ਦਲਜੀਤ ਅਮੀ
ਸ਼ਾਰਲੀ ਐਬਦੋ ਦੇ ਦਫ਼ਤਰ ਉੱਤੇ ਹਮਲੇ ਨਾਲ ਖ਼ਿਆਲਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਸੁਆਲ ਮੁੜ ਕੁ ਉਭਰਿਆ ਹੈ ਪਰ 'ਮੈਂ ਸ਼ਾਰਲੀ ਹਾਂ' ਜਾਂ 'ਮੈਂ ਵੀ ਸ਼ਾਰਲੀ ਹਾਂ' ਦੇ ਬੋਲੇ ਖ਼ੌਫ਼ਜ਼ਦਾ ਕਰਨ ਵਾਲੇ ਹਨ। ਬੰਦੂਕਾਂ ਦੀ ਬੇਕਿਰਕੀ ਅਤੇ 'ਮੈਂ ਸ਼ਾਰਲੀ ਹਾਂ' ਦੇ ਬੋਲਿਆਂ ਵਿਚਕਾਰ ਖਿੱਚੀ ਜਾ ਰਹੀ ਲਕੀਰ 'ਖ਼ਿਆਲਾਂ ਦੀ ਆਜ਼ਾਦੀ' ਉੱਤੇ ਸ਼ਰਤਾਂ ਲਗਾ ਰਹੀ ਹੈ। ਦੋਵਾਂ ਧਿਰਾਂ ਦੀ ਵੰਨ-ਸਵੰਨਤਾ ਅਤੇ ਰਮਜ਼ੀ ਸੁਰਾਂ ਕੰਨੀਆਂ ਤੱਕ ਮਹਿਦੂਦ ਹੋ ਗਈਆਂ ਹਨ। ਪਹਿਲਾਂ ਹੀ ਕੰਨੀਆਂ ਤੱਕ ਮਹਿਦੂਦ ਆਵਾਜ਼ਾਂ ਦੁਆਲੇ ਸ਼ਿਕੰਜਾ ਕਸੇ ਜਾਣ ਲਈ ਮਾਹੌਲ ਅਤੇ ਮਨੋਵੇਗ ਤਿਆਰ ਹੋ ਗਿਆ ਹੈ। ਮੌਜੂਦਾ ਫ਼ਿਜ਼ਾ ਵਿੱਚ ਉਘੜਵੀ ਪਾਲਾਬੰਦੀ ਦੇ ਦੋਵੀਂ ਪਾਸੀਂ ਖ਼ਿਆਲਾਂ ਦੀ ਆਜ਼ਾਦੀ ਦੀਆਂ ਦਲੀਲਾਂ ਕੁਝ ਪੇਤਲੀਆਂ ਜਾਪਦੀਆਂ ਹਨ। ਮੌਜੂਦਾ ਸਾਮਰਾਜਵਾਦ ਖੁੱਲ੍ਹੀ ਮੰਡੀ ਅਤੇ ਇਸਲਾਮ ਦੇ ਖ਼ੌਫ਼ ਉੱਤੇ ਸਵਾਰ ਹੋ ਕੇ ਜੰਗੀ ਅਤੇ ਪ੍ਰਚਾਰ ਮੁਹਿੰਮਾਂ ਵਿੱਚ ਲੱਗਿਆ ਹੋਇਆ ਹੈ। ਜੁਆਬ ਵਿੱਚ ਘੱਟ-ਗਿਣਤੀਆਂ ਦੀ ਬੇਵਿਸਾਹੀ, ਜੰਗੀ ਮੁਹਿੰਮਾਂ ਦੀ ਮਾਰ ਹੇਠ ਆਏ ਮੁਲਕਾਂ ਵਿੱਚ ਪਸਰ ਰਹੀ ਖ਼ਾਨਾਜੰਗੀ, ਸ਼ੱਕ ਦੇ ਘੇਰੇ ਵਿੱਚ ਆਏ ਪਰਵਾਸੀ ਅਤੇ ਸਫ਼ਰਯਾਫ਼ਤਾ ਆਬਾਦੀ ਦੇ ਮਸਲੇ ਹਨ ਜਿਨ੍ਹਾਂ ਵਿੱਚੋਂ ਕੱਟੜਵਾਦ ਮੂੰਹਜ਼ੋਰ ਹੋ ਰਿਹਾ ਹੈ।
ਉੱਤਰੀ ਅਮਰੀਕੀ, ਯੂਰਪੀ ਅਤੇ ਆਸਟਰੇਲੀਆਈ ਮੁਲਕਾਂ ਨੇ ਸਾਮਰਾਜਵਾਦ ਦੀਆਂ ਨਵੀਆਂ ਸੱਭਿਅਤਾ ਮੁੰਹਿਮਾਂ ਦਾ ਬਾਨਣੂ ਇਸਲਾਮ ਦੁਆਲੇ ਬੰਨ੍ਹਿਆ ਹੈ। ਕਮਿਉਨਿਸਟ ਮੁਲਕਾਂ ਖ਼ਿਲਾਫ਼ ਲੜਾਈ ਵਿੱਚ ਇਹੋ ਇਸਲਾਮੀ ਜੱਹਾਦੀ ਇਸ ਧੜੇ ਦੇ ਸਾਥੀ ਰਹੇ ਹਨ ਪਰ ਹੁਣ ਇਹ ਆਹਮਣੇ-ਸਾਹਮਣੇ ਹਨ। ਇਹ ਪਾਲਾਬੰਦੀ ਇੰਨੀ ਵੀ ਸਾਫ਼ ਨਹੀਂ ਹੈ। ਹੁਣ ਵੀ ਇਰਾਨ ਅਤੇ ਸੀਰੀਆ ਵਰਗੇ ਮੁਲਕਾਂ ਵਿੱਚ ਜੱਹਾਦੀ ਜਥੇਬੰਦੀਆਂ ਨੂੰ ਅਮਰੀਕੀ ਧੜੇ ਦੀ ਹਮਾਇਤ ਹਾਸਲ ਹੈ। ਅਫ਼ਗ਼ਾਨਿਸਤਾਨ ਵਿੱਚ ਚੰਗੇ ਅਤੇ ਮਾੜੇ ਤਾਲਿਬਾਨ ਵਿੱਚ ਨਿਖੇੜਾ ਕਰਨ ਦੀ ਮਸ਼ਕ ਕਈ ਸਾਲਾਂ ਤੋਂ ਚੱਲ ਰਹੀ ਹੈ। ਇਸੇ ਦੌਰਾਨ ਅਮਰੀਕੀ, ਯੂਰਪੀ ਅਤੇ ਆਸਟਰੇਲੀਆਈ ਮੁਲਕਾਂ ਵਿੱਚ ਗੋਰਿਆਂ ਦਾ ਰਵਾਇਤੀ ਨਸਲਵਾਦ 'ਇਸਲਾਮੀ ਖ਼ਤਰੇ' ਖ਼ਿਲਾਫ਼ ਲਾਮਬੰਦ ਹੋਇਆ ਹੈ। ਜਮਹੂਰੀਅਤ ਅਤੇ ਖੁੱਲ੍ਹ-ਨਜ਼ਰੀ ਦੇ ਨਾਮ ਉੱਤੇ ਬਹੁਤ ਸਾਰੀਆਂ ਜਥੇਬੰਦੀਆਂ ਸਰਗਰਮ ਹੋਈਆਂ ਹਨ। ਇਹ ਜਥੇਬੰਦੀਆਂ ਲੋਕ-ਰਾਏ ਤੋਂ ਲੈ ਕੇ ਸਰਕਾਰੀ ਨੀਤੀਆਂ ਉੱਤੇ ਅਸਰਅੰਦਾਜ਼ ਹੋਈਆਂ ਹਨ। ਨੀਤੀਆਂ ਵਜੋਂ ਆਵਾਸੀ ਨੇਮਾਂ ਵਿੱਚ ਤਬਦੀਲੀਆਂ ਹੋਈਆਂ ਹਨ ਅਤੇ ਵਿਹਾਰ ਵਿੱਚ 'ਤਲਾਸ਼ੀਆਂ ਤੇ ਨਮੋਸ਼ੀਆਂ' ਦਾ ਰੁਝਾਨ ਵਧਿਆ ਹੈ।
ਇਸ ਦੌਰ ਵਿੱਚ ਰੱਬ ਅਤੇ ਪੈਗੰਬਰ ਦੀਆਂ ਧਾਰਨਾਵਾਂ ਲਾਮਬੰਦੀ ਦਾ ਸਬੱਬ ਬਣੀਆਂ ਹਨ। ਇਨ੍ਹਾਂ ਦੀਆਂ ਵਿਆਖਿਆਵਾਂ ਰਾਹੀਂ ਸਿਆਸਤ ਨੂੰ ਅੱਗੇ ਵਧਾਉਣ ਦਾ ਉਪਰਾਲਾ ਹੋਇਆ ਹੈ। ਸਾਮਰਾਜੀ ਮੁਲਕਾਂ ਨੇ ਹਰ ਧਰਮ ਦੀਆਂ ਇਬਾਦਤਗ਼ਾਹਾਂ ਨੂੰ ਸਰਪ੍ਰਸਤੀ ਦਿੱਤੀ ਹੈ। ਇੱਕ ਪਾਸੇ ਸਰਕਾਰਾਂ ਸਮਾਜਿਕ ਕਲਿਆਣ ਦੇ ਖੇਤਰ ਵਿੱਚੋਂ ਹੱਥ ਪਿੱਛੇ ਖਿੱਚ ਰਹੀਆਂ ਹਨ ਅਤੇ ਦੂਜੇ ਪਾਸੇ 'ਪਛਾਣ' ਅਤੇ 'ਸ਼ਰਧਾ' ਦੇ ਨਾਮ ਉੱਤੇ ਇਬਾਦਤਗ਼ਾਹਾਂ ਨੂੰ ਹਰ ਤਰ੍ਹਾਂ ਦੀਆਂ ਛੋਟਾਂ ਅਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਵਿਹਾਰ ਵਿੱਚ ਸ਼ਹਿਰੀਆਂ ਨੂੰ ਸੀਲ ਖਪਤਕਾਰ ਬਣਾਉਣ ਦੇ ਆਹਰ ਵਿੱਚ ਲੱਗੀਆਂ ਸਰਕਾਰਾਂ ਅਜਿਹੇ ਮੌਕਿਆਂ ਉੱਤੇ ਆਪਣੇ ਸ਼ਹਿਰੀਆਂ ਤੋਂ ਵਿਗਿਆਨਕ ਸੋਚ ਦੀ ਤਵੱਕੋ ਕਰਦੀਆਂ ਹਨ। ਸ਼ਾਰਲੀ ਐਬਦੋ ਵਰਗੇ ਹਾਦਸਿਆਂ ਦੀ ਮਾਰ ਮੌਕੇ ਦੇ ਜਾਨੀ-ਮਾਲੀ ਨੁਕਸਾਨ ਤੋਂ ਜ਼ਿਆਦਾ ਰੂਪ ਵਿੱਚ ਨੀਤੀਆਂ ਉੱਤੇ ਅਸਰਅੰਦਾਜ਼ ਹੋਣੀ ਹੈ। ਸ਼ਨਾਖ਼ਤ, ਤਲਾਸ਼ੀਆਂ ਅਤੇ ਨਮੋਸ਼ੀਆਂ ਦੀ ਕਵਾਇਦ ਵਜੋਂ ਕੈਮਰਿਆਂ ਅਤੇ ਸੁਰੱਖਿਆ ਕਰਮੀਆਂ ਦੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਵਧਣੀ ਹੈ। 'ਅਤਿਵਾਦ ਖ਼ਿਲਾਫ਼ ਆਲਮੀ ਜੰਗ' ਦੇ ਦੌਰ ਵਿੱਚ ਸੁਰੱਖਿਆ ਦੇ ਨਾਮ ਉੱਤੇ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਪੇਸ਼ਬੰਦੀਆਂ ਨੂੰ ਲਾਗੂ ਕਰਨ ਵੇਲੇ ਸੰਵਾਦ ਦੇ ਘੇਰੇ ਵਿੱਚੋਂ ਬਾਹਰ ਰੱਖਿਆ ਜਾਂਦਾ ਹੈ। ਜਿਵੇਂ ਸਰਕਾਰਾਂ ਸੁਰੱਖਿਆ ਦੇ ਨਾਮ ਉੱਤੇ ਦਲੀਲ ਤੋਂ ਬਚਣ ਦਾ ਉਪਰਾਲਾ ਕਰਦੀਆਂ ਹਨ ਉਵੇਂ ਧਰਮ ਕੁਫ਼ਰ ਦੇ ਖ਼ੌਫ਼ ਨਾਲ ਦਲੀਲ ਤੋਂ ਪਾਸਾ ਵੱਟ ਜਾਂਦਾ ਹੈ।
ਖ਼ਿਆਲਾਂ ਦੀ ਆਜ਼ਾਦੀ ਦੇ ਹਵਾਲੇ ਨਾਲ ਰੱਬ ਅਤੇ ਧਰਮ ਨਾਲ ਇਤਿਹਾਸ ਵਿੱਚ ਲਗਾਤਾਰ ਚੱਲਦੇ ਆਏ ਸੰਵਾਦ ਨੂੰ ਸਮਝਣਾ ਜ਼ਰੂਰੀ ਹੈ। ਹਕੂਮਤ ਅਤੇ ਇਬਾਦਤਗ਼ਾਹਾਂ ਦੀ ਨੇੜਤਾ ਸਦਾ ਰਹੀ ਹੈ ਅਤੇ ਇਹ ਇੱਕ-ਦੂਜੇ ਦੇ ਸਹਾਰੇ ਵਧੀਆਂ-ਫੁੱਲੀਆਂ ਹਨ। ਇੱਕ-ਦੂਜੇ ਉੱਤੇ ਕੁਝ ਬੰਦਿਸ਼ਾਂ ਵੀ ਲਗਾਉਂਦੀਆਂ ਰਹੀਆਂ ਹਨ। ਹਰ ਤਰ੍ਹਾਂ ਦੀਆਂ ਪਾਬੰਦੀਆਂ ਅਤੇ ਸਖ਼ਤੀਆਂ ਦੇ ਬਾਵਜੂਦ ਮਨੁੱਖ ਲਈ ਕੁਝ ਸੁਆਲ ਹਮੇਸ਼ਾ ਅਹਿਮ ਰਹੇ ਹਨ। ਅੰਦਰ-ਮੁਖੀ ਸੁਆਲ ਰਿਹਾ ਹੈ ਕਿ ਮੈਂ ਕੌਣ ਹਾਂ? ਬਾਹਰ-ਮੁਖੀ ਸੁਆਲ ਰਿਹਾ ਹੈ ਕਿ ਮੈਂ ਕਿਸ ਕਾਇਨਾਤ ਦਾ ਹਿੱਸਾ ਹਾਂ? ਪੇਚੀਦਾ ਸੁਆਲ ਇਹ ਰਿਹਾ ਹੈ ਕਿ ਇਹ ਕਾਇਨਾਤ ਦੀ ਸਿਰਜਣਾ ਕਿਵੇਂ ਹੋਈ ਹੈ ਅਤੇ ਇਸ ਦੇ ਮੁੱਢ ਅਤੇ ਅੰਤ ਕੀ ਹਨ? ਇਨ੍ਹਾਂ ਸੁਆਲਾਂ ਵਿੱਚੋਂ ਸਿਰਜਣਹਾਰ ਦੇ ਰੂਪ ਬਣਦੇ-ਬਦਲਦੇ ਰਹੇ ਹਨ। ਸਿਰਜਣਹਾਰ ਅਤੇ ਹੁਕਮਰਾਨ ਦੇ ਸਰਬਸ਼ਕਤੀਮਾਨ ਹੋਣ ਦੇ ਦਾਅਵੇ ਕਦੇ ਵੀ ਸੁਆਲਾਂ ਦੇ ਘੇਰੇ ਤੋਂ ਬਾਹਰ ਨਹੀਂ ਰਹੇ।
ਸਾਰੀ ਦੁਨੀਆਂ ਨੂੰ ਗ਼ੁਲਾਮ ਬਣਾਉਣ ਤੁਰੇ ਸਿਕੰਦਰ ਨੂੰ ਡੀਓਜੀਨ 'ਧੁੱਧ ਛੱਡ ਕੇ ਖੜ੍ਹੋਣ' ਦਾ ਬੋਲਾ ਮਾਰਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ 'ਕਾਣਾ' ਕਹਿਣ ਦੀ ਸ਼ਰਤ ਲਗਾ ਕੇ ਪਹੁੰਚੇ ਮੀਰ ਨੂੰ ਲੋਕਧਾਰਾ ਪ੍ਰਵਾਨ ਕਰਦੀ ਹੈ। ਗਲੀਲੀਓ ਬਾਈਬਲ ਵਿੱਚ ਦਰਜ ਚਪਟੀ ਧਰਤੀ ਦੇ ਗੋਲ ਹੋਣ ਦੀ ਦਾਅਵੇਦਾਰੀ ਦਾ ਮੁੱਢ ਬੰਨ੍ਹ ਦਿੰਦਾ ਹੈ। ਮਨਸੂਰ 'ਅੱਨਲ ਹੱਕ' ਦਾ ਨਾਅਰਾ ਬੁਲੰਦ ਕਰਦਾ ਹੈ। ਗਲੀਲੀਓ ਦੀ ਮੌਤ ਲਈ ਸਦੀਆਂ ਬਾਅਦ ਮੁਆਫ਼ੀ ਮੰਗਣੀ ਪੈ ਜਾਂਦੀ ਹੈ। ਸ਼ਰਮਿੰਦਗੀ ਸਦਾ ਦੀ ਸਹੇੜੀ ਗਈ ਹੈ। ਮਨਸੂਰ ਸੂਲੀ ਚੜ੍ਹ ਜਾਂਦਾ ਹੈ ਪਰ ਉਹ ਸੂਲੀ ਹਾਲੇ ਤੱਕ ਮੋਮਨਾਂ ਨੂੰ ਸੂਲ੍ਹ ਪਾਉਂਦੀ ਹੈ। ਆਖ਼ਰ ਜ਼ੀਆ ਉੱਲ ਹੱਕ ਦੇ ਰਾਜ ਵਿੱਚ ਫ਼ੈਜ਼ ਅਹਿਮਦ ਫ਼ੈਜ਼ ਦੀ ਨਜ਼ਮ ਗੂੰਜਦੀ ਹੈ, "ਉਠੇਗਾ ਅਨੱਲ ਹੱਕ ਕਾ ਨਾਅਰਾ ਜੋ ਮੈਂ ਵੀ ਹੂੰ ਔਰ ਤੁਮ ਵੀ ਹੋ।" ਇਸਲਾਮ ਦੇ ਨਾਮ ਉੱਤੇ ਬਣਾਏ ਗਏ ਮੁਲਕ ਵਿੱਚ ਇਸ ਬੋਲੇ ਨਾਲ ਫ਼ੌਜੀ ਤਾਨਾਸ਼ਾਹੀ ਦਾ ਤਖ਼ਤ ਹਿੱਲਦਾ ਹੈ। ਨਾਜ਼ ਖ਼ਿਆਲਵੀ ਦੀ ਲਿਖੀ ਕੱਵਾਲੀ 'ਤੁਮ ਏਕ ਗੋਰਖ ਧੰਧਾ ਹੋ' ਨੂੰ ਨੁਸਰਤ ਫ਼ਤਿਹ ਅਲੀ ਗਾਉਂਦਾ ਹੈ ਤਾਂ ਸਭ ਤਰ੍ਹਾਂ ਦੇ ਮੋਮਨ-ਕਾਫ਼ਰ ਸਲਾਹੁੰਦੇ ਹਨ। ਗ਼ਾਲਿਬ ਮੈਅਖ਼ਾਨਿਆਂ ਵਿੱਚੋਂ ਧਰਤੀ ਘੁੰਮਾਉਂਦਾ ਹੈ ਅਤੇ ਕਾਜੀਆਂ ਨੂੰ ਤਜਰਬਾ ਕਰਨ ਦੀ ਸਲਾਹ ਦਿੰਦਾ ਹੈ। ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।
ਬੰਦੇ ਨੇ ਸਿਰਜਣਹਾਰ ਦੀ ਬੰਦਗੀ ਕੀਤੀ ਹੈ। ਉਸ ਉੱਤੇ ਸੁਆਲ ਵੀ ਕੀਤੇ ਹਨ। ਉਸ ਨੂੰ ਲਾਹਨਤਾਂ ਵੀ ਪਾਈਆਂ ਹਨ। ਉਸ ਦਾ ਸ਼ਰੀਕ ਹੋਣ ਦੇ ਦਾਅਵੇ ਕੀਤੇ ਹਨ। ਰਕੀਬ ਹੋਣ ਦੇ ਵਾਅਦੇ ਕੀਤੇ ਹਨ। ਉਸ ਨਾਲ ਸ਼ਰਤਾਂ ਲਗਾਈਆਂ ਹਨ। ਬੰਦੇ ਦੀ 'ਰੱਬ ਤੋਂ ਲੈ ਕੇ ਕੁਦਰਤ ਤੱਕ' ਸਿਰਜਣਹਾਰ ਨਾਲ ਹਰ ਰੂਪ ਵਿੱਚ ਆਪਣੀ ਬੇਅਕਲੀ ਅਤੇ ਸੋਝੀ ਦੀ ਹਰ ਗੱਲ ਹੋਈ ਹੈ। ਇਸੇ ਸਦੀਵੀ ਮਸ਼ਕ ਵਿੱਚੋਂ ਫ਼ਲਸਫ਼ਾ ਅਤੇ ਵਿਗਿਆਨ ਅੱਗੇ ਤੁਰਦੇ ਆਏ ਹਨ। ਹਰ ਨਵੇਂ ਧਰਮ ਦੀ ਹੋਂਦ ਪੁਰਾਣੇ ਧਰਮਾਂ ਦੀਆਂ ਬਣਾਈਆਂ ਧਾਰਨਾਵਾਂ ਉੱਤੇ ਸੁਆਲ ਕਰਕੇ ਪ੍ਰਵਾਨ ਚੜ੍ਹੀ ਹੈ। ਪਿਛਲੇ ਨਾਲੋਂ ਬਿਹਤਰ ਹੋਣ ਦੀ ਦਾਅਵੇਦਾਰੀ ਸਹਿਜ ਜਾਪਦੀ ਹੈ ਪਰ ਅੰਤਿਮ ਜਾਂ ਮੁਕੰਮਲ ਹੋਣ ਦੀ ਦਾਅਵੇਦਾਰੀ ਨੂੰ ਮਲਕੀਅਤ ਅਤੇ ਸ਼ਰਧਾ ਦੇ ਉਸਾਰੇ ਤੋਂ ਬਿਨ੍ਹਾਂ ਸਮਝਣਾ ਔਖਾ ਹੈ। ਜਦੋਂ ਸਿਰਜਣਹਾਰ ਨਾਲ ਬੰਦੇ ਦਾ ਸੰਵਾਦ ਸਦੀਵੀ ਹੈ ਜੋ ਅਜ਼ਲਾਂ ਤੋਂ ਚੱਲਦਾ ਆਇਆ ਹੈ ਅਤੇ ਇਸ ਨੇ ਅਜ਼ਲਾਂ ਤੱਕ ਚੱਲਦੇ ਰਹਿਣਾ ਹੈ। ਇਹ ਮਨੁੱਖ ਦੀ ਬਿਹਤਰ ਸੱਚ ਦੀ ਭਾਲ ਹੈ। ਕੱਲ੍ਹ ਦੇ ਗਿਆਨ ਨਾਲ ਅੱਜ ਦੇ ਸੁਆਲ ਸਾਹਮਣੇ ਆਏ ਹਨ। ਇਨ੍ਹਾਂ ਸੁਆਲਾਂ ਵਿੱਚ ਭਲ੍ਹਕ ਲਈ ਬਿਹਤਰ ਸਮਝ ਉਸਰਨੀ ਹੈ। ਹਰ ਧਰਮ ਆਪਣੇ ਪੀਰ, ਪੈਗੰਬਰ ਜਾਂ ਗ੍ਰੰਥ ਤੱਕ ਦੇ ਸੰਵਾਦ ਨੂੰ ਵਿਗਿਆਨ ਸੋਚ ਅਤੇ ਉਸ ਤੋਂ ਬਾਅਦ ਦੇ ਸੰਵਾਦ ਨੂੰ ਕੁਫ਼ਰ ਜਾਂ ਹਉਮੈਂ ਦੇ ਘੇਰੇ ਵਿੱਚ ਰੱਖਣ ਦਾ ਉਪਰਾਲਾ ਕਰਦਾ ਹੈ। ਰਹਿਤਾਂ, ਬੰਦਿਸ਼ਾਂ ਅਤੇ ਮਰਿਆਦਾ ਦੇ ਘੇਰਿਆਂ ਦੇ ਬਾਵਜੂਦ ਹਰ ਧਰਮ ਵਿੱਚ ਸੁਆਲ ਕਰਨ ਵਾਲੇ ਫ਼ਿਕਰੇ ਹਨ ਜੋ 'ਮੋਮਨ ਜਾਂ ਕਾਫ਼ਰ' ਅਤੇ 'ਗੁਰਮੁੱਖ ਜਾਂ ਮਨਮੁੱਖ' ਹੋਣ ਦੇ ਨਖੇੜੇ ਨੂੰ ਲਗਾਤਾਰ ਧੁੰਦਲਾ ਕਰਦੇ ਹਨ। 'ਖ਼ਿਆਲਾਂ ਦੀ ਆਜ਼ਾਦੀ' ਇਸੇ ਧੁੰਦਲਕੇ ਨੂੰ ਮੁਖਾਤਬ ਹੁੰਦੀ ਹੈ ਅਤੇ ਕੱਟੜਤਾ ਇਸ ਨੂੰ ਘਾਤਕ ਕਰਾਰ ਦਿੰਦੀ ਹੈ।
ਮਾਰੂ ਹਥਿਆਰਾਂ ਵਾਲੇ ਜੱਹਾਦੀ ਅਤੇ ਧੜਵੈਲ ਜੰਗੀ ਮੁਹਿੰਮਾਂ ਵਿੱਚ ਲੱਗੀਆਂ ਸਰਕਾਰਾਂ 'ਖ਼ਿਆਲਾਂ ਦੀ ਆਜ਼ਾਦੀ' ਦੀ ਧਾਰਨਾ ਨੂੰ ਰੱਦ ਕਰਨ ਦੀ ਸਾਂਝੀ ਮਸ਼ਕ ਜਾਪਦੀ ਹੈ। ਸਰਕਾਰਾਂ ਸੁਰੱਖਿਆ ਦੇ ਨਾਮ ਉੱਤੇ ਸ਼ਹਿਰੀ ਨੂੰ ਸੀਲ ਹਿੰਦਸੇ ਤੱਕ ਮਹਿਦੂਦ ਕਰਨ ਲੱਗੀਆਂ ਹੋਈਆਂ ਹਨ। ਧਰਮ ਦੇ ਨੁਮਾਇੰਦਿਆਂ ਦੀਆਂ ਮੀਡੀਆ ਵਿੱਚ 'ਖ਼ਿਆਲਾਂ ਦੀ ਆਜ਼ਾਦੀ' ਨੂੰ ਕੁਫ਼ਰ ਕਰਾਰ ਦਿੰਦੀਆਂ ਆਵਾਜ਼ਾਂ ਆ ਰਹੀਆਂ ਹਨ। ਸੁਆਲ ਕੁਫ਼ਰ ਕਰਾਰ ਦਿੱਤੇ ਜਾਣ ਤੱਕ ਮਹਿਦੂਦ ਨਹੀਂ ਹੈ। ਕਾਫ਼ਰ ਨੂੰ ਹਰ ਹੀਲੇ ਸਿੱਧੇ ਰਾਹ ਪਾਉਣ ਲਈ ਜੱਹਾਦੀਆਂ ਦੀਆਂ ਧਾੜਾਂ ਨੂੰ ਬੇਮੁਹਾਰ ਕਰ ਦਿੱਤਾ ਜਾਂਦਾ ਹੈ। ਇਸ ਜਹਾਨ ਵਿੱਚ ਥੁੜਾਂ ਦਾ ਸ਼ਿਕਾਰ ਬੰਦੇ ਨੂੰ ਜੰਨਤ, ਹੂਰਾਂ ਅਤੇ ਤਹੂਰ ਖਿੱਚ ਪਾਉਂਦੇ ਹਨ। ਸਰਕਾਰ ਦੇ ਪੱਧਰ ਉੱਤੇ ਜੋ ਸਾਮਰਾਜੀ ਧਿਰਾਂ ਦੀ ਹਾਂ ਵਿੱਚ ਹਾਂ ਨਹੀਂ ਮਿਲਾਉਂਦੇ ਉਨ੍ਹਾਂ ਲਈ ਹਰ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਖ਼ੂਫ਼ੀਆਂ ਕਾਰਵਾਈਆਂ, ਫ਼ੌਜੀ ਹਮਲਿਆਂ, ਡਰੋਨ ਹਮਲਿਆਂ, ਲੜਾਕੂਆਂ ਨੂੰ ਹਵਾਈ ਇਮਦਾਦ, ਲੜਾਕੂਆਂ ਨੂੰ ਅਸਲਾ ਤੇ ਸਿਖਲਾਈ, ਮਨੁੱਖੀ ਇਮਦਾਦ ਅਤੇ ਵਪਾਰ ਸਮਝੌਤੇ ਉੱਤੇ ਸਹੀ ਪਾਉਣਾ ਜਾਂ ਇਨ੍ਹਾਂ ਨੂੰ ਰੱਦ ਕਰਨਾ ਦੂਜੀਆਂ ਸਰਕਾਰਾਂ ਨੂੰ ਆਪਣੀਆਂ ਸ਼ਰਤਾਂ ਉੱਤੇ ਲਿਆਉਣ ਦੀਆਂ ਵੱਖ-ਵੱਖ ਮਸ਼ਕਾਂ ਹਨ। ਇਨ੍ਹਾਂ ਦੇ ਖ਼ਤਰਿਆਂ, ਖ਼ਦਸ਼ਿਆਂ ਅਤੇ ਸੁਰੱਖਿਆ ਦੇ ਨਾਮ ਉੱਤੇ ਜਮਹੂਰੀਅਤ ਕਹਾਉਂਦੇ ਮੁਲਕਾਂ ਵਿੱਚ ਹੁੰਦੇ ਸਭ ਸੁਆਲ ਨਜ਼ਰਅੰਦਾਜ਼ ਹੋ ਜਾਂਦੇ ਹਨ। ਇਸੇ ਤਰ੍ਹਾਂ 'ਧਰਮ ਨੂੰ ਖ਼ਤਰੇ' ਦੇ ਨਾਮ ਉੱਤੇ ਸਾਰੀ ਵੰਨ-ਸਵੰਨਤਾ ਰੱਦ ਕਰ ਦਿੱਤੀ ਜਾਂਦੀ ਹੈ। ਧਰਮ ਦੇ ਘੇਰੇ ਵਿੱਚ ਆਉਂਦੇ ਹਰ ਜੀਅ ਉੱਤੇ 'ਰਹਿਤ' ਲਾਗੂ ਕਰਨ ਦੀ ਮਸ਼ਕ ਕੀਤੀ ਜਾਂਦੀ ਹੈ। ਹਕੂਮਤ ਅਤੇ ਧਰਮ ਦਾ ਕੰਮ ਕਰਨ ਦਾ ਤਰੀਕਾ ਇੱਕੋ ਹੈ। ਅੰਦਰਲੇ ਹਰ ਸੁਆਲ ਅਤੇ ਵੰਨ-ਸਵੰਨਤਾ ਨੂੰ ਸੀਲ ਕਰਕੇ ਇੱਕ-ਰੂਪ ਕਰ ਦਿਓ ਅਤੇ ਬਾਹਰਲੇ ਹਰ ਸੁਆਲ ਉੱਤੇ ਹਮਲਾ ਕਰੋ।
ਇਨ੍ਹਾਂ ਹਾਲਾਤ ਵਿੱਚ ਹਕੂਮਤ ਆਪਣੀ ਬੇਮੁਹਾਰੀ ਉੱਤੇ ਕੀਤੇ ਹਰ ਸੁਆਲ ਨੂੰ 'ਦੇਸ਼ ਧਰੋਹ' ਜਾਂ 'ਅਤਿਵਾਦ' ਦੇ ਖ਼ਾਤੇ ਪਾਉਣ ਵਿੱਚ ਲੱਗੀ ਹੋਈ ਹੈ। ਧਰਮ ਆਪਣੇ ਉੱਤੇ ਹੋਏ ਹਰ ਸੁਆਲ ਨੂੰ 'ਖ਼ਤਰੇ' ਜਾਂ 'ਕੁਫ਼ਰ' ਦੇ ਘੇਰੇ ਵਿੱਚ ਲਿਆਉਣ ਲਈ ਸਰਗਰਮ ਹੈ। ਧਰਮ ਦਾ ਵਿਹਾਰ ਹਕੂਮਤ ਨਾਲ ਮਿਲਦਾ ਹੈ ਕਿਉਂਕਿ ਮਨੁੱਖੀ ਜ਼ਿੰਦਗੀ ਉੱਤੇ ਧਰਮ ਦੀ ਹਕੂਮਤ ਅਸਰਅੰਦਾਜ਼ ਹੁੰਦੀ ਹੈ ਜੋ ਸਰਹੱਦਾਂ ਅਤੇ ਕਾਨੂੰਨਾਂ ਦੇ ਘੇਰਿਆਂ ਤੋਂ ਹਰ ਤਰ੍ਹਾਂ ਬਾਹਰ ਹੈ। ਕਈ ਖਿੱਤਿਆਂ ਵਿੱਚ ਧਾਰਮਿਕ ਬਹੁ-ਗਿਣਤੀਆਂ ਦੇ ਨੁਮਾਇੰਦਿਆਂ ਦੇ ਫ਼ਤਵੇ ਲਾਗੂ ਹੁੰਦੇ ਹਨ ਅਤੇ ਚੁਣੀਆਂ ਹੋਈਆਂ ਸਰਕਾਰਾਂ ਇਨ੍ਹਾਂ ਫ਼ਤਵਿਆਂ ਨੂੰ ਕਾਨੂੰਨੀ ਜਾਮੇ ਪਹਿਨਾਉਂਦੀਆਂ ਹਨ। ਸੁਆਲ ਇੱਥੇ 'ਅਮਨ-ਕਾਨੂੰਨ' ਨੂੰ ਕਾਇਮ ਰੱਖਣ ਦਾ ਬਣਾਇਆ ਜਾਂਦਾ ਹੈ।
ਆਲਮੀ ਪੱਧਰ ਉੱਤੇ 'ਖ਼ਿਆਲਾਂ ਦੀ ਆਜ਼ਾਦੀ' ਦੇ ਸੁਆਲ ਉੱਤੇ ਚਰਚਾ ਹੋ ਰਹੀ ਹੈ ਪਰ ਇਸ ਚਰਚਾ ਦਾ ਨਿਤਾਰਾ ਮੁਕਾਮੀ ਹਵਾਲਿਆਂ ਨਾਲ ਹੋਣਾ ਹੈ। ਆਲਮੀ ਪੱਧਰ ਉੱਤੇ ਮੌਕੇ ਮੁਤਾਬਕ ਜ਼ਾਹਰ ਕੀਤੀ ਗਈ ਹਮਦਰਦੀ ਜਾਂ ਨਿੰਦਾ ਦਾ ਬਿਆਨ ਆਪਣੀ ਅਹਿਮੀਅਤ ਰੱਖਦਾ ਹੈ ਪਰ ਅਸਲ ਸੁਆਲ ਇਸ ਹਮਦਰਦੀ ਜਾਂ ਨਿੰਦਾ ਨਾਲ ਜੁੜੀ ਮੁਕਾਮੀ ਕਾਰਗੁਜ਼ਾਰੀ ਦਾ ਹੈ। ਸਾਡੇ ਮੁਲਕ ਜਾਂ ਸੂਬੇ ਵਿੱਚ 'ਖ਼ਿਆਲਾਂ ਦੀ ਆਜ਼ਾਦੀ' ਦੇ ਸੁਆਲ ਇੱਥੇ ਛਪੀਆਂ ਕਿਤਾਬਾਂ, ਬਣੀਆਂ ਫ਼ਿਲਮਾਂ, ਗਾਏ ਗੀਤਾਂ ਅਤੇ ਕੀਤੇ ਸੁਆਲਾਂ ਨਾਲ ਹੋਣੇ ਹਨ।
'ਅਨੱਲ-ਹੱਕ' ਦਾ ਨਾਅਰਾ ਅਤੇ 'ਧੁੱਪ ਛੱਡ ਕੇ ਖੜ੍ਹੋਣ' ਦਾ ਬੋਲਾ ਮਨੁੱਖੀ ਹੋਂਦ ਦੇ ਸਦੀਵੀ ਸੁਆਲ ਹਨ ਜੋ ਹਰ ਵੇਲੇ ਹਰ ਬੋਲੀ ਅਤੇ ਖਿੱਤੇ ਵਿੱਚ ਪੁੱਛੇ ਜਾਣੇ ਹਨ। ਇਨ੍ਹਾਂ ਨੂੰ ਪੁੱਛੇ ਜਾਣ ਦੀ ਪ੍ਰਵਾਨਗੀ ਮਨੁੱਖ ਨੇ ਕਿਸੇ ਤੋਂ ਨਹੀਂ ਲੈਣੀ। ਧਰਮ ਅਤੇ ਹਕੂਮਤ ਮਨੁੱਖੀ ਹੋਂਦ ਉੱਤੇ ਅਸਰਅੰਦਾਜ਼ ਹਨ ਤਾਂ ਇਨ੍ਹਾਂ ਨਾਲ ਹਰ ਤਰ੍ਹਾਂ ਦਾ ਸੰਵਾਦ ਹੋਣਾ ਹੈ। ਪੜਚੋਲ, ਕਟਾਕਸ਼ ਅਤੇ ਸੁਆਲ ਹੋਣੇ ਹਨ। ਸ਼ਰਧਾ, ਸਤਿਕਾਰ, ਅਨਾਦਰ, ਕੁਫ਼ਰ ਅਤੇ ਦੇਸ਼ ਧਰੋਹ ਨਾਲ ਜੁੜੇ ਸੁਆਲ ਹੀ 'ਖ਼ਿਆਲਾਂ ਦੀ ਆਜ਼ਾਦੀ' ਦੇ ਸੁਆਲ ਹਨ। ਜਦੋਂ ਸਰਕਾਰਾਂ ਧਾਰਮਿਕ ਭਾਵਨਾਵਾਂ ਦੇ ਹਵਾਲੇ ਨਾਲ ਪਾਬੰਦੀਆਂ ਜਾਂ ਛੋਟਾਂ ਤੈਅ ਕਰਦੀਆਂ ਹਨ ਅਤੇ ਧਰਮ ਦੇ ਨੁਮਾਇੰਦੇ ਸਰਕਾਰਾਂ ਤੋਂ ਪਾਬੰਦੀਆਂ ਜਾਂ ਖੁੱਲ੍ਹਾਂ ਦੀ ਮੰਗ ਕਰਦੇ ਹਨ ਤਾਂ ਇਹ ਸੁਆਲ ਹੋਰ ਵੀ ਅਹਿਮ ਹੋ ਜਾਂਦੇ ਹਨ।
(ਇਹ ਲੇਖ 20 ਜਨਵਰੀ 2015 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ)
No comments:
Post a Comment