Monday, April 22, 2013

ਅੰਕੜਿਆਂ ਤੋਂ ਪਾਰ ਰਾਸ਼ਟਰਮੰਡਲ ਖੇਡਾਂ

ਦਲਜੀਤ ਅਮੀ

ਖ਼ੁਰਾਕ ਮਨੁੱਖ ਦਾ ਪਹਿਲਾ ਤੇ ਖੇਡ ਮਨੁੱਖ ਦਾ ਉੱਤਮ ਸਕੂਨ ਹੈ। ਖੇਡ ਸਮਾਜੀਕਰਨ ਦੀ ਪਹਿਲੀ ਤੇ ਅਹਿਮ ਪੌੜੀ ਹੈ। ਖੇਡਾਂ ਮਨੁੱਖ ਨੂੰ ਸਰੀਰ ਪੱਖੋਂ ਨਰੋਆ ਬਣਾਉਂਦੀਆਂ ਹਨ। ਬੰਦੇ ਦੀ ਬੰਦੇ ਤੇ ਬੰਦਿਆਈ ਨਾਲ ਸਾਂਝ ਮਜ਼ਬੂਤ ਕਰਦੀਆਂ ਹਨ। ਮਨੁੱਖ ਦੀਆਂ ਗੁੱਝੀਆਂ ਰਮਜ਼ਾਂ ਖੇਡ ਰਾਹੀਂ ਪ੍ਰਗਟ ਹੁੰਦੀਆਂ ਹਨ। ਮੌਜੂਦਾ ਖੇਡ ਮੇਲਿਆਂ ਦਾ ਖਾਸਾ ਬਹੁਤ ਹੱਦ ਤੱਕ ਖੇਡ ਦੇ ਇਸ ਸੁਭਾਅ ਨਾਲ ਟਕਰਾਉਂਦਾ ਹੈ। ਰਾਸ਼ਟਰੰਮਡਲ ਖੇਡਾਂ ਦੌਰਾਨ ਕੁਝ ਅਜਿਹੇ ਪਲ ਆਏ ਜਿਨ੍ਹਾਂ ਦਾ ਅਹਿਸਾਸ ਉਨ੍ਹਾਂ ਪਲਾਂ ਤੋਂ ਵਡੇਰਾ ਹੈ। ਇਨ੍ਹਾਂ ਦੇ ਮਾਅਨੇ ਅਤੇ ਅਹਿਮੀਅਤ ਹਰ ਆਦਮੀ ਲਈ ਵੱਖਰੀ-ਵੱਖਰੀ ਹੋ ਸਕਦੀ ਹੈ। 
***


ਖੇਡਾਂ ਤੋਂ ਪਹਿਲਾਂ ਮਿਲਖਾ ਸਿੰਘ ਨੇ ਬਿਆਨ ਦਿੱਤਾ ਸੀ ਕਿ ਅਥਲੈਟਿਕਸ ਵਿੱਚ ਤਮਗਿਆਂ ਦੀ ਆਸ ਨਹੀਂ ਹੈ। ਇਸ ਬਿਆਨ ਦੀ ਵਿਆਖਿਆ ਕਈ ਤਰ੍ਹਾਂ ਹੋਈ। ਮਿਲਖਾ ਸਿੰਘ ਦੇ ਇਸ ਬਿਆਨ ਨੂੰ ਉਸ ਦੀ ਨਿਰਾਸ਼ਾ ਦਾ ਪ੍ਰਗਟਾਵਾ ਦੱਸਿਆ ਗਿਆ। ਆਖ਼ਰ ਪਿਛਲੇ 52 ਸਾਲਾਂ ਵਿੱਚ ਉਸ ਦੀ ਜੇਤੂ ਰਵਾਇਤ ਨੂੰ ਅੱਗੇ ਤੋਰਨ ਵਾਲਾ ਕੋਈ ਨਹੀਂ ਆਇਆ। ਦੂਜਾ ਪੱਖ ਇਹ ਵੀ ਹੈ ਕਿ ਇਹ ਮਿਲਖਾ ਸਿੰਘ ਦਾ ਹੰਕਾਰ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਪੱਧਰ ਉੱਤੇ ਤਮਗਾ ਜਿੱਤਣ ਲਈ ਤਾਂ 'ਮਿਲਖਾ ਸਿੰਘ' ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਇਸ ਬਿਆਨ ਦੀ ਕੋਈ ਹੋਰ ਵਿਆਖਿਆ ਵੀ ਹੋ ਸਕਦੀ ਹੈ। ਇਹ ਬਿਆਨ ਕਈ ਖਿਡਾਰੀਆਂ ਲਈ ਲਲਕਾਰ ਬਣਿਆ ਹੋਵੇਗਾ ਅਤੇ ਕਈਆਂ ਨੂੰ ਇਸ ਤੋਂ ਖੁੰਧਕ ਚੜ੍ਹੀ ਹੋਵੇਗੀ। ਖੇਡ ਵਿੱਚ ਤਾਂ ਦੋਵੇਂ ਹੀ ਭਾਵਨਾਵਾਂ ਅਹਿਮ ਮੰਨੀਆਂ ਜਾਂਦੀਆਂ ਹਨ। ਖੇਡ ਭਾਵਨਾ ਅਤੇ ਮਰਨ-ਮਾਰਨ ਦੀ ਭਾਵਨਾ ਦੇ ਵਿਚਕਾਰ ਹੀ ਖੇਡ ਮੈਦਾਨ ਦਾ ਖਾਸਾ ਸਮਾਇਆ ਹੋਇਆ ਹੈ। ਇਨ੍ਹਾਂ ਦੋਵਾਂ ਭਾਵਨਾਵਾਂ ਦੇ ਸਮੇਲ ਨੂੰ ਸਦਾ ਉਚਿਆਇਆ ਜਾਂਦਾ ਹੈ। ਇਸੇ ਪੱਖੋਂ ਜ਼ਰਾ ਸੋਚ ਕੇ ਵੇਖੋ ਕਿ ਜਿਨ੍ਹਾਂ ਅਥਲੀਟਾਂ ਨੇ ਰਾਸ਼ਟਰਮੰਡਲ ਖੇਡਾਂ ਲਈ ਪੂਰੀ ਤਿਆਰੀ ਕੀਤੀ ਹੋਈ ਸੀ, ਉਨ੍ਹਾਂ ਦੇ ਕੰਨਾਂ ਵਿੱਚ ਮਿਲਖਾ ਸਿੰਘ ਦੇ ਬਿਆਨ ਨੇ ਕੀ-ਕੀ ਅਰਥ ਪਾਏ ਹੋਣਗੇ? ਇੱਕ ਵੰਨਗੀ ਸਾਡੇ ਤੱਕ ਸੀਮਾ ਅੰਤਿਲ ਰਾਹੀਂ ਪੁੱਜੀ ਹੈ। ਜਦੋਂ ਡਿਸਕਸ ਸੁੱਟਣ ਦੇ ਮੁਕਾਬਲੇ ਵਿੱਚ ਭਾਰਤੀ ਕੁੜੀਆਂ ਨੇ ਤਿੰਨੇ ਤਗਮੇ ਜਿੱਤੇ ਤਾਂ ਇਨ੍ਹਾਂ ਨੇ ਮੈਦਾਨ ਦਾ ਜੇਤੂ ਫੇਰਾ ਦਿੱਤਾ। ਕ੍ਰਿਸ਼ਨਾ ਪੂਨੀਆ, ਹਰਵੰਤ ਕੌਰ ਅਤੇ ਸੀਮਾ ਅੰਤਿਲ ਨੇ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ। ਕ੍ਰਿਸ਼ਨਾ ਪੂਨੀਆ ਅਤੇ ਸੀਮਾ ਅੰਤਿਲ ਦੀ ਆਪਸ ਵਿੱਚ ਬਣਦੀ ਵੀ ਨਹੀਂ ਪਰ ਇਸ ਮੌਕੇ ਮਿਲਖਾ ਸਿੰਘ ਦਾ ਬਿਆਨ ਇਨ੍ਹਾਂ ਦੀ ਸਾਂਝ ਦਾ ਸਬੱਬ ਬਣਿਆ। ਮਿਲਖਾ ਸਿੰਘ ਨੇ ਕ੍ਰਿਸ਼ਨਾ ਪੂਨੀਆ ਨੂੰ ਵਧਾਈ ਦਿੱਤੀ। ਬਾਅਦ ਵਿੱਚ ਸੀਮਾ ਅੰਤਿਲ ਨੇ ਕ੍ਰਿਸ਼ਨਾ ਨੂੰ ਕਿਹਾ, "ਮਿਲਖਾ ਸਿੰਘ ਨੂੰ ਤਮਗਾ ਦਿਖਾ ਦੇ। ਨਾਲੇ ਦੱਸ ਕਿ ਅਸੀਂ ਅਥਲੈਟਿਕਸ ਵਿੱਚ ਸੱਤ ਤਮਗੇ ਜਿੱਤ ਲਏ ਹਨ।" ਉਦੋਂ ਤੱਕ ਅਥਲੈਟਿਕਸ ਵਿੱਚ ਭਾਰਤ ਨੂੰ ਸੱਤ ਤਮਗੇ ਮਿਲ ਚੁੱਕੇ ਸਨ। ਇਹ ਗਿਣਤੀ ਬਾਅਦ ਵਿੱਚ ਬਾਰਾਂ ਹੋ ਗਈ। ਕ੍ਰਿਸ਼ਨਾ ਪੂਨੀਆ ਉਸ ਵੇਲੇ ਕਿਸੇ ਹੋਰ ਗੱਲੋਂ ਵਧੇਰੇ ਖ਼ੁਸ਼ ਸੀ। ਆਖ਼ਰ ਉਸ ਦੀ ਆਪਣੇ ਛੇ ਸਾਲਾਂ ਪੁੱਤ ਤੋਂ ਦੂਰ ਰਹਿ ਕੇ ਕੀਤੀ ਮਿਹਨਤ ਰੰਗ ਲਿਆਈ ਸੀ। ਇਸੇ ਤਮਗੇ ਦੀਆਂ ਬਾਤਾਂ ਉਸ ਨੇ ਪੁੱਤ ਨੂੰ ਪਾਉਂਣੀਆਂ ਹਨ।  
***


ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਗਗਨ ਨਾਰੰਗ ਨੂੰ 'ਖੇਲ ਰਤਨ' ਨਾ ਮਿਲਣ ਦਾ ਮਲਾਲ ਸੀ। ਉਸ ਨੇ ਜਦੋਂ ਆਪਣੀ ਨਿਰਾਸ਼ਾ ਨੂੰ ਜ਼ੁਬਾਨ ਦਿੱਤੀ ਤਾਂ ਕਈ ਪਾਸਿਓਂ ਆਲੋਚਨਾ ਹੋਈ। ਨਿਸ਼ਾਨੇਬਾਜ਼ੀ ਵਿੱਚ ਚਾਰ ਸੋਨੇ ਤਮਗੇ ਜਿੱਤਣ ਵਾਲਾ ਗਗਨ ਨਾਰੰਗ ਇਕਾਗਰਤਾ ਤੇ ਦ੍ਰਿੜ੍ਹਤਾ ਨੂੰ ਸਮੂਰਤ ਕਰਦਾ ਨਜ਼ਰ ਆਇਆ। ਉਸ ਦਾ ਹਰ ਹਾਵ-ਭਾਵ ਇੱਕੋ ਗੱਲ ਕਹਿੰਦਾ ਜਾਪਦਾ ਸੀ, "ਸੱਚ, ਜੇ ਆਪਣੇ ਪੱਖ ਵਿੱਚ ਭੁਗਤਦਾ ਹੋਵੇ ਤਾਂ ਵੀ ਬੋਲਣਾ ਚਾਹੀਦਾ ਹੈ। ਜੇ ਇਹ ਕਿਸੇ ਨੂੰ ਹੰਕਾਰ ਜਾਪੇ ਤਾਂ ਤੁਸੀਂ ਕਸੂਰਵਾਰ ਨਹੀਂ ਹੋ ਜਾਦੇ।"
***

ਅਨੀਸਾ ਸਈਦ ਨੇ ਨਿਸ਼ਾਨੇਬਾਜ਼ੀ ਵਿੱਚ ਦੋ ਸੋਨ ਤਮਗੇ ਜਿੱਤੇ। ਉਸ ਦੀ ਪੱਤਰਕਾਰਾਂ ਨਾਲ ਗੱਲਬਾਤ ਬਹੁਤ ਦਿਲਚਸਪ ਸੀ। ਇਨ੍ਹਾਂ ਗੱਲਾਂ ਤੋਂ ਕੁਝ ਅੰਦਾਜ਼ਾ ਲੱਗਦਾ ਹੈ ਕਿ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਵਿੱਚ ਹਿੱਸਾ ਲੈਂਦੇ ਸਮੇਂ ਉਹ ਕਿਨ੍ਹਾਂ-ਕਿਨ੍ਹਾਂ ਨਿਸ਼ਾਨਿਆਂ ਨੂੰ ਹੋਂਦ ਦਾ ਸਵਾਲ ਬਣਾਈ ਖੜ੍ਹੀ ਸੀ। ਉਹ ਪੱਤਰਕਾਰਾਂ ਨੂੰ ਸਿੱਧਾ ਸੰਬੋਧਿਤ ਹੈ, "ਮੈਂ ਤਾਂ ਕੱਲ੍ਹ ਵੀ ਇਸੇ ਰੇਂਜ ਉੱਤੇ ਹੋਵਾਂਗੀ। ਦੇਖਾਂਗੀ ਕਿ ਤੁਹਾਡੇ ਵਿੱਚੋਂ ਕਿੰਨਿਆਂ ਦੀ ਮੇਰੇ ਨਾਲ ਗੱਲ ਕਰਨ ਵਿੱਚ ਦਿਲਚਸਪੀ ਹੈ। ਸੋਨੇ ਦਾ ਤਮਗਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਹਰ ਕੋਈ ਮੇਰੇ ਬਾਰੇ ਗੱਲ ਕਰ ਰਿਹਾ ਹੈ। ਮੈਂ ਹੁਣ ਤੱਕ ਜੋ ਵੀ ਕੀਤਾ ਹੈ, ਆਪਣੇ ਦਮ ਉੱਤੇ ਕੀਤਾ ਹੈ। ਜਿਹੜਾ ਰਾਹ ਮੈਂ ਲੰਘ ਕੇ ਆਈ ਹਾਂ, ਉਹ ਪਾਰ ਕਰਨਾ ਤਕਰੀਬਨ ਨਾਮੁਮਕਿਨ ਸੀ।" ਉਹ ਆਪਣੇ ਪਿਤਾ ਅਬਦੁਲ ਹਮੀਦ ਸਈਦ ਅਤੇ ਜੀਵਨਸਾਥੀ ਮੁਬਾਰਕ ਹੂਸੈਨ ਦੇ ਸਹਿਯੋਗ ਦਾ ਧੰਨਵਾਦ ਕਰਦੀ ਹੈ। ਮੁਬਾਰਕ ਹੂਸੈਨ ਦੱਸਦਾ ਹੈ ਕਿ ਉਸ ਨੇ ਆਪਣੀ ਜੀਵਨਸਾਥੀ ਨਾਲ ਸਹਾਇਕਾਂ ਵਾਂਗ ਜ਼ਿੰਮੇਵਾਰੀ ਨਿਭਾਈ ਹੈ ਤਾਂ ਅੱਜ ਇਹ ਮੁਕਾਮ ਹਾਸਿਲ ਹੋਇਆ ਹੈ। ਅਨੀਸਾ ਆਪਣੇ ਕੋਚ ਸੰਨੀ ਥੌਮਸ ਨੂੰ ਕਿਸੇ ਪੁਰਾਣੀ ਗੱਲ ਦਾ ਜਵਾਬ ਦੇ ਰਹੀ ਹੈ, "ਤੁਸੀਂ ਤਾਂ ਮੈਨੂੰ ਦੂਣੀ (ਡਬਲ) ਕਹਿੰਦੇ ਸੀ ਤੇ ਅੱਜ ਮੈਂ ਤਮਗਿਆਂ ਦੀ ਦੂਣ (ਡਬਲ) ਪਾ ਦਿੱਤੀ।" ਇਸ ਦੇ ਨਾਲ ਹੀ ਉਹ ਸਭ ਤੋਂ ਅਹਿਮ ਫਿਕਰੇ ਬੋਲਦੀ ਹੈ, "ਤੁਸੀਂ ਇਸ ਗੱਲ ਦਾ ਅਹਿਸਾਸ ਨਹੀਂ ਕਰ ਸਕਦੇ ਕਿ ਮੇਰੇ ਵਰਗੇ ਮੁਸਲਮਾਨ ਪਰਿਵਾਰਾਂ ਦੀਆਂ ਕੁੜੀਆਂ ਲਈ ਇਸ ਤਮਗੇ ਦੀ ਕੀ ਅਹਿਮੀਅਤ ਹੈ। ਮੈਨੂੰ ਕਦੇ ਰੋਕਿਆ ਨਹੀਂ ਗਿਆ। ਮੈਂ ਇਜਾਜ਼ਤ ਲੈ ਕੇ ਨਹੀਂ ਸਗੋਂ ਸਿਰਫ਼ ਦੱਸ ਕੇ ਆਈ ਹਾਂ। ਸ਼ਾਇਦ ਲੋਕਾਂ ਨੂੰ ਇਸ ਤੱਥ ਪਿੱਛੇ ਲੁਕਿਆ ਸੁਨੇਹਾ ਪੁੱਜੇਗਾ।" ਅਨੀਸਾ ਦਾ ਇਹੋ ਅਹਿਸਾਸ ਖੇਡ ਮੈਦਾਨ ਨੂੰ ਦਰਦਮੰਦੀ ਨਾਲ ਲਬਰੇਜ਼ ਕਰਦਾ ਹੈ। ਇਹੋ ਸੁਨੇਹਾ ਤਾਂ ਚੁੱਪ-ਚੁਪੀਤੇ ਤਾਜ਼ੀਮ ਅਖ਼ਤਰ ਅੱਬਾਸੀ ਦੇ ਰਹੀ ਸੀ। ਉਹ ਖੇਡਾਂ ਵਿੱਚ ਭਾਗ ਲੈਣ ਆਏ ਪਾਕਿਸਤਾਨੀਆਂ ਵਿੱਚ ਇਕੱਲੀ ਕੁੜੀ ਸੀ ਜਿਸ ਨੇ ਸਲਵਾਰ-ਕਮੀਜ਼ ਪਾ ਕੇ ਸਿਰ ਦੁਪੱਟੇ ਨਾਲ ਲਪੇਟ ਕੇ ਨਿਸ਼ਾਨੇਬਾਜ਼ੀ ਕੀਤੀ। ਉਸ ਦੇ ਕਿੰਨੇ ਨਿਸ਼ਾਨੇ ਸਹੀ ਲੱਗੇ ਅਤੇ ਕਿੰਨੇ ਖੁੰਝ ਗਏ ਇਸ ਦਾ ਅੰਦਾਜ਼ਾ ਤਮਗਿਆਂ ਦੀ ਗਿਣਤੀ ਤੋਂ ਨਹੀਂ ਲੱਗਣਾ।
***
ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਕੋਈ ਛੋਟੀ ਗੱਲ ਤਾਂ ਨਹੀਂ। ਇਸੇ ਰੰਗ ਦਾ ਤਮਗਾ ਜਿੱਤਣ ਵਾਲੀ ਬਬੀਤਾ ਲਈ ਇਹ ਮਸਲਾ ਗੰਭੀਰ ਹੈ। ਉਸ ਦੇ ਅੱਥਰੂਆਂ ਦੀ ਲੜੀ ਟੁੱਟਦੀ ਹੀ ਨਹੀਂ। ਉਸ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਨਹੀਂ ਆ ਰਿਹਾ। ਦਰਸ਼ਕਾਂ ਵਿੱਚ ਉਸ ਨੂੰ ਹੱਲਾਸ਼ੇਰੀ ਦੇਣ ਉਸ ਦੀ ਭੈਣ ਆਈ ਹੈ। ਇਸੇ ਭੈਣ, ਗੀਤਾ ਨੂੰ ਹੱਲਾਸ਼ੇਰੀ ਦੇਣ ਬੀਤੇ ਕੱਲ੍ਹ ਬਬੀਤਾ ਆਈ ਸੀ। ਗੀਤਾ ਨੇ ਕੁੜੀਆਂ ਦੀ ਕੁਸ਼ਤੀ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਲਈ ਪਹਿਲਾਂ ਸੋਨ ਤਮਗਾ ਜਿੱਤਿਆ ਸੀ। ਜਦੋਂ ਭੈਣ ਨੇ ਸੋਨੇ ਦਾ ਤਮਗਾ ਜਿੱਤਿਆ ਹੈ ਤਾਂ ਬਬੀਤਾ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਿਵੇਂ ਆਵੇ? 
ਦੋਵੇਂ ਆਪਣੇ ਬਾਪ ਦਾ ਸੁਪਨਾ ਪੂਰਾ ਕਰਨ ਦਿੱਲੀ ਆਈਆਂ ਸਨ। ਮਹਾਬੀਰ ਸਿੰਘ ਨੇ ਆਪਣੀਆਂ ਪੰਜਾਂ ਧੀਆਂ ਨੂੰ ਕੁਸ਼ਤੀ ਵਿੱਚ ਪਾਇਆ ਸੀ। ਅਖਾੜਾ ਆਪਣੇ ਹੀ ਜੱਦੀ ਪਿੰਡ ਬਹਿਲੇਲੀ (ਹਰਿਆਣਾ) ਬਣਾਇਆ ਸੀ। ਉਹ ਵੀ ਘਰ ਦੇ ਪਿਛਵਾੜੇ। ਆਖ਼ਰ ਬਾਪ ਹੀ ਧੀ ਨੂੰ ਫੋਨ ਉੱਤੇ ਕਹਿੰਦਾ ਹੈ, "ਤਮਗੇ ਦੇ ਰੰਗ ਨਾਲ ਫ਼ਰਕ ਨਹੀਂ ਪੈਂਦਾ। ਤੂੰ ਆਪਣੀ ਵੱਲੋਂ ਤਾਂ ਸੌ ਫ਼ੀਸਦੀ ਜ਼ੋਰ ਲਾਇਆ ਏ।"  ਗੀਤਾ ਸ਼ਾਇਦ ਆਪਣੀ ਛੋਟੀ ਭੈਣ ਨੂੰ ਇਹ ਸਮਝਾ ਕੇ ਵਰਾਉਣ ਵਿੱਚ ਕਾਮਯਾਬ ਹੋਈ ਹੈ, "ਮਹਾਬੀਰ ਦੀਆਂ ਦੋ ਧੀਆਂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਤਮਗੇ ਜਿੱਤੇ ਹਨ। ਹੁਣ ਕੋਈ ਨਹੀਂ ਕਹਿ ਸਕਦਾ ਕਿ ਮਹਾਬੀਰ ਕੁੜੀਆਂ ਨੂੰ ਕੁਸ਼ਤੀ ਵਿੱਚ ਪਾ ਕੇ ਕਮ ਕੁੱਟ ਰਿਹਾ ਹੈ।"
*** 


ਨਾਸਿਕ ਦੀ 25 ਸਾਲਾ ਕਵਿਤਾ ਰਾਉਤ ਨੇ ਦਸ ਹਜ਼ਾਰ ਮੀਟਰ ਦੀ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਉਹ ਮਿਲਖਾ ਸਿੰਘ ਤੋਂ ਬਾਅਦ ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਦੌੜਾਕ ਹੈ। ਉਸ ਤੋਂ ਅੱਗੇ ਸੋਨੇ ਅਤੇ ਚਾਂਦੀ ਦਾ ਤਮਗਾ ਜਿੱਤਣ ਵਾਲੀਆਂ ਬੀਬੀਆਂ ਕੀਨੀਆ ਤੋਂ ਹਨ। ਅਫ਼ਰੀਕੀ ਮੁਲਕ ਕੀਨੀਆ ਦੀਆਂ ਕੁੜੀਆਂ ਤੇ ਮੁੰਡਿਆਂ ਨੇ ਲੰਮੀਆਂ ਦੌੜਾਂ ਵਿੱਚ ਆਲਮੀ ਪੱਧਰ ਉੱਤੇ ਗ਼ਲਬਾ ਕਾਇਮ ਕਰ ਰੱਖਿਆ ਹੈ। ਇਸ ਗ਼ਲਬੇ ਦਾ ਇੱਕ ਸਿਰਾ ਕੀਨੀਆ ਦੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਜੁੜਦਾ ਹੈ।  ਭੁੱਖ-ਨੰਗ ਨਾਲ ਲੜਦੇ ਸਮੇਂ ਕੀਤੀ ਭੱਜ-ਨੱਠ ਦਾ ਮੁਕਾਬਲਾ ਆਧੁਨਿਕ ਖੇਡ ਸਹੂਲਤਾਂ ਨਹੀਂ ਕਰ ਸਕੀਆਂ। ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਕਸ਼ੀਦੇ ਸਰੀਰਾਂ ਨੂੰ ਜਦੋਂ ਭੋਰਾ ਕੁ ਦਿਸ਼ਾ ਮਿਲਦੀ ਹਾਂ ਤਾਂ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਕਾਲਾ ਰੰਗ ਲਿਸ਼ਕਾਂ ਮਾਰਦਾ ਹੈ। ਅਫ਼ਰੀਕੀ ਦੌੜਾਕਾਂ ਨੂੰ ਕਦੇ ਦੌੜ ਦੇ ਅੰਤਲੇ ਪਲਾਂ ਵਿੱਚ ਦੇਖੋ। ਇੰਝ ਜਾਪਦਾ ਹੈ ਜਿਵੇਂ ਉਹ ਜ਼ਿੰਦਗੀ ਦੀ ਆਖ਼ਰੀ ਦੌੜ ਭੱਜ ਰਹੇ ਹੋਣ। ਨਾਸਿਕ ਦੀ ਕਵਿਤਾ ਰਾਉਤ ਰਿਸ਼ਤੇ ਵਿੱਚੋਂ ਕੀਨੀਆ ਵਾਲੀਆਂ ਦੀ ਹੀ ਭੈਣ ਨਿਕਲੀ। ਉਸ ਨੂੰ ਪਾਣੀ ਲਿਆਉਣ ਲਈ ਰੋਜ਼ 20 ਕਿਲੋਮੀਟਰ ਦੌੜਨਾ ਪੈਂਦਾ ਹੈ। ਜਿਸ ਦੌੜ ਵਿੱਚ ਉਸ ਨੇ ਤਮਗਾ ਜਿੱਤਿਆ ਉਸ ਤੋਂ ਦੁੱਗਣਾ ਪੈਂਡਾ ਉਸ ਨੂੰ ਹਰ ਰੋਜ਼ ਭੱਜਣਾ ਪੈਂਦਾ ਹੈ। ਇਸ ਦੌੜ ਨੇ ਸਾਡੇ ਮੁਲਕ ਅੰਦਰ ਵਸਦੇ ਅਫ਼ਰੀਕਾ ਨੂੰ ਕੌਮਾਂਤਰੀ ਮੰਚ ਉੱਤੇ ਪੇਸ਼ ਕੀਤਾ ਹੈ। ਇਹ ਚੋਣ ਤਾਂ ਅਸੀਂ ਕਰਨੀ ਹੈ ਕਿ ਅਸੀਂ ਤਮਗੇ ਦਾ ਜਸ਼ਨ ਹੀ ਮਨਾਉਣਾ ਹੈ ਜਾਂ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਕੋਈ ਸੁਹਿਰਦ ਹੁੰਗਾਰਾ ਵੀ ਭਰਨਾ ਹੈ। ਇਸੇ ਨਾਲ ਜੁੜਦਾ ਦੂਜਾ ਮਸਲਾ ਤੀਰਅੰਦਾਜ਼ੀ ਵਾਲੀ ਦੀਪਿਕਾ ਦਾ ਹੈ। ਝਾਰਖੰਡ ਦੀ ਇਸ ਕਬਾਇਲੀ ਕੁੜੀ ਨੇ ਤੀਰਅੰਦਾਜ਼ੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। ਦੀਪਿਕਾ ਦਾ ਪਿਓ, ਸ਼ਿਵ ਚਰਨ ਰਾਂਚੀ ਵਿੱਚ ਆਟੋ ਚਲਾਉਂਦਾ ਹੈ। ਮਾਂ ਗੀਤਾ ਨਰਸ ਵਜੋਂ ਕੰਮ ਕਰਦੀ ਹੈ। ਉਸ ਨੇ ਆਪਣੀ ਕਬਾਇਲੀ ਰਵਾਇਤ ਨੂੰ ਅੱਗੇ ਤੋਰ ਕੇ ਦੱਸ ਦਿੱਤਾ ਹੈ ਕਿ ਕਬਾਇਲੀਆਂ ਨੂੰ ਰੰਗਾਰੰਗ ਸਮਾਗਮਾਂ ਵਿਚਲੀ ਨੁਮਾਇਸ਼ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ। 
***

ਰਾਸ਼ਟਰਮੰਡਲ ਖੇਡਾਂ ਵਿੱਚ ਸਭ ਤੋਂ ਮਕਬੂਲ ਖਿਡਾਰੀ ਪਹਿਲਵਾਨ ਸੁਸ਼ੀਲ ਕੁਮਾਰ ਰਿਹਾ। ਕੁਝ ਦਿਨ ਪਹਿਲਾਂ ਹੀ ਉਹ ਆਲਮੀ ਜੇਤੂ ਬਣ ਕੇ ਆਇਆ ਸੀ। ਇਨ੍ਹਾਂ ਖੇਡਾਂ ਵਿੱਚ ਉਸ ਨੇ ਭਲਵਾਨੀ ਦੇ ਕਮਾਲ ਜੌਹਰ ਦਿਖਾਏ। ਇੱਕ ਕੁਸ਼ਤੀ ਤਾਂ ਉਸ ਨੇ ਨੌਂ ਸਕਿੰਟਾਂ ਵਿੱਚ ਹੀ ਜਿੱਤ ਲਈ। ਦਰਸ਼ਕ ਤਾਂ ਉਦੋਂ ਤੱਕ ਜਚ ਕੇ ਬੈਠੇ ਵੀ ਨਹੀਂ ਸਨ। ਇਸ ਮੁਕਾਮ ਉੱਤੇ ਪਹੁੰਚਣ ਲਈ ਉਸ ਨੂੰ ਬਿਖੜਾ ਪੈਂਡਾ ਤੈਅ ਕਰਨਾ ਪਿਆ ਹੈ। ਇਹੋ ਸੁਸ਼ੀਲ ਏਥਨਜ਼ ਉਲੰਪਿਕ ਵਿੱਚ ਚੌਦ੍ਹਵੇਂ ਥਾਂ ਉੱਤੇ ਆਇਆ ਸੀ। ਉਸ ਦਾ ਖੇਡ ਜੀਵਨ ਕਈ ਤਰ੍ਹਾਂ ਦੇ ਸੰਸਿਆਂ ਦੀ ਘੁੰਮਣਘੇਰੀ ਵਿੱਚ ਉਲਝਿਆ ਹੋਇਆ ਸੀ। ਉਸ ਨੂੰ ਆਪਣੀ ਹਰ ਚੀਜ਼ ਦਾ ਧਿਆਨ ਕਰਨਾ ਪੈਂਦਾ ਸੀ। ਛੋਟੇ ਭਰਾ ਅਮਰਜੀਤ ਨੇ ਫ਼ੈਸਲਾ ਸੁਣਾ ਦਿੱਤਾ ਕਿ ਸੁਸ਼ੀਲ ਸਿਰਫ਼ ਜ਼ੋਰ ਅਤੇ ਕੁਸ਼ਤੀ ਕਰੇਗਾ। ਬਾਕੀ ਮਸਲਿਆਂ ਦਾ ਧਿਆਨ ਅਮਰਜੀਤ ਰੱਖੇਗਾ। ਸੁਸ਼ੀਲ ਆਪਣੇ ਗੁਰੂ ਸਤਪਾਲ ਦੀ ਅਗਵਾਈ ਵਿੱਚ ਜ਼ੋਰ ਕਰਨ ਲੱਗਿਆ। ਉਸ ਦੀ ਭੁੱਖ, ਥਿਆ ਤੋਂ ਲੈ ਕੇ ਹਰ ਚੀਜ਼ ਦਾ ਧਿਆਨ ਅਮਰਜੀਤ ਨੇ ਆਪਣੇ ਜ਼ਿੰਮੇ ਲੈ ਲਿਆ। ਸੁਸ਼ੀਲ ਨੂੰ ਭੁੱਖ ਲੱਗੇ; ਸੁਸ਼ੀਲ ਨੂੰ ਥਿਆ ਲੱਗੇ; ਸੁਸ਼ੀਲ ਦੇ ਸਰੀਰ ਵਿੱਚ ਅਕੜਾਅ ਹੋਵੇ; ਸੁਸ਼ੀਲ ਨੂੰ ਨੀਂਦ ਆਵੇ; ਸੁਸ਼ੀਲ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਸ ਨੂੰ ਬੋਲਣਾ ਨਹੀਂ ਪੈਂਦਾ। ਇਨ੍ਹਾਂ ਦਾ ਅਹਿਸਾਸ ਅਮਰਜੀਤ ਨੂੰ ਪਹਿਲਾਂ ਹੁੰਦਾ ਹੈ। ਅਮਰਜੀਤ ਦੀ ਇਜਾਜ਼ਤ ਤੋਂ ਬਿਨਾਂ ਕੋਈ ਸੁਸ਼ੀਲ ਦੇ ਆਰਾਮ ਵਿੱਚ ਖ਼ਲਲ ਨਹੀਂ ਪਾ ਸਕਦਾ। ਇਹ ਇਜਾਜ਼ਤ ਉਹ ਸਿਰਫ਼ ਉਸਤਾਦ ਸਤਪਾਲ ਨੂੰ ਹੀ ਦਿੰਦਾ ਹੈ। ਇਸੇ ਲਈ ਤਾਂ ਸੁਸ਼ੀਲ ਨੇ ਰਾਸ਼ਟਰਮੰਡਲ ਖੇਡਾਂ ਦੌਰਾਨ ਖੇਡ-ਪਿੰਡ ਦੀ ਥਾਂ ਸੋਨੀਪਤ ਵਿੱਚ ਰਹਿਣ ਨੂੰ ਤਰਜੀਹ ਦਿੱਤੀ। ਅਮਰਜੀਤ ਦੀ ਮਿਹਨਤ ਕਾਰਨ ਹੀ ਸੁਸ਼ੀਲ ਬੇਫਿਕਰ ਹੈ ਅਤੇ ਸਾਹਮਣੇ ਭਲਵਾਨਾਂ ਨੂੰ ਫਿਕਰ ਪਾਉਂਦਾ ਹੈ। ਛੋਟਾ ਭਰਾ ਜਾਂਦੇ ਹੋਏ ਭਲਵਾਨ ਦੇ ਪੱਟਾਂ ਤੇ ਡੌਲਿਆਂ ਦੀ ਮਾਲਿਸ਼ ਕਰਦਾ ਹੈ ਤਾਂ ਦੋਵਾਂ ਦੀਆਂ ਅੱਖਾਂ ਹੀ ਅੱਖਾਂ ਵਿੱਚ ਗੱਲ ਹੁੰਦੀ ਹੈ। ਅਮਰਜੀਤ ਨੇ ਆਪਣੇ ਕਹੇ ਦੀ ਲਾਜ ਪਾਲੀ ਹੈ, ਹੁਣ ਸੁਸ਼ੀਲ ਦੀ ਵਾਰੀ ਹੈ। ਸੁਸ਼ੀਲ ਜਿੱਤ ਕੇ ਉਸਤਾਦ ਸਤਪਾਲ ਨੂੰ ਮਿਲਦਾ ਹੈ। ਇਸ ਮੌਕੇ ਨੂੰ ਆਪਣੇ ਕੈਮਰੇ ਵਿੱਚ ਬੰਦ ਕਰਨ ਵਾਲਾ ਹਰ ਜਣਾ/ਜਣੀ ਯਾਦ ਰੱਖੇਗਾ ਕਿ ਉਹ ਵੀ ਉਸ ਮੌਕੇ ਹਾਜ਼ਰ ਸੀ। ਇਹ ਫੋਟੋ ਖਿਚਵਾਉਣ ਦਾ ਮੌਕਾ ਨਹੀਂ ਹੈ ਸਗੋਂ ਖਿੱਚ ਲੈਣ ਦਾ ਮੌਕਾ ਹੈ। ਜਿਹੜਾ ਅੱਜ ਫੋਟੋ ਖਿੱਚਣੋਂ ਖੁੰਝ ਗਿਆ ਸੋ ਖੁੰਝ ਗਿਆ।
***
ਜਵਾਲਾ ਗੁੱਟਾ ਅਤੇ ਅਸ਼ਵਨੀ ਪੁਨੱਪਾ ਬੈਡਮਿੰਟਨ ਵਿੱਚ ਕੁੜੀਆਂ ਦੇ ਫਾਈਨਲ ਵਿੱਚ ਪਹੁੰਚ ਗਈਆਂ ਹਨ। ਅਸ਼ਵਨੀ ਪੁਨੱਪਾ ਪਹਿਲੀ ਵਾਰ ਵੱਡੇ ਕੌਮਾਂਤਰੀ ਮੁਕਾਬਲੇ ਦੇ ਫਾਈਨਲ ਵਿੱਚ ਖੇਡ ਰਹੀ ਹੈ। ਉਮਰ ਵੀ ਮਸਾਂ ਵੀਹਾਂ ਦੀ ਹੈ। ਉਸ ਦੇ ਸੁਭਾਅ ਦਾ ਹਿੱਸਾ ਹੈ ਕਿ ਗ਼ਲਤੀ ਕਰ ਕੇ ਪਛਤਾਉਂਦੀ ਰਹਿੰਦੀ ਹੈ। ਇਹੋ ਪਛਤਾਵਾ ਹੋਰ ਗ਼ਲਤੀਆਂ ਦਾ ਸਬੱਬ ਬਣਦਾ ਹੈ। ਕੋਚ ਗੋਪੀਚੰਦ ਪਲੇਲਾ ਕਹਿ ਰਿਹਾ ਹੈ ਕਿ ਚਿੰਤਾ ਦਾ ਕੋਈ ਮਸਲਾ ਨਹੀਂ, ਉਸ ਨਾਲ ਜਵਾਲਾ ਗੁੱਟਾ ਖੇਡ ਰਹੀ ਹੈ। ਜਵਾਲਾ ਹੰਢੀ ਹੋਈ ਖਿਡਾਰੀ ਹੈ। ਬਹੁਤ ਜੋਸ਼ ਨਾਲ ਖੇਡਦੀ ਹੈ। ਨਾਲ ਵਾਲੇ ਨੂੰ ਵੀ ਹੱਲਾਸ਼ੇਰੀ ਦੇ ਕੇ ਰੱਖਦੀ ਹੈ। ਜਦੋਂ ਉਹ ਵੀ. ਡੀਜੂ ਨਾਲ ਕੁੜੀਆਂ-ਮੁੰਡਿਆਂ ਦੇ ਸਾਂਝੇ ਮੁਕਾਬਲੇ ਵਿੱਚ ਖੇਡ ਰਹੀ ਸੀ ਤਾਂ ਉਸ ਦਾ ਇਹ ਗੁਣ ਸਭ ਨੇ ਦੇਖਿਆ ਸੀ। ਜਵਾਲਾ ਨੇ ਹਰ ਅੰਕ ਤੋਂ ਬਾਅਦ ਆਪਣੇ ਸਾਥੀ ਨੂੰ ਹੱਲਾਸ਼ੇਰੀ ਦਿੱਤੀ ਸੀ। ਕਿਸੇ ਖੇਡ ਮਾਹਰ ਨੇ ਟਿੱਪਣੀ ਕੀਤੀ ਕਿ ਜਵਾਲਾ ਅਤੇ ਅਸ਼ਵਨੀ ਦੀ ਜੋੜੀ ਮਜਬੂਰੀ ਦੀ ਸਾਂਝ ਹੈ। ਇਨ੍ਹਾਂ ਵਿੱਚੋਂ ਸਿਰਫ਼ ਇੱਕ ਜਣੀ ਬੋਲਦੀ ਹੈ ਅਤੇ ਦੂਜੀ ਸਿਰਫ਼ ਸੁਣਦੀ ਹੈ। ਖੇਡ ਸ਼ੁਰੂ ਹੋਈ ਤਾਂ ਬੋਲਣ ਵਾਲੀ ਨੇ ਬੋਲਣਾ ਸ਼ੁਰੂ ਕੀਤਾ ਅਤੇ ਸੁਣਨ ਵਾਲੀ ਨੇ ਸੁਣਨਾ। ਜਵਾਲਾ ਹਰ ਵਾਰ ਇੱਕੋ ਵਾਕ ਦੁਹਰਾਉਂਦੀ ਹੈ ਕਿ ਅਗਲੇ ਅੰਕ ਬਾਬਤ ਸੋਚ। ਜਾ ਦੇ ਨੇੜੇ ਜਵਾਲਾ ਨੇ ਮੋਰਚਾ ਮੱਲਿਆ ਹੋਇਆ ਹੈ। ਪਿੱਛੇ ਅਸ਼ਵਨੀ ਹੈ। ਜਵਾਲਾ ਫੁਰਤੀ ਨਾਲ ਚਿੜੀ ਮੋੜਦੀ ਹੈ ਅਤੇ ਦੂਜੀ ਧਿਰ ਨੂੰ ਚਿੜੀ ਉੱਚੀ ਸੁੱਟਣ ਲਈ ਮਜਬੂਰ ਕਰਦੀ ਹੈ। ਉੱਚੀ ਆਈ ਚਿੜੀ ਨੂੰ ਹਵਾ ਵਿੱਚ ਛਿਟੀ ਵਾਂਗ ਲਹਿਰਾ ਕੇ ਪੂਰੇ ਜ਼ੋਰ ਨਾਲ ਅਸ਼ਵਨੀ ਮੋੜਦੀ ਹੈ। ਫੁਰਤੀ ਅਤੇ ਤਾਕਤ ਦੀ ਕਮਾਲ ਜੁਗਲਬੰਦੀ ਜੇਤੂ ਹੁੰਦੀ ਹੈ। ਜਵਾਲਾ ਕਹਿ ਸਕਦੀ ਹੈ ਕਿ ਉਸ ਨੇ ਅਸ਼ਵਨੀ ਨੂੰ ਮੌਕੇ ਦੇ ਦਬਾਅ ਜਾਂ ਵਹਿਣ ਵਿੱਚ ਵਹਿਣ ਨਹੀਂ ਦਿੱਤਾ। ਅਸ਼ਵਨੀ ਕਹਿ ਸਕਦੀ ਹੈ ਕਿ ਉਸ ਨੇ ਜਵਾਲਾ ਨੂੰ ਚਿੰਤਾ ਕਰਨ ਦਾ ਮੌਕਾ ਨਹੀਂ ਦਿੱਤਾ ਸਗੋਂ ਸਾਹਮਣੀ ਧਿਰ ਨੂੰ ਚਿੰਤਾ ਵਿੱਚ ਪਾਈ ਰੱਖਿਆ। ਖੇਡ ਮਾਹਰ ਨੂੰ ਸਮਝ ਆ ਗਈ ਹੋਵੇਗੀ ਕਿ ਗੱਲਬਾਤ ਲਈ ਦੋਵਾਂ ਧਿਰਾਂ ਦਾ ਹਰ ਵਾਰ ਬੋਲਣਾ ਜ਼ਰੂਰੀ ਨਹੀਂ ਹੁੰਦਾ। ਸੰਵਾਦ ਸ਼ਬਦਾਂ ਦਾ ਮੁਹਤਾਜ ਨਹੀਂ ਹੁੰਦਾ।
***
ਫਾਈਨਲ ਵੇਲੇ ਸ਼ਾਇਨਾ ਨੇਹਵਾਲ ਸਿਰ ਸਿਰਫ਼ ਸੋਨੇ ਦਾ ਤਮਗਾ ਜਿੱਤਣ ਦੀ ਜ਼ਿੰਮੇਵਾਰੀ ਨਹੀਂ ਸੀ। ਉਸ ਵੇਲੇ ਦੀ ਗਿਣਤੀ ਮੁਤਾਬਕ ਤੈਅ ਹੋ ਗਿਆ ਸੀ ਕਿ ਜੇ ਸ਼ਾਇਨਾ ਸੋਨੇ ਦਾ ਤਮਗਾ ਜਿੱਤਦੀ ਹੈ ਤਾਂ ਭਾਰਤ ਰਾਸ਼ਟਰਮੰਡਲ ਖੇਡਾਂ ਵਿੱਚ ਦੂਜੇ ਨੰਬਰ ਉੱਤੇ ਆਵੇਗਾ। ਉਦੋਂ ਇੰਗਲੈਂਡ ਅਤੇ ਭਾਰਤ ਦੇ ਸੋਨ ਤਮਗਿਆਂ ਦੀ ਗਿਣਤੀ ਬਰਾਬਰ ਸੀ। ਇਸ ਗਿਣਤੀ ਵਿੱਚ ਵਾਧਾ ਕਰਨ ਦਾ ਭਾਰਤ ਕੋਲ ਇੱਕੋ-ਇੱਕ ਮੌਕਾ ਸੀ ਜੋ ਸ਼ਾਇਨਾ ਦੇ ਹੱਥ ਸੀ। ਪਹਿਲੀ ਗੇਮ ਮਲੇਸ਼ੀਅਨ ਬੀਬੀ ਜਿੱਤ ਗਈ। ਦੂਜੀ ਗੇਮ ਵਿੱਚ ਫਸਵਾਂ ਮੁਕਾਬਲਾ ਹੋਇਆ। ਮਲੇਸ਼ੀਅਨ ਬੀਬੀ ਅਤੇ ਸੋਨੇ ਤਮਗੇ ਵਿਚਕਾਰ ਇੱਕ ਅੰਕ ਦਾ ਫ਼ਰਕ ਰਹਿ ਗਿਆ। ਜੇ ਸ਼ਾਇਨਾ ਲਗਾਤਾਰ ਤਿੰਨ ਅੰਕ ਜਿੱਤੇ ਤਾਂ ਮੁਕਾਬਲਾ ਤੀਜੀ ਤੇ ਫ਼ੈਸਲਾਕੁਨ ਗੇਮ ਵਿੱਚ ਪਹੁੰਚ ਸਕਦਾ ਹੈ। ਸ਼ਾਇਨਾ ਨੇ ਬਾਹਰ ਖੜੇ ਕੋਚ ਗੋਪੀਚੰਦ ਪਲੇਲਾ ਵੱਲ ਦੇਖਿਆ। ਉਹ ਕੁਝ ਬੋਲ ਰਿਹਾ ਹੈ। ਖੁੱਲ੍ਹੀਆਂ ਉਂਗਲਾਂ ਵਾਲੇ ਉਸ ਦੇ ਹੱਥ ਕੰਨਾਂ ਦੇ ਬਰਾਬਰ ਹਨ। ਇਹ ਹੱਥ ਦੋਵੇਂ ਅੱਖਾਂ ਸਾਹਮਣੇ ਆਉਂਦੇ ਹਨ। ਹਥੇਲੀਆਂ ਅੰਦਰ ਨੂੰ ਘੁੰਮਦੀਆਂ ਹਨ। ਪਹਿਲੀਆਂ ਉਂਗਲੀਆਂ ਨੂੰ ਛੱਡ ਕੇ ਬਾਕੀਆਂ ਦੀਆਂ ਅੱਧੀਆਂ ਬੰਦ ਹੋ ਜਾਂਦੀਆਂ ਹਨ। ਖੁੱਲ੍ਹੀਆਂ ਉਂਗਲੀਆਂ ਸ਼ਾਇਨਾ ਵੱਲ ਘੁੰਮਦੀਆਂ ਹਨ। ਸ਼ਾਇਨਾ ਦਾ ਸਿਰ ਹਾਂ ਵਿੱਚ ਹਿਲਦਾ ਹੈ। ਦੋਵੇਂ ਪਾਸਿਓਂ ਇੱਕੋ ਹਰਕਤ ਕਈ ਵਾਰ ਦੁਹਰਾਈ ਜਾਂਦੀ ਹੈ। ਸਿਰ ਉੱਪਰ ਆਈ ਚਿੜੀ ਵੱਲ ਉਹ ਛਲਾਂਗ ਮਾਰਦੀ ਹੈ। ਸਰੀਰ ਧਨੁਸ਼ ਵਾਂਗ ਮੁੜਦਾ ਹੈ। ਉਸ ਦੇ ਹੱਥ ਵਿੱਚੋਂ ਬੱਲਾ ਸ਼ੂਕਦਾ ਹੋਇਆ ਚਿੜੀ ਉੱਤੇ ਵੱਜਦਾ ਹੈ। ਧਰਤੀ ਉੱਤੇ ਪੈਰ ਲੱਗਣ ਤੋਂ ਪਹਿਲਾਂ ਉਹ ਦੂਹਰੀ ਹੋ ਜਾਂਦੀ ਹੈ। ਚਿੜੀ ਦੂਜੇ ਪਾਲੇ ਵਿੱਚ ਬਣੀ ਲਕੀਰ ਤੋਂ ਮਾਸਾ ਕੁ ਅੰਦਰ ਗਿਰਦੀ ਹੈ। ਅਗਲੇ ਤਿੰਨ ਅੰਕ ਸ਼ਾਇਨਾ ਜਿੱਤਦੀ ਹੈ। ਓਹ ਹੋ! ਸ਼ਾਇਨਾ ਨੇ ਜਿਹੜੀ ਇਹ ਚਾਂਦਮਾਰੀ ਕੀਤੀ ਹੈ, ਇਸੇ ਦੀ ਸ਼ਿਸ਼ਤ ਗੋਪੀਚੰਦ ਬੰਨ੍ਹ ਰਿਹਾ ਸੀ। 
ਤੀਜੀ ਗੇਮ ਵਿੱਚ ਸ਼ਾਇਨਾ ਮਲੇਸ਼ੀਅਨ ਕੁੜੀ ਉੱਤੇ ਭਾਰੀ ਪਈ। ਬਾਹਰ ਗੋਪੀਚੰਦ ਆਪਣੀ ਧੌਣ ਫੜ ਕੇ ਖੜਾ ਹੈ। ਉਂਗਲੀਆਂ ਗਿੱਚੀ ਨਾਲ ਚਿਪਕੀਆਂ ਹੋਈਆਂ ਹਨ। ਅੰਗੂਠੇ ਨਸਾਂ ਮਲ੍ਹ ਰਹੇ ਹਨ। ਜਦੋਂ ਕਿਸੇ ਦੀ ਗਰਦਣ ਦੁਖਦੀ ਹੋਵੇ ਤਾਂ ਹੱਥ ਵਾਰ-ਵਾਰ ਇਸੇ ਥਾਂ ਆਉਂਦੇ ਹਨ। ਤੀਜੀ ਗੇਮ ਦਾ ਅੱਧ ਸ਼ਾਇਨਾ ਦੇ ਪੱਖ ਵਿੱਚ ਹੋਇਆ। ਸ਼ਾਇਨਾ ਦੇ ਲਕੀਰ ਕੋਲ ਆਉਣ ਤੋਂ ਪਹਿਲਾਂ ਗੋਪੀਚੰਦ ਆਪਣੇ ਸਹਾਇਕ ਕੋਚ ਵਿਜੇਦੀਪ ਸਿੰਘ ਨੂੰ ਕੁਝ ਕਹਿ ਰਿਹਾ ਹੈ। ਸ਼ਾਇਨਾ ਆਈ ਤਾਂ ਵਿਜੇਦੀਪ ਨੇ ਉਸ ਦੀ ਗਰਦਣ ਦੀਆਂ ਨਸਾਂ ਮਲ੍ਹਣੀਆਂ ਸ਼ੁਰੂ ਕਰ ਦਿੱਤੀਆਂ। ਸ਼ਾਇਨਾ ਗੋਪੀਚੰਦ ਦੀ ਗੱਲ ਸੁਣ ਰਹੀ ਹੈ। ਗੋਪੀਚੰਦ ਦੇ ਹੱਥ ਮੁੜ ਕੇ ਪਹਿਲਾਂ ਵਾਂਗ ਚਲ ਰਹੇ ਹਨ। ਸ਼ਾਇਨਾ ਹੁੰਗਾਰਾ ਭਰ ਰਹੀ ਹੈ। ਵਿਜੇਦੀਪ ਉਸ ਦੀ ਗਰਦਣ  ਮਲ੍ਹ ਰਿਹਾ ਹੈ। ਇਨ੍ਹਾਂ ਤਿੰਨਾਂ ਵਿੱਚੋਂ ਸੁਸ਼ੀਲ, ਸਤਪਾਲ ਅਤੇ ਅਮਰਜੀਤ ਦੇ ਨਕਸ਼ ਉਘੜਦੇ ਹਨ। ਸ਼ਾਇਨਾ ਨੇ ਜਿਵੇਂ ਆਪਣੀ ਆਕੜੀ ਹੋਈ ਗਰਦਣ ਵਿਜੇਦੀਪ ਦੇ ਹਵਾਲੇ ਕਰ ਦਿੱਤੀ ਹੋਵੇ। ਗੋਪੀਚੰਦ ਨੇ ਸ਼ਾਇਨਾ ਦਾ ਮੋਢਾ ਥਾਪੜਿਆ ਅਤੇ ਵਿਜੇਦੀਪ ਨੇ ਉਸ ਨੂੰ ਮਜ਼ਬੂਤ ਗਰਦਣ ਵਾਪਸ ਕਰ ਦਿੱਤੀ। ਇਸ ਤੋਂ ਬਾਅਦ ਦਾ ਮੁਕਾਬਲਾ ਇੱਕਪਾਸੜ ਹੋ ਜਾਂਦਾ ਹੈ। ਗੋਪੀਚੰਦ ਲੱਕ ਉੱਤੇ ਹੱਥ ਧਰ ਕੇ ਬਾਗ਼ੋ-ਬਾਗ਼ ਹੋਇਆ ਖੜਾ ਹੈ। ਕੁਝ ਪਲਾਂ ਬਾਅਦ ਹੀ ਛਿੱਕਾ ਸੁੱਟ ਕੇ ਸ਼ਾਇਨਾ ਉਸ ਦੀਆਂ ਬਾਂਹਾਂ ਵਿੱਚ ਲਿਪਟੀ ਹੁਬਕੀ ਰੋ ਰਹੀ ਹੈ। ਵਿਜੇਦੀਪ ਹੁਣ ਉਡੀਕ ਨਹੀਂ ਕਰ ਸਕਦਾ। ਉਹ ਦੋਵਾਂ ਨੂੰ ਜੱਫੀ ਪਾਉਂਦਾ ਹੈ। ਤਿੰਨੇ ਭਾਵੁਕ ਹਨ ਅਤੇ ਇਹੋ ਭਾਵਨਾ ਪੂਰੇ ਮਾਹੌਲ ਵਿੱਚ ਤਾਰੀ ਹੈ। ਉਹ ਸ਼ਾਇਨਾ ਨੂੰ ਥਾਪੀ ਦੇ ਕੇ ਭੇਜਦੇ ਹਨ। ਸ਼ਾਇਨਾ ਜਿੱਤਦੀ-ਜਿੱਤਦੀ ਹਾਰ ਗਈ ਮਲੇਸ਼ੀਅਨ ਬੀਬੀ ਨਾਲ ਹੱਥ ਮਿਲਾ ਕੇ ਦਿਲਾਸਾ ਦਿੰਦੀ ਹੈ। ਬਾਕੀ ਅਮਲੇ ਨਾਲ ਹੱਥ ਮਿਲਾ ਕੇ ਛਿੱਕਾ ਦਰਸ਼ਕਾਂ ਵੱਲ ਵਗਾ ਮਾਰਦੀ ਹੈ। ਗੋਪੀਚੰਦ ਦੀਆਂ ਅੱਖਾਂ ਵਿੱਚੋਂ ਇਹ ਦ੍ਰਿਸ਼ ਕਿਵੇਂ ਦਾ ਦਿਸਦਾ ਹੋਵੇਗਾ? ਇਹ ਸ਼ਾਇਦ ਸਤਪਾਲ ਦੱਸ ਸਕੇਗਾ! ਖੇਡ ਬਾਬਤ ਕਿਹਾ ਜਾਂਦਾ ਹੈ ਕਿ ਚੰਗੇ ਗੁਰੂਆਂ ਦੇ ਚੇਲੇ ਉੱਥੋਂ ਸ਼ੁਰੂ ਕਰਦੇ ਜਿੱਥੇ ਗੁਰੂ ਛੱਡਦੇ ਹਨ। ਗੋਪੀਚੰਦ ਅਤੇ ਸਤਪਾਲ ਨੂੰ ਭਾਵੇਂ ਕੇਂਦਰੀ ਖੇਡ ਮੰਤਰੀ ਨਾ ਵੀ ਪਛਾਣੇ ਪਰ ਇਹ ਚੰਗੇ ਖਿਡਾਰੀ ਹੋਣ ਤੋਂ ਬਾਅਦ ਚੰਗੇ ਕੋਚ ਸਾਬਤ ਹੋਏ ਹਨ। ਸ਼ਾਇਨਾ ਅਤੇ ਸੁਸ਼ੀਲ ਇਸੇ ਤੱਥ ਦੀ ਪੁਸ਼ਟੀ ਕਰਦੇ ਹਨ।
*** 
ਇਨ੍ਹਾਂ ਖੇਡਾਂ ਦੌਰਾਨ ਦੋ ਖ਼ੂਬਸੂਰਤ ਕਾਰਟੂਨ ਦੇਖਣ ਨੂੰ ਮਿਲੇ। ਪਹਿਲਾਂ ਸੰਦੀਪ ਜੋਸ਼ੀ ਨੇ ਬਣਾਇਆ। ਸਿਆਸਤਦਾਨ ਜਾਪਦੇ ਬੰਦੇ ਬਾਬਤ ਕੋਈ ਤੀਜਾ ਜਣਾ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁਡਾ ਨੂੰ ਕਹਿ ਰਿਹਾ ਹੈ, "ਇਸ ਨੇ ਤਮਗਾ ਤਾਂ ਨਹੀਂ ਜਿੱਤਿਆ ਪਰ ਖਿਡਾਰੀ ਇਹ ਵੀ ਤਕੜਾ ਏ। ਇਸ ਨੂੰ ਨਕਦ ਇਨਾਮ ਤਾਂ ਦੇ ਹੀ ਦਿਓ।" ਦੂਜਾ ਕਾਰਟੂਨ ਇਰਫ਼ਾਨ ਨੇ ਬਣਾਇਆ। ਇੱਕ ਪਾਸੇ ਮੁੰਡਿਆਂ ਦੀ ਹਾਕੀ ਟੀਮ ਦਾ ਕਪਤਾਨ ਹਾਰ ਕੇ ਜਾ ਰਿਹਾ ਹੈ। ਦੂਜੇ ਪਾਸੇ ਬੈਡਮਿੰਟਨ ਵਾਲੀਆਂ ਕੁੜੀਆਂ ਸੋਨੇ ਦੇ ਤਮਗੇ ਗਲਾਂ ਵਿੱਚ ਪਾਈ ਖੜੀਆਂ ਹਨ। ਕਪਤਾਨ ਸੋਚ ਰਿਹਾ ਹੈ, "ਅਗਲੇ ਜਨਮ ਮੁਝੇ ਵੀ ਬੀਟੀਆ ਹੀ ਕੀਜੋ।" ਕੁੜੀਆਂ ਦੀ ਕਾਰਗੁਜ਼ਾਰੀ ਨੂੰ ਇਹ ਖ਼ੂਬਸੂਰਤ ਸਿਜਦਾ ਹੈ। ਮਹਾਬੀਰ ਸਿੰਘ ਕਹਿ ਸਕਦਾ ਹੈ, "ਮੈਨੂੰ ਤਾਂ ਇਹ ਗੱਲ ਪਹਿਲਾਂ ਹੀ ਸਮਝ ਆ ਗਈ ਸੀ। ਇਸੇ ਲਈ ਤਾਂ 2002 ਵਿੱਚ ਘਰੇ ਅਖਾੜਾ ਬਣਾ ਦਿੱਤਾ ਸੀ।" ਹੁਣ ਵਾਰੀ ਸਰਕਾਰ ਦੀ ਹੈ ਕਿ ਇਨ੍ਹਾਂ ਅਖਾੜਿਆਂ ਨੂੰ ਘਰਾਂ ਵਿੱਚੋਂ ਸਕੂਲਾਂ, ਕਾਲਜਾਂ ਅਤੇ ਹੋਰ ਥਾਂਵਾਂ ਉੱਤੇ ਲਿਜਾਣ ਦਾ ਬੰਦੋਬਸਤ ਕਿਵੇਂ ਕਰਨਾ ਹੈ। ਚੇਤਾਵਨੀ ਗੋਪੀਚੰਦ ਪਲੇਲਾ ਨੇ ਦੇ ਦਿੱਤੀ ਹੈ, "ਜੇ ਖੇਡਾਂ ਉੱਤੇ ਖ਼ਰਚ ਨਹੀਂ ਕਰੋਗੇ ਤਾਂ ਬੀਮਾਰੀਆਂ ਉੱਤੇ ਹਸਪਤਾਲਾਂ ਵਿੱਚ ਖ਼ਰਚ ਕਰਨਾ ਪਵੇਗਾ। ਸਿਹਤਮੰਦ ਸਮਾਜ ਲਈ ਖੇਡਾਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ।"

No comments: