Wednesday, December 14, 2011

ਦਰਦਮੰਦੀ ਦਾ ਮਿਡਫੀਲਡ ਅਤੇ ਸੌਕਰੇਟਸ ਦਾ ਚਲਾਣਾ

ਦਲਜੀਤ ਅਮੀ

ਸੌਕਰੇਟਸ ਦੀ ਮੌਤ ਨਾਲ ਖੇਡ ਮੈਦਾਨ ਦੇ ਮਾਣ ਵਿੱਚ ਵਾਧਾ ਕਰਨ ਵਾਲਾ ਦਰਦਮੰਦ ਡਾਕਟਰ ਤੁਰ ਗਿਆ। ਉਸੇ ਸਮੇਂ ਭਾਰਤ ਦੇ ਸੱਤ ਨਾਮੀ ਖਿਡਾਰੀਆਂ ਦੀ ਮੁਲਕਵਾਸੀਆਂ ਦੇ ਨਾਮ ਲਿਖੀ ਚਿੱਠੀ ਦਾ ਨਜ਼ਰਅੰਦਾਜ਼ ਹੋਣਾ ਅਤੇ ਕੋਲਕਾਤਾ ਵਿੱਚ ਹੋਏ ਅਗਨੀ ਕਾਂਡ ਨਾਲ ਸੌਕਰੇਟਸ ਦੀ ਮੌਤ ਜ਼ਿਆਦਾ ਰੜਕਣ ਲੱਗੀ ਹੈ। ਫੁੱਟਬਾਲ ਦੇ ਆਲਮੀ ਕੱਪ ਵਿੱਚ ਦੋ ਵਾਰ ਬ੍ਰਾਜ਼ੀਲ ਦੀ ਕਪਤਾਨੀ ਕਰਨ ਵਾਲਾ ਸੌਕਰੇਟਸ ਕਹਿੰਦਾ ਸੀ, ''ਮੈਂ ਫੁੱਟਬਾਲਰ ਨਹੀਂ ਹਾਂ। ਮੈਂ ਮਨੁੱਖ ਹਾਂ।" ਫੁੱਟਬਾਲ ਦੇ ਇਤਿਹਾਸ ਵਿੱਚ ਸੰਨ 1982 ਦੇ ਆਲਮੀ ਕੱਪ ਵਿੱਚ ਹਿੱਸਾ ਲੈਣ ਵਾਲੀ ਬ੍ਰਾਜ਼ੀਲ ਦੀ ਟੀਮ ਨੂੰ ਜਿੱਤ-ਨਾ ਸਕਣ ਵਾਲੀ ਸਭ ਤੋਂ ਤਾਕਤਵਰ ਟੀਮ ਮੰਨਿਆ ਜਾਂਦਾ ਹੈ। ਸੌਕਰੇਟਸ ਬਾਬਤ ਕਿਹਾ ਜਾਂਦਾ ਹੈ ਕਿ ਉਹ ਫੁੱਟਬਾਲ ਦੇ ਆਲਮੀ ਜੇਤੂ ਨਾ ਰਹਿਣ ਵਾਲੇ ਖਿਡਾਰੀਆਂ ਵਿੱਚੋਂ ਸਭ ਤੋਂ ਮਹਾਨ ਹੈ। ਬ੍ਰਾਜ਼ੀਲ 1982 ਦੇ ਫੁੱਟਬਾਲ ਆਲਮੀ ਕੱਪ ਦੀ ਤਾਕਤਵਰ ਦਾਅਵੇਦਾਰ ਟੀਮ ਸੀ। ਉਸ ਵੇਲੇ ਬ੍ਰਾਜ਼ੀਲ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਲਈ ਇਟਲੀ ਨਾਲ ਮੈਚ ਬਰਾਬਰ ਰੱਖਣ ਦੀ ਲੋੜ ਸੀ ਪਰ ਪਾਓਲੋ ਰੋਸੀ ਦੀ ਤਿਕੜੀ ਕਾਰਨ ਸੌਕਰੇਟਸ ਦੀ ਟੀਮ ਆਲਮੀ ਕੱਪ ਤੋਂ ਬਾਹਰ ਹੋ ਗਈ। ਸੰਨ 1986 ਦੇ ਆਲਮੀ ਕੱਪ ਦੇ ਕੁਆਰਟਰ ਫਾਈਨਲ ਮੈਚ ਵਿੱਚ ਫਰਾਂਸ ਖ਼ਿਲਾਫ਼ ਸੌਕਰੇਟਸ ਪੈਨਲਟੀ ਰਾਹੀਂ ਗੋਲ ਕਰਨ ਤੋਂ ਖੁੰਝ ਗਿਆ। ਖੇਡ ਮੈਦਾਨ ਦੀਆਂ ਇਨ੍ਹਾਂ ਹਾਰਾਂ ਬਾਬਤ ਉਹ ਕਹਿੰਦਾ ਸੀ, "ਬੀਮਾਰੀ ਨਾਲ ਬੱਚਿਆਂ ਦਾ ਮਰਨਾ ਇਸ ਤੋਂ ਜ਼ਿਆਦਾ ਸੋਗਵਾਰ ਹੈ।" ਉਹ ਬੱਚਿਆਂ ਦਾ ਡਾਕਟਰ ਸੀ। 'ਦ ਹਿੰਦੂ' ਅਖ਼ਬਾਰ ਦੇ ਖੇਡ ਲੇਖਕ ਨਿਰਮਲ ਸ਼ੇਖ਼ਰ ਨੇ ਸੌਕਰੇਟਸ ਦੇ ਸ਼ਰਧਾਜਲੀ ਲੇਖ ਵਿੱਚ ਲਿਖਿਆ ਹੈ, "ਉਹ ਬੱਚਿਆਂ ਦਾ ਪੇਸ਼ਾਵਰ ਡਾਕਟਰ ਸੀ। ਯੂਨੀਸੈਫ਼ ਦੇ ਕੈਂਪ ਵਿੱਚ ਬੀਮਾਰ ਬੱਚਿਆਂ ਨੂੰ ਜੱਫ਼ੀ ਪਾਉਂਦਾ ਸੌਕਰੇਟਸ ਮਦਰ ਟੈਰੇਸਾ ਦੀ ਮੂਰਤ ਜਾਪਦਾ ਸੀ।" ਮਦਰ ਟੈਰੇਸਾ ਦੀ ਕਰਮਭੂਮੀ ਕੋਲਕਾਤਾ ਦੇ ਹਸਪਤਾਲ ਵਿੱਚ ਵਾਪਰੀ ਤ੍ਰਾਸਦੀ, ਸੌਕਰੇਟਸ ਨਾਲ ਨਿਭੀਆਂ ਕਦਰਾਂ-ਕੀਮਤਾਂ ਨਾਲ ਗਹਿਗੱਚ ਸਵਾਲ-ਜਵਾਬ ਕਰ ਰਹੀ ਹੈ। ਫੁੱਟਬਾਲ ਦੇ ਇਤਿਹਾਸ ਦੇ ਮਹਾਨਤਮ ਮਿਡਫੀਲਡਰਾਂ ਵਿੱਚ ਸ਼ੁਮਾਰ ਸੌਕਰੇਟਸ ਦੇ ਚਲਾਣੇ ਰਾਹੀਂ ਮਨੁੱਖੀ ਦਰਦਮੰਦੀ ਦੀ ਬਹਿਸ ਮਿਡਫੀਲਡ ਵਿੱਚ ਆ ਗਈ ਹੈ।

ਖਿਡਾਰੀਆਂ ਤੋਂ ਵੱਧ ਤੰਦਰੁਸਤੀ ਦੀ ਅਹਿਮੀਅਤ ਕੌਣ ਜਾਣਦਾ ਹੈ! ਜੇ ਖਿਡਾਰੀ ਡਾਕਟਰ ਹੋਵੇ ਤਾਂ ਤੰਦਰੁਸਤੀ ਸਮਾਜਿਕ ਮਸਲਾ ਬਣ ਜਾਂਦੀ ਹੈ। ਜੇ ਡਾਕਟਰ ਖਿਡਾਰੀ ਨਾਲ ਸਮਾਜਵਾਦੀ ਵੀ ਹੋਵੇ ਤਾਂ ਦਰਦਮੰਦੀ ਸਮੂਰਤ ਹੋ ਜਾਂਦੀ ਹੈ। ਜਦੋਂ ਦਰਦਮੰਦੀ ਸਿਆਸੀ ਗ਼ਲਬਿਆਂ ਨੂੰ ਲਲਕਾਰਦੀ ਹੈ ਤਾਂ ਇਸ ਸੋਚ ਦੇ ਧਾਰਨੀ ਨਾਬਰ ਤੋਂ ਇਨਕਲਾਬੀ ਹੋਣ ਦੇ ਰਾਹ ਪੈ ਜਾਂਦੇ ਹਨ। ਇਨ੍ਹਾਂ ਰਾਹਾਂ ਉੱਤੇ ਲੋਕ ਗੀਤ ਗਾਉਣ ਵਾਲੇ ਮਨੁੱਖੀ ਵਿਰਾਸਤ ਦਾ ਬੇਸ਼ਕੀਮਤੀ ਖ਼ਜ਼ਾਨਾ ਹਨ। ਇਨ੍ਹਾਂ ਸਾਰੇ ਗੁਣਾਂ ਦੀ ਗੁਥਲੀ ਸੌਕਰੇਟਸ ਸੀ। ਉਸ ਦੇ ਛੋਟੇ ਪਾਸਾਂ ਅਤੇ ਸਾਥੀਆਂ ਖਿਡਾਰੀਆਂ ਨਾਲ ਤਾਲਮੇਲ ਨੂੰ ਮੋਜ਼ਾਰਟ ਦੇ ਸੰਗੀਤ ਜਿੰਨਾ ਸੁਰੀਲਾ ਕਿਹਾ ਜਾਂਦਾ ਹੈ। ਸਾਓ ਪਾਅਲੋ ਦੇ ਕਲੱਬ ਕੌਰਿੰਨਥੀਅਨ ਵਿੱਚ ਸੌਕਰੇਟਸ ਨਾਲ ਖੇਡਣ ਵਾਲੇ ਉਸ ਦੇ ਸਾਥੀ ਦੇ ਹਵਾਲੇ ਨਾਲ ਨਿਰਮਲ ਸ਼ੇਖ਼ਰ ਨੇ ਲਿਖਿਆ ਹੈ, "ਉਹ ਗੀਤ ਗਾਉਂਦਾ ਅਤੇ ਅਸੀਂ ਸਾਰੇ ਖ਼ੁਸ਼ੀ ਮਨਾਉਂਦੇ। ਇਸ ਤੋਂ ਬਾਅਦ ਉਹ ਅਚਾਨਕ ਖਾਮੋਸ਼ ਹੋ ਜਾਂਦਾ। ਇਸ ਖਾਮੋਸ਼ੀ ਨੂੰ ਅਸੀਂ ਸਾਰੇ ਤੋੜ ਨਾ ਸਕਦੇ। ਅਸੀਂ ਉਸ ਨੂੰ ਜਾਣਦੇ ਸਾਂ ਪਰ ਹਰ ਵਾਰ ਲੱਗਦਾ ਕਿ ਉਹ ਸਾਡੇ ਲਈ ਅਜਨਬੀ ਹੈ।" ਗੀਤ ਅਤੇ ਖਾਮੋਸ਼ੀ ਦਾ ਸੁਮੇਲ ਇਹ ਬੰਦਾ ਫ਼ੌਜੀ ਤਾਨਾਸ਼ਾਹੀ ਖ਼ਿਲਾਫ਼ ਬ੍ਰਾਜ਼ੀਲ ਦਾ ਨਿਧੜਕ ਬੁਲਾਰਾ ਸੀ। ਮਨੁੱਖ ਨੂੰ ਪੇਸ਼ਾਵਰ ਖ਼ਾਨਿਆਂ ਵਿੱਚ ਤਕਸੀਮ ਕਰਨ ਗਿਝੇ ਪੜਚੋਲੀਏ ਉਸ ਦੇ ਨਾਪ ਦਾ ਖ਼ਾਨਾ ਲੱਭਣ ਲਈ ਖਪਦੇ ਰਹੇ ਪਰ ਉਹ ਹਰ ਖ਼ਾਨਾਬੰਦੀ ਤੋਂ ਨਾਬਰ ਰਿਹਾ। ਉਹ ਮਿਡਫੀਲਡ ਵਿੱਚ ਸਾਥੀਆਂ ਨਾਲ ਪਾਸਾਂ ਦੀ ਸੁਰੀਲੀ ਜੁਗਲਬੰਦੀ ਕਰਦਾ ਸੀ ਅਤੇ ਲੰਮੀਆਂ ਕਰਾਰੀਆਂ ਕਿੱਕਾਂ ਨਾਲ ਗੋਲਚੀਆਂ ਦਾ ਇਮਤਿਹਾਨ ਲੈਂਦਾ ਸੀ। ਛੇ ਫੁੱਟ ਚਾਰ ਇੰਚ ਲੰਮੇ ਕੱਦ ਵਾਲਾ ਸੌਕਰੇਟਸ ਫੁੱਟਬਾਲ ਦੇ ਖੇਡ ਮੈਦਾਨ ਦੀ ਕਮਾਈ ਦਾ ਬਿਆਨ ਕਰਨ ਲਈ ਪੜਚੋਲੀਆਂ ਦਾ ਸਹਾਰਾ ਨਹੀਂ ਲੈਂਦਾ। ਉਸ ਨੇ ਜੁਲਾਈ 2010 ਵਿੱਚ ਬੀ.ਬੀ.ਸੀ. ਨਾਲ ਮੁਲਾਕਾਤ ਵਿੱਚ ਕਿਹਾ ਸੀ, "ਫੁੱਟਬਾਲ ਦੇ ਮੈਦਾਨ ਵਿੱਚ ਮੇਰੀ ਹੌਂਸਲਾ-ਅਫ਼ਜਾਈ ਕਰਨ ਵਾਲੇ ਲੋਕ ਮੇਰੀ ਤਾਕਤ ਹਨ।"

ਸੌਕਰੇਟਸ ਦੇ ਸਮਕਾਲੀ ਖਿਡਾਰੀਆਂ ਦੇ ਨਾਇਕ ਪੇਲੇ ਅਤੇ ਡੈਰੀਇਨਚਾ ਵਰਗੇ ਸਾਬਕਾ ਖਿਡਾਰੀ ਸਨ। ਸੌਕਰੇਟਸ ਦੇ ਨਾਇਕ ਹੋਰ ਸਨ। ਕਿਊਬਾ ਦੇ ਇਨਕਲਾਬ ਦੇ ਆਗੂ ਫੀਦਲ ਕਾਸਤਰੋ ਅਤੇ ਚੀ ਗਵੇਰਾ। ਇਨ੍ਹਾਂ ਤੋਂ ਬਿਨਾ ਵੀਅਤਨਾਮ ਦੀ ਜੰਗ ਦੌਰਾਨ ਅਮਰੀਕੀ ਜਬਰ ਖ਼ਿਲਾਫ਼ ਸੁਰੀਲੀ ਆਵਾਜ਼ ਬੁਲੰਦ ਕਰਨ ਵਾਲਾ ਜੌਨ ਲੈਨਿਨ। ਉਹ ਬੀ.ਬੀ.ਸੀ. ਨਾਲ ਮੁਲਾਕਾਤ ਵਿੱਚ ਅੱਗੇ ਕਹਿੰਦਾ ਹੈ, "ਜੇ ਲੋਕਾਂ ਕੋਲ ਬੋਲਣ ਦੀ ਤਾਕਤ ਨਹੀਂ ਹੈ ਤਾਂ ਮੈਂ ਉਨ੍ਹਾਂ ਦੇ ਨੁਮਾਇੰਦੇ ਵਜੋਂ ਬੋਲਾਂਗਾ। ਜੇ ਮੈਂ ਲੋਕਾਂ ਦੀ ਥਾਂ ਦੂਜੀ ਧਿਰ ਨਾਲ ਖੜ੍ਹਾਂਗਾ ਤਾਂ ਮੇਰੀ ਰਾਏ ਕੋਈ ਨਹੀਂ ਸੁਣੇਗਾ। ਫੁੱਟਬਾਲ ਨੇ ਮੈਨੂੰ ਲੋਕਾਂ ਨੂੰ ਨੇੜੇ ਤੋਂ ਜਾਣਨ ਦਾ ਮੌਕਾ ਦਿੱਤਾ ਹੈ। ਮੈਂ ਉਹ ਦੁਨੀਆ ਦੇਖੀ ਹੈ ਜੋ ਥੁੜਾਂ ਹੰਢਾਅ ਰਹੀ ਹੈ। ਮੈਂ ਉਹ ਦੁਨੀਆ ਵੀ ਦੇਖੀ ਹੈ ਜੋ ਹਰ ਤਰ੍ਹਾਂ ਦੀ ਬਹੁਤਾਤ ਵਿੱਚ ਜਿਉਂ ਰਹੀ ਹੈ। ਨਾਲੋ-ਨਾਲ ਪਰ ਦੂਰ-ਦੂਰ ਵਸਦੀ ਇਸ ਦੁਨੀਆਂ ਦੇ ਦੋਵੇਂ ਤਬਕਿਆਂ ਨਾਲ ਮੇਰੀ ਵਾਕਫ਼ੀ ਹੈ।" ਇਹ ਦੁਨੀਆਂ ਤਾਂ ਮਨੀਪੁਰ ਦੇ ਖਿਡਾਰੀਆਂ ਨੇ ਵੀ ਦੇਖੀ ਹੈ ਪਰ ਉਨ੍ਹਾਂ ਦੀ ਆਵਾਜ਼ ਅਣਸੁਣੀ ਕਿਵੇਂ ਹੋ ਗਈ? ਆਖ਼ਰ ਬਾਈਚੁੰਗ ਭੂਟੀਆ ਭਾਰਤੀ ਫੁੱਟਬਾਲ ਦੇ ਇਤਿਹਾਸ ਦਾ ਸਭ ਤੋਂ ਨਾਮੀ ਖਿਡਾਰੀ ਹੈ!

ਸੌਕਰੇਟਸ ਨੇ ਡਾਕਟਰੀ ਦੀ ਪੜ੍ਹਾਈ ਕਾਰਨ ਪੱਚੀ ਸਾਲ ਦੀ ਉਮਰ ਤੱਕ ਚੰਗਾ ਖਿਡਾਰੀ ਹੋਣ ਦੇ ਬਾਵਜੂਦ ਪੇਸ਼ਾਵਰ ਫੁੱਟਬਾਲ ਨਹੀਂ ਖੇਡੀ। ਉਸ ਨੇ ਸਾਓ ਪਾਅਲੋ ਦੇ ਕਲੱਬ ਕੌਰਿੰਨਥੀਅਨ ਵਿੱਚ ਖੇਡਣਾ ਸ਼ੁਰੂ ਕੀਤਾ। ਬ੍ਰਾਜ਼ੀਲ ਵਿੱਚ ਫ਼ੌਜੀ ਤਾਨਾਸ਼ਾਹੀ ਖ਼ਿਲਾਫ਼ ਸੰਘਰਸ਼ ਚੱਲ ਰਿਹਾ ਸੀ। ਤਾਨਾਸ਼ਾਹੀ ਰੁਝਾਨ ਹਰ ਅਦਾਰੇ ਦਾ ਖ਼ਾਸਾ ਸੀ। ਖੇਡ ਕਲੱਬਾਂ ਦਾ ਪ੍ਰਬੰਧ ਤਾਨਾਸ਼ਾਹੀ ਤਰਜ਼ ਨਾਲ ਚੱਲਦਾ ਸੀ। ਇਸ ਕਲੱਬ ਦੇ ਪ੍ਰਬੰਧ ਖ਼ਿਲਾਫ਼ ਸੰਘਰਸ਼ ਵਿੱਚ ਸੌਕਰੇਟਸ ਨੇ ਮੁਲਾਜ਼ਮਾਂ, ਖਿਡਾਰੀਆਂ ਅਤੇ ਹਮਾਇਤੀਆਂ ਨੂੰ ਲਾਮਬੰਦ ਕੀਤਾ। ਤਾਨਾਸ਼ਾਹੀ ਨਿਜ਼ਾਮ ਵਿੱਚ ਜਮਹੂਰੀ ਪ੍ਰਬੰਧ ਦਾ ਪਹਿਲਾਂ ਤਜਰਬੇ ਇਹੋ ਕਲੱਬ ਬਣਿਆ। ਇਸ ਮੁਹਿੰਮ ਨੂੰ 'ਕੌਰਿੰਨਥੀਅਨ ਡੈਮੋਕਰੇਸੀ' ਵਜੋਂ ਜਾਣਿਆ ਜਾਂਦਾ ਹੈ। ਕਲੱਬ ਦੇ ਪ੍ਰਬੰਧ ਵਿੱਚ ਲੌਕਰ-ਰੂਮ ਦੇ ਕਰਿੰਦਿਆਂ ਤੋਂ ਨਾਮੀ ਖਿਡਾਰੀਆਂ ਤੱਕ ਦੀ ਆਵਾਜ਼ ਸਤਿਕਾਰ ਦੀ ਹੱਕਦਾਰ ਬਣੀ। ਇਹ ਮਿਸਾਲ ਮੁਲਕ ਵਿੱਚ ਜਮਹੂਰੀਅਤ ਲਈ ਸੰਘਰਸ਼ ਕਰਨ ਵਾਲਿਆਂ ਦੀ ਹੌਂਸਲਾ-ਅਫ਼ਜਾਈ ਦਾ ਸਬੱਬ ਬਣੀ। ਸੌਕਰੇਟਸ ਦੀ ਅਗਵਾਈ ਵਿੱਚ ਜਮਹੂਰੀਅਤ ਪੱਖੀ ਨਾਅਰੇ ਖਿਡਾਰੀਆਂ ਦੀ ਜਰਸੀਆਂ ਦਾ ਸ਼ਿੰਗਾਰ ਬਣੇ। ਆਪਣੇ ਨਾਇਕਾਂ ਵਾਂਗ ਅਵਾਮ ਪੱਖੀ ਸਿਆਸਤ ਉਸ ਦੇ ਖ਼ੂਨ ਵਿੱਚ ਖੌਲਦੀ ਸੀ। ਉਸ ਦਾ ਨਾਇਕ ਚੀ ਗਵੇਰਾ ਸਿਖਲਾਈ ਯਾਫ਼ਤਾ ਡਾਕਟਰ ਸੀ। ਘਰੋਂ ਕੋਹੜੀਆਂ ਦੀਆਂ ਕਾਲੋਨੀਆਂ ਦਾ ਅਧਿਐਨ ਕਰਨ ਤੁਰੇ ਚੀ ਗਵੇਰਾ ਨੇ ਕੋਹੜ ਦੀਆਂ ਜੜ੍ਹਾਂ ਨਾਇਨਸਾਫ਼ੀ ਅਤੇ ਗ਼ੈਰ-ਮਨੁੱਖੀ ਕਦਰਾਂ-ਕੀਮਤਾਂ ਉੱਤੇ ਟਿਕੇ ਮੁਨਾਫ਼ਾਮੁਖੀ ਨਿਜ਼ਾਮ ਵਿੱਚ ਲੱਭ ਲਈਆਂ। ਉਸ ਨੇ ਮਨੁੱਖਤਾ ਦਾ ਕੋਹੜ ਵੱਢਣ ਲਈ ਇਨਕਲਾਬ ਦਾ ਰਾਹ ਚੁਣਿਆ। ਡਾਕਟਰ ਚੀ ਗਵੇਰਾ ਲੋੜ ਵੇਲੇ ਮੇਜਰ ਚੀ ਗਵੇਰਾ ਬਣ ਗਿਆ। ਮੇਜਰ ਚੀ ਗਵੇਰਾ ਅੰਦਰਲਾ ਡਾਕਟਰ ਕਿਊਬਾ ਵਿੱਚ ਹੁਣ ਵੀ ਜਰਬਾਂ ਲੈਂਦਾ ਹੈ ਅਤੇ ਹਰ ਮਨੁੱਖੀ ਆਫ਼ਤ ਜਾਂ ਤ੍ਰਾਸਦੀ ਵੇਲੇ ਉਨ੍ਹਾਂ ਦੇ ਡਾਕਟਰ ਸਭ ਤੋਂ ਪਹਿਲਾਂ ਪੁੱਜਦੇ ਹਨ। ਉਨ੍ਹਾਂ ਦੇ ਮੁਲਕ ਵਿੱਚ ਲੋਕਾਂ ਦਾ ਹਰ ਇਲਾਜ ਮੁਫ਼ਤ ਹੈ। ਜਦੋਂ ਕੌਮਾਂਤਰੀ ਪੱਧਰ ਉੱਤੇ ਪੋਲੀਓ ਦੀ ਭਿਆਨਕ ਬੀਮਾਰੀ ਵਜੋਂ ਨਿਸ਼ਾਹਦੇਹੀ ਕਰਕੇ ਇਲਾਜ ਲੱਭਣ ਦੀ ਗੱਲ ਤੁਰੀ ਤਾਂ ਕੋਹੜ ਦਾ ਇਲਾਜ ਕਰਨ ਲਈ ਇਨਕਲਾਬ ਕਰਨ ਵਾਲਿਆਂ ਨੇ ਆਪਣੀ ਸਮਝ ਦੀ ਆਲਮੀ ਮੰਚ ਉੱਤੇ ਤਸਦੀਕ ਹੁੰਦੀ ਵੇਖੀ। ਪੂੰਜੀਵਾਦੀਆਂ ਲਈ ਪੋਲੀਓ ਦਾ ਇਲਾਜ ਮੁਨਾਫ਼ੇ ਅਤੇ ਸਮਾਜਵਾਦੀਆਂ ਲਈ ਮਨੁੱਖੀ ਕਲਿਆਣ ਦਾ ਮੌਕਾ ਸੀ। ਅਮਰੀਕੀ ਅਗਵਾਈ ਵਿੱਚ ਪੋਲੀਓ ਦੇ ਇਲਾਜ ਲਈ ਮਹਿੰਗਾ ਟੀਕਾ ਬਣਿਆ ਅਤੇ ਕਿਊਬਾ ਨੇ ਇਸ ਬੀਮਾਰੀ ਦਾ ਫਸਤਾ ਵੱਢਣ ਲਈ ਸਸਤੀਆਂ ਤੋਂ ਵੀ ਅੱਗੇ ਜਾ ਕੇ ਮੁਫ਼ਤ ਵੰਡੀਆਂ ਜਾ ਸਕਣ ਵਾਲੀਆਂ ਬੂੰਦਾਂ ਦੀ ਕਾਢ ਕੱਢੀ। ਇਨ੍ਹਾਂ ਬੂੰਦਾਂ ਖ਼ਿਲਾਫ਼ ਕਈ ਸਾਲ ਅਮਰੀਕਾ ਨੇ 'ਕਮਿਉਨਿਸਟ ਵੈਕਸਿਨ' ਕਹਿ ਕੇ ਪ੍ਰਚਾਰ ਕੀਤਾ। ਹੁਣ ਇਹੋ ਬੂੰਦਾਂ ਬੱਚਿਆਂ ਨੂੰ ਪਿਲਾਈਆਂ ਜਾਂਦੀਆਂ ਹਨ। ਜਦੋਂ ਡਾਕਟਰ ਚੀ ਗਵੇਰਾ ਕੋਹੜ ਦੇ ਇਲਾਜ ਦਾ ਮੰਤਰ ਲੱਭਣ ਲਈ ਘਰੋਂ ਤੁਰ ਪਿਆ ਸੀ ਤਾਂ ੧੯ ਫਰਵਰੀ ੧੯੫੪ ਨੂੰ ਬ੍ਰਾਜ਼ੀਲ ਵਿੱਚ 'ਬੀਲਮ ਦਾ ਪਾਰਾ' ਵਿੱਚ ਸੌਕਰੇਟਸ ਦਾ ਜਨਮ ਹੋਇਆ। ਡਾਕਟਰੀ ਪੜ੍ਹਨ ਤੋਂ ਬਾਅਦ ਕੌਮਾਂਤਰੀ ਫੁੱਟਬਾਲ ਦੀਆਂ ਸਿਖ਼ਰਾਂ ਛੂਹਣ ਵਾਲਾ ਸੌਕਰੇਟਸ ਕਹਿੰਦਾ ਸੀ, "ਫੁੱਟਬਾਲਰ ਹੋਣ ਕਾਰਨ ਮੈਂ ਵਿੱਤੀ ਪੱਖੋਂ ਜਲਦੀ ਮਹਿਫ਼ੂਜ਼ ਹੋ ਗਿਆ। ਗ਼ਰੀਬਾਂ ਦੇ ਡਾਕਟਰ ਵਜੋਂ ਇਹ ਮਹਿਫ਼ੂਜ਼ੀਅਤ ਮੇਰੀ ਲੋੜ ਸੀ।"

ਸੌਕਰੇਟਸ ਦੇ ਮਨੁੱਖੀ ਗੁਣਾਂ ਦਾ ਮੁਜ਼ਾਹਰਾ ਉਸ ਦੀ ਖੇਡ ਵਿੱਚ ਹੁੰਦਾ ਸੀ। ਆਪਣੇ ਸਾਥੀਆਂ ਦੇ ਸੁਭਾਅ ਅਤੇ ਖੇਡ ਬਾਬਤ ਉਸ ਦੀ ਸਮਝ ਅੱਡੀ ਨਾਲ ਦਿੱਤੇ ਪਾਸਾਂ ਤੋਂ ਪਤਾ ਲੱਗਦੀ ਸੀ। ਖਿਡਾਰੀ ਵਾਂਗ ਹੀ ਉਸ ਅੰਦਰਲਾ ਸਮਾਜਵਾਦੀ ਡਾਕਟਰ ਜਾਣਦਾ ਸੀ ਕਿ ਬੀਮਾਰੀਆਂ ਦੀਆਂ ਜੜ੍ਹਾਂ ਕਿੱਥੇ ਲੱਗੀਆਂ ਹੋਈਆਂ ਸਨ। ਉਸ ਨੂੰ ਬਿਨਾ ਦੇਖੇ ਆਪਣੇ ਸਾਥੀਆਂ ਦੀ ਥਾਂ ਦਾ ਪੁਖ਼ਤਾ ਅਹਿਸਾਸ ਰਹਿੰਦਾ ਸੀ, ਇਸੇ ਕਾਰਨ ਉਸ ਦੇ ਅੱਡੀ ਵਾਲੇ ਪਾਸ ਖੇਡ ਦਾ ਛਿਣਾਂ ਵਿੱਚ ਪਾਸਾ ਪਲਟ ਦਿੰਦੇ ਸਨ। ਇਟਲੀ ਦਾ ਪਾਓਲੋ ਰੋਸੀ ਕਹਿੰਦਾ ਹੈ, "ਸੌਕਰੇਟਸ ਕਿਸੇ ਹੋਰ ਯੁੱਗ ਦਾ ਖਿਡਾਰੀ ਜਾਪਦਾ ਸੀ। ਤੁਸੀਂ ਉਸ ਨੂੰ ਖੇਡ ਮੈਦਾਨ ਦੇ ਅੰਦਰ ਅਤੇ ਬਾਹਰ ਬਣੇ-ਬਣਾਏ ਖ਼ਾਨਿਆਂ ਵਿੱਚ ਨਹੀਂ ਪਾ ਸਕਦੇ। ਸਭ ਜਾਣਦੇ ਸਨ ਕਿ ਉਹ ਸਿਖਲਾਈ-ਯਾਫ਼ਤਾ ਡਾਕਟਰ ਹੈ। ਇਸ ਤੋਂ ਬਿਨਾ ਉਸ ਦੀ ਸੱਭਿਆਚਾਰ ਅਤੇ ਸਮਾਜ ਵਿੱਚ ਡੂੰਘੀ ਦਿਲਚਸਪੀ ਸੀ। ਉਹ ਹਰ ਪੱਖੋਂ ਅਜੂਬਾ ਸੀ।" ਪਾਓਲੋ ਰੋਸੀ ਬ੍ਰਾਜ਼ੀਲ ਖ਼ਿਲਾਫ਼ 1982 ਦੇ ਆਲਮੀ ਕੱਪ ਵਿੱਚ ਖੇਡਿਆ ਸੀ, ਜਿਸ ਵਿੱਚ ਸੌਕਰੇਟਸ, ਜ਼ੀਕੋ ਅਤੇ ਪਾਲਕੋ ਦੀ ਤਿਕੜੀ ਬ੍ਰਾਜ਼ੀਲੀ ਹਮਲਾਵਰ ਅਤੇ ਰੱਖਿਆ ਟੋਲੀ ਦੇ ਵਿਚਕਾਰਲੀ ਕੜੀ ਸੀ। ਇਨ੍ਹਾਂ ਦੀ ਤਿਕੜੀ ਦਾ ਤਾਲਮੇਲ ਖੇਡ ਦੀ ਕੌਮਾਂਤਰੀ ਲੋਕਧਾਰਾ ਦਾ ਹਿੱਸਾ ਬਣ ਗਿਆ ਹੈ। ਸੌਕਰੇਟਸ ਦੀ ਖੇਡ ਬਾਬਤ ਪਾਓਲੋ ਰੋਸੀ ਕਹਿੰਦਾ ਹੈ, "ਉਹ ਜਾਦੂਮਈ ਪੈਰਾਂ ਵਾਲਾ ਫੁਰਤੀਲਾ ਖਿਡਾਰੀ ਸੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਉਹ ਬਹੁਤ ਹੁਸ਼ਿਆਰ ਮਨੁੱਖ ਸੀ।" ਦੋਵਾਂ ਪੈਰਾਂ ਨਾਲ ਫੁੱਟਬਾਲ ਨੂੰ ਕਰਾਰੀਆਂ ਕਿੱਕਾਂ ਮਾਰਨ ਵਾਲਾ ਸੌਕਰੇਟਸ ਆਮ ਤੌਰ ਉੱਤੇ ਮੱਥੇ ਉੱਤੇ ਪੱਟੀ ਬੰਨ੍ਹਦਾ ਸੀ ਅਤੇ ਛੋਟੀ-ਛੋਟੀ ਦਾਹੜੀ ਰੱਖਦਾ ਸੀ। ਦਾਹੜੀ ਅਤੇ ਸਿਰ ਦੇ ਘੁੰਗਰਾਲੇ ਵਾਲਾਂ ਵਿੱਚੋਂ ਚੀ ਗਵੇਰਾ ਦਾ ਮੜੰਗਾ ਪੈਂਦਾ ਸੀ। ਫੁੱਟਬਾਲ ਖੇਡਣੀ ਛੱਡਣ ਤੋਂ ਬਾਅਦ ਸੌਕਰੇਟਸ ਨੇ ਡਾਕਟਰੀ ਸ਼ੁਰੂ ਕੀਤੀ। ਅਖ਼ਬਾਰਾਂ ਵਿੱਚ ਖੇਡ ਦੇ ਨਾਲ-ਨਾਲ ਸਿਆਸੀ, ਆਰਥਿਕ ਅਤੇ ਸਮਾਜਿਕ ਮਸਲਿਆਂ ਬਾਬਤ ਲੇਖ ਲਿਖੇ। ਟੈਲੀਵਿਜ਼ਨਾਂ ਉੱਤੇ ਉਸ ਨੂੰ ਟਿੱਪਣੀਕਾਰ ਵਜੋਂ ਵੱਖ-ਵੱਖ ਮਸਲਿਆਂ ਉੱਤੇ ਵਿਚਾਰ ਚਰਚਾ ਕਰਨ ਲਈ ਸੱਦਿਆ ਜਾਂਦਾ ਸੀ। ਖੇਡਾਂ ਨੂੰ ਉਹ ਲਾਤੀਨੀ ਅਮਰੀਕਾ ਦੇ ਸਿਆਸੀ ਅਤੇ ਆਰਥਿਕ ਮਸਲਿਆਂ ਨਾਲ ਜੋੜ ਕੇ ਲੇਖ ਲਿਖਦਾ ਸੀ। ਅੰਕੜਾਮੁਖੀ ਖੇਡ ਪ੍ਰਾਪਤੀਆਂ ਅਤੇ ਲਿਖਤਾਂ ਦੇ ਦੌਰ ਵਿੱਚ ਸੌਕਰੇਟਸ ਸਚੁਮੱਚ ਕਿਸੇ ਹੋਰ ਯੁੱਗ ਦਾ ਬੰਦਾ ਲੱਗਦਾ ਹੈ। ਉਹ ਕਿਸੇ ਹੋਰ ਗ੍ਰਹਿ ਤੋਂ ਤਾਂ ਨਹੀਂ ਆਇਆ ਸੀ?

'ਇਕਨੌਕਿਮ ਪੋਲੀਟੀਕਲ ਵੀਕਲੀ' ਦਾ ਮੌਜੂਦਾ ਐਸੋਸੀਏਟ ਐਡੀਟਰ ਅਨਿਕੇਤ ਆਲਮ ਬੋਲੀਵੀਆ ਵਿੱਚ ਸੰਯੁਕਤ ਰਾਸ਼ਟਰ ਦੇ ਰਾਹਤ ਕੈਂਪਾਂ ਦਾ ਜਾਇਜ਼ਾ ਲੈਣ ਗਿਆ ਸੀ। ਆਲਮੀ ਡਾਕਟਰੀ ਟੀਮਾਂ ਸ਼ਾਮ ਦੇ ਪੰਜ ਵਜੇ ਆਪਣੇ ਹੋਟਲਾਂ ਨੂੰ ਪਰਤ ਜਾਂਦੀਆਂ ਸਨ। ਅਨਿਕੇਤ ਨੇ ਦੇਖਿਆ ਕਿ ਡਾਕਟਰਾਂ ਦੀ ਇੱਕ ਟੋਲੀ ਗਈ ਰਾਤ ਤੱਕ ਰੁਝੀ ਰਹਿੰਦੀ ਹੈ ਅਤੇ ਇਲਾਕੇ ਦੇ ਸਕੂਲ ਵਿੱਚ ਤੰਬੂਆਂ ਵਿੱਚ ਰਹਿੰਦੀ ਹੈ। ਪਤਾ ਲੱਗਿਆ ਕਿ ਇਹ ਕਿਊਬਾ ਦੇ ਡਾਕਟਰ ਹਨ। ਅਨਿਕੇਤ ਨੇ ਉਨ੍ਹਾਂ ਨੂੰ ਦੇਰ ਰਾਤ ਤੱਕ ਕੰਮ ਕਰਨ ਦਾ ਕਾਰਨ ਪੁੱਛਿਆ। ਡਾਕਟਰ ਸਵਾਲ ਤੋਂ ਹੈਰਾਨ ਸਨ ਅਤੇ ਅਨਿਕੇਤ ਉਨ੍ਹਾਂ ਦੀ ਹੈਰਾਨੀ ਤੋਂ ਹੈਰਾਨ। ਡਾਕਟਰਾਂ ਦੀ ਕਹਿਣਾ ਸੀ ਕਿ ਲੋਕਾਂ ਨੂੰ ਇਲਾਜ ਦੀ ਲੋੜ ਹੈ ਅਤੇ ਸਾਡੇ ਕੋਲ ਹੁਨਰ ਹੈ। ਇਸ ਲੋੜ ਅਤੇ ਹੁਨਰ ਦਾ ਮੇਲ ਮਨੁੱਖ ਦੀਆਂ ਲੋੜਾਂ ਤੈਅ ਕਰਦੀਆਂ ਹਨ। ਅਨਿਕੇਤ ਨੇ ਉਨ੍ਹਾਂ ਨੂੰ ਤਨਖ਼ਾਹਾਂ ਬਾਬਤ ਪੁੱਛਿਆ। ਘੱਟ ਤਨਖ਼ਾਹਾਂ ਵਾਲੇ ਡਾਕਟਰਾਂ ਨੂੰ ਦੱਸਿਆ ਕਿ ਜੇ ਉਹ
ਚਾਹੁਣ ਤਾਂ ਦੂਜੇ ਮੁਲਕਾਂ ਵਿੱਚ ਪਨਾਹ ਲੈਕੇ ਜ਼ਿਆਦਾ ਪੈਸਾ ਕਮਾ ਸਕਦੇ ਹਨ। ਕੋਈ ਵੀ ਮੁਲਕ ਪਨਾਹ ਦੇਣ ਲਈ ਤਿਆਰ ਹੋਏਗਾ। ਡਾਕਟਰਾਂ ਦਾ ਸਵਾਲ ਸੀ ਕਿ ਜਦੋਂ ਇਸ ਪੈਸੇ ਵਿੱਚ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ ਅਤੇ ਜ਼ਿੰਦਗੀ ਤਸੱਲੀ ਵਿੱਚ ਹੈ ਤਾਂ ਹੋਰ ਪੈਸਾ ਕੀ ਕਰਨਾ ਹੈ? ਲੰਮੀ ਬਹਿਸ ਵਿੱਚ ਅਨਿਕੇਤ ਉਨ੍ਹਾਂ ਨੂੰ ਮੁਨਾਫ਼ੇ ਦੇ ਅਰਥ ਨਹੀਂ ਸਮਝਾ ਸਕਿਆ। ਅਨਿਕੇਤ ਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਦਾ ਇਕਲੌਤਾ ਮੰਤਰ ਮੁਨਾਫ਼ਾ ਨਹੀਂ ਹੈ। ਜਦੋਂ ਹੈਤੀ ਵਿੱਚ ਭਿਆਨਕ ਭੂਚਾਲ ਆਇਆ ਤਾਂ ਅਰਜਨਟੀਨਾ ਮੂਲ ਦਾ ਸਪੇਨੀ ਫੋਟੋਗ੍ਰਾਫ਼ਰ ਵਾਲਟਰ ਐਸਟਰਾਡਾ ਉੱਥੇ ਪਹੁੰਚਿਆ। ਬੇਵਿਸਾਹੀ, ਬੇਘਰੀ, ਭੁੱਖਮਰੀ ਅਤੇ ਮੌਕਾਪ੍ਰਸਤੀ ਦੇ ਦੌਰ ਵਿੱਚ ਉਸ ਨੂੰ ਕਿਊਬਾ ਦੇ ਡਾਕਟਰਾਂ ਦਾ ਸਿਰੜ ਦੇਖ ਕੇ ਸਾਹ ਆਉਂਦਾ ਸੀ। ਸਾਮਰਾਜਵਾਦ ਕਬਜ਼ੇ ਲਈ ਫ਼ੌਜੀ ਅੱਡਾ ਬਣਾ ਰਿਹਾ ਸੀ ਅਤੇ ਸਮਾਜਵਾਦੀ ਡਾਕਟਰ ਲੋੜਵੰਦ ਮਰੀਜ਼ਾਂ ਦਾ ਇਲਾਜ ਕਰ ਰਹੇ ਸਨ। ਡਾਕਟਰ ਚੀ ਗਵੇਰਾ ਦੀ ਅਗਲੀ ਪੀੜ੍ਹੀ ਨੇ ਕੋਹੜ ਖ਼ਿਲਾਫ਼ ਲੜਾਈ ਜਾਰੀ ਰੱਖੀ ਹੈ। ਸੌਕਰੇਟਸ ਇਸੇ ਗ੍ਰਹਿ ਦੀ ਹਵਾ ਵਿੱਚ ਸਾਹ ਲੈਂਦਾ ਸੀ। ਜਦੋਂ ਮਨੀਪੁਰ ਦੇ ਖਿਡਾਰੀ ਭਾਰਤਵਾਸੀਆਂ ਦੇ ਨਾਮ ਚਿੱਠੀ ਲਿਖਦੇ ਹਨ ਤਾਂ ਉਹ ਆਵਾਜ਼ ਕਿਸ ਗ੍ਰਹਿ ਦੇ ਲੋਕਾਂ ਨੂੰ ਮਾਰ ਰਹੇ ਹਨ? ਕੁੰਜੂਰਾਣੀ ਦੇਵੀ, ਮੋਨਿਕਾ ਦੇਵੀ, ਐਮ.ਸੀ.ਮੈਰੀ ਕੌਮ ਦੀ ਆਵਾਜ਼ ਹੀ ਕਮਜ਼ੋਰ ਹੈ ਜਾਂ ਦੂਜੀ ਧਿਰ ਦੇ ਕੰਨਾਂ ਵਿੱਚ ਕਿਸੇ ਨੇ 'ਢਲਿਆ ਹੋਇਆ ਸਿੱਕਾ' ਪਾ ਦਿੱਤਾ ਹੈ?

ਸੌਕਰੇਟਸ ਤੋਂ ਬਾਅਦ ਲਾਤੀਨੀ ਅਮਰੀਕੀ ਫੁੱਟਬਾਲ ਦਾ ਮਕਬੂਲ ਖਿਡਾਰੀ ਮੈਰਾਡੋਨਾ ਹੈ। ਮੈਰਾਡੋਨਾ ਦੀ ਕਪਤਾਨੀ ਵਿੱਚ ਅਰਜਨਟੀਨਾ ਦੀ ਟੀਮ ਨੇ 1986 ਦਾ ਆਲਮੀ ਕੱਪ ਜਿੱਤਿਆ ਸੀ। ਸੰਨ 1990 ਵਿੱਚ ਬ੍ਰਾਜ਼ੀਲ ਮਜ਼ਬੂਤ ਦਾਅਵੇਦਾਰ ਸੀ। ਅਰਜਨਟੀਨਾ ਨੇ ਬ੍ਰਾਜ਼ੀਲ ਨੂੰ ਹਰਾ ਦਿੱਤਾ। ਮੈਰਾਡੋਨਾ ਕਪਤਾਨ ਵਜੋਂ ਲਗਾਤਾਰ ਦੂਜਾ ਆਲਮੀ ਕੱਪ ਜਿੱਤਣ ਵੱਲ ਵਧ ਰਿਹਾ ਸੀ। ਉਹ ਉਦਾਸ ਹੋਇਆ ਬੋਲ ਰਿਹਾ ਸੀ, "ਬ੍ਰਾਜ਼ੀਲ ਨੂੰ ਹਰਾ ਕੇ ਸਾਡੇ ਲਈ ਜਿੱਤਣਾ ਸੁਖਾਲਾ ਹੋ ਗਿਆ ਹੈ ਪਰ ਹੁਣ ਸਾਡੀ ਜ਼ਿੰਮੇਵਾਰੀ ਵਧ ਗਈ ਹੈ। ਹੁਣ ਅਸੀਂ ਅਰਜਨਟੀਨਾ ਦੀ ਨਹੀਂ ਸਗੋਂ ਸਮੁੱਚੇ ਲਾਤੀਨੀ ਅਮਰੀਕਾ ਦੀ ਨੁਮਾਇੰਦਗੀ ਕਰਦੇ ਹਾਂ।" ਜਦੋਂ ਮੈਰਾਡੋਨਾ ਦੇ ਡੌਲੇ ਉੱਤੇ ਖੁਣਵਾਇਆ ਚੀ ਗਵੇਰਾ ਦਾ ਚਿਹਰਾ ਨਜ਼ਰ ਆਉਂਦਾ ਹੈ ਤਾਂ ਇਸ ਉਦਾਸ ਬਿਆਨ ਦਾ ਪਿਛੋਕੜ ਸਮਝ ਆਉਂਦਾ ਹੈ। ਅਰਜਨਟੀਨਾ ਦਾ ਡਾਕਟਰ, ਕਿਊਬਾ ਦਾ ਮੇਜਰ ਤੇ ਮੰਤਰੀ ਅਤੇ ਬੋਲੀਵੀਆ ਦਾ ਸ਼ਹੀਦ ਚੀ ਗਵੇਰਾ ਲਾਤੀਨੀ ਅਮਰੀਕਾ ਨੂੰ ਵੰਨ-ਸਵੰਨਤਾ ਸਮੇਤ ਇਕਮੁੱਠਤਾ ਦੀਆਂ ਤੰਦਾਂ ਨਾਲ
ਰੂਬਰੂ ਕਰਵਾਉਂਦਾ ਹੈ ਅਤੇ ਮੈਰਾਡੋਨਾ ਇਸੇ ਰਵਾਇਤ ਦੀ ਕੜੀ ਬਣਦਾ ਹੈ। ਮੈਰਾਡੋਨਾ ਖੇਡ ਮੈਦਾਨ ਵਿੱਚੋਂ ਮੁਲਕ ਤੋਂ ਉੱਪਰ ਉੱਠ ਕੇ ਸਮੁੱਚੇ ਮਹਾਂਦੀਪ ਦਾ ਨੁਮਾਇੰਦਾ ਬਣਦਾ ਹੈ। ਉਸੇ ਖੇਡ ਮੈਦਾਨ ਵਿੱਚੋਂ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਗੌਅਰਮੰਗੀ ਸਿੰਘ, ਗੋਬਿੰਦ ਸਿੰਘ, ਸੁਸ਼ੀਲ ਸਿੰਘ, ਲਾਲਰਿੰਦੀਕਾ ਰਾਲਟੇ ਤੇ ਰੋਕਸ ਲਾਮਾਰੇ ਅਤੇ ਸੰਧਿਆ ਰਾਣੀ ਆਪਣੇ ਸੂਬੇ ਮਨੀਪੁਰ ਤੱਕ ਮਹਿਦੂਦ ਕਿਵੇਂ ਹੋ ਜਾਂਦੇ ਹਨ?

ਪਿਛਲੇ ਦਿਨੀਂ ਨਾਕਾਬੰਦੀ ਕਾਰਨ ਵਧੀਆਂ ਔਕੜਾਂ ਬਾਬਤ ਮਨੀਪੁਰ ਦੇ ਖਿਡਾਰੀਆਂ ਨੇ ਭਾਰਤਵਾਸੀਆਂ ਦੇ ਨਾਮ ਖੁੱਲ੍ਹੀ ਚਿੱਠੀ ਲਿਖੀ ਹੈ। ਖੇਡਾਂ ਦੀਆਂ ਖ਼ਬਰਾਂ ਲਈ ਖ਼ਾਸ ਪ੍ਰੋਗਰਾਮ ਪੇਸ਼ ਕਰਨ ਵਾਲੇ ਚੈਨਲਾਂ ਅਤੇ ਥਾਂ ਰਾਖਵੀਂ ਰੱਖਣ ਵਾਲੇ ਅਖ਼ਬਾਰਾਂ ਨੇ ਇਸ ਚਿੱਠੀ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਅਮਿਤਾਭ ਬਚਨ ਦੀ ਪੋਤੀ, ਤੇਂਦੁਲਕਰ ਦੇ ਕੌਮਾਂਤਰੀ ਕ੍ਰਿਕਟ ਵਿੱਚ ਸੌਵੇਂ ਸੈਂਕੜੇ ਅਤੇ ਸਹਿਵਾਗ ਦੇ ਦੋਹਰੇ ਸੈਂਕੜੇ ਬਾਬਤ ਹਰ ਨਿਗੂਣੀ ਤੋਂ ਨਿਗੂਣੀ ਜਾਣਕਾਰੀ ਨੂੰ ਨਿਵੇਕਲੀ ਕਹਿ ਕੇ ਪੇਸ਼ ਕਰਨ ਵਾਲੇ ਮੀਡੀਆ ਨੂੰ ਇਹ ਚਿੱਠੀ ਨਾਖ਼ੁਸ਼ਗਵਾਰ ਕਿਉਂ ਗੁਜ਼ਰੀ ਹੈ? ਅਗਲੀ ਗੱਲ ਤੋਂ ਪਹਿਲਾਂ ਇਸ ਚਿੱਠੀ ਦਾ ਤਰਜਮਾ ਪੜ੍ਹ ਲੈਣਾ ਜ਼ਰੂਰੀ ਜਾਪਦਾ ਹੈ।

ਪਿਆਰੇ ਭਾਰਤੀਓ
ਅਸੀਂ ਸ਼ਿੱਦਤ ਨਾਲ ਖੇਡ ਮੈਦਾਨ ਵਿੱਚ ਖੇਡਦੇ ਹਾਂ ਅਤੇ ਲੋਕਾਂ ਵਿੱਚ ਖ਼ੁਸ਼ੀ ਦਾ ਅਹਿਸਾਸ ਜਗਾਉਂਦੇ ਹਾਂ। ਅਸੀਂ 'ਭਾਰਤ' ਲਈ ਖੇਡਦੇ ਹਾਂ ਅਤੇ ਅਸੀਂ ਆਪਣੇ ਹਮਵਤਨਾਂ ਦੇ ਮਾਣ ਲਈ ਖੇਡਦੇ ਹਾਂ। ਲੋਕ ਸਾਡੀ ਹਰ ਚਾਲ ਉੱਤੇ ਹੌਸਲਾ-ਅਫ਼ਜਾਈ ਕਰਨ ਅਤੇ ਜਿੱਤ ਲਈ ਅਰਦਾਸਾਂ ਕਰਦੇ ਹਨ। ਇਸ ਤੋਂ ਵੱਡਾ ਇਨਾਮ ਕੋਈ ਨਹੀਂ ਹੋ ਸਕਦਾ।

ਸਾਡਾ ਯਕੀਨ ਹੈ ਕਿ ਖਿਡਾਰੀਆਂ ਅਤੇ ਆਮ ਲੋਕਾਂ ਦੀ ਖ਼ੁਸ਼ੀ-ਗਮੀ ਦੇ ਅੱਥਰੂ ਇਕੱਠੇ ਵਹਿੰਦੇ ਹਨ। ਅਸੀਂ ਭਾਰਤ ਦੇ ਇਸ ਖ਼ੂਬਸੂਰਤ ਇਲਾਕੇ ਤੋਂ ਹਾਂ ਜਿਸ ਨੂੰ ਉੱਤਰ-ਪੂਰਬ ਕਿਹਾ ਜਾਂਦਾ ਹੈ। ਅਸੀਂ ਸਾਦ-ਮੁਰਾਦੇ ਲੋਕ ਹਾਂ ਅਤੇ ਆਪਣੇ ਛੋਟੇ-ਛੋਟੇ ਸੁਫ਼ਨਿਆਂ ਵਿੱਚੋਂ ਖ਼ੁਸ਼ੀ ਭਾਲਦੇ ਹਾਂ। ਸਾਨੂੰ ਖੇਡਣ ਅਤੇ ਜਿੱਤਣ ਦਾ ਜਨੂੰਨ ਹੈ। ਅਸੀਂ ਖੁੱਲ੍ਹ ਕੇ ਮੁਸਕਰਾਉਂਦੇ ਹਾਂ ਅਤੇ ਦੁਨੀਆਂ ਨੂੰ ਦਿਖਾਉਂਦੇ ਹਾਂ ਕਿ ਧਰਤੀ ਦਾ ਇਹ ਹਿੱਸਾ ਕਿੰਨਾ ਮਨਮੋਹਣਾ ਹੈ। ਅਫ਼ਸੋਸ! ਇੰਜ ਹਰ ਵੇਲੇ ਨਹੀਂ ਹੁੰਦਾ।

ਅਸੀਂ ਕੌਮਾਂਤਰੀ ਮੰਚਾਂ ਉੱਤੇ ਤੁਹਾਡੀ ਨੁਮਾਇੰਦਗੀ ਕਰਨ ਦਾ ਆਨੰਦ ਮਾਣਿਆ ਹੈ। ਸਾਡੇ ਪਿਆਰੇ ਅਤੇ ਖ਼ੂਬਸੂਰਤ ਸੂਬੇ ਮਨੀਪੁਰ ਵਿੱਚ ਵਾਰ-ਵਾਰ ਵਾਪਰ ਰਹੀਆਂ ਨਾਖ਼ੁਸ਼ਗਵਾਰ ਘਟਨਾਵਾਂ ਨੇ ਸਾਨੂੰ ਉਦਾਸ ਕੀਤਾ ਹੈ। ਮਨੀਪੁਰ ਦਾ ਆਮ ਬੰਦਾ ਆਪਣੀ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੋਂ ਆਹਰੀ ਹੋਇਆ ਪਿਆ ਹੈ। ਚਾਰ ਮਹੀਨੇ ਲੰਮੀ ਨਾਕਾਬੰਦੀ ਨੇ ਇਸ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਬੇਸੁਰ ਕਰ ਦਿੱਤੀ ਹੈ। ਗੱਲਬਾਤ ਦੀ ਤੰਦ ਟੁੱਟਣ ਨਾਲ ਹਾਲਾਤ ਜ਼ਿਆਦਾ ਵਿਗੜੇ ਹਨ।

ਅਫ਼ਸੋਸ ਦੀ ਗੱਲ ਹੈ ਕਿ ਇੱਕ ਪਾਸੇ ਮਨੀਪੁਰ ਵਰਗਾ ਸੂਬਾ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਨਾਕਾਬੰਦੀ ਦੇ ਮਾਰੂ ਅਸਰ ਹੇਠ ਹੈ ਅਤੇ ਦੂਜੇ ਪਾਸੇ ਮਹਾਨ ਮੁਲਕ ਦੀ ਸਰਕਾਰ ਦੇ ਕੰਨਾਂ ਉੱਤੇ ਜੂੰਅ ਨਹੀਂ ਸਰਕਦੀ। ਇਹ ਅਹਿਸਾਸ ਬਹੁਤ ਤਕਲੀਫ਼ਦੇਹ ਹੈ ਕਿ ਚਾਰ ਮਹੀਨਿਆਂ ਤੋਂ ਲੋਕ ਬੁਨਿਆਦੀ ਲੋੜਾਂ ਦੀਆਂ ਵਸਤਾਂ, ਸੰਜੀਵਨੀ ਦਵਾਈਆਂ ਅਤੇ ਹੋਰ ਚੀਜ਼ਾਂ ਦੀ ਕਿੱਲਤ ਦਾ ਸ਼ਿਕਾਰ ਹਨ ਪਰ ਸਰਕਾਰੀ ਪੱਖੋਂ ਕੋਈ ਜ਼ਿੰਮੇਵਾਰਾਨਾ ਪਹਿਲਕਦਮੀ ਨਹੀਂ ਕੀਤੀ ਗਈ।

ਇਹ ਉਹ ਸੂਬਾ ਹੈ ਜਿਸ ਨੇ ਮੁਲਕ ਦੇ ਬਿਹਰਤੀਨ ਖਿਡਾਰੀ ਪੈਦਾ ਕੀਤੇ ਹਨ ਅਤੇ ਉਨ੍ਹਾਂ ਨੇ ਕੌਮਾਂਤਰੀ ਪੱਧਰ ਉੱਤੇ ਮੁਲਕ ਦਾ ਨਾਮ ਰੋਸ਼ਨ ਕੀਤਾ ਹੈ। ਇਹ ਉਹ ਸੂਬਾ ਹੈ ਕਿ ਜਿਸ ਨੇ ਮੁਲਕ ਨੂੰ ਕਲਾ ਦੀਆਂ ਬਿਹਤਰੀਨ ਵੰਨਗੀਆਂ ਅਤੇ ਕਲਾਕਾਰਾਂ ਨਾਲ ਨਿਵਾਜਿਆ ਹੈ।
ਹੁਣ ਇਨ੍ਹਾਂ ਨੂੰ ਤੁਹਾਡੀ ਇਮਦਾਦ ਦਰਕਾਰ ਹੈ। ਇਨ੍ਹਾਂ ਨੂੰ ਹਰ ਜੀਅ ਦੀ ਮਦਦ ਚਾਹੀਦੀ ਹੈ ਤਾਂ ਜੋ ਇਨ੍ਹਾਂ ਦੀਆਂ ਦੁਸ਼ਵਾਰੀਆਂ ਦਾ ਅੰਤ ਕੀਤਾ ਜਾ ਸਕੇ। ਇਨ੍ਹਾਂ ਲੋਕਾਂ ਦੀ ਜ਼ਿੰਦਗੀ ਰਵਾਂ ਕਰਨ ਵਿੱਚ ਮਦਦ ਕੀਤੀ ਜਾ ਸਕੇ।

ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਕਿ ਮਨੁੱਖੀ ਹਕੂਕ ਦੀ ਕਦਰ ਕਰਦੇ ਹੋਏ ਰੋਹ ਦੇ ਮੁਜ਼ਾਹਰੇ ਵਜੋਂ ਨਾਕਾਬੰਦੀ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸਭ ਮਸਲਿਆਂ ਦੇ ਹੱਲ ਜਮਹੂਰੀ ਤਰੀਕੇ ਨਾਲ ਲੱਭੇ ਜਾਣ। ਇਸ ਦੇ ਨਾਲ ਹੀ ਅਸੀਂ ਆਪਣੇ ਮੁਲਕ ਵਾਸੀਆਂ ਅਤੇ ਲੋਕਾਂ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਦੇ ਹਾਂ ਕਿ ਮਨੀਪੁਰ ਨੂੰ ਵਿਕਾਸ ਦੇ ਰਾਹ ਪਾਉਣ ਲਈ ਹਿੱਸਾ ਪਾਉਣ ਤਾਂ ਜੋ ਇਸ ਸੂਬੇ ਨੂੰ ਮੁਲਕ ਦੇ ਵਿਕਾਸ ਦਾ ਅਨਿੱਖੜਵਾਂ ਹਿੱਸੇਦਾਰ ਬਣਾਇਆ ਜਾ ਸਕੇ।

ਮੁਲਕ ਵਾਸੀਓ ਆਓ, ਭਾਰਤ ਦੇ ਇਸ ਗਹਿਣੇ ਨੂੰ ਬਹਾਲੀ ਦੇ ਰਾਹ ਪਾਈਏ।

ਅਸੀਂ ਆਸ ਕਰਦੇ ਹਾਂ ਕਿ ਮਾਣਯੋਗ ਪ੍ਰਧਾਨ ਮੰਤਰੀ 3 ਦਸੰਬਰ 2011 ਨੂੰ ਆਪਣੇ ਮਨੀਪੁਰ ਦੇ ਦੌਰੇ ਦੌਰਾਨ ਅਮਨ ਦੇ ਬੀਜ ਬੀਜਣਗੇ ਅਤੇ ਮਨੀਪੁਰ ਦੀ ਖ਼ੁਸ਼ਹਾਲੀ ਦੀ ਨੀਂਹ ਰੱਖਣਗੇ।

ਦਸਤਖ਼ਤੀ
(ਕੁੰਜੂਰਾਣੀ ਦੇਵੀ ਤੇ ਮੋਨਿਕਾ ਦੇਵੀ (ਭਾਰ ਤੋਲਕ), ਐਮ.ਸੀ.ਮੈਰੀ ਕੌਮ (ਮੁੱਕੇਬਾਜ਼ੀ), ਬੈਚੁੰਗ ਭੂਤੀਆ, ਗੌਅਰਮੰਗੀ ਸਿੰਘ, ਗੋਬਿੰਦ ਸਿੰਘ, ਸੁਸ਼ੀਲ ਸਿੰਘ, ਲਾਲਰਿੰਦੀਕਾ ਰਾਲਟੇ ਤੇ ਰੋਕਸ ਲਾਮਾਰੇ (ਫੁੱਟਬਾਲ) ਅਤੇ ਸੰਧਿਆ ਰਾਣੀ (ਵੁਸ਼ੂ)।

ਇਹ ਸਵਾਲ ਤਾਂ ਪੁੱਛਣਾ ਬਣਦਾ ਹੈ ਕਿ ਇਸ ਚਿੱਠੀ ਦੀ ਨਾਕਾਬੰਦੀ ਖ਼ਤਮ ਹੋ ਜਾਣ ਤੋਂ ਬਾਅਦ ਕੀ ਅਹਿਮੀਅਤ ਹੈ? ਇਸ ਚਿੱਠੀ ਦੀ ਸੌਕਰੇਟਸ ਨਾਲ ਕੀ ਸਕੀਰੀ ਜੁੜਦੀ ਹੈ? ਕੋਲਕਾਤਾ ਦੇ ਹਸਪਤਾਲ ਵਿੱਚ ਲੱਗੀ ਅੱਗ ਦੀ ਸੌਕਰੇਟਸ ਅਤੇ ਇਸ ਚਿੱਠੀ ਨਾਲ ਕਿਹੜੀ ਤੰਦ ਜੁੜਦੀ ਹੈ? ਕੁਕੀ ਕਬੀਲੇ ਦੀ ਸਦਰ ਹਿੱਲ ਡਿਸਟਰਿਕ ਡਿਮਾਂਡ ਕਮੇਟੀ (ਐਸ.ਐਚ.ਡੀ.ਡੀ.ਸੀ) ਨੇ ਵੱਖਰੇ ਜ਼ਿਲ੍ਹੇ ਦੀ ਮੰਗ ਲਈ ਨਾਗਾਲੈਂਡ ਦੀ ਨਾਕਾਬੰਦੀ ਕੀਤੀ ਸੀ। ਉਨ੍ਹਾਂ ਨੇ ਪਹਿਲੀ ਅਗਸਤ ਤੋਂ ਦੋ ਕੌਮੀ ਸੜਕਾਂ ਇੰਫ਼ਾਲ-ਦੀਮਾਪੁਰ-ਗੋਹਾਟੀ (ਕੌਮੀ ਮਾਰਗ 39) ਅਤੇ ਇੰਫ਼ਾਲ-ਜੀਰਾਬਮ-ਸਿਲਚਰ (ਕੌਮੀ ਮਾਰਗ 53) ਨੂੰ ਬੰਦ ਕਰ ਦਿੱਤਾ। ਉਸ ਖ਼ਿਤੇ ਦੇ ਦੂਜੇ ਕਬਾਇਲੀ ਯੂਨਾਈਟਿਡ ਨਾਗਾ ਕੌਂਸਲ ਦੇ ਝੰਡੇ ਹੇਠ ਇਸ ਮੰਗ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਮੰਗ ਦੇ ਵਿਰੋਧ ਵਿੱਚ ਨਾਕਾਬੰਦੀ ਕਰ ਦਿੱਤੀ। ਇਸ ਨਾਲ ਰੋਜ਼ਾਨਾ ਲੋੜਾਂ ਦੀਆਂ ਵਸਤਾਂ ਦੀ ਕਿੱਲਤ ਆਈ ਅਤੇ ਮਹਿੰਗਾਈ ਵਧੀ। ਰੁਜ਼ਗਾਰ ਤੋਂ ਲੈ ਕੇ ਜ਼ਿੰਦਗੀ ਦੀ ਹਰ ਸਰਗਰਮੀ ਅਸਰਅੰਦਾਜ਼ ਹੋਈ। ਕੇਂਦਰ ਸਰਕਾਰ ਨੇ ਪਿਛਲੇ ਪੰਜਾਹ ਸਾਲਾਂ ਤੋਂ ਲਗਾਤਾਰ ਉਸ ਇਲਾਕੇ ਵਿੱਚ ਅਫ਼ਸਪਾ ਵਰਗਾ ਕਾਨੂੰਨ ਲਾਗੂ ਕੀਤਾ ਹੋਇਆ ਹੈ। ਫ਼ੌਜ ਦੀਆਂ ਵਧੀਕੀਆਂ ਮਨੋਰਮਾ ਅਤੇ ਸ਼ਰਮੀਲਾ ਇਰੋਮ ਦੇ ਰੂਪ ਵਿੱਚ ਉਘੜੀਆਂ ਹਨ। ਹੁਣ ਕੇਂਦਰ ਸਰਕਾਰ ਮਣੀਪੁਰ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਪ੍ਰਧਾਨ ਮੰਤਰੀ ਦੇ ਦੌਰੇ ਦੀ ਉਡੀਕ ਕਿਉਂ ਕਰਦੀ ਹੈ? ਕੇਂਦਰ ਖ਼ਿਲਾਫ਼ ਇੱਕਮੁੱਠ ਲੜਾਈ ਕਰਨ ਵਾਲੇ ਹੁਣ ਕਬੀਲਿਆਂ ਦੇ ਨਾਮ ਉੱਤੇ ਆਪਸ ਵਿੱਚ ਲੜ ਰਹੇ ਹਨ। ਕੇਂਦਰ ਸਰਕਾਰ ਤਾਂ ਭਰਾ-ਮਾਰ ਲੜਾਈ ਨੂੰ ਆਪਣੀ ਮੁਹਿੰੰਮ ਦੀ ਕਾਮਯਾਬੀ ਸਮਝਦੀ ਜਾਪਦੀ ਹੈ। ਇਸ ਉੱਤੇ ਖਿਡਾਰੀਆਂ ਦੀ ਦਰਦਮੰਦੀ ਨੂੰ ਮਾਰੀ ਆਵਾਜ਼ ਦਾ ਕੀ ਅਸਰ ਹੋਣਾ ਹੈ?

ਇਸ ਆਵਾਜ਼ ਦਾ ਮੌਜੂਦਾ ਸਰਕਾਰ ਦੇ ਖ਼ਾਸੇ ਨਾਲ ਟਕਰਾਵਾਂ ਰਿਸ਼ਤਾ ਹੈ। ਨਿੱਜੀਕਰਨ ਦੀਆਂ ਨੀਤੀਆਂ ਤਹਿਤ ਸਰਕਾਰ ਸ਼ਹਿਰੀ ਨੂੰ ਖ਼ਪਤਕਾਰ ਬਣਾ ਰਹੀ ਹੈ। ਕਾਰਪੋਰੇਟ ਦੀ ਸਰਪ੍ਰਸਤੀ ਵਿੱਚ ਖੇਡ ਮੈਦਾਨ ਨੂੰ ਖੁੱਲ੍ਹੀ ਮੰਡੀ ਦਾ ਇਸ਼ਤਿਹਾਰ ਮੰਚ ਬਣਾਇਆ ਜਾ ਰਿਹਾ ਹੈ। ਖੇਡ ਦਰਸ਼ਕਾਂ ਨੂੰ ਖੇਡ ਭਾਵਨਾ ਅਤੇ ਖੇਡਾਂ ਦੇ ਮਨੁੱਖੀ ਖ਼ਾਸੇ ਤੋਂ ਨਿਖੇੜ ਕੇ ਅੰਕੜਾਮੁਖੀ ਪ੍ਰਾਪਤੀਆਂ ਦਾ ਜਸ਼ਨ ਮਨਾਉਣਾ ਸਿਖਾਇਆ ਜਾ ਰਿਹਾ ਹੈ। ਜਦੋਂ ਕ੍ਰਿਕਟ ਮਾਹਿਰ ਰਵੀ ਸ਼ਾਸਤਰੀ ਖਿਡਾਰੀਆਂ ਨੂੰ ਗਲੇਡੀਏਟਰ ਆਖਦਾ ਹੈ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ ਹੈ। ਕਦੇ ਰਾਜੇ-ਮਹਾਰਾਜੇ ਅਤੇ ਅਮੀਰਜ਼ਾਦੇ ਜਾਨਵਰਾਂ ਤੋਂ ਬਾਅਦ ਆਪਣੇ ਗ਼ੁਲਾਮਾਂ ਨੂੰ ਲੜਾ ਕੇ ਚਿੱਤ ਪਰਚਾਉਂਦੇ ਸਨ। ਹੁਣ ਕੌਮਾਂਤਰੀ ਖੇਡ ਮੇਲਿਆਂ ਉੱਤੇ ਕਾਬਜ਼ ਕਾਰਪੋਰੇਟ ਖਿਡਾਰੀਆਂ ਨੂੰ ਖ਼ਰੀਦ-ਵੇਚ ਦਾ ਸਮਾਨ ਮੰਨਦੀ ਹੈ ਜਿਨ੍ਹਾਂ ਦਾ ਕੰਮ ਖੇਡ ਮੈਦਾਨ ਦੀ ਕਾਰਗੁਜ਼ਾਰੀ ਵਿੱਚੋਂ ਹਾਸਲ ਮਕਬੂਲੀਅਤ ਨੂੰ ਇਸ਼ਤਿਹਾਰਬਾਜ਼ੀ ਦੇ ਲੇਖੇ ਲਾਉਣਾ ਹੈ। ਖਿਡਾਰੀ ਆਪਣੀ ਮਕਬੂਲੀਅਤ ਨਾਲ ਅਵਾਮ ਨੂੰ ਸੀਲ ਖ਼ਪਤਕਾਰ ਬਣਾਉਣ ਵਿੱਚ ਰੁਝੇ ਹੋਏ ਹਨ। ਇਸੇ ਮਕਬੂਲੀਅਤ ਨੂੰ ਸੌਕਰੇਟਸ ਲੋਕਾਂ ਦੀ ਦਿੱਤੀ ਤਾਕਤ ਮੰਨਦਾ ਸੀ ਅਤੇ ਲੋਕਾਂ ਦੇ ਨੁਮਾਇੰਦੇ ਵਜੋਂ ਆਵਾਜ਼ ਬੁਲੰਦ ਕਰਦਾ ਸੀ। ਇਸ ਵੇਲੇ ਮੁਕਾਮੀ ਤੋਂ ਕੌਮਾਂਤਰੀ ਖੇਡ ਪ੍ਰਬੰਧਾਂ ਵਿੱਚ ਕਾਰਪੋਰੇਟ ਅਤੇ ਸਿਆਸਤਦਾਨਾਂ ਦਾ ਗ਼ਲਬਾ ਹੈ। ਖੇਡਾਂ ਦਾ ਇੰਤਜ਼ਾਮੀਆ ਅਮਲਾ ਜ਼ਿਆਦਾਤਰ ਪੁਲਿਸ ਅਤੇ ਫ਼ੌਜ ਦੇ ਪਿਛੋਕੜ ਵਾਲਾ ਹੈ। ਸ੍ਰੀਲੰਕਾ ਦੇ ਰਾਜਾਪਾਕਸ਼ਾ ਕੁਨਬਾ, ਪਾਕਿਸਤਾਨ ਤੇ ਬੰਗਾਲਦੇਸ਼ ਦੇ ਜਰਨੈਲ ਅਤੇ ਭਾਰਤ ਦੇ ਪੁਲਿਸ ਅਫ਼ਸਰ ਇਸੇ ਰੁਝਾਨ ਦੀਆਂ ਕੜੀਆਂ ਹਨ। ਕਿਲ੍ਹਾ ਰਾਏਪੁਰ ਦੀਆਂ ਪੇਂਡੂ ਓਲੰਪਿਕਸ ਤੋਂ ਲੈ ਕੇ ਕੌਮੀ ਹਾਕੀ ਤੱਕ ਪੁਲਿਸ ਵਾਲਿਆਂ ਦਾ ਕਬਜ਼ਾ ਹੈ। ਕ੍ਰਿਕਟ ਬੋਰਡ ਵਿੱਚ ਸਿਆਸਤਦਾਨਾਂ ਅਤੇ ਕਾਰਪੋਰੇਟ ਪ੍ਰਬੰਧਕਾਂ ਦੀ ਜੁੰਡਲੀ ਅਫ਼ਸਰਸ਼ਾਹੀ ਦੀ ਹਮਾਇਤ ਨਾਲ ਹੀ ਚੱਲ ਰਹੀ ਹੈ। ਮੁਨਾਫ਼ੇ ਦੇ ਇਸ ਨਗ਼ਾਰਖ਼ਾਨੇ ਵਿੱਚ ਮੀਡੀਆ ਮਨੀਪੁਰੀ ਖਿਡਾਰੀਆਂ ਦੀ ਆਵਾਜ਼ ਕਿਵੇਂ ਸੁਣ ਸਕਦਾ ਹੈ?

ਕੋਲਕਾਤਾ ਵਿੱਚ ਪ੍ਰਾਈਵੇਟ-ਪਬਲਿਕ ਹਿੱਸੇਦਾਰੀ ਵਾਲੇ ਹਸਪਤਾਲ ਵਿੱਚ ਅੱਗ ਲੱਗੀ ਹੈ। ਇਸ ਹਸਪਤਾਲ ਦੇ ਇੰਤਜ਼ਾਮੀਆ ਅਮਲੇ ਵਿੱਚ ਅਫ਼ਸਰਸ਼ਾਹੀ ਅਤੇ ਸਿਆਸਤਦਾਨਾਂ ਤੋਂ ਇਲਾਵਾ ਕਾਰੋਬਾਰੀ ਸ਼ਾਮਿਲ ਹਨ। ਹਰ ਕਾਇਦੇ-ਕਾਨੂੰਨ ਦੀ ਉਲੰਘਣਾ ਕਰਕੇ ਹਸਪਤਾਲ ਦੇ ਸੁਰੱਖਿਆ ਨੇਮਾਂ ਨੂੰ ਦਰਕਿਨਾਰ ਕੀਤਾ ਗਿਆ ਜੋ ਤਕਰੀਬਨ ਸੌ ਲੋਕਾਂ ਦੇ ਜਿਉਂਦੇ ਸੜ ਕੇ ਮਰ ਜਾਣ ਦਾ ਸਬੱਬ ਬਣਿਆ ਹੈ। ਹਸਪਤਾਲ ਦਾ ਬੁਨਿਆਦੀ ਕੰਮ ਇਲਾਜ ਕਰਨਾ ਹੈ। ਜਦੋਂ ਅੱਗ ਲੱਗੀ ਤਾਂ ਸੁਰੱਖਿਆ ਅਮਲਾ ਮਰੀਜ਼ਾਂ ਦੀ ਬਾਹਰੋਂ ਦਰਦਮੰਦੀ ਦੇ ਨਾਤੇ ਹੋਣ ਵਾਲੀ ਮਦਦ ਦੀ ਨਾਕਾਬੰਦੀ ਕਰਨ ਲੱਗਿਆ ਹੋਇਆ ਸੀ। ਲਾਗੇ ਦੀ ਝੁੱਗੀ-ਝੌਂਪੜੀ ਦੇ ਨੌਜਵਾਨਾਂ ਨੇ ਦਰਦਮੰਦੀ ਦੇ ਨਾਤੇ ਹਸਪਤਾਲ ਦੀ ਕੰਧ ਤੋੜ ਕੇ ਅੱਗ ਵਿੱਚ ਘਿਰੇ ਲੋਕਾਂ ਨੂੰ ਬਚਾਉਣ ਲਈ ਜਾਨ ਦੀ ਪਰਵਾਹ ਨਹੀਂ ਕੀਤੀ। ਉਨ੍ਹਾਂ ਨੇ ਬਹੁਤ ਸਾਰੇ ਬੰਦਿਆਂ ਨੂੰ ਕੰਧ ਵਿੱਚ ਕੀਤੇ ਮਘੋਰੇ ਰਾਹੀਂ ਹੀ ਬਾਹਰ ਕੱਢਿਆ। ਹਸਪਤਾਲ ਦੇ ਬਾਹਰ ਹੋਈ ਨੌਜਵਾਨਾਂ ਅਤੇ ਸੁਰੱਖਿਆ ਅਮਲੇ ਦੀ ਤਕਰਾਰ ਨੂੰ ਸ਼ਾਮਿਲ ਬੰਦਿਆਂ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਇਹ ਕਦਰਾਂ-ਕੀਮਤਾਂ ਦੀ ਲੜਾਈ ਹੈ। ਨਿੱਜੀਕਰਨ ਤਹਿਤ ਹਸਪਤਾਲ ਲਈ ਮਰੀਜ਼ ਖ਼ਪਤਕਾਰ ਹੈ। ਇਲਾਜ ਬੀਮਾਰੀ ਦੀ ਥਾਂ ਪੈਸੇ ਮੁਤਾਬਕ ਹੁੰਦਾ ਹੈ। ਅੱਗ ਵਿੱਚ ਘਿਰੇ ਲੋਕ ਚੀਕਾਂ ਮਾਰ ਰਹੇ ਸਨ ਤਾਂ ਨੌਜਵਾਨਾਂ ਦੇ ਧੂਹ ਪਈ। ਇਸ ਦਰਦਮੰਦੀ ਨਾਲ ਮੁਨਾਫ਼ੇ ਦਾ ਸਿਰ ਵੱਢਵਾਂ ਵੈਰ ਹੈ। ਇਸੇ ਦਰਦਮੰਦੀ ਨੂੰ ਮਨੀਪੁਰ ਦੇ ਖਿਡਾਰੀ ਲੱਭ ਰਹੇ ਹਨ। ਸੌਕਰੇਟਸ ਇਸੇ ਦਰਦਮੰਦੀ ਦਾ ਮੂੰਹ-ਜ਼ੋਰ ਪ੍ਰਗਟਾਵਾ ਸੀ। ਇਸ ਤਰ੍ਹਾਂ ਦਰਦਮੰਦੀ ਅਤੇ ਮੁਨਾਫ਼ੇ ਦੀ ਲੜਾਈ ਮਨੁੱਖੀ ਪਿੰਡੇ ਦੇ ਮਿਡਫੀਲਡ ਵਿੱਚ ਲੜੀ ਜਾ ਰਹੀ ਹੈ।

ਸਮਾਜੀਕਰਨ ਦੀ ਬੁਨਿਆਦੀ ਸਰਗਰਮੀ ਵਜੋਂ ਖੇਡ ਨੂੰ ਦਰਦਮੰਦ ਤੇ ਜਾਗਰੂਕ ਮਨੁੱਖ ਦੀ ਉਸਾਰੀ ਦਾ ਅਹਿਮ ਮੰਚ ਮੰਨਿਆ ਜਾਂਦਾ ਹੈ, ਇਸੇ ਲਈ ਗੁਰਬਾਣੀ ਖੇਡ ਨੂੰ 'ਮਨ ਕਾ ਚਾਅ' ਕਰਾਰ ਦਿੰਦੀ ਹੈ। ਮਨੁੱਖੀ ਮਨ ਨੂੰ ਹੁਲਾਰਾ ਦੇਣ ਵਾਲਾ ਖੇਡ ਮੈਦਾਨ ਹੁਣ ਮੁਨਾਫ਼ਾਖੋਰਾਂ ਦੀ ਤਾਨਾਸ਼ਾਹੀ ਘੇਰਾਬੰਦੀ ਵਿੱਚ ਫਸਿਆ ਹੋਇਆ ਹੈ। ਰਾਜਤੰਤਰ ਦੇ ਖ਼ਾਸੇ ਵਿੱਚੋਂ ਮਨਫ਼ੀ ਦਰਦਮੰਦੀ ਦਾ ਪ੍ਰਗਟਾਵਾ ਖੇਡ ਮੈਦਾਨ ਵਿੱਚੋਂ ਵੀ ਹੋਣ ਲੱਗਿਆ ਹੈ। ਖਿਡਾਰੀ ਕਾਨੂੰਨੀ ਰੂਪ ਵਿੱਚ ਖ਼ਤਮ ਕੀਤੇ ਜਾ ਚੁੱਕੇ ਗ਼ੁਲਾਮ ਦੌਰ ਦਾ ਸੱਚ ਹੰਢਾਅ ਰਹੇ ਹਨ। ਉਨ੍ਹਾਂ ਬੰਦਿਆਂ ਦੀ ਗਿਣਤੀ ਨਿਗੂਣੀ ਤੋਂ ਵੀ ਘਟ ਗਈ ਹੈ ਜੋ ਰਾਜਤੰਤਰ, ਕਾਰਪੋਰੇਟ ਅਤੇ ਤਾਨਸ਼ਾਹੀ ਦੇ ਖ਼ਾਨਿਆਂ ਤੋਂ ਨਾਬਰ ਹੋਣ ਅਤੇ ਮਨੁੱਖੀ ਪਛਾਣ ਨੂੰ ਤਰਜੀਹ ਦੇਣ। ਸੌਕਰੇਟਸ ਇਸੇ ਨਾਬਰੀ ਦਾ ਜ਼ਿੰਦਗੀ ਦੇ ਨਾਮ ਲਿਖਿਆ ਗੀਤ ਹੈ।

ਉਹ ਦੁਨੀਆ ਦੀ ਆਲਮੀ ਕੱਪ ਨਾ-ਜਿੱਤ ਸਕਣ ਵਾਲੀ ਸਭ ਤੋਂ ਮਜ਼ਬੂਤ ਫੁੱਟਬਾਲ ਟੀਮ ਦਾ ਕਪਤਾਨ ਰਿਹਾ। ਦਰਦਮੰਦੀ ਨੂੰ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਮੰਨਣ ਵਾਲੀ ਮਰਜ਼ਾਂ, ਗ਼ਲਬਿਆਂ ਅਤੇ ਮੁਨਾਫ਼ਿਆਂ ਖ਼ਿਲਾਫ਼ ਲੜਦੀ ਧਿਰ ਦਾ ਨੁਮਾਇੰਦਾ ਹੈ। ਚੀ ਗਵੇਰਾ ਦਾ ਡਾਕਟਰ ਤੋਂ ਜਰਨੈਲ, ਗੁਰਸ਼ਰਨ ਸਿੰਘ ਦਾ ਇੰਜੀਨੀਅਰ ਤੋਂ ਨਾਟਕਕਾਰ ਅਤੇ ਸੌਕਰੇਟਸ ਦਾ ਡਾਕਟਰ ਤੋਂ ਫੁੱਟਬਾਲਰ ਬਣ ਜਾਣਾ ਮਨੁੱਖੀ ਦਰਦਮੰਦੀ ਦੀਆਂ ਮਿਸਾਲਾਂ ਹਨ। ਗੁਰਸ਼ਰਨ ਸਿੰਘ ਕਿਹਾ ਕਰਦੇ ਸਨ, "ਮੈਂ ਨਾਟਕਕਾਰ ਨਹੀਂ ਹਾਂ। ਮੈਂ ਕਮਿਉਨਿਸਟ ਹਾਂ।"

ਮਨੀਪੁਰ ਦੇ ਖਿਡਾਰੀਆਂ ਦੀ ਚਿੱਠੀ ਦਾ ਭਾਵੇਂ ਹਵਾਲਾ ਨਹੀਂ ਆਇਆ ਪਰ ਦਿੱਲੀ ਵਿੱਚ ਮਨੁੱਖੀ ਹਕੂਕ ਦਿਵਸ ਮੌਕੇ ਕੁਝ ਲੋਕਾਂ ਨੇ ਸ਼ਰਮੀਲਾ ਇਰੋਮ ਦੀ ਹਮਾਇਤ ਵਿੱਚ ਅਤੇ 'ਅਫ਼ਸਪਾ' ਦੇ ਵਿਰੋਧ ਵਿੱਚ ਰਾਜ ਘਾਟ ਉੱਤੇ ਨਾਅਰੇ ਲਗਾਏ। ਇਨ੍ਹਾਂ ਨਾਅਰੇ ਲਗਾਉਣ ਵਾਲਿਆਂ ਨੂੰ ਜਦੋਂ ਗ੍ਰਹਿ ਮੰਤਰਾਲੇ ਤੋਂ ਫ਼ੋਨ ਆਇਆ ਕਿ ਤੁਹਾਡੀਆਂ ਕਾਰਵਾਈ ਕਰਨ ਲਈ ਫੋਟੋਆਂ ਖਿੱਚ ਲਈਆਂ ਗਈਆਂ ਹਨ ਤਾਂ ਗਾਂਧੀਵਾਦੀ ਮਨੁੱਖੀ ਹਕੂਕ ਕਾਰਕੁਨ ਹਿਮਾਂਸ਼ੂ ਕੁਮਾਰ ਦਾ ਜਵਾਬ ਸੀ, "ਅਸੀਂ ਜੋ ਕਰਨਾ ਸੀ, ਸੋ ਕਰ ਲਿਆ। ਹੁਣ ਤੁਸੀਂ ਜੋ ਕਰਨਾ ਹੈ ਕਰ ਲਓ।" ਸੌਕਰੇਟਸ ਕਹਿੰਦਾ ਸੀ, "ਜ਼ਿੰਦਗੀ ਮਿਕਦਾਰ ਦਾ ਨਹੀਂ ਸਗੋਂ ਮਿਆਰ ਦਾ ਨਾਮ ਹੈ।" ਸ਼ਰਾਬ ਅਤੇ ਸਿਗਰਟ ਨੂੰ ਸੌਕਰੇਟਸ ਆਪਣਾ ਸਾਥੀ ਮੰਨਦਾ ਸੀ। ਸ਼ਾਇਦ ਇਹੋ ਉਸ ਦੀ ਚੁੱਪ ਦੀਆਂ ਰਾਜ਼ਦਾਰ ਸਨ। ਜ਼ਿਆਦਾਤਰ ਸ਼ਰਧਾਂਜਲੀ ਲੇਖ ਸਹਿਮਤ ਹਨ ਕਿ ਸ਼ਰਾਬ ਅਤੇ ਸਿਗਰਟ ਉਸ ਦੀ ਮੌਤ ਦੇ ਅਹਿਮ ਕਾਰਨ ਹਨ। ਡਾਕਟਰ ਸੌਕਰੇਟਸ ਹੀ ਦੱਸ ਸਕਦਾ ਹੈ ਕਿ ਇੰਨੀ ਬੇਬਾਕੀ ਅਤੇ ਦਰਦਮੰਦੀ ਨਾਲ ਕੋਈ 58 ਵਰ੍ਹੇ ਕਿਵੇਂ ਜਿਉਂ ਸਕਦਾ ਹੈ?

ਮੌਤ ਤੋਂ ਪਹਿਲਾਂ ਜ਼ਿੰਦਗੀ ਨਾਲ ਕੀਤੀ ਸੌਕਰੇਟਸ ਦੀ ਮਸ਼ਕਰੀ ਦਾ ਜ਼ਿਕਰ ਬੀ.ਬੀ.ਸੀ. ਦਾ ਖੇਡ ਲੇਖਕ ਜੋਨਾਥਨ ਜੁਰੀਜਕੋ ਕਰਦਾ ਹੈ। ਸੌਕਰੇਟਸ ਦੇ ਬੋਲਾਂ ਨੂੰ ਜੋਨਾਥਨ ਨੇ ਦੁਹਰਾਇਆ ਹੈ, "ਜਦੋਂ ਮੈਂ ਆਪਣੇ ਮੁੰਡੇ ਦਾ ਨਾਮ ਫੀਦਲ ਰੱਖਿਆ ਤਾਂ ਮੇਰੀ ਮਾਂ ਨੇ ਉਜਰ ਕੀਤਾ ਸੀ ਕਿ ਇਹ ਬੱਚੇ ਲਈ ਬਹੁਤ ਵੱਡਾ ਨਾਮ ਹੈ। ਮੈਂ ਪੁੱਛਿਆ ਸੀ ਕਿ ਤੂੰ ਮੇਰੇ ਨਾਲ ਕੀ ਕੀਤਾ ਸੀ?" ਸੌਕਰੇਟਸ ਨੇ ਆਪਣੇ ਨਾਮ ਅਤੇ ਸਿਰਨਾਮੀਏ ਸੁਕਰਾਤ ਨਾਲ ਤੋੜ ਨਿਭਾਈ ਹੈ। ਉਹ ਆਪਣੇ ਹਿੱਸੇ ਦਾ ਜ਼ਹਿਰ ਪੀ ਕੇ ਪੂਰਾ ਹੋਇਆ ਹੈ ਅਤੇ ਦਰਦਮੰਦੀ ਦੀ ਅਮੀਰ ਵਿਰਾਸਤ ਦਾ ਹਿੱਸਾ ਹੋ ਗਿਆ ਹੈ। ਉਹ ਭਾਵੇਂ ਕਿਸੇ ਖ਼ਾਨੇ ਲਈ ਨਹੀਂ ਬਣਿਆ ਪਰ ਪਾਲਿਆਂ ਦੀ ਬੇਬਾਕ ਚੋਣ ਉਸ ਦਾ ਅਸਲਾ ਰੂਪਮਾਨ ਕਰਦੀ ਹੈ। ਅਲਵਿਦਾ! ਡਾਕਟਰ ਸੌਕਰੇਟਸ।

1 comment:

Rajesh Sharma said...

Feelingly written tribute that relocates gradually to our subcontinent and its problems. Such writing in Punjabi should inaugurate a new genre of cultural-political writing.