਨਾਮ ਅਤੇ ਅਹੁਦਿਆਂ ਨੂੰ ਲੱਗਣ ਵਾਲੇ ਅਗੇਤਰਾਂ ਅਤੇ ਪਛੇਤਰਾਂ ਤੋਂ ਸਚੇਤ ਗੁਰੇਜ਼ ਨਾਲ ਸ਼ੁਰੂ ਕਰਨ ਦਾ ਮਕਸਦ ਸਾਫ਼ ਕਰ ਕੇ ਗੱਲ ਸ਼ੁਰੂ ਕਰਾਂਗਾ। ਤੁਹਾਡੇ ਸੁਭਾਅ ਜਾਂ ਕੰਮ ਸ਼ੈਲੀ ਨਾਲ ਜੁੜ ਕੇ 'ਕਾਕਾ', 'ਸਰਦਾਰ ਜੀ', 'ਬੀਬੀ' ਅਤੇ 'ਸਾਹਿਬ' ਵਰਗੇ ਸੰਬੋਧਨ ਆਪਣੇ ਅਰਥ ਗੁਆ ਦਿੰਦੇ ਹਨ। ਇਹ ਤੁਹਾਡੇ ਨਾਲ ਗੱਲ ਕਰਨ ਵਾਲੇ/ਵਾਲੀ ਨੂੰ ਚੁੱਪ ਕਰਵਾਉਣ ਦੀ ਮਸ਼ਕ ਤੱਕ ਮਹਿਦੂਦ ਹੋ ਜਾਂਦੇ ਹਨ। ਜੇ ਇਹ ਸੰਬੋਧਨ ਬੇਮਾਅਨੇ ਹਨ ਤਾਂ ਇਹ ਖ਼ਤ ਕੌਣ ਲਿਖ ਰਿਹਾ ਹੈ? ਕਿਸ ਨੂੰ ਲਿਖ ਰਿਹਾ ਹੈ? ਇਹ ਖ਼ਤ ਕੋਈ ਪੰਜਾਬੀ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖ ਰਿਹਾ ਹੈ। ਪੰਜਾਬੀ ਪਛਾਣ ਬਾਰੇ ਹੋਈ ਸਿਆਸਤ ਤੋਂ ਨਿਖੇੜ ਕੇ ਕਹਿਣਾ ਜ਼ਰੂਰੀ ਹੈ ਕਿ ਇਹ ਖ਼ਤ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬੀ ਹੋਣ ਜਾਂ ਨਾ ਹੋਣ ਨੂੰ ਮੁਖ਼ਾਤਬ ਨਹੀਂ ਹੈ। ਇਹ 'ਸਿੱਖ' ਸਿਆਸਤ ਦੇ ਉਸ ਮਿਹਣੇ ਨੂੰ ਵੀ ਮੁਖ਼ਾਤਬ ਨਹੀਂ ਹੈ ਕਿ ਤੁਹਾਡੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਹੁਣ 'ਸਿੱਖ ਨਹੀਂ ਸਗੋਂ ਪੰਜਾਬੀ' ਹੈ। ਤੁਹਾਡੇ ਸਿੱਖ ਜਾਂ ਪੰਜਾਬੀ ਹੋਣ ਦੇ ਦਾਅਵੇ ਨਾਲ ਤੁਹਾਡੀ ਕਾਰਗੁਜ਼ਾਰੀ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਇਸ ਕਾਰਨ ਜੋ ਸੁਆਲ ਤੁਹਾਡੇ ਸਿੱਖ ਹੋਣ ਉੱਤੇ ਹਨ ਉਹ ਪੰਜਾਬੀ ਹੋਣ ਉੱਤੇ ਵੀ ਕਾਇਮ ਹਨ। ਪੰਜਾਬੀ ਹੋਣ ਦਾ ਮਤਲਬ ਸਮੁੱਚੇ ਪੰਜਾਬੀ ਆਲਮ ਤੋਂ ਹੈ ਜੋ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ। ਪੰਜਾਬ ਦੀਆਂ ਹੱਦਾਂ-ਸਰਹੱਦਾਂ ਦੀ ਬਹਿਸ ਵਿੱਚ ਪਏ ਬਿਨਾਂ ਇਹ ਉਸ ਪਛਾਣ ਦਾ ਮਸਲਾ ਹੈ ਜੋ ਪੰਜਾਬੀ ਬੰਦੇ ਨੇ ਇਸ ਖ਼ਿੱਤੇ ਵਿੱਚ ਰਹਿ ਕੇ ਆਲਮ ਦੇ ਹਿੱਸੇ ਵਜੋਂ ਕਮਾਈ ਹੈ। ਇਸ ਵੇਲੇ ਤੁਸੀਂ ਪੰਜਾਬ ਦੇ ਇੱਕ ਹਿੱਸੇ ਦੇ ਮੁੱਖ ਮੰਤਰੀ ਹੋ ਜਿਸ ਨਾਤੇ ਤੁਹਾਨੂੰ ਖ਼ਤ ਲਿਖ ਰਿਹਾ ਹਾਂ। ਇਹ ਇੱਕ ਪੰਜਾਬੀ ਸ਼ਹਿਰੀ ਦਾ ਮੁੱਖ ਮੰਤਰੀ ਦੇ ਨਾਮ ਖ਼ਤ ਹੈ ਜਿਸ ਵਿੱਚ ਤੁਹਾਡੇ ਸੁਭਾਅ ਵਾਲੇ ਕਿਸੇ ਸੰਬੋਧਨ ਦੀ ਕੋਈ ਥਾਂ ਨਹੀਂ ਹੈ।
ਖ਼ਤ ਲਿਖਣ ਦਾ ਕਾਰਨ ਮੋਗਾ ਲਾਗੇ ਚਲਦੀ ਬੱਸ ਵਿੱਚੋਂ ਬਾਹਰ ਸੁੱਟ ਕੇ ਕੀਤਾ ਗਿਆ ਕਤਲ ਹੈ। ਮਕਤੂਲਾ ਦੀ ਮਾਂ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਈ ਹੈ। ਅਖ਼ਬਾਰਾਂ-ਟੈਲੀਵਜ਼ਨ ਅਤੇ ਤੁਹਾਡੀ ਸਰਕਾਰ ਦੇ ਨੁਮਾਇੰਦਿਆਂ ਦੇ ਬਿਆਨਾਂ ਮੁਤਾਬਕ ਮਕਤੂਲਾ ਨਾਬਾਲਗ਼ ਕੁੜੀ ਸੀ ਜੋ ਆਪਣੀ ਮਾਂ ਅਤੇ ਭਰਾ ਨਾਲ ਸਫ਼ਰ ਕਰ ਰਹੀ ਸੀ। ਪਹਿਲਾਂ ਮਕਤੂਲਾ ਦੀ ਮਾਂ ਨਾਲ ਕਿਰਾਏ-ਬਕਾਏ ਪਿੱਛੇ ਕਹਾ-ਸੁਣੀ ਹੋਈ ਅਤੇ ਬਾਅਦ ਵਿੱਚ ਬਸ ਮੁਲਾਜ਼ਮਾਂ ਨੇ ਆਪਣੀ ਜਾਣ-ਪਛਾਣ ਦੇ ਹੋਰ ਬੰਦੇ ਨਾਲ ਮਿਲ ਕੇ ਮਾਂ-ਧੀ ਨਾਲ ਬਦਸਲੂਕੀ ਕੀਤੀ। ਦੋਵਾਂ ਨੂੰ ਚਲਦੀ ਬੱਸ ਤੋਂ ਬਾਹਰ ਧੱਕਾ ਦੇ ਦਿੱਤਾ ਗਿਆ। ਧੀ ਦੀ ਲਾਸ਼ ਹਸਪਤਾਲ ਪੁੱਜੀ ਅਤੇ ਮਾਂ ਇਲਾਜ ਲਈ ਦਾਖ਼ਲ ਕੀਤੀ ਗਈ। ਇਹ ਵਾਰਦਾਤ ਦਿਨ-ਦਿਹਾੜੇ ਹੋਈ। ਇਸ ਖ਼ਤ ਵਿੱਚ ਸਿਰਫ਼ ਇਸ ਕਤਲ, ਇਰਾਦਾ ਕਤਲ ਅਤੇ ਛੇੜਛਾੜ ਪਿਛਲੀ ਸੋਚ ਨੂੰ ਮੁਖ਼ਾਤਬ ਹੋਣ ਦਾ ਉਪਰਾਲਾ ਹੈ ਜਿਸ ਦਾ ਤੁਹਾਡੇ ਨਾਲ ਸਿੱਧਾ ਰਾਬਤਾ ਬਣਦਾ ਹੈ।
ਖ਼ਤ ਦਾ ਓਪਰੋਕਤ ਹਿੱਸਾ ਪੜ੍ਹ ਕੇ ਤੁਹਾਡੀ ਸਹਿਜ ਸੁਭਾਅ ਟਿੱਪਣੀ ਹੋਵੇਗੀ ਕਿ ਮਕਤੂਲਾ ਦੇ ਪਰਿਵਾਰ ਨੂੰ ਮੁਆਵਜ਼ਾ ਦੇ ਦਿੱਤਾ ਗਿਆ ਹੈ ਅਤੇ ਨੌਕਰੀ ਦਾ ਵਾਅਦਾ ਕਰ ਦਿੱਤਾ ਗਿਆ ਹੈ। ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਸਾਰੀ ਕਾਰਵਾਈ ਬਹੁਤ ਫੁਰਤੀ ਅਤੇ ਸੁਹਿਰਦਤਾ ਨਾਲ ਕੀਤੀ ਗਈ ਹੈ। ਇਸ ਕਤਲ ਤੋਂ ਬਾਅਦ ਕੋਈ ਸ਼ੱਕ ਨਹੀਂ ਸੀ ਕਿ ਤੁਸੀਂ ਆਪਣੇ ਵਜ਼ੀਰਾਂ, ਅਫ਼ਸਰਾਂ ਅਤੇ ਸਿਆਸੀ ਚਾਕਰਾਂ ਦੀਆਂ ਪਲਟਣਾਂ ਨਾਲ ਇਸ ਕਾਰੇ ਦੀ ਸਖ਼ਤ ਨਿਖੇਧੀ ਕਰੋਗੇ। ਤੁਹਾਡੀ ਹੁਣ ਤੱਕ ਦੀ ਕਾਰਗੁਜ਼ਾਰੀ ਗਵਾਹ ਸੀ ਕਿ ਤੁਸੀਂ ਮੁਆਵਜ਼ੇ ਅਤੇ ਰੋਜ਼ਗਾਰ ਵਰਗੇ ਮਾਮਲਿਆਂ ਵਿੱਚ ਆਪਣੇ 'ਸੰਗਤ ਦਰਸ਼ਣੀ' ਅਖ਼ਤਿਆਰੀ ਖ਼ਾਤੇ ਦੀ ਵਰਤੋਂ ਕਰੋਗੇ। ਇਹ ਪਤਾ ਹੋਣ ਲਈ ਵੀ ਵਿਦਵਾਨ ਹੋਣ ਦੀ ਲੋੜ ਨਹੀਂ ਸੀ ਕਿ ਇਸ ਮਾਮਲੇ ਵਿੱਚ ਪੁਲਿਸ ਫੁਰਤੀ ਨਾਲ 'ਸਖ਼ਤ ਕਾਰਵਾਈ' ਕਰੇਗੀ। ਜੇ ਤੁਹਾਡੀ 'ਸੰਜੀਦਗੀ' ਬਾਬਤ ਕੋਈ ਸ਼ੱਕ ਨਹੀਂ ਸੀ ਤਾਂ ਇਹ ਖ਼ਤ ਲਿਖਣ ਦੀ ਕੀ ਲੋੜ ਰਹਿ ਜਾਂਦੀ ਹੈ? ਤੁਸੀਂ ਇਹ ਵੀ ਪੁੱਛ ਸਕਦੇ ਹੋ ਕਿ ਜੇ ਮਕਤੂਲਾ ਦਾ ਪਰਿਵਾਰ ਸਮਝੌਤਾ ਕਰ ਚੁੱਕਿਆ ਤਾਂ ਫਿਰ ਇਹ 'ਮਿੱਟੀ ਫਰੋਲਣ' ਦਾ ਕੀ ਮਤਲਬ ਹੈ? ਤੁਹਾਡਾ ਲੋਕ ਸੰਪਰਕ ਮਹਿਕਮਾ ਇਸ ਖ਼ਤ ਨੂੰ ਸਿਆਸੀ ਕਹਿ ਕੇ ਰੱਦ ਕਰ ਦੇਣ ਲਈ ਤਿਆਰ ਹੈ ਜਾਂ ਸ਼ਾਇਦ ਉਨ੍ਹਾਂ ਨੂੰ ਰੱਦ ਕਰਨ ਦੀ ਜ਼ਰੂਰਤ ਤੱਕ ਨਾ ਜਾਪੇ। ਇਹ ਦੋਵੇਂ ਮਾਮਲੇ ਇਸੇ ਥਾਂ ਸਾਫ਼ ਕਰ ਦੇਣੇ ਜ਼ਰੂਰੀ ਹਨ। ਪਹਿਲਾ ਤਾਂ ਇਹ ਖ਼ਤ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਸ਼ਹਿਰੀ ਵਜੋਂ ਲਿਖਿਆ ਜਾ ਰਿਹਾ ਹੈ। ਮਕਤੂਲਾ ਦੀ ਪਛਾਣ ਵਿੱਚ ਸ਼ਹਿਰੀ ਹੋਣਾ ਸ਼ਾਮਿਲ ਸੀ। ਇਹ ਉਸ ਦੀ ਮਾਪਿਆਂ ਦੀ ਪਛਾਣ ਦਾ ਵੀ ਹਿੱਸਾ ਹੈ। ਇਸ ਤਰ੍ਹਾਂ ਇਹ ਇੱਕ ਸ਼ਹਿਰੀ ਦਾ ਮਕਤੂਲਾ ਸ਼ਹਿਰੀ ਬਾਰੇ ਮੁੱਖ ਮੰਤਰੀ ਨੂੰ ਲਿਖਿਆ ਖ਼ਤ ਹੈ। ਸਿਆਸਤ ਵਾਲਾ ਦੂਜਾ ਪੱਖ ਇਸੇ ਪਛਾਣ ਨਾਲ ਸਾਫ਼ ਹੋ ਜਾਂਦਾ ਹੈ। ਸ਼ਹਿਰੀ ਹੋਣਾ ਸਿਆਸੀ ਪਛਾਣ ਹੈ ਸੋ ਸ਼ਹਿਰੀ ਵਜੋਂ ਮੁੱਖ ਮੰਤਰੀ ਨਾਲ ਸਿਰਫ਼ ਸਿਆਸੀ ਰਿਸ਼ਤਾ ਹੁੰਦਾ ਹੈ ਅਤੇ ਹਰ ਗੱਲਬਾਤ ਸਿਆਸੀ ਹੁੰਦੀ ਹੈ। ਇਸ ਲਈ ਇਹ ਖ਼ਤ ਸਿਆਸੀ ਹੈ।
ਮੌਜੂਦਾ ਵਾਰਦਾਤ ਵਿੱਚ ਸ਼ਾਮਿਲ ਬੱਸ ਦੀ ਮਲਕੀਅਤ ਤੋਂ ਲੈ ਕੇ ਮੁਲਜ਼ਮਾਂ ਦੀ ਸੋਚ ਅਹਿਮ ਮਸਲੇ ਹਨ। ਤੁਹਾਡੀ ਸਰਕਾਰ ਦੇ 'ਹਕੀਕੀ ਅਗਵਾਨ' ਤੁਹਾਡੇ ਆਪਣੇ ਫ਼ਰਜ਼ੰਦ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਨ। ਉਹ ਗ੍ਰਹਿ ਮੰਤਰੀ ਵੀ ਹਨ। ਇਨ੍ਹਾਂ ਦੀਆਂ ਬੱਸਾਂ ਨੂੰ ਤੁਹਾਡੀ ਸਿਆਸੀ ਧਿਰ ਸਰਕਾਰ ਦੀਆਂ ਪ੍ਰਾਪਤੀਆਂ ਵਜੋਂ ਪੇਸ਼ ਕਰਦੀ ਹੈ। ਤੁਸੀਂ ਤਾਂ ਸਾਫ਼ ਕਰ ਦਿੱਤਾ ਹੈ ਕਿ ਤੁਹਾਡਾ ਬੱਸਾਂ ਦੇ ਕਾਰੋਬਾਰ ਨਾਲ ਕੋਈ ਰਿਸ਼ਤਾ ਨਹੀਂ ਹੈ। ਇਸ ਬਿਆਨ ਨੂੰ ਦੂਜੀਆਂ ਸਿਆਸੀ ਧਿਰਾਂ ਭਾਵੇਂ ਤੁਹਾਡਾ ਮਚਲਾਪਣ ਕਰਾਰ ਦਿੰਦੀਆਂ ਹਨ ਪਰ ਇੱਕ ਸ਼ਹਿਰੀ ਕੋਲ ਅਜਿਹਾ ਇਲਜ਼ਾਮ ਲਗਾਉਣ ਦੀ ਕੋਈ ਬੁਨਿਆਦ ਨਹੀਂ ਹੈ। ਇਹ ਸੁਆਲ ਤਾਂ ਪੁੱਛ ਲੈਣਾ ਵਾਜਿਬ ਹੀ ਹੈ ਕਿ ਤੁਹਾਡੇ ਫ਼ਰਜ਼ੰਦ ਦੀ ਇਸ ਕਾਰੋਬਾਰ ਵਿੱਚ ਏਨੀ ਤਰੱਕੀ ਦਾ ਰਾਜ ਕੀ ਹੈ? ਪੰਜਾਬ ਦੀਆਂ ਸਰਕਾਰੀ ਬੱਸਾਂ ਲਗਾਤਾਰ ਘਾਟੇ ਵਿੱਚ ਹਨ ਅਤੇ ਤੁਹਾਡੇ ਫ਼ਰਜ਼ੰਦ ਦੀਆਂ ਮੁਨਾਫ਼ਾ ਕਮਾ ਰਹੀਆਂ ਹਨ। ਕੀ ਤੁਹਾਡਾ ਭਾਰਤ ਦੇ ਸਭ ਤੋਂ ਤਜਰਬੇਕਾਰ ਮੁੱਖ ਮੰਤਰੀ ਹੋਣ ਦਾ ਰੁਤਬਾ ਆਪਣੇ ਹੀ ਫ਼ਰਜ਼ੰਦ ਦੀਆਂ ਉਦਮੀ ਪਹਿਲਕਦਮੀਆਂ ਸਾਹਮਣੇ ਬੌਣਾ ਸਾਬਤ ਹੋਇਆ ਹੈ? ਹਰ ਕੰਮ ਨੂੰ ਜਾਰੀ ਰੱਖਣ ਲਈ ਨਵੇਂ ਖ਼ੂਨ ਦੀ ਲੋੜ ਹੁੰਦੀ ਹੈ। ਤੁਸੀਂ ਵੀ ਆਪਣੀ ਸਰਕਾਰ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਨਵਾਂ ਅਤੇ ਆਪਣਾ ਖ਼ੂਨ ਪਹਿਲਾਂ ਸਿਆਸਤ ਅਤੇ ਬਾਅਦ ਵਿੱਚ ਸਰਕਾਰ ਦੇ ਲੇਖੇ ਲਗਾਇਆ ਹੈ। ਭਾਵੇਂ ਤੁਹਾਡਾ ਭਤੀਜਾ ਵਕਤੀ ਕਾਮਯਾਬੀ ਤੋਂ ਬਾਅਦ ਵੱਖ ਹੋ ਗਿਆ ਹੈ ਪਰ ਤੁਹਾਡਾ ਫ਼ਰਜ਼ੰਦ ਤੁਹਾਡੀ ਮਜ਼ਬੂਤ ਬਾਂਹ ਬਣਿਆ ਹੋਇਆ ਹੈ। ਇਸ ਕੰਮ ਵਿੱਚ ਤੁਹਾਡੀ ਨੂੰਹ, ਜਵਾਈ ਅਤੇ ਹੋਰ ਦੂਰਲੀਆਂ-ਨੇੜਲੀਆਂ ਰਿਸ਼ਤੇਦਾਰੀਆਂ ਦੇ ਨਾਲ-ਨਾਲ ਨੌਕਰੀਆਂ ਵੇਲੇ ਵਫ਼ਾਦਾਰੀਆਂ ਪਾਲਣ ਵਾਲੀ ਅਫ਼ਸਰਸ਼ਾਹੀ ਦਾ ਯੋਗਦਾਨ ਲਾਸਾਨੀ ਹੈ। ਹੁਣ ਸੁਆਲ ਇਹ ਬਣਦਾ ਹੈ ਕਿ ਤੁਹਾਡੇ ਫ਼ਰਜ਼ੰਦ ਦੀਆਂ ਉਦਮੀ ਪਹਿਲਕਦਮੀਆਂ ਨਾਲ ਸਰਕਾਰ ਘਾਟੇ ਵਿੱਚ ਅਤੇ ਨਿੱਜੀ ਕਾਰੋਬਾਰ ਮੁਨਾਫ਼ੇ ਵਿੱਚ ਕਿਵੇਂ ਜਾ ਰਿਹਾ ਹੈ? ਕੀ ਤੁਸੀਂ ਉਸ ਨੂੰ ਨਿੱਜੀ ਕਾਰੋਬਾਰ ਵਾਂਗ ਸਰਕਾਰੀ ਕੰਮ ਵਿੱਚ ਬਣਦੀ ਖੁੱਲ੍ਹ ਨਹੀਂ ਦਿੰਦੇ ਜਾਂ ਇਸੇ ਖੁੱਲ੍ਹ ਕਾਰਨ ਉਸ ਦੀਆਂ ਬੱਸਾਂ ਨੂੰ ਸਵਾਰੀਆਂ ਦੇ ਖੁੱਲ੍ਹੇ ਗੱਫ਼ੇ ਮਿਲ ਰਹੇ ਹਨ। ਇਹ ਵੱਡੇ ਮਸਲੇ ਹਨ ਜਿਨ੍ਹਾਂ ਦੇ ਬਹੀ-ਖ਼ਾਤੇ ਕਦੇ ਇਤਿਹਾਸ ਫਰੋਲੇਗਾ ਪਰ ਇਸ ਖ਼ਤ ਲਈ ਸਿਰਫ਼ ਬੱਸ ਦੀ ਮਲਕੀਅਤ ਅਹਿਮ ਹੈ।
ਤੁਸੀਂ ਸਾਫ਼ ਕਰ ਦਿੱਤਾ ਹੈ ਕਿ ਤੁਹਾਡਾ ਇਨ੍ਹਾਂ ਬੱਸਾਂ ਦੇ ਕਾਰੋਬਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸੇ ਤਰਜ਼ ਉੱਤੇ ਤੁਹਾਡੇ ਫ਼ਰਜ਼ੰਦ ਦਾ ਇਸ ਵਾਰਦਾਤ ਨਾਲ ਕੋਈ ਰਿਸ਼ਤਾ ਨਹੀਂ ਹੈ। ਤੁਸੀਂ ਭਾਵੇਂ ਕਿਤਾਬਾਂ ਪੜ੍ਹਣ ਜਾਂ ਪੜ੍ਹਣ ਦੇਣ ਵਿੱਚ ਯਕੀਨ ਨਹੀਂ ਕਰਦੇ ਪਰ ਕੁਝ ਗੱਲਾਂ ਦੀ ਗਵਾਹੀ ਨਾਲ ਹੀ ਮਸਲੇ ਦੀਆਂ ਰਮਜ਼ਾਂ ਖੁੱਲ੍ਹਣੀਆਂ ਹਨ। ਤੁਹਾਡੀ ਸਰਕਾਰ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮੁਆਵਜ਼ਾ ਦੇ ਦਿੱਤਾ ਹੈ। ਜਦੋਂ ਦਿੱਲੀ ਵਿੱਚ ਦਸੰਬਰ 2012 ਵਾਲੀ ਵਾਰਦਾਤ ਤੋਂ ਬਾਅਦ ਸਰਕਾਰ ਖ਼ਿਲਾਫ਼ ਮੁਜ਼ਾਹਰੇ ਹੋ ਰਹੇ ਸਨ ਤਾਂ ਕੀ ਤੁਸੀਂ ਉਸ ਮਾਮਲੇ ਵਿੱਚ ਹੀ ਇੰਝ ਹੀ ਸੋਚਦੇ ਸੀ? ਜੇ ਤੁਹਾਡੀ ਸੋਚ ਵਿੱਚ ਏਨੀ ਲਗਾਤਾਰਤਾ ਹੈ ਤਾਂ ਜਸਟਿਸ ਵਰਮਾ ਕਮਿਸ਼ਨ ਦੀ ਰਪਟ, ਬਾਅਦ ਵਿੱਚ ਹੋਈ ਕਾਨੂੰਨੀ ਸੋਧ ਅਤੇ ਹੁਣ ਤੱਕ ਜਾਰੀ ਬਹਿਸ ਤਾਂ ਬੇਮਾਅਨਾ ਹੋਈ। ਉਸ ਮੁਕੇਸ਼ ਸਿੰਘ ਦਾ ਸਰਕਾਰ ਨਾਲ ਕੋਈ ਰਿਸ਼ਤਾ ਤੱਕ ਨਹੀਂ ਸੀ ਪਰ ਲੋਕ ਸਮਾਜਿਕ ਸੋਚ ਅਤੇ ਸਰਕਾਰੀ ਕਾਰਗੁਜ਼ਾਰੀ ਵਿੱਚ ਬਿਹਤਰੀ ਨਾਲ ਜੋੜ ਕੇ ਔਰਤਾਂ ਦੀ ਸੁਰੱਖਿਆ ਅਤੇ ਮਾਣ-ਸਤਿਕਾਰ ਦੇ ਮਸਲਿਆਂ ਨੂੰ ਦੇਖਦੇ ਸਨ। ਇਹ ਮੁਕੇਸ਼ ਸਿੰਘ ਵੀ ਅਜੀਬ ਬੰਦਾ ਹੈ ਕਿ ਬਲਾਤਕਾਰੀ-ਕਾਤਲ ਹੋਣ ਦੇ ਬਾਵਜੂਦ ਹਰ ਬਹਿਸ ਵਿੱਚ ਆ ਜਾਂਦਾ ਹੈ। ਬਹੁਤ ਸਾਰੇ ਸ਼ਹਿਰੀ ਮੰਨਦੇ ਹਨ ਕਿ ਉਸ ਨੂੰ ਸੁਣਿਆ ਜਾਣਾ ਚਾਹੀਦਾ ਹੈ। ਉਸ ਦੀਆਂ ਗੱਲਾਂ ਵਿੱਚੋਂ ਸਾਡੇ ਸਮਾਜ ਦੀ ਔਰਤ ਵਿਰੋਧੀ ਸੋਚ ਦੀ ਨਿਸ਼ਾਨਦੇਹੀ ਹੁੰਦੀ ਹੈ। ਤੁਹਾਡੀ ਭਾਈਵਾਲੀ ਵਾਲੀ ਕੇਂਦਰੀ ਸਰਕਾਰ ਉਸ ਫ਼ਿਲਮ ਉੱਤੇ ਪਾਬੰਦੀ ਲਗਾ ਚੁੱਕੀ ਹੈ ਜਿਸ ਵਿੱਚ ਮੁਕੇਸ਼ ਸਿੰਘ ਬਲਾਤਕਾਰ ਕਰਨ ਦੀ ਦਲੀਲ ਬਰੀਕੀ ਨਾਲ ਸਮਝਾਉਂਦਾ ਹੈ। ਤੁਸੀਂ ਆਪਣੇ ਸਿਆਸੀ ਜੀਵਨ ਵਿੱਚ ਵਫ਼ਾਦਾਰੀਆਂ ਨੂੰ ਬਹੁਤ ਤਰਜੀਹ ਦਿੱਤੀ ਹੈ। ਤੁਹਾਡੇ ਇਸੇ ਗੁਣ ਕਾਰਨ ਇਹ ਮੰਨਣਾ ਸੌਖਾ ਹੈ ਕਿ ਤੁਸੀਂ ਉਸ ਪਾਬੰਦੀ ਨਾਲ ਸਹਿਮਤ ਹੋਵੋਗੇ।
ਮੋਗੇ ਕਤਲ ਹੋਣ ਵਾਲੀ ਕੁੜੀ ਨੂੰ ਪੰਜਾਬ ਵਿੱਚ ਛਪਦੇ ਜ਼ਿਆਦਾਤਰ ਅਖ਼ਬਾਰਾਂ ਅਤੇ ਨਸ਼ਰ ਹੁੰਦੇ ਚੈਨਲਾਂ ਨੇ ਦੂਜੀ-ਨਿਰਭੈਅ ਦਾ ਦਰਜਾ ਦਿੱਤਾ ਹੈ। ਆਪਾਂ ਇਸ ਗੱਲ ਵਿੱਚ ਨਹੀਂ ਪੈਣਾ ਕਿ ਕਤਲ ਹੋਏ ਜੀਅ ਨੂੰ ਨਿਰਭੈਅ ਕਹਿ ਕੇ ਕੌਣ ਕਿਸ ਦੀ ਵਡਿਆਈ ਕਰਦਾ ਹੈ। ਉਂਝ ਆਪਾਂ ਪੱਤਰਕਾਰਾਂ ਦੀ ਇਸ ਦੋਗ਼ਲੀ ਸਮਝ ਬਾਬਤ ਵੀ ਗੱਲ ਨਹੀਂ ਕਰਨੀ ਕਿ ਸਲੀਕੇ ਦੇ ਨਾਮ ਉੱਤੇ ਦਿੱਲੀ ਵਾਲੀ ਕੁੜੀ ਦਾ ਨਾਮ ਗੁਪਤ ਰੱਖਿਆ ਜਾਵੇ ਅਤੇ ਮੋਗੇ ਵਾਲੀ ਬੀਬੀ ਦਾ ਨਾਮ ਨਸ਼ਰ ਕਰਨ ਵਿੱਚ ਕੋਈ ਗੁਰੇਜ਼ ਨਾ ਕੀਤਾ ਜਾਵੇ। ਜੇ ਪੱਤਰਕਾਰ ਕਿਸੇ ਸਲੀਕੇ ਵਿੱਚ ਨਹੀਂ ਰਹਿੰਦੇ ਤਾਂ ਸਰਕਾਰ ਵਿਚਾਰੀ ਕੀ ਕਰ ਸਕਦੀ ਹੈ? ਕੁਝ ਪੱਤਰਕਾਰਾਂ ਦੀ ਤਾਂ ਮਜਬੂਰੀ ਹੈ ਕਿ ਸਿਆਸੀ ਧਿਰਾਂ ਅਤੇ ਜਥੇਬੰਦੀਆਂ ਦੇ ਬਿਆਨਾਂ ਵਿੱਚ ਨਾਮ ਲਿਖਿਆ ਹੁੰਦਾ ਹੈ ਜਿਸ ਕਾਰਨ ਛਾਪਣਾ ਮਜਬੂਰੀ ਹੋ ਜਾਂਦਾ ਹੈ। ਖ਼ੈਰ ਇਹ ਪੱਤਰਕਾਰ ਤਾਂ ਹਰ ਮਾਮਲੇ ਉੱਤੇ ਸਨਸਨੀ ਪੈਦਾ ਕਰ ਦਿੰਦੇ ਹਨ ਅਤੇ ਮੁੱਦਾ ਲੀਹੋਂ ਲਾਹ ਦਿੰਦੇ ਹਨ। ਆਪਾਂ ਤਾਂ ਗੱਲ ਇਹ ਕਰਨੀ ਸੀ ਕਿ ਲਗਾਤਾਰ ਅਧਿਐਨ ਕਰਨ ਵਾਲੇ ਵਿਦਵਾਨ ਸਾਬਤ ਕਰਦੇ ਹਨ ਕਿ ਔਰਤ ਖ਼ਿਲਾਫ਼ ਹਿੰਸਾ ਸਮਾਜਿਕ ਸੋਚ ਦਾ ਹਿੱਸਾ ਹੈ। ਤੁਸੀਂ ਆਦਤਨ ਕਹਿ ਸਕਦੇ ਹੋ ਕਿ ਸਮਾਜਿਕ ਸੋਚ ਨੂੰ ਸਰਕਾਰ ਕੀ ਕਰ ਸਕਦੀ ਹੈ? ਉਂਝ ਇਨ੍ਹਾਂ ਮਾਮਲਿਆਂ ਵਿੱਚ ਤੁਸੀਂ ਉਨ੍ਹਾਂ ਹੁਸ਼ਿਆਰ ਸਿਆਸਤਦਾਨਾਂ ਵਿੱਚ ਸ਼ੁਮਾਰ ਹੋ ਜਿਹੜੇ ਸਰਕਾਰੀ ਮਹਿਕਮਿਆਂ ਅਤੇ ਆਪਣਿਆਂ ਦੇ ਨਿੱਜੀ ਕਾਰੋਬਾਰ ਵਿੱਚ ਕੋਈ ਫ਼ਰਕ ਨਹੀਂ ਕਰਦੇ ਪਰ ਸਮਾਜਿਕ ਸੋਚ ਅਤੇ ਸਿਆਸੀ ਘੇਰੇ ਵਿੱਚ ਨਿਖੇੜਾ ਬਰੀਕੀ ਨਾਲ ਕਰ ਲੈਂਦੇ ਹਨ। ਤੁਹਾਡੀ ਇਸ ਤਾਰੀਫ਼ ਖ਼ਿਲਾਫ਼ ਹਿਮਾਕਤ ਕਰਦਿਆਂ ਹੋਇਆਂ ਇਹ ਕਹਿਣਾ ਬਣਦਾ ਹੈ ਕਿ ਸਮਾਜਿਕ ਸੋਚ ਵਿੱਚੋਂ ਨਿਕਲਦੀ ਹਰ ਉੱਚ-ਨੀਚ, ਬੇਇਨਸਾਫ਼ੀ ਅਤੇ ਵਧੀਕੀ ਸਿਆਸਤ ਦੇ ਘੇਰੇ ਵਿੱਚ ਆਉਂਦੀ ਹੈ।
ਜਦੋਂ ਮੋਗੇ ਵਿੱਚ ਕਤਲ ਹੋਈ ਕੁੜੀ ਨੂੰ ਦੂਜੀ-ਨਿਰਭੈਅ ਕਿਹਾ ਜਾ ਰਿਹਾ ਹੈ ਤਾਂ ਉਸ ਦੇ ਕਾਤਲਾਂ ਦੀ ਕੋਈ ਤੰਦ ਤਾਂ ਮੁਕੇਸ਼ ਸਿੰਘ ਨਾਲ ਮਿਲਦੀ ਹੋ ਸਕਦੀ ਹੈ। ਮੁਕੇਸ਼ ਸਿੰਘ ਨੇ ਇੰਡੀਆ'ਜ਼ ਡੌਟਰ ਨਾਮ ਦੀ ਦਸਤਾਵੇਜੀ ਫ਼ਿਲਮ ਵਿੱਚ ਸਾਫ਼ ਕਿਹਾ ਹੈ ਕਿ ਬਲਾਤਕਾਰ ਤੋਂ ਬਾਅਦ ਕੁੜੀ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਸ਼ਰਮਸ਼ਾਰ ਹੋ ਕੇ ਚੁੱਪ ਧਾਰ ਲਵੇ। ਮੁਕੇਸ਼ ਬਲਾਤਕਾਰ ਨੂੰ ਕੁੜੀ ਦੇ ਓਪਰੇ ਮਰਦ ਨਾਲ ਕੁਵੇਲੇ ਜਾਣ ਦੀ ਸਜ਼ਾ ਵਜੋਂ ਪੇਸ਼ ਕਰਦਾ ਹੈ। ਇਸ ਤਰ੍ਹਾਂ ਮੁਕੇਸ਼ ਮਰਦ ਪ੍ਰਧਾਨ ਸਮਾਜ ਦੀ ਨੁਮਾਇੰਦਗੀ ਕਰਦਾ ਹੋਇਆ ਬਲਾਤਕਾਰ ਨੂੰ ਜਾਇਜ਼ ਕਰਾਰ ਦਿੰਦਾ ਹੈ। ਮੋਗੇ ਵਾਲੇ ਮਾਮਲੇ ਵਿੱਚ ਮੁਕੇਸ਼ ਸਿੰਘ ਦੀ ਸੋਚ ਦੇ ਸਾਰੇ ਅੰਸ਼ ਹੋ ਸਕਦੇ ਹਨ ਪਰ ਇੱਥੇ ਉਹ ਜ਼ਿਆਦਾ ਮੂੰਹਜ਼ੋਰ ਹੈ। ਜੇ ਮੁਕੇਸ਼ ਸਿੰਘ ਦੀ ਦਲੀਲ ਨੂੰ ਸਮਾਜ ਸ਼ਾਸਤਰੀਆਂ ਦੀ ਸਲਾਹ ਕਾਰਨ ਮੰਨ ਲਿਆ ਜਾਵੇ ਤਾਂ ਮੋਗੇ ਕੁਝ ਨਵੇਂ ਤੱਥ ਜੁੜ ਗਏ ਹਨ। ਨਾਬਾਲਗ਼ ਕੁੜੀ ਦਿਨ-ਦਿਹਾੜੇ ਆਪਣੀ ਮਾਂ ਅਤੇ ਛੋਟੇ ਭਰਾ ਨਾਲ ਸਵਾਰੀਆਂ ਵਾਲੀ ਬੱਸ ਵਿੱਚ ਸਫ਼ਰ ਕਰ ਰਹੀ ਸੀ। ਜੇ ਮੁਕੇਸ਼ ਸਿੰਘ ਹੁਰਾਂ ਦੀ ਸੋਚ ਉੱਤੇ ਮਰਦ ਪ੍ਰਧਾਨਗੀ ਸਵਾਰ ਸੀ ਤਾਂ ਮੋਗੇ ਕਾਤਲਾਂ ਦੀ ਮੂੰਹਜ਼ੋਰੀ ਉੱਤੇ ਕੀ ਸਵਾਰ ਸੀ। ਮੁਕੇਸ਼ ਸਿੰਘ ਹੋਰੀ ਤਾਂ ਤਵੱਕੋ ਕਰਦੇ ਸਨ ਕਿ ਰਾਤ ਦੇ ਹਨੇਰੇ ਵਿੱਚ ਹੋਈ ਵਧੀਕੀ ਤੋਂ ਬਾਅਦ ਸ਼ਰਮ ਦੀ ਮਾਰੀ ਕੁੜੀ ਮੂੰਹ ਨਹੀਂ ਖੋਲ੍ਹੇਗੀ। ਮੋਗੇ ਤੁਹਾਡੇ ਫ਼ਰਜ਼ੰਦ ਦੀ ਬੱਸ ਦੇ ਮੁਲਾਜ਼ਮ ਦਿਨ ਦਿਹਾੜੇ ਇਹ ਮੂੰਹਜ਼ੋਰੀ ਕਰਨ ਤੋਂ ਬਾਅਦ ਬਚ ਜਾਣ ਦੀ ਤਵੱਕੋ ਕਿਵੇਂ ਕਰਦੇ ਸੀ? ਉਨ੍ਹਾਂ ਦੀ ਸੋਚ ਨੂੰ ਸਮਝਣਾ ਵੀ ਤਾਂ ਜ਼ਰੂਰੀ ਹੈ।
ਤੁਹਾਡੇ ਫ਼ਰਜ਼ੰਦ ਦੀਆਂ ਬੱਸਾਂ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਤਾਰ ਲੱਗਦੇ ਹਨ। ਇਹ ਆਵਾਜਾਈ ਦੇ ਹਰ ਨੇਮ ਤੋੜਦੀਆਂ ਹਨ ਅਤੇ ਪੁਲਿਸ ਇਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਕਰਦੀ। ਉਂਝ ਇਸ ਗੱਲ ਦਾ ਇਸ਼ਾਰਾ ਇੱਕ ਵਾਰ ਤੁਸੀਂ ਲੋਕ ਸਭਾ ਹਲਕਾ ਬਠਿੰਡਾ ਵਿੱਚ ਕੀਤਾ ਸੀ। ਤੁਸੀਂ ਲੋਕਾਂ ਨੂੰ ਕਿਹਾ ਸੀ ਕਿ ਤੁਹਾਡੇ ਲੋਕ ਸਭਾ ਦੀ ਨੁਮਾਇੰਦਗੀ ਕਰਨ ਵਾਲੀ ਬੀਬੀ ਦੀ ਗੱਲ ਸੁਖਬੀਰ ਬਾਦਲ ਨਹੀਂ ਮੋੜਦਾ। ਸੁਖਬੀਰ ਬਾਦਲ ਮਜ਼ਾਕ-ਮਜ਼ਾਕ ਵਿੱਚ ਪੱਤਰਕਾਰਾਂ ਨੂੰ ਸਮਝਾ ਚੁੱਕੇ ਹਨ ਕਿ ਪੁਲਿਸ ਉਨ੍ਹਾਂ ਦਾ ਇਸ਼ਾਰਾ ਸਮਝਦੀ ਹੈ। ਇਨ੍ਹਾਂ ਹਾਲਾਤ ਵਿੱਚ ਤੁਹਾਡੇ ਫ਼ਰਜ਼ੰਦ ਦੀਆਂ ਬੱਸਾਂ ਦਾ ਪੰਜਾਬ ਦੀਆਂ ਸੜਕਾਂ ਉੱਤੇ ਰਾਜ ਹੈ। ਉਨ੍ਹਾਂ ਦੀ ਰਫ਼ਤਾਰ ਦੀ ਮਾਰ ਵਿੱਚ ਆਇਆ ਬੰਦਾ ਪੁਲਿਸ ਦੇ ਕਾਗ਼ਜ਼ਾਂ ਵਿੱਚ ਦਰਜ ਹੋਣ ਤੋਂ ਡਰਦਾ ਹੈ। ਤੁਸੀਂ ਚਾਹੇ ਗੁੱਸਾ ਮੰਨਿਓ ਪਰ ਤੁਹਾਡੇ ਫ਼ਰਜ਼ੰਦ ਦੀਆਂ ਬੱਸਾਂ ਨੂੰ ਲੋਕ 'ਬਾਦਲਾਂ ਦੀਆਂ ਬੱਸਾਂ' ਕਹਿੰਦੇ ਹਨ। ਪੁਲਿਸ ਵਾਲੇ ਇਨ੍ਹਾਂ ਬੱਸਾਂ ਨਾਲ ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ਨੂੰ 'ਬਾਦਲਾਂ' ਦਾ ਨਾਮ ਲੈ ਕੇ ਸਮਝਾਉਂਦੇ ਹਨ ਕਿ ਕੇਲੇ ਦੇ ਛਿਲਕੇ ਤੋਂ ਤਿਲਕੇ ਦਾ ਅਤੇ 'ਬਾਦਲਾਂ' ਦੀਆਂ ਬੱਸਾਂ ਹੇਠਾਂ ਆ ਕੇ ਮਰੇ ਦਾ ਰੋਸਾ ਨਹੀਂ ਕਰੀਦਾ। ਮੈਨੂੰ ਪੱਕਾ ਪਤਾ ਹੈ ਕਿ ਸਰਕਾਰ ਨੇ ਅਜਿਹਾ ਕੋਈ ਹੁਕਮ ਪੁਲਿਸ ਨੂੰ ਨਹੀਂ ਕੀਤਾ ਪਰ ਤੁਸੀਂ ਤਾਂ ਜਾਣਦੇ ਹੋ ਕਿ ਹੁਕਮ ਤਾਂ ਮੂੰਹ-ਜ਼ੁਬਾਨੀ ਜ਼ਿਆਦਾ ਕਾਰਗਰ ਹੁੰਦੇ ਹਨ। ਉਂਝ ਚਾਕਰਾਂ ਨੂੰ ਮਾਲਕਾਂ ਦੀ ਅੱਖ ਦਾ ਇਸ਼ਾਰਾ ਸਮਝਣ ਦੀ ਆਦਤ ਹੁੰਦੀ ਹੈ। ਇਸ਼ਾਰਾ ਸਮਝਣ ਵਾਲੇ ਤਰੱਕੀਆਂ ਅਤੇ ਚੰਗੇ ਅਹੁਦੇ ਦੀ ਆਸ ਰੱਖਦੇ ਹਨ। ਤੁਸੀਂ ਤਾਂ ਇਸ਼ਾਰਾ ਸਮਝਣ ਵਾਲਿਆਂ ਨੂੰ ਸਰਕਾਰੀ ਨੌਕਰੀਆਂ ਤੋਂ ਛੁੱਟੀ ਕਰਵਾ ਕੇ ਸਿਆਸੀ ਰੁਤਵਿਆਂ ਨਾਲ ਵੀ ਨਿਵਾਜਦੇ ਹੋ। ਇਸ ਦਲੀਲ ਨੂੰ ਕਿਸੇ ਸਾਬਕਾ ਮੁੱਖ ਸਕੱਤਰ, ਸਾਬਕਾ ਪੁਲਿਸ ਮੁਖੀ ਜਾਂ ਸਾਬਕਾ ਖੇਡ ਨਿਰਦੇਸ਼ਕ ਦੀਆਂ ਸਿਆਸੀ ਸਰਗਰਮੀਆਂ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਹੋਰ ਵੀ ਤਾਂ ਸਰਕਾਰੀ ਅਫ਼ਸਰ ਹਨ ਜਿਨ੍ਹਾਂ ਨੇ ਤੁਹਾਡੇ ਇਸ਼ਾਰੇ ਉੱਤੇ ਚੋਣਾਂ ਲੜਨ ਲਈ ਨੌਕਰੀਆਂ ਛੱਡੀਆਂ ਹਨ ਜਾਂ ਆਪਣੀਆਂ ਘਰਵਾਲੀਆਂ ਤੋਂ ਲੈ ਕੇ ਰਿਸ਼ਤੇਦਾਰਾਂ ਨੂੰ ਚੋਣਾਂ ਦੇ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਹਾਲਾਤ ਵਿੱਚ ਹਰ ਮੁਲਾਜ਼ਮ ਇਸ ਦੌੜ ਵਿੱਚ ਹੋ ਸਕਦਾ ਹੈ ਕਿ ਤੁਹਾਡੇ ਇਸ਼ਾਰੇ ਸਮਝ ਕੇ ਤਰੱਕੀਆਂ ਦੇ ਬੂਹੇ ਖੋਲ੍ਹੇ ਜਾਣ। ਪੁਲਿਸ ਅਤੇ ਆਵਾਜਾਈ ਵਾਲਾ ਮਹਿਕਮਾ ਤੁਹਾਡੇ ਫ਼ਰਜ਼ੰਦ ਦੀਆਂ ਬੱਸਾਂ ਦੀ ਚੱਤੋ-ਪਹਿਰ ਸੇਵਾ ਵਿੱਚ ਹਾਜ਼ਰ ਰਹਿੰਦਾ ਹੈ।
ਤੁਹਾਡੇ ਫ਼ਰਜ਼ੰਦ ਦੇ ਨਾਮ ਉੱਤੇ ਬੱਸ ਦੇ ਮੁਲਾਜ਼ਮ ਸਰਕਾਰੀ ਮੁਲਾਜ਼ਮਾਂ ਉੱਤੇ ਚੋਖਾ ਰੋਅਬ ਪਾ ਲੈਂਦੇ ਹਨ। ਦੇਖੋ ਤੁਸੀਂ ਤਾਂ ਜਾਣਦੇ ਹੋ ਕਿ ਰੋਅਬਦਾਰ ਬੰਦਾ ਜਲਦੀ ਭੁੱਲ ਜਾਂਦਾ ਹੈ ਕਿ ਰੋਅਬ ਉਸ ਦਾ ਨਹੀਂ ਸਗੋਂ ਮਾਲਕਾਂ ਦਾ ਹੈ। ਤੁਸੀਂ ਜਾਣਦੇ ਹੋ ਕਿ ਕਿੰਨੇ ਸਿਆਸਤਦਾਨਾਂ ਅਤੇ ਅਫ਼ਸਰਾਂ ਨੂੰ ਤੁਹਾਨੂੰ ਔਕਾਤ ਯਾਦ ਕਰਵਾਉਣ ਲਈ ਕਾਰਵਾਈਆਂ ਕਰਨੀਆਂ ਪੈਂਦੀਆਂ ਹਨ। ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਗੁਰਚਰਨ ਸਿੰਘ ਟੌਹੜਾ ਆਪਣੀ ਸਰਕਾਰ ਸਮਝ ਬੈਠੇ ਸਨ। ਤੁਹਾਨੂੰ ਦੱਸਣਾ ਪਿਆ ਸੀ ਕਿ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਦੀ ਹੈ। ਤੁਸੀਂ ਭਾਵੇਂ ਇਹ ਕੰਮ ਕੌੜਾ ਘੁੱਟ ਭਰ ਕੇ ਹੀ ਕੀਤਾ ਹੋਵੇ ਪਰ ਅਜਿਹਾ ਕਈ ਵਾਰ ਕਰਨਾ ਪੈਂਦਾ ਹੈ। ਮਨਪ੍ਰੀਤ ਸਿੰਘ ਬਾਦਲ ਦੀ 'ਸਿਆਸੀ ਖੁਦਕੁਸ਼ੀ' ਦਾ ਐਲਾਨ ਤੁਹਾਨੂੰ ਦਿਲ ਉੱਤੇ ਪੱਥਰ ਰੱਖ ਕੇ ਕਰਨਾ ਪਿਆ ਸੀ। ਇਹ ਬੱਸਾਂ ਦੇ ਮੁਲਾਜ਼ਮਾਂ ਨੂੰ ਭੁਲੇਖਾ ਹੈ ਕਿ ਰੋਅਬ ਉਨ੍ਹਾਂ ਦਾ ਹੈ। ਪੁਲਿਸ ਸਮੇਤ ਸਵਾਰੀਆਂ ਨੂੰ ਨਹੀਂ ਪਤਾ ਕਿ ਕਿਹੜਾ ਮੁਲਾਜ਼ਮ ਤੁਹਾਡੇ ਫ਼ਰਜ਼ੰਦ ਦੇ ਕਿੰਨਾ ਨੇੜੇ ਹਨ। ਉਹ ਤਾਂ ਤੁਹਾਡੇ ਫ਼ਰਜ਼ੰਦ ਦੇ ਕਾਰੋਬਾਰ ਦੇ ਹਰ ਮੁਲਾਜ਼ਮ ਨੂੰ ਤੁਹਾਡਾ ਹੀ ਰੂਪ ਮੰਨਦੇ ਹਨ। ਨਤੀਜੇ ਵਜੋਂ ਕਰਾਏ-ਬਕਾਏ ਦੇ ਝਗੜੇ ਉੱਤੇ ਕੁੱਟ-ਮਾਰ ਤੋਂ ਗਾਲੀ-ਗਲੋਚ ਦਾ ਦ੍ਰਿਸ਼ ਤਾਂ ਤੁਸੀਂ ਆਪ ਇੱਕੋ ਦਿਨ ਵਿੱਚ ਦੇਖ ਸਕਦੇ ਹੋ। ਉਂਝ ਤੁਸੀਂ ਇਹ ਤਜਰਬਾ ਕਰਨ ਦਾ ਜੋਖਮ ਨਾ ਲਵੋ ਤਾਂ ਚੰਗਾ ਹੈ ਕਿਉਂਕਿ ਤੁਹਾਡੇ ਫ਼ਰਜ਼ੰਦ ਦੇ ਕਿਸੇ ਮੁਲਾਜ਼ਮ ਨੇ ਮਾੜੀ ਜਿਹੀ ਗੱਲ ਉੱਤੇ ਕਹਿ ਦੇਣਾ ਹੈ, "ਬਾਦਲ ਵਰਗੀ ਸ਼ਕਲ ਨਾਲ ਤੂੰ ਹੁਣ ਮੁੱਖ ਮੰਤਰੀ ਬਣ ਗਿਐਂ?" ਇਹ ਤੁਹਾਡੇ ਗਰਮ ਖ਼ੂਨ ਵਾਲੇ ਨੌਜਵਾਨ ਵਿਧਾਇਕਾਂ ਨੂੰ ਚੰਗਾ ਨਹੀਂ ਲੱਗਣਾ। ਬੱਸਾਂ ਦੇ ਮੁਲਾਜ਼ਮਾਂ ਦੀ ਸ਼ਾਨ ਸਵਾਰੀਆਂ ਦੀ ਬੇਇੱਜ਼ਤੀ ਕਰਨ ਵਿੱਚ ਹੈ। ਜੇ ਕੋਈ ਕਸਰ ਰਹਿ ਜਾਵੇ ਤਾਂ ਉਹ ਗੀਤ ਸੁਣਾ ਕੇ ਜਾਂ ਫ਼ਿਲਮਾਂ ਦਿਖਾ ਕੇ ਪੂਰੀ ਕਰ ਦਿੰਦੇ ਹਨ। ਤੁਹਾਡੇ ਫ਼ਰਜ਼ੰਦ ਦੀਆਂ ਬੱਸਾਂ ਵਿੱਚ 'ਨੰਨ੍ਹੀ ਛਾਂ' ਦੇ ਇਸ਼ਤਿਹਾਰ ਦੇ ਬਿਲਕੁਲ ਲਾਗੇ ਕੁੜੀਆਂ ਛੇੜਣ ਦੀ ਸਿਖਲਾਈ ਦੇਣ ਵਾਲੀਆਂ ਫ਼ਿਲਮਾਂ ਚੱਲਦੀਆਂ ਹਨ। ਇਹ ਤਾਂ ਤੁਸੀਂ ਆਪਣੇ ਕਿਸੇ ਚਾਕਰ ਰਾਹੀਂ ਪਤਾ ਕਰਵਾ ਲੈਣਾ ਕਿ ਕਿਹੜੇ ਗੀਤ ਚੱਲਦੇ ਹਨ ਅਤੇ ਕਿਹੜੀਆਂ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ।
ਇਨ੍ਹਾਂ ਹਾਲਾਤ ਵਿੱਚ ਤੁਹਾਡੀਆਂ ਬੱਸਾਂ ਮਤਲਬ ਕਿ ਤੁਹਾਡੇ ਫ਼ਰਜ਼ੰਦ ਦੀਆਂ ਬੱਸਾਂ ਦੇ ਮੁਲਾਜ਼ਮ ਤੁਹਾਡੇ ਨਾਮ ਉੱਤੇ ਆਪਣੇ ਕੰਮ ਕਰਵਾ ਲੈਂਦੇ ਹਨ। ਉਂਝ ਬੱਸਾਂ ਦੇ ਕਾਰੋਬਾਰ ਵਿੱਚ ਜੇ ਮੁਲਾਜ਼ਮ ਜ਼ਿਆਦਾ ਕੁੰਡੀ ਨਾ ਲਾਉਣ ਤਾਂ ਮਾਲਕ ਉਨ੍ਹਾਂ ਦੇ ਹਮਲਾਵਰ ਸੁਭਾਅ ਨੂੰ ਚੰਗਾ ਸਮਝਦੇ ਹਨ। ਮਾਲਕਾਂ ਦਾ ਸਵਾਰੀਆਂ ਉੱਤੇ ਰੋਅਬ ਮੁਲਾਜ਼ਮਾਂ ਰਾਹੀਂ ਹੀ ਪੈਣਾ ਹੈ। ਇਹ ਤਾਂ ਕਈ ਵਾਰ ਸਰਕਾਰੀ ਮੁਲਾਜ਼ਮਾਂ ਦੀ ਕੁੱਟਮਾਰ ਤੱਕ ਕਰ ਦਿੰਦੇ ਹਨ। ਲਾਹਪਾਹ ਕਰਨ ਲਈ ਤਾਂ ਇਨ੍ਹਾਂ ਨੂੰ ਕਿਸੇ ਕਾਰਨ ਦੀ ਲੋੜ ਤੱਕ ਨਹੀਂ ਪੈਂਦੀ। ਚੀਜ਼ਾਂ ਨੂੰ ਚੋਣਵੇਂ ਰੂਪ ਵਿੱਚ ਯਾਦ ਰੱਖਣ ਦੇ ਸੁਭਾਅ ਦੇ ਬਾਵਜੂਦ ਤੁਹਾਨੂੰ ਇਹ ਤਾਂ ਯਾਦ ਹੋਵੇਗਾ ਕਿ ਅਮ੍ਰਿਤਸਰ ਵਿੱਚ ਇੱਕ ਕੁੜੀ ਨਾਲ ਛੇੜਛਾੜ ਕਰਨ ਵਾਲਿਆਂ ਨੇ ਪੁਲਿਸ ਅਫ਼ਸਰ ਬਾਪ ਦਾ ਵਰਦੀ ਵਿੱਚ ਕਤਲ ਕਰ ਦਿੱਤਾ ਸੀ। ਤੁਸੀਂ ਪੂਰੀ ਦਿਆਨਤਦਾਰੀ ਨਾਲ ਕੁੜੀ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਦਿੱਤਾ ਸੀ। ਮੁਲਜ਼ਮਾਂ ਖ਼ਿਲਾਫ਼ ਫੁਰਤੀ ਨਾਲ ਕਾਰਵਾਈ ਕੀਤੀ ਸੀ। ਉਸ ਤੋਂ ਬਾਅਦ ਲੁਧਿਆਣੇ ਵਿੱਚ ਹੋਰ ਵੱਡੇ ਪੁਲਿਸ ਅਫ਼ਸਰ ਦੀ ਲੱਤ ਤੋੜ ਦਿੱਤੀ ਗਈ ਸੀ। ਪੁਲਿਸ ਨੇ ਉਸ ਵੇਲੇ ਵੀ ਫੁਰਤੀ ਨਾਲ ਕਾਰਵਾਈ ਕੀਤੀ ਸੀ। ਅਜਿਹੇ ਹੋਰ ਕਈ ਮਾਮਲਿਆਂ ਦੇ ਹਵਾਲੇ ਨਾਲ ਇਹ ਸੁਆਲ ਪੇਸ਼ ਹੁੰਦਾ ਰਿਹਾ ਹੈ ਕਿ ਪੁਲਿਸ ਦੇ ਕੰਮ ਵਿੱਚ ਸਿਆਸੀ ਦਖ਼ਲਅੰਦਾਜ਼ੀ ਹੁੰਦੀ ਹੈ। ਵਿਧਾਨ ਸਭਾ ਹਲਕਿਆਂ ਮੁਤਾਬਕ ਥਾਣਿਆਂ ਦੀ ਹੱਦਬੰਦੀ ਕਰਨ ਦੇ ਬਾਵਜੂਦ ਪੁਲਿਸ ਮਹਿਕਮਾ ਲਗਾਤਾਰ ਐਲਾਨ ਕਰਦਾ ਰਿਹਾ ਹੈ ਕਿ ਅਜਿਹਾ ਕੁਝ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਥਾਣੇ ਵਾਲੇ ਹਰ ਕਾਰਵਾਈ ਕਰਨ ਜਾਂ ਨਾ ਕਰਨ ਲਈ ਤੁਹਾਡੇ ਵਿਧਾਇਕਾਂ ਜਾਂ ਹਲਕਾ ਇੰਚਾਰਜਾਂ ਦੀ ਸਲਾਹ ਲੈਂਦੇ ਹਨ। ਪੁਲਿਸ ਦੇ ਇਨ੍ਹਾਂ ਸਲਾਹਕਾਰਾਂ ਦੀ ਹਾਜ਼ਰੀ ਵਿੱਚ ਤੁਹਾਡੇ ਫ਼ਰਜ਼ੰਦ ਦੀਆਂ ਬੱਸਾਂ ਦੇ ਮੁਲਾਜ਼ਮਾਂ ਉੱਤੇ ਕਾਰਵਾਈ ਹੋਣੀ ਮਹਿਕਮੇ ਦੇ ਵਸੋਂ ਬਾਹਰ ਹੋ ਜਾਂਦੀ ਹੈ। ਇਨ੍ਹਾਂ ਹਾਲਾਤ ਵਿੱਚ ਤੁਹਾਡੇ ਨਿੱਜੀ ਮੁਲਾਜ਼ਮਾਂ ਦਾ (ਬੱਸਾਂ ਤੋਂ ਬਿਨਾਂ ਵੀ) ਕੋਈ ਕਾਰਾ ਪੁਲਿਸ ਦੇ ਕਾਗ਼ਜ਼ਾਂ ਵਿੱਚ ਨਹੀਂ ਚੜ੍ਹ ਸਕਦਾ।
ਆਪਣੇ ਆਪ ਨੂੰ ਤੁਹਾਡਾ ਰੂਪ ਸਮਝਣ ਵਾਲਿਆਂ ਵਿੱਚ ਤੁਹਾਡੇ ਕਾਰੋਬਾਰਾਂ ਦੇ ਮੁਲਾਜ਼ਮਾਂ ਤੋਂ ਬਿਨਾਂ ਤੁਹਾਡੇ ਸਿਆਸੀ ਕਾਰਕੁਨ ਅਤੇ ਵਫ਼ਾਦਾਰ ਸ਼ਾਮਿਲ ਹਨ। ਇਨ੍ਹਾਂ ਦੀ ਕੀਤੀ ਛੇੜਛਾੜ, ਬਦਸਲੂਕੀ, ਕੁੱਟਮਾਰ ਅਤੇ ਬੇਇੱਜ਼ਤੀ ਕਦੇ ਮਸਲਾ ਬਣਦੀ ਹੀ ਨਹੀਂ। ਆਪਣੇ ਆਪ ਨੂੰ ਤੁਹਾਡਾ ਰੂਪ ਸਮਝਣ ਵਾਲਿਆਂ ਤੋਂ ਮੋਗੇ ਵਿੱਚ ਗ਼ਲਤੀ ਹੋ ਗਈ। ਤੁਸੀਂ ਅਤੇ ਤੁਹਾਡੀ ਪੁਲਿਸ ਬਦ ਤੋਂ ਬਦਤਰ ਹਾਲਤ ਵਿੱਚ ਜਿਉਂਦੇ ਜੀਅ ਨਾਲ ਹੋਈ ਹਰ ਵਧੀਕੀ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਪਰ ਦਿਨ-ਦਿਹਾੜੇ ਲਾਸ਼ ਨੂੰ ਖੁਰਦ-ਬੁਰਦ ਕਰਨਾ ਮੁਸ਼ਕਲ ਹੋਇਆ ਹੈ। ਇਸੇ ਲਾਸ਼ ਨਾਲ ਤੁਹਾਡੇ ਰਿਸ਼ਤੇ ਦੀ ਸ਼ਨਾਖ਼ਤ ਕਰਨ ਲਈ ਇਹ ਖ਼ਤ ਲਿਖਿਆ ਹੈ। ਬੱਸ ਵਿੱਚੋਂ ਧੱਕਾ ਮਾਰਨ ਵਾਲਿਆਂ ਅੰਦਰ ਮੁਕੇਸ਼ ਸਿੰਘ ਦੇ ਨਾਲ ਤੁਸੀਂ ਸੀ। ਇਹ ਮੂੰਹਜ਼ੋਰੀ ਤੁਹਾਡੀ ਸਰਪ੍ਰਸਤੀ ਵਿੱਚ ਹੋਈ ਹੈ। ਮਰਦ-ਪ੍ਰਧਾਨ ਸਮਾਜ ਦੀ ਔਰਤ ਵਿਰੋਧੀ ਸੋਚ ਅਤੇ ਮੁਨਾਫ਼ਾਮੁਖੀ ਨਿਜ਼ਾਮ ਦੇ ਨੁਮਾਇੰਦੇ ਵਜੋਂ ਇਹ ਕਤਲ ਤੁਹਾਡੇ ਇਸ਼ਾਰੇ ਨਾਲ ਹੋਇਆ ਹੈ। ਕਾਨੂੰਨੀ ਮੰਚ ਉੱਤੇ ਤੁਹਾਡੇ ਖ਼ਿਲਾਫ਼ ਕਾਰਵਾਈ ਹੋਵੇ ਜਾਂ ਨਾ ਪਰ ਮਨੁੱਖੀ ਅਤੇ ਸਿਆਸੀ ਮੰਚ ਉੱਤੇ ਇਸ ਸੁਆਲ ਕਾਇਮ ਰਹੇਗਾ।
ਮੁਆਵਜ਼ੇ ਦੀ ਅਦਾਇਗੀ ਅਤੇ ਮੁਲਜ਼ਮਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਤੁਹਾਡੀ ਇਸੇ ਸੋਚ ਦੀ ਬਰੀਕ ਰਮਜ਼ ਹੈ। ਪੰਜਾਬ ਵਿੱਚ ਔਰਤਾਂ ਖ਼ਿਲਾਫ਼ ਬਹੁਪਰਤੀ ਖ਼ਾਨਾਜੰਗੀ ਦੀ ਉਘੜਵੀ ਮਿਸਾਲ ਇਹ ਮੁਆਵਜ਼ਾ ਹੈ। ਤੁਸੀਂ ਜਾਣਦੇ ਹੋ ਕਿ ਵਿਦੇਸ਼ਾਂ ਦੇ ਵੀਜੇ ਲਗਾਉਣ ਲਈ ਕੱਚੇ, ਵੱਟੇ ਅਤੇ ਆਰਜ਼ੀ ਵਿਆਹ ਕਰਵਾਉਣ ਵਾਲੇ ਪੰਜਾਬੀ ਲਾਸ਼ਾਂ ਵੇਚ ਸਕਦੇ ਹਨ। ਤੁਸੀਂ ਸਮਝ ਸਕਦੇ ਹੋ ਕਿ ਵਿਦੇਸ਼ੀ ਵਿੱਚ ਪੱਕੇ ਹੋਣ ਲਈ ਧੀਆਂ, ਭੈਣਾਂ, ਭਤੀਜੀਆਂ ਅਤੇ ਭਾਣਜੀਆਂ ਨਾਲ ਵਿਆਹ ਕਰਵਾਉਣ ਵਾਲੇ ਪੰਜਾਬੀ ਹਰ ਪੱਖੋਂ ਵਿਕਾਉ ਹਨ। ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿ ਕੁੜੀਆਂ ਨੇ ਅੰਗਰੇਜ਼ੀ ਦੇ ਇਮਤਿਹਾਨ ਅਤੇ ਵਿਦੇਸ਼ਾਂ ਦੇ ਸ਼ਹਿਰੀ ਬਣ ਕੇ ਵਿਆਹਾਂ ਵਿੱਚ ਆਪਣੀਆਂ ਸ਼ਰਤਾਂ ਮਨਵਾਈਆਂ ਹਨ ਜਾਂ ਮਾਪਿਆਂ ਦੀਆਂ ਝੋਲੀਆਂ ਭਰੀਆਂ ਹਨ। ਹੁਣ ਕਸੂਰ ਮੁਆਵਜ਼ਾ ਲੈਣ ਵਾਲੇ ਪਿਓ ਦਾ ਨਹੀਂ ਹੈ ਸਗੋਂ ਉਸ ਬੇਗ਼ੈਰਤੇ ਮਾਹੌਲ ਦਾ ਹੈ ਜਿਸ ਦੇ ਸਿਰਜਣਹਾਰਾਂ ਵਿੱਚ ਤੁਸੀਂ ਮੋਹਰੀ ਹੋ। ਜਦੋਂ ਪੰਜਾਬੀ ਜਿਉਣ ਲਈ ਵਿਦੇਸ਼ ਨੂੰ ਭੱਜਦੇ ਹਨ ਅਤੇ ਮਰਨ ਲਈ ਪੰਜਾਬ ਨੂੰ ਆਉਂਦੇ ਹਨ ਤਾਂ ਤੁਹਾਡਾ ਰਾਜ ਮਜ਼ਬੂਤ ਹੁੰਦਾ ਹੈ। ਉਸ ਮਰਨ ਜੋਗੀ ਦੀ ਲਾਸ਼ ਮਾਪਿਆਂ ਦਾ ਗ਼ਰੀਬੀ ਕੱਟਣ ਦਾ ਸਬੱਬ ਬਣੀ ਹੈ ਅਤੇ ਤੁਹਾਡੀ ਲਿਆਕਤ ਦੀ ਤਸਦੀਕ ਹੋਈ ਹੈ।
ਬੇਰੋਜ਼ਗਾਰੀ ਅਤੇ ਥੁੜਾਂ ਮਾਰੀ ਲੋਕਾਈ ਵਿੱਚ ਤੁਹਾਡੇ ਲਈ ਮੁਲਾਜ਼ਮ 'ਵਰਤ ਕੇ ਸੁੱਟਣ ਵਾਲੀ ਸ਼ੈਅ' ਤੋਂ ਜ਼ਿਆਦਾ ਕੁਝ ਨਹੀਂ ਹਨ। ਉਨ੍ਹਾਂ ਨੂੰ ਤਾਕਤ ਦੇ ਨਸ਼ੇ ਵਿੱਚ ਆਪੇ ਤੋਂ ਬਾਹਰ ਕਰਨਾ ਅਤੇ ਆਪਣੀ ਪ੍ਰਾਪਤੀ ਵਜੋਂ ਕਤਲ ਕਰਨਾ ਮੌਜੂਦਾ ਸਿਆਸਤ ਦਾ ਹਿੱਸਾ ਹੈ। ਇਸ ਦੀਆਂ ਮਿਸਾਲਾਂ ਸੁੱਖਾ ਕਾਹਲਵਾਂ ਦੇ ਭਾਈਵਾਲਾਂ ਤੋਂ ਲੈ ਕੇ ਉਸ ਦੇ ਕਾਤਲਾਂ ਦੀਆਂ ਢਾਣੀਆਂ ਵਿੱਚੋਂ ਦਿੱਤੀਆਂ ਜਾ ਸਕਦੀਆਂ ਹਨ। ਇਹੋ ਮੁੰਡੇ ਸਿਆਸਤਦਾਨਾਂ ਲਈ ਰੇਤੇ, ਬਜਰੀ, ਜ਼ਮੀਨ, ਸ਼ਰਾਬ, ਢਾਬਿਆਂ, ਸਕੂਲਾਂ ਅਤੇ ਹਸਪਤਾਲਾਂ ਉੱਤੇ ਕਬਜ਼ਾ ਕਰਨ ਦਾ ਕੰਮ ਕਰਦੇ ਹਨ। ਇਹੋ ਲਾਸ਼ਾਂ ਬਣ ਕੇ ਸਰਕਾਰ ਦੀਆਂ ਪ੍ਰਾਪਤੀਆਂ ਵਜੋਂ ਪੇਸ਼ ਹੁੰਦੇ ਹਨ। ਹੁਣ ਤੁਸੀਂ ਇੱਕ ਪਾਸੇ ਆਪਣੇ ਦਮੜਿਆਂ ਦੇ ਜ਼ੋਰ ਨਾਲ ਲਾਸ਼ ਖਰੀਦ ਲਈ ਹੈ ਅਤੇ ਦੂਜੇ ਪਾਸੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਪ੍ਰਾਪਤੀ ਖੱਟ ਲਈ ਹੈ।
ਤੁਹਾਡੇ ਫ਼ਰਜ਼ੰਦ ਨੇ ਬੱਸਾਂ ਸੜਕਾਂ ਉੱਤੋਂ ਉਤਾਰ ਲਈਆਂ ਹਨ ਅਤੇ ਮੁਲਾਜ਼ਮਾਂ ਨੂੰ ਸਲੀਕਾ ਸਿਖਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਕਤਲ ਸਲੀਕੇ ਦੀ ਘਾਟ ਕਾਰਨ ਨਹੀਂ ਸਗੋਂ ਮੂੰਹਜ਼ੋਰ ਸਮਾਜਿਕ ਸੋਚ ਅਤੇ ਸਿਆਸੀ ਸਰਪ੍ਰਸਤੀ ਨਾਲ ਹੋਇਆ ਹੈ। ਇਨ੍ਹਾਂ ਹਾਲਾਤ ਵਿੱਚ ਇਹ ਸਿਆਸੀ ਕਤਲ ਹੈ। ਤੁਸੀਂ ਆਪ ਜਾਣਦੇ ਹੋ ਕਿ ਸਿਆਸੀ ਕਤਲ ਦੇ ਕੀ ਮਾਅਨੇ ਹੁੰਦੇ ਹਨ। ਸਿਆਸੀ ਕਤਲ ਨੂੰ ਸਿਆਸੀ ਪੈਂਤੜੇ ਤੋਂ ਨਾ ਲਿਆ ਜਾਵੇ ਤਾਂ ਸਿਆਸਤ ਦਾ ਆਦਮਖ਼ੋਰ ਖ਼ਾਸਾ ਤਬਦੀਲ ਨਹੀਂ ਹੁੰਦਾ। ਇਸ ਕਤਲ ਉੱਤੇ ਸਿਆਸਤ ਕਰਨ ਦਾ ਸਿਧਾਂਤਕ ਜਾਂ ਨੈਤਿਕ ਬਲ ਕਾਂਗਰਸ ਵਿੱਚ ਨਹੀਂ ਹੈ। ਆਮ ਆਦਮੀ ਪਾਰਟੀ ਦੀਆਂ ਸਾਰੀਆਂ ਫਾਂਟਾਂ ਇਸ ਮਾਮਲੇ ਨੂੰ ਜੜ੍ਹੋ ਫੜਨ ਦੀ ਥਾਂ 'ਹਾਲਾਲਾਲਾ' ਸਿਆਸਤ ਤੱਕ ਮਹਿਦੂਦ ਹਨ। ਖੱਬੇ ਪੱਖੀ ਧਿਰਾਂ ਉੱਤੇ ਖੜੋਤ ਦਿਨੋ-ਦਿਨ ਭਾਰੂ ਹੋ ਰਹੀ ਹੈ। ਇਨ੍ਹਾਂ ਹਾਲਾਤ ਵਿੱਚ ਤੁਹਾਡਾ ਸਿਆਸੀ ਨੁਕਸਾਨ ਭਾਵੇਂ ਜ਼ਿਆਦਾ ਨਾ ਹੋਵੇ ਪਰ ਇਹ ਇਤਿਹਾਸ ਦਾ ਅੰਤਿਮ ਤੱਥ ਨਹੀਂ ਹੋਵੇਗਾ। ਤੁਹਾਡੀ ਸਮਾਜਿਕ-ਸਿਆਸੀ ਅਤੇ ਆਰਥਿਕ ਖਰੀਦ ਸ਼ਕਤੀ ਦਾ ਮੌਜੂਦਾ ਨਿਜ਼ਾਮ ਨਾਲ ਜਮ੍ਹਾਂਜੋੜ ਇਸ ਵੇਲੇ ਗ਼ਾਲਿਬ ਧਿਰ ਬਣਦਾ ਹੈ ਪਰ ਮਨੁੱਖ ਨੇ ਹਰ ਹਾਲਤ ਵਿੱਚੋਂ ਜਾਬਰ ਨੂੰ ਨੱਥ ਪਾਉਣ ਦੇ ਸੁਫ਼ਨੇ ਸਦਾ ਕਾਇਮ ਰੱਖੇ ਹਨ।
ਇਸ ਵੇਲੇ ਤੁਹਾਡੇ ਸਿਆਸੀ ਬੁਲਾਰੇ ਇਸ ਕਤਲ ਨੂੰ 'ਰੱਬ ਦਾ ਭਾਣਾ' ਮੰਨਣ ਦੀ ਮੱਤ ਦੇ ਰਹੇ ਹਨ। ਉਨ੍ਹਾਂ ਦੇ 'ਰੱਬ' ਤੁਸੀਂ ਹੋ ਜੋ ਤਰੱਕੀਆਂ, ਅਹੁਦਿਆਂ ਅਤੇ ਰੁਤਬਿਆਂ ਦੇ ਨਾਲ ਤਮਾਮ ਕਿਸਮ ਦੀਆਂ 'ਬਖ਼ਸ਼ਿਸ਼ਾਂ' ਕਰਦੇ ਹੋ। ਇਨ੍ਹਾਂ ਬਖ਼ਸ਼ਿਸ਼ਾਂ ਦੀ ਬਦੌਲਤ ਪੰਜਾਬੀਆਂ ਨੂੰ ਜਿਉਣ ਜੋਗਿਆਂ ਤੋਂ ਮਰਨ ਜੋਗੇ ਕਰਨ ਦੇ ਸਿਆਸੀ ਕਾਰਖ਼ਾਨੇ ਚੱਲਦੇ ਹਨ। ਇਨ੍ਹਾਂ ਕਾਰਖ਼ਾਨਿਆਂ ਦੀ ਬਦੌਲਤ ਤੁਹਾਡਾ ਫ਼ਰਜ਼ੰਦ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੇ ਸੁਫ਼ਨੇ ਵੇਚਦਾ ਹੈ ਅਤੇ 'ਰਾਜ ਕਰਾਂਗੇ ਪੱਚੀ ਸਾਲ' ਦੇ ਨਾਅਰੇ ਲਗਾਉਂਦਾ ਹੈ। ਤੁਹਾਡੀ ਤਸਵੀਰ ਵਾਲੀਆਂ ਐਂਬੂਲੈਂਸਾਂ 'ਖ਼ੁਸ਼ੀ-ਖ਼ੁਸ਼ੀ' ਲਾਸ਼ਾਂ ਢੋਅ ਰਹੀਆਂ ਹਨ। ਤੁਹਾਡੇ ਹੀ ਚੈਨਲ ਉੱਤੇ 'ਰਾਜ ਦੀ ਸੇਵਾ' ਦੀਆਂ ਕਹਾਣੀਆਂ ਲਗਾਤਾਰ ਦਿਖਾਈਆਂ-ਸੁਣਾਈਆਂ ਜਾ ਰਹੀਆਂ ਹਨ। ਭਾਵੇਂ ਬਾਕੀ ਅਖ਼ਬਾਰ ਅਤੇ ਚੈਨਲ ਤੁਹਾਡੇ ਨਹੀਂ ਹਨ ਪਰ ਉਨ੍ਹਾਂ ਨੇ ਘੱਟੋ-ਘੱਟ ਸੰਪਾਦਕੀਆਂ ਵਿੱਚ 'ਤੁਹਾਡੀ ਰਜਾ ਵਿੱਚ ਰਾਜੀ ਰਹਿੰਦਿਆਂ' ਤੁਹਾਡੀ ਬੱਸ ਨੂੰ 'ਰਸੂਖ਼ਵਾਨਾਂ' ਜਾਂ 'ਸਿਆਸੀ ਅਸਰ' ਵਾਲਿਆਂ ਦੀ ਮਲਕੀਅਤ ਕਰਾਰ ਦਿੱਤਾ ਹੈ। ਇਹ ਸੁਆਲ ਉਨ੍ਹਾਂ ਨੂੰ ਕਿਸ ਨੇ ਕਿਹੜੇ ਮੰਚ ਉੱਤੋਂ ਪੁੱਛਣਾ ਸੀ ਕਿ 'ਰਸੂਖ਼ਵਾਨ' ਕਿਸ ਅਹੁਦੇ ਤੱਕ ਹੁੰਦੇ ਹਨ ਅਤੇ ਕਿਸ ਅਹੁਦੇ ਤੋਂ ਬਾਅਦ ਮਲਕੀਅਤ ਸ਼ੁਰੂ ਹੋ ਜਾਂਦਾ ਹੈ। ਰਸੂਖ਼ਬਾਨ ਤਾਂ ਆਪ ਜੀ ਦੇ ਸਰਕਾਰੇ-ਦਰਬਾਰੇ-ਕਾਰੋਬਾਰੇ ਪਹੁੰਚ ਰੱਖਣ ਵਾਲਿਆਂ ਨੂੰ ਕਿਹਾ ਜਾ ਸਕਦਾ ਹੈ। ਤੁਸੀਂ ਰਸੂਖ਼ਵਾਨਾਂ ਦੇ ਪਾਲਣਹਾਰ ਤਾਂ ਹੋ ਸਕਦੇ ਹੋ ਪਰ ਰੁਤਬਾ ਤਾਂ ਉੱਚਾ ਹੈ। ਖ਼ੈਰ ਪੱਤਰਕਾਰੀ ਵਿੱਚ ਰਸੂਖ਼ਵਾਨ ਹੋਣ ਦਾ ਰੁਝਾਨ ਚੋਖਾ ਹੈ। ਤੁਸੀਂ ਤਾਂ ਆਪ ਜਾਣਦੇ ਹੋ ਕਿ ਤੁਸੀਂ 'ਪੱਤਰਕਾਰਾਂ' ਨੂੰ ਆਪਣੇ ਸਰਕਾਰੀ ਅਤੇ ਕਾਰੋਬਾਰੀ ਕੰਮਾਂ ਵਿੱਚ ਰੋਜ਼ਗਾਰ ਖੁੱਲ੍ਹੇ ਦਿਲ ਨਾਲ ਦਿੱਤਾ ਹੈ। ਤੁਸੀਂ ਕਿਸੇ ਪੱਤਰਕਾਰ ਨੂੰ ਨਾਮ ਲੈ ਕੇ ਬੁਲਾ ਲੈਂਦੇ ਹੋ ਤਾਂ ਇਹ ਪ੍ਰਾਪਤੀ ਹੋ ਨਿਬੜਦੀ ਹੈ। ਨਤੀਜੇ ਵਜੋਂ ਕਦੇ ਪੱਤਰਕਾਰੀ ਕਰਨ ਜਾਂ ਪੜ੍ਹਾਉਣ ਵਾਲਿਆਂ ਦੀ ਕਾਰਗੁਜ਼ਾਰੀ ਵਿੱਚੋਂ ਪੱਤਰਕਾਰੀ ਅਤੇ ਕਸੀਦਾਕਾਰੀ ਦਾ ਨਿਖੇੜਾ ਕਰਨਾ ਔਖਾ ਹੋ ਜਾਂਦਾ ਹੈ।
ਹੁਣ ਮੋਗੇ ਕਤਲ ਹੋਣ ਵਾਲੀ ਕੁੜੀ ਦੀ ਲਾਸ਼ ਨੇ ਤੁਹਾਡੀਆਂ ਗਿਣਤੀਆਂ-ਮਿਣਤੀਆਂ ਹਿਲਾ ਦਿੱਤੀਆਂ ਹਨ। ਪੱਤਰਕਾਰਾਂ ਨੂੰ ਕੁਝ ਦਿਨਾਂ ਤੱਕ ਛੇੜਛਾੜ ਦੀ ਹਰ ਘਟਨਾ ਖ਼ਬਰਯੋਗ ਲੱਗੇਗੀ। ਤੁਹਾਡੀ ਦਲੀਲ ਇਹੋ ਬਣੇਗੀ ਕਿ ਸਾਡੀ ਬੱਸ ਦੀ ਤਾਂ ਬਦਨਾਮੀ ਹੋਈ ਹੈ ਪਰ ਅਜਿਹਾ ਕੁਝ ਤਾਂ ਹਰ ਥਾਂ ਹੁੰਦਾ ਹੈ। ਇਹ ਤਾਂ ਕੋਈ ਨਹੀਂ ਕਹਿ ਸਕਦਾ ਕਿ ਤੁਹਾਡੀਆਂ ਬੱਸਾਂ ਤੋਂ ਬਾਹਰ ਸਭ ਕੁਝ ਠੀਕ ਹੈ। ਤੁਸੀਂ ਪੰਜਾਬ ਦੇ ਕਿਸ ਹਿੱਸੇ ਵਿੱਚ ਜਾਂ ਕਿਸ ਕਾਰੋਬਾਰ ਵਿੱਚ ਅਸਰਅੰਦਾਜ਼ ਨਹੀਂ ਹੋ? ਮਸਲਾ ਤਾਂ ਇਹ ਹੈ ਕਿ ਲਾਸ਼ ਬਣਨ ਤੋਂ ਪਹਿਲਾਂ ਦੀ ਮਾਰ ਖ਼ਬਰ ਦਾ ਰੁਤਬਾ ਨਹੀਂ ਬਣਦੀ। ਸਿਆਸੀ ਧਿਰਾਂ ਸਿਆਸੀ ਵਧੀਕੀਆਂ ਦੀ ਕਰੂਰਤਾ ਨੂੰ ਮੁਖ਼ਾਤਬ ਹੁੰਦੀਆਂ ਹਨ ਪਰ ਬਰੀਕੀ ਨਜ਼ਰਅੰਦਾਜ਼ ਕਰ ਜਾਂਦੀਆਂ ਹਨ। ਆਪਣੇ ਕੱਦ-ਬੁੱਤ ਦੇ ਹਿਸਾਬ ਨਾਲ ਦੂਜੀਆਂ ਧਿਰਾਂ ਦੇ ਆਗੂ ਵੀ ਤਾਂ ਤੁਹਾਡੀ ਜੁੱਤੀ ਵਿੱਚ ਹੀ ਪੈਰ ਫਸਾਉਣਾ ਚਾਹੁੰਦੇ ਹਨ। ਜਿਵੇਂ ਖੁਦਕੁਸ਼ੀ ਨੂੰ ਕਿਸਾਨ ਸੰਕਟ ਮੰਨਿਆ ਜਾਂਦਾ ਹੈ। ਖੁਦਕੁਸ਼ੀ ਤੋਂ ਪਹਿਲੀ ਹਰ ਜ਼ਲਾਲਤ ਸੰਕਟ ਤੋਂ ਬਾਹਰ ਕਰ ਦਿੱਤੀ ਗਈ ਹੈ। ਹੁਣ ਮੋਗੇ ਵਾਲੀ ਘਟਨਾ ਤੋਂ ਬਾਅਦ ਕਈਆਂ ਨੂੰ ਈਰਖਾ ਹੋਵੇਗੀ ਕਿ ਉਨ੍ਹਾਂ ਦਾ ਕਤਲ ਤੁਹਾਡੀ ਬੱਸ ਵਿੱਚ ਕਿਉਂ ਨਹੀਂ ਹੋਇਆ? ਇਸ ਬਦਜਨੀ ਵਿੱਚੋਂ ਨਿਕਲਣ ਲਈ ਸੂਈ ਦੇ ਨੱਕੇ ਵਿੱਚੋਂ ਨਿਕਲਣ ਦਾ ਇੱਕ ਮੌਕਾ ਤਾਂ ਹਰ ਕੋਈ ਚਾਹੁੰਦਾ ਹੈ। ਜਿਹੜੇ ਚੱਤੋ-ਪਹਿਰ ਬੈਂਕਾਂ ਵਿੱਚੋਂ ਪੈਸੇ ਕੱਢਣ ਵਾਲੇ ਖੋਖਿਆਂ ਨੂੰ ਸੰਨ੍ਹ ਲਗਾਉਂਦੇ ਫੜੇ ਜਾਂਦੇ ਹਨ ਉਨ੍ਹਾਂ ਤੋਂ ਜਿਉਣ ਦਾ ਲਾਲਚ ਤਿਆਗਿਆ ਨਹੀਂ ਗਿਆ। ਉਹ ਤੁਹਾਡੇ ਵਾਂਗ ਇਸੇ ਫਾਨੀ ਸੰਸਾਰ ਵਿੱਚ ਸੁੱਖ ਭੋਗਣਾ ਚਾਹੁੰਦੇ ਹਨ। ਉਨ੍ਹਾਂ ਨੂੰ ਇਹ ਕੌਣ ਸਮਝਾਵੇ ਕਿ ਸਵਰਗ ਲਈ ਮਰਨਾ ਪੈਂਦਾ ਹੈ। ਤੁਹਾਨੂੰ ਵੀ ਇਹ ਸਵਰਗ ਸ਼੍ਰੋਮਣੀ ਅਕਾਲੀ ਦਲ ਦੇ ਕੁਰਬਾਨੀਆਂ ਭਰੇ ਇਤਿਹਾਸ ਕਾਰਨ ਨਸੀਬ ਹੋਇਆ ਹੈ। ਇਹ ਤਾਂ ਤੁਸੀਂ ਆਪਣੇ ਖ਼ੂਨ ਜਾਂ ਵਫ਼ਾਦਾਰਾਂ ਨੂੰ ਆਪ ਯਾਦ ਕਰਵਾਉਂਦੇ ਰਹਿੰਦੇ ਹੋ ਕਿ ਮਲਾਈ ਉਨ੍ਹਾਂ ਦੇ ਹਿੱਸੇ ਆਈ ਹੈ। ਆਪਾਂ ਇਹ ਗੱਲ ਵਿੱਚ ਨਹੀਂ ਪੈਣਾ ਕਿ ਮਲਾਈ ਖਾਣ ਅਤੇ ਮੂੰਹ ਸਾਫ਼ ਰੱਖਣ ਦੀ ਜਾਚ ਕਿੰਨੀ ਲਾਹੇਬੰਦ ਹੁੰਦੀ ਹੈ। ਇਹ ਸੁਆਲ ਵਾਰ-ਵਾਰ ਪੁੱਛਿਆ ਜਾਂਦਾ ਹੈ ਕਿ ਕੁਰਬਾਨੀਆਂ ਦੇਣ ਅਤੇ ਰਾਜ ਕਰਨ ਵਾਲੇ ਵੱਖ-ਵੱਖ ਕਿਵੇਂ ਹੋ ਜਾਂਦੇ ਹਨ? ਹੁਣ ਤੁਸੀਂ ਸਾਫ਼ ਕਰ ਦਿੱਤਾ ਹੈ ਕਿ ਕੁਰਬਾਨੀਆਂ ਲੈਣ ਤੋਂ ਬਾਅਦ ਹਕੂਮਤਾਂ ਮੁਆਵਜ਼ਾ ਤਾਂ ਦਾਅਵੇਦਾਰਾਂ ਨੂੰ ਹੀ ਦਿੰਦੀਆਂ ਹੁੰਦੀਆਂ ਹਨ। ਇਹ ਮੁਆਵਜ਼ੇ ਕਾਨੂੰਨੀ ਘੇਰਿਆਂ, ਅਖ਼ਤਿਆਰੀ ਖ਼ਾਤਿਆਂ ਅਤੇ ਖ਼ੂਨ ਦੇ ਰਿਸ਼ਤਿਆਂ ਨਾਲ ਤੈਅ ਹੁੰਦੇ ਹਨ।
ਇਹ ਖ਼ਤ ਇਸ ਘੇਰੇ ਤੋਂ ਬਾਹਰਲੀ ਦਾਅਵੇਦਾਰੀ ਬਾਰੇ ਹੈ। ਇਹ ਸ਼ਹਿਰੀ ਦੀ ਮਰਨ ਤੋਂ ਪਹਿਲਾਂ ਦੀ ਜ਼ਿੰਦਗੀ ਦੇ ਹਕੂਕ ਬਾਰੇ ਹੈ। ਇਹ ਪੰਜਾਬੀ ਪਛਾਣ ਵਾਲੇ ਜੀਅ ਦੇ ਮਾਣ-ਸਨਮਾਨ ਨਾਲ ਜਿਉਣ ਦੇ ਮਸਲਿਆਂ ਬਾਰੇ ਹੈ। ਇਹ ਬੰਦੇ ਦੇ ਆਪਣੀ ਰਜਾ ਵਿੱਚ ਰੱਜ ਕੇ ਜਿਉਣ ਦੇ ਸੁਆਲ ਕਰਨ ਲਈ ਲਿਖਿਆ ਗਿਆ ਹੈ। ਇਹ ਬੰਦੇ ਦੇ ਬੰਦੇ ਨਾਲ ਖ਼ੂਨ ਅਤੇ ਕਾਨੂੰਨ ਦੇ ਘੇਰਿਆਂ ਤੋਂ ਬਾਹਰਲੇ ਰਿਸ਼ਤੇ ਦੀ ਨਿਸ਼ਾਨਦੇਹੀ ਕਰਨ ਲਈ ਲਿਖਿਆ ਗਿਆ ਹੈ। ਇਹ ਦਰਦਮੰਦੀ ਦੇ ਪੰਜਾਬੀਆਂ ਨਾਲ ਰਿਸ਼ਤੇ ਦਾ ਇਤਿਹਾਸ ਯਾਦ ਕਰਨ ਲਈ ਲਿਖਿਆ ਗਿਆ ਹੈ। ਇਹ ਖ਼ਤ ਮੋਗੇ ਵਿੱਚ ਕਤਲ ਹੋਈ ਸਮਕਾਲੀ ਦੇ ਕਾਤਲਾਂ ਦੀ ਸ਼ਨਾਖ਼ਤ ਕਰਨ ਦਾ ਸਿਆਸੀ ਉਪਰਾਲਾ ਹੈ। ਇਹ ਤਿਲ-ਤਿਲ ਮਰਦੇ ਪੰਜਾਬੀਆਂ ਵਿੱਚੋਂ ਇੱਕ ਹੋਣ ਕਾਰਨ ਲਿਖਿਆ ਗਿਆ ਹੈ। ਇਹ ਖ਼ਤ ਸਾਰੇ ਪੰਜਾਬੀਆਂ ਦੀ ਨੁਮਾਇੰਦਗੀ ਨਹੀਂ ਕਰਦਾ। ਅਜਿਹੀ ਨੁਮਾਇੰਦਗੀ ਦਾ ਕੋਈ ਅਖ਼ਤਿਆਰ ਕਿਸੇ ਸ਼ਹਿਰੀ ਕੋਲ ਨਹੀਂ ਹੈ। ਇਹ ਦੱਸਣ ਦਾ ਹਰ ਸ਼ਹਿਰੀ ਨੂੰ ਹੱਕ ਹੈ ਕਿ ਮਰਨ ਜੋਗੇ ਹੋਏ ਪੰਜਾਬੀ ਦੀ ਨਸ-ਨਸ ਵਿੱਚ ਕਿੰਨੀ ਪੀੜ ਹੁੰਦੀ ਹੈ।
ਹੁਣ ਤੱਕ ਦੇ ਖ਼ਤ ਤੋਂ ਤੁਹਾਨੂੰ ਇਹ ਭੁਲੇਖਾ ਪੈ ਸਕਦਾ ਹੈ ਕਿ ਤੁਹਾਨੂੰ ਮੁੱਖ ਮੰਤਰੀ ਹੋਣ ਕਾਰਨ ਮੰਗ-ਪੱਤਰ ਭੇਜਿਆ ਜਾ ਰਿਹਾ ਹੈ। ਦਰਅਸਲ ਇਹ ਮੰਗ-ਪੱਤਰ ਨਹੀਂ ਸਿਆਸੀ ਪਾਲਾਬੰਦੀ ਕਰਨ ਦਾ ਸੁਆਲ ਹੈ। ਤੁਸੀਂ ਆਪਣੇ ਇਤਿਹਾਸ ਦੀ ਲਗਾਤਾਰਤਾ ਵਿੱਚ ਹੋ। ਮੁੱਖ ਮੰਤਰੀ ਦੇ ਅਹੁਦੇ ਉੱਤੇ ਬਿਰਾਜਮਾਨ ਅਤੇ ਇਸ ਅਹੁਦੇ ਦੇ ਦਾਅਵੇਦਾਰ ਇੱਕੋ ਰੀਤ ਦਾ ਹਿੱਸਾ ਹਨ। ਇਸ ਲਿਹਾਜ ਨਾਲ ਇਹ ਤੁਹਾਡੇ ਇਤਿਹਾਸ ਉੱਤੇ ਸੁਆਲ ਕਰਨ ਵਾਲਾ ਖ਼ਤ ਹੈ ਕਿ ਤੁਸੀਂ 'ਰਾਜੇ-ਸ਼ੀਹ ਮੁਕੱਦਮਾਂ' ਦੀ ਰੀਤ ਅੱਗੇ ਤੋਰੀ ਹੈ। ਇਹ ਖੁੱਲ੍ਹਾਂ ਖ਼ਤ ਵੀ ਕਿਸੇ ਰੀਤ ਦਾ ਹਿੱਸਾ ਹੈ ਜੋ ਸਿਰਫ਼ ਤੁਹਾਨੂੰ ਨਹੀਂ ਸਗੋਂ ਆਪਣੇ ਆਪ ਨੂੰ ਵੀ ਮੁਖ਼ਾਤਬ ਹੈ। ਜੇ ਕਾਤਲਾਂ ਦੀ ਨਿਸ਼ਾਨਦੇਹੀ ਹੁੰਦੀ ਰਹੇ ਤਾਂ ਦਰਦਮੰਦਾਂ ਦਾ ਜੁੱਟ ਬਣਨ ਦੀ ਆਸ ਕਾਇਮ ਰਹਿੰਦੀ ਹੈ। ਤੁਸੀਂ ਰਾਜਿਆਂ ਦੀ ਰੀਤ ਪਾਲੋ, ਦਿਲੋਂ ਸਰਬਤ ਦੇ ਭਲੇ ਦੀ ਅਰਦਾਸ ਕਰਦੀ ਮਨੁੱਖਤਾ ਕਦੇ ਹਿਸਾਬ ਕਰੇਗੀ। ਕਦੇ ਇਤਿਹਾਸ ਪੰਜਾਬੀਆਂ ਨੂੰ ਮੋਗੇ ਕਤਲ ਹੋਈ ਕੁੜੀ ਅਤੇ ਤਿਲ-ਤਿਲ ਮਰਦੇ ਪੰਜਾਬੀਆਂ ਨੂੰ ਮੁਖ਼ਾਤਬ ਹੋਣ ਦਾ ਮੌਕਾ ਦੇਵੇਗਾ ਤਾਂ ਇਹ ਸੁਆਲ ਆਵੇਗਾ ਕਿ ਇਨ੍ਹਾਂ ਦੇ ਹਿੱਸੇ ਦੀ ਜਿਉਣ ਜੋਗੀ ਜ਼ਿੰਦਗੀ ਨੂੰ ਕਿਸ ਨੇ ਡੰਗਿਆ ਹੈ। ਪੰਜਾਬੀਆਂ ਦਾ ਨੁਮਾਇੰਦਾ ਪ੍ਰੋ. ਮੋਹਨ ਸਿੰਘ ਦੱਸ ਗਿਆ ਸੀ ਕਿ ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ …। ਪੰਜਾਬੀਆਂ ਦਾ ਆਲਮੀ ਨੁਮਾਇੰਦਾ ਫ਼ੈਜ਼ ਅਹਿਮਦ ਫ਼ੈਜ਼ ਐਲਾਨ ਵਰਗਾ ਵਰਦਾਨ ਦੇ ਗਿਆ ਹੈ, "ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ …"
ਤੁਸੀਂ ਮੁੱਖ ਮੰਤਰੀ ਵਜੋਂ ਸੋਚਣਾ, ਕਦੇ ਕੋਈ ਜੁਆਬ ਮੰਗਣ ਵਾਲੀ ਆ ਸਕਦੀ ਹੈ।
ਦਲਜੀਤ ਅਮੀ
(ਇਹ ਖੁੱਲ੍ਹਾ ਖ਼ਤ 6 ਮਈ 2015 ਨੂੰ ਨਵਾਂ ਜ਼ਮਾਨਾ ਅਤੇ ਅਮਰੀਕਾ ਵਿੱਚ ਛਪਦੇ ਪੰਜਾਬ ਟਾਈਮਜ਼ ਦੇ 9 ਮਈ 2015 ਵਾਲੇ ਅੰਕ ਵਿੱਚ ਛਪਿਆ।)

1 comment:
Raje seen mukkadam kutte d halat aa Punjab Vich
Post a Comment