ਮੌਜੂਦਾ ਦੌਰ ਵਿੱਚ ਪੜ੍ਹਾਈ-ਲਿਖਾਈ ਅਤੇ ਗਿਆਨ-ਪਸਾਰੇ ਨਾਲ ਜੁੜੇ ਜ਼ਿਆਦਾਤਰ ਅਦਾਰੇ ਆਪਣੀ ਹੋਂਦ ਬਚਾਉਣ ਲਈ ਜਗਿਆਸੂਆਂ ਨੂੰ ਖਪਤਕਾਰ ਬਣਾਉਣ ਦੀਆਂ ਤਰਕੀਬਾਂ ਬਣਾ ਰਹੇ ਹਨ। ਮੁਕਾਮੀ ਬੋਲੀਆਂ ਦੇ ਗਿਆਨ ਸਰੋਤਾਂ ਨੂੰ ਸਾਂਭਣ-ਸੰਭਾਲਣ ਅਤੇ ਖੋਜ ਦਾ ਹਿੱਸਾ ਬਣਾਉਣ ਦਾ ਕੰਮ ਅਦਾਰਿਆਂ ਦੀ ਤਰਜੀਹ ਵਿੱਚੋਂ ਮਨਫ਼ੀ ਹੋ ਗਿਆ ਹੈ। ਅਜਿਹੇ ਸਮੇਂ ਵਿੱਚ ਪੰਜਾਬ ਡਿਜੀਟਲ ਲਾਇਬਰੇਰੀ (ਪੀ.ਡੀ.ਐਲ.) ਵਰਗੇ ਅਦਾਰੇ ਦੀ ਉਸਾਰੀ ਜਗਿਆਸੂ ਪੰਜਾਬੀਆਂ ਦੀ ਦਿਲਚਸਪੀ ਦਾ ਸਬੱਬ ਬਣੀ ਹੈ। ਇਸ ਅਦਾਰੇ ਨੇ ਪਿਛਲੇ ਨੌਂ ਸਾਲਾਂ ਵਿੱਚ ਖਰੜਿਆਂ, ਦੁਰਲੱਭ ਕਿਤਾਬਾਂ, ਰਸਾਲਿਆਂ, ਅਖ਼ਬਾਰਾਂ, ਇਤਿਹਾਸਕ ਦਸਤਾਵੇਜ਼ਾਂ, ਫੋਟੋਆਂ ਅਤੇ ਪੇਂਟਿੰਗਜ਼ ਨੂੰ ਡਿਜੀਟਾਈਜ਼ ਕੀਤਾ ਹੈ। ਇਸ ਵੇਲੇ ਪੀ.ਡੀ.ਐਲ. ਦੇ ਸਰਵਰ ਉੱਤੇ ਸੱਠ ਲੱਖ ਡਿਜੀਟਲ ਪੰਨਿਆਂ ਦਾ ਭੰਡਾਰ ਪਿਆ ਹੈ। ਇਨ੍ਹਾਂ ਵਿੱਚੋਂ ਦਸ ਲੱਖ ਪੰਨੇ ਇੰਟਰਨੈੱਟ ਰਾਹੀਂ ਪੀ.ਡੀ.ਐਲ. ਦੀ ਵੈੱਬਸਾਈਟ (www.panjabdigitallibrary.org) ਉੱਤੇ ਦੇਖੇ ਜਾ ਸਕਦੇ ਹਨ। ਅਜਿਹੇ ਬੇਸ਼ਕੀਮਤੀ ਬੌਧਿਕ ਖ਼ਜ਼ਾਨੇ ਦੀ ਸਾਂਭ-ਸੰਭਾਲ ਦਾ ਕੰਮ ਨੌਜਵਾਨ ਪੀੜ੍ਹੀ ਦੀ ਪਹਿਲਕਦਮੀ ਨਾਲ ਹੋਇਆ ਹੈ। ਜਦੋਂ ਅਸੀਂ ਪੰਜਾਬ ਦੇ ਬੌਧਿਕ ਨਿਘਾਰ ਅਤੇ ਨੌਜਵਾਨਾਂ ਦੀ ਭਟਕਣ ਦੀਆਂ ਖ਼ਬਰਾਂ ਲਗਾਤਾਰ ਪੜ੍ਹ ਰਹੇ ਹਾਂ ਤਾਂ ਪੀ.ਡੀ.ਐਲ. ਨਾਲ ਜਾਣ-ਪਛਾਣ, ਸਰੋਕਾਰੀ ਪੰਜਾਬੀ ਮਨੁੱਖ ਲਈ ਰਾਹਤ ਦਾ ਠੋਸ ਕਾਰਨ ਬਣਦੀ ਹੈ।ਪਿੰਡਾਂ ਵਿੱਚ ਪਏ ਖਰੜਿਆਂ ਦੀ ਭਾਲ ਅਤੇ ਉਨ੍ਹਾਂ ਦੀ ਡਿਜੀਟਾਈਜੇਸ਼ਨ ਨਾਲ ਸ਼ੁਰੂ ਕੀਤਾ ਕੰਮ, ਉਨ੍ਹਾਂ ਨੇ ਤਿੰਨ ਸਾਥੀਆਂ ਨਾਲ ਜ਼ਿੰਦਗੀ ਭਰ ਕਰਨ ਦਾ ਤਹੱਈਆ ਕੀਤਾ। ਜਦੋਂ ਖਰੜਿਆਂ ਅਤੇ ਦੁਰਲੱਭ ਕਿਤਾਬਾਂ ਦੀ ਦੱਸ ਪੈਣ ਲੱਗੀ ਤਾਂ ਪਤਾ ਲੱਗਿਆ ਕਿ ਇਹ ਕੰਮ ਤਾਂ ਕਈ ਜ਼ਿੰਦਗੀਆਂ ਲਗਾ ਕੇ ਵੀ ਪੂਰਾ ਨਹੀਂ ਹੋਣ ਵਾਲਾ। ਉਸ ਵੇਲੇ ਦੋਸਤਾਂ ਦੀ ਇਮਦਾਦ ਨਾਲ ਚੱਲਦੀ ਸਰਗਰਮੀ ਨੂੰ ਸੰਗਤ ਵਿੱਚ ਲਿਜਾਣ ਦਾ ਫ਼ੈਸਲਾ ਕੀਤਾ ਗਿਆ। ਇਸ ਵੇਲੇ ਪੀ.ਡੀ.ਐਲ. ਦਾ ਅਮਲਾ 30 ਜਣਿਆਂ ਦਾ ਹੈ ਅਤੇ ਹਰ ਰੋਜ਼ ਤਕਰੀਬਨ ਛੇ ਹਜ਼ਾਰ ਪੰਨੇ ਡਿਜੀਟਾਇਜ਼ ਕੀਤੇ ਜਾਂਦੇ ਹਨ। ਪਰਦੇਸੀਂ ਵਸਦੇ ਪੰਜਾਬੀਆਂ ਦੀ ਮਦਦ ਨਾਲ ਚੱਲਣ ਵਾਲੀ ਪੀ.ਡੀ.ਐਲ. ਕੋਲ ਇਸ ਰਫ਼ਤਾਰ ਉੱਤੇ ਕਰਨ ਲਈ ਅਗਲੇ ਅਠਾਰਾਂ ਸਾਲ ਦੇ ਕੰਮ ਦੀ ਨਿਸ਼ਾਨਦੇਹੀ ਹੋ ਚੁੱਕੀ ਹੈ। ਇਸ ਸਾਰੀ ਵਿਰਾਸਤੀ ਸਮੱਗਰੀ ਦੀ ਸਿਹਤ ਦੇ ਧਿਆਨ ਹਿੱਤ ਇਸ ਕੰਮ ਜ਼ਿਅਦਾ ਰਫ਼ਤਾਰ ਨਾਲ ਹੋਣਾ ਚਾਹੀਦਾ ਹੈ। ਅਗਲੇ ਸਾਲਾਂ ਵਿੱਚ ਪੀ.ਡੀ.ਐਲ. ਵੱਲੋਂ ਇਸ ਕੰਮ ਦੀ ਰਫ਼ਤਾਰ ਕਈ ਗੁਣਾ ਵਧਾਏ ਜਾਣ ਦਾ ਟੀਚਾ ਹੈ।
ਨੌਂ ਸਾਲਾਂ ਦੇ ਤਜਰਬੇ ਵਿੱਚ ਪੀ.ਡੀ.ਐਲ. ਦਾ ਕਈ ਬੌਧਿਕ, ਸਮਾਜਿਕ ਅਤੇ ਤਕਨੀਕੀ ਮਸਲਿਆਂ ਨਾਲ ਰਾਬਤਾ ਰਿਹਾ ਹੈ। ਸਭ ਤੋਂ ਪਹਿਲਾਂ ਮਸਲਾ ਇਹ ਸੀ ਕਿ ਕਿਹੜੀਆਂ ਲਿਖਤਾਂ ਨੂੰ ਵਿਰਾਸਤੀ ਖ਼ਜ਼ਾਨਾ ਮੰਨ ਕੇ ਤਰਜੀਹ ਦਿੱਤੀ ਜਾਵੇ ਅਤੇ ਪੀ.ਡੀ.ਐਲ. ਲਈ ਡਿਜੀਟਾਈਜੇਸ਼ਨ ਦਾ ਘੇਰਾ ਕਿਵੇਂ ਤੈਅ ਕੀਤਾ ਜਾਵੇ? ਲੰਮੀ ਵਿਚਾਰ-ਚਰਚਾ ਤੋਂ ਬਾਅਦ ਪੀ.ਡੀ.ਐਲ. ਨੇ ਆਪਣੀ ਨੀਤੀ ਬਣਾ ਲਈ ਜਿਸ ਤਹਿਤ ਪੰਜਾਬ ਵਿੱਚ ਕਿਸੇ ਵੀ ਬੋਲੀ ਅਤੇ ਕਿਸੇ ਵੀ ਵਿਸ਼ੇ ਉੱਤੇ ਕਾਗ਼ਜ਼ ਉੱਤੇ ਦਰਜ ਜਾਣਕਾਰੀ ਨੂੰ ਡਿਜੀਟਾਇਜ਼ ਕਰਨਾ ਚਾਹੀਦਾ ਹੈ। ਖਰੜਿਆਂ, ਦੁਰਲੱਭ ਕਿਤਾਬਾਂ ਅਤੇ ਨੁਕਸਾਨ ਦੀ ਜੱਦ ਵਿੱਚ ਆਏ ਗਿਆਨ ਸਰੋਤਾਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ। ਪੰਜਾਬ ਦਾ ਘੇਰਾ ਸਾਂਝੇ ਪੰਜਾਬ ਨੂੰ ਮੰਨਿਆ ਗਿਆ। ਪੰਜਾਬ ਤੋਂ ਬਾਹਰ ਪੰਜਾਬ ਬਾਬਤ ਜਾਂ ਪੰਜਾਬੀ ਵਿੱਚ ਹੋਈ ਰਚਨਾ ਨੂੰ ਪੀ.ਡੀ.ਐਲ. ਦੇ ਘੇਰੇ ਵਿੱਚ ਰੱਖਿਆ ਗਿਆ।
ਪਿਛਲੇ ਦਹਾਕੇ ਵਿੱਚ ਡਿਜੀਟਾਈਜੇਸ਼ਨ ਰਾਹੀਂ ਵਿਰਾਸਤ ਦੀ ਸਾਂਭ ਸੰਭਾਲ ਦਾ ਰੁਝਾਨ ਆਲਮੀ ਪੱਧਰ ਉੱਤੇ ਆਇਆ ਹੈ। ਡਿਜੀਟਾਈਜੇਸ਼ਨ ਦੇ ਕੌਮਾਂਤਰੀ ਮਿਆਰਾਂ ਨੂੰ ਲਾਗੂ ਕਰਨ ਲਈ ਪੀ.ਡੀ.ਐਲ. ਲਗਾਤਾਰ ਆਲਮੀ ਸਰਗਰਮੀ ਨਾਲ ਜੁੜੀ ਹੋਈ ਹੈ। ਦਵਿੰਦਰ ਪਾਲ ਨੇ ਵਿਦੇਸ਼ਾਂ ਵਿੱਚ ਡਿਜੀਟਾਈਜੇਸ਼ਨ ਬਾਬਤ ਸੈਮੀਨਾਰਾਂ ਅਤੇ ਵਰਕਸ਼ਾਪਾਂ ਵਿੱਚ ਸ਼ਮੂਲੀਅਤ ਕੀਤੀ ਹੈ। ਆਲਮੀ ਪੱਧਰ ਉੱਤੇ ਅਜਾਇਬਘਰਾਂ ਦੀ ਸਭ ਤੋਂ ਵੱਡੀ ਲੜੀ ਸਮਿੱਥਸੋਨੀਅਨ ਮਿਉਜ਼ੀਅਮ ਵਿੱਚ ਦਵਿੰਦਰ ਪਾਲ ਜਾ ਕੇ ਆਏ ਹਨ। ਉੱਥੇ ਡਿਜੀਟਾਈਜੇਸ਼ਨ ਦੇ ਮਾਹਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਦਵਿੰਦਰ ਪਾਲ ਯਕੀਨ ਨਾਲ ਦਾਅਵੇ ਕਰਦੇ ਹਨ, "ਤਕਨੀਕ ਪੱਖੋਂ ਅਸੀਂ ਉਨ੍ਹਾਂ ਤੋਂ ਬਿਹਤਰ ਹਾਂ ਪਰ ਰਫ਼ਤਾਰ ਦੇ ਮਾਮਲੇ ਵਿੱਚ ਅਸੀਂ ਬਹੁਤ ਮੁਹਰੇ ਹਾਂ।" ਇਸ ਵੇਲੇ ਅੰਗਰੇਜ਼ੀ ਦੀਆਂ ਸਕੈਨ ਕੀਤੀਆਂ ਲਿਖਤਾਂ ਵਿੱਚੋਂ ਜਾਣਕਾਰੀ ਲੱਭਣ ਦਾ ਕੰਮ ਕੰਪਿਊਟਰ (ਔਪਟੀਕਲ ਕਰੈਕਟਰ ਰੈਕੋਗਨੀਸ਼ਨ) ਰਾਹੀਂ ਬਹੁਤ ਸੁਖਾਲਾ ਹੋ ਗਿਆ ਹੈ। ਦਵਿੰਦਰ ਦਾ ਮੰਨਣਾ ਹੈ ਕਿ ਦੇਰ-ਸਵੇਰ ਇਹ ਤਕਨੀਕ ਗੁਰਮੁਖੀ ਅੱਖਰਾਂ ਦੀ ਪਛਾਣ ਕਰਨ ਲੱਗ ਪਵੇਗੀ। ਕੌਮਾਂਤਰੀ ਮਿਆਰ ਮੁਤਾਬਕ ਸਕੈਨ ਕੀਤੀਆਂ ਲਿਖਤਾਂ ਉੱਤੇ ਔਪਟੀਕਲ ਕਰੈਕਟਰ ਰੈਕੋਗਨੀਸ਼ਨ ਸੁਖਾਲੀ ਲਾਗੂ ਹੋ ਸਕੇਗੀ। ਜੇ ਕੋਈ ਨਵੀਂ ਤਕਨੀਕ ਆਈ ਤਾਂ ਮਿਆਰੀ ਜਾਣਕਾਰੀ ਦਾ ਤਬਾਦਲਾ ਸੌਖਾ ਹੋ ਸਕੇਗਾ। ਇਨ੍ਹਾਂ ਮਸਲਿਆਂ ਨੂੰ ਧਿਆਨ ਵਿੱਚ ਰੱਖ ਕੇ ਪੀ.ਡੀ.ਐਲ. ਤਕਨੀਕੀ ਵਿਕਾਸ ਨੂੰ ਬਣਦੀ ਤਰਜੀਹ ਦਿੰਦੀ ਹੈ। ਸਕੈਨਿੰਗ ਤੋਂ ਸਰਵਰ ਤੱਕ ਕੰਮ ਆਉਣ ਵਾਲੇ ਬਾਰਾਂ ਸੌਫਟਵੇਅਰ ਪੀ.ਡੀ.ਐਲ. ਨੇ ਬਣਾਏ ਹਨ। ਕੰਪਿਊਟਰ ਦੇ ਸਮੁੱਚੇ ਕੰਮ ਦੀ ਦੇਖਭਾਲ ਕਰਨ ਵਾਲੇ ਪਰਮਿੰਦਰ ਸਿੰਘ ਦਾ ਕਹਿਣਾ ਹੈ, "ਪੀ.ਡੀ.ਐਲ. ਵੱਲੋਂ ਬਣਾਏ ਸੌਫਟਵੇਅਰ ਨਾਲ ਸਕੈਨ ਕੀਤੇ ਸਾਮਾਨ ਨੂੰ ਤਰਤੀਬ ਵਿੱਚ ਰੱਖਣਾ, ਭਾਲਣਾ ਅਤੇ ਲੋੜ ਮੁਤਾਬਕ ਤਬਦੀਲੀ ਜਾਂ ਇੱਕ ਥਾਂ ਤੋਂ ਦੂਜੀ ਥਾਂ ਤਬਾਦਲਾ ਕਰਨਾ ਸੁਖਾਲਾ ਹੋ ਗਿਆ ਹੈ।"
ਅਦਾਰੇ ਦੀ ਚਿਰਕਾਲੀ ਮਜ਼ਬੂਤੀ ਦੀ ਲੋੜ: ਦਵਿੰਦਰ ਪਾਲ ਸਿੰਘ

ਪੀ.ਡੀ.ਐਲ. ਦੇ ਕਾਰਜਕਾਰੀ ਨਿਰਦੇਸ਼ਕ ਦਵਿੰਦਰ ਪਾਲ ਸਿੰਘ ਇਸ ਅਦਾਰੇ ਦੀ ਉਸਾਰੀ ਦਾ ਧੁਰਾ ਹਨ। ਉਨ੍ਹਾਂ ਨੇ ਪੀ.ਡੀ.ਐਲ. ਦੇ ਵਿਚਾਰ ਤੋਂ ਅਦਾਰੇ ਤੱਕ ਦੇ ਸਫ਼ਰ ਦਾ ਹਰ ਪੜਾਅ ਹੱਡੀਂ ਹੰਢਾਇਆ ਹੈ। ਪੇਸ਼ ਹੈ ਉਨ੍ਹਾਂ ਨਾਲ ਸੰਖੇਪ ਮੁਲਾਕਾਤ:
ਜੁਆਬ: ਇਹ ਸਫ਼ਰ ਬਹੁਤ ਦਿਲਚਸਪ ਰਿਹਾ ਹੈ। ਇਸ ਦੇ ਹਰ ਪੜਾਅ ਉੱਤੇ ਨਵੇਂ ਸੁਆਲ ਸਾਹਮਣੇ ਆਏ ਹਨ। ਮੌਜੂਦਾ ਰੂਪ ਦਾ ਅਸੀਂ ਸ਼ੁਰੂ ਵਿੱਚ ਅੰਦਾਜ਼ਾ ਤੱਕ ਨਹੀਂ ਲਗਾਇਆ ਸੀ। ਅਸੀਂ ਕੰਮ ਦੀ ਅਹਿਮੀਅਤ ਜਾਣਦੇ ਸਾਂ ਪਰ ਇਸ ਦੀਆਂ ਬਾਰੀਕੀਆਂ ਨਾਲ ਵਾਹ ਸ਼ੁਰੂ ਕਰਨ ਤੋਂ ਬਾਅਦ ਹੀ ਪਿਆ। ਉਸ ਵੇਲੇ ਤਾਂ ਨੁਕਸਾਨ ਦੀ ਜ਼ੱਦ ਵਿੱਚ ਆਈ ਵਿਰਾਸਤ ਨੂੰ ਕੰਪਿਊਟਰ ਉੱਤੇ ਸਾਂਭਣ ਦਾ ਮਸਲਾ ਸੀ ਪਰ ਹੁਣ ਇਸ ਦੀ ਅਵਾਮ ਤੱਕ ਪਹੁੰਚ ਲਾਜ਼ਮੀ ਲੱਗਣ ਲੱਗ ਪਈ ਹੈ। ਇਹ ਕੰਮ ਸਾਡੇ ਮੁੱਢਲੇ ਅੰਦਾਜ਼ੇ ਤੋਂ ਵਧੇਰੇ ਵੱਡਾ ਨਿਕਲਿਆ। ਚੰਗੀ ਗੱਲ ਇਹ ਹੈ ਕਿ ਜਿਉਂ-ਜਿਉਂ ਸਾਨੂੰ ਇਸ ਦੇ ਵੱਡੇ ਹੋਣ ਦਾ ਅਹਿਸਾਸ ਹੋਇਆ, ਤਿਉਂ-ਤਿਉਂ ਗੁਰੂ ਸਾਹਿਬਾਨ ਦੀ ਮਿਹਰ ਸਦਕਾ ਸਾਡੇ ਹਮਾਇਤੀਆਂ ਅਤੇ ਹਮਦਰਦਾਂ ਦਾ ਘੇਰਾ ਵੀ ਵਧਦਾ ਗਿਆ।
ਜੁਆਬ: ਪਹਿਲਾਂ ਤਾਂ ਅਸੀਂ ਸਿਰਫ਼ ਪਿੰਡਾਂ ਵਿੱਚ ਪਏ ਖਰੜਿਆਂ ਨੂੰ ਡਿਜੀਟਾਇਜ਼ ਕਰਨ ਬਾਬਤ ਸੋਚਿਆ ਸੀ। ਜਦੋਂ ਅਸੀਂ ਖਰੜਿਆਂ ਦੇ ਨਿਗਰਾਨਾਂ ਤੱਕ ਪਹੁੰਚ ਕੀਤੀ ਅਤੇ ਸਾਡੀ ਭਰੋਸੇਯੋਗਤਾ ਬਣੀ ਤਾਂ ਉਨ੍ਹਾਂ ਨੇ ਆਪਣੇ ਦਰਵਾਜ਼ੇ ਸਾਡੇ ਲਈ ਖੋਲ੍ਹ ਦਿੱਤੇ। ਅਸੀਂ ਇੱਕ ਬੰਦੇ ਤੱਕ ਪਹੁੰਚ ਕਰਦੇ ਤਾਂ ਉਹ ਦੂਜੇ ਬੰਦੇ ਤੱਕ ਪਹੁੰਚਣ ਦਾ ਸਬੱਬ ਬਣਦੇ। ਜੇ ਅਸੀਂ ਖਰੜੇ ਮੰਗਣੇ ਤਾਂ ਉਨ੍ਹਾਂ ਨੇ ਦੁਰਲੱਭ ਕਿਤਾਬਾਂ ਵੀ ਦੇ ਦੇਣੀਆਂ। ਸਾਨੂੰ ਲੱਗਿਆ ਇਨ੍ਹਾਂ ਕਿਤਾਬਾਂ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ। ਸਾਡੇ ਕੋਲ ਆਈਆਂ ਲਿਖਤਾਂ ਹਰ ਧਰਮ, ਬੋਲੀ, ਸਮੇਂ ਅਤੇ ਵਿਸ਼ੇ ਨਾਲ ਜੁੜੀਆਂ ਹੋਈਆਂ ਸਨ। ਸੁਆਲ ਇਹ ਸੀ ਕਿ ਹਿਕਮਤ ਨਾਲ ਜੁੜੇ ਗ੍ਰੰਥ ਵੀ ਸਾਡੇ ਵਿਰਸੇ ਦਾ ਹਿੱਸਾ ਹਨ। ਆਯੁਰਵੈਦ ਦੀਆਂ ਕਿਤਾਬਾਂ ਸਾਡੇ ਬਜ਼ੁਰਗਾਂ ਦੀ ਲਿਆਕਤ ਦੀ ਨਿਸ਼ਾਨੀ ਹਨ। ਇਮਾਰਤਸਾਜ਼ੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਇਸ ਤਜਰਬੇ ਨੇ ਸਾਨੂੰ ਆਪਣਾ ਘੇਰਾ ਤੈਅ ਕਰਨ ਵਿੱਚ ਮਦਦ ਕੀਤੀ। ਇਹ ਸਾਡੀ ਮੁਢਲੀ ਸੋਚ ਤੋਂ ਬਹੁਤ ਮੋਕਲਾ ਹੈ। ਇਸੇ ਵਿੱਚੋਂ ਵਿਰਸੇ ਦੀ ਵੰਨ-ਸਵੰਨਤਾ ਸਮਝ ਵਿੱਚ ਆਉਂਦੀ ਹੈ।
ਜੁਆਬ: ਤਜਰਬਾ ਸਾਡੀ ਸਿਖਲਾਈ ਹੈ। ਉਸ ਵੇਲੇ ਇਹ ਤਕਨੀਕ ਨਵੀਂ ਸੀ। ਇਸ ਦੀ ਕੋਈ ਸਿਖਲਾਈ ਨਹੀਂ ਹੁੰਦੀ ਸੀ। ਜਦੋਂ ਮੈਂ 2003 ਵਿੱਚ ਪਰਵਾਸੀ ਅਮਰੀਕੀ ਦੋਸਤਾਂ ਤੋਂ ਵੱਡੇ ਸਕੈਨਰ ਬਾਬਤ ਪੁੱਛਦਾ ਸਾਂ ਤਾਂ ਉਹ ਹੈਰਾਨ ਹੁੰਦੇ ਸਨ ਕਿ ਅਖ਼ਬਾਰ ਜਿੰਨਾ ਵੱਡਾ ਸਕੈਨਰ ਕਿੱਥੇ ਹੋਏਗਾ? ਜ਼ਿਆਦਾ ਜਾਣਕਾਰੀ ਨਹੀਂ ਸੀ। ਅਸੀਂ ਤਜਰਬੇ ਕੀਤੇ ਅਤੇ ਗ਼ਲਤੀਆਂ ਕਰ-ਕਰ ਕੇ ਸਿੱਖਿਆ। ਹੁਣ ਅਸੀਂ ਕੌਮਾਂਤਰੀ ਮਿਆਰ ਨੂੰ ਤੈਅ ਕਰਨ ਵਾਲੇ ਅਦਾਰਿਆਂ ਵਿੱਚੋਂ ਹਾਂ। ਅਸੀਂ ਆਪਣੇ ਸੌਫਟਵੇਅਰ ਬਣਾਏ ਹਨ। ਕੈਮਰਿਆਂ ਦੀ ਸਿੱਕੇਬੰਦ ਵਰਤੋਂ ਲਈ ਅਸੀਂ ਆਪਣੇ ਮੋਬਾਈਲ ਡਾਰਕ ਰੂਮ ਬਣਾਏ ਹਨ। ਵੱਡੇ-ਛੋਟੇ ਗ੍ਰੰਥਾਂ ਦੀ ਲੋੜ ਮੁਤਾਬਕ ਅਸੀਂ ਤਕਨੀਕੀ ਤਜਰਬੇ ਕੀਤੇ ਹਨ। (ਫਿਰ ਰਤਾ ਮੁਸਕਰਾ ਕੇ) ਹੁਣ ਅਸੀਂ ਆਪ ਸਿਖਲਾਈ ਦੇਣ ਦੀ ਹਾਲਤ ਵਿੱਚ ਹਾਂ।
ਜੁਆਬ: ਇਹ ਬਹੁਤ ਅਹਿਮ ਪੱਖ ਹੈ ਪਰ ਅਸੀਂ ਹਮੇਸ਼ਾਂ ਇਸ ਬਾਬਤ ਬਾਅਦ ਵਿੱਚ ਹੀ ਸੋਚਿਆ। ਪਹਿਲਾਂ ਤਾਂ ਸਾਨੂੰ ਲੱਗਦਾ ਸੀ ਕਿ ਤਕਰੀਬਨ ਦਸ ਹਜ਼ਾਰ ਰੁਪਏ ਮਹੀਨੇ ਦੇ ਖ਼ਰਚੇ ਨਾਲ ਅਸੀਂ ਇਹ ਕੰਮ ਕਰ ਸਕਦੇ ਹਾਂ ਜੋ ਮੇਰੇ ਘਰਵਾਲੇ ਅਤੇ ਦੋਸਤ ਮਿਲ ਕੇ ਚੁੱਕ ਸਕਦੇ ਸਨ। ਬਾਅਦ ਵਿੱਚ ਪਤਾ ਲੱਗਿਆ ਕਿ ਇਸ ਤਰ੍ਹਾਂ ਤਾਂ ਪੂਰੀ ਉਮਰ ਵਿੱਚ ਪੂਣੀ ਵੀ ਨਹੀਂ ਕੱਤੀ ਜਾਣੀ। ਬਹੁਤ ਸਾਰੇ ਖਰੜੇ ਸਾਡੀ ਉਡੀਕ ਵਿੱਚ ਤਬਾਹ ਹੋ ਜਾਣਗੇ। ਇਸ ਅਹਿਸਾਸ ਅਤੇ ਸਮਝ ਨਾਲ ਅਸੀਂ ਪੀ.ਡੀ.ਐਲ. ਦੀ ਨਵੇਂ ਸਿਰੇ ਤੋਂ ਵਿਉਂਤਬੰਦੀ ਕੀਤੀ। ਇਸ ਵੇਲੇ ਪੀ.ਡੀ.ਐਲ. ਕੋਲ ਅਠਾਈ ਜਣਿਆਂ ਦਾ ਕੁਲਵਕਤੀ ਅਮਲਾ ਹੈ। ਸਰਕਾਰੀ ਇਮਦਾਦ ਤੋਂ ਬਿਨਾਂ ਅਸੀਂ ਇਹ ਸਾਰਾ ਕੰਮ ਦਾਨੀਆਂ ਦੀ ਮਦਦ ਨਾਲ ਕਰ ਰਹੇ ਹਾਂ। ਹੁਣ ਮਹੀਨੇ ਦੇ ਦਸ ਲੱਖ ਰੁਪਏ ਵੀ ਘੱਟ ਲੱਗਦੇ ਹਨ। ਅਸੀਂ ਆਪਣੀ ਵੈੱਬਸਾਈਟ ਉੱਤੇ ਡਿਜੀਟਾਇਜ਼ ਹੋਣ ਵਾਲੀਆਂ ਕਿਤਾਬਾਂ ਦੀ ਸੂਚੀ ਛਾਪੀ ਹੋਈ ਹੈ। ਕੋਈ ਵੀ ਇਨ੍ਹਾਂ ਕਿਤਾਬਾਂ ਨੂੰ ਗੋਦ ਲੈ ਸਕਦਾ ਹੈ। ਇਸ ਲਈ ਉਨ੍ਹਾਂ ਦੀ ਮਾਇਕ ਮਦਦ ਨਾਲ ਉਹ ਕਿਤਾਬ ਡਿਜੀਟਾਇਜ਼ ਕਰਕੇ ਵੈੱਬਸਾਈਟ ਉੱਤੇ ਮੁਹਈਆ ਕਰਵਾ ਦਿੰਦੇ ਹਾਂ। ਅਜਿਹੇ ਤਜਰਬਿਆਂ ਬਾਬਤ ਲਗਾਤਾਰ ਸੋਚ-ਵਿਚਾਰ ਹੋ ਰਹੀ ਹੈ। ਅਸੀਂ ਸੋਚ ਰਹੇ ਹਾਂ ਕਿ ਅਦਾਰੇ ਦੀ ਚਿਰਕਾਲੀ ਮਜ਼ਬੂਤੀ ਲਈ ਪੁਖ਼ਤਾ ਵਿਉਂਤਬੰਦੀ ਦੀ ਲੋੜ ਹੈ। ਉਮੀਦ ਕਰਦੇ ਹਾਂ ਕਿ ਆਉਂਦੇ ਸਾਲਾਂ ਵਿੱਚ ਇਹ ਅਦਾਰਾ ਆਪਣੇ ਗੁਜ਼ਾਰੇ ਅਤੇ ਵਿਕਾਸ ਲਈ ਲੋੜੀਂਦਾ ਇੰਤਜ਼ਾਮ ਯਕੀਨੀ ਬਣਾ ਲਏਗਾ।
ਵਿਰਾਸਤੀ ਖ਼ਜ਼ਾਨੇ ਦੀ ਵੰਨ-ਸਵੰਨਤਾ

ਪੀ.ਡੀ.ਐਲ. ਵੱਲੋਂ ਪਿਛਲੇ ਨੌਂ ਸਾਲਾਂ ਵਿੱਚ ਇਕੱਠੇ ਕੀਤੇ ਗਏ ਭੰਡਾਰ ਦੀ ਵੰਨ-ਸਵੰਨਤਾ ਪਿਛਲੀਆਂ ਛੇ ਸਦੀਆਂ ਦੀਆਂ ਲਿਖਤਾਂ ਸ਼ਾਮਿਲ ਜਿਨ੍ਹਾਂ ਵਿੱਚ ਤਕਰੀਬਨ ਦੱਸ ਸਦੀਆਂ ਦੀ ਬੌਧਿਕਤਾ ਸਮੋਈ ਹੋਈ ਹੈ। ਪੰਦਰਵੀਂ ਸਦੀ ਦਾ ਹੱਥ-ਲਿਖਤ ਖਰੜਾ ਪੀ.ਡੀ.ਐਲ. ਦੇ ਭੰਡਾਰ ਵਿੱਚ ਸਭ ਤੋਂ ਪੁਰਾਣਾ ਹੈ। ਭਾਈ ਗੁਰਦਾਸ, ਗੁਰੂ ਅਰਜਨ ਦੇਵ, ਗੁਰੂ ਤੇਗ਼ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੇ ਦਸਤਖਤਾਂ ਵਾਲੇ ਖਰੜੇ ਹਨ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਾਰੀ ਕੀਤੇ ਹੁਕਮਨਾਮੇ ਹਨ। ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਸਰੂਪ ਹਨ ਜਿਨ੍ਹਾਂ ਵਿੱਚ ਰੰਗ-ਬਰੰਗੀਆਂ ਕਿਨਾਰੀਆਂ ਦੇ ਲਹਿਰੀਏ ਅਤੇ ਤਰਤੀਬਾਂ ਇਨ੍ਹਾਂ ਨੂੰ ਕਲਾ ਪੱਖੋਂ ਦਰਸ਼ਨੀ ਬਣਾਉਂਦੇ ਹਨ। ਫਾਰਸੀ ਅੱਖਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ।
1 comment:
A historic work !
Post a Comment