Tuesday, March 03, 2015

ਸੁਆਲ-ਸੰਵਾਦ: ਦਾਭੋਲਕਰ, ਪਾਨਸਰੇ ਤੋਂ ਬਾਅਦ ਮੈਂ ਅਭੀਜੀਤ ਰਾਏ

ਦਲਜੀਤ ਅਮੀ
ਬੰਗਲਾਦੇਸ਼ ਵਿੱਚ ਕਿਤਾਬ ਮੇਲੇ ਤੋਂ ਪਰਤਦੇ ਅਭੀਜੀਤ ਰਾਏ ਦਾ ਕਤਲ ਕਰ ਦਿੱਤਾ ਗਿਆ। ਉਸ ਦੇ ਲਹੂ ਨਾਲ ਸਿੰਨ੍ਹੀ ਸੜਕ ਦੀ ਬੰਨੀ ਦੀਆਂ ਤਸਵੀਰਾਂ ਅਖ਼ਬਾਰਾਂ ਵਿੱਚ ਛਪੀਆਂ। ਇੱਕ ਤਸਵੀਰ ਵਿੱਚ ਸਫ਼ਾਈ ਕਾਮੇ ਲਹੂ ਦੇ ਦਾਗ਼ ਧੋਣ ਲੱਗੇ ਹੋਏ ਹਨ। ਬੰਨੀ ਦੇ ਹੇਠਾਂ ਨਾਲੀ ਦਾ ਸੁਰਾਖ਼ਾਂ ਵਾਲਾ ਢੱਕਣ ਹੈ। ਅਭੀਜੀਤ ਦੇ ਕਾਤਲਾਂ ਨੇ ਇਸ ਕਤਲ ਨੂੰ 'ਇਸਲਾਮ ਖ਼ਿਲਾਫ਼ ਜੁਰਮਾਂ ਦਾ ਬਦਲਾ' ਕਰਾਰ ਦਿੱਤਾ ਹੈ। ਦੂਜੇ ਪਾਸੇ ਬਲੌਗ ਤੋਂ ਬਣੀ ਵੈੱਬਸਾਈਟ 'ਮੁਖਤੋ-ਮੋਨਾ' (ਖੁੱਲ੍ਹਨਜ਼ਰੀ) ਦੇ ਬਾਨੀਆਂ ਵਿੱਚ ਸ਼ੁਮਾਰ ਅਭੀਜੀਤ ਦੀ 2007 ਵਿੱਚ ਛਪੀ ਮੁਲਾਕਾਤ ਆਪਣੀ ਹੋਂਦ ਦੀ ਤਫ਼ਸੀਲ ਪੇਸ਼ ਕਰਦੀ ਹੈ, "ਅਗਾਂਹਵਧੂ, ਤਰਕਸ਼ੀਲ ਅਤੇ ਨਿਰਪੱਖ ਸਮਾਜ ਦੀ ਉਸਾਰੀ ਲਈ ਅਹਿਮ ਮਸਲਿਆਂ ਉੱਤੇ ਸੰਵਾਦ ਅਤੇ ਬਹਿਸ ਨੂੰ ਅੱਗੇ ਵਧਾਉਣ ਲਈ 'ਮੁਖਤੋ-ਮੋਨਾ' 2000 ਦੌਰਾਨ ਬਲੌਗ ਵਜੋਂ ਹੋਂਦ ਵਿੱਚ ਆਈ ਸੀ। ਅਸੀਂ ਉਨ੍ਹਾਂ ਮੁੱਦਿਆਂ ਉੱਤੇ ਵਿੱਚਾਰ-ਚਰਚਾ ਕਰਨਾ ਚਾਹੁੰਦੇ ਸਾਂ ਜਿਨ੍ਹਾਂ ਨੂੰ ਬੰਗਲਾਦੇਸ਼ ਸਮੇਤ ਸਮੁੱਚੇ ਦੱਖਣੀ ਏਸ਼ੀਆ ਦਾ ਮੀਡੀਆ ਨਜ਼ਰਅੰਦਾਜ਼ ਕਰਦਾ ਹੈ। ... ਮੇਰੀ ਜਾਣਕਾਰੀ ਮੁਤਾਬਕ ਇਹ ਦੱਖਣੀ ਏਸ਼ੀਆ ਵਿੱਚ ਇੰਟਰਨੈੱਟ ਉੱਤੇ ਸ਼ੁਰੂ ਕੀਤੀ ਗਈ ਪਹਿਲੀ ਮਨੁੱਖਵਾਦੀ ਅਤੇ ਤਰਕਸ਼ੀਲ ਪਹਿਲਕਦਮੀ ਸੀ। ਅਸੀਂ ਅਜਿਹੇ ਸਮਾਜ ਦੀ ਉਸਾਰੀ ਕਰਨਾ ਚਾਹੁੰਦੇ ਹਾਂ ਜੋ ਆਪੇ ਥਾਪੇ ਅਦਾਰਿਆਂ ਦੇ ਫਤਵਿਆਂ, ਅੰਧ-ਵਿਸ਼ਵਾਸ, ਸਾਹ-ਘੋਟੂ ਰਵਾਇਤਾਂ ਅਤੇ ਫਿਰਕਾਪ੍ਰਸਤੀ ਦੇ ਬੰਧਨਾਂ ਤੋਂ ਮੁਕਤ ਹੋਵੇ। ਸਮਾਜ ਦਲੀਲ, ਦਰਦਮੰਦੀ, ਮਨੁੱਖਤਾ, ਬਰਾਬਰੀ ਅਤੇ ਵਿਗਿਆਨ ਦੀਆਂ ਧਾਰਨਾਵਾਂ ਨਾਲ ਜੁੜਿਆ ਹੋਵੇ।"

ਅਭੀਜੀਤ ਦਾ ਕਤਲ ਸਿਰਫ਼ ਇਸ ਕਰ ਕੇ ਹੀ ਬੰਗਲਾਦੇਸ਼ ਦੀਆਂ ਸਰਹੱਦਾਂ ਤੋਂ ਵਡੇਰਾ ਸੁਆਲ ਨਹੀਂ ਬਣ ਜਾਂਦਾ ਕਿ ਉਹ ਅਮਰੀਕਾ ਦਾ ਸ਼ਹਿਰੀ ਸੀ। ਉਸ ਦੇ ਫ਼ਿਕਰਾਂ ਅਤੇ ਉਸ ਦੇ ਕਾਤਲਾਂ ਦਾ ਦਾਅਵਾ ਵਡੇਰੇ ਕੌਮਾਂਤਰੀ ਰੁਝਾਨ ਦੀ ਸ਼ਨਾਖ਼ਤ ਕਰਦਾ ਹੈ। ਅਭੀਜੀਤ ਆਪ ਬੰਗਲਾਦੇਸ਼ ਦੇ ਮੁਕਾਮੀ ਸੁਆਲਾਂ ਦੇ ਹਵਾਲੇ ਨਾਲ ਆਪਣੇ ਫ਼ਿਕਰਾਂ ਨੂੰ ਦੱਖਣੀ ਏਸ਼ੀਆ ਨਾਲ ਜੋੜਦਾ ਹੈ। ਇਨ੍ਹਾਂ ਸੁਆਲਾਂ ਨੂੰ ਮੁਖ਼ਾਤਬ ਹੋਣ ਲਈ ਉਹ ਕੌਮਾਂਤਰੀ ਪੱਧਰ ਉੱਤੇ ਦਰਦਮੰਦਾਂ ਦੀ ਸਾਂਝ ਦੀ ਧਾਰਨੀ ਸੀ। ਉਹ ਲਿਖਦਾ ਹੈ, "ਚੰਗੇ ਭਾਗੀਂ ਅਸੀਂ ਇਕੱਲੇ ਨਹੀਂ ਹਾਂ। ਪੂਰੀ ਦੁਨੀਆਂ ਵਿੱਚ ਦਲੀਲ ਅਤੇ ਵਿਗਿਆਨ ਦੇ ਹਵਾਲੇ ਨਾਲ ਖੁੱਲ੍ਹਨਜ਼ਰੀ ਵਾਲਾ ਸਮਾਜ ਸਿਰਜਣ ਵਾਲੇ ਦਰਦਮੰਦ ਲੋਕ ਵਸਦੇ ਹਨ। ਇੰਟਰਨੈੱਟ ਦੇ ਦੌਰ ਵਿੱਚ ਸਾਨੂੰ ਆਪਸ ਵਿੱਚ ਜੋਟੀ ਪਾਉਣ ਤੋਂ ਕੋਈ ਨਹੀਂ ਰੋਕ ਸਕਦਾ।" ਇਸ ਲਿਹਾਜ ਨਾਲ ਅਭੀਜੀਤ ਸਮੁੱਚੀ ਦੁਨੀਆਂ ਦੇ ਉਸ ਤਬਕੇ ਦਾ ਨੁਮਾਇੰਦਾ ਹੈ ਜੋ ਮਨੁੱਖੀ ਫ਼ਿਕਰਾਂ ਨੂੰ ਮੁਖ਼ਾਤਬ ਹੋਣ ਵੇਲੇ ਦਲੀਲ ਦਾ ਪੱਲਾ ਫੜਦੇ ਹਨ; ਜੋ ਵਿਗਿਆਨ ਦੇ ਹਵਾਲੇ ਨਾਲ ਮਨੁੱਖੀ ਹੋਂਦ ਦੇ ਸੁਆਲਾਂ ਨੂੰ ਮੁਖ਼ਾਤਬ ਹੋਣਾ ਚਾਹੁੰਦੇ ਹਨ। ਇਹ ਉਹ ਤਬਕਾ ਹੈ ਜੋ ਰੱਬ ਦੀ ਰਜ਼ਾ ਦੀ ਥਾਂ ਪਿਆਰ ਅਤੇ ਦਰਦਮੰਦੀ ਨੂੰ ਦਸਤੂਰ ਬਣਾਉਣਾ ਚਾਹੁੰਦਾ ਹੈ। ਢਾਕੇ ਦੇ ਨਾਲੇ ਵੱਲ ਵਗਦਾ ਲਹੂ ਮਨੁੱਖੀ ਦਰਦਮੰਦੀ ਦਾ ਖ਼ੂਨ ਹੈ। ਇਸ ਕਾਫ਼ਲੇ ਵਿੱਚੋਂ ਅਭੀਜੀਤ ਦਾ ਵਿਦਾ ਹੋਣਾ ਮੌਜੂਦਾ ਦੌਰ ਵਿੱਚ 'ਸਮਾਜਵਾਦੀ ਸੋਚ ਨੂੰ ਪ੍ਰਣਾਈ ਵਿਗਿਆਨ ਸੋਚ' ਉੱਤੇ ਜਾਰੀ ਬੇਕਿਰਕ ਹਮਲੇ ਦੀ ਸੋਚ ਨੂੰ ਗੂੜ੍ਹਾ ਕਰਦਾ ਹੈ। ਇਸ ਹਮਲੇ ਦਾ ਸ਼ਿਕਾਰ ਹੋਣ ਵਾਲਿਆਂ ਦੀ ਲੰਮੀ ਲੜੀ ਹੈ ਅਤੇ ਅਭੀਜੀਤ ਇਸੇ ਦੀ ਅਗਲੀ ਕੜੀ ਹੈ। ਇਸ ਲੜੀ ਦੀਆਂ ਕੜੀਆਂ ਪੂਰੀ ਦੁਨੀਆਂ ਵਿੱਚ ਫੈਲੀਆਂ ਹਨ। ਇਸ ਤਰ੍ਹਾਂ ਇਹ 'ਸੋਚ ਦੀ ਸ਼ਨਾਖ਼ਤ' ਨਾਲ ਕੀਤੇ ਗਏ ਕਤਲਾਂ ਦਾ ਰੁਝਾਨ ਕੌਮਾਂਤਰੀ ਹੈ ਜਿਸ ਦਾ ਕਰੂਰ ਖ਼ਾਸਾ ਦੱਖਣੀ ਏਸ਼ੀਆ ਵਿੱਚ ਨਜ਼ਰ ਆਉਂਦਾ ਹੈ।

ਜੇ ਸੁਆਲ ਨੂੰ ਅਭੀਜੀਤ ਦੀਆਂ ਲਿਖਤਾਂ ਜਾਂ ਪਹਿਲਕਦਮੀਆਂ ਤੱਕ ਮਹਿਦੂਦ ਕੀਤਾ ਜਾਵੇ ਤਾਂ ਇਸ ਕਤਲ ਦੀਆਂ ਜੜ੍ਹਾਂ ਬੰਗਲਾਦੇਸ਼ ਦੀਆਂ ਫਿਰਕੂ ਜਥੇਬੰਦੀਆਂ ਦੀ ਸੋਚ ਵਿੱਚੋਂ ਲੱਭੀਆਂ ਜਾ ਸਕਦੀਆਂ ਹਨ। ਉਂਝ ਇਸ ਕਤਲ ਦੀ ਸਾਜ਼ਿਸ਼ ਮਾਹੌਲ ਵਿੱਚ ਹੈ। ਇੱਕ ਪਾਸੇ ਇੰਟਰਨੈੱਟ ਰਾਹੀਂ ਅਭੀਜੀਤ ਆਪਣੇ ਦਰਦਮੰਦ ਸਾਥੀਆਂ ਦੀ ਪਛਾਣ ਕਰ ਰਿਹਾ ਹੈ ਅਤੇ ਦੂਜੇ ਉਸੇ ਇੰਟਰਨੈੱਟ ਰਾਹੀਂ ਕਤਲ ਦੀ ਸਾਜ਼ਿਸ਼ ਕੀਤੀ ਜਾਂਦੀ ਹੈ। ਉਸ ਖ਼ਿਲਾਫ਼ ਲਗਾਤਾਰ ਨਫ਼ਰਤ ਉਕਸਾਊ ਲਿਖਤਾਂ ਛਪ ਰਹੀਆਂ ਸਨ, ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਫਤਵੇ ਦਿੱਤੇ ਜਾ ਰਹੇ ਸਨ। ਢਾਕੇ ਦੀ ਸੜਕ ਦੀ ਬੰਨੀ ਅਤੇ ਕਿਤਾਬ ਮੇਲੇ ਉੱਤੇ ਅਭੀਜੀਤ ਦਾ ਆਉਣਾ ਕਾਤਲ ਲਈ ਸਿਰਫ਼ ਮੌਕਾ ਬਣਿਆ ਹੈ। ਇਹ ਕਤਲ ਕੰਧ ਉੱਤੇ ਲਿਖਿਆ ਹੋਇਆ ਸੀ। ਇਸ ਦੇ ਖ਼ਬਰ ਬਣਨ ਨਾਲ ਸਿਰਫ਼ ਸਮਾਂ ਅਤੇ ਸਥਾਨ ਤੈਅ ਹੋਏ ਹਨ। 

ਹਰ ਰੰਗ ਦੀ ਫਿਰਕਾਪ੍ਰਸਤੀ ਆਪਣੀ ਰਈਅਤ ਅੰਦਰ ਡਰ ਭਰ ਰਹੀ ਹੈ। ਮਨੁੱਖ ਅੰਦਰ ਬੇਬਸੀ ਵਧਾ ਕੇ ਉਹ ਬੰਦੇ ਦੀ ਹਿੰਸਕ ਬਿਰਤੀ ਨੂੰ ਉਕਸਾਉਂਦੇ ਹਨ। ਜਦੋਂ ਬੰਦੇ ਦਾ ਡਰ ਸਮਾਜਕ ਰੁਝਾਨ ਵਜੋਂ ਸਿਆਸਤ ਬਣਦਾ ਹੈ ਤਾਂ ਇਹ ਸਭ ਤੋਂ ਬੇਕਿਰਕ ਹੋ ਜਾਂਦਾ ਹੈ। ਇਸ ਸਿਆਸਤ ਦੇ ਹੱਥੇ ਚੜ੍ਹੇ ਹਰ ਬੰਦੇ ਵਿੱਚ ਫਿਦਾਈਨ ਬਿਰਤੀ ਘਰ ਕਰ ਜਾਂਦੀ ਹੈ ਜੋ ਭਾਵੇਂ ਦੂਜਿਆਂ ਉੱਤੇ ਹਮਲੇ ਦੇ ਰੂਪ ਵਿੱਚ ਸਾਹਮਣੇ ਨਾ ਆਵੇ ਪਰ ਉਹ ਭਾਵਨਾ ਜਾਂ ਸ਼ਰਧਾ ਤਹਿਤ ਹਰ ਦਲੀਲ ਨੂੰ ਖਾਰਜ ਕਰ ਦਿੰਦੀ ਹੈ। ਸੀਲ ਸ਼ਰਧਾਲੂ ਆਪਣੀਆਂ ਮਨੁੱਖੀ ਸਮਰੱਥਾਵਾਂ ਨੂੰ ਮੌਲਣ ਤੋਂ ਰੋਕਦਾ ਹੈ ਅਤੇ ਇਹੋ ਜਿਹੀਆਂ ਪਾਬੰਦੀਆਂ ਦੀ ਸਮਾਜ ਅਤੇ ਸਰਕਾਰ ਤੋਂ ਤਵੱਕੋ ਕਰਦਾ ਹੈ। ਉਸ ਨੂੰ ਆਪਣੀ ਸ਼ਰਧਾ ਉੱਤੇ ਕੀਤਾ ਹਰ ਸੁਆਲ ਸਾਜ਼ਿਸ਼ ਲੱਗਦਾ ਹੈ। ਸੁਆਲ ਕਰਨ ਵਾਲੇ ਨੂੰ ਕਾਫ਼ਰ, ਨਾਸਤਿਕ, ਦੇਸ਼ ਧ੍ਰੋਹੀ, ਅਨੈਤਿਕ ਜਾਂ ਪਾਗ਼ਲ ਕਰਾਰ ਦਿੱਤਾ ਜਾਣਾ ਜ਼ਿਆਦਾ ਔਖਾ ਨਹੀਂ ਹੈ। ਇਹ ਸਾਰੇ ਫਤਵੇ ਮੁਲਕ-ਪ੍ਰਸਤੀ ਅਤੇ ਧਰਮ ਦੀ ਰਾਖੀ ਕਰਨ ਵਾਲੀਆਂ ਪੁਰਾਣੀਆਂ ਜਥੇਬੰਦੀਆਂ ਆਪ ਦਿੰਦੀਆਂ ਹਨ। ਕਤਲ ਕਰਨ ਲਈ ਪੁਰਾਣੀਆਂ ਜਥੇਬੰਦੀਆਂ ਦੀ ਸਰਪ੍ਰਸਤੀ ਵਿੱਚ ਨਵੀਂ ਜਥੇਬੰਦੀਆਂ ਬਣਦੀਆਂ ਹਨ।

ਇਸ ਰੁਝਾਨ ਤਹਿਤ ਕਿਸੇ ਨੇ ਜ਼ਿੰਦਗੀ ਦਾ ਨਿਰਾਦਰ ਕਰ ਕੇ ਪੁੰਨ ਕਮਾਉਣਾ ਹੈ। ਕਿਸੇ ਨੇ ਮਨੁੱਖ ਦੇ ਲਹੂ ਨਾਲ ਹੱਥ ਰੰਗ ਕੇ ਜੰਨਤ, ਹੂਰਾਂ ਅਤੇ ਤਹੂਰ ਹਾਸਲ ਕਰਨਾ ਹੈ। ਕਿਸੇ ਨੇ ਅਖੰਡ ਹਿੰਦੂ ਭਾਰਤ ਦੀ ਉਸਾਰੀ ਕਰਨੀ ਹੈ। ਕਿਸੇ ਨੇ ਪੂਰੀ ਦੁਨੀਆਂ ਨੂੰ ਸੱਭਿਅਤਾ ਦੇ ਰਾਹੇ ਪਾਉਣਾ ਹੈ। ਹਰ ਧਰਮ ਦਾ ਦਾਅਵਾ ਹੈ ਕਿ ਧਰਮ ਖ਼ਤਰੇ ਵਿੱਚ ਹੈ। ਇਸੇ ਡਰ ਨਾਲ ਸਿਆਸਤ ਹੁੰਦੀ ਹੈ ਅਤੇ ਇਸੇ ਡਰ ਨਾਲ ਹਮਲਾਵਰ ਬਿਰਤੀ ਦਾ ਪਸਾਰਾ ਹੁੰਦਾ ਹੈ। ਸਿਆਸੀ ਪਾਰਟੀਆਂ ਇਸ ਡਰ ਨੂੰ ਗੋਲਬੰਦੀ ਦਾ ਸੰਦ ਬਣਾਉਂਦੀਆਂ ਹਨ। ਹਰ ਜਗਿਆਸੂ ਨੂੰ ਚੁੱਪ ਰਹਿਣ ਦਾ ਸਬਕ ਸਿਖਾਉਣ ਲਈ ਡਰ ਦਾ ਮਾਹੌਲ ਸਾਜ਼ਗ਼ਾਰ ਸਾਬਤ ਹੁੰਦਾ ਹੈ। ਇਹੋ ਡਰ ਮੋਦੀ ਦੀ ਜਿੱਤ ਦਾ ਸਬੱਬ ਬਣਦਾ ਹੈ। ਮੋਦੀ ਦਾ ਡਰ ਦਿੱਲੀ ਵਿੱਚ ਭਾਜਪਾ ਦੀ ਹਾਰ ਦਾ ਇੱਕ ਕਾਰਨ ਬਣਦਾ ਹੈ। ਡਰ ਦੀ ਸਿਆਸਤ ਵਿੱਚ ਜਿੱਤ ਜਾਂ ਹਾਰ ਦੇ ਹਵਾਲੇ ਨਾਲ ਅਹਿਮ ਸੁਆਲ ਰੱਦ ਕਰ ਦਿੱਤੇ ਜਾਂਦੇ ਹਨ।

ਧਰਮ ਦਾ ਕਿਸੇ ਨਾ ਕਿਸੇ ਢੰਗ ਨਾਲ ਦਾਅਵਾ ਹੈ ਕਿ ਧਾਰਮਿਕ ਗ੍ਰੰਥ ਹੀ ਵਿਗਿਆਨ ਹਨ। ਧਰਮ ਨੂੰ ਵਿਗਿਆਨ ਕਹਿਣਾ ਇੱਕ ਪਾਸੇ ਧਰਮ ਗ੍ਰੰਥਾਂ ਦੇ ਰਚਣਹਾਰਿਆਂ ਦੀ ਖ਼ਿਆਲੀ ਉਡਾਣ ਦਾ ਨਿਰਾਦਰ ਹੈ ਅਤੇ ਦੂਜੇ ਪਾਸੇ ਮੌਜੂਦਾ ਵਿਗਿਆਨ ਦੀਆਂ ਨਿਆਮਤਾਂ ਤੋਂ ਨਾਸ਼ੁਕਰਾ ਹੋਣਾ ਹੈ। ਡਰ ਦੀ ਸਿਆਸਤ ਕਰਨ ਵਾਲਿਆਂ ਨੂੰ ਮਾਰੂ ਹਥਿਆਰ ਤਾਂ ਚਾਹੀਦੇ ਹਨ ਪਰ ਵਿਗਿਆਨਕ ਸੋਚ ਨਹੀਂ ਚਾਹੀਦੀ। ਵਿਗਿਆਨ ਡਰ ਉੱਤੇ ਕਾਬੂ ਪਾਉਣ ਦੀ ਕੁੰਜੀ ਹੈ। ਇਸ ਕੁੰਜੀ ਨਾਲ ਬੰਦਾ ਤੰਗਦਿਲੀ ਤੋਂ ਖੁੱਲ੍ਹਦਿਲੀ ਅਤੇ ਤੰਗਨਜ਼ਰੀ ਤੋਂ ਖੁੱਲ੍ਹਨਜ਼ਰੀ ਦੇ ਰਾਹ ਪੈਂਦਾ ਹੈ। ਬੰਦੇ ਦੀ ਜਗਿਆਸਾ ਨੂੰ ਬਲ ਮਿਲਦਾ ਹੈ। ਉਹ ਸੁਆਲ ਪੁੱਛਦਾ ਹੈ। ਸੁਆਲਾਂ ਨਾਲ ਸਿਆਸਤ ਅਤੇ ਧਰਮ ਦੇ ਕਿਲ੍ਹੇ ਹਿੱਲਦੇ ਹਨ। ਇਹ ਸਾਰੀ ਦਲੀਲ ਵਿਗਿਆਨ ਅਤੇ ਤਕਨਾਲੋਜੀ ਦੀਆਂ ਪੈਦਾ ਕੀਤੀਆਂ ਸਹੂਲਤਾਂ ਜਾਂ ਸੇਵਾਵਾਂ ਤੱਕ ਮਹਿਦੂਦ ਨਹੀਂ ਹੈ। ਇਹ ਸਮਾਜਕ ਵਿਹਾਰ ਉੱਤੇ ਲਾਗੂ ਹੁੰਦੀ ਹੈ। ਇਸ ਨਾਲ ਮਨੁੱਖੀ ਸ਼ਾਨ, ਇਨਸਾਫ਼ ਅਤੇ ਬਰਾਬਰੀ ਦੇ ਸੁਆਲ ਜੁੜਦੇ ਹਨ। ਮੌਜੂਦਾ ਮੀਡੀਆ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਸੁਆਲਾਂ ਕਾਰਨ ਦੇਸ਼ ਧ੍ਰੋਹੀ ਜਾਂ ਅਨੈਤਿਕ ਕਰਾਰ ਦਿੱਤਾ ਜਾਂਦਾ ਹੈ। ਕੁਝ ਬੀਬੀਆਂ ਨੇ 'Times Now' ਦੇ ਮੁੱਖ ਸੰਪਾਦਕ ਅਰਨਬ ਗੋਸੁਆਮੀ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ ਕਿ ਉਹ ਇੱਕ ਖ਼ਾਸ ਸੋਚ ਨੂੰ ਛੁਟਿਆਉਣ ਲਈ ਹਰ ਹਰਵਾ ਵਰਤਦਾ ਹੈ।

ਮੌਜੂਦਾ ਸਰਕਾਰਾਂ ਨੇ ਮੂੰਹ-ਜ਼ੋਰ ਹੋਏ ਬੁਨਿਆਦਪ੍ਰਸਤਾਂ ਨੂੰ ਰੋਕਣ ਦੀ ਥਾਂ ਇਨ੍ਹਾਂ ਨੂੰ ਖ਼ੁਸ਼ ਰੱਖਣ ਦੀ ਨੀਤੀ ਅਪਣਾਈ ਹੋਈ ਹੈ। ਨਤੀਜੇ ਵਜੋਂ ਸਮਾਜਵਾਦੀ-ਨਾਸਤਿਕ ਆਦਮੀ ਨੂੰ ਹਰ ਤਰ੍ਹਾਂ ਦਾ ਖ਼ਤਰਾ ਦਰਪੇਸ਼ ਹੈ। ਸਰਕਾਰਾਂ ਜਮ੍ਹਾਂ ਬੁਨਿਆਦਪ੍ਰਸਤੀ ਦਾ ਗੱਠਜੋੜ ਤੈਅ ਕਰ ਰਿਹਾ ਹੈ ਕਿ ਇਤਿਹਾਸ ਨੂੰ ਕਿਵੇਂ ਸਮਝਿਆ ਜਾਵੇ? ਇਹ ਦੱਸਿਆ ਜਾ ਰਿਹਾ ਹੈ ਕਿ ਧਰਮ ਹੀ ਮਨੁੱਖ ਦੀ ਬੰਦਖ਼ਲਾਸੀ ਦਾ ਸਬੱਬ ਬਣ ਸਕਦਾ ਹੈ। ਇਸ ਵੇਲੇ ਧਰਮ ਤੋਂ ਜ਼ਿਆਦਾ ਇਸ਼ਤਿਹਾਰਬਾਜ਼ੀ ਕਿਸੇ ਹੋਰ ਚੀਜ਼ ਦੀ ਨਹੀਂ ਹੋ ਰਹੀ। ਹਰ ਮੀਡੀਆ ਅਦਾਰੇ ਨੇ ਪਰਉਪਕਾਰ ਜਾਂ ਬਾਜ਼ਾਰ ਦੇ ਨਾਮ ਉੱਤੇ ਧਰਮ ਪ੍ਰਚਾਰ ਨੂੰ ਖੁੱਲ੍ਹੀ ਥਾਂ ਦਿੱਤੀ ਹੋਈ ਹੈ। ਧਾਰਮਿਕ ਅਦਾਰਿਆਂ ਕੋਲ ਮਨੁੱਖੀ ਸਰੋਤ ਤੋਂ ਲੈ ਕੇ ਜ਼ਮੀਨ-ਜਾਇਦਾਦ ਦੀ ਕੋਈ ਤੋਟ ਨਹੀਂ ਹੈ। ਸ਼ਰਧਾ ਦਾ ਧੰਦਾ ਸਭ ਤੋਂ ਵੱਡਾ ਹੋ ਗਿਆ ਹੈ। ਇਸ ਦੀ ਪਰਚੂਨ ਅਤੇ ਥੋਕ ਆਮਦਨ ਬੇਤਹਾਸ਼ਾ ਹੈ। ਇੱਕ ਬੰਦੇ ਨੇ ਦੂਜੇ ਬੰਦੇ ਨਾਲ ਵਰਤਣ ਦਾ ਸਲੀਕਾ ਧਰਮ ਸਿਖਾ ਰਿਹਾ ਹੈ। ਇਹ ਤੈਅ ਕਰਨ ਦੀ ਬੁਨਿਆਦੀ ਸ਼ਰਤ ਵੀ ਧਰਮ ਹੈ ਕਿ ਕੌਣ ਕਿਸ ਨਾਲ ਕਿਵੇਂ ਵਿਆਹ ਕਰਵਾ ਸਕਦਾ ਹੈ?

ਸ਼ਰਧਾ, ਸਰਕਾਰ, ਮੰਡੀ ਅਤੇ ਫਿਰਕਾਪ੍ਰਸਤੀ ਦਾ ਗੱਠਜੋੜ ਜਿੰਨਾ ਵੀ ਮਜ਼ਬੂਤ ਅਤੇ ਮਾਰੂ ਹੋਵੇ ਪਰ ਇਹ ਬੁਨਿਆਦੀ ਤੌਰ ਉੱਤੇ ਮਨੁੱਖੀ ਸ਼ਾਨ ਅਤੇ ਜਗਿਆਸੂ ਬਿਰਤੀ ਦੇ ਖ਼ਿਲਾਫ਼ ਹੈ। ਧਰਮ ਦਾ ਖ਼ੂੰਖ਼ਾਰ ਖ਼ਾਸਾ ਹਰ ਦੌਰ ਵਿੱਚ ਮਨੁੱਖੀ ਪਿੰਡੇ ਉੱਤੇ ਉਕਰਿਆ ਗਿਆ ਹੈ। ਮਨੁੱਖ ਨੇ ਹਰ ਹਾਲਤ ਵਿੱਚ ਸੁਆਲ ਕੀਤੇ ਹਨ ਜਿਨ੍ਹਾਂ ਦਾ ਕੁਰਬਾਨੀਆਂ ਭਰਿਆ ਸ਼ਾਨਾਮੱਤਾ ਇਤਿਹਾਸ ਹੈ। ਸੁਆਲ ਮਨੁੱਖੀ ਇਤਿਹਾਸ ਵਿੱਚ ਸ਼ਰਧਾ ਤੋਂ ਕਿਤੇ ਪਹਿਲਾਂ ਦਰਜ ਹੋਇਆ ਹੈ। ਰੱਬ ਅਤੇ ਧਰਮ ਮਨੁੱਖੀ ਦੀ ਜਗਿਆਸਾ ਦੀ ਉਪਜ ਹਨ। ਰੱਬ ਅਤੇ ਧਰਮ ਨਾਲੋਂ ਮਨੁੱਖੀ ਜਗਿਆਸਾ ਦੀ ਵਿਰਾਸਤ ਕਿਤੇ ਵੱਡੀ ਹੈ। ਇਸੇ ਜਗਿਆਸਾ ਨੇ ਬਹੁਤ ਸਾਰੇ ਵਿਸ਼ਵਾਸਾਂ ਅਤੇ ਤਜਰਬਿਆਂ ਨੂੰ ਵਿਗਿਆਨ ਵਿੱਚ ਤਬਦੀਲ ਕੀਤਾ ਹੈ। ਆਪਣੀ ਵਿਰਾਸਤ ਉੱਤੇ ਸੁਆਲ ਕਰਨਾ ਮਨੁੱਖ ਦਾ ਸਦੀਵੀ ਹੱਕ ਹੈ। ਧਰਮ ਦੇ ਘੇਰੇ ਦੇ ਅੰਦਰ ਰਹਿ ਕੇ ਵੀ ਵਿੱਚ ਰੱਬ ਨੂੰ ਖਾਰਜ ਕਰਨ, ਉਸ ਦੀ ਹੋਂਦ ਉੱਤੇ ਸੁਆਲ ਕਰਨ ਅਤੇ ਉਸ ਦੀ ਰਜ਼ਾ ਤੋਂ ਮੁਨਕਰ ਹੋਣ ਦੇ ਹਕੂਕ ਮਨੁੱਖੀ ਵਿਰਾਸਤ ਦਾ ਹਿੱਸਾ ਹਨ। ਨਾਸਤਿਕ ਹੋਣਾ ਅਤੇ ਸਮਾਜ ਤੇ ਕੁਦਰਤ ਦੀ ਵਿਗਿਆਨਕ ਸੋਚ ਨਾਲ ਪੜਚੋਲ ਕਰਨਾ ਮਨੁੱਖੀ ਵਿਰਸੇ ਦਾ ਅਨਿੱਖੜਵਾਂ ਅੰਗ ਹੈ। ਇਸ ਤਰ੍ਹਾਂ ਪਿਆਰ ਅਤੇ ਕੁਫ਼ਰ ਮਨੁੱਖ ਦਾ ਜਮਾਂਦਰੂ ਹਕੂਕ ਹਨ ਜੋ ਮਨੁੱਖ ਨੇ ਧਰਮ, ਰਾਜ, ਕਾਨੂੰਨ ਤੋਂ ਮੁਲਕ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹਾਸਲ ਕੀਤੇ ਹਨ। ਇਹ ਹਕੂਕ ਹੋਂਦ ਵਿੱਚ ਆਏ ਪਹਿਲੇ ਜੀਅ ਨੇ ਪਹਿਲੇ ਸਾਹ ਨਾਲ ਹੀ ਕਮਾ ਲਏ ਸਨ। ਇਸ ਵਿਰਾਸਤ ਦੀ ਦਾਅਵੇਦਾਰ ਧਿਰ ਗਿਣਤੀ ਪੱਖੋਂ ਭਾਵੇਂ ਕਿੰਨੀ ਵੀ ਨਿਗੂਣੀ ਹੋਵੇ, ਸਰਮਾਏ ਪੱਖੋਂ ਕਿੰਨੀ ਵੀ ਗ਼ਰੀਬ ਹੋਵੇ, ਤਾਕਤ ਪੱਖੋਂ ਭਾਵੇਂ ਕਿੰਨੀ ਵੀ ਨਿਤਾਣੀ ਹੋਵੇ ਪਰ ਪਿਆਰ, ਦਰਦਮੰਦੀ, ਖ਼ਿਆਲ ਅਤੇ ਬੌਧਿਕਤਾ ਪੱਖੋਂ ਬੇਹੱਦ ਅਮੀਰ ਹੈ। ਇਸੇ ਵਿਰਾਸਤ ਵਿੱਚ ਮਨੁੱਖ ਦੇ ਤੰਗਨਜ਼ਰੀ ਵਿੱਚੋਂ ਨਿਕਲ ਕੇ ਖੁੱਲ੍ਹਦਿਲੀ ਅਤੇ ਖੁੱਲ੍ਹਨਜ਼ਰੀ ਵਾਲਾ ਖ਼ੂਬਸੂਰਤ ਅਤੇ ਵੰਨ-ਸਵੰਨਾ ਸਮਾਜ ਸਿਰਜਣ ਦੀ ਸੰਭਾਵਨਾ ਹੈ। ਇਸ ਦੌਰ ਵਿੱਚ ਸਾਥੀਆਂ ਦਾ ਬੇਕਿਰਕੀ ਨਾਲ ਕਤਲ ਹੋਣਾ ਸੋਗ਼ਵਾਰ ਹੈ। ਇਹ ਦਿਲ ਨੂੰ ਡੋਬੂ ਪਾਉਂਦਾ ਹੈ ਪਰ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਵਾਉਂਦਾ ਹੈ। ਇਸ ਦੌਰ ਵਿੱਚ ਜਗਿਆਸੂ ਬੰਦੇ ਦੀ ਰਾਖੀ, ਦਰਦਮੰਦੀ ਦਾ ਅਹਿਸਾਸ ਅਤੇ ਵਿਗਿਆਨਕ ਸੋਚ ਦਾ ਪਸਾਰਾ ਮਨੁੱਖਤਾ ਦੇ ਨਾਮ ਲਿਖਿਆ ਸਭ ਤੋਂ ਖ਼ੂਬਸੂਰਤ ਸੱਦਾ ਪੱਤਰ ਹੈ। ਕਤਲ ਹੋਏ ਹਮਸਾਇਆ ਦਾ ਖ਼ੂਨ ਆਵਾਜ਼ ਦਿੰਦਾ ਹੈ ਕਿ ਬੰਦੇ ਦੀ ਬੰਦੇ ਹੱਥੋਂ ਬੰਦਖ਼ਲਾਸੀ ਦਰਦਮੰਦ ਵਿਗਿਆਨਕ ਸੋਚ ਨੇ ਕਰਨੀ ਹੈ। ਬੰਦਿਆਈ ਦਾ ਬੇਪਰਵਾਹ ਇਸ਼ਕ ਨਫ਼ੀਸ ਬੰਦੇ ਦੀ ਰਜ਼ਾ ਵਿੱਚ ਪ੍ਰਵਾਨ ਚੜ੍ਹਨਾ ਹੈ।

(ਇਹ ਲੇਖ 4 ਮਾਰਚ 2015 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ)

No comments: