Monday, January 21, 2013

ਆਇਨਸਟਾਇਨ ਦੇ ਹਵਾਲੇ ਨਾਲ ਅਮਨ, ਜੰਗ ਤੇ ਸੁਰੱਖਿਆ

ਦਲਜੀਤ ਅਮੀ


ਗੋਲੀਬੰਦੀ ਦੀ ਉਲੰਘਣਾ ਅਤੇ ਦੋ ਭਾਰਤੀ ਫ਼ੌਜੀਆਂ ਦੇ ਸਿਰ ਕਲਮ ਕਰਨ ਦੇ ਹਾਦਸੇ ਨੇ ਮੁੜ ਕੇ ਭਾਰਤ-ਪਾਕਿਸਤਾਨ ਵਿੱਚ ਬੇਵਿਸਾਹੀ ਦੇ ਮਾਹੌਲ ਨੂੰ ਗਾੜ੍ਹਾ ਕਰ ਦਿੱਤਾ ਹੈ। ਟੈਲੀਵਿਜ਼ਨ ਪੇਸ਼ਕਾਰਾਂ, ਸਾਬਕਾ ਜਰਨੈਲਾਂ-ਕਰਨੈਲਾਂ, ਮੂਲਵਾਦੀਆਂ ਤੋਂ ਲੈਕੇ ਸਰਕਾਰ ਤੱਕ ਅਮਨ ਲਈ ਕੀਤੇ ਉਪਰਾਲਿਆਂ ਦੀ ਨਾਕਾਮਯਾਬੀ ਬਾਬਤ ਬਿਆਨਬਾਜ਼ੀ ਕਰ ਰਹੇ ਹਨ। ਸਖ਼ਤ ਕਦਮਾਂ ਤੋਂ ਯੁੱਧ ਤੱਕ ਦੀ ਵਕਾਲਤ ਕਰਨ ਵਾਲੇ ਹਰ ਸਵਾਲ ਕਰਨ ਵਾਲੇ ਨੂੰ ਗੱਦਾਰ ਕਰਾਰ ਦੇਣ ਲੱਗੇ ਹਨ। ਗੱਦਾਰ ਕਰਾਰ ਦਿੱਤੇ ਜਾਣ ਦਾ ਜ਼ੋਖਮ ਲੈਂਦੇ ਹੋਏ ਇਸ ਵੇਲੇ ਇਹ ਕਹਿਣਾ ਬਹੁਤ ਜ਼ਰੂਰੀ ਹੈ ਕਿ ਦੋਵਾਂ ਮੁਲਕਾਂ ਦੇ ਤਕਰੀਬਨ 140 ਕਰੋੜ ਲੋਕਾਂ ਦੀ ਹੋਣੀ ਦਾ ਫ਼ੈਸਲਾ 'ਭਾਵਨਾ ਦੇ ਦੌਰੇ' ਦੇ ਹਵਾਲੇ ਨਹੀਂ ਕੀਤਾ ਜਾ ਸਕਦਾ। ਹੇਮਰਾਜ ਦੀ ਬੇਸ਼ਕਿਮਤੀ ਜਾਨ ਜਾਣ ਦਾ ਸੋਗ ਉਸ ਦੇ ਬਾਕੀ ਮੁਲਕਵਾਸੀਆਂ ਦੀ ਜਾਨ ਜ਼ੋਖ਼ਮ ਵਿੱਚ ਪਾ ਕੇ ਨਹੀਂ ਮਨਾਇਆ ਜਾ ਸਕਦਾ। ਇਸ ਵੇਲੇ ਜ਼ਰੂਰੀ ਤਾਂ ਇਹ ਹੈ ਕਿ ਦੋਵੇਂ ਮੁਲਕ ਯਕੀਨੀ ਬਣਾਉਣ ਕਿ ਇਹ ਕਤਲ ਦੀ ਜਾਂਚ ਕੀਤੀ ਜਾਏ ਤੇ ਦੋਸ਼ੀ ਉੱਤੇ ਬਣਦੀ ਕਾਰਵਾਈ ਕੀਤੀ ਜਾਏ। ਉਸ ਦੇ ਕਤਲ ਲਈ ਕਸੂਰਵਾਰ ਤਾਕਤ ਦੀ ਚਿਰਕਾਲੀ ਵਿਉਂਤ ਸਿਰੇ ਚੜ੍ਹਣ ਤੋਂ ਰੋਕਣ ਲਈ ਜੰਗ ਦੀ ਥਾਂ ਅਮਨ ਦੇ ਰਾਹ ਦੀ ਚੋਣ ਕਰਨਾ ਜ਼ਰੂਰੀ ਹੈ। ਜੋ ਪਿਛਲੀਆਂ ਜੰਗਾਂ ਵਿੱਚ ਹਾਸਲ ਨਹੀਂ ਹੋ ਸਕਿਆ, ਉਸ ਨੂੰ ਇੱਕ ਹੋਰ ਜੰਗ ਰਾਹੀਂ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ? ਇਸ ਵੇਲੇ ਦੇ ਮਾਹੌਲ ਵਿੱਚ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਭਾਰਤ-ਪਾਕਿਸਤਾਨ ਕਿਸ ਤਰ੍ਹਾਂ ਦੇ ਖ਼ਦਸ਼ਿਆਂ ਨਾਲ ਦੋ-ਚਾਰ ਹੋ ਰਹੇ ਹਨ। ਗ਼ੁਰਬਤ, ਜ਼ਹਾਲਤ, ਅਤਿਵਾਦ, ਮੂਲਵਾਦ ਅਤੇ ਬੀਮਾਰੀਆਂ ਤੋਂ ਇਲਾਵਾ ਅਸੀਂ ਜੰਗ ਦੇ ਖ਼ਤਰੇ ਨਾਲ ਦੋ-ਚਾਰ ਹੋ ਰਹੇ ਹਾਂ। ਇਸ ਲੇਖ ਦਾ ਉਦੇਸ਼ ਮੌਜੂਦਾ ਮਾਹੌਲ ਦੀਆਂ ਸਿਆਸੀ ਤੰਦਾਂ ਫਰੋਲਣ ਦੀ ਥਾਂ ਦੋਵਾਂ ਮੁਲਕਾਂ ਦੇ ਪ੍ਰਮਾਣੂ-ਜ਼ਖੀਰਿਆਂ ਤੋਂ ਲੈਕੇ ਜੰਗਾਂ ਦੇ ਅਰਥਚਾਰੇ ਦੀ ਨਜ਼ਰਸਾਨੀ ਕਰਨਾ ਹੈ। 

ਗੱਲ ਵਿਗਿਆਨ ਦੇ ਨੁਕਸਾਨਾਂ ਦਾ ਜਾਇਜ਼ਾ ਲੈਣ ਲਈ ਹੋਵੇ ਜਾਂ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੀ ਹੋਵੇ, ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਹਾਦਸਿਆਂ ਦਾ ਜ਼ਿਕਰ ਅਟੱਲ ਹੈ। ਸਾਲਾਂ ਵਿੱਚ 76 ਸਾਲ ਪੁਰਾਣੇ ਹੋ ਚੁੱਕੇ ਇਹ ਹਾਦਸੇ ਮੌਜੂਦਾ ਅੰਨ੍ਹੀ ਦੇਸ਼ ਭਗਤੀ, ਫ਼ਿਰਕੂਵਾਦ ਅਤੇ 'ਅੱਤਵਾਦ ਖ਼ਿਲਾਫ਼ ਜੰਗ' ਦੇ ਦੌਰ ਵਿੱਚ ਕਦੇ ਵੀ ਕਿਸੇ ਦੂਜੀ ਥਾਂ ਵਾਪਰ ਸਕਦੇ ਹਨ। ਜਾਣਕਾਰਾਂ ਦਾ ਦਾਅਵਾ ਹੈ ਕਿ ਪ੍ਰਮਾਣੂ ਬੰਬਾਂ ਦੀ ਮੌਜੂਦਾ ਸਮਰੱਥਾ ਨਾਲ ਪੂਰੀ ਧਰਤੀ ਨੂੰ ਤੀਹ ਵਾਰ ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਤਰਜ਼ ਉੱਤੇ ਤਬਾਹ ਕੀਤਾ ਜਾ ਸਕਦਾ ਹੈ। ਇਹ 'ਹਿਸਾਬੀ ਅਟੱਲਤਾ' ਹੈ। ਤਬਾਹੀ ਤੋਂ ਭਾਵ ਹਰ ਕਿਸਮ ਦਾ ਜੀਵਨ ਤਬਾਹ। ਪਸ਼ੂ, ਪੰਛੀ, ਦਰਖ਼ਤ ਅਤੇ ਮਨੁੱਖ ਆਪ। ਕੋਈ ਅੱਖੀਂ ਡਿੱਠਾ ਸੁਣਾਉਣ ਵਾਲਾ ਨਹੀਂ ਹੋਵੇਗਾ। ਨਾ ਬੰਬ ਬਣਾਉਣ ਵਾਲਾ ਨਾ ਚਲਾਉਣ ਵਾਲਾ। ਜੇ ਇੱਕੋ ਵਾਰ ਇਹ ਕੀਤਾ ਜਾ ਸਕਦਾ ਹੈ ਤਾਂ ਤੀਹ ਵਾਰ ਹੋਵੇ ਜਾਂ ਅਨੰਤ ਵਾਰ ਹੋਵੇ। ਦੂਜੀ ਵਾਰ ਦੀ ਸੰਭਾਵਨਾ ਨੂੰ ਵਿਗਿਆਨੀ ਤਾਂ ਪ੍ਰਾਪਤੀ ਵਜੋਂ ਗਿਣ ਸਕਦੇ ਹਨ ਪਰ ਇਸ ਦੀ ਅਹਿਮੀਅਤ ਕਾਗ਼ਜ਼ੀ ਕਸਰਤ ਤੋਂ ਵੱਧ ਕੁਝ ਨਹੀਂ।

ਵਿਗਿਆਨੀ ਆਇਨਸਟਾਇਨ ਦਾ ਮੱਹਤਵਪੂਰਨ ਕਥਨ ਹੈ, "… ਸਾਡਾ ਵਿਸ਼ਵਾਸ ਹੈ ਕਿ ਜਾਗਰੂਕ ਲੋਕ ਮੌਤ ਦੀ ਥਾਂ ਜੀਵਨ ਲਈ ਕੰਮ ਕਰਨਗੇ। ਸੋ ਵਿਗਿਆਨੀ ਭਾਈਚਾਰੇ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਲੋਕਾਂ ਨੂੰ ਪ੍ਰਮਾਣੂ ਊਰਜਾ ਅਤੇ ਇਸ ਦੇ ਸਮਾਜ ਉੱਤੇ ਪੈਣ ਵਾਲੇ ਅਸਰਾਂ ਤੋਂ ਜਾਣੂ ਕਰਵਾਈਏ। ਇਸ ਵਿੱਚ ਹੀ ਸਾਡੀ ਸੁਰੱਖਿਆ ਅਤੇ ਉਮੀਦ ਕਾਇਮ ਹੈ …।" ਮੌਜੂਦਾ ਮਾਹੌਲ ਵਿੱਚ ਭਾਰਤ-ਪਾਕਿਸਤਾਨ ਦੇ ਹਵਾਲੇ ਨਾਲ ਆਇਨਸਟਾਇਨ ਦੇ ਇਸ ਕਥਨ ਵਿਚਲੇ ਅਰਥਾਂ ਨੂੰ ਸਮਝਣਾ ਜ਼ਰੂਰੀ ਹੈ। ਹੀਰੋਸ਼ੀਮਾ-ਨਾਗਾਸਾਕੀ ਦੇ ਹਾਦਸਿਆਂ ਦੇ ਵੇਰਵੇ, ਅਸਰ ਅਤੇ ਮੌਜੂਦਾ ਹਾਲਤ ਨੂੰ ਆਹਮਣੇ ਸਾਹਮਣੇ ਰੱਖ ਕੇ ਸਚਾਈ ਆਪਣੇ ਆਪ ਉਗੜਦੀ ਹੈ।


ਛੇ ਅਗਸਤ 1945; ਜਪਾਨ ਦਾ ਸ਼ਹਿਰ, ਹੀਰੋਸ਼ੀਮਾ। ਸਵੇਰੇ ਸਵਾ ਅੱਠ ਵਜੇ। ਜ਼ਿਆਦਾਤਰ ਲੋਕ ਆਪਣੇ ਕੰਮਾਂ ਨੂੰ ਜਾਣ ਲਈ ਸੜਕਾਂ ਉੱਤੇ ਸਨ। ਅਚਾਨਕ 580 ਮੀਟਰ ਦੀ ਉਚਾਈ ਤੋਂ ਦੁਨੀਆ ਵਿੱਚ ਪਹਿਲਾ ਪ੍ਰਮਾਣੂ ਬੰਬ ਸੁੱਟਿਆ ਗਿਆ। ਇਸ ਬੰਬ ਦੀ ਸਮਰੱਥਾ 15,000 ਟੀ. ਐਨ. ਟੀ. ਸੀ। ਬੇਕਾਬੂ ਵਿਸਫੋਟ ਕਾਰਨ ਸਕਿੰਟ ਤੋਂ ਵੀ ਘੱਟ ਸਮੇਂ ਵਿੱਚ ਤਕਰੀਬਨ 10,00,000 ਡਿਗਰੀ ਤਾਪਮਾਨ ਹੋ ਗਿਆ। ਅੰਨ੍ਹਾ ਕਰ ਦੇਣ ਵਾਲੀ ਰੋਸ਼ਨੀ ਹੋਈ। ਬੰਬ ਸੁੱਟਣ ਵਾਲੇ ਜਹਾਜ਼ ਦੇ ਪਾਈਲਟ ਨੇ ਸਾਥੀ ਪਾਈਲਟ ਨੂੰ ਕਿਹਾ, "ਓਹ ਰੱਬਾ! ਅਸੀਂ ਇਹ ਕੀ ਕਰ ਦਿੱਤਾ?" ਧਮਾਕੇ ਨਾਲ ਇੱਕ ਕਿਲੋਮੀਟਰ ਅਰਧ-ਵਿਆਸ ਵਾਲੇ ਘੇਰੇ ਵਿੱਚ ਸੁੰਗੜੀ ਹਵਾ ਜਦੋਂ ਲੋਹੇ ਦੇ ਭਾਰੇ ਦੁਰਮਟ ਦੇ ਰੂਪ ਵਿੱਚ ਧਰਤੀ ਉੱਤੇ ਵੱਜੀ ਤਾਂ ਇਸ ਦਾ ਤਾਪਮਾਨ 8000 ਡਿਗਰੀ ਸੀ। ਇਸ ਖੇਤਰ ਵਿੱਚ ਸਭ ਕੁਝ ਪਿਘਲ ਗਿਆ। ਕੁਝ ਪਲਾਂ ਵਿੱਚ 1,40,000 ਲੋਕ ਮਰ (ਮਾਰ ਦਿੱਤੇ) ਗਏ। ਇਸ ਖੇਤਰ ਨੂੰ ਗਰਾਊਡ ਜ਼ੀਰੋ ਕਿਹਾ ਜਾਂਦਾ ਹੈ। ਗਰਾਊਡ ਜ਼ੀਰੋ ਤੋਂ ਤੁਰੰਤ ਬਾਅਦ ਦੇ ਖੇਤਰ ਨੂੰ 'ਭਿਆਨਕ ਤਬਾਹੀ ਜ਼ੋਨ' ਕਿਹਾ ਜਾਂਦਾ ਹੈ। ਇਸ ਖੇਤਰ ਵਿੱਚ ਲੋਕਾਂ ਨੂੰ ਕੁਝ ਪਲਾਂ ਦੀ ਅਸਹਿ ਪੀੜ ਨਾਲ ਘੁੱਲਣਾ ਪਿਆ। ਇਨ੍ਹਾਂ ਲੋਕਾਂ ਨੇ ਪਹਿਲਾਂ ਆਪਣੇ ਕੱਪੜੇ ਅਤੇ ਫਿਰ ਚਮੜੀ ਜ ਕੇ ਪਿਘਲਦੀ ਹੋਈ ਦੇਖੀ। ਰੇਡੀਓ ਐਕਟਿਵ ਕਿਰਨਾਂ ਨਾਲ ਹਰ ਕਿਸਮ ਦੇ ਬਿਜਲਈ ਯੰਤਰ ਬੇਕਾਰ ਹੋ ਗਏ। ਆਵਾਜਾਈ ਦੀ ਹਰ ਸਹੂਲਤ ਤਬਾਹ ਹੋ ਗਈ। 

ਇਹ ਸਭ ਕੁਝ 8 ਅਗਸਤ ਨੂੰ ਨਾਗਾਸਾਕੀ ਵਿੱਚ 70,000 ਲੋਕਾਂ ਨੂੰ ਮਾਰ ਕੇ ਦੁਹਰਾਇਆ ਗਿਆ। ਦੋਵਾਂ ਸ਼ਹਿਰਾਂ ਦੇ 45 ਹਸਪਤਾਲਾਂ ਵਿੱਚੋ 42 ਤਬਾਹ ਹੋ ਗਏ। ਤਿੰਨ ਸੌ ਡਾਕਟਰਾਂ ਵਿੱਚੋਂ ਸਿਰਫ਼ 28 ਡਾਕਟਰ ਜਿਉਂਦੇ ਸਨ। ਸਤਾਰਾ ਸੌ ਅੱਸੀ ਨਰਸਾਂ ਵਿੱਚੋਂ ਸੋਲਾਂ ਸੌ ਚੌਰਾਸੀ ਮਰ ਗਈਆਂ। ਇਸ ਹਾਦਸੇ ਦੇ ਹਰ 1500 ਗੰਭੀਰ ਜਖ਼ਮੀਆਂ ਦੀ ਦੇਖਭਾਲ ਲਈ ਮਸਾਂ ਇੱਕ ਡਾਕਟਰ ਬਚਿਆ। ਉਹ ਵੀ ਦਵਾਈਆਂ ਅਤੇ ਸਾਜ਼ੋ-ਸਮਾਨ ਤੋਂ ਨਿਹੱਥਾ। ਰੇਡੀਓ ਐਕਟਿਵ ਕਿਰਨਾਂ ਦੇ ਅਸਰ ਕਾਰਨ ਉਸ ਜਗਾਂ੍ਹ ਹੁਣ ਵੀ ਜਮਾਦਰੂ ਅਪੰਗ ਪੈਦਾ ਹੁੰਦੇ ਹਨ। ਬੰਬਾਂ ਤੋਂ ਤੁੰਰਤ ਬਾਅਦ ਖ਼ੂਨ ਦੇ ਕੈਂਸਰ ਅਤੇ ਚਮੜੀ ਦੇ ਰੋਗਾਂ ਤੋਂ ਪੀੜਤ ਲੋਕ ਕਿਵੇਂ-ਕਿਵੇਂ ਮਰੇ? ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਦਾ ਹੈ; ਬੰਬ ਸੁੱਟਣ ਵਾਲੇ ਜਹਾਜ਼ ਦਾ ਚਾਲਕ ਵੀ ਰੇਡੀਓ ਐਕਟਿਵ ਕਿਰਨਾਂ ਦੇ ਅਸਰ ਤੋਂ ਨਹੀਂ ਬਚਿਆ ਅਤੇ ਖ਼ੂਨ ਦੇ ਕੈਂਸਰ ਨਾਲ ਮਰਿਆ। ਇਨ੍ਹਾਂ ਰੇਡੀਓ ਐਕਟਿਵ ਕਿਰਨਾਂ ਦੇ ਅਸਰ ਕਾਰਨ ਬੰਬ ਪੀੜਤਾਂ ਨੂੰ ਬਾਹਰੋਂ ਕੋਈ ਸਿਹਤ ਸਹੂਲਤ ਨਹੀਂ ਪਹੁੰਚੀ। ਇਸ ਖੇਤਰ ਦੇ ਉਪਰੋਂ ਲੰਘੇ ਬੱਦਲ ਰੇਡੀਓ ਐਕਟਿਵ ਕਿਰਨਾਂ ਕਾਰਨ ਜਿਸ ਜਗਾਂ੍ਹ ਵੀ ਬਰਸਦੇ ਹਨ, ਚਮੜੀ ਦੇ ਰੋਗ ਫੈਲਾਉਂਦੇ ਹਨ।

ਪ੍ਰਮਾਣੂ ਬੰਬਾਂ ਨੂੰ ਜਦੋਂ ਹਮਲਾਵਰ ਹਥਿਆਰਾਂ ਵਜੋਂ ਪ੍ਰਚਾਰਦੇ ਹਨ ਤਾਂ ਇਨ੍ਹਾਂ ਦੇ ਆਤਮਘਾਤੀ ਪੱਖ ਲੁਕਾ ਲਏ ਜਾਂਦੇ ਹਨ। ਪਾਕਿਸਤਾਨ ਅਤੇ ਭਾਰਤ ਦੇ ਪ੍ਰਮਾਣੂ ਬੰਬ ਜ਼ਖੀਰਿਆਂ ਬਾਬਤ ਇੱਕ ਅਧਿਐਨ ਧਿਆਨ ਗੋਚਰਾ ਹੈ। ਚਾਰ ਵਿਗਿਆਨੀਆਂ (ਨੈਚੂਰਲ ਰੀਸੋਰਸਜ਼ ਡੀਫੈਸ ਕੌਂਸਲ, ਵਾਸ਼ਿੰਗਟਨ ਦੇ ਮੈਥਿਓ ਮੈਕੀਨਜੀ, ਪਰਿੰਸਟੌਨ ਯੂਨੀਵਰਸਿਟੀ ਦੇ ਜ਼ਿਆ ਮੀਆ ਤੇ ਐਮ. ਵੀ. ਰਾਮੰਨਾ ਅਤੇ ਕਾਅਦੇ ਆਜ਼ਮ ਯੁਨੀਵਰਸਿਟੀ ਇਸਲਾਮਾਵਾਦ ਦੇ ਏ. ਐਚ. ਨਈਅਰ) ਨੇ 'ਦੱਖਣੀ ਏਸ਼ੀਆ ਵਿੱਚ ਪ੍ਰਮਾਣੂ ਜੰਗ' ਨਾਂ ਦਾ ਪਰਚਾ ਲਿਖਿਆ ਹੈ। ਇਸ ਪਰਚੇ ਵਿੱਚ ਪਾਕਿਸਤਾਨ ਅਤੇ ਭਾਰਤ ਦੇ ਦਸ ਸ਼ਹਿਰਾਂ ਦਾ ਅਧਿਐਨ ਕੀਤਾ ਗਿਆ ਹੈ। ਇਸ ਪਰਚੇ ਮੁਤਾਬਕ ਬੰਬ ਸੁੱਟੇ ਜਾਣ ਦੀ ਹਾਲਤ ਵਿੱਚ ਬੰਗਲੌਰ ਵਿੱਚ 8,00,000 ਮੁੰਬਈ ਵਿੱਚ 11,83,000 ਕੌਲਕਾਤਾ ਵਿੱਚ 10,21,000 ਚੇਨਈ ਵਿੱਚ 10,09,000 ਦਿੱਲੀ ਵਿੱਚ 4,88,000 ਫੈਸਲਾਵਾਦ ਵਿੱਚ 8,84,000 ਇਸਲਾਮਾਵਾਦ ਵਿੱਚ 3,51,000 ਕਰਾਚੀ ਵਿੱਚ 6,50,000 ਲਾਹੌਰ ਵਿੱਚ 7,62,000 ਅਤੇ ਰਾਵਲਪਿੰਡੀ ਵਿੱਚ 5,02,000 ਮੌਤਾਂ ਫੌਰੀ ਹੋ ਜਾਣਗੀਆਂ। ਇਸ ਤੱਥ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਚੰਡੀਗੜ੍ਹ ਵਰਗਾ ਸ਼ਹਿਰ ਬੰਬ ਡਿਗਣ ਦੀ ਸੁਰਤ ਵਿੱਚ ਬਿਲਕੁਲ ਖ਼ਤਮ ਹੋ ਜਾਵੇਗਾ। ਉਪਰੋਕਤ ਤੱਥਾਂ ਨੂੰ ਇੱਕ ਰੂਸੀ ਵਿਗਿਆਨੀ ਨੇ ਇਸ ਅਧਾਰ ਉੱਤੇ ਚਣੌਤੀ ਦਿੱਤੀ ਹੈ ਕਿ ਵਸੋਂ ਸੰਘਣੀ ਹੋਣ ਕਾਰਨ ਮੌਤਾਂ ਦੀ ਗਿਣਤੀ ਵਧੇਰੇ ਹੋਵੇਗੀ। ਪਨਾਹਗੀਰਾਂ ਦਾ ਹੜ੍ਹ, ਖੰਡਰ ਸ਼ਹਿਰ, ਪ੍ਰਦੁਸ਼ਿਤ ਪਾਣੀ ਸਰੋਤ, ਖ਼ੂਨ ਦਾ ਕੈਂਸਰ ਅਤੇ ਹੋਰ ਢੇਰਾਂ ਅਲਾਮਤਾਂ ਪਲਾਂ ਵਿੱਚ ਸਾਡੇ ਸਾਹਮਣੇ ਆ ਖੜ੍ਹਨਗੇ। ਇਹ ਅਧਿਐਨ ਦਸ ਸਾਲ ਪੁਰਾਣਾ ਹੈ, ਇਸ ਤੋਂ ਬਾਅਦ ਵਸੋਂ ਸੰਘਣੀ ਹੋਈ ਹੈ ਸੋ ਪ੍ਰਮਾਣੂ ਬੰਬਾਂ ਦੀ ਮਾਰ ਇਸ ਅੰਦਾਜ਼ੇ ਤੋਂ ਕਿਤੇ ਵੱਧ ਹੋਵੇਗੀ।

ਦੱਖਣੀ ਏਸ਼ੀਆ ਵਿੱਚ ਹਵਾਵਾਂ ਦੇ ਸਾਲਾਨਾ ਰੁਝਾਨ ਦਾ ਅਧਿਐਨ ਕਰਕੇ ਇਹ ਜਾਨਣ ਦਾ ਉਪਰਾਲਾ ਹੋ ਰਿਹਾ ਹੈ ਕਿ ਭਾਰਤ ਦਾ ਸੁੱਟਿਆ ਬੰਬ ਭਾਰਤ ਲਈ ਕੀ ਕੀ ਅਤੇ ਪਾਕਿਸਤਾਨ ਦਾ ਸੁੱਟਿਆ ਬੰਬ ਪਾਕਿਸਤਾਨ ਲਈ ਕੀ ਕੀ ਅਲਾਮਤਾਂ ਲਿਆਵੇਗਾ? ਪੂਰਾ ਅੰਦਾਜ਼ਾ ਨਾ ਲੱਗਣ ਦੇ ਬਾਵਜੂਦ ਇਹ ਤੱਥ ਸਭ ਨੂੰ ਪ੍ਰਵਾਨਤ ਹੈ ਕਿ ਬੰਬ ਸੁੱਟਣ ਵਾਲਾ ਦੇਸ਼ ਆਪਣੇ ਸੁੱਟੇ ਬੰਬ ਦੀ ਮਾਰ ਤੋਂ ਨਹੀਂ ਬਚੇਗਾ। ਭਾਰਤ-ਪਾਕਿਸਤਾਨ ਦੇ ਸੰਬੰਧਾਂ ਬਾਰੇ ਕਸੂਰ ਤੋਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਸਾਬਕਾ ਨੁਮਾਇੰਦੇ ਚੌਧਰੀ ਮਨਜ਼ੂਰ ਅਹਿਮਦ ਨੇ 2003 ਵਿੱਚ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਬਾਬਤ ਕਿਹਾ ਸੀ, "ਸਾਡਾ ਮੌਜੂਦਾ ਅਮਨ ਜੰਗ ਤੋਂ ਸਿਰਫ਼ ਇੱਕ ਸ਼ਰਾਰਤ/ਸਾਜ਼ਿਸ/ਬੰਦੂਕ ਦੀ ਗੋਲੀ ਦੀ ਵਿੱਥ ਉੱਤੇ ਹੈ। ਪ੍ਰਮਾਣੂ ਬੰਬਾਂ ਵਾਲੇ ਦੋਵੇਂ ਗਵਾਂਢੀ ਮੁਲਕ ਬਰੂਦ ਦੇ ਢੇਰ ਉੱਤੇ ਬੈਠੇ ਹਨ।" ਸਾਡੇ ਦੇਸ਼ਾਂ ਦੇ ਹੁਕਮਰਾਨਾਂ ਦਾ ਫ਼ਾਸ਼ੀਵਾਦੀ ਵਿਵਹਾਰ ਸਾਨੂੰ ਪ੍ਰਮਾਣੂ ਬੰਬ ਦੇ ਖ਼ਤਰੇ ਤੋਂ ਸਿਰਫ਼ ਪਲਾਂ ਦੇ ਫ਼ਾਸਲੇ ਉੱਤੇ ਲਈ ਖੜ੍ਹਾ ਹੈ। ਜ਼ਿਆਦਾਤਰ ਅਨਪੜ੍ਹ ਲੋਕਾਈ ਉੱਤੇ ਫ਼ਾਸ਼ੀਵਾਦੀ ਅਤੇ ਜਾਤਵਾਦੀ ਜਮਾਤ ਦਾ ਗ਼ਲਬਾ ਹਾਲਤ ਨੂੰ ਬਦ ਤੋਂ ਬਦਤਰ ਬਣਾਉਂਦਾ ਹੈ। 

ਜੇ ਕੋਈ ਇਲਾਹੀ ਤਾਕਤ ਸਾਡੇ ਹੁਕਮਰਾਨਾ ਨੂੰ ਸੁਮੱਤ ਬਖਸ਼ੇ ਤਾਂ ਵੀ ਸਾਡੇ ਸਿਰ ਤੋਂ ਪ੍ਰਮਾਣੂ ਬੰਬ ਦਾ ਖ਼ਤਰਾ ਘਟ ਨਹੀਂ ਜਾਂਦਾ। ਪਾਕਿਸਤਾਨ ਅਤੇ ਭਾਰਤ ਦੀ ਭਗੌਲਿਕ ਨੇੜਤਾ, ਦੋਵਾਂ ਦੇਸ਼ਾਂ ਦਾ ਸੀਮਤ ਵਿਗਿਆਨ, ਨਾ ਭਰੋਸੇਯੋਗ ਸੂਚਨਾ ਸਾਧਨ ਅਤੇ ਸ਼ੱਕੀ ਖ਼ੁਫ਼ੀਆ ਏਜੰਸੀਆਂ ਕਦੇ ਵੀ ਕਿਸੇ ਪ੍ਰਮਾਣੂ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਦੋ ਪ੍ਰਮਾਣੂ ਸ਼ਕਤੀਆਂ ਅਮਰੀਕਾ ਅਤੇ ਸਾਬਕਾ ਸੋਵੀਅਤ ਯੂਨੀਅਨ ਦਾ ਤਜਰਬਾ ਬਹੁਤ ਕੁਝ ਸਿਖਾਉਂਦਾ ਹੈ। ਦੋਵਾਂ ਦੇਸ਼ਾਂ ਦੇ ਵਿਕਸਿਤ ਸੂਚਨਾ ਯੰਤਰ ਅਤੇ 'ਭਰੋਸੇਯੋਗ' ਖ਼ੁਫ਼ੀਆ ਏਜੰਸੀਆਂ ਦੇ ਬਾਵਜੂਦ ਕਈ ਵਾਰ ਪ੍ਰਮਾਣੂ ਬੰਬ ਹਾਦਸੇ ਵਜੋਂ (ਸਿਰਫ਼ ਤਕਨੀਕੀ ਗ਼ਲਤੀਆਂ ਕਾਰਨ) ਚਲਦੇ-ਚਲਦੇ ਭੂਗੌਲਿਕ ਦੂਰੀ ਕਾਰਨ ਮਿਲੇ ਸਮੇਂ ਕਰਕੇ ਰੁਕ ਗਏ। ਇਨ੍ਹਾਂ ਦੋਵਾਂ ਦੇਸ਼ਾਂ ਦੀ ਭੂਗੌਲਿਕ ਦੂਰੀ ਤੈਅ ਕਰਨ ਲਈ ਪ੍ਰਮਾਣੂ ਅਸਤਰਾਂ ਨੂੰ ਕਰੀਬ 25 ਮਿੰਟ ਲੱਗ ਸਕਦੇ ਸਨ। ਇਨ੍ਹਾਂ 25 ਮਿੰਟਾਂ ਵਿੱਚੋਂ ਪਹਿਲੇ ਇੱਕ-ਡੇਢ ਮਿੰਟ ਵਿੱਚ ਹਮਲੇ ਦੀ ਸੂਚਨਾ ਦੂਜੇ ਮੂਲਕ ਨੂੰ ਮਿਲਦੀ ਸੀ। ਇਸ ਸੂਚਨਾ ਦੇ ਆਧਾਰ ਉੱਤੇ ਹਮਲੇ ਦੀ ਦਿਸ਼ਾ, ਨਿਸ਼ਾਨੇ ਅਤੇ ਹੋਰ ਤਕਨੀਕੀ ਜਾਣਕਾਰੀ ਅਗਲੇ ਦੋ ਤੋਂ ਢਾਈ ਮਿੰਟ ਵਿੱਚ ਮਿਲ ਸਕਦੀ ਸੀ। ਸਲਾਹਕਾਰਾਂ ਨਾਲ ਸਲਾਹ ਕਰਕੇ ਛੇ-ਸੱਤ ਮਿੰਟ ਵਿੱਚ ਤੈਅ ਹੋ ਸਕਦਾ ਹੈ ਕਿ ਕੀ ਪ੍ਰਮਾਣੂ ਹਮਲਾ ਸ਼ੁਰੂ ਹੋ ਚੁੱਕਿਆ ਹੈ? ਮੁੱਢਲੀ ਜਾਣਕਾਰੀ ਦੀ ਤਫ਼ਤੀਸ਼ ਤੇ ਤਸਦੀਕ ਲਈ ਸਮ੍ਹਾਂ ਹਾਲੇ ਵੀ ਬਚਦਾ ਹੈ। ਦੋਵਾਂ ਦੇਸ਼ਾਂ ਨੇ ਵੱਡੇ ਪੱਧਰ ਉੱਤੇ ਤਕਨੀਕੀ ਅਤੇ ਵਿੱਤੀ ਸੋਮੇ ਅਗੇਤੀ ਚੇਤਾਵਨੀ ਦੇਣ ਵਾਲੇ ਪ੍ਰੰਬਧ ਨੂੰ ਉਸਾਰਨ ਵਿੱਚ ਲੱਗੇ ਸਨ। ਇਹ ਵੀ ਕਿੰਨਾ ਭਰੋਸੇਯੋਗ ਸੀ? ਅਮਰੀਕਾ ਵਿੱਚ 1979 ਤੋਂ 1984 ਵਿਚਕਾਰ 20,000 ਵਾਰ ਮਿਜ਼ਾਇਲ ਹਮਲੇ ਦੀ ਸੂਚਨਾ ਮਿਲੀ। ਇੱਕ ਹਜ਼ਾਰ ਤੋਂ ਵੱਧ ਵਾਰ ਇਸ ਚੇਤਾਵਨੀ ਨੂੰ ਗੰਭੀਰਤਾ ਨਾਲ ਲੈਂਦਿਆ ਮੋੜਵੇਂ ਹਮਲੇ ਲਈ ਬੰਬ ਸੁੱਟਣ ਵਾਲੇ ਜਹਾਜ਼ਾਂ ਅਤੇ ਮਿਜ਼ਾਇਲਾਂ ਨੂੰ ਚੌਕੰਨਾ ਕਰ ਦਿੱਤਾ ਗਿਆ। ਭੂਗੌਲਿਕ ਦੂਰੀ ਕਾਰਨ ਮਿਲੇ ਸਮੇਂ ਦੇ ਨਤੀਜੇ ਵਜੋਂ ਦੂਜੇ ਦੇਸ਼ ਨੂੰ ਸੋਚਣ ਦਾ ਸਮ੍ਹਾਂ ਕਿਆਸੇ ਹਮਲੇ ਦੇ ਮੋਢਵੇਂ ਹਮਲੇ ਤੋਂ ਬਚਾਅ ਵਿੱਚ ਸਹਾਈ ਹੋਇਆ। 

ਪਾਕਿਸਤਾਨ ਅਤੇ ਭਾਰਤ ਵਿੱਚ ਅਜਿਹਾ ਮੌਕਾ ਨਹੀਂ ਹੈ। ਭਾਰਤ ਦੀ 'ਪ੍ਰਿਥਵੀ' ਮਿਜ਼ਾਇਲ ਤਿੰਨ ਤੋਂ ਪੰਜ ਮਿੰਟ ਵਿੱਚ ਪਾਕਿਸਤਾਨ ਦੇ ਕਿਸੇ ਵੀ ਖੁੰਝੇ ਵਿੱਚ ਮਾਰ ਕਰ ਸਕਦੀ ਹੈ। ਪਾਕਿਸਤਾਨ ਦੀ 'ਗੌਰੀ' ਮਿਜ਼ਾਇਲ ਪੰਜ ਮਿੰਟ ਦੇ ਅੰਦਰ ਦਿੱਲੀ ਧਮਾਕਾ ਕਰ ਸਕਦੀ ਹੈ। ਹੁਣ ਤਾਂ ਇਸ ਤੋਂ ਵੀ ਘਾਤਕ ਮਿਜ਼ਾਇਲਾਂ ਦੋਵਾਂ ਮੁਲਕਾਂ ਕੋਲ ਹਨ। ਜੇ ਕਿਤੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਪ੍ਰਮਾਣੂ ਹਮਲੇ ਦਾ ਸਾਈਰਨ ਗ਼ਲਤੀ ਨਾਲ ਵੱਜ ਜਾਵੇ ਤਾਂ ਤਸਦੀਕ ਕਰਨ ਦਾ ਮੌਕਾ ਨਹੀਂ ਹੈ। ਕਿਸੇ ਕਿਆਸੇ ਪ੍ਰਮਾਣੂ ਹਮਲੇ ਦੀ ਸ਼ੰਕਾ ਪ੍ਰਮਾਣੂ ਹਮਲੇ ਦਾ ਕਾਰਨ ਬਣ ਸਕਦੀ ਹੈ। ਅੰਦਾਜ਼ਾ ਲਗਾਉਣਾ ਔਖਾ ਨਹੀਂ ਕਿ ਅਸੀਂ ਕਿੰਨੇ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੇ ਹਾਂ।
ਪ੍ਰਮਾਣੂ ਬੰਬ ਦੀ ਹੋਂਦ ਦਾ ਸਮਾਜਿਕ ਪੱਖ ਵੀ ਹੈ। ਸਾਡੇ ਦੋਵਾਂ ਦੇਸ਼ਾਂ ਵਿੱਚ ਗ਼ੁਰਬਤ ਅਤੇ ਜ਼ਹਾਲਤ ਲਗਾਤਾਰ ਵਧ ਰਹੀ ਹੈ। ਗ਼ਰੀਬੀ ਅਤੇ ਸਾਖ਼ਰਤਾ ਹਟਾਉਣ ਲਈ ਕੀਤੇ ਵਾਅਦੇ ਲਗਾਤਾਰ ਭਵਿੱਖ ਉੱਤੇ ਟਾਲੇ ਗਏ। ਹੁਣ ਗ਼ਰੀਬੀ ਅਤੇ ਸਾਖ਼ਰਤਾ ਬਾਬਤ ਕੀਤੀ ਕੋਈ ਵੀ ਗੱਲ ਚੁਟਕਲਾ ਸਮਝ ਕੇ ਗੰਭੀਰਤਾ ਨਾਲ ਨਹੀਂ ਜਾਂਦੀ। ਇਨ੍ਹਾਂ ਬੰਬਾਂ ਲਈ ਸੋਮੇ ਕਿੱਥੋਂ ਆਏ ਹਨ? 

ਕੁਝ ਵਿਗਿਆਨੀਆਂ ਨੇ ਪ੍ਰਮਾਣੂ ਬੰਬ ਬਣਾਉਣ ਦੇ ਨੁਕਸੇ ਕਿਤਾਬ ਵਿੱਚ ਛਾਪ ਦਿੱਤੇ। ਚਿੰਤਕਾਂ ਨੂੰ ਚਿੰਤਾ ਹੋਈ ਕਿ ਇਸ ਨਾਲ ਆਲਮੀ ਅਸੁਰੱਖਿਆ ਵਧ ਗਈ ਹੈ। ਹੁਣ ਹਰ ਕੋਈ ਬੰਬ ਬਣਾ ਲਵੇਗਾ। ਵਿਗਿਆਨੀਆਂ ਦਾ ਵਿਸ਼ਵਾਸ਼ ਭਰਿਆ ਜੁਆਬ ਸੀ। 'ਇਸ ਬੰਬ ਨੂੰ ਕੋਈ ਆਪਣੇ ਨਾਗਰਿਕਾਂ ਦੇ ਸਰੋਤ ਲੁੱਟ ਕੇ ਹੀ ਬਣਾ ਸਕਦਾ ਹੈ। ਕੋਈ ਕੰਪਨੀ ਜਾਂ ਅਤਿਵਾਦੀ ਧੜਾ ਇਹ ਬੰਬ ਬਣਾਉਣ ਲਈ ਸਾਧਨ ਨਹੀਂ ਜੁਟਾ ਸਕਦਾ।' ਸਰਕਾਰਾਂ ਹੀ ਆਪਣੇ ਨਾਗਰਿਕਾਂ ਉੱਤੇ ਵਜ਼ਨ ਪਾ ਕੇ ਇਹ ਬੰਬ ਬਣਾ ਸਕਦੀਆਂ ਹਨ। ਇਸ ਕਾਰਨ ਹੀ ਸਰਕਾਰਾਂ ਬਹੁਤ ਸਾਰੇ ਤੱਥ ਲਕੋਦੀਆਂ ਹਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਜ਼ੁਲਫੀਕਾਰ ਅਲੀ ਭੁਟੋ ਦਾ ਭਾਰਤ ਦੇ ਪਹਿਲੇ ਪ੍ਰਮਾਣੂ ਪਰੀਖਣ ਤੋਂ ਬਾਅਦ ਦਿੱਤਾ ਬਿਆਨ ਧਿਆਨ ਗੋਚਰਾ ਹੈ, "ਬੇਸ਼ੱਕ ਸਾਨੂੰ ਘਾਹ ਖਾਣਾ ਜਾਂ ਭੁੱਖਾ ਮਰਨਾ ਪਵੇ ਪਰ ਪ੍ਰਮਾਣੂ ਬੰਬ ਜ਼ਰੂਰ ਬਣਾਉਣਾ ਚਾਹੀਦਾ ਹੈ।" ਜੇ ਮੁਲਕ ਵਾਸੀਆਂ ਨੇ ਘਾਹ ਖਾਣਾ ਜਾਂ ਭੁੱਖਾ ਮਰਨਾ ਤਾਂ ਬੰਬ ਬਣਾਉਣ ਤੋਂ ਵੱਡੀ ਅਸੁਰੱਖਿਆ ਕੀ ਹੈ? 

ਇਹ ਬੰਬ ਚਲਣ ਤੋਂ ਪਹਿਲਾਂ ਹੀ ਸਾਡੇ ਗ਼ੁਰਬਤ ਅਤੇ ਜ਼ਹਾਲਤ ਵਿੱਚ ਜੀਅ ਰਹੇ ਲੋਕਾਂ ਦੇ ਸਿਰ ਫ਼ਟ ਚੁੱਕੇ ਹਨ। ਭਾਰਤ ਅਤੇ ਪਾਕਿਸਤਾਨ ਆਪਣੇ ਬਜਟ ਦਾ ਕਰੀਬ 40 ਫ਼ੀਸਦੀ ਹਥਿਆਰਾਂ ਉੱਤੇ ਖ਼ਰਚ ਕਰਦੇ ਹਨ। ਭਾਰਤ ਆਪਣੇ ਬਜਟ ਦਾ ਤਿੰਨ ਫ਼ੀਸਦੀ ਅਤੇ ਪਾਕਿਸਤਾਨ ਆਪਣੇ ਬਜਟ ਦਾ ਚਾਰ ਫ਼ੀਸਦੀ ਸਿਹਤ ਅਤੇ ਸਿੱਖਿਆ ਉੱਤੇ ਖ਼ਰਚ ਕਰਦਾ ਹੈ। ਦੱਖਣੀ ਏਸ਼ੀਆ ਵਿੱਚ ਅੱਧੀ ਤੋਂ ਵਧੇਰੇ ਵਸੋਂ ਗ਼ਰੀਬੀ ਰੇਖਾ ਤੋਂ ਥੱਲੇ ਹੈ। ਇੱਕ ਤਿਹਾਈ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਅੱਧੀ ਵਸੋਂ ਦੀ ਜ਼ਰੂਰੀ ਦਵਾਈਆਂ ਤੱਕ ਪਹੁੰਚ ਨਹੀਂ। ਇਨ੍ਹਾਂ ਦੇਸ਼ਾਂ ਵਿੱਚ ਹਾਲੇ ਵੀ ਛੂਤ ਦੀਆਂ ਬੀਮਾਰੀਆਂ ਦੇ ਰੋਗੀ ਵੱਡੀ ਗਿਣਤੀ ਵਿੱਚ ਹਨ। ਇਨ੍ਹਾਂ ਅੰਕੜਿਆਂ ਦਾ ਦੂਜਾ ਪਾਸਾ ਵੀ ਹੈ; ਦੁਨੀਆ ਵਿੱਚ ਹੁੰਦੇ ਹਥਿਆਰਾਂ ਉਪਰ ਜਿਨ੍ਹਾਂ ਖ਼ਰਚ ਇੱਕ ਘੰਟੇ ਵਿੱਚ ਹੁੰਦਾ ਹੈ ਉਸ ਨਾਲ ਛੋਟੀ ਮਾਤਾ ਦੇ ਖ਼ਾਤਮੇ ਦਾ ਪ੍ਰੋਗਰਾਮ ਵੀਂਹ ਸਾਲ ਚਲ ਸਕਦਾ ਹੈ। ਅੱਧੇ ਦਿਨ ਦੇ ਖ਼ਰਚ ਨਾਲ ਪੂਰੀ ਦੁਨੀਆ ਦੇ ਬੱਚਿਆਂ ਦਾ ਟੀਕਾਕਰਨ ਹੋ ਸਕਦਾ ਹੈ। ਇੱਕ ਦਿਨ ਦੇ ਖ਼ਰਚ ਨਾਲ ਮਲੇਰੀਆ ਦਾ ਖ਼ਾਤਮਾ ਹੋ ਸਕਦਾ ਹੈ। ਤਿੰਨ ਹਫ਼ਤਿਆਂ ਦੇ ਖ਼ਰਚ ਨਾਲ ਸਾਰੇ ਸੰਸਾਰ ਦੇ ਬੱਚਿਆਂ ਲਈ ਮੁੱਢਲੀ ਸਿਹਤ ਸਹੂਲਤ ਅਤੇ ਇੱਕ ਹੋਰ ਹਫ਼ਤੇ ਦੇ ਖਰਚੇ ਨਾਲ ਇਨ੍ਹਾਂ ਦੀ ਮੁਢਲੀ ਖ਼ੁਰਾਕ ਦਾ ਬੰਦੋਬਸਤ ਹੋ ਸਕਦਾ ਹੈ। ਤਿੰਨ ਘੰਟਿਆਂ ਦੇ ਖ਼ਰਚ ਨਾਲ ਯੂ. ਐਨ. ਓ. ਦਾ ਸਾਲਾਨਾ ਬਜਟ ਨਿਕਲ ਆਉਂਦਾ ਹੈ।

'ਅਤਿਵਾਦ ਖ਼ਿਲਾਫ਼ ਜੰਗ' ਨੇ ਦੁਨਿਆ ਵਿੱਚ ਸ਼ੱਕ ਦਾ ਮਾਹੌਲ ਬਣਾ ਦਿੱਤਾ ਹੈ। ਅਫ਼ਗ਼ਾਨਿਸਤਾਨ ਅਤੇ ਇਰਾਕ ਦੀ ਤਬਾਹੀ ਤੋਂ ਬਾਅਦ ਇਰਾਨ ਉੱਤੇ ਵੱਧ ਰਿਹਾ ਦਵਾਅ ਸਾਨੂੰ ਵੱਡੇ ਖ਼ਤਰੇ ਦੇ ਮੂੰਹ ਉੱਤੇ ਲਈ ਖੜ੍ਹਾ ਹੈ। ਦੁਨੀਆਂ ਦਾ ਅਮਰੀਕਾ ਅਧੀਨ ਚੱਲ ਰਿਹਾ ਇਕਪਾਸੜ ਨਿਜ਼ਾਮ ਸਾਡੇ ਸੰਸਿਆਂ ਵਿੱਚ ਭਾਰੀ ਵਾਧਾ ਕਰ ਰਿਹਾ ਹੈ। ਇਨ੍ਹਾਂ ਤੱਥਾਂ ਨਾਲ ਆਇਨਸਟਾਇਨ ਦੇ ਕਥਨ ਦੀ ਅਹਿਮੀਅਤ ਸਮਝ ਪੈਂਦੀ ਹੈ। ਮੌਜੂਦਾ ਦੌਰ ਵਿੱਚ ਇਹ ਕਥਨ ਹੋਰ ਵੀ ਅਹਿਮ ਹੋ ਗਿਆ ਹੈ। ਮੌਜੂਦਾ ਅੰਨ੍ਹੀ ਦੇਸ਼ਭਗਤੀ ਦੇ ਦੌਰ ਵਿੱਚ ਇਨ੍ਹਾਂ ਤੱਥਾਂ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾ ਸਕਣਾ ਸ਼ਾਇਦ ਸਾਡੇ ਲਈ ਕੋਈ ਉਮੀਦ ਜਾਂ ਸੁਰੱਖਿਆ ਬਣ ਸਕੇਗਾ।

(ਇਹ ਲੇਖ ਛੇ ਅਗਸਤ 2002 ਨੂੰ ਪੰਜਾਬੀ ਟ੍ਰਿਬਿਊਂ ਵਿੱਚ ਛਪਿਆ ਸੀ। ਮੌਕੇ ਮੁਤਾਬਕ ਸੋਧਾਂ ਤੇ ਵਾਧੇ ਕਰਕੇ 21 ਜਨਵਰੀ 2012 ਨੂੰ 'ਨਵਾਂ ਜ਼ਮਾਨਾ' ਵਿੱਚ ਛਪਿਆ।)

No comments: