Thursday, June 19, 2014

ਸਮਝੌਤੇ ਦੇ ਬਾਵਜੂਦ ਸਮਾਜਕ ਬਾਈਕਾਟ ਦੀ ਮਾਰ ਜਾਰੀ

ਬਾਉਪੁਰ: (ਦਲਜੀਤ ਅਮੀ) ਸੰਗਰੂਰ ਜ਼ਿਲ੍ਹੇ ਦਾ ਪਿੰਡ ਬਾਉਪੁਰ ਲਗਾਤਾਰ ਖ਼ਬਰਾਂ ਵਿੱਚ ਹੈ। ਪੰਜਾਬ ਦੇ ਸਭ ਤੋਂ ਪਛੜੇ ਜ਼ਿਲ੍ਹੇ ਵਿੱਚ ਜਾਤੀ ਗ਼ਲਬੇ ਦਾ ਪ੍ਰਗਟਾਵਾ ਸਮਾਜਕ ਬਾਈਕਾਟ ਵਜੋਂ ਸਾਹਮਣੇ ਆਇਆ ਹੈ। ਪਿੰਡ ਦੀ ਬਾਲਮੀਕ ਅਤੇ ਰਵੀਦਾਸ ਬਿਰਾਦਰੀ ਦਾ ਸਮਾਜਕ ਬਾਈਕਾਟ 15 ਮਈ ਨੂੰ ਕੀਤਾ ਗਿਆ ਸੀ। ਖਨੌਰੀ ਥਾਣੇ ਦੇ ਥਾਣੇਦਾਰ ਵਿਜੇ ਕੁਮਾਰ ਦੇ ਸਾਹਮਣੇ ਸਮਝੌਤਾ ਹੋਣ ਤੋਂ ਬਾਅਦ ਵੀ ਸਮਾਜਕ ਬਾਈਕਾਟ ਦਾ ਅਸਰ ਸਮਾਜਕ ਵਿਹਾਰ ਵਿੱਚ ਅਸਰਅੰਦਾਜ਼ ਹੈ। ਹਰਿਆਣੇ ਦੇ ਨਾਲ ਲੱਗਦਾ ਇਹ ਪਿੰਡ ਬਾਂਗਰ ਵਿੱਚ ਪੈਂਦਾ ਹੈ ਅਤੇ ਤਕਰੀਬਨ ਸਾਰੀ ਆਬਾਦੀ ਬਾਂਗਰੂ ਬੋਲਦੀ ਹੈ। ਹਿੰਦੂ ਬਹੁ-ਆਬਾਦੀ ਵਾਲੇ ਇਸ ਪਿੰਡ ਦੀ 81 ਏਕੜ ਪੰਚਾਇਤੀ ਜ਼ਮੀਨ ਵਿੱਚੋਂ 27 ਏਕੜ ਬੇਜ਼ਮੀਨੇ ਤਬਕੇ ਲਈ ਰਾਖਵੀਂ ਹੈ। ਹੁਣ ਤੱਕ ਇਸ ਜ਼ਮੀਨ ਦੀ ਬੋਲੀ ਭਾਵੇਂ ਦਲਿਤ ਬਰਾਦਰੀ ਦੇ ਨਾਮ ਚੜ੍ਹਦੀ ਰਹੀ ਹੈ ਪਰ ਖੇਤੀ ਜਾਟ ਹੀ ਕਰਦੇ ਆਏ ਹਨ। ਇਸ ਵਾਰ ਬਾਲਮੀਕ ਅਤੇ ਰਵੀਦਾਸ ਬਿਰਾਦਰੀ ਨੇ ਸਾਂਝੀ ਖੇਤੀ ਕਰਨ ਦੇ ਇਰਾਦੇ ਨਾਲ ਬੋਲੀ ਦੇਣ ਦਾ ਫ਼ੈਸਲਾ ਕੀਤਾ ਸੀ। ਰਵੀਦਾਸ ਬਰਾਦਰੀ ਦੇ ਪੰਚ ਕ੍ਰਿਸ਼ਨ ਸਿੰਘ ਜੱਸਲ ਨੇ ਦੱਸਿਆ ਕਿ ਇਸ ਫ਼ੈਸਲੇ ਦਾ ਕਾਰਨ ਬਰਾਦਰੀ ਦੇ ਭਲੇ ਲਈ ਸਾਂਝੀ ਖੇਤੀ ਕਰਨਾ ਸੀ ਜੋ ਕਿ 12 ਮੈਂਬਰੀ ਕਮੇਟੀ ਦੀ ਸਰਪ੍ਰਸਤੀ ਵਿੱਚ ਕੀਤੀ ਜਾਣੀ ਸੀ। ਪੰਜ ਤਰੀਕ ਦੇ ਇਸ ਫ਼ੈਸਲੇ ਮੁਤਾਬਕ ਦਸ ਮਈ ਨੂੰ ਬੋਲੀ ਦਿੱਤੀ ਗਈ ਪਰ ਨਿਲਾਮੀ ਰੱਦ ਕਰ ਦਿੱਤੀ ਗਈ। ਨਿਲਾਮੀ ਰੱਦ ਕੀਤੇ ਜਾਣ ਦਾ ਕਾਰਨ ਜ਼ਮੀਨ ਦਾ ਪਿਛਲੇ ਸਾਲ ਨਾਲੋਂ ਘੱਟ ਠੇਕੇ ਉੱਤੇ ਚੜ੍ਹਨਾ ਦੱਸਿਆ ਗਿਆ ਪਰ ਇਸ ਦਾ ਅਸਰ ਅਗਲੇ ਦਿਨਾਂ ਵਿੱਚ ਸਮਾਜਕ ਪੱਧਰ ਉੱਤੇ ਨਜ਼ਰ ਆਇਆ। ਪੰਦਰਾਂ ਮਈ ਨੂੰ ਪਿੰਡ ਦੇ ਇੱਕ ਮੋਹਤਬਰ ਵਸਾਉ ਰਾਮ ਨੇ ਸ਼ਿਵ ਮੰਦਿਰ ਵਿੱਚ ਜਾਟ ਭਾਈਚਾਰੇ ਦੀ ਬੈਠਕ ਬੁਲਾਈ। ਇਸੇ ਮੰਦਿਰ ਵਿੱੱਚੋਂ ਛੇ ਵਜੇ ਸਪੀਕਰ ਰਾਹੀਂ ਦਲਿਤ ਬਰਾਦਰੀ ਦੇ ਸਮਾਜਕ ਬਾਈਕਾਰ ਦਾ ਐਲਾਨ ਕਰ ਦਿੱਤਾ ਗਿਆ। ਸਮਾਜਕ ਬਾਈਕਾਟ ਦਾ ਮਤਲਬ ਸੀ ਕਿ ਜੋ ਵੀ ਦਲਿਤ ਸਮਾਜ ਨਾਲ ਸਬੰਧ ਰੱਖੇਗਾ ਉਸ ਨੂੰ ਇੱਕੀ ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਜਾਵੇਗਾ ਅਤੇ ਬਾਈਕਾਟ ਦਾ ਉਲੰਘਣ ਕਰਨ ਵਾਲੇ ਦਲਿਤ ਨੂੰ ਗਿਆਰਾਂ ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਇਸ ਬਾਈਕਾਟ ਤਹਿਤ ਦਲਿਤਾਂ ਦਾ ਖੇਤਾਂ ਵਿੱਚ ਵੜਨਾ ਬੰਦ, ਉਨ੍ਹਾਂ ਨੂੰ ਦਿਹਾੜੀ ਉੱਤੇ ਰੱਖਣਾ ਬੰਦ, ਦਲਿਤਾਂ ਦੇ ਪਸ਼ੂਆਂ ਦਾ ਖੇਤਾਂ ਵਿੱਚ ਵੜਨਾ ਬੰਦ ਅਤੇ ਦਲਿਤਾਂ ਨੂੰ ਦੁੱਧ-ਲੱਸੀ ਦੇਣਾ ਬੰਦ ਕਰ ਦਿੱਤਾ ਗਿਆ। ਜਾਟਾਂ ਦੇ ਮੰਦਿਰ ਵਿੱਚ ਦਲਿਤਾਂ ਦੇ ਦਾਖ਼ਲੇ ਉੱਤੇ ਪਾਬੰਦੀ ਲਗਾ ਦਿੱਤੀ ਗਈ। 
 ਬਹੁਜਨ ਸਮਾਜ ਪਾਰਟੀ ਦੀ ਜਥੇਬੰਦੀ ਬਹੁਜਨ ਵਲੰਟੀਅਰ ਫੋਰਸ ਦੇ ਜ਼ਿਲ੍ਹਾ ਇੰਚਾਰਜ ਕ੍ਰਿਸ਼ਨ ਸਿੰਘ ਜੱਸਲ ਦੱਸਦੇ ਹਨ ਕਿ ਸਾਰਾ ਦਲਿਤ ਸਮਾਜ ਖ਼ੌਫ਼ਜ਼ਦਾ ਹੋ ਗਿਆ ਹੈ। ਬਾਈਕਾਟ ਤੋਂ ਅਗਲੇ ਦਿਨ ਐਲਾਨ ਦੁਬਾਰਾ ਕੀਤਾ ਗਿਆ। ਬਾਅਦ ਵਿੱਚ ਦੋਵਾਂ ਪੱਖਾਂ ਨੂੰ ਖਨੌਰੀ ਥਾਣੇ ਵਿੱਚ ਬੁਲਾ ਕੇ ਥਾਣੇਦਾਰ ਵਿਜੇ ਕੁਮਾਰ ਨੇ ਸਮਝੌਤਾ ਕਰਵਾ ਦਿੱਤਾ। ਇਸ ਸਮਝੌਤੇ ਨਾਲ ਨਾ ਤਾਂ ਬੇਜ਼ੀਮਨੇ ਤਬਕੇ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਾ ਫ਼ੈਸਲਾ ਹੋਇਆ ਅਤੇ ਨਾ ਹੀ ਸਮਾਜਕ ਵਿਹਾਰ ਵਿੱਚ ਆਈ ਕੁੜੱਤਣ ਘਟੀ। ਪੰਚਾਇਤ ਸਕੱਤਰ ਪ੍ਰਿਥੀ ਸਿੰਘ ਨੇ ਫੋਨ ਉੱਤੇ ਦੱਸਿਆ, "ਪਿਛਲੇ ਸਾਲ ਬੇਜ਼ਮੀਨੇ ਤਬਕੇ ਦੇ ਹਿੱਸੇ ਦੀ ਜ਼ਮੀਨ ਦਾ ਠੇਕਾ 8,52,000 ਸੀ ਜਦਕਿ ਇਸ ਵਾਰ ਬੋਲੀ 2,05,700 ਰੁਪਏ ਤੱਕ ਗਈ ਹੈ। ਆਮ ਤੌਰ ਉੱਤੇ ਪਿਛਲੇ ਸਾਲ ਦੇ ਠੇਕੇ ਨੂੰ ਘੱਟ ਤੋਂ ਘੱਟ ਮੰਨ ਕੇ ਬੋਲੀ ਕੀਤੀ ਜਾਂਦੀ ਹੈ। ਇਸ ਸਾਲ ਦਾ ਫ਼ੈਸਲਾ ਲੈਣ ਲਈ ਮਿਸਲ ਮਹਿਕਮੇ ਦੇ ਆਹਲਾ ਅਫ਼ਸਰਾਂ ਨੂੰ ਭੇਜ ਦਿੱਤੀ ਗਈ ਹੈ।" ਪੇਂਡੂ ਵਿਕਾਸ ਅਤੇ ਪੰਚਾਇਤ ਮਹਿਕਮੇ ਦੇ ਨਿਰਦੇਸ਼ਕ ਡਾ ਕਰੂਣਾ ਰਾਜੂ ਮੁਤਾਬਕ, "ਇਹ ਬੋਲੀ ਖੁੱਲ੍ਹੀ ਹੁੰਦੀ ਹੈ ਅਤੇ ਜਨਤਕ ਥਾਂ ਉੱਤੇ ਕੀਤੀ ਜਾਂਦੀ ਹੈ। ਆਮ ਤੌਰ ਉੱਤੇ ਪਿਛਲੇ ਸਾਲ ਤੈਅ ਹੋਏ ਠੇਕੇ ਤੋਂ ਬੋਲੀ ਸ਼ੁਰੂ ਕੀਤੀ ਜਾਂਦੀ ਹੈ ਪਰ ਅਜਿਹਾ ਕੋਈ ਕਾਨੂੰਨ ਨਹੀਂ ਹੈ। ਅਸੀਂ ਵੇਖਾਂਗੇ ਕਿ ਇਸ ਸਾਲ ਠੇਕਾ ਘੱਟ ਕਿਉਂ ਹੋਇਆ ਹੈ ਅਤੇ ਇਸ ਤੋਂ ਬਾਅਦ ਫ਼ੈਸਲਾ ਕੀਤਾ ਜਾਵੇਗਾ।" ਡਾ ਕਰੂਣਾ ਰਾਜੂ ਦੀ ਕਹਿਣੀ ਤੋਂ ਲੱਗਦਾ ਹੈ ਕਿ ਜ਼ਮੀਨ ਦੀ ਬੋਲੀ ਦਾ ਫ਼ੈਸਲਾ ਜਲਦੀ ਹੋ ਜਾਵੇਗਾ ਪਰ ਪਿੰਡ ਦੇ ਮਾਹੌਲ ਤੋਂ ਨਹੀਂ ਲੱਗਦਾ ਕਿ ਸਮਾਜਕ ਬਾਈਕਾਟ ਦਾ ਅਸਰ ਜਲਦੀ ਘੱਟ ਹੋਵੇਗਾ। 

ਇਸ ਦੌਰਾਨ 18 ਮਈ ਨੂੰ ਬਾਲਮੀਕੀ ਮੰਦਿਰ ਦੇ ਪੁਜਾਰੀ ਮਹਿਪਾਲ ਸਿੰਘ ਨੂੰ ਖੇਤ ਵਿੱਚ ਵੜਨ ਕਾਰਨ ਕੁੱਟਿਆ ਗਿਆ। ਇਸ ਮਾਮਲੇ ਵਿੱਚ ਮੁਲਜ਼ਮ ਬੀਰਾ ਰਾਮ ਨੂੰ ਅਨੁਸੂਚਿਤ ਜਾਤੀ ਅਤੇ ਜਨਜਾਤੀ ਖ਼ਿਲਾਫ਼ ਤਸ਼ਦੱਦ ਦੇ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿੰਡ ਦੇ ਸਰਪੰਚ ਲਹਿਰੀ ਸਿੰਘ ਨੇ ਫ਼ੋਨ ਉੱਤੇ ਦੱਸਿਆ ਕਿ ਸਮਾਜਕ ਬਾਈਕਾਟ ਵਰਗਾ ਕੁਝ ਨਹੀਂ ਹੋਇਆ ਅਤੇ ਪੁਜਾਰੀ ਮਹੀਪਾਲ ਸਿੰਘ ਵਾਲਾ ਮਾਮਲਾ ਦੋ ਜੀਆਂ ਦੀ ਆਪਸੀ ਲੜਾਈ ਹੈ। ਦੂਜੇ ਪਾਸੇ ਮਨਰੇਗਾ ਯੋਜਨਾ ਤਹਿਤ ਦਿਹਾੜੀ ਉੱਤੇ ਲੱਗੀਆਂ ਦਲਿਤ ਸਮਾਜ ਦੀਆਂ ਬੀਬੀਆਂ ਦੱਸਦੀਆਂ ਹਨ ਕਿ ਉਹ ਸਮਾਜਕ ਬਾਈਕਾਟ ਦਾ ਸ਼ਿਕਾਰ ਹਨ। ਇਸ ਕਾਰਨ ਬਾਲਣ ਤੋਂ ਲੈਕੇ ਜੰਗਲ-ਪਾਣੀ ਤੱਕ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਜਾਟ ਬਰਾਦਰੀ ਦੇ ਪੰਚ ਹਵਾ ਸਿੰਘ ਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਫ਼ਸਲ ਬਰਬਾਦ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਹਵਾ ਸਿੰਘ ਨੂੰ ਟੋਕ ਕੇ ਜਾਟ ਸਮਾਜ ਦੇ ਸੋਮਨਾਥ ਦੱਸਦੇ ਹਨ ਕਿ ਦਲਿਤਾਂ ਨੂੰ ਖਾਲੀ ਖੇਤਾਂ ਵਿੱਚ ਜਾਣ ਤੋਂ ਵੀ ਰੋਕਿਆ ਗਿਆ ਹੈ। ਬਾਅਦ ਵਿੱਚ ੬੫ ਸਾਲਾ ਸਤਨਾਮ ਸਿੰਘ ਦੱਸਦੇ ਹਨ ਕਿ ਕੁਝ ਲੋਕ ਦਲਿਤ ਸਮਾਜ ਨੂੰ ਭਟਕਾ ਰਹੇ ਹਨ। ਅਨੁਸੂਚਿਤ ਜਾਤੀ ਅਤੇ ਜਨਜਾਤੀ ਕਮਿਸ਼ਨ ਦੇ ਮੈਂਬਰ ਦਲੀਪ ਸਿੰਘ ਪਾਂਧੀ ਨੇ ਬਾਉਪੁਰ ਦਾ ਦੌਰਾ ਕਰਕੇ ਆਪਣੀ ਰਪਟ ਕਮਿਸ਼ਨ ਨੂੰ ਦੇ ਦਿੱਤੀ ਹੈ। ਪਾਂਧੀ ਨੇ ਫ਼ੋਨ ਉੱਤੇ ਦੱਸਿਆ ਕਿ ਸਮਾਜਕ ਬਾਈਕਾਟ ਦਾ ਅਸਰ ਹੈ ਪਰ ਦਲਿਤ ਸਮਾਜ ਵੀ ਆਪਣੀ ਅੜੀ ਉੱਤੇ ਆਇਆ ਹੋਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜ਼ਮੀਨ ਦਾ ਫ਼ੈਸਲਾ ਹੋ ਜਾਣ ਤੋਂ ਬਾਅਦ ਮਾਹੌਲ ਬਿਹਤਰ ਹੋ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਸਹਾਇਕ ਪ੍ਰੋਫ਼ੈਸਰ ਜਤਿੰਦਰ ਸਿੰਘ ਦਾ ਮੰਨਣਾ ਹੈ ਕਿ ਇਸ ਘਟਨਾ ਨੂੰ ਕੁਝ ਲੋਕਾਂ ਦੀ ਗ਼ਲਤੀ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਜਿਹੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਜਤਿੰਦਰ ਨੇ ਅਜਿਹੀ ਘਟਨਾ ਦਾ ਤਿੰਨ ਸਾਲ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੱਧਰੀ ਕਲਾਂ ਵਿੱਚ ਅਧਿਐਨ ਕੀਤਾ ਸੀ। ਜਤਿੰਦਰ ਦਾ ਕਹਿਣਾ ਹੈ, "ਸਿਆਸੀ ਪਾਰਟੀਆਂ ਦੀ ਸਰਪ੍ਰਸਤੀ ਅਤੇ ਪ੍ਰਸ਼ਾਸਨ ਦੀ ਸਹਿਮਤੀ ਨਾਲ ਗ਼ਾਲਬ ਜਾਤਾਂ ਵੱਲੋਂ ਜਾਤੀ ਗ਼ਲਬਾ ਕਾਇਮ ਰੱਖਣ ਦਾ ਉਪਰਾਲਾ ਹੋ ਰਿਹਾ ਹੈ।" ਆਮ ਆਦਮੀ ਪਾਰਟੀ ਦੇ ਨਵੇਂ ਬਣੇ ਸੰਸਦ ਮੈਂਬਰ ਭਗਵੰਤ ਮਾਨ ਪਿੰਡ ਦੇ ਦੌਰੇ ਦੌਰਾਨ ਲੋਕਾਂ ਨੂੰ ਸਮਝਾਉਣ ਵਿੱਚ ਨਾਕਾਮਯਾਬ ਰਹੇ ਹਨ। ਕਈ ਖੱਬੇ ਪੱਖੀ ਸਿਆਸੀ ਧਿਰਾਂ ਦੇ ਵਫ਼ਦ ਬਾਉਪੁਰ ਦਾ ਦੌਰਾ ਕਰ ਚੁੱਕੇ ਹਨ। 

ਇਨ੍ਹਾਂ ਹਾਲਾਤ ਵਿੱਚ ਦੋਵਾਂ ਬਿਰਾਦਰੀਆਂ ਦਾ ਲਹਿਜ਼ਾ ਦਰਸਾਉਂਦਾ ਹੈ ਕਿ ਤਣਾਅ ਜਲਦੀ ਘੱਟ ਹੋਣ ਵਾਲਾ ਨਹੀਂ ਹੈ। ਥਾਣੇ ਵਿੱਚ ਜਾਟ ਸਮਾਜ ਵੱਲੋਂ ਸਮਾਜਕ ਬਾਈਕਾਟ ਦੇ ਸੱਦੇ ਲਈ ਮੁਆਫ਼ੀ ਮੰਗਣ ਵਾਲੇ ਅਜਮੇਰ ਸਿੰਘ ਦੀ ਇੱਜ਼ਤ ਤਾਂ ਪਿੰਡ ਵਿੱਚ ਹਰ ਕੋਈ ਕਰਦਾ ਹੈ ਪਰ ਹਰ ਕਿਸੇ ਨੂੰ ਉਨ੍ਹਾਂ ਦੀ ਗੱਲ ਮੰਨ ਲੈਣਾ ਆਪਣੀ ਜਾਤੀ ਪਛਾਣ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਹੈ। ਅਜਮੇਰ ਸਿੰਘ ਦੀਆਂ ਭਾਵਨਾਵਾਂ ਸ਼ਾਇਦ ਮੌਜੂਦਾ ਸਿਆਸਤ ਵਿੱਚ ਮਾਅਨੇ ਨਹੀਂ ਰੱਖਦੀਆਂ, ਇਸੇ ਲਈ ਉਹ ਪਿੰਡ ਦੇ ਮਾਹੌਲ ਉੱਪਰ ਅਸਰਅੰਦਾਜ਼ ਨਹੀਂ ਹੋ ਸਕੇ। ਬਾਈਕਾਟ ਦੇ ਹਵਾਲੇ ਨਾਲ ਇਹ ਪੱਖ ਵੀ ਧਿਆਨ ਦੀ ਮੰਗ ਕਰਦੇ ਹਨ ਕਿ ਗਰਮੀ ਦੇ ਮੌਜੂਦਾ ਕਹਿਰ ਵਿੱਚ ਖੇਤਾਂ ਵਿੱਚ ਵੱਟਾਂ-ਬੰਨ੍ਹਿਆਂ ਉੱਤੇ ਹਰਾ ਘਾਹ ਨਹੀਂ ਹੈ ਅਤੇ ਕਣਕ ਦੀ ਵਾਢੀ ਅਤੇ ਜੀਰੀ ਦੀ ਲਵਾਈ ਦੇ ਵਿਚਕਾਰਲਾ ਸਮਾਂ ਖੇਤ ਮਜ਼ਦੂਰਾਂ ਲਈ ਮੰਦੀ ਦਾ ਸਮਾਂ ਹੁੰਦਾ ਹੈ। ਉਪਰੋਂ ਖੇਤ ਮਜ਼ਦੂਰ ਦੇ ਲਗਾਤਾਰ ਘਟਦੇ ਕੰਮ ਦੇ ਦਿਨ ਖੇਤੀ ਸੰਕਟ ਦੇ ਅਹਿਮ ਪੱਖ ਵਜੋਂ ਦਰਜ ਕੀਤੇ ਜਾ ਰਹੇ ਹਨ। 

No comments: