
ਪੰਜਾਬ ਵਿਧਾਨ ਸਭਾ ਚੋਣਾਂ ਨਾਲ ਠੰਢੇ ਮੌਸਮ ਵਿੱਚ ਸਿਆਸੀ ਮਾਹੌਲ ਗਰਮਾ ਗਿਆ ਹੈ। ਸਰਕਾਰ ਦੀ ਕਾਰਗੁਜ਼ਾਰੀ ਅਤੇ ਵਾਅਦਿਆਂ ਤੋਂ ਬਿਨਾਂ ਕਈ ਮਸਲੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕਾਂਗਰਸ ਅਤੇ ਅਕਾਲੀ-ਭਾਜਪਾ ਦੀ 'ਉੱਤਰ-ਕਾਟੋ ਮੈਂ ਚੜ੍ਹਾਂ' ਦਾ ਰੁਝਾਨ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ.ਪੀ.ਪੀ.) ਦੇ ਨਿਸ਼ਾਨੇ ਉੱਤੇ ਆਇਆ ਹੋਇਆ ਹੈ। ਪੀ.ਪੀ.ਪੀ. ਦੀ ਅਗਵਾਈ ਵਿੱਚ ਖੱਬੀਆਂ ਪਾਰਟੀਆਂ ਅਤੇ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਵਾਲੇ ਧੜੇ ਦਾ ਪ੍ਰਚਾਰ ਇਸੇ ਨੁਕਤੇ ਉੱਤੇ ਟਿਕਿਆ ਹੋਇਆ ਹੈ। ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਕਈ ਮੌਕੇ ਦਿੱਤੇ ਜਾ ਚੁੱਕੇ ਹਨ ਅਤੇ ਹੁਣ 'ਸੇਵਾ' ਦਾ ਮੌਕਾ ਸਾਂਝੇ ਮੋਰਚੇ ਦੀ ਮੰਗ ਹੈ। ਇਸੇ ਦੌਰਾਨ ਕੁਝ ਅਜਿਹੀਆਂ ਮੁਹਿੰਮਾਂ ਵੀ ਚੱਲ ਰਹੀਆਂ ਹਨ ਜਿਨ੍ਹਾਂ ਦਾ ਸਿੱਧਾ ਸਰੋਕਾਰ ਵੋਟਾਂ ਮੰਗਣ ਨਾਲ ਨਹੀਂ ਹੈ ਪਰ ਉਹ ਸਮੂਹ ਸ਼ਹਿਰੀਆਂ ਨੂੰ ਜਾਗਰੂਕ ਕਰਨਾ ਚਾਹੁੰਦੀਆਂ ਹਨ।
ਇਸੇ ਤਰ੍ਹਾਂ ਕਾਂਗਰਸ ਵਿੱਚ ਅਮਰਿੰਦਰ ਸਿੰਘ ਦੇ ਪਰਿਵਾਰ ਵਿੱਚੋਂ ਵਿਧਾਨ ਸਭਾ ਦੇ ਦੋ ਉਮੀਦਵਾਰ ਹਨ ਅਤੇ ਪਰਨੀਤ ਕੌਰ ਲੋਕ ਸਭਾ ਦੀ ਚੋਣ ਜਿੱਤ ਕੇ ਕੇਂਦਰੀ ਵਿਦੇਸ਼ ਰਾਜ ਮੰਤਰੀ ਬਣੀ ਹੋਈ ਹੈ। ਬੇਅੰਤ ਸਿੰਘ ਦੇ ਇਕ ਪੋਤਾ ਲੋਕ ਸਭਾ ਵਿੱਚ ਹੈ, ਦੂਜਾ ਵਿਧਾਨ ਸਭਾ ਲਈ ਉਮੀਦਵਾਰ ਹੈ। ਹਾਲੇ ਪਰਿਵਾਰ ਦੀ ਅਣਦੇਖੀ ਦੇ ਸਬੂਤ ਵਜੋਂ ਬੇਅੰਤ ਸਿੰਘ ਦੇ ਮੁੰਡਿਆਂ ਦੀ ਗੱਲ ਚੱਲ ਰਹੀ ਹੈ। ਰਾਜਿੰਦਰ ਕੌਰ ਭੱਠਲ ਨੇ ਆਪਣੇ ਜਵਾਈ ਨੂੰ ਵਿਧਾਨ ਸਭਾ ਦਾ ਉਮੀਦਵਾਰ ਬਣਾ ਲਿਆ ਹੈ। ਜਗਮੀਤ ਬਰਾੜ ਨੇ ਆਪਣੇ ਭਾਈ ਲਈ ਵਿਧਾਨ ਸਭਾ ਦਾ ਰਾਹ ਪੱਧਰਾ ਕੀਤਾ ਹੋਇਆ ਹੈ। ਕਈ ਆਗੂਆਂ ਨੇ ਆਪਣੀਆਂ ਘਰਵਾਲੀਆਂ ਲਈ ਵਿਧਾਨ ਸਭਾ ਦੀਆਂ ਟਿਕਟਾਂ ਯਕੀਨੀ ਬਣਾਈਆਂ ਹਨ। ਜੇ ਲੋਕ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਮਹਿੰਦਰ ਸਿੰਘ ਕੇ.ਪੀ. ਨੇ ਆਪਣੀਆਂ ਘਰਵਾਲੀਆਂ ਲਈ ਟਿਕਟਾਂ ਲੈਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਤਾਂ ਸੰਤੋਸ਼ ਚੌਧਰੀ ਨੇ ਇਹੋ ਕੰਮ ਆਪਣੇ ਘਰਵਾਲੇ ਲਈ ਕੀਤਾ ਹੈ। ਸ਼ਮਸ਼ੇਰ ਸਿੰਘ ਦੂਲੋ ਦੀ ਘਰਵਾਲੀ, ਹਰਚਰਨ ਬਰਾੜ ਦੀ ਨੂੰਹ ਅਤੇ ਭਗਵਾਨ ਦਾਸ ਅਰੋੜਾ ਦਾ ਮੁੰਡਾ ਪਰਿਵਾਰਕ ਪਿਛੋਕੜ ਕਾਰਨ ਹੀ ਵਿਧਾਨ ਸਭਾ ਦੇ ਉਮੀਦਵਾਰ ਬਣੇ ਹਨ।
ਇਨ੍ਹਾਂ ਤੱਥਾਂ ਤੋਂ ਇਲਾਵਾ ਅਹਿਮ ਗੱਲ ਇਹ ਹੈ ਕਿ ਰੱਦ ਹੋਈਆਂ ਦਾਅਵੇਦਾਰੀਆਂ, ਪਾਰਟੀ ਦੀ ਟਿਕਟ ਵੰਡ ਤੋਂ ਨਾਰਾਜ਼ਗੀ ਕਾਰਨ ਹੋਈਆਂ ਬਗ਼ਾਵਤਾਂ ਅਤੇ ਧਿਰਾਂ ਬਦਲਣ ਦੀ ਰੁਝਾਨ ਵੀ ਇਨ੍ਹਾਂ ਪਰਿਵਾਰਾਂ ਨਾਲ ਹੀ ਜੁੜਿਆ ਹੋਇਆ ਹੈ। ਕੁਨਬਾਪ੍ਰਸਤੀ ਦਾ ਚਰਚਾ ਵਿੱਚ ਆਇਆ ਰੁਝਾਨ ਪੁੱਤਾਂ, ਧੀਆਂ, ਨੂੰਹਾਂ, ਜਵਾਈਆਂ ਅਤੇ ਭਾਈਆਂ ਤੱਕ ਮਹਿਦੂਦ ਹੈ। ਦੂਰ ਦੀਆਂ ਰਿਸ਼ਤੇਦਾਰੀਆਂ ਦਾ ਜ਼ਿਕਰ ਘੱਟ ਹੋਇਆ ਹੈ। ਅਮਰਿੰਦਰ ਸਿੰਘ ਦੇ ਰਿਸ਼ਤੇਦਾਰ ਅਰਵਿੰਦ ਖੰਨਾ ਵੀ ਕਾਂਗਰਸ ਦੇ ਉਮੀਦਵਾਰ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 'ਦਿ ਟ੍ਰਿਬਿਊਨ' ਦੇ ਮੁੱਖ ਸੰਪਾਦਕ ਰਾਜ ਚੇਂਗੱਪਾ ਨਾਲ ਮੁਲਾਕਾਤ ਵਿੱਚ ਦਾਅਵਾ ਕੀਤਾ ਸੀ ਕਿ ਪਿਛਲੀ ਵਾਰ ਮਨਪ੍ਰੀਤ ਬਾਦਲ ਦੇ ਕਹਿਣ ਉੱਤੇ ਜਗਬੀਰ ਬਰਾੜ ਨੂੰ ਅਕਾਲੀ ਦਲ ਨੇ ਵਿਧਾਨ ਸਭਾ ਦਾ ਉਮੀਦਵਾਰ ਬਣਾਇਆ ਸੀ। ਜੇ ਉਹ ਪੀ.ਪੀ.ਪੀ. ਛੱਡ ਕੇ ਨਾ ਜਾਂਦਾ ਤਾਂ ਉਸ ਨੇ ਹਰ ਹੀਲੇ ਪਾਰਟੀ ਦਾ ਉਮੀਦਵਾਰ ਬਣਨਾ ਸੀ। ਉਹ ਮਨਪ੍ਰੀਤ ਦੇ ਨਾਨਕਿਆਂ ਦੇ ਸ਼ਰੀਕੇ ਵਿੱਚੋਂ ਹੈ। ਇਹੋ ਰਿਸ਼ਤੇਦਾਰੀ ਪਹਿਲਾਂ ਵਿਧਾਇਕ ਬਣਨ ਅਤੇ ਬਾਅਦ ਵਿੱਚ ਅਕਾਲੀ ਦਲ ਵਿੱਚੋਂ ਮਨਪ੍ਰੀਤ ਨਾਲ ਜਾਣ ਦਾ ਸਬੱਬ ਬਣੀ। ਬਾਦਲ ਦੇ ਜਵਾਈ ਨੂੰ ਕੈਰੋਂ ਪਰਿਵਾਰ ਨਾਲ ਜੋੜ ਕੇ ਕੁਨਬਾਪ੍ਰਸਤੀ ਤੋਂ ਵੱਖ ਕਰ ਦਿੱਤਾ ਜਾਂਦਾ ਹੈ। ਹਰਸਿਮਰਤ ਕੌਰ ਬਾਦਲ ਦੇ ਭਾਈ ਨੂੰ ਮਜੀਠੀਆ ਪਰਿਵਾਰ ਕਾਰਨ ਬਾਦਲਕਿਆਂ ਦੇ ਲਾਣੇ ਤੋਂ ਵੱਖ ਕਰ ਦਿੱਤਾ ਜਾਂਦਾ ਹੈ।
ਕਾਰੋਬਾਰੀ ਹਿੱਸੇਦਾਰੀਆਂ, ਵਫ਼ਾਦਾਰੀਆਂ ਅਤੇ ਅਫ਼ਸਰਸ਼ਾਹੀ ਨਾਲ ਇਸ ਰੁਝਾਨ ਦੀਆਂ ਦੂਜੀਆਂ ਤੰਦਾਂ ਜੁੜੀਆਂ ਹੋਈਆਂ ਹਨ। ਸਿਆਸਤਦਾਨ ਆਪਣੇ ਨਿੱਜੀ ਕਾਰੋਬਾਰ ਨੇੜਲੇ ਰਿਸ਼ਤੇਦਾਰਾਂ, ਨਜ਼ਦੀਕੀਆਂ ਅਤੇ ਵਪਾਰੀਆਂ ਨਾਲ ਹਿੱਸੇਦਾਰੀ ਵਿੱਚ ਚਲਾਉਂਦੇ ਹਨ। ਬਾਦਲਾਂ ਦੀਆਂ ਬੱਸਾਂ, ਹੋਟਲਾਂ ਅਤੇ ਕੇਬਲ ਨੈੱਟਵਰਕ ਨੂੰ ਇਸੇ ਨੁਕਤੇ ਨਾਲ ਸਮਝਿਆ ਜਾ ਸਕਦਾ ਹੈ। ਇਸੇ ਲਾਣੇ ਦੇ ਜੀਆਂ ਨੂੰ ਨਿੱਜੀ ਕਾਲਜਾਂ, ਸਕੂਲਾਂ ਅਤੇ ਹਸਪਤਾਲਾਂ ਲਈ ਪ੍ਰਵਾਨਗੀਆਂ ਮਿਲੀਆਂ ਹਨ। ਲਵਲੀ ਯੂਨੀਵਰਸਿਟੀ, ਚਿਤਕਾਰਾ ਅਤੇ ਗਿਆਨ ਸਾਗਰ ਇਸ ਦੀਆਂ ਮਿਸਾਲਾਂ ਹਨ। ਗਿਆਨ ਸਾਗਰ ਵਾਲਿਆਂ ਨੇ ਹੀ ਪਰਲਜ਼ ਦੇ ਨਾਮ ਹੇਠ ਜ਼ਮੀਨਾਂ ਤੇ ਮਕਾਨ-ਉਸਾਰੀ ਦਾ ਵੱਡਾ ਕਾਰੋਬਾਰ ਕੀਤਾ ਹੈ ਅਤੇ ਪੰਜਾਬ ਸਰਕਾਰ ਦਾ ਆਲਮੀ ਕਬੱਡੀ ਕੱਪ ਕਰਵਾਉਣ ਦਾ ਵਿੱਤੀ ਜ਼ਿੰਮਾ ਓਟਿਆ ਹੈ। ਵਫ਼ਾਦਾਰਾਂ ਨੂੰ ਇਨਾਮਾਂ, ਸਨਮਾਨਾਂ ਅਤੇ ਰੁਤਬਿਆਂ ਨਾਲ ਨਿਵਾਜਣਾਂ ਰਾਜਿਆਂ, ਮਹਾਰਾਜਿਆਂ ਅਤੇ ਜਗੀਰਦਾਰ ਦੀ ਰਵਾਇਤ ਰਹੀ ਹੈ। ਮੌਜੂਦਾ ਦੌਰ ਵਿੱਚ ਗੁਰਦੇਵ ਸਿੰਘ ਬਾਦਲ ਤੋਂ ਦਲਜੀਤ ਸਿੰਘ ਚੀਮਾ ਤੱਕ ਦੇ ਰੁਤਬੇ ਇਸੇ ਰਵਾਇਤ ਦਾ ਨਤੀਜਾ ਹਨ। ਕੈਪਟਨ ਕੰਵਲਜੀਤ ਦੀ ਧੀ ਇਸ ਰੁਝਾਨ ਦੀ ਤਸਦੀਕ ਕਰਦੀ ਹੋਈ ਕਹਿੰਦੀ ਹੈ, ''ਉਨ੍ਹਾਂ ਨੇ ਸਾਡੇ ਪਰਿਵਾਰ ਨਾਲ ਧੱਕਾ ਕੀਤਾ ਹੈ। ਉਹ ਬਨੀ ਨੂੰ ਨਹੀਂ ਤਾਂ ਮੇਰੀ ਮਾਂ ਨੂੰ ਉਮੀਦਵਾਰ ਬਣਾ ਸਕਦੇ ਸਨ।" ਮਨਪ੍ਰੀਤ ਕੌਰ ਡੌਲੀ ਡੇਰਾਬਸੀ ਤੋਂ ਅਕਾਲੀ ਦਲ ਦੀ ਉਮੀਦਵਾਰੀ ਦੀ ਮੰਗ ਪਰਿਵਾਰਕ ਪਿਛੋਕੜ ਦੀ ਦਲੀਲ ਨਾਲ ਕਰਦੀ ਹੈ। ਅਕਾਲੀ ਦਲ ਨੇ ਕੈਪਟਨ ਕੰਵਲਜੀਤ ਸਿੰਘ ਦੀ ਕੁਨਬਾਪ੍ਰਸਤੀ ਦੀ ਥਾਂ ਸੁਖਬੀਰ ਦੀ ਵਫ਼ਾਦਾਰੀ ਨਾਲ ਜੁੜੀ ਕੁਨਬਾਪ੍ਰਸਤੀ ਨੂੰ ਉਮੀਦਵਾਰ ਬਣਾਇਆ ਹੈ। ਐਨ.ਕੇ. ਸ਼ਰਮਾ ਅਕਾਲੀ ਦਲ ਦਾ ਡੇਰਾਬਸੀ ਤੋਂ ਉਮੀਦਵਾਰ ਹੈ। ਜਦੋਂ ਅਕਾਲੀ ਦਲ ਵਿੱਚੋਂ ਕੈਪਟਨ ਕੰਵਲਜੀਤ ਸਿੰਘ ਦੇ ਦਬਾਅ ਹੇਠ ਐਨ.ਕੇ. ਸ਼ਰਮਾ ਨੂੰ ਕੱਢਿਆ ਗਿਆ ਸੀ ਤਾਂ ਉਸ ਨੇ ਕਿਹਾ ਸੀ, ''ਮੈਨੂੰ ਪਾਰਟੀ ਵਿੱਚੋਂ ਕੱਢ ਸਕਦੇ ਹੋ, ਪਰ ਦਿਲ ਵਿੱਚੋਂ ਨਹੀਂ।" ਇਹ ਦਿਲ ਦਾ ਦਿਲ ਨੂੰ ਸਾਕ ਉਸ ਵੇਲੇ ਮੂੰਹਜ਼ੋਰ ਹੋ ਗਿਆ ਸੀ ਜਦੋਂ ਉਸ ਦੀ ਵਾਪਸੀ ਦੇ ਸਮਾਗਮ ਵਿੱਚ ਸੁਖਬੀਰ ਬਾਦਲ ਪੁੱਜਿਆ ਸੀ। ਉਹ ਕਾਰੋਬਾਰੀ ਹੈ ਅਤੇ ਵਫ਼ਾਦਾਰ ਵੀ। ਇਨ੍ਹਾਂ ਗੁਣਾਂ ਨੂੰ ਰਾਜਿਆਂ-ਮਹਾਰਾਜਿਆਂ ਦੇ ਵੇਲੇ ਥਾਪੜਾ ਮਿਲਦਾ ਰਿਹਾ ਅਤੇ ਹੁਣ ਜਮਹੂਰੀਅਤ ਵਿੱਚ ਮਿਲ ਰਿਹਾ ਹੈ। ਇਸੇ ਕਾਰਨ ਤਾਂ ਜਗਬੀਰ ਬਰਾੜ ਅਤੇ ਕੁਸ਼ਲਦੀਪ ਢਿੱਲੋਂ ਦਾ ਕਾਂਗਰਸ ਵਿੱਚ ਸਵਾਗਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਹਾਜ਼ਰ ਹੁੰਦਾ ਹੈ। ਅਕਾਲੀ ਦਲ ਛੱਡਣ ਵਾਲੇ ਦੀਦਾਰ ਸਿੰਘ ਭੱਟੀ ਨੂੰ ਜੱਫ਼ੀ ਪਾਉਣ ਪੀ.ਪੀ.ਪੀ. ਦੇ ਵੱਡੇ ਆਗੂ ਪੁੱਜਦੇ ਹਨ। ਸੁਖਬੀਰ ਸਿੰਘ ਬਾਦਲ ਐਲਾਨ ਕਰਦਾ ਹੈ ਕਿ ਮਾਲਵਿੰਦਰ ਸਿੰਘ ਦਾ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਕਾਂਗਰਸ ਦਾ ਕਿਲ੍ਹਾ ਢਹਿਣ ਦੇ ਬਰਾਬਰ ਹੈ।
ਇਸ ਰੁਝਾਨ ਦੀ ਸਭ ਤੋਂ ਅਹਿਮ ਕੜੀ ਅਫ਼ਸਰਸ਼ਾਹੀ ਹੈ। ਪੁਲਿਸ, ਪ੍ਰਸ਼ਾਸਨ ਅਤੇ ਨਿਆਂ ਪਾਲਿਕਾ ਨੂੰ ਸਰਕਾਰਾਂ ਵਫ਼ਾਦਾਰੀ ਦੇ ਲਿਹਾਜ ਨਾਲ ਤਰੱਕੀਆਂ, ਬਦਲੀਆਂ ਅਤੇ ਨਿਯੁਕਤੀਆਂ ਕਰਦੀਆਂ ਹਨ। ਜ਼ਿਆਦਾ ਵਫ਼ਾਦਾਰ ਅਫ਼ਸਰਸ਼ਾਹੀ ਨੂੰ ਬਾਅਦ ਵਿੱਚ ਕਮਿਸ਼ਨਾਂ ਵਿੱਚ ਨਾਮਜ਼ਦ ਕਰਨ ਤੋਂ ਲੈ ਕੇ ਸਲਾਹਕਾਰ, ਗਵਰਨਰ ਅਤੇ ਸਫ਼ੀਰ ਤੱਕ ਲਗਾਇਆ ਜਾਂਦਾ ਹੈ। ਕੁਝ ਨੂੰ ਵਿਧਾਨ ਸਭਾ ਤੋਂ ਲੋਕ ਸਭਾ ਜਾਂ ਰਾਜ ਸਭਾ ਤੱਕ ਲਿਜਾ ਕੇ ਮੰਤਰੀ ਵੀ ਬਣਾਇਆ ਜਾਂਦਾ ਹੈ। ਪੰਜਾਬ ਪੁਲੀਸ ਦੇ ਸਾਬਕਾ ਮੁਖੀ ਪੀ.ਐਸ. ਗਿੱਲ, ਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਅਤੇ ਸਾਬਕਾ ਕੇਂਦਰੀ ਖੇਡ ਮੰਤਰੀ ਮਨੋਹਰ ਸਿੰਘ ਗਿੱਲ ਇਸ ਰੁਝਾਨ ਦੀਆਂ ਉਘੜਵੀਆਂ ਮਿਸਾਲਾਂ ਹਨ। ਪੀ.ਐਸ. ਗਿੱਲ ਨੂੰ ਦੂਜੇ ਸੂਬੇ ਤੋਂ ਲਿਆ ਕੇ ਬਾਕੀਆਂ ਤੋਂ ਪਹਿਲਾਂ ਪੁਲਿਸ ਮੁਖੀ ਬਣਾਇਆ ਗਿਆ। ਸੇਵਾਮੁਕਤ ਹੋਣ ਤੋਂ ਅਗਲੇ ਦਿਨ ਗ੍ਰਹਿ ਮੰਤਰੀ ਦਾ ਸਲਾਹਕਾਰ ਬਣਾ ਦਿੱਤਾ ਗਿਆ ਅਤੇ ਹੁਣ ਉਹ ਹੁਕਮਰਾਨ ਪਾਰਟੀ ਦੇ ਵਿਧਾਨ ਸਭਾ ਲਈ ਉਮੀਦਵਾਰ ਹਨ। ਸਰਕਾਰ ਨੇ ਪੁਲੀਸ ਮੁਖੀ ਤੋਂ ਆਪਣੀ ਮਰਜ਼ੀ ਦੇ ਕੰਮ ਕਰਵਾਏ ਅਤੇ ਉਸ ਨੂੰ ਸਿਆਸੀ ਸਾਖ਼ ਵਧਾਉਣ ਦਾ ਮੌਕਾ ਦਿੱਤਾ। ਸਰਕਾਰੀ ਖ਼ਜ਼ਾਨੇ ਤੋਂ ਤਨਖ਼ਾਹ ਦੇਣ ਅਤੇ ਸਰਕਾਰੀ ਅਮਲਾ-ਫੈਲਾ ਦੇਣ ਲਈ ਗ੍ਰਹਿ ਮੰਤਰੀ ਦਾ ਸਲਾਹਕਾਰ ਬਣਾਇਆ ਅਤੇ ਹੁਣ ਚੋਣ ਮੈਦਾਨ ਵਿੱਚ ਉਤਾਰ ਦਿੱਤਾ। ਇਸੇ ਤਰ੍ਹਾਂ ਦਰਬਾਰਾ ਸਿੰਘ ਗੁਰੂ ਅਸਤੀਫ਼ਾ ਦੇ ਕੇ ਚੋਣ ਮੈਦਾਨ ਵਿੱਚ ਉਤਰ ਆਏ ਹਨ। ਉਨ੍ਹਾਂ ਨੂੰ ਸਰਕਾਰ ਨੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਆਪਣੇ ਹਲਕੇ ਵਿੱਚ ਸਰਕਾਰੀ ਖਰਚ ਉੱਤੇ ਸਿਆਸੀ ਸਰਗਰਮੀ ਦੀ ਛੁੱਟੀ ਦਿੱਤੀ ਹੋਈ ਸੀ। ਇਸ ਤਰ੍ਹਾਂ ਵਫ਼ਾਦਾਰੀਆਂ ਅਤੇ ਰਿਆਇਤਾਂ ਦੇ ਆਸਰੇ ਕੁਨਬਾਪ੍ਰਸਤੀ ਦਾ ਘੇਰਾ ਮੋਕਲਾ ਹੁੰਦਾ ਹੈ। ਅਫ਼ਸਰਸ਼ਾਹੀ, ਵਪਾਰੀ ਤਬਕੇ ਅਤੇ ਸਿਆਸੀ ਹਲਕਿਆਂ ਦੀਆਂ ਆਪਣੀ ਰਿਸ਼ਤੇਦਾਰੀਆਂ ਦੀਆਂ ਸੰਗਲੀਆਂ ਲਗਾਤਾਰ ਮਜ਼ਬੂਤ ਹੋ ਰਹੀਆਂ ਹਨ। ਹੁਣ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਅਫ਼ਸਰਸ਼ਾਹੀ ਤੋਂ ਮੁੱਖ ਮੰਤਰੀ ਤੱਕ ਦੀ ਕੁਰਸੀਆਂ ਉੱਤੇ ਇਸੇ ਤਬਕੇ ਦੇ ਨੁਮਾਇੰਦੇ ਬੈਠਣਗੇ ਜੋ ਆਪਣੇ ਕਾਰੋਬਾਰ ਵਿੱਚ ਵਾਧਾ ਯਕੀਨੀ ਬਣਾਉਣਗੇ। ਜਦੋਂ ਪਿਛਲੇ ਦਿਨੀਂ ਅਕਾਲੀ ਦਲ ਅੰਦਰ ਬਗ਼ਾਵਤਾਂ ਦੀ ਗੱਲ ਚੱਲੀ ਤਾਂ ਮੁੱਖ ਮੰਤਰੀ ਦੇ ਸਲਾਹਕਾਰ ਦਲਜੀਤ ਸਿੰਘ ਚੀਮਾ ਦਾ ਜਵਾਬ ਸੀ ਕਿ ਵਿਆਹ ਦਾ ਦਿਨ ਨੇੜੇ ਆਉਣ ਦਿਓ, ਸਭ ਰੁੱਸੇ ਰਿਸ਼ਤੇਦਾਰਾਂ ਨੂੰ ਮਨਾ ਲਿਆ ਜਾਏਗਾ। ਇਹ ਬਿਆਨ ਸਿਆਸਤ ਦੀ ਗੁਝੀ ਰਮਜ਼ ਦੀ ਦੱਸ ਪਾਉਂਦਾ ਹੈ। ਆਖ਼ਰ ਚੋਣਾਂ ਨੂੰ ਵਿਆਹ ਕਰਾਰ ਦੇਣ ਦੀ ਕੋਈ ਤਾਂ ਬੁਨਿਆਦ ਹੋਏਗੀ!
ਇਸ ਹਾਲਤ ਵਿੱਚ ਪੀ.ਪੀ.ਪੀ. ਦੀ 'ਉੱਤਰ ਕਾਟੋ ਮੈਂ ਚੜ੍ਹਾਂ' ਵਾਲੀ ਦਲੀਲ ਠੀਕ ਜਾਪਦੀ ਹੈ ਪਰ ਇਸ ਵਿੱਚ ਉਹ ਆਪ ਵੀ ਸ਼ਾਮਿਲ ਹੈ। ਜਿਸ ਕਾਟੋ ਦੀ ਵਾਰੀ ਨਹੀਂ ਆਈ, ਉਹ ਹੁਣ ਮੰਗ ਕਰ ਰਹੀ ਹੈ। ਮਤਲਬ ਕਾਟੋਆਂ ਦੋ ਦੀ ਥਾਂ ਤਿੰਨ ਹੋ ਗਈਆਂ ਹਨ। ਇਹ ਇਸ ਤੋਂ ਵਧੇਰੇ ਵੀ ਹੋ ਸਕਦੀਆਂ ਹਨ। ਆਖ਼ਰ ਇਨ੍ਹਾਂ ਸਿਆਸੀ ਪਾਰਟੀਆਂ ਤੋਂ ਨਾਰਾਜ਼ ਲੋਕ ਇਸੇ ਤਬਕੇ ਦੇ ਹੋਣ ਕਾਰਨ ਹੀ ਤਾਂ ਆਪਣੀ ਦਾਅਵੇਦਾਰੀ ਨੂੰ ਠੋਸ ਮੰਨਦੇ ਹਨ। ਚੋਣਾਂ ਨਾਲ ਆਉਣ ਵਾਲੀ ਤਬਦੀਲੀ ਨੂੰ ਮਿਸਰ ਵਿੱਚ ਹੋਸਨੀ ਮੁਬਾਰਕ ਦੇ ਗੱਦੀਓਂ ਲੱਥਣ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ। ਮੁਬਾਰਕ ਤੋਂ ਬਾਅਦ ਉਸੇ ਤਹਿਰੀਰ ਚੌਕ ਵਿੱਚ ਲੋਕਾਂ ਉੱਤੇ ਤਸ਼ਦੱਦ ਕੀਤਾ ਜਾ ਰਿਹਾ ਹੈ। ਸਾਰੀਆਂ ਨੀਤੀਆਂ ਜਿਉਂ ਦੀਆਂ ਤਿਉਂ ਲਾਗੂ ਹਨ ਅਤੇ ਲੋਕਾਂ ਨੂੰ ਜਚਾ ਦਿੱਤਾ ਗਿਆ ਹੈ ਕਿ 'ਇਨਕਲਾਬ' ਆ ਗਿਆ ਹੈ। ਮਿਸਰ ਦੀ ਪੁਰਾਣੀ ਸਿਆਸੀ ਜਮਾਤ ਵਪਾਰੀਆਂ, ਅਫ਼ਸਰਸ਼ਾਹੀ ਅਤੇ ਫ਼ੌਜ ਦੀ ਸਰਪ੍ਰਸਤੀ ਹੇਠ ਰਾਜ ਕਰ ਰਹੀ ਹੈ। ਪੀ.ਪੀ.ਪੀ. ਵਾਲਾ ਬਾਦਲ ਵੀ ਇਸੇ ਤਰ੍ਹਾਂ ਨਿਜ਼ਾਮ ਬਦਲਣ ਦਾ ਦਾਅਵਾ ਕਰਦਾ ਹੈ।
No comments:
Post a Comment