Wednesday, October 26, 2011

ਇੱਕੀਵੀ ਸਦੀ ਵਿੱਚ ਸਾਮਰਾਜ ਦਾ ਜੰਗਲ ਰਾਜ

ਦਲਜੀਤ ਅਮੀ

ਕਰਨਲ ਮੁਆਮਰ ਗੱਦਾਫ਼ੀ ਦੀ ਮੌਤ ਦਾ ਜਸ਼ਨ ਮਨਾਉਣ ਵਿੱਚ ਮਸਰੂਫ਼ ਨਾਟੋ ਮੁਲਕਾਂ ਵਿੱਚ ਇਹ ਆਵਾਜ਼ ਉੱਠ ਰਹੀ ਹੈ ਕਿ ਦੁਨੀਆ ਉਸ ਖ਼ਿਲਾਫ਼ ਅਦਾਲਤੀ ਕਾਰਵਾਈ ਤੋਂ ਬਚ ਗਈ ਹੈ। ਅਦਾਲਤਾਂ ਨੂੰ ਜਮਹੂਰੀਅਤ ਦੇ ਅਹਿਮ ਥੰਮ੍ਹ ਅਤੇ ਨਿਰਪੱਖ ਅਦਾਰੇ ਵਜੋਂ ਪ੍ਰਚਾਰਨ ਵਾਲੇ ਮੁਲਕਾਂ ਦੀਆਂ ਅਦਾਲਤਾਂ ਦੀ ਕਾਰਵਾਈ ਤਾਂ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਹੈ। ਗੱਦਾਫ਼ੀ ਦੀ ਮੌਤ ਤੋਂ ਪਹਿਲਾਂ ਹੀ ਅਮਰੀਕੀ ਅਤੇ ਯੂਰਪੀ ਅਖ਼ਬਾਰਾਂ ਵਿੱਚ ਚਰਚਾ ਛਿੜ ਗਈ ਸੀ ਕਿ ਉਸ ਖ਼ਿਲਾਫ਼ ਅਦਾਲਤੀ ਕਾਰਵਾਈ ਲਿਬੀਆ ਵਿੱਚ ਹੋਣੀ ਚਾਹੀਦੀ ਹੈ ਜਾਂ ਕੌਮਾਂਤਰੀ ਅਦਾਲਤ ਵਿੱਚ। ਸ਼ਾਇਦ ਨਾਟੋ ਮੁਲਕ ਅਦਾਲਤੀ ਕਾਰਵਾਈ ਤੋਂ ਇੰਨੇ ਭੈਅਭੀਤ ਕਦੇ ਨਹੀਂ ਰਹੇ। ਉਨ੍ਹਾਂ ਨੇ ਅਦਾਲਤੀ ਕਾਰਵਾਈ ਰਾਹੀਂ ਪਹਿਲਾਂ ਤੈਅ ਫ਼ੈਸਲੇ ਲੈਣ ਲਈ ਗੁਆਂਟੋਨਾਮੋ ਬੇਅ ਵਰਗੇ ਬੰਦੋਬਸਤ ਕੀਤੇ ਹਨ ਪਰ ਇਹ ਉਸ ਤੋਂ ਵੀ ਅਗਲਾ ਪੜਾਅ ਹੈ। ਇਸ ਤਰ੍ਹਾਂ ਕਤਲ ਕਰਨ ਦੀ ਮੁਹਿੰਮ ਦੀ ਖੁੱਲ੍ਹੀ ਹਮਾਇਤ ਅਤੇ ਜਸ਼ਨ ਵਿੱਚ ਸ਼ਮੂਲੀਅਤ ਮੌਜੂਦਾ ਕੌਮਾਂਤਰੀ ਸਾਮਰਾਜੀ ਨਿਜ਼ਾਮ ਦਾ ਖ਼ੂਨਖ਼ਾਰ ਚਿਹਰਾ ਬੇਪਰਦ ਕਰਦੀ ਹੈ।

ਇਸ ਧਾਰਨਾ ਦਾ ਖੁਲਾਸਾ ਕਰਨ ਲਈ ਐਡਵਰਡ ਐਸ. ਹਰਮਨ ਦੀ ਲਿਖਤ ਦਾ ਜ਼ਿਕਰ ਜ਼ਰੂਰੀ ਹੈ। ਉਨ੍ਹਾਂ ਨੇ ਆਪਣੇ ਸੱਜਰੇ ਲੇਖ 'ਅਸੈਸੀਨੇਸ਼ਨ ਰਾਈਟਸ' (ਕਤਲ ਦਾ ਹੱਕ) ਵਿੱਚ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫੀਦਲ ਕਾਸਤਰੋ ਦੀ ਸੁਰੱਖਿਆ ਦੇ ਮੁਖੀ ਫੇਬੀਅਨ ਐਸਕਾਲਨਤੇ ਦਾ ਹਵਾਲਾ ਦਿੱਤਾ ਹੈ। ਫੇਬੀਅਨ ਨੇ ਲਿਖਿਆ ਹੈ ਕਿ ਕਾਸਤਰੋ ਨੂੰ ਮਾਰਨ ਦੀਆਂ ੬੩੮ ਨਾਕਾਮਯਾਬ ਸਾਜ਼ਿਸ਼ਾਂ ਕੀਤੀਆਂ ਗਈਆਂ। ਸੱਤ ਸਾਜ਼ਿਸ਼ਾਂ ਦੀ ਤਫ਼ਸੀਲ ਲਿਖਣ ਵਾਲੇ ਡਨਕਨ ਕੈਂਪਬੈੱਲ ਨੇ ਲਿਖਿਆ ਹੈ ਕਿ ਅਜਿਹੀ ਨਾਕਾਮਯਾਬ ਸਾਜ਼ਿਸ਼ ਕਰਨ ਵਾਲਾ ਲਿਉਸ ਪੋਸਾਦਾ ਕਾਰਾਇਲ, ਫਲੋਰਿਡਾ ਵਿੱਚ ਰਹਿੰਦਾ ਹੈ। ਉਹ ਕਈ ਅਤਿਵਾਦੀ ਸਰਗਰਮੀਆਂ ਵਿੱਚ ਸ਼ਰੀਕ ਰਿਹਾ ਹੈ। ਫਲੋਰਿਡਾ ਵਿੱਚ ਉਸ ਵਰਗੇ ਬਹੁਤ ਸਾਰੇ ਰਹਿੰਦੇ ਹਨ। ਇਸ ਤੋਂ ਅੱਗੇ ਐਡਵਰਡ ਹਰਮਨ ਨੇ ਟਿੱਪਣੀ ਕੀਤੀ ਹੈ, "ਫਲੋਰਿਡਾ ਨੂੰ ਆਲਮੀ ਅਤਿਵਾਦ ਦਾ ਧੁਰਾ ਕਰਾਰ ਦੇਣਾ ਗ਼ਲਤ ਹੋਵੇਗਾ ਕਿਉਂਕਿ ਇਹ ਮਾਣ ਵਾਸ਼ਿੰਗਟਨ ਨੂੰ ਜਾਂਦਾ ਹੈ। ਜਿਵੇਂ ਗੁਆਂਟੋਨਾਮੋ ਬੇਅ ਦਾ ਤਸ਼ਦੱਦਖ਼ਾਨਾ ਵਾਸ਼ਿੰਗਟਨ ਨਾਲ ਜੁੜੇ ਤਸ਼ਦੱਦ ਦੇ ਤਾਣੇ-ਬਾਣੇ ਦੀ ਸ਼ਾਖ਼ ਮਾਤਰ ਹੈ, ਉਸੇ ਤਰ੍ਹਾਂ ਫਲੋਰਿਡਾ ਵੀ ਇਸ ਦੀ ਸ਼ਾਖ਼ ਹੈ।" ਹਰਮਨ ਦੀ ਇਸ ਟਿੱਪਣੀ ਦੀ ਤਸਦੀਕ ਕੁਝ ਸਮਾਂ ਪਹਿਲਾਂ 'ਨਿਊ ਯੋਰਕਰ' ਵਿੱਚ ਛਪੇ ਨਿਕੋਲਸ ਸ਼ਕਮਿਡਲ ਦੇ ਲੇਖ ਤੋਂ ਹੁੰਦੀ ਹੈ ਜਿਸ ਵਿੱਚ ਉਸਾਮਾ ਬਿਨ-ਲਾਦਿਨ ਦੇ ਕਤਲ ਦੀ ਸਮੁੱਚੀ ਵਿਉਂਤਬੰਦੀ ਦਾ ਜ਼ਿਕਰ ਕੀਤਾ ਗਿਆ ਹੈ। ਇਸ ਮੁਹਿੰਮ ਦੀ ਅਹਿਮੀਅਤ ਅਤੇ ਔਖ ਬਾਬਤ ਨਿਕੋਲਸ ਦੇ ਸਵਾਲ ਦੇ ਜਵਾਬ ਵਿੱਚ ਅਮਰੀਕੀ ਖ਼ੁਫ਼ੀਆ ਏਜੰਸੀ ਦੇ ਅਫ਼ਸਰ ਨੇ ਕਿਹਾ ਹੈ ਕਿ ਪਿਛਲੇ ਸਾਲਾਂ ਦੌਰਾਨ ਅਜਿਹੀਆਂ ਦੋ ਹਜ਼ਾਰ ਤੋਂ ਵੱਧ ਕਾਮਯਾਬ ਕਾਰਵਾਈਆਂ ਕੀਤੀਆਂ ਗਈਆਂ ਹਨ। ਉਸ ਰਾਤ ਵੀ ਅਜਿਹੀਆਂ ਤਕਰੀਬਨ ਦਰਜਨ ਕਾਰਵਾਈਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਵੀਹ ਨਿਸ਼ਾਨੇ ਫੁੰਡੇ ਗਏ।

ਗੱਦਾਫ਼ੀ ਦੀ ਜ਼ਿੰਦਗੀ ਦੇ ਆਖ਼ਰੀ ਛਿਣਾਂ ਦੀ ਟੈਲੀਵਿਜ਼ਨ ਉੱਤੇ ਨੁਮਾਇਸ਼ ਕਿਸੇ ਵੀ ਮੀਡੀਆ, ਜਮਹੂਰੀ ਅਤੇ ਮਨੁੱਖੀ ਸਿਧਾਂਤ ਤੋਂ ਸੱਖਣੀ ਹੈ। ਇਹ ਨੁਮਾਇਸ਼ ਯੂਰਪ ਅਤੇ ਅਮਰੀਕਾ ਵਿੱਚ ਕੁਝ ਚਰਚਾ ਦਾ ਵਿਸ਼ਾ ਬਣੀ ਹੈ ਪਰ ਭਾਰਤ ਵਿੱਚ ਸਹਿਜ ਬਣਾ ਦਿੱਤੀ ਗਈ ਹੈ। ਭਾਰਤ ਦੇ ਟੈਲੀਵਿਜ਼ਨ ਪੱਤਰਕਾਰ ਪੱਬਾਂ ਭਾਰ ਹੋ ਕੇ ਲਿਬੀਆ ਵਿੱਚ ਗੱਦਾਫ਼ੀ ਦੀ ਤਾਨਾਸ਼ਾਹੀ ਖ਼ਿਲਾਫ਼ ਜਿੱਤ ਹਾਸਲ ਕਰਨ ਤੋਂ ਬਾਅਦ ਉਸ ਨੂੰ ਕੋਹ ਕੇ ਮਾਰਨ ਵਾਲੇ ਲੜਾਕਿਆਂ ਦੇ ਜਸ਼ਨ ਵਿੱਚ ਸ਼ਰੀਕ ਹੋਏ। ਇਹ ਫਿਕਰਾ ਵਾਰ-ਵਾਰ ਦੁਹਰਾਇਆ ਜਾ ਰਿਹਾ ਸੀ, "ਕਿਸੀ ਨੇ ਸੋਚਾ ਭੀ ਨਾ ਥਾ ਕਿ ਇਤਨੀ ਤਾਕਤ ਰਖਨੇ ਵਾਲੇ ਕਾ ਅੰਤ ...।" ਇਹੋ ਫਿਕਰਾ ਕ੍ਰਿਕਟ ਦੇ ਵਿਸ਼ਵ ਕੱਪ ਵਿੱਚ ਪਹਿਲਾਂ ਆਸਟਰੇਲੀਆ, ਫਿਰ ਪਾਕਿਸਤਾਨ ਅਤੇ ਅੰਤ ਵਿੱਚ ਸ਼੍ਰੀਲੰਕਾ ਦੀ ਟੀਮਾਂ ਨੂੰ ਹਰਾਉਣ ਤੋਂ ਬਾਅਦ ਬੋਲਿਆ ਜਾਂਦਾ ਸੀ। ਟੈਲੀਵਿਜ਼ਨ ਨੇ ਖੇਡ ਅਤੇ ਮੌਤ ਦੇ ਜਸ਼ਨ ਨੂੰ ਇੱਕ-ਮਿੱਕ ਕਰ ਦਿੱਤਾ। ਮੌਤ ਨੂੰ ਖੇਡ ਬਣਾ ਦਿੱਤਾ। ਇਹ ਸਵਾਲ ਕਰਨਾ ਬਣਦਾ ਹੈ ਕਿ ਭਾਰਤ ਵਰਗੇ ਮੁਲਕਾਂ ਵਿੱਚ ਗੱਦਾਫ਼ੀ ਦੀ ਮੌਤ ਦਾ ਜਸ਼ਨ ਕਿਉਂ ਮਨਾਇਆ ਜਾ ਰਿਹਾ ਹੈ? ਸਾਡਾ ਲਿਬੀਆ ਅਤੇ ਗੱਦਾਫ਼ੀ ਨਾਲ ਕਿਵੇਂ ਦਾ ਰਿਸ਼ਤਾ ਰਿਹਾ ਹੈ?

ਅਮਰੀਕਾ ਵਿੱਚ ਟੈਲੀਵਿਜ਼ਨ ਉੱਤੇ ਸਤੰਬਰ 2001 ਦੇ ਹਮਲਿਆਂ ਵਿੱਚ ਮਰਨ ਵਾਲਿਆਂ ਦੀਆਂ ਉਸ ਵੇਲੇ ਦੀਆਂ ਤਸਵੀਰਾਂ ਨਹੀਂ ਦਿਖਾਈਆਂ ਜਾਂਦੀਆਂ। ਜਾਰਜ ਬੁੱਸ਼ ਨੇ ਇਰਾਕ ਵਿੱਚ ਮਰਨ ਵਾਲੇ ਫ਼ੌਜੀਆਂ ਦੀ ਟੈਲੀਵਿਜ਼ਨ ਉੱਤੇ ਪੇਸ਼ਕਾਰੀ ਦੀ ਪਾਬੰਦੀ ਲਗਾਈ ਸੀ। ਭਾਰਤ ਵਿੱਚ ਭਾਜਪਾ ਦੇ ਬੁਲਾਰੇ ਕਹਿੰਦੇ ਹਨ ਕਿ ਭਾਰਤੀਆਂ ਨੂੰ ਅਮਰੀਕਾ ਤੋਂ ਸਬਕ ਸਿੱਖਣਾ ਚਾਹੀਦਾ ਹੈ। ਇਸ ਮੁਲਕ ਵਿੱਚ ਗੁਜਰਾਤ ਦੀਆਂ ਤਸਵੀਰਾਂ ਵਾਰ-ਵਾਰ ਕਿਉਂ ਦਿਖਾਈਆਂ ਜਾਂਦੀਆਂ ਹਨ? ਇਹ ਸਵਾਲ ਸੰਘ-ਪਰਿਵਾਰ ਹਰ ਮੌਕੇ ਇਨ੍ਹਾਂ ਹਵਾਲਿਆਂ ਨਾਲ ਪੁੱਛਦਾ ਆਇਆ ਹੈ। ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਕਾਰਗਿਲ ਜੰਗ ਦੌਰਾਨ ਮਾਰੇ ਗਏ ਫ਼ੌਜੀਆਂ ਦੇ ਸਸਕਾਰ ਟੈਲੀਵਿਜ਼ਨ ਰਾਹੀਂ ਨਸ਼ਰ ਕਰਕੇ ਜੰਗੀ ਮਾਹੌਲ ਪੈਦਾ ਕੀਤਾ ਸੀ ਅਤੇ ਇਨ੍ਹਾਂ ਪ੍ਰੋਗਰਾਮਾਂ ਦੀ ਇਸ਼ਤਿਹਾਰਾਂ ਰਾਹੀਂ ਸਰਪ੍ਰਸਤੀ ਭਾਰਤ ਵਿੱਚ ਆਈਆਂ ਨਵੀਆਂ ਬਹੁਕੌਮੀ-ਕੰਪਨੀਆਂ ਨੇ ਕੀਤੀ ਸੀ। ਹਰ ਨਵੀਂ ਖਰੀਦ ਦਾ ਹਿੱਸਾ ਫ਼ੌਜੀਆਂ ਦੀ ਭਲਾਈ ਲਈ ਦਿੱਤੇ ਜਾਣ ਦੇ ਵਾਅਦੇ ਕੀਤੇ ਗਏ ਸਨ। ਸਾਮਰਾਜ ਅਤੇ ਖੁੱਲ੍ਹੀ ਮੰਡੀ ਦਾ ਇਹੋ ਗੱਠਜੋੜ ਗੱਦਾਫ਼ੀ ਦੀ ਮੌਤ ਦਾ ਜਸ਼ਨ ਮਨਾ ਰਿਹਾ ਹੈ, ਇਹ ਜਸ਼ਨ ਖੁੱਲ੍ਹੀ ਮੰਡੀ ਲਈ ਮੌਕਿਆਂ ਦਾ ਨਵਾਂ ਖਿੱਤਾ ਖੋਲ੍ਹ ਰਿਹਾ ਹੈ ਅਤੇ ਪੁਰਾਣੇ ਨੂੰ ਮਜ਼ਬੂਤ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਨੀਤੀ ਅਤੇ ਖੁੱਲ੍ਹੀ ਮੰਡੀ ਦੇ ਗੱਠਜੋੜ ਦਾ ਗੱਦਾਫ਼ੀ ਦੇ ਹਵਾਲੇ ਨਾਲ ਜ਼ਾਹਰਾ ਰੂਪ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਕੋਂਡੋਲੀਜ਼ਾ ਰਾਈਸ ਦੀ ਨਵੀਂ ਕਿਤਾਬ ਵਜੋਂ ਸਾਹਮਣੇ ਆਇਆ ਹੈ। ਰਾਇਸ ਨੇ 'ਨੋ ਹਾਈਅਰ ਔਨਰ: ਏ ਮੈਮਾਇਰ ਆਫ਼ ਮਾਈ ਈਅਰਜ਼ ਇਨ ਵਾਸ਼ਿੰਗਟਨ' ਨਾਂ ਦੀ ਕਿਤਾਬ ਵਿੱਚ ਆਪਣੇ ਤਜਰਬੇ ਸਾਂਝੇ ਕੀਤੇ ਹਨ। ਗੱਦਾਫ਼ੀ ਦੀ ਕੋਂਡੋਲੀਜ਼ਾ ਰਾਈਸ ਪ੍ਰਤੀ ਖਿੱਚ ਜੱਗਜ਼ਾਹਿਰ ਸੀ ਜਿਸ ਦਾ ਜ਼ਿਕਰ ਇਸ ਕਿਤਾਬ ਵਿੱਚ ਵੀ ਹੋਇਆ ਹੈ। ਗੱਦਾਫ਼ੀ ਦੀ ਮੌਤ ਇਸ ਕਿਤਾਬ ਦੀ ਮਸ਼ਹੂਰੀ ਲਈ ਸਬੱਬ ਬਣ ਗਈ ਹੈ। ਇਹ ਕਿਤਾਬ ਪਹਿਲੀ ਨਬੰਵਰ ਨੂੰ ਦੁਕਾਨਾਂ ਉੱਤੇ ਆ ਜਾਵੇਗੀ। ਖੁੱਲ੍ਹੀ ਮੰਡੀ ਦੀ ਮੌਕਾਪ੍ਰਸਤੀ ਦੀ ਇਸ ਮਿਸਾਲ ਨੂੰ ਪਿਛਲੇ ਦਿਨੀਂ ਚੱਲੇ ਸ਼ੋਏਬ-ਸਚਿਨ ਵਿਵਾਦ ਨਾਲ ਜੋੜ ਕੇ ਵੀ ਵੇਖਿਆ ਜਾ ਸਕਦਾ ਹੈ।

ਵਿਜੇ ਪ੍ਰਸਾਦ ਨੇ ਗੱਦਾਫ਼ੀ ਦੇ ਕਤਲ ਦੀ ਆਲਮੀ ਮਾਹੌਲ ਦੇ ਹਵਾਲੇ ਨਾਲ ਇਤਿਹਾਸਮੁਖੀ ਵਿਆਖਿਆ ਕੀਤੀ ਹੈ, "ਮੌਜੂਦਾ ਜਸ਼ਨ ਦੇ ਮੱਠਾ ਪੈਣ ਤੋਂ ਬਾਅਦ ਇਹ ਸਮਝ ਲੈਣਾ ਲਾਜ਼ਮੀ ਹੋਵੇਗਾ ਕਿ ਸਾਡਾ ਵਾਹ ਦੋ ਗੱਦਾਫ਼ੀਆਂ ਨਾਲ ਪਿਆ ਹੈ। ਪਹਿਲਾ ਗੱਦਾਫ਼ੀ 1969 ਤੋਂ 1988 ਵਾਲਾ ਹੈ ਜਿਸ ਦੀ ਜਮਹੂਰੀਅਤ ਤੋਂ ਅਣਭਿੱਜ ਮੁਲਕਪ੍ਰਸਤੀ ਸਾਮਰਾਜ ਵਿਰੋਧੀ ਸੀ। ਦੂਜਾ ਗੱਦਾਫ਼ੀ 1988 ਤੋਂ 2011 ਵਾਲਾ ਹੈ ਜੋ ਨਵੀਆਂ ਉਦਾਰੀਕਰਨ ਅਤੇ ਨਿੱਜੀਕਰਨ ਵਾਲੀਆਂ ਨੀਤੀਆਂ ਨੂੰ ਲਾਗੂ ਕਰਦਾ ਹੋਇਆ ਸਾਮਰਾਜਵਾਦ ਦਾ ਹਮਾਇਤੀ (ਖਾਸ ਕਰ ਅਤਿਵਾਦ ਖ਼ਿਲਾਫ਼ ਜੰਗ) ਸੀ। ਨਾਟੋ ਨੇ ਪਹਿਲੇ ਗੱਦਾਫ਼ੀ ਦਾ ਕਤਲ ਕੀਤਾ ਹੈ। ਕੀ ਲਿਬੀਆ ਦੇ ਲੋਕ ਦੂਜੇ ਗੱਦਾਫ਼ੀ ਨੂੰ ਖ਼ਤਮ ਕਰ ਸਕਣਗੇ।" ਵਿਜੇ ਪ੍ਰਸਾਦ ਦੀ ਇਸ ਦਲੀਲ ਦਾ ਪਸਾਰਾ ਮੌਜੂਦਾ 'ਅਤਿਵਾਦ ਖ਼ਿਲਾਫ਼ ਜੰਗ' ਦੀਆਂ ਗੁੱਝੀਆਂ ਪਰਤਾਂ ਖੋਲ੍ਹਦਾ ਹੈ। ਇਸ ਦੌਰ ਵਿੱਚ ਅਮਰੀਕਾ ਨੇ ਆਪਣੇ ਪੁਰਾਣੇ ਮੁਜਾਹਿਦੀਨ ਸਾਥੀਆਂ ਦਾ ਖੁੱਲ੍ਹ ਕੇ ਸ਼ਿਕਾਰ ਖੇਡਿਆ ਹੈ। ਸਮੁੱਚੇ ਆਲਮੀ ਮਾਹੌਲ ਨੂੰ ਉਸ ਨੇ ਅਫ਼ਗ਼ਾਨਿਸਤਾਨ ਅਤੇ ਇਰਾਕ ਦੀਆਂ ਨਾਕਾਮਯਾਬੀਆਂ ਤੋਂ ਬਾਅਦ ਅਫ਼ਰੀਕਾ ਵੱਲ ਮੋੜਾ ਦੇਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਅਤਿਵਾਦ ਖ਼ਿਲਾਫ਼ ਉਸਾਰੀ ਧੜੇਬੰਦੀ ਲਿਬੀਆ ਵਿੱਚ ਨਵੀਂਆਂ ਜੁਗਤਾਂ ਨਾਲ ਕੰਮ ਆਈ ਹੈ। ਇਨ੍ਹਾਂ ਜੁਗਤਾਂ ਰਾਹੀਂ ਹਾਸਿਲ ਸਾਮਰਾਜੀ ਕਾਮਯਾਬੀਆਂ ਦਾ ਜ਼ਿਕਰ 'ਇੰਡੀਪੈਂਡੈਂਟ' ਅਖ਼ਬਾਰ ਦੀ ਕਾਲਮਨਵੀਸ ਮੇਰੀ ਡੇਜੇਵਸਕੀ ਨੇ ਕੀਤਾ ਹੈ, "ਡੈਵਿਡ ਕੈਮਰੌਨ ਅਤੇ ਨਿਕੋਲਸ ਸਰਕੋਜ਼ੀ ਆਪਣੀ-ਆਪਣੀ ਅਤੇ ਇਕ-ਦੂਜੇ ਦੀ ਫ਼ੌਜ ਨੂੰ ਵਧਾਈ ਦਿੰਦੇ ਹੋਏ ਇਹ ਦਲੀਲ ਅੱਗੇ ਵਧਾ ਰਹੇ ਹਨ ਕਿ ਪੱਛਮੀ ਮੁਲਕਾਂ ਦੀ ਦਖ਼ਲਅੰਦਾਜ਼ੀ ਸੰਭਵ ਹੀ ਨਹੀਂ ਸਗੋਂ ਲੋੜੀਂਦੀ ਵੀ ਹੈ। ਇਹ ਕਿਹਾ ਜਾਵੇਗਾ ਕਿ ਇਰਾਕ ਦੀ ਨਮੋਸ਼ੀ ਲਿਬੀਆ ਵਿੱਚ ਖ਼ਤਮ ਹੋ ਗਈ ਹੈ। ... ਬੁਨਿਆਦੀ ਤੌਰ ਉੱਤੇ ਇੰਗਲੈਂਡ ਅਤੇ ਫਰਾਂਸ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਤੈਅ ਟੀਚੇ ਹਾਸਲ ਕਰਨ ਵਿੱਚ ਕਾਮਯਾਬ ਹੋਈ ਹੈ ਪਰ ਇਹ ਇਨ੍ਹਾਂ ਦੋਵਾਂ ਮੁਲਕਾਂ ਸਮੇਤ ਅਮਰੀਕਾ ਦੇ ਚਿਰਕਾਲੀ ਕੌਮੀ ਹਿੱਤਾਂ ਲਈ ਸਿਆਣੀ ਗੱਲ ਨਹੀਂ ਹੈ। ਇਹ ਨੈਤਿਕ ਪੱਖੋਂ ਗ਼ਲਤ ਹੈ।" ਇਸ ਲੇਖ ਦਾ ਅਗਲਾ ਹਿੱਸਾ ਵਧੇਰੇ ਧਿਆਨ ਦੀ ਮੰਗ ਕਰਦਾ ਹੈ, "ਇਰਾਕ ਤੋਂ ਸਿੱਖੇ ਸਬਕਾਂ ਦੀ ਨੁਮਾਇਸ਼ ਇਸ ਮੁਹਿੰਮ ਵਿੱਚ ਹੋਈ ਹੈ। ਲਿਬੀਆ ਦੀ ਧਰਤੀ ਉੱਤੇ ਫ਼ੌਜੀ ਉਤਾਰਨ ਦਾ ਕੋਈ ਉਪਰਾਲਾ ਨਹੀਂ ਹੋਇਆ। ਵਿਸ਼ੇਸ਼ ਦਸਤਿਆਂ ਦੀ ਦਖ਼ਲਅੰਦਾਜ਼ੀ ਵੀ ਮੁਨਕਰ ਹੋਣ ਦੀ ਹੱਦ ਤੱਕ ਸੀਮਤ ਰਹੀ। ਬਾਕੀ ਸਾਰੀ ਕਾਰਵਾਈ ਹਵਾਈ ਫ਼ੌਜ ਦੇ ਹੱਥ ਰਹੀ। ਖ਼ਬਰਾਂ ਮੁਤਾਬਕ ਇੰਗਲੈਂਡ, ਫਰਾਂਸ ਜਾਂ ਅਮਰੀਕਾ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਨਿਸ਼ਾਨੇ ਫੁੰਡਣ ਵਿੱਚ ਜ਼ਿਆਦਾ ਗ਼ਲਤੀਆਂ ਨਹੀਂ ਹੋਈਆਂ ਅਤੇ ਬੇਕਸੂਰ ਸ਼ਹਿਰੀਆਂ ਦਾ ਜਾਨੀ ਨੁਕਸਾਨ ਘੱਟ ਹੋਇਆ। ਬਾਗ਼ੀਆਂ ਦੇ ਕਬਜ਼ੇ ਵਿੱਚ ਆਏ ਸ਼ਹਿਰਾਂ ਵਿੱਚ ਅਮਨ-ਕਾਨੂੰਨ ਅਤੇ ਬੁਨਿਆਦੀ ਸਹੂਲਤਾਂ ਬਹਾਲ ਕਰਨ ਲਈ ਹੰਗਾਮੀ ਬੰਦੋਬਸਤ ਸਮੇਂ ਸਿਰ ਹੋਏ। ਤ੍ਰਿਪੋਲੀ ਉੱਤੇ ਕਬਜ਼ੇ ਤੱਕ ਆਰਜ਼ੀ ਸਰਕਾਰ ਤਿਆਰ ਹੋ ਚੁੱਕੀ ਸੀ। ਇੱਥੇ ਇਰਾਕ ਵਾਂਗ ਖਲਾਅ ਪੈਦਾ ਨਹੀਂ ਹੋਇਆ।"

ਇਰਾਨ ਦੇ ਜੰਗੀ ਸਬਕਾਂ ਨੂੰ ਲਿਬੀਆ ਵਿੱਚ ਲਾਗੂ ਕਰਕੇ ਨਾਟੋ ਨੇ ਇਹ ਧਾਰਨਾ ਪੇਸ਼ ਕੀਤੀ ਹੈ ਕਿ ਦੂਜੇ ਮੁਲਕਾਂ ਵਿੱਚ ਫ਼ੌਜੀ ਕਬਜ਼ੇ ਦੀ ਲੋੜ ਨਹੀਂ। ਲਿਬੀਆ ਵਿੱਚ ਇਰਾਕ ਵਾਂਗ ਵਿਦੇਸ਼ੀ ਫ਼ੌਜ ਨਹੀਂ ਹੈ। ਬਾਗ਼ੀਆਂ ਦੀ ਭਰਤੀ, ਸਿਖਲਾਈ ਅਤੇ ਅਸਲੇ ਦੀ ਪੂਰਤੀ ਵਿੱਚ ਨਾਟੋ ਦੇ ਹੱਥ ਨੂੰ ਕੌਣ ਨਜ਼ਰਅਮਦਾਜ਼ ਕਰ ਸਕਦਾ ਹੈ? ਨਾਟੋ ਮੁਲਕਾਂ ਨੇ ਜ਼ਾਹਰਾ ਹਾਜ਼ਰੀ ਤੋਂ ਬਚ ਕੇ ਆਪਣੇ ਮੁਲਕਾਂ ਦੇ ਸ਼ਹਿਰੀਆਂ ਨੂੰ ਜਤਾ ਦਿੱਤਾ ਹੈ ਕਿ ਜੇ ਜਾਨੀ ਨੁਕਸਾਨ ਨਾ ਹੋਵੇ ਤਾਂ ਦੂਜੇ ਮੁਲਕਾਂ ਦੀਆਂ ਤਾਨਾਸ਼ਾਹੀਆਂ, ਗ਼ੈਰ-ਜਮਹੂਰੀ ਸਰਕਾਰਾਂ ਅਤੇ ਨਾਪਸੰਦ ਨਿਜ਼ਾਮਾਂ ਨੂੰ ਪਲਟਾਉਣ ਲਈ 'ਮਨੁੱਖੀ ਦਖ਼ਲਅੰਦਾਜ਼ੀ' ਜ਼ਰੂਰੀ ਹੈ। ਇਸ ਤੋਂ ਤੈਅ ਹੋ ਗਿਆ ਹੈ ਕਿ ਹੁਣ ਸਾਮਰਾਜੀ ਜੰਗੀ ਮੁਹਿੰਮਾਂ ਜ਼ਿਆਦਾ ਬੇਕਿਰਕੀ ਨਾਲ ਦੂਰੋਂ ਚਲਾਈਆਂ ਜਾਣਗੀਆਂ ਅਤੇ ਇਨ੍ਹਾਂ ਦਾ ਸਿੱਧਾ ਪ੍ਰਸਾਰਨ ਵ੍ਹਾਇਟ ਹਾਊਸ ਵਿੱਚ ਦੇਖਿਆ ਜਾ ਸਕੇਗਾ। ਇਸ ਦਾ ਚੋਣਵਾਂ ਹਿੱਸਾ ਹਰ ਘਰ ਪਹੁੰਚਦਾ ਕੀਤਾ ਜਾ ਸਕੇਗਾ। ਇਹ ਮੌਜੂਦਾ ਦੌਰ ਵਿੱਚ ਗ਼ੁਲਾਮੀ ਦੀ ਧਾਰਨਾ ਦਾ ਕਰੂਰ ਪ੍ਰਗਟਾਵਾ ਹੈ। ਜੰਗੀ ਮੁਹਿੰਮਾਂ ਵਿੱਚ ਮਰਨ ਵਾਲੇ ਨਾਟੋ ਮੁਲਕਾਂ ਦੇ ਸ਼ਹਿਰੀਆਂ ਦੇ ਮੁਕਾਬਲੇ ਦੋਇਮ ਦਰਜ਼ੇ ਦੇ 'ਇਨਸਾਨ' ਹਨ। ਉਨ੍ਹਾਂ ਨੂੰ ਭਾੜੇ ਦੇ ਕਾਤਲ ਸੀਲ ਖ਼ਪਤਕਾਰ ਬਣਾ ਸਕਦੇ ਹਨ; ਜਿਨ੍ਹਾਂ ਦੀ ਸਰਪ੍ਰਸਤੀ ਹਵਾਈ ਜਹਾਜ਼, ਡਰੋਨ ਅਤੇ ਮਿਜ਼ਾਇਲਾਂ ਕਰ ਸਕਦੀਆਂ ਹਨ।

ਇਸ ਮਾਹੌਲ ਵਿੱਚ ਨਾਟੋ ਮੁਲਕਾਂ ਨਾਲ ਇਸਰਾਈਲੀ ਭਾਈਵਾਲੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਦੋਂ ਇਸਰਾਈਲ ਨੇ ਲਿਬਨਾਨ ਉੱਤੇ ਹਮਲਾ ਕੀਤਾ ਤਾਂ ਕੋਂਡੋਲੀਜ਼ਾ ਰਾਈਸ ਨੇ ਇਸ ਨੂੰ 'ਨਵੇਂ ਮੱਧ-ਪੂਰਬ ਦੀ ਜਨਮ ਪੀੜਾ' ਕਰਾਰ ਦਿੱਤਾ ਸੀ। ਪੂਰੀ ਦੁਨੀਆਂ ਦਾ ਤਿੰਨ ਚੌਥਾਈ ਹਿੱਸਾ ਫਲਸਤੀਨ ਉੱਤੇ ਇਸਰਾਈਲੀ ਕਬਜ਼ੇ ਦੇ ਖ਼ਿਲਾਫ਼ ਹੈ ਪਰ ਅਮਰੀਕਾ ਦੀ ਹਮਾਇਤ ਨਾਲ ਸਾਰੇ ਕੌਮਾਂਤਰੀ ਅਦਾਰੇ ਇਸ ਮਾਮਲੇ ਵਿੱਚ ਨਿਕੰਮੇ ਸਾਬਤ ਹੋਏ ਹਨ। ਵਿਜੇ ਪ੍ਰਸਾਦ ਦੀ ਦਲੀਲ ਦਾ ਦੂਜਾ ਪਾਸਾ ਇਹ ਹੈ ਕਿ ਨਾਟੋ ਨੇ ਲਿਬੀਆ ਵਿੱਚ ਇਸਰਾਈਲ ਵਿਰੋਧੀ ਅਤੇ ਗੁੱਟ-ਨਿਰਲੇਪ ਲਹਿਰ ਦੇ ਅਹਿਮ ਆਗੂ ਨੂੰ ਮਰਵਾਇਆ ਹੈ। ਇਸ ਨਾਲ ਅਮਰੀਕੀ-ਇਸਰਾਈਲੀ ਸਰਦਾਰੀ ਮਜ਼ਬੂਤ ਹੋਈ ਹੈ। ਜੇ ਯੂਰਪੀ ਮੁਲਕਾਂ ਨੇ ਇਰਾਕ ਤੋਂ ਸਿੱਖੇ ਸਬਕ ਲਿਬੀਆ ਵਿੱਚ ਲਾਗੂ ਕੀਤੇ ਹਨ ਤਾਂ ਅਮਰੀਕਾ ਨੇ ਵੀ ਇਨ੍ਹਾਂ ਸਬਕਾਂ ਨੂੰ ਲਾਗੂ ਕਰਦੇ ਹੋਏ ਯੂਰਪੀਆਂ ਨੂੰ ਜੰਗੀ ਮੁਹਿੰਮਾਂ ਦੀ ਘੇਰਾਬੰਦੀ ਵਿੱਚ ਕਰ ਲਿਆ ਹੈ। ਇਰਾਕ ਅਤੇ ਅਫ਼ਗ਼ਾਨਿਸਤਾਨ ਵਿਚੋਂ ਹੱਥ ਪਿਛਾਂਹ ਖਿੱਚਣ ਵਾਲੇ ਮੁਲਕ ਲਿਬੀਆ ਵਿੱਚ ਅਗਵਾਨ ਬਣ ਗਏ ਹਨ। ਮਨੁੱਖੀ ਹਕੂਕ ਦੀ ਅਲੰਬਰਦਾਰੀ ਕਰਨ ਵਾਲੇ ਮੁਲਕਾਂ ਨੂੰ ਗੱਦਾਫ਼ੀ ਦੀ ਮੌਤ ਅਤੇ ਉਸ ਦੀ ਲਾਸ਼ ਦੀ ਨੁਮਾਇਸ਼ ਵਿੱਚ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਨਜ਼ਰ ਨਹੀਂ ਆਉਂਦਾ। ਕਤਲਾਂ ਦੀ ਅਮਰੀਕੀ-ਇਸਰਾਈਲੀ ਵਿਰਾਸਤ ਹੁਣ ਕੌਮਾਂਤਰੀ ਸਿਆਸਤ ਦਾ ਮੂੰਹਜ਼ੋਰ ਰੁਝਾਨ ਬਣ ਗਈ ਹੈ। ਇਸਰਾਈਲ ਦੀ ਸਰਵਉੱਚ ਅਦਾਲਤ ਨੇ ੨੦੦੬ ਦੇ ਇੱਕ ਫ਼ੈਸਲੇ ਵਿੱਚ ਲਿਖਿਆ ਹੈ, "ਅਸੀਂ ਇਹ ਪਹਿਲਾਂ ਤੈਅ ਨਹੀਂ ਕਰ ਸਕੇ ਕਿ ਸਾਰੇ ਕਤਲ (ਟਾਰਗੈੱਟ ਕਿਲਿੰਗ) ਕੌਮਾਂਤਰੀ ਕਾਨੂੰਨ ਦਾ ਉਲੰਘਣ ਹਨ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸਾਰੇ ਕਤਲ ਕੌਮਾਂਤਰੀ ਕਾਨੂੰਨ ਦੇ ਘੇਰੇ ਵਿੱਚ ਆਉਂਦੇ ਹਨ।" ਇਸ ਫ਼ੈਸਲੇ ਨਾਲ ਇਸਰਾਈਲੀ ਅਦਾਲਤ ਨੇ ਕਤਲ ਨੂੰ ਕਾਨੂੰਨ ਦੇ ਘੇਰੇ ਵਿੱਚ ਰੱਖ ਲਿਆ ਅਤੇ ਦੂਜੀ ਧਿਰ ਦੀਆਂ ਅਜਿਹੀਆਂ ਕਾਰਵਾਈਆਂ ਦੀ ਮਨਮਰਜ਼ੀ ਦੀ ਗੁੰਜਾਇਸ਼ ਵੀ ਕਾਇਮ ਰੱਖ ਲਈ। ਗੱਦਾਫ਼ੀ ਦਾ ਕਤਲ ਇਸੇ ਰੁਝਾਨ ਦੀ ਕੜੀ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਗਟਨ ਆਪਣੇ ਮੁਲਕ ਦੇ ਮੁਲਾਜ਼ਮ ਵੱਲੋਂ ਪਾਕਿਸਤਾਨ ਵਿੱਚ ਸ਼ਰੇਆਮ ਕਤਲ ਕਰਨ ਵੇਲੇ ਕੌਮਾਂਤਰੀ ਕਾਨੂੰਨ ਦਾ ਹਵਾਲਾ ਦਿੰਦੀ ਸੀ ਪਰ ਗੱਦਾਫ਼ੀ ਦੇ ਕਤਲ ਉੱਤੇ ਖ਼ੁਸ਼ੀ ਦਾ ਇਜ਼ਹਾਰ ਕਰਦੀ ਹੈ।

ਭਾਰਤ ਵਰਗੇ ਮੁਲਕਾਂ ਦਾ ਨਾਟੋ ਦੀਆਂ ਜੰਗੀ ਮੁਹਿੰਮਾਂ ਦੀ ਹਮਾਇਤ ਕਰਨਾ ਵਕਤੀ ਤੌਰ ਉੱਤੇ ਵਿਕਾਸ ਦਰ ਦੇ ਉਛਾਲ ਦਾ ਸਬੱਬ ਬਣ ਸਕਦਾ ਹੈ ਪਰ ਇਸ ਦੇ ਚਿਰਕਾਲੀ ਨਤੀਜੇ ਘਾਤਕ ਹੋ ਸਕਦੇ ਹਨ। ਹੁਣ ਸਾਮਰਾਜ ਜ਼ਮੀਨੀ ਲੜਾਈਆਂ ਦੀ ਥਾਂ ਘਰੇਲੂ ਨੀਤੀਆਂ ਵਿੱਚ ਲੋੜੀਂਦੀਆਂ ਤਬਦੀਲੀਆਂ ਰਾਹੀਂ ਪਸਾਰਾ ਕਰ ਰਿਹਾ ਹੈ। ਨਤੀਜੇ ਵਜੋਂ ਨਵੀਂ ਆਲਮੀ ਪਾਲਾਬੰਦੀ ਵਿੱਚ ਰਵਾਇਤੀ ਦੋਸਤ ਆਪਣੇ ਪਾਲੇ ਬਦਲ ਰਹੇ ਹਨ। ਕਦੇ ਭਾਰਤ ਨਾਲ ਅਫ਼ਗ਼ਾਨਿਸਤਾਨ, ਇਰਾਕ, ਇਰਾਨ ਅਤੇ ਲਿਬੀਆ ਨਾਲ ਕਰੀਬੀ ਰਿਸ਼ਤੇ ਰਹੇ ਹਨ। ਲਿਬੀਆ ਵਿੱਚ ਭਾਰਤੀ ਪਰਵਾਸੀਆਂ ਦੀ ਵੱਡੀ ਗਿਣਤੀ ਹੋਣ ਕਾਰਨ ਉੱਥੇ ਸੈਂਟਰਲ ਬੋਰਡ ਆਫ਼ ਸਕੂਲ ਐਜੂਕੇਸ਼ਨ (ਸੀ.ਬੀ.ਐਸ.ਈ.) ਦੀ ਮਾਨਤਾ ਵਾਲੇ ਸਕੂਲ ਤੱਕ ਬਣਾਏ ਗਏ ਸਨ। ਭਾਰਤ ਦੀਆਂ ਮੌਜੂਦਾ ਨੀਤੀਆਂ ਸਾਮਰਾਜ ਦੇ ਮੌਕਾਪ੍ਰਸਤ ਖ਼ਾਸੇ ਨਾਲ ਮੇਲ ਖਾਂਦੀਆਂ ਹਨ। ਇਸੇ ਮੌਕਾਪ੍ਰਸਤੀ ਦੇ ਨਤੀਜੇ ਵਜੋਂ ਅਸੀਂ ਗੱਦਾਫ਼ੀ ਦੇ ਕਾਤਲਾਂ ਵਿੱਚ ਸ਼ੁਮਾਰ ਹਾਂ। ਸਵਾਲ ਕੀਤਾ ਜਾਂਦਾ ਹੈ ਕਿ ਗੱਦਾਫ਼ੀ ਦੀ ਤਾਨਾਸ਼ਾਹੀ ਦੌਰਾਨ ਹੋਏ ਜਬਰ-ਜ਼ੁਲਮ ਦਾ ਅਜਿਹਾ ਅੰਤ ਜਾਇਜ਼ ਕਿਉਂ ਨਹੀਂ ਹੈ? ਇਹ ਸਵਾਲ ਦਾ ਜਵਾਬ ਇਨ੍ਹਾਂ ਦੋਵਾਂ ਧਿਰਾਂ ਵਿੱਚੋ ਇੱਕ ਦੇ ਪੱਖ ਵਿੱਚ ਭੁਗਤਣ ਤੱਕ ਮਹਿਦੂਦ ਕਿਉਂ ਹੈ? ਦਰਅਸਲ ਸਵਾਲ ਇਹ ਪੁੱਛਣਾ ਬਣਦਾ ਹੈ ਕਿ ਦੁਨੀਆਂ ਭਾੜੇ ਦੇ ਕਾਤਲਾਂ ਅਤੇ ਤਾਨਾਸ਼ਾਹੀਆਂ ਵਿੱਚ ਵੰਡੀ ਹੋਈ ਨਹੀਂ ਹੈ। ਤਾਨਾਸ਼ਾਹੀਆਂ ਦੀ ਥਾਂ ਉਸਾਰੀ ਖੁੱਲ੍ਹੀ ਮੰਡੀ ਅਵਾਮ ਨੂੰ ਸੀਲ ਸ਼ਹਿਰੀ ਤੋਂ ਸੀਲ ਖ਼ਪਤਕਾਰ ਹੋਣ ਦੇ ਰਾਹ ਪਾਉਣ ਤੋਂ ਵਧੇਰੇ ਕੀ ਕਰ ਰਹੀ ਹੈ?

No comments: