Friday, August 16, 2013

ਪੰਜਾਬੀ ਬੰਦੇ ਅੰਦਰ ਸੁਲਗਦਾ ਜਵਾਲਾਮੁਖੀ

ਦਲਜੀਤ ਅਮੀ

ਨਾਮਧਾਰੀ ਫਿਰਕੇ ਦੇ ਮੁਖੀ ਉਦੈ ਸਿੰਘ ਉੱਤੇ ਇੰਗਲੈਂਡ ਦੇ ਲੈਸਟਰ ਸ਼ਹਿਰ ਵਿੱਚ ਹਮਲਾ ਹੋਇਆ ਹੈ। ਹਮਲਾਵਰ ਬਾਰੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਉਸ ਦਾ ਪਿਛੋਕੜ ਫਰੋਲਿਆ ਜਾ ਰਿਹਾ ਹੈ। ਅਖ਼ਬਾਰਾਂ ਵਿੱਚ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਨਾਮਧਾਰੀ ਹੈ ਜਾਂ ਨਹੀਂ। ਕਿਸੇ ਖਾੜਕੂ ਜਥੇਬੰਦੀ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ। ਖ਼ਦਸ਼ਾ ਇਹ ਵੀ ਹੈ ਕਿ ਕਿਤੇ ਨਾਮਧਾਰੀਆਂ ਦਾ ਅੰਦਰੂਨੀ ਕਲੇਸ਼ ਤਾਂ ਇਸ ਹੱਦ ਤੱਕ ਨਹੀਂ ਪਹੁੰਚ ਗਿਆ। ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਮੌਜੂਦਾ ਮਾਹੌਲ ਵਿੱਚ ਅਜਿਹਾ ਹਮਲਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਇਸ ਮਾਹੌਲ ਦਾ ਜਵਾਲਾਮੁਖੀ-ਖ਼ਾਸਾ ਵਿਚਾਰਨਾ ਬਣਦਾ ਹੈ। ਇਸ ਦੇ ਨਾਲ ਹੀ ਇਹ ਵੀ ਵਿਚਾਰਨਾ ਬਣਦਾ ਹੈ ਕਿ ਕੀ ਅਜਿਹਾ ਮਾਹੌਲ ਸਿਰਫ਼ ਨਾਮਧਾਰੀ ਫ਼ਿਰਕੇ ਨਾਲ ਜੁੜਿਆ ਹੋਇਆ ਹੈ, ਜਾਂ ਨਾਮਧਾਰੀ ਕਲੇਸ਼ ਕਿਸੇ ਵਡੇਰੇ ਰੁਝਾਨ ਦੀ ਕੜੀ ਹੈ? ਇਹ ਹਮਲਾ ਵਿਦੇਸ਼ ਵਿੱਚ ਹੋਇਆ ਹੈ ਜੋ ਆਪਣੇ-ਆਪ ਵਿੱਚ ਵਿਚਾਰਨ ਵਾਲਾ ਮਸਲਾ ਹੈ। ਕੀ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦਾ ਹੇਰਵਾ ਜਾਂ ਬੇਚੈਨੀ ਇਹ ਰੂਪ ਲੈ ਰਹੀ ਹੈ, ਜਾਂ ਇਹ ਮਹਿਜ਼ ਮੌਕਾ-ਮੇਲ ਹੈ। ਇਸ ਦੇ ਪਿਛੋਕੜ ਵਿੱਚ ਹੀ ਆਸਟਰੀਆ ਵਿੱਚ ਸੰਤ ਰਾਮਾਨੰਦ ਅਤੇ ਲੰਡਨ ਵਿੱਚ ਜਰਨਲ ਕੁਲਦੀਪ ਸਿੰਘ ਬਰਾੜ ਉੱਤੇ ਹੋਏ ਹਮਲੇ ਵੇਖੇ-ਵਿਚਾਰੇ ਜਾ ਸਕਦੇ ਹਨ।

ਨਾਮਧਾਰੀ ਫਿਰਕੇ ਦੇ ਮੁਖੀ ਜਗਜੀਤ ਸਿੰਘ ਦੀ ਮੌਤ ਤੋਂ ਬਾਅਦ ਗੁਰਗੱਦੀ ਦਾ ਚਿਰਾਂ ਤੋਂ ਚਲਿਆ ਜਾ ਰਿਹਾ ਕਲੇਸ਼ ਬਾਹਰ ਆ ਗਿਆ ਸੀ। ਇਸ ਤੋਂ ਪਹਿਲਾਂ ਵੀ ਇਹ ਕਲੇਸ਼ ਅਖ਼ਬਾਰੀ ਇਸ਼ਤਿਹਾਰਾਂ ਤੱਕ ਦਾ ਰੂਪ ਧਾਰਨ ਕਰਦਾ ਰਿਹਾ ਸੀ। ਨਾਮਧਾਰੀ ਦਰਬਾਰ ਅਤੇ ਨਾਮਧਾਰੀ ਸੰਗਤ ਵਿੱਚ ਜਗਜੀਤ ਸਿੰਘ ਤੋਂ ਬਾਅਦ ਗੁਰਗੱਦੀ ਲਈ ਦਾਅਵੇਦਾਰੀ ਪਹਿਲਾਂ ਤੋਂ ਕੀਤੀ ਜਾ ਰਹੀ ਸੀ। ਜਗਜੀਤ ਸਿੰਘ ਹੁਰਾਂ ਦੀ ਮੌਤ ਤੋਂ ਬਾਅਦ ਗੁਰਗੱਦੀ ਠਾਕੁਰ ਉਦੈ ਸਿੰਘ ਨੂੰ ਦੇ ਦਿੱਤੀ ਗਈ। ਠਾਕੁਰ ਦਲੀਪ ਸਿੰਘ ਦੇ ਸ਼ਰਧਾਲੂਆਂ ਨੇ ਇਸ ਦਾ ਵਿਰੋਧ ਕੀਤਾ। ਕਿਸੇ ਡੇਰੇ ਦੀ ਗੁਰਗੱਦੀ ਦੀ ਦਾਅਵੇਦਾਰੀ ਨੂੰ ਲੈ ਕੇ ਪੰਜਾਬ ਵਿੱਚ ਸ਼ਾਇਦ ਪਹਿਲੀ ਵਾਰ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਹ ਕਲੇਸ਼ ਕਦੇ ਵੀ ਖ਼ੂਨੀ ਟਕਰਾਅ ਦਾ ਰੂਪ ਲੈ ਸਕਦਾ ਸੀ, ਕਿਉਂਕਿ ਦੋਵਾਂ ਧਿਰਾਂ ਦਾ ਇੱਕ-ਦੂਜੇ ਨਾਲ ਸਮਾਜਕ, ਧਾਰਮਿਕ ਅਤੇ ਕਾਰੋਬਾਰੀ ਰਾਬਤਾ ਹੈ। ਇਸ ਕਾਰਨ ਮੇਲ-ਮਿਲਾਪ ਤਾਂ ਹੋਣਾ ਹੀ ਹੈ। ਅੰਮ੍ਰਿਤਸਰ ਵਿੱਚ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਸਨ, ਪਰ ਬਚਾਅ ਹੋ ਗਿਆ। ਇਨ੍ਹਾਂ ਦੋਵਾਂ ਧਿਰਾਂ ਦਾ ਤਣਾਅ ਜਿਉਂ ਦਾ ਤਿਉਂ ਕਾਇਮ ਹੈ। ਇਸ ਤਣਾਅ ਦੇ ਬਾਹਰ ਆਉਣ ਦੀ ਸੰਭਾਵੀ ਥਾਂ ਧਾਰਮਿਕ ਘੇਰੇ ਤੱਕ ਮਹਿਦੂਦ ਨਹੀਂ ਹੈ, ਸਗੋਂ ਨਾਮਧਾਰੀ ਦਰਬਾਰ ਦਾ ਸਿਆਸੀ ਅਸਰ-ਰਸੂਖ਼, ਆਮਦਨ, ਕਾਰੋਬਾਰ ਅਤੇ ਜਾਇਦਾਦ ਬਹੁਤ ਅਹਿਮ ਹਨ। ਇੰਟਰਨੈਸ਼ਨਲ ਨਾਮਧਾਰੀ ਸੰਗਤ ਨੇ ਮੌਜੂਦਾ ਹਮਲੇ ਦੀ ਨਿਖੇਧੀ ਕੀਤੀ ਹੈ।

ਨਾਮਧਾਰੀ ਫਿਰਕਾ ਗੁਰਗੱਦੀ ਦੇ ਕਲੇਸ਼ ਨੂੰ ਲੈ ਕੇ ਤਕਰੀਬਨ ਦੋਫਾੜ ਹੋਇਆ ਪਿਆ ਹੈ। ਗ਼ੈਰ-ਰਸਮੀ ਦੋਫਾੜ ਸ਼ਰਧਾਲੂਆਂ ਦੀਆਂ ਵਫ਼ਾਦਾਰੀਆਂ ਤੈਅ ਕਰ ਰਹੀ ਹੈ। ਸੁਖਜੀਤ ਨਾਮਧਾਰੀ ਦਰਬਾਰ ਦਾ ਹਿੱਸਾ ਰਿਹਾ ਹੈ ਅਤੇ ਉਸ ਨੇ ਇਸ ਫਿਰਕੇ ਬਾਰੇ ਕਹਾਣੀਆਂ ਅਤੇ ਲੇਖ ਲਿਖੇ ਹਨ। ਉਸ ਦੀ 'ਫਿਲਹਾਲ' ਰਸਾਲੇ ਵਿੱਚ ਲਿਖੀ ਲੇਖ ਲੜੀ ਤੋਂ ਪਤਾ ਲੱਗਦਾ ਹੈ ਕਿ ਗੁਰਗੱਦੀ ਹਾਸਲ ਕਰਨ ਜਾਂ ਗੁਰੂ ਹੋਣ ਦੇ ਐਲਾਨ ਕਰਨ ਦੀ ਲੜਾਈ ਕਿਸ ਖ਼ੋਰੀ ਹੱਦ ਤੱਕ ਜਾਂਦੀ ਹੈ। ਇਸ ਦੀਆਂ ਤੰਦਾਂ ਅਸਰ-ਰਸੂਖ਼, ਆਮਦਨ, ਕਾਰੋਬਾਰ ਅਤੇ ਜਾਇਦਾਦ ਨਾਲ ਕਿਵੇਂ ਜੁੜੀਆਂ ਹੋਈਆਂ ਹਨ। ਇਹ ਕਲੇਸ਼ ਦੋ ਪੀੜ੍ਹੀਆਂ ਤੋਂ ਨਾਮਧਾਰੀ ਦਰਬਾਰ ਦੀਆਂ ਸਰਗਰਮੀਆਂ ਦਾ ਧੁਰਾ ਰਿਹਾ ਹੈ। ਜੇ ਨਾਮਧਾਰੀ ਦਰਬਾਰ ਦੇ ਇਸ ਰੁਝਾਨ ਨੂੰ ਮਿਸਾਲ ਵਜੋਂ ਵੇਖਿਆ ਜਾਵੇ ਤਾਂ ਦੂਜੇ ਡੇਰਿਆਂ ਵਿੱਚ ਤਕਰੀਬਨ ਇਹੋ ਹਾਲ ਹੈ। ਰਾਧਾ ਸੁਆਮੀ ਡੇਰੇ ਨੇ ਇਹੋ ਤਜਰਬਾ ਹੱਡੀਂ-ਹੰਢਾਇਆ ਹੈ। ਨਿਰੰਕਾਰੀਆਂ ਦੀ ਪਾਟੋ-ਧਾੜ ਇਸੇ ਤਰ੍ਹਾਂ ਹੋਈ ਹੈ। ਸਿਰਸਾ ਵਾਲੇ ਡੇਰਾ ਸੱਚਾ ਸੌਦਾ ਦੀ ਗੱਦੀ-ਨਸ਼ੀਨੀ ਨਾਲ ਵੀ ਗੋਲੀਬਾਰੀ ਅਤੇ ਨੌਸਰਬਾਜ਼ੀ ਦੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ। ਰਾੜਾ ਸਾਹਿਬ ਅਤੇ ਨਾਨਕਸਰ ਵਾਲੇ ਡੇਰਿਆਂ ਦੀਆਂ ਵੱਖਰੀਆਂ-ਵੱਖਰੀਆਂ ਫਾਟਾਂ ਵੀ ਇਸੇ ਰੁਝਾਨ ਦੇ ਹਿੱਸੇ ਵਜੋਂ ਵੇਖੀਆਂ ਜਾ ਸਕਦੀਆਂ ਹਨ। ਬੀਬੀ ਜਗੀਰ ਕੌਰ ਦੇ ਬੇਗੋਵਾਲ ਵਾਲੇ ਡੇਰੇ ਦੀਆਂ ਸਰਗਰਮੀਆਂ ਕਿਸੇ ਤੋਂ ਲੁਕੀਆਂ ਨਹੀਂ ਹਨ।


ਡੇਰਿਆਂ ਦੇ ਇਸ ਅੰਦਰੂਨੀ ਕਲੇਸ਼ ਦਾ ਸਮਾਜ ਦੇ ਵਡੇਰੇ ਰੁਝਾਨ ਨਾਲ ਸਿੱਧਾ ਰਾਬਤਾ ਹੈ। ਇਹ ਰੁਝਾਨ ਇਨ੍ਹਾਂ ਡੇਰਿਆਂ ਦੇ ਪੰਥਕ ਹੋਣ ਦੀ ਦਾਅਵੇਦਾਰੀ ਵਾਲੇ ਅਦਾਰਿਆਂ, ਜਥੇਬੰਦੀਆਂ ਅਤੇ ਸੰਤਾਂ ਨਾਲ ਟਕਰਾਅ ਵਜੋਂ ਸਾਹਮਣੇ ਆਉਂਦਾ ਹੈ। ਜਦੋਂ ਸੱਚਾ ਸੌਦਾ ਵਾਲਾ ਡੇਰਾ ਪੰਥਕ ਦਾਅਵੇਦਾਰੀ ਨਾਲ ਟਕਰਾਅ ਵਿੱਚ ਆਉਂਦਾ ਹੈ ਤਾਂ ਇਸ ਦਾ ਫੌਰੀ ਕਾਰਨ ਤਾਂ ਰਾਮ ਰਹੀਮ ਸਿੰਘ ਦੀ ਭੜਕਾਊ ਹਰਕਤ ਬਣਦੀ ਹੈ, ਪਰ ਇਸ ਨਾਲ ਗੌਣ ਪਿਆ ਤਣਾਅ ਸਰਗਰਮ ਹੁੰਦਾ ਹੈ। ਇਸ ਤੋਂ ਬਾਅਦ ਮੀਡੀਆ ਵਿੱਚ ਸਿੱਖ ਬਨਾਮ ਡੇਰਾ ਪ੍ਰੇਮੀ ਦਾ ਮਸਲਾ ਚਰਚਾ ਵਿੱਚ ਰਹਿੰਦਾ ਹੈ। ਪੰਥਕ ਦਾਅਵੇਦਾਰੀ ਵਿੱਚ ਵੀ ਇਨ੍ਹਾਂ ਹੀ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਸੱਚਾ ਸੌਦੇ ਵਾਲੇ ਡੇਰੇ ਜਾਣ ਵਾਲੇ ਜ਼ਿਆਦਾਤਰ ਪੰਜਾਬੀ ਸਿੱਖ ਸਨ ਜੋ ਗੁਰਦੁਆਰਿਆਂ ਵਿੱਚ ਆਥਣ-ਸਵੇਰ ਜਾਂਦੇ ਸਨ। ਸਮਾਜਕ ਪੱਖ ਇਹ ਆਉਂਦਾ ਹੈ ਕਿ ਡੇਰਾ ਨੀਵੀਆਂ ਜਾਤਾਂ ਵਾਲਿਆਂ ਨੂੰ ਮਾਣ ਦਿੰਦਾ ਹੈ ਅਤੇ ਨਸ਼ਿਆਂ ਤੋਂ ਮੁਕਤੀ ਦਵਾਉਂਦਾ ਹੈ। ਸੱਚੇ ਸੌਦੇ ਵਾਲਿਆਂ ਅਤੇ ਪੰਥਕ ਦਾਅਵੇਦਾਰੀ ਵਿਚਲੇ ਟਕਰਾਅ ਵਿੱਚੋਂ ਭਾਰੂ ਧਿਰ ਸਮਾਜਕ ਪਾਬੰਦੀ ਦਾ ਐਲਾਨ ਕਰਦੀ ਹੈ। ਇਨ੍ਹਾਂ ਪਾਬੰਦੀਆਂ ਦੀ ਮਾਰ ਵਿੱਚ ਆਇਆ ਤਬਕਾ ਪਹਿਲਾਂ ਹੀ ਸਮਾਜਕ ਦਾਬੇ ਦਾ ਸ਼ਿਕਾਰ ਹੈ। ਇਸ ਨਾਲ ਡੇਰਾ ਸੱਚਾ ਸੌਦਾ ਵਿੱਚ ਜਾਣ ਵਾਲਿਆਂ ਦੇ ਕਾਰਨਾਂ ਦੀ ਤਸਦੀਕ ਹੁੰਦੀ ਹੈ। ਹੁਣ ਸਵਾਲ ਅਗਲਾ ਹੈ ਕਿ ਜਿਸ ਦਾਬੇ ਤੋਂ ਮੁਕਤੀ ਲਈ ਬੰਦੇ ਡੇਰੇ ਜਾਂਦੇ ਹਨ, ਉਸੇ ਦਾਬੇ ਲਈ ਡੇਰਿਆਂ ਅੰਦਰ ਕਾਟੋ-ਕਲੇਸ਼ ਚੱਲ ਰਿਹਾ ਹੈ। ਜੇ ਸਮਾਜ ਵਿੱਚ ਜਾਤ-ਪਾਤ ਅਤੇ ਅਮੀਰ-ਗ਼ਰੀਬ ਦਾ ਪਾੜਾ ਹੈ, ਤਾਂ ਡੇਰਿਆਂ ਅੰਦਰ ਇਹੋ ਰੁਝਾਨ ਅਸਰ-ਰਸੂਖ਼ ਅਤੇ ਵਫ਼ਾਦਾਰੀਆਂ ਦੇ ਸਹਾਰੇ ਚੱਲਦਾ ਹੈ। ਨਤੀਜੇ ਵਜੋਂ ਸਮਾਜਕ ਟਕਰਾਅ ਧਾਰਮਿਕ ਅਖਾੜੇ ਵਿੱਚ ਆ ਜਾਂਦਾ ਹੈ, ਪਰ ਬੰਦੇ ਦੇ ਮਸਲੇ ਜਿਉਂ ਦੇ ਤਿਉਂ ਨਜ਼ਰਅੰਦਾਜ਼ ਰਹਿੰਦੇ ਹਨ।

ਇਨ੍ਹਾਂ ਹਾਲਾਤ ਵਿੱਚ ਬਹੁਤ ਸਾਰੀ ਸਿਆਸਤ ਸਿਰਫ਼ ਟਕਰਾਅ ਦੇ ਸਿੱਕੇ ਨਾਲ ਚੱਲਦੀ ਹੈ। ਇਸ ਸਿਆਸਤ ਨੂੰ ਵਕਤੀ ਹੁਲਾਰਾ ਮਿਲਦਾ ਹੈ ਅਤੇ ਮੁੱਖਧਾਰਾ ਗਰਮ-ਦਲੀਆਂ ਦੀ ਹਾਮੀ ਭਰਦੀ ਜਾਪਦੀ ਹੈ। ਕੁਝ ਦੇਰ ਬਾਅਦ ਮੁੱਖਧਾਰਾ ਦੇ ਸਿਆਸਤਦਾਨ ਆਪਣੀ ਸਿਆਸੀ ਜੁਗਤਬੰਦੀ ਵਿੱਚ ਲੱਗ ਪੈਂਦੇ ਹਨ। ਕਾਂਗਰਸੀਏ-ਅਕਾਲੀ ਡੇਰੇਦਾਰਾਂ ਨਾਲ ਰਿਸ਼ਤੇਦਾਰੀਆਂ ਕੱਢਣ ਲੱਗ ਜਾਂਦੇ ਹਨ। ਸਰਗਰਮ ਹੋਏ ਤਣਾਅ ਦੀ ਬੁਨਿਆਦ ਵਿੱਚ ਪਏ ਕਾਰਨ ਕਾਇਮ ਰਹਿੰਦੇ ਹਨ, ਪਰ ਸਰਗਰਮੀ ਮੱਠੀ ਹੋਣ ਨਾਲ ਇਹ ਮੁੜ ਕੇ ਗੌਣ ਹੋ ਜਾਂਦੇ ਹਨ। ਅਗਲੇ ਧਮਾਕੇ ਦੀ ਉਡੀਕ ਵਿੱਚ ਇਹ ਸਾਰਾ ਤਣਾਅ ਲਾਵੇ ਵਾਂਗ ਹੇਠਲੀ ਤੈਅ ਵਿੱਚ ਜਮ੍ਹਾਂ ਹੁੰਦਾ ਰਹਿੰਦਾ ਹੈ। ਉਪਰਲੀ ਤੈਅ ਤੋਂ ਸਭ ਸਹਿਜ ਜਾਪਣ ਲੱਗਦਾ ਹੈ, ਪਰ ਇਸ ਲਾਵੇ ਦੇ ਫਟਣ ਦੇ ਸਾਰੇ ਕਾਰਨ ਮੌਜੂਦ ਹੁੰਦੇ ਹਨ। ਕਿਸੇ ਫੌਰੀ ਕਾਰਨ ਦੇ ਹਵਾਲੇ ਨਾਲ ਇਹ ਜਵਾਲਾਮੁਖੀ ਆਪਣਾ ਖ਼ਾਸਾ ਜ਼ਾਹਰ ਕਰਦਾ ਰਹਿੰਦਾ ਹੈ।


ਪੰਜਾਬ ਅੰਦਰਲੇ ਇਸ ਤਣਾਅ ਨੂੰ ਵਿਦੇਸ਼ਾਂ ਵਿੱਚ ਬੈਠਾ ਬੰਦਾ ਕਿਵੇਂ ਹੰਢਾਉਂਦਾ ਹੈ? ਦਰਅਸਲ ਇਹ ਤਣਾਅ ਪੰਜਾਬ ਦੀ ਧਰਤੀ ਤੱਕ ਮਹਿਦੂਦ ਨਹੀਂ ਹੈ ਸਗੋਂ ਪੰਜਾਬੀ ਬੰਦੇ ਦੇ ਤਜਰਬੇ ਅਤੇ ਯਾਦਾਸ਼ਤ ਦਾ ਹਿੱਸਾ ਬਣ ਕੇ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ। ਵਿਦੇਸ਼ੀਂ ਵਸਦੇ ਪੰਜਾਬੀ ਬੰਦੇ ਦੇ ਹੇਰਵੇ ਦੀ ਇੱਕ ਤੰਦ ਇਸ ਤਣਾਅ ਨਾਲ ਵੀ ਜੁੜਦੀ ਹੈ। ਇਸ ਤਣਾਅ ਨਾਲ ਰੋਜ਼ਾਨਾ ਵਾਹ ਨਾ ਹੋਣ ਕਾਰਨ ਉਸ ਦਾ ਹੇਰਵਾ ਪ੍ਰਚੰਡ ਹੁੰਦਾ ਰਹਿੰਦਾ ਹੈ। ਪੰਜਾਬ ਵਿੱਚ ਤਮਾਮ ਤਣਾਅ ਦੇ ਬਾਵਜੂਦ ਸਮਾਜਕ ਤੇ ਕਾਰੋਬਾਰੀ ਵਿਹਾਰ ਕਾਇਮ ਹੈ ਜਿਸ ਦੇ ਹਵਾਲੇ ਨਾਲ ਟਕਰਾਵੀਂ ਸੋਚ ਵਾਲੇ ਵੀ ਇੱਕ-ਦੂਜੇ ਨਾਲ ਢਿੱਲੇ-ਮੱਠੇ ਸੰਪਰਕ ਵਿੱਚ ਰਹਿੰਦੇ ਹਨ। ਕੁਝ ਗਿਲੇ-ਸ਼ਿਕਵੇ ਮੁੱਕ ਜਾਂਦੇ ਹਨ ਅਤੇ ਕੁਝ ਮਜਬੂਰੀਆਂ ਮਿਲਣ-ਵਰਤਣ ਦਾ ਰਾਹ ਪੱਧਰ ਕਰਦੀਆਂ ਹਨ। ਇਹ ਸਮਾਜਕ ਵਿਹਾਰ ਤਣਾਅ ਨੂੰ ਕੁਝ ਹੱਦ ਤੱਕ ਲਗਾਮ ਪਾਉਂਦਾ ਹੈ। ਕੁਝ ਦਲੀਲਮੰਦ ਇਸ ਤਣਾਅ ਨੂੰ ਕਾਬੂ ਵਿੱਚ ਕਰਨ ਜਾਂ ਘੱਟ ਕਰਨ ਦਾ ਉਪਰਾਲਾ ਕਰਦੇ ਰਹਿੰਦੇ ਹਨ। ਵਿਦੇਸ਼ੀਂ ਵਸਦੇ ਪੰਜਾਬੀ ਬੰਦੇ ਕੋਲ ਇਹ ਵੰਨ-ਸਵੰਨਾ ਪੰਜਾਬ ਚੱਤੋ-ਪਹਿਰ ਹਾਜ਼ਰ ਨਹੀਂ ਹੁੰਦਾ। ਉਹ ਆਪਣੇ ਤਣਾਅ ਨਾਲ ਲਗਾਤਾਰ ਘੁਲਦਾ ਹੈ। ਮੌਕਾ ਮਿਲਦੇ ਹੀ ਇਹ ਤਣਾਅ ਬਾਹਰ ਆਉਂਦਾ ਹੈ। ਇਸ ਰੁਝਾਨ ਦੀ ਨਿਸ਼ਾਨਦੇਹੀ ਸੰਤ ਰਾਮਾਨੰਦ, ਜਰਨਲ ਕੁਲਦੀਪ ਸਿੰਘ ਬਰਾੜ ਅਤੇ ਉਦੈ ਸਿੰਘ ਉੱਤੇ ਹਮਲਿਆਂ ਰਾਹੀਂ ਹੁੰਦੀ ਹੈ।

ਇਸ ਤਣਾਅ ਵਿੱਚ ਤਰਲੋਮੱਛੀ ਹੋ ਰਹੇ ਵਿਦੇਸ਼ੀਂ ਵਸਦੇ ਪੰਜਾਬੀ ਦਾ ਵਾਹ ਉਨ੍ਹਾਂ ਮੁਲਕਾਂ ਦੇ ਮਾਹੌਲ ਨਾਲ ਪਿਆ ਹੈ। ਮੌਜੂਦਾ ਦੌਰ ਵਿੱਚ ਅਮਰੀਕਾ ਅਤੇ ਯੂਰਪ ਦੀਆਂ ਕਈ ਸਰਕਾਰਾਂ ਅਤਿਵਾਦ ਖ਼ਿਲਾਫ਼ ਕੌਮਾਂਤਰੀ ਜੰਗ ਦੇ ਨਾਮ ਉੱਤੇ ਬਹੁਤ ਕੁਝ ਕਰ ਰਹੀਆਂ ਹਨ। ਉਨ੍ਹਾਂ ਸਰਕਾਰਾਂ ਲਈ ਦੁਨੀਆਂ, ਸਿਰਫ਼ ਅਤਿਵਾਦ ਖ਼ਿਲਾਫ਼ ਜੰਗ ਦੇ ਆਰ-ਪਾਰ ਵਾਲੀਆਂ ਦੋ ਧਿਰਾਂ ਵਿੱਚ ਵੰਡੀ ਹੋਈ ਹੈ। ਸਰਕਾਰਾਂ ਦੀ ਇਸ ਸੋਚ ਦਾ ਅਸਰ ਸ਼ਹਿਰੀਆਂ ਉੱਤੇ ਵੀ ਹੁੰਦਾ ਹੈ। ਯੂਰਪ ਅਤੇ ਅਮਰੀਕਾ ਦੀ ਵਿਦੇਸ਼ ਨੀਤੀ ਇਹੋ ਜਿਹੀ ਸੌੜੀ ਸੋਚ ਦੇ ਵਿਗਸਣ ਦਾ ਕਾਰਨ ਬਣ ਰਹੀ ਹੈ। ਬੰਦਾ ਇਸ ਸੋਚ ਤਹਿਤ ਅੰਤਿਮ ਸੱਚ ਪ੍ਰਾਪਤ ਹੋਣ ਦਾ ਧਾਰਨੀ ਹੋ ਜਾਂਦਾ ਹੈ। ਉਹ ਆਪਣੇ ਤੋਂ ਵੱਖਰੇ ਜਾਂ ਆਪਣੇ ਅਕੀਦਿਆਂ ਉੱਤੇ ਸਵਾਲ ਕਰਨ ਵਾਲਿਆਂ ਨੂੰ ਦੁਸ਼ਮਣ ਕਰਾਰ ਦਿੰਦਾ ਹੈ ਅਤੇ ਹਮਲਾਵਰ ਹੋ ਜਾਂਦਾ ਹੈ। ਇਨ੍ਹਾਂ ਹਾਲਾਤ ਵਿੱਚ ਬਾਹਰਮੁਖੀ ਪੰਜਾਬੀ ਬੰਦਾ ਤਾਂ ਆਲਮੀ ਸ਼ਹਿਰੀ ਹੋਣ ਦੇ ਰਾਹ ਤੁਰ ਪਿਆ ਹੈ ਅਤੇ ਸਰਕਾਰਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਕਰ ਰਿਹਾ ਹੈ। ਉਹ ਆਪਣੇ ਅੰਦਰਲੇ ਤਣਾਅ ਨਾਲ ਸੰਜੀਦਾ ਸੰਵਾਦ ਵਿੱਚ ਰੁਝਿਆ ਹੋਇਆ ਹੈ। ਇਨ੍ਹਾਂ ਹਾਲਾਤ ਵਿੱਚ ਅੰਦਰਮੁਖੀ ਸ਼ਰਧਾਮਈ ਪੰਜਾਬੀ ਬੰਦੇ ਦਾ ਆਤਮਘਾਤੀ ਤਣਾਅ ਵਿੱਚ ਦਮ ਘੁੱਟ ਰਿਹਾ ਹੈ।


ਮੌਜੂਦਾ ਹਾਲਾਤ ਵਿੱਚ ਉਦੈ ਸਿੰਘ ਉਤੇ ਹੋਏ ਹਮਲੇ ਦਾ ਫੌਰੀ ਪੱਖ ਅਹਿਮ ਹੈ, ਕਿਉਂਕਿ ਇਸ ਨਾਲ ਹੀ ਕਾਨੂੰਨੀ ਕਾਰਵਾਈ ਅੱਗੇ ਤੁਰਨੀ ਹੈ। ਕਾਨੂੰਨੀ ਕਾਰਵਾਈ ਇਨਸਾਫ਼ ਦਾ ਇੱਕ ਪੱਖ ਹੈ ਪਰ ਦੂਜਾ ਪੱਖ ਵਧੇਰੇ ਅਹਿਮ ਹੈ; ਉਹ ਇਹ ਕਿ ਮੌਜੂਦਾ ਮਾਹੌਲ ਵਿੱਚ ਪੰਜਾਬੀ ਬੰਦੇ ਦੀ ਰਾਹਤ ਲਈ ਕੀ ਚਾਰਾਜੋਈ ਕੀਤੀ ਜਾਵੇ। ਉਦੈ ਸਿੰਘ ਉਤੇ ਹੋਏ ਹਮਲੇ ਨੂੰ ਪੰਜਾਬੀ ਬੰਦੇ ਦੀ ਮਾਨਸਿਕ ਹਾਲਤ ਦੇ ਨਮੂਨੇ ਵਜੋਂ ਵੀ ਵੇਖਿਆ ਜਾ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਪੰਜਾਬੀ ਬੰਦੇ ਦੇ ਅੰਦਰਲਾ ਜਵਾਲਾਮੁਖੀ ਅੰਦਰੂਨੀ ਜਾਂ ਆਪਸੀ ਕਾਰਨਾਂ ਵਿੱਚੋਂ ਹੀ ਫਟੇ। ਇਸ ਨੂੰ ਫਟਣ ਦਾ ਰਾਹ ਕੋਈ ਵੀ ਮੁਹੱਈਆ ਕਰ ਸਕਦਾ ਹੈ। ਆਖ਼ਰ ਖ਼ਾਨਾਜੰਗੀ ਪੁਲਿਸ ਤੋਂ ਲੈ ਕੇ ਸਿਆਸਤਦਾਨਾਂ ਅਤੇ ਕਾਰੋਬਾਰੀਆਂ ਨੂੰ ਸਦਾ ਹੀ ਰਾਸ ਆਉਂਦੀ ਹੈ। ਪੰਜਾਬੀ ਬੰਦੇ ਸਾਹਮਣੇ ਸਭ ਤੋਂ ਅਹਿਮ ਸਵਾਲ ਇਹੋ ਹੈ ਕਿ ਇੱਕੋ ਵੇਲੇ ਅੰਦਰਮੁਖੀ ਅਤੇ ਬਾਹਰਮੁਖੀ ਹੁੰਦੇ ਹੋਏ ਬੁਨਿਆਦੀ ਮਸਲਿਆਂ ਉੱਤੇ ਸੰਜੀਦਾ ਸੰਵਾਦ ਕਿਵੇਂ ਕੀਤਾ ਜਾਵੇ? ਇਨ੍ਹਾਂ ਮਸਲਿਆਂ ਵਿੱਚ ਅਧਿਆਤਮ, ਸੱਭਿਆਚਾਰ, ਸਮਾਜਕ ਵਿਹਾਰ, ਸਮਾਜਕ ਇਨਸਾਫ਼, ਮਾਣ-ਸਤਿਕਾਰ ਅਤੇ ਨਵੇਂ ਗਿਆਨ ਤੱਕ ਪਹੁੰਚ ਤੋਂ ਲੈ ਕੇ ਸਿਰਜਣਾ ਨਾਲ ਜੁੜੇ ਹੋਏ ਸਵਾਲ ਸ਼ਾਮਿਲ ਹਨ।


(ਇਹ ਲੇਖ 17 ਅਗਸਤ 2013 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ।)

No comments: