ਦਲਜੀਤ ਅਮੀ
ਬੰਗਲਾਦੇਸ਼ ਵਿੱਚ ਕਿਤਾਬ ਮੇਲੇ ਤੋਂ ਪਰਤਦੇ ਅਭੀਜੀਤ ਰਾਏ ਦਾ ਕਤਲ ਕਰ ਦਿੱਤਾ ਗਿਆ। ਉਸ ਦੇ ਲਹੂ ਨਾਲ ਸਿੰਨ੍ਹੀ ਸੜਕ ਦੀ ਬੰਨੀ ਦੀਆਂ ਤਸਵੀਰਾਂ ਅਖ਼ਬਾਰਾਂ ਵਿੱਚ ਛਪੀਆਂ। ਇੱਕ ਤਸਵੀਰ ਵਿੱਚ ਸਫ਼ਾਈ ਕਾਮੇ ਲਹੂ ਦੇ ਦਾਗ਼ ਧੋਣ ਲੱਗੇ ਹੋਏ ਹਨ। ਬੰਨੀ ਦੇ ਹੇਠਾਂ ਨਾਲੀ ਦਾ ਸੁਰਾਖ਼ਾਂ ਵਾਲਾ ਢੱਕਣ ਹੈ। ਅਭੀਜੀਤ ਦੇ ਕਾਤਲਾਂ ਨੇ ਇਸ ਕਤਲ ਨੂੰ 'ਇਸਲਾਮ ਖ਼ਿਲਾਫ਼ ਜੁਰਮਾਂ ਦਾ ਬਦਲਾ' ਕਰਾਰ ਦਿੱਤਾ ਹੈ। ਦੂਜੇ ਪਾਸੇ ਬਲੌਗ ਤੋਂ ਬਣੀ ਵੈੱਬਸਾਈਟ 'ਮੁਖਤੋ-ਮੋਨਾ' (ਖੁੱਲ੍ਹਨਜ਼ਰੀ) ਦੇ ਬਾਨੀਆਂ ਵਿੱਚ ਸ਼ੁਮਾਰ ਅਭੀਜੀਤ ਦੀ 2007 ਵਿੱਚ ਛਪੀ ਮੁਲਾਕਾਤ ਆਪਣੀ ਹੋਂਦ ਦੀ ਤਫ਼ਸੀਲ ਪੇਸ਼ ਕਰਦੀ ਹੈ, "ਅਗਾਂਹਵਧੂ, ਤਰਕਸ਼ੀਲ ਅਤੇ ਨਿਰਪੱਖ ਸਮਾਜ ਦੀ ਉਸਾਰੀ ਲਈ ਅਹਿਮ ਮਸਲਿਆਂ ਉੱਤੇ ਸੰਵਾਦ ਅਤੇ ਬਹਿਸ ਨੂੰ ਅੱਗੇ ਵਧਾਉਣ ਲਈ 'ਮੁਖਤੋ-ਮੋਨਾ' 2000 ਦੌਰਾਨ ਬਲੌਗ ਵਜੋਂ ਹੋਂਦ ਵਿੱਚ ਆਈ ਸੀ। ਅਸੀਂ ਉਨ੍ਹਾਂ ਮੁੱਦਿਆਂ ਉੱਤੇ ਵਿੱਚਾਰ-ਚਰਚਾ ਕਰਨਾ ਚਾਹੁੰਦੇ ਸਾਂ ਜਿਨ੍ਹਾਂ ਨੂੰ ਬੰਗਲਾਦੇਸ਼ ਸਮੇਤ ਸਮੁੱਚੇ ਦੱਖਣੀ ਏਸ਼ੀਆ ਦਾ ਮੀਡੀਆ ਨਜ਼ਰਅੰਦਾਜ਼ ਕਰਦਾ ਹੈ। ... ਮੇਰੀ ਜਾਣਕਾਰੀ ਮੁਤਾਬਕ ਇਹ ਦੱਖਣੀ ਏਸ਼ੀਆ ਵਿੱਚ ਇੰਟਰਨੈੱਟ ਉੱਤੇ ਸ਼ੁਰੂ ਕੀਤੀ ਗਈ ਪਹਿਲੀ ਮਨੁੱਖਵਾਦੀ ਅਤੇ ਤਰਕਸ਼ੀਲ ਪਹਿਲਕਦਮੀ ਸੀ। ਅਸੀਂ ਅਜਿਹੇ ਸਮਾਜ ਦੀ ਉਸਾਰੀ ਕਰਨਾ ਚਾਹੁੰਦੇ ਹਾਂ ਜੋ ਆਪੇ ਥਾਪੇ ਅਦਾਰਿਆਂ ਦੇ ਫਤਵਿਆਂ, ਅੰਧ-ਵਿਸ਼ਵਾਸ, ਸਾਹ-ਘੋਟੂ ਰਵਾਇਤਾਂ ਅਤੇ ਫਿਰਕਾਪ੍ਰਸਤੀ ਦੇ ਬੰਧਨਾਂ ਤੋਂ ਮੁਕਤ ਹੋਵੇ। ਸਮਾਜ ਦਲੀਲ, ਦਰਦਮੰਦੀ, ਮਨੁੱਖਤਾ, ਬਰਾਬਰੀ ਅਤੇ ਵਿਗਿਆਨ ਦੀਆਂ ਧਾਰਨਾਵਾਂ ਨਾਲ ਜੁੜਿਆ ਹੋਵੇ।"
ਅਭੀਜੀਤ ਦਾ ਕਤਲ ਸਿਰਫ਼ ਇਸ ਕਰ ਕੇ ਹੀ ਬੰਗਲਾਦੇਸ਼ ਦੀਆਂ ਸਰਹੱਦਾਂ ਤੋਂ ਵਡੇਰਾ ਸੁਆਲ ਨਹੀਂ ਬਣ ਜਾਂਦਾ ਕਿ ਉਹ ਅਮਰੀਕਾ ਦਾ ਸ਼ਹਿਰੀ ਸੀ। ਉਸ ਦੇ ਫ਼ਿਕਰਾਂ ਅਤੇ ਉਸ ਦੇ ਕਾਤਲਾਂ ਦਾ ਦਾਅਵਾ ਵਡੇਰੇ ਕੌਮਾਂਤਰੀ ਰੁਝਾਨ ਦੀ ਸ਼ਨਾਖ਼ਤ ਕਰਦਾ ਹੈ। ਅਭੀਜੀਤ ਆਪ ਬੰਗਲਾਦੇਸ਼ ਦੇ ਮੁਕਾਮੀ ਸੁਆਲਾਂ ਦੇ ਹਵਾਲੇ ਨਾਲ ਆਪਣੇ ਫ਼ਿਕਰਾਂ ਨੂੰ ਦੱਖਣੀ ਏਸ਼ੀਆ ਨਾਲ ਜੋੜਦਾ ਹੈ। ਇਨ੍ਹਾਂ ਸੁਆਲਾਂ ਨੂੰ ਮੁਖ਼ਾਤਬ ਹੋਣ ਲਈ ਉਹ ਕੌਮਾਂਤਰੀ ਪੱਧਰ ਉੱਤੇ ਦਰਦਮੰਦਾਂ ਦੀ ਸਾਂਝ ਦੀ ਧਾਰਨੀ ਸੀ। ਉਹ ਲਿਖਦਾ ਹੈ, "ਚੰਗੇ ਭਾਗੀਂ ਅਸੀਂ ਇਕੱਲੇ ਨਹੀਂ ਹਾਂ। ਪੂਰੀ ਦੁਨੀਆਂ ਵਿੱਚ ਦਲੀਲ ਅਤੇ ਵਿਗਿਆਨ ਦੇ ਹਵਾਲੇ ਨਾਲ ਖੁੱਲ੍ਹਨਜ਼ਰੀ ਵਾਲਾ ਸਮਾਜ ਸਿਰਜਣ ਵਾਲੇ ਦਰਦਮੰਦ ਲੋਕ ਵਸਦੇ ਹਨ। ਇੰਟਰਨੈੱਟ ਦੇ ਦੌਰ ਵਿੱਚ ਸਾਨੂੰ ਆਪਸ ਵਿੱਚ ਜੋਟੀ ਪਾਉਣ ਤੋਂ ਕੋਈ ਨਹੀਂ ਰੋਕ ਸਕਦਾ।" ਇਸ ਲਿਹਾਜ ਨਾਲ ਅਭੀਜੀਤ ਸਮੁੱਚੀ ਦੁਨੀਆਂ ਦੇ ਉਸ ਤਬਕੇ ਦਾ ਨੁਮਾਇੰਦਾ ਹੈ ਜੋ ਮਨੁੱਖੀ ਫ਼ਿਕਰਾਂ ਨੂੰ ਮੁਖ਼ਾਤਬ ਹੋਣ ਵੇਲੇ ਦਲੀਲ ਦਾ ਪੱਲਾ ਫੜਦੇ ਹਨ; ਜੋ ਵਿਗਿਆਨ ਦੇ ਹਵਾਲੇ ਨਾਲ ਮਨੁੱਖੀ ਹੋਂਦ ਦੇ ਸੁਆਲਾਂ ਨੂੰ ਮੁਖ਼ਾਤਬ ਹੋਣਾ ਚਾਹੁੰਦੇ ਹਨ। ਇਹ ਉਹ ਤਬਕਾ ਹੈ ਜੋ ਰੱਬ ਦੀ ਰਜ਼ਾ ਦੀ ਥਾਂ ਪਿਆਰ ਅਤੇ ਦਰਦਮੰਦੀ ਨੂੰ ਦਸਤੂਰ ਬਣਾਉਣਾ ਚਾਹੁੰਦਾ ਹੈ। ਢਾਕੇ ਦੇ ਨਾਲੇ ਵੱਲ ਵਗਦਾ ਲਹੂ ਮਨੁੱਖੀ ਦਰਦਮੰਦੀ ਦਾ ਖ਼ੂਨ ਹੈ। ਇਸ ਕਾਫ਼ਲੇ ਵਿੱਚੋਂ ਅਭੀਜੀਤ ਦਾ ਵਿਦਾ ਹੋਣਾ ਮੌਜੂਦਾ ਦੌਰ ਵਿੱਚ 'ਸਮਾਜਵਾਦੀ ਸੋਚ ਨੂੰ ਪ੍ਰਣਾਈ ਵਿਗਿਆਨ ਸੋਚ' ਉੱਤੇ ਜਾਰੀ ਬੇਕਿਰਕ ਹਮਲੇ ਦੀ ਸੋਚ ਨੂੰ ਗੂੜ੍ਹਾ ਕਰਦਾ ਹੈ। ਇਸ ਹਮਲੇ ਦਾ ਸ਼ਿਕਾਰ ਹੋਣ ਵਾਲਿਆਂ ਦੀ ਲੰਮੀ ਲੜੀ ਹੈ ਅਤੇ ਅਭੀਜੀਤ ਇਸੇ ਦੀ ਅਗਲੀ ਕੜੀ ਹੈ। ਇਸ ਲੜੀ ਦੀਆਂ ਕੜੀਆਂ ਪੂਰੀ ਦੁਨੀਆਂ ਵਿੱਚ ਫੈਲੀਆਂ ਹਨ। ਇਸ ਤਰ੍ਹਾਂ ਇਹ 'ਸੋਚ ਦੀ ਸ਼ਨਾਖ਼ਤ' ਨਾਲ ਕੀਤੇ ਗਏ ਕਤਲਾਂ ਦਾ ਰੁਝਾਨ ਕੌਮਾਂਤਰੀ ਹੈ ਜਿਸ ਦਾ ਕਰੂਰ ਖ਼ਾਸਾ ਦੱਖਣੀ ਏਸ਼ੀਆ ਵਿੱਚ ਨਜ਼ਰ ਆਉਂਦਾ ਹੈ।
ਜੇ ਸੁਆਲ ਨੂੰ ਅਭੀਜੀਤ ਦੀਆਂ ਲਿਖਤਾਂ ਜਾਂ ਪਹਿਲਕਦਮੀਆਂ ਤੱਕ ਮਹਿਦੂਦ ਕੀਤਾ ਜਾਵੇ ਤਾਂ ਇਸ ਕਤਲ ਦੀਆਂ ਜੜ੍ਹਾਂ ਬੰਗਲਾਦੇਸ਼ ਦੀਆਂ ਫਿਰਕੂ ਜਥੇਬੰਦੀਆਂ ਦੀ ਸੋਚ ਵਿੱਚੋਂ ਲੱਭੀਆਂ ਜਾ ਸਕਦੀਆਂ ਹਨ। ਉਂਝ ਇਸ ਕਤਲ ਦੀ ਸਾਜ਼ਿਸ਼ ਮਾਹੌਲ ਵਿੱਚ ਹੈ। ਇੱਕ ਪਾਸੇ ਇੰਟਰਨੈੱਟ ਰਾਹੀਂ ਅਭੀਜੀਤ ਆਪਣੇ ਦਰਦਮੰਦ ਸਾਥੀਆਂ ਦੀ ਪਛਾਣ ਕਰ ਰਿਹਾ ਹੈ ਅਤੇ ਦੂਜੇ ਉਸੇ ਇੰਟਰਨੈੱਟ ਰਾਹੀਂ ਕਤਲ ਦੀ ਸਾਜ਼ਿਸ਼ ਕੀਤੀ ਜਾਂਦੀ ਹੈ। ਉਸ ਖ਼ਿਲਾਫ਼ ਲਗਾਤਾਰ ਨਫ਼ਰਤ ਉਕਸਾਊ ਲਿਖਤਾਂ ਛਪ ਰਹੀਆਂ ਸਨ, ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਫਤਵੇ ਦਿੱਤੇ ਜਾ ਰਹੇ ਸਨ। ਢਾਕੇ ਦੀ ਸੜਕ ਦੀ ਬੰਨੀ ਅਤੇ ਕਿਤਾਬ ਮੇਲੇ ਉੱਤੇ ਅਭੀਜੀਤ ਦਾ ਆਉਣਾ ਕਾਤਲ ਲਈ ਸਿਰਫ਼ ਮੌਕਾ ਬਣਿਆ ਹੈ। ਇਹ ਕਤਲ ਕੰਧ ਉੱਤੇ ਲਿਖਿਆ ਹੋਇਆ ਸੀ। ਇਸ ਦੇ ਖ਼ਬਰ ਬਣਨ ਨਾਲ ਸਿਰਫ਼ ਸਮਾਂ ਅਤੇ ਸਥਾਨ ਤੈਅ ਹੋਏ ਹਨ।
ਹਰ ਰੰਗ ਦੀ ਫਿਰਕਾਪ੍ਰਸਤੀ ਆਪਣੀ ਰਈਅਤ ਅੰਦਰ ਡਰ ਭਰ ਰਹੀ ਹੈ। ਮਨੁੱਖ ਅੰਦਰ ਬੇਬਸੀ ਵਧਾ ਕੇ ਉਹ ਬੰਦੇ ਦੀ ਹਿੰਸਕ ਬਿਰਤੀ ਨੂੰ ਉਕਸਾਉਂਦੇ ਹਨ। ਜਦੋਂ ਬੰਦੇ ਦਾ ਡਰ ਸਮਾਜਕ ਰੁਝਾਨ ਵਜੋਂ ਸਿਆਸਤ ਬਣਦਾ ਹੈ ਤਾਂ ਇਹ ਸਭ ਤੋਂ ਬੇਕਿਰਕ ਹੋ ਜਾਂਦਾ ਹੈ। ਇਸ ਸਿਆਸਤ ਦੇ ਹੱਥੇ ਚੜ੍ਹੇ ਹਰ ਬੰਦੇ ਵਿੱਚ ਫਿਦਾਈਨ ਬਿਰਤੀ ਘਰ ਕਰ ਜਾਂਦੀ ਹੈ ਜੋ ਭਾਵੇਂ ਦੂਜਿਆਂ ਉੱਤੇ ਹਮਲੇ ਦੇ ਰੂਪ ਵਿੱਚ ਸਾਹਮਣੇ ਨਾ ਆਵੇ ਪਰ ਉਹ ਭਾਵਨਾ ਜਾਂ ਸ਼ਰਧਾ ਤਹਿਤ ਹਰ ਦਲੀਲ ਨੂੰ ਖਾਰਜ ਕਰ ਦਿੰਦੀ ਹੈ। ਸੀਲ ਸ਼ਰਧਾਲੂ ਆਪਣੀਆਂ ਮਨੁੱਖੀ ਸਮਰੱਥਾਵਾਂ ਨੂੰ ਮੌਲਣ ਤੋਂ ਰੋਕਦਾ ਹੈ ਅਤੇ ਇਹੋ ਜਿਹੀਆਂ ਪਾਬੰਦੀਆਂ ਦੀ ਸਮਾਜ ਅਤੇ ਸਰਕਾਰ ਤੋਂ ਤਵੱਕੋ ਕਰਦਾ ਹੈ। ਉਸ ਨੂੰ ਆਪਣੀ ਸ਼ਰਧਾ ਉੱਤੇ ਕੀਤਾ ਹਰ ਸੁਆਲ ਸਾਜ਼ਿਸ਼ ਲੱਗਦਾ ਹੈ। ਸੁਆਲ ਕਰਨ ਵਾਲੇ ਨੂੰ ਕਾਫ਼ਰ, ਨਾਸਤਿਕ, ਦੇਸ਼ ਧ੍ਰੋਹੀ, ਅਨੈਤਿਕ ਜਾਂ ਪਾਗ਼ਲ ਕਰਾਰ ਦਿੱਤਾ ਜਾਣਾ ਜ਼ਿਆਦਾ ਔਖਾ ਨਹੀਂ ਹੈ। ਇਹ ਸਾਰੇ ਫਤਵੇ ਮੁਲਕ-ਪ੍ਰਸਤੀ ਅਤੇ ਧਰਮ ਦੀ ਰਾਖੀ ਕਰਨ ਵਾਲੀਆਂ ਪੁਰਾਣੀਆਂ ਜਥੇਬੰਦੀਆਂ ਆਪ ਦਿੰਦੀਆਂ ਹਨ। ਕਤਲ ਕਰਨ ਲਈ ਪੁਰਾਣੀਆਂ ਜਥੇਬੰਦੀਆਂ ਦੀ ਸਰਪ੍ਰਸਤੀ ਵਿੱਚ ਨਵੀਂ ਜਥੇਬੰਦੀਆਂ ਬਣਦੀਆਂ ਹਨ।
ਇਸ ਰੁਝਾਨ ਤਹਿਤ ਕਿਸੇ ਨੇ ਜ਼ਿੰਦਗੀ ਦਾ ਨਿਰਾਦਰ ਕਰ ਕੇ ਪੁੰਨ ਕਮਾਉਣਾ ਹੈ। ਕਿਸੇ ਨੇ ਮਨੁੱਖ ਦੇ ਲਹੂ ਨਾਲ ਹੱਥ ਰੰਗ ਕੇ ਜੰਨਤ, ਹੂਰਾਂ ਅਤੇ ਤਹੂਰ ਹਾਸਲ ਕਰਨਾ ਹੈ। ਕਿਸੇ ਨੇ ਅਖੰਡ ਹਿੰਦੂ ਭਾਰਤ ਦੀ ਉਸਾਰੀ ਕਰਨੀ ਹੈ। ਕਿਸੇ ਨੇ ਪੂਰੀ ਦੁਨੀਆਂ ਨੂੰ ਸੱਭਿਅਤਾ ਦੇ ਰਾਹੇ ਪਾਉਣਾ ਹੈ। ਹਰ ਧਰਮ ਦਾ ਦਾਅਵਾ ਹੈ ਕਿ ਧਰਮ ਖ਼ਤਰੇ ਵਿੱਚ ਹੈ। ਇਸੇ ਡਰ ਨਾਲ ਸਿਆਸਤ ਹੁੰਦੀ ਹੈ ਅਤੇ ਇਸੇ ਡਰ ਨਾਲ ਹਮਲਾਵਰ ਬਿਰਤੀ ਦਾ ਪਸਾਰਾ ਹੁੰਦਾ ਹੈ। ਸਿਆਸੀ ਪਾਰਟੀਆਂ ਇਸ ਡਰ ਨੂੰ ਗੋਲਬੰਦੀ ਦਾ ਸੰਦ ਬਣਾਉਂਦੀਆਂ ਹਨ। ਹਰ ਜਗਿਆਸੂ ਨੂੰ ਚੁੱਪ ਰਹਿਣ ਦਾ ਸਬਕ ਸਿਖਾਉਣ ਲਈ ਡਰ ਦਾ ਮਾਹੌਲ ਸਾਜ਼ਗ਼ਾਰ ਸਾਬਤ ਹੁੰਦਾ ਹੈ। ਇਹੋ ਡਰ ਮੋਦੀ ਦੀ ਜਿੱਤ ਦਾ ਸਬੱਬ ਬਣਦਾ ਹੈ। ਮੋਦੀ ਦਾ ਡਰ ਦਿੱਲੀ ਵਿੱਚ ਭਾਜਪਾ ਦੀ ਹਾਰ ਦਾ ਇੱਕ ਕਾਰਨ ਬਣਦਾ ਹੈ। ਡਰ ਦੀ ਸਿਆਸਤ ਵਿੱਚ ਜਿੱਤ ਜਾਂ ਹਾਰ ਦੇ ਹਵਾਲੇ ਨਾਲ ਅਹਿਮ ਸੁਆਲ ਰੱਦ ਕਰ ਦਿੱਤੇ ਜਾਂਦੇ ਹਨ।
ਧਰਮ ਦਾ ਕਿਸੇ ਨਾ ਕਿਸੇ ਢੰਗ ਨਾਲ ਦਾਅਵਾ ਹੈ ਕਿ ਧਾਰਮਿਕ ਗ੍ਰੰਥ ਹੀ ਵਿਗਿਆਨ ਹਨ। ਧਰਮ ਨੂੰ ਵਿਗਿਆਨ ਕਹਿਣਾ ਇੱਕ ਪਾਸੇ ਧਰਮ ਗ੍ਰੰਥਾਂ ਦੇ ਰਚਣਹਾਰਿਆਂ ਦੀ ਖ਼ਿਆਲੀ ਉਡਾਣ ਦਾ ਨਿਰਾਦਰ ਹੈ ਅਤੇ ਦੂਜੇ ਪਾਸੇ ਮੌਜੂਦਾ ਵਿਗਿਆਨ ਦੀਆਂ ਨਿਆਮਤਾਂ ਤੋਂ ਨਾਸ਼ੁਕਰਾ ਹੋਣਾ ਹੈ। ਡਰ ਦੀ ਸਿਆਸਤ ਕਰਨ ਵਾਲਿਆਂ ਨੂੰ ਮਾਰੂ ਹਥਿਆਰ ਤਾਂ ਚਾਹੀਦੇ ਹਨ ਪਰ ਵਿਗਿਆਨਕ ਸੋਚ ਨਹੀਂ ਚਾਹੀਦੀ। ਵਿਗਿਆਨ ਡਰ ਉੱਤੇ ਕਾਬੂ ਪਾਉਣ ਦੀ ਕੁੰਜੀ ਹੈ। ਇਸ ਕੁੰਜੀ ਨਾਲ ਬੰਦਾ ਤੰਗਦਿਲੀ ਤੋਂ ਖੁੱਲ੍ਹਦਿਲੀ ਅਤੇ ਤੰਗਨਜ਼ਰੀ ਤੋਂ ਖੁੱਲ੍ਹਨਜ਼ਰੀ ਦੇ ਰਾਹ ਪੈਂਦਾ ਹੈ। ਬੰਦੇ ਦੀ ਜਗਿਆਸਾ ਨੂੰ ਬਲ ਮਿਲਦਾ ਹੈ। ਉਹ ਸੁਆਲ ਪੁੱਛਦਾ ਹੈ। ਸੁਆਲਾਂ ਨਾਲ ਸਿਆਸਤ ਅਤੇ ਧਰਮ ਦੇ ਕਿਲ੍ਹੇ ਹਿੱਲਦੇ ਹਨ। ਇਹ ਸਾਰੀ ਦਲੀਲ ਵਿਗਿਆਨ ਅਤੇ ਤਕਨਾਲੋਜੀ ਦੀਆਂ ਪੈਦਾ ਕੀਤੀਆਂ ਸਹੂਲਤਾਂ ਜਾਂ ਸੇਵਾਵਾਂ ਤੱਕ ਮਹਿਦੂਦ ਨਹੀਂ ਹੈ। ਇਹ ਸਮਾਜਕ ਵਿਹਾਰ ਉੱਤੇ ਲਾਗੂ ਹੁੰਦੀ ਹੈ। ਇਸ ਨਾਲ ਮਨੁੱਖੀ ਸ਼ਾਨ, ਇਨਸਾਫ਼ ਅਤੇ ਬਰਾਬਰੀ ਦੇ ਸੁਆਲ ਜੁੜਦੇ ਹਨ। ਮੌਜੂਦਾ ਮੀਡੀਆ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਸੁਆਲਾਂ ਕਾਰਨ ਦੇਸ਼ ਧ੍ਰੋਹੀ ਜਾਂ ਅਨੈਤਿਕ ਕਰਾਰ ਦਿੱਤਾ ਜਾਂਦਾ ਹੈ। ਕੁਝ ਬੀਬੀਆਂ ਨੇ 'Times Now' ਦੇ ਮੁੱਖ ਸੰਪਾਦਕ ਅਰਨਬ ਗੋਸੁਆਮੀ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ ਕਿ ਉਹ ਇੱਕ ਖ਼ਾਸ ਸੋਚ ਨੂੰ ਛੁਟਿਆਉਣ ਲਈ ਹਰ ਹਰਵਾ ਵਰਤਦਾ ਹੈ।
ਮੌਜੂਦਾ ਸਰਕਾਰਾਂ ਨੇ ਮੂੰਹ-ਜ਼ੋਰ ਹੋਏ ਬੁਨਿਆਦਪ੍ਰਸਤਾਂ ਨੂੰ ਰੋਕਣ ਦੀ ਥਾਂ ਇਨ੍ਹਾਂ ਨੂੰ ਖ਼ੁਸ਼ ਰੱਖਣ ਦੀ ਨੀਤੀ ਅਪਣਾਈ ਹੋਈ ਹੈ। ਨਤੀਜੇ ਵਜੋਂ ਸਮਾਜਵਾਦੀ-ਨਾਸਤਿਕ ਆਦਮੀ ਨੂੰ ਹਰ ਤਰ੍ਹਾਂ ਦਾ ਖ਼ਤਰਾ ਦਰਪੇਸ਼ ਹੈ। ਸਰਕਾਰਾਂ ਜਮ੍ਹਾਂ ਬੁਨਿਆਦਪ੍ਰਸਤੀ ਦਾ ਗੱਠਜੋੜ ਤੈਅ ਕਰ ਰਿਹਾ ਹੈ ਕਿ ਇਤਿਹਾਸ ਨੂੰ ਕਿਵੇਂ ਸਮਝਿਆ ਜਾਵੇ? ਇਹ ਦੱਸਿਆ ਜਾ ਰਿਹਾ ਹੈ ਕਿ ਧਰਮ ਹੀ ਮਨੁੱਖ ਦੀ ਬੰਦਖ਼ਲਾਸੀ ਦਾ ਸਬੱਬ ਬਣ ਸਕਦਾ ਹੈ। ਇਸ ਵੇਲੇ ਧਰਮ ਤੋਂ ਜ਼ਿਆਦਾ ਇਸ਼ਤਿਹਾਰਬਾਜ਼ੀ ਕਿਸੇ ਹੋਰ ਚੀਜ਼ ਦੀ ਨਹੀਂ ਹੋ ਰਹੀ। ਹਰ ਮੀਡੀਆ ਅਦਾਰੇ ਨੇ ਪਰਉਪਕਾਰ ਜਾਂ ਬਾਜ਼ਾਰ ਦੇ ਨਾਮ ਉੱਤੇ ਧਰਮ ਪ੍ਰਚਾਰ ਨੂੰ ਖੁੱਲ੍ਹੀ ਥਾਂ ਦਿੱਤੀ ਹੋਈ ਹੈ। ਧਾਰਮਿਕ ਅਦਾਰਿਆਂ ਕੋਲ ਮਨੁੱਖੀ ਸਰੋਤ ਤੋਂ ਲੈ ਕੇ ਜ਼ਮੀਨ-ਜਾਇਦਾਦ ਦੀ ਕੋਈ ਤੋਟ ਨਹੀਂ ਹੈ। ਸ਼ਰਧਾ ਦਾ ਧੰਦਾ ਸਭ ਤੋਂ ਵੱਡਾ ਹੋ ਗਿਆ ਹੈ। ਇਸ ਦੀ ਪਰਚੂਨ ਅਤੇ ਥੋਕ ਆਮਦਨ ਬੇਤਹਾਸ਼ਾ ਹੈ। ਇੱਕ ਬੰਦੇ ਨੇ ਦੂਜੇ ਬੰਦੇ ਨਾਲ ਵਰਤਣ ਦਾ ਸਲੀਕਾ ਧਰਮ ਸਿਖਾ ਰਿਹਾ ਹੈ। ਇਹ ਤੈਅ ਕਰਨ ਦੀ ਬੁਨਿਆਦੀ ਸ਼ਰਤ ਵੀ ਧਰਮ ਹੈ ਕਿ ਕੌਣ ਕਿਸ ਨਾਲ ਕਿਵੇਂ ਵਿਆਹ ਕਰਵਾ ਸਕਦਾ ਹੈ?
ਸ਼ਰਧਾ, ਸਰਕਾਰ, ਮੰਡੀ ਅਤੇ ਫਿਰਕਾਪ੍ਰਸਤੀ ਦਾ ਗੱਠਜੋੜ ਜਿੰਨਾ ਵੀ ਮਜ਼ਬੂਤ ਅਤੇ ਮਾਰੂ ਹੋਵੇ ਪਰ ਇਹ ਬੁਨਿਆਦੀ ਤੌਰ ਉੱਤੇ ਮਨੁੱਖੀ ਸ਼ਾਨ ਅਤੇ ਜਗਿਆਸੂ ਬਿਰਤੀ ਦੇ ਖ਼ਿਲਾਫ਼ ਹੈ। ਧਰਮ ਦਾ ਖ਼ੂੰਖ਼ਾਰ ਖ਼ਾਸਾ ਹਰ ਦੌਰ ਵਿੱਚ ਮਨੁੱਖੀ ਪਿੰਡੇ ਉੱਤੇ ਉਕਰਿਆ ਗਿਆ ਹੈ। ਮਨੁੱਖ ਨੇ ਹਰ ਹਾਲਤ ਵਿੱਚ ਸੁਆਲ ਕੀਤੇ ਹਨ ਜਿਨ੍ਹਾਂ ਦਾ ਕੁਰਬਾਨੀਆਂ ਭਰਿਆ ਸ਼ਾਨਾਮੱਤਾ ਇਤਿਹਾਸ ਹੈ। ਸੁਆਲ ਮਨੁੱਖੀ ਇਤਿਹਾਸ ਵਿੱਚ ਸ਼ਰਧਾ ਤੋਂ ਕਿਤੇ ਪਹਿਲਾਂ ਦਰਜ ਹੋਇਆ ਹੈ। ਰੱਬ ਅਤੇ ਧਰਮ ਮਨੁੱਖੀ ਦੀ ਜਗਿਆਸਾ ਦੀ ਉਪਜ ਹਨ। ਰੱਬ ਅਤੇ ਧਰਮ ਨਾਲੋਂ ਮਨੁੱਖੀ ਜਗਿਆਸਾ ਦੀ ਵਿਰਾਸਤ ਕਿਤੇ ਵੱਡੀ ਹੈ। ਇਸੇ ਜਗਿਆਸਾ ਨੇ ਬਹੁਤ ਸਾਰੇ ਵਿਸ਼ਵਾਸਾਂ ਅਤੇ ਤਜਰਬਿਆਂ ਨੂੰ ਵਿਗਿਆਨ ਵਿੱਚ ਤਬਦੀਲ ਕੀਤਾ ਹੈ। ਆਪਣੀ ਵਿਰਾਸਤ ਉੱਤੇ ਸੁਆਲ ਕਰਨਾ ਮਨੁੱਖ ਦਾ ਸਦੀਵੀ ਹੱਕ ਹੈ। ਧਰਮ ਦੇ ਘੇਰੇ ਦੇ ਅੰਦਰ ਰਹਿ ਕੇ ਵੀ ਵਿੱਚ ਰੱਬ ਨੂੰ ਖਾਰਜ ਕਰਨ, ਉਸ ਦੀ ਹੋਂਦ ਉੱਤੇ ਸੁਆਲ ਕਰਨ ਅਤੇ ਉਸ ਦੀ ਰਜ਼ਾ ਤੋਂ ਮੁਨਕਰ ਹੋਣ ਦੇ ਹਕੂਕ ਮਨੁੱਖੀ ਵਿਰਾਸਤ ਦਾ ਹਿੱਸਾ ਹਨ। ਨਾਸਤਿਕ ਹੋਣਾ ਅਤੇ ਸਮਾਜ ਤੇ ਕੁਦਰਤ ਦੀ ਵਿਗਿਆਨਕ ਸੋਚ ਨਾਲ ਪੜਚੋਲ ਕਰਨਾ ਮਨੁੱਖੀ ਵਿਰਸੇ ਦਾ ਅਨਿੱਖੜਵਾਂ ਅੰਗ ਹੈ। ਇਸ ਤਰ੍ਹਾਂ ਪਿਆਰ ਅਤੇ ਕੁਫ਼ਰ ਮਨੁੱਖ ਦਾ ਜਮਾਂਦਰੂ ਹਕੂਕ ਹਨ ਜੋ ਮਨੁੱਖ ਨੇ ਧਰਮ, ਰਾਜ, ਕਾਨੂੰਨ ਤੋਂ ਮੁਲਕ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹਾਸਲ ਕੀਤੇ ਹਨ। ਇਹ ਹਕੂਕ ਹੋਂਦ ਵਿੱਚ ਆਏ ਪਹਿਲੇ ਜੀਅ ਨੇ ਪਹਿਲੇ ਸਾਹ ਨਾਲ ਹੀ ਕਮਾ ਲਏ ਸਨ। ਇਸ ਵਿਰਾਸਤ ਦੀ ਦਾਅਵੇਦਾਰ ਧਿਰ ਗਿਣਤੀ ਪੱਖੋਂ ਭਾਵੇਂ ਕਿੰਨੀ ਵੀ ਨਿਗੂਣੀ ਹੋਵੇ, ਸਰਮਾਏ ਪੱਖੋਂ ਕਿੰਨੀ ਵੀ ਗ਼ਰੀਬ ਹੋਵੇ, ਤਾਕਤ ਪੱਖੋਂ ਭਾਵੇਂ ਕਿੰਨੀ ਵੀ ਨਿਤਾਣੀ ਹੋਵੇ ਪਰ ਪਿਆਰ, ਦਰਦਮੰਦੀ, ਖ਼ਿਆਲ ਅਤੇ ਬੌਧਿਕਤਾ ਪੱਖੋਂ ਬੇਹੱਦ ਅਮੀਰ ਹੈ। ਇਸੇ ਵਿਰਾਸਤ ਵਿੱਚ ਮਨੁੱਖ ਦੇ ਤੰਗਨਜ਼ਰੀ ਵਿੱਚੋਂ ਨਿਕਲ ਕੇ ਖੁੱਲ੍ਹਦਿਲੀ ਅਤੇ ਖੁੱਲ੍ਹਨਜ਼ਰੀ ਵਾਲਾ ਖ਼ੂਬਸੂਰਤ ਅਤੇ ਵੰਨ-ਸਵੰਨਾ ਸਮਾਜ ਸਿਰਜਣ ਦੀ ਸੰਭਾਵਨਾ ਹੈ। ਇਸ ਦੌਰ ਵਿੱਚ ਸਾਥੀਆਂ ਦਾ ਬੇਕਿਰਕੀ ਨਾਲ ਕਤਲ ਹੋਣਾ ਸੋਗ਼ਵਾਰ ਹੈ। ਇਹ ਦਿਲ ਨੂੰ ਡੋਬੂ ਪਾਉਂਦਾ ਹੈ ਪਰ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਵਾਉਂਦਾ ਹੈ। ਇਸ ਦੌਰ ਵਿੱਚ ਜਗਿਆਸੂ ਬੰਦੇ ਦੀ ਰਾਖੀ, ਦਰਦਮੰਦੀ ਦਾ ਅਹਿਸਾਸ ਅਤੇ ਵਿਗਿਆਨਕ ਸੋਚ ਦਾ ਪਸਾਰਾ ਮਨੁੱਖਤਾ ਦੇ ਨਾਮ ਲਿਖਿਆ ਸਭ ਤੋਂ ਖ਼ੂਬਸੂਰਤ ਸੱਦਾ ਪੱਤਰ ਹੈ। ਕਤਲ ਹੋਏ ਹਮਸਾਇਆ ਦਾ ਖ਼ੂਨ ਆਵਾਜ਼ ਦਿੰਦਾ ਹੈ ਕਿ ਬੰਦੇ ਦੀ ਬੰਦੇ ਹੱਥੋਂ ਬੰਦਖ਼ਲਾਸੀ ਦਰਦਮੰਦ ਵਿਗਿਆਨਕ ਸੋਚ ਨੇ ਕਰਨੀ ਹੈ। ਬੰਦਿਆਈ ਦਾ ਬੇਪਰਵਾਹ ਇਸ਼ਕ ਨਫ਼ੀਸ ਬੰਦੇ ਦੀ ਰਜ਼ਾ ਵਿੱਚ ਪ੍ਰਵਾਨ ਚੜ੍ਹਨਾ ਹੈ।
(ਇਹ ਲੇਖ 4 ਮਾਰਚ 2015 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ)
ਦਲਜੀਤ ਅਮੀ
ਗੋਬਿੰਦ ਪਾਨਸਰੇ ਦੇ ਸਸਕਾਰ ਉੱਤੇ ਲੱਗ ਰਹੇ ਨਾਅਰਿਆਂ ਵਿੱਚ ਸਭ ਤੋਂ ਅਹਿਮ ਨਾਅਰਾ ਸੀ - 'ਮੈਂ ਵੀ ਪਾਨਸਰੇ, ਮੈਂ ਵੀ ਦਾਭੋਲਕਰ'। ਇਸ ਨਾਅਰੇ ਨੂੰ ਭਾਵੇਂ ਮੀਡੀਆ ਵਿੱਚ 'ਮੈਂ ਵੀ ਸ਼ਾਰਲੀ ਐਬਦੋ' ਜਿੰਨੀ ਥਾਂ ਨਾ ਮਿਲੇ ਪਰ ਇਹ ਸਾਡੇ ਦੌਰ ਦੇ ਸੋਗ਼ਵਾਰ ਰੁਝਾਨ ਅਤੇ ਨਾਬਰ ਸੁਰ ਦੀ ਇੱਕੋ ਵੇਲੇ ਨੁਮਾਇੰਦਗੀ ਕਰਦਾ ਹੈ। ਇਨ੍ਹਾਂ ਦੋਵਾਂ ਨਾਅਰਿਆਂ ਵਿੱਚ ਮੌਜੂਦਾ ਦੌਰ ਦੀ ਸਿਆਸਤ ਦਾ ਦਰਦਮੰਦ ਖ਼ਾਸਾ ਸਮੋਇਆ ਹੈ ਜੋ ਕੰਨੀਆਂ ਤੱਕ ਮਹਿਦੂਦ ਹੋ ਗਿਆ ਹੈ। ਇਸੇ ਦਰਦਮੰਦ ਸਿਆਸਤ ਦੇ ਨੁਮਾਇੰਦੇ ਮੌਜੂਦਾ ਨਿਜ਼ਾਮ ਦੇ ਨਿਸ਼ਾਨੇ ਉੱਤੇ ਹਨ। ਗੋਬਿੰਦ ਪਾਨਸਰੇ ਦਾ ਕਤਲ ਮਹਾਂਰਾਸ਼ਟਰ ਦੇ ਕੋਹਲਾਪੁਰ ਕਸਬੇ ਵਿੱਚ ਹੋਇਆ ਹੈ ਜਿੱਥੋਂ ਪੂਨੇ ਦੀ ਫ਼ਾਸਲਾ ਤਕਰੀਬਨ 240 ਕਿਲੋਮੀਟਰ ਹੈ। ਪੂਨੇ ਵਿੱਚ ਗੋਬਿੰਦ ਪਾਨਸਰੇ ਉੱਤੇ ਹੋਏ ਜਾਨਲੇਵਾ ਹਮਲੇ ਤੋਂ 545 ਦਿਨ ਪਹਿਲਾਂ ਡਾ. ਨਰਿੰਦਰ ਦਾਭੋਲਕਰ ਦਾ ਕਤਲ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਕਤਲਾਂ ਦੀ ਥਾਂ ਦਾ ਫ਼ਾਸਲਾ 240 ਕਿਲੋਮੀਟਰ ਅਤੇ ਸਮੇਂ ਦਾ ਫ਼ਰਕ ੫੪੫ ਦਿਨਾਂ ਦਾ ਹੈ ਪਰ ਵਿਚਾਰ ਪੱਖੋਂ ਮਕਤੂਲਾਂ ਦੀ ਨੇੜਤਾ ਗੂੜ੍ਹੀ ਹੈ। ਦੂਜੇ ਪਾਸੇ ਬੇਪਛਾਣ ਕਾਤਲਾਂ ਦੀ ਜ਼ਾਹਰਾ ਸਾਂਝ ਕਤਲ ਕਰਨ ਦੇ ਸਮੇਂ, ਸਥਾਨ ਅਤੇ ਤਰੀਕੇ ਤੋਂ ਸ਼ੁਰੂ ਹੁੰਦੀ ਹੈ ਅਤੇ ਗੌਣ ਪੱਖ ਦੀ ਸਿਧਾਂਤਕ ਪਛਾਣ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈ।
ਡਾ ਨਰਿੰਦਰ ਦਾਭੋਲਕਰ ਅਤੇ ਗੋਬਿੰਦ ਪਾਨਸਰੇ ਦੇ ਕਤਲ ਬੇਪਛਾਣ ਕਾਤਲਾਂ ਨੇ ਸਵੇਰ ਦੀ ਸੈਰ ਮੌਕੇ ਸੇਂਧ ਲਗਾ ਕੇ ਬਹੁਤ ਨੇੜਿਓਂ ਗੋਲੀਆਂ ਮਾਰ ਕੇ ਕੀਤੇ ਹਨ। ਗੋਬਿੰਦ ਪਾਨਸਰੇ ਆਪਣੀ ਜੀਵਨ ਸਾਥਣ ਉਮਾ ਪਾਨਸਰੇ ਨਾਲ ਸਵੇਰ ਦੀ ਸੈਰ ਤੋਂ ਪਰਤ ਰਹੇ ਸਨ। ਦੋਵੇਂ ਵਾਰ ਕਾਤਲ ਮੋਟਰਸਾਈਕਲਾਂ ਉੱਤੇ ਫਰਾਰ ਹੋਣ ਵਿੱਚ ਕਾਮਯਾਬ ਹੋਏ। ਤਕਰੀਬਨ 67 ਸਾਲ ਦੇ ਡਾ. ਨਰਿੰਦਰ ਦਾਭੋਲਕਰ ਅਤੇ 82 ਸਾਲਾ ਗੋਬਿੰਦ ਪਾਨਸਰੇ ਨੂੰ ਕਿਸੇ ਲੁੱਟ-ਖੋਹ ਜਾਂ ਨਿੱਜੀ ਰੰਜਿਸ਼ ਕਾਰਨ ਕਤਲ ਨਹੀਂ ਕੀਤਾ ਗਿਆ। ਇਹ ਕਤਲ ਕਿਸੇ ਸ਼ਨਾਖ਼ਤ ਦੀ ਗ਼ਲਤੀ ਨਾਲ ਵੀ ਨਹੀਂ ਹੋਏ। ਇਨ੍ਹਾਂ ਕਤਲਾਂ ਦੀ ਗੁੱਥੀ ਮਕਤੂਲਾਂ ਦੀ ਕਾਰਗੁਜ਼ਾਰੀ ਅਤੇ ਕਾਤਲਾਂ ਦੀ ਸੋਚ ਵਿੱਚ ਪਈ ਜਾਪਦੀ ਹੈ।
ਗੋਬਿੰਦ ਪਾਨਸਰੇ ਦਾ ਜਨਮ 26 ਨਵੰਬਰ 1933 ਨੂੰ ਮਹਾਂਰਾਸ਼ਟਰ ਸੂਬੇ ਦੇ ਅਹਿਮਦਨਗਰ ਜ਼ਿਲ੍ਹੇ ਦੇ ਪਿੰਡ ਕੋਲਹਾਰ ਵਿੱਚ ਹੋਇਆ ਸੀ। ਉਚੇਰੀ ਪੜ੍ਹਾਈ ਲਈ ਕੋਹਲਾਪੁਰ ਪਹੁੰਚੇ ਗੋਬਿੰਦ ਪਾਨਸਰੇ ਨੇ ਇਸੇ ਕਸਬੇ ਨੂੰ ਆਪਣੀ ਕਰਮਭੂਮੀ ਬਣਾ ਲਿਆ। ਉਨ੍ਹਾਂ ਦੀ ਜ਼ਿੰਦਗੀ ਨਿੱਜੀ ਅਤੇ ਸਮਾਜਿਕ ਪੱਧਰ ਉੱਤੇ ਸੰਘਰਸ਼ ਦੀ ਗਾਥਾ ਹੈ। ਉਨ੍ਹਾਂ ਨੇ ਅਖ਼ਬਾਰ ਦੀ ਪਰਚੂਨ ਵੰਡ ਤੋਂ ਸ਼ੁਰੂ ਕਰਕੇ ਮਿਉਨਸੀਪਲ ਕਮੇਟੀ ਵਿੱਚ ਚਪੜਾਸੀ ਦੀ ਨੌਕਰੀ ਕੀਤੀ। ਫਿਰ ਪ੍ਰਾਈਮਰੀ ਸਕੂਲ ਵਿੱਚ ਪੜ੍ਹਾਇਆ ਅਤੇ 1966 ਵਿੱਚ ਵਕਾਲਤ ਸ਼ੁਰੂ ਕੀਤੀ। ਇਸ ਦੌਰਾਨ ਉਹ ਕਈ ਸਾਲ ਕੋਹਲਾਪੁਰ ਵਾਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਰੋਜ਼ੀ-ਰੋਟੀ ਕਮਾਉਣ ਵਾਲਾ ਪੇਸ਼ੇਵਰ ਪੱਖ ਹੈ।
ਪਾਨਸਰੇ ਕਮਿਉਨਿਸਟ ਪਾਰਟੀ ਆਫ਼ ਇੰਡੀਆ ਦੇ ਸਰਗਰਮ ਕਾਰਕੁਨ ਸਨ। ਪਾਨਸਰੇ ਨੇ ਮਾਰਕਸਵਾਦੀ ਵਿਚਾਰਧਾਰਾ ਦੀ ਦਲੀਲ ਆਪਣੀ ਪਾਰਟੀ ਸਮੇਤ ਸਮਾਜ ਉੱਤੇ ਲਾਗੂ ਕੀਤੀ। ਨਤੀਜੇ ਵਜੋਂ ਉਨ੍ਹਾਂ ਨੂੰ ਮਰਾਠੀ ਮੂਲ ਦੇ ਅਹਿਮ ਮਾਰਕਸਵਾਦੀ ਲੇਖਕਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਵੀਹ ਤੋਂ ਜ਼ਿਆਦਾ ਕਿਤਾਬਾਂ ਲਿਖੀਆਂ। ਇਹ ਕਿਤਾਬਾਂ ਮੁਕਾਮੀ ਇਤਿਹਾਸ ਤੋਂ ਸ਼ੁਰੂ ਹੋ ਕੇ ਸਮਾਜ, ਜਾਤ, ਜਮਾਤ ਅਤੇ ਘੱਟ-ਗਿਣਤੀਆਂ ਦੇ ਸਮਕਾਲੀ ਮਸਲਿਆਂ ਨੂੰ ਮੁਖ਼ਾਤਬ ਹੁੰਦੀਆਂ ਹਨ। ਮਰਾਠੀ ਵਿੱਚ ਲਿਖੀਆਂ ਇਨ੍ਹਾਂ ਕਿਤਾਬਾਂ ਵਿੱਚ ਕਾਮਾ ਮੇਲ ਦੀ ਬੰਦਖ਼ਲਾਸੀ ਅਤੇ ਖੁੱਲ੍ਹਨਜ਼ਰੀ ਦੀ ਵਕਾਲਤ ਲਗਾਤਾਰ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਨਸਰੇ ਮਹਾਂਰਾਸ਼ਟਰ ਦੀ ਤਰਕਸ਼ੀਲ ਲਹਿਰ ਦੇ ਸਰਗਰਮ ਕਾਰਕੁਨ ਸਨ।

ਮਹਾਂਰਾਸ਼ਟਰ ਵਿੱਚ ਤਰਕਸ਼ੀਲ ਜਥੇਬੰਦੀਆਂ ਦਾ ਮੂਲਵਾਦੀ ਜਥੇਬੰਦੀਆਂ ਨਾਲ ਸਿੱਧਾ ਟਕਰਾਅ ਹੈ। ਡਾ. ਦਾਭੋਲਕਰ ਦੀ ਜਥੇਬੰਦੀ ਅੰਧ-ਸ਼ਰਧਾ ਨਿਰਮੂਲਨ ਸਮਿਤੀ ਮੂਲਵਾਦੀ ਜਥੇਬੰਦੀਆਂ ਦੀ ਆਲੋਚਨਾ ਦਾ ਲਗਾਤਾਰ ਸ਼ਿਕਾਰ ਰਹੀ ਹੈ। ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ ਸਨ ਅਤੇ ਅੰਤ ਨੂੰ ਦਾਭੋਲਕਰ ਦਾ ਕਤਲ ਵੀ ਕੀਤਾ ਗਿਆ। ਇਹ ਕਤਲ ਕੋਈ ਅਚੰਭਾ ਨਹੀਂ ਸੀ ਸਗੋਂ ਇਸ ਦਾ ਖ਼ਦਸ਼ਾ ਲਗਾਤਾਰ ਮਹਿਸੂਸ ਕੀਤਾ ਜਾ ਰਿਹਾ ਸੀ। ਡਾ. ਦਾਭੋਲਕਰ ਨੇ ਪੁਲਿਸ ਸੁਰੱਖਿਆ ਲੈਣ ਤੋਂ ਇਨਕਾਰ ਕਰਦਿਆਂ ਬਿਆਨ ਦਿੱਤਾ ਸੀ, "ਜੇ ਮੈਨੂੰ ਆਪਣੇ ਹੀ ਮੁਲਕ ਵਿੱਚ ਆਪਣੇ ਹੀ ਲੋਕਾਂ ਤੋਂ ਸੁਰੱਖਿਆ ਲੈਣੀ ਪੈਂਦੀ ਹੈ ਤਾਂ ਮੇਰੇ ਵਿੱਚ ਕੋਈ ਕਮੀ ਹੈ। ਮੈਂ ਕਿਸੇ ਦੇ ਖ਼ਿਲਾਫ਼ ਲੜਨ ਦੀ ਥਾਂ ਸੰਵਿਧਾਨ ਦੇ ਘੇਰੇ ਅੰਦਰ ਆਵਾਮ ਲਈ ਲੜ ਰਿਹਾ ਹਾਂ।" ਦਾਭੋਲਕਰ ਦੇ ਕਤਲ ਤੋਂ ਬਾਅਦ ਤਤਕਾਲੀ ਕਾਂਗਰਸ-ਨੈਸ਼ਨਲ ਕਾਂਗਰਸ ਪਾਰਟੀ ਗੱਠਜੋੜ ਸਰਕਾਰ ਨੇ ਕਈ ਬਿਆਨ ਦਿੱਤੇ ਸਨ। ਅੰਧ-ਸ਼ਰਧਾ ਨਿਰਮੂਲਨ ਸਮਿਤੀ ਵੱਲੋਂ ਤਿਆਰ ਕੀਤੇ ਗਏ 'ਅੰਧ-ਵਿਸ਼ਵਾਸ ਅਤੇ ਕਾਲੇ ਜਾਦੂ ਖ਼ਿਲਾਫ਼ ਕਾਨੂੰਨ' ਦਾ ਖਰੜਾ ਸੱਤ ਵਿਧਾਨ ਸਭਾ ਇਜਲਾਸਾਂ ਵਿੱਚ ਪੇਸ਼ ਹੋਣ ਤੋਂ ਬਾਅਦ ਵੀ ਪ੍ਰਵਾਨ ਨਹੀਂ ਹੋਇਆ ਸੀ ਪਰ ਦਾਭੋਲਕਰ ਦੇ ਕਤਲ ਤੋਂ ਅਗਲੇ ਦਿਨ ਇਸ ਨੂੰ ਮੰਤਰੀ ਮੰਡਲ ਨੇ ਆਰਡੀਨੈਂਸ ਵਜੋਂ ਪ੍ਰਵਾਨ ਕੀਤਾ ਸੀ। ਇਸ ਨੂੰ ਵਿਧਾਨ ਸਭਾ ਅਤੇ ਬਾਅਦ ਵਿੱਚ ਲੋਕ ਸਭਾ ਲੋੜੀਂਦੀ ਪ੍ਰਵਾਨਗੀ ਨਹੀਂ ਮਿਲ ਸਕੀ। ਇਸ ਕਾਨੂੰਨ ਦਾ ਵਿਰੋਧ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੀਆਂ ਹੁਣ ਮਹਾਂਰਾਸ਼ਟਰ ਸੂਬੇ ਅਤੇ ਕੇਂਦਰ ਵਿੱਚ ਸਰਕਾਰਾਂ ਹਨ।
ਦਾਭੋਲਕਰ ਦੇ ਕਤਲ ਦੀ ਸਾਜ਼ਿਸ਼ ਵਾਲਾ ਚੌਖਟਾ ਪਾਨਸਰੇ ਉੱਤੇ ਲਾਗੂ ਹੁੰਦਾ ਹੈ। ਪਾਨਸਰੇ ਸੜਕਾਂ ਉੱਤੇ ਟੋਲ ਪਲਾਜ਼ਾ ਲਗਾਉਣ ਖ਼ਿਲਾਫ਼ ਸੰਘਰਸ਼ ਦੀ ਅਗਵਾਈ ਕਰ ਰਹੇ ਸਨ। ਇਸ ਧੰਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਵੱਲੋਂ 'ਨੈਚੂਰਲੀ ਕਰੱਪਟ ਪਾਰਟੀ' ਗ਼ਰਦਾਨੀ ਗਈ ਨੈਸ਼ਨਲ ਕਾਂਗਰਸ ਪਾਰਟੀ ਦੇ ਆਗੂਆਂ ਦੀ ਵੱਡੀ ਹਿੱਸੇਦਾਰੀ ਹੈ। ਪਾਨਸਰੇ ਨੇ 1984 ਵਿੱਚ ਸ਼ਿਵਾਜੀ ਮਰਾਠੇ ਉੱਤੇ 'ਸ਼ਿਵਾਜੀ ਕੌਣ ਹੋਤਾ?' (ਸ਼ਿਵਾਜੀ ਕੌਣ ਸਨ?) ਨਾਮ ਦੀ ਕਿਤਾਬ ਲਿਖੀ ਸੀ ਜਿਸ ਦਾ ਤਰਜਮਾ ਹਿੰਦੀ, ਅੰਗਰੇਜ਼ੀ, ਕੰਨਡ, ਉਰਦੂ ਅਤੇ ਗੁਜਰਾਤੀ ਵਿੱਚ ਹੋਇਆ। ਇਹ ਕਿਤਾਬ ਮਰਾਠੀ ਵਿੱਚ ੨੪ ਵਾਰ ਛਪ ਕੇ ਡੇਢ ਲੱਖ ਤੋਂ ਜ਼ਿਆਦਾ ਗਿਣਤੀ ਵਿੱਚ ਵਿਕ ਚੁੱਕੀ ਹੈ। ਮਹਾਂਰਾਸ਼ਟਰ ਵਿੱਚ ਸ਼ਿਵਾਜੀ ਉੱਤੇ ਦਾਅਵੇਦਾਰੀ ਸ਼ਿਵ ਸੈਨਾ ਅਤੇ ਮਹਾਂਰਾਸ਼ਟਰ ਨਵ ਨਿਰਮਾਣ ਸੈਨਾ ਦੀ ਰਹੀ ਹੈ ਜਿਨ੍ਹਾਂ ਦੀ ਹਮਲਾਵਰ ਸਿਆਸਤ ਖੱਬੇ ਪੱਖੀਆਂ ਅਤੇ ਗ਼ੈਰ-ਮਰਾਠੀਆਂ ਦੇ ਵਿਰੋਧ ਉੱਤੇ ਟਿਕੀ ਹੋਈ ਹੈ। ਪਾਨਸਰੇ ਦੀ ਕਿਤਾਬ ਵਿੱਚ ਪੇਸ਼ ਹੋਇਆ ਸ਼ਿਵਾਜੀ ਦਾ ਅਕਸ ਉਨ੍ਹਾਂ ਦੀ ਮੂਲਵਾਦੀ ਸਿਆਸਤ ਦਾ ਭਾਂਡਾ ਭੰਨ੍ਹਣ ਵਾਲਾ ਹੈ। ਪਾਨਸਰੇ ਦੀ ਦਲੀਲ ਸੀ ਕਿ ਸ਼ਿਵ ਸੈਨਾ-ਭਾਜਪਾ ਵਰਗੀਆਂ ਪਾਰਟੀਆਂ ਅਤੇ ਇਨ੍ਹਾਂ ਦੀਆਂ ਜਥੇਬੰਦੀਆਂ ਨੇ ਸ਼ਿਵਾਜੀ ਨੂੰ ਮੁਸਲਮਾਨ ਵਿਰੋਧੀ ਬਿੰਬ ਵਜੋਂ ਪੇਸ਼ ਕੀਤਾ ਹੈ ਜੋ ਇਤਿਹਾਸ ਦੀ ਗ਼ਲਤਬਿਆਨੀ ਹੈ। ਇਸ ਕਿਤਾਬ ਦੇ ਅਸਰ ਦਾ ਅੰਦਾਜ਼ਾ ਪੱਤਰਕਾਰ ਆਤਿਸ਼ ਨਾਗਪੁਰੇ ਦੇ ਇੱਕ ਲੇਖ ਤੋਂ ਲਗਾਇਆ ਜਾ ਸਕਦਾ ਹੈ। ਗੋਬਿੰਦ ਪਾਨਸਰੇ ਦੇ ਸ਼ਰਧਾਜਲੀ ਲੇਖ ਵਿੱਚ ਆਤਿਸ਼ ਨੇ ਲਿਖਿਆ ਹੈ, "ਬਚਪਨ ਵਿੱਚ ਬੱਚੇ 'ਸ਼ਿਵਾਜੀ ਮਹਾਨਾਤੋ' (ਸ਼ਿਵਾਜੀ ਕਹਿੰਦੈ) ਨਾਮ ਦੀ ਖੇਡ ਖੇਡਦੇ ਸੀ ਜਿਸ ਵਿੱਚ ਸ਼ਿਵਾਜੀ ਬਣਿਆ ਬੱਚਾ ਦੂਜਿਆਂ ਨੂੰ ਕੋਈ ਵੀ ਹੁਕਮ ਦੇ ਸਕਦਾ ਸੀ। ਬਿਨ੍ਹਾਂ ਕਿਸੇ ਰੋਕਟੋਕ ਤੋਂ 'ਸ਼ਿਵਾਜੀ' ਨੂੰ ਹਰ ਹੁਕਮ ਦੇਣ ਦੀ ਖੁੱਲ੍ਹ ਸੀ। ਉਂਝ ਤਾਂ ਇਹ ਵੀ ਬੱਚਿਆਂ ਦੀਆਂ ਦੂਜੀਆਂ ਖੇਡਾਂ ਵਰਗੀ ਖੇਡ ਸੀ ਪਰ ਇਸ ਤੋਂ ਮਹਾਂਰਾਸ਼ਟਰ ਵਿੱਚ ਸ਼ਿਵਾਜੀ ਦੀ ਪ੍ਰਵਾਨਗੀ ਦਾ ਅੰਦਾਜ਼ਾ ਹੁੰਦਾ ਹੈ। ਮੈਂ ਜ਼ਿੰਦਗੀ ਵਿੱਚ 'ਸ਼ਿਵਾਜੀ' ਨੂੰ ਬਹੁਤ ਵਾਰ ਮਿਲਿਆ ਹਾਂ। ਉਹ ਬਹਾਦਰ ਅਤੇ ਨਿਧੜਕ ਹਿੰਦੂਵਾਦੀ ਰਾਜਾ ਸੀ ਜੋ ਗਾਂ ਅਤੇ ਬ੍ਰਾਹਮਣ ਦੀ ਰਾਖੀ ਕਰਦਾ ਸੀ। ਗੋਬਿੰਦ ਪਾਨਸਰੇ ਦੀ ਕਿਤਾਬ 'ਸ਼ਿਵਾਜੀ ਕੌਣ ਹੋਤਾ?' ਪੜ੍ਹ ਕੇ ਮੈਂ ਹੈਰਾਨ ਰਹਿ ਗਿਆ। ਉਸ ਦਿਨ ਮੈਂ ਸ਼ਿਵਾਜੀ ਨੂੰ ਨਵੇਂ ਸਿਰੇ ਤੋਂ ਪਛਾਣਿਆ। ਦਰਅਸਲ ਇਸ ਨਾਲ ਮੇਰਾ ਆਪਣੇ-ਆਪ ਨਾਲ ਸੰਵਾਦ ਸ਼ੁਰੂ ਹੋਇਆ। ਇਸ ਨਾਲ ਮੇਰੀ ਇਤਿਹਾਸ, ਸਮਾਜ ਅਤੇ ਜ਼ਿੰਦਗੀ ਬਾਰੇ ਸੋਚ ਬਦਲ ਗਈ।"
ਕਤਲ ਤੋਂ ਦੋ ਹਫ਼ਤੇ ਪਹਿਲਾਂ ਪਾਨਸਰੇ ਨੇ ਸ਼ਿਵਾਜੀ ਯੂਨੀਵਰਸਿਟੀ ਵਿੱਚ ਆਪਣੀ ਤਕਰੀਰ ਦੌਰਾਨ ਦਲੀਲ ਦਿੱਤੀ ਸੀ ਕਿ ਨੱਥੂਰਾਮ ਗੌਂਡਸੇ ਦੀ ਨਾਇਕ ਵਜੋਂ ਪੇਸ਼ਕਾਰੀ ਸਮਾਜ ਲਈ ਘਾਤਕ ਹੈ। ਦੂਜੇ ਪਾਸੇ ਭਾਜਪਾ ਦੇ ਆਗੂ ਸਾਕਸ਼ੀ ਮਹਾਰਾਜ ਨੱਥੂਰਾਮ ਗੌਂਡਸੇ ਨੂੰ ਦੇਸ਼ਭਗਤ ਵਜੋਂ ਪੇਸ਼ ਕਰਦੇ ਰਹਿੰਦੇ ਹਨ। ਪਾਨਸਰੇ ਦੀ ਇਸ ਦਲੀਲ ਦਾ ਭਾਜਪਾ ਨਾਲ ਜੁੜੀ ਵਿਦਿਆਰਥੀ ਜਥੇਬੰਦੀ ਦੇ ਕਾਰਕੁਨਾਂ ਨੇ ਵਿਰੋਧ ਕੀਤਾ ਸੀ। ਇਸੇ ਤਰ੍ਹਾਂ ਕਤਲ ਤੋਂ ਤਕਰੀਬਨ ਇੱਕ ਹਫ਼ਤਾ ਪਹਿਲਾਂ ਉਨ੍ਹਾਂ ਨੇ '26 ਨਵੰਬਰ' ਦੇ ਅਤਿਵਾਦੀ ਹਮਲੇ ਉੱਤੇ ਹੋਏ ਸਮਾਗਮ ਵਿੱਚ ਆਪਣੀ ਤਕਰੀਰ ਵਿੱਚ ਉਸ ਵੇਲੇ ਮਾਰੇ ਗਏ 'ਐਂਟੀ ਟੈਰੋਰਿਸਟ ਸਕੂਐਡ' ਦੇ ਮੁਖੀ ਹੇਮੰਤ ਕਰਕਰੇ ਬਾਰੇ ਟਿੱਪਣੀਆਂ ਕੀਤੀਆਂ ਸਨ। ਅਖ਼ਬਾਰਾਂ ਵਿੱਚ ਸੂਤਰਾਂ ਦੇ ਹਵਾਲੇ ਨਾਲ ਖ਼ਬਰਾਂ ਛਪੀਆਂ ਹਨ ਕਿ ਇਸ ਤਕਰੀਰ ਤੋਂ ਬਾਅਦ ਪਾਨਸਰੇ ਨੂੰ ਧਮਕੀਆਂ ਮਿਲੀਆਂ ਸਨ। ਹੇਮੰਤ ਕਰਕਰੇ ਬਾਰੇ ਲਿਖੀ ਗਈ ਕਿਤਾਬ 'ਹੂ ਕਿੰਲਡ ਕਰਕਰੇ' ਹਿੰਦੂ ਮੂਲਵਾਦੀ ਜਥੇਬੰਦੀਆਂ ਅਤੇ ਕਾਰਕੁਨਾਂ ਦੀਆਂ ਅੱਖਾਂ ਵਿੱਚ ਲਗਾਤਾਰ ਰੜਕਦੀ ਹੈ। ਇਹ ਕਿਤਾਬ ਮਹਾਂਰਾਸ਼ਟਰ ਦੇ ਸਾਬਕਾ ਪੁਲਿਸ ਅਫ਼ਸਰ ਐਸ.ਐੱਮ. ਮੁਸ਼ਰਿਫ਼ ਨੇ ਲਿਖੀ ਹੈ।
ਪਾਨਸਰੇ ਖ਼ਿਲਾਫ਼ ਸਨਾਤਨ ਸੰਸਥਾ ਨੇ ਅਦਾਲਤ ਵਿੱਚ ਮਾਨਹਾਨੀ ਦੇ ਮੁਕੱਦਮੇ ਦਰਜ ਕੀਤੇ ਹੋਏ ਹਨ। ਇਸ ਸੰਸਥਾ ਖ਼ਿਲਾਫ਼ ਥਾਨੇ ਅਤੇ ਗੋਆ ਵਿੱਚ ਬੰਬ ਧਮਾਕੇ ਕਰਨ ਦੇ ਇਲਜ਼ਾਮ ਤਹਿਤ ਅਦਾਲਤ ਵਿੱਚ ਦੋਸ਼ ਪੱਤਰ ਦਰਜ ਕੀਤੇ ਜਾ ਚੁੱਕੇ ਹਨ। ਪਾਨਸਰੇ ਨੇ ਲਿਖਿਆ ਸੀ ਕਿ ਇਸ ਸੰਸਥਾ ਦਾ ਖ਼ਾਸਾ ਅਤਿਵਾਦੀ ਹੈ ਅਤੇ ਇਹ ਹਿੰਦੂ ਨੌਜਵਾਨਾਂ ਨੂੰ ਮੂਲਵਾਦ ਨਾਲ ਜੋੜਦੀ ਹੈ। ਦਾਭੋਲਕਰ ਦੇ ਕਤਲ ਤੋਂ ਕੁਝ ਮਹੀਨੇ ਬਾਅਦ ਪਾਨਸਰੇ ਨੂੰ ਧਮਕੀ ਮਿਲੀ ਸੀ ਕਿ 'ਤੁਮਚਾ ਦਾਭੋਲਕਰ ਕਾਰੂ' (ਤੇਰੇ ਨਾਲ ਦਾਭੋਲਕਰ ਵਾਲੀ ਹੋਵੇਗੀ)। ਇਨ੍ਹਾਂ ਹਾਲਾਤ ਵਿੱਚ ਪਾਨਸਰੇ ਦੇ ਕਤਲ ਦੀ ਖ਼ਦਸ਼ਾ ਲਗਾਤਾਰ ਮੰਡਰਾ ਰਿਹਾ ਸੀ। ਸੁਆਲ ਇਸ ਵੇਲੇ ਸਿਰਫ਼ ਕਾਤਲਾਂ ਦੀ ਪਛਾਣ ਤੱਕ ਮਹਿਦੂਦ ਨਹੀਂ ਹੈ ਸਗੋਂ ਉਸ ਮਾਹੌਲ ਦਾ ਹੈ ਜਿੱਥੇ ਸਮਾਜ ਦੇ 'ਦਾਭੋਲਕਰ-ਪਾਨਸਰੇ ਖ਼ਾਸੇ' ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਦਾਭੋਲਕਰ-ਪਾਨਸਰੇ ਜੋਟੀ ਇੱਕ ਪਾਸੇ ਇਨਸਾਫ਼ ਅਤੇ ਮਾਣ-ਸਨਮਾਨ ਦੇ ਹਵਾਲੇ ਨਾਲ ਕਾਨੂੰਨ ਨੂੰ ਵਿਗਿਆਨਕ ਸੋਚ ਨਾਲ ਜੋੜ ਕੇ ਲਾਗੂ ਕਰਨ ਦੀ ਦਲੀਲ ਪੇਸ਼ ਕਰ ਰਹੀ ਹੈ। ਦੂਜੇ ਪਾਸੇ ਇਹੋ ਜੋਟੀ ਸਰਕਾਰੀ ਸਰਪ੍ਰਸਤੀ ਵਿੱਚ ਨਿੱਜੀ ਮੁਨਾਫ਼ਾਖ਼ੋਰਾਂ ਨੂੰ ਲੁੱਟ ਮਚਾਉਣ ਦੀ ਦਿੱਤੀ ਛੋਟ ਉੱਤੇ ਸੁਆਲ ਕਰ ਰਹੀ ਹੈ। ਤੀਜੇ ਪਾਸੇ ਸ਼ਰਧਾ ਦੇ ਧੰਦੇ ਨੂੰ ਦਲੀਲ ਦੇ ਹਵਾਲੇ ਨਾਲ ਬੇਪਰਦ ਕਰਦੀ ਹੈ। ਇਸ ਤਰ੍ਹਾਂ ਦਾਭੋਲਕਰ-ਪਾਨਸਰੇ ਰੁਝਾਨ ਬੇਇਨਸਾਫ਼ੀ, ਮੁਨਾਫ਼ਾਖ਼ੋਰੀ ਅਤੇ ਅੰਧ-ਵਿਸ਼ਵਾਸ਼ ਦੇ ਜਮ੍ਹਾਂਜੋੜ ਉੱਤੇ ਸਿੱਧਾ ਸੁਆਲ ਕਰਦਾ ਹੈ। ਇਸ ਰੁਝਾਨ ਉੱਤੇ ਮੋੜਵਾਂ ਹਮਲਾ ਧਰਮ ਅਤੇ ਆਸਥਾ ਦੇ ਨਾਮ ਉੱਤੇ ਕੀਤਾ ਜਾਂਦਾ ਹੈ। ਵਿਗਿਆਨਕ ਸੋਚ ਦੇ ਪਸਾਰੇ ਅਤੇ ਰੱਬ ਉੱਤੇ ਸੁਆਲਾਂ ਨੂੰ ਜ਼ਿਆਦਾਤਰ ਧਾਰਮਿਕ ਅਦਾਰੇ ਅਤੇ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਦੇ। ਇਸੇ ਤੰਗਨਜ਼ਰੀ ਅਤੇ ਤੰਗਦਿਲੀ ਦੇ ਮਾਹੌਲ ਵਿੱਚ ਦਾਭੋਲਕਰ ਅਤੇ ਪਾਨਸਰੇ ਦੇ ਕਤਲਾਂ ਦੀ ਸਾਜ਼ਿਸ਼ ਰਲੀ ਹੋਈ ਹੈ। ਇਸ ਸਾਜ਼ਿਸ਼ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ। ਮਿਸਾਲ ਵਜੋਂ ਪ੍ਰਧਾਨ ਮੰਤਰੀ ਵੱਲੋਂ ਪ੍ਰਸਾਰ ਭਾਰਤੀ ਦੇ ਮੁਖੀ ਬਣਾਏ ਗਏ ਸੂਰਯਾ ਪ੍ਰਕਾਸ਼ ਦਾ 25 ਸਤੰਬਰ 2007 ਨੂੰ ਛਪਿਆ ਲੇਖ ਧਿਆਨ ਦੀ ਮੰਗ ਕਰਦਾ ਹੈ। ਲੇਖ ਵਿੱਚ ਦਰਜ ਹੈ, "ਇਹ ਕਹਿਣ ਦੀ ਲੋੜ ਨਹੀਂ ਕਿ ਤਰਕਸ਼ੀਲ ਹਰ ਤਰ੍ਹਾਂ ਦੀ ਆਜ਼ਾਦੀ ਭਾਲਦੇ ਹਨ। ਭਾਰਤੀ ਲੋਕ ਧਾਰਮਿਕ ਲੋਕ ਹਨ ਪਰ ਕੁਝ ਕਾਫ਼ਰ ਆਪਣੀਆਂ ਬੇਹੂਦਾ ਟਿੱਪਣੀਆਂ ਨਾਲ ਸਾਡੀ ਕੌਮੀ ਜ਼ਿੰਦਗੀ ਵਿੱਚ ਖਲਲ ਪਾਉਣਾ ਚਾਹੁੰਦੇ ਹਨ। ਇਨ੍ਹਾਂ ਕਾਫ਼ਰਾਂ ਦੀ ਗਿਣਤੀ ਮੁੱਠੀ ਭਰ ਹੈ। ਸੰਨ 1991 ਦੀ ਮਰਦਮਸ਼ੁਮਾਰੀ ਦਾ ਅੰਕੜਾ ਦਰਸਾਉਂਦਾ ਹੈ ਕਿ ਭਾਰਤ ਵਿੱਚ 1783 ਕਾਫ਼ਰ ਅਤੇ 101 ਨਾਸਤਿਕ ਹਨ। … ਇਸ ਤੋਂ ਪਹਿਲਾਂ ਕਿ ਇਹ ਨਿਗੂਣੀ ਜਿਹੀ ਗਿਣਤੀ ਕੋਈ ਤਬਾਹੀ ਕਰੇ ਸਾਨੂੰ ਇਸ ਦਾ ਬੇਕਿਰਕੀ ਨਾਲ ਅੰਤ ਕਰ ਦੇਣਾ ਚਾਹੀਦਾ ਹੈ।"
ਦਾਭੋਲਕਰ ਅਤੇ ਪਾਨਸਰੇ ਦੇ ਕਤਲਾਂ ਨਾਲ ਸਾਡੇ ਮੁਲਕ ਦੀ ਸਿਆਸਤ ਦਾ ਬਦਲਦਾ ਖ਼ਾਸਾ ਸਮਝ ਆਉਂਦਾ ਹੈ। ਇਨ੍ਹਾਂ ੫੪੫ ਦਿਨਾਂ ਵਿੱਚ ਸੂਬਾ ਅਤੇ ਕੇਂਦਰ ਸਰਕਾਰਾਂ ਬਦਲ ਗਈਆਂ ਹਨ। ਆਪਣੀ ਬਦਲੀ ਥਾਂ ਮੁਤਾਬਕ ਸਰਕਾਰਾਂ ਦੇ ਬਿਆਨ ਆਏ ਹਨ। ਸ਼ਿਵ ਸੈਨਾ ਨੇ ਸੂਬਾ ਸਰਕਾਰ ਦੀ ਜਾਬਤਾ ਪੂਰਤੀ ਵਾਲੀ ਆਲੋਚਨਾ ਕਰ ਦਿੱਤੀ ਹੈ। ਇਹੋ ਕੰਮ ਨੈਸ਼ਨਲ ਕਾਂਗਰਸ ਪਾਰਟੀ ਦੇ ਆਗੂਆਂ ਨੇ ਵੀ ਕਰ ਦਿੱਤਾ ਹੈ। ਮੁੱਖ-ਮੰਤਰੀ ਫਡਨਵੀਸ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇੱਕ ਪਾਸਾ ਤਾਂ ਇਹ ਹੈ ਕਿ ਵਿਗਿਆਨਕ ਸੋਚ ਅਤੇ 'ਖ਼ਿਆਲਾਂ ਦੀ ਆਜ਼ਾਦੀ' ਨਾਲ ਜੁੜੇ ਮਸਲਿਆਂ ਉੱਤੇ ਸਿਆਸੀ ਸੋਚ ਵਿੱਚ ਸਰਕਾਰਾਂ ਬਦਲਣ ਨਾਲ ਕੋਈ ਫ਼ਰਕ ਨਹੀਂ ਪਿਆ। ਸਿਆਸਤ ਦੇ ਸ਼ਰਧਾਮੁਖੀ ਅਤੇ ਮੁਨਾਫ਼ਾਖ਼ੋਰ ਰੁਝਾਨ ਦਾ ਪਨਾ ਕਾਂਗਰਸ ਤੋਂ ਭਾਜਪਾ, ਸ਼ਿਵ ਸੈਨਾ ਤੋਂ ਨੈਸ਼ਨਲ ਕਾਂਗਰਸ ਪਾਰਟੀ ਅਤੇ ਨਵ-ਨਿਰਮਾਣ ਸੈਨਾ ਤੋਂ ਹਿੰਦੂ ਜਾਗ੍ਰਿਤੀ ਸਮਿਤੀ ਤੱਕ ਫੈਲਿਆ ਹੋਇਆ ਹੈ। ਤੰਗਨਜ਼ਰੀ ਜਾਂ ਤੰਗਦਿਲੀ ਵਿੱਚ ਕੁਝ ਫ਼ਰਕ ਹੋ ਸਕਦਾ ਹੈ ਪਰ ਵਿਗਿਆਨਕ ਸੋਚ ਦਾ ਪਸਾਰਾ ਕਿਸੇ ਦੀ ਸਿਆਸਤ ਵਿੱਚ ਤਰਜੀਹ ਨਹੀਂ ਬਣਦਾ।
ਪਾਨਸਰੇ ਦੇ ਕਤਲ ਬਾਰੇ ਅਦਾਲਤੀ ਕਾਰਵਾਈ ਜਾਂ ਕਾਨੂੰਨੀ ਚਾਰਾਜੋਈ ਕਿਸੇ ਵੀ ਨਤੀਜੇ ਉੱਤੇ ਪਹੁੰਚੇ ਪਰ ਦਾਭੋਲਕਰ-ਪਾਨਸਰੇ ਰੁਝਾਨ ਲਈ ਮੌਜੂਦਾ ਮਾਹੌਲ ਅਤੇ ਇਸ ਦੀਆਂ ਸਮਾਜਿਕ, ਧਾਰਮਿਕ ਅਤੇ ਸਿਆਸੀ ਤੰਦਾਂ ਨੂੰ ਮੁਖ਼ਾਤਬ ਹੋਣਾ ਜ਼ਰੂਰੀ ਹੈ। ਵਿਗਿਆਨਕ ਸੋਚ ਦੇ ਪਸਾਰੇ ਨੂੰ ਹੁਣ ਤੋਂ ਵਧੇਰੇ ਖ਼ਤਰਾ ਕਦੇ ਨਹੀਂ ਸੀ ਕਿਉਂਕਿ 'ਵੈਦਿਕ ਵਿਗਿਆਨ' ਦੇ ਦਾਅਵੇਦਾਰ ਮੌਜੂਦਾ ਵਿਗਿਆਨ ਦੇ ਖ਼ਤਰਨਾਕ ਸੰਦਾਂ (ਹਥਿਆਰਾਂ) ਦਾ ਜ਼ਸ਼ਨ ਮਨਾ ਰਹੇ ਹਨ ਪਰ ਵਿਚਾਰ ਪੱਖੋਂ ਇਸ ਨੂੰ ਜੜ੍ਹੋਂ ਪੁੱਟ ਦੇਣਾ ਚਾਹੁੰਦੇ ਹਨ। ਪਣਬੁੱਬੀਆਂ ਅਤੇ ਇਸਰੋ ਦੀਆਂ ਕਾਮਯਾਬੀਆਂ ਦੇ ਜ਼ਸ਼ਨ ਮਨਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਜ ਵਿਗਿਆਨ ਵਿੱਚ ਮਿਥਹਾਸ ਦਾ ਮਿਲਗੋਭਾ ਕਰਨ ਲਈ ਦੀਨਾ ਨਾਥ ਬਤਰਾ ਵਰਗਿਆਂ ਦੀ ਪਿੱਠ ਥਾਪੜ ਰਹੇ ਹਨ। ਉਨ੍ਹਾਂ ਨੂੰ ਮਾਰੂ ਅਤੇ ਗ਼ਲਬਾ ਮੁਖੀ ਤਾਕਤ ਆਧੁਨਿਕ ਗਿਆਨ-ਵਿਗਿਆਨ ਦੀ ਚਾਹੀਦੀ ਹੈ ਪਰ ਆਵਾਮ ਸ਼ਰਧਾਮਈ ਅਤੇ ਸੀਲ ਖ਼ਪਤਕਾਰ ਚਾਹੀਦਾ ਹੈ। ਉਹ ਕਿਸੇ ਲੰਘੇ 'ਸਨਹਿਰੀ ਯੁੱਗ' ਦੇ 'ਅੰਤਿਮ ਸੱਚ' ਰਾਹੀਂ ਸਮਕਾਲੀ ਦੌਰ ਦੀ ਜਗਿਆਸੂ ਬਿਰਤੀ ਨੂੰ ਖ਼ਤਮ ਕਰ ਦੇਣਾ ਚਾਹੁੰਦੇ ਹਨ। ਇਸ ਦੌਰ ਵਿੱਚ ਰੱਬ, ਪੈਗੰਬਰ, ਗ੍ਰੰਥ, ਮੰਦਿਰ ਅਤੇ ਮੱਠ ਸੁਆਲਾਂ ਦੇ ਘੇਰੇ ਵਿੱਚ ਹਨ। ਸਿਆਸੀ ਨਿਜ਼ਾਮ ਇਨ੍ਹਾਂ ਦੀ ਸਰਪ੍ਰਸਤੀ ਵਿੱਚ ਆਪਣੇ ਦੰਦ ਫਾਲਿਆਂ ਤੋਂ ਤਿੱਖੇ ਕਰ ਰਿਹਾ ਹੈ।
ਦਾਭੋਲਕਰ ਤੋਂ ਬਾਅਦ ਪਾਨਸਰੇ ਦੀ ਸ਼ਹਾਦਤ ਮਨੁੱਖ ਨੂੰ ਆਪਣੀ ਸਮਰੱਥਾ ਦਾ ਜ਼ਸ਼ਨ ਮਨਾਉਣ ਅਤੇ ਆਪਣੀ ਸਾਂਝੀ ਵਿਰਾਸਤ ਉੱਤੇ ਦਾਅਵੇਦਾਰੀ ਕਰਨ ਦਾ ਸੱਦਾ ਦਿੰਦੀ ਹੈ। ਇਹ 'ਖ਼ਿਆਲਾਂ ਦੀ ਆਜ਼ਾਦੀ' ਵਾਲੀ ਬਹਿਸ ਬਾਰੇ ਸੁਆਲ ਖੜ੍ਹਾ ਕਰਦੀ ਹੈ। 'ਖ਼ਿਆਲ ਦੀ ਆਜ਼ਾਦੀ' ਦੀ ਬਹਿਸ ਵਿੱਚ 'ਮੈਂ ਵੀ ਸ਼ਾਰਲੀ' ਦਾ ਹੋਕਾ ਦੇਣ ਵਾਲਿਆਂ ਨੂੰ 'ਮੈਂ ਵੀ ਪਾਨਸਰੇ, ਮੈਂ ਵੀ ਦਾਭੋਲਕਰ' ਕਹਿਣਾ ਔਖਾ ਕਿਉਂ ਲੱਗਦਾ ਹੈ? ਇਹ ਸਪਸ਼ਟ ਹੋ ਗਿਆ ਹੈ ਕਿ ਮੌਜੂਦਾ ਦੌਰ ਵਿੱਚ ਸਰਕਾਰ, ਸ਼ਰਧਾ ਅਤੇ ਮੁਨਾਫ਼ੇ ਦੇ ਗੱਠਜੋੜ ਨੇ ਰੱਬ ਨੂੰ ਨਾ ਮੰਨਣ ਵਾਲੇ ਸਮਾਜਵਾਦੀ ਦੀ ਸ਼ਨਾਖ਼ਤ ਸਭ ਤੋਂ ਖ਼ਤਰਨਾਕ ਮਨੁੱਖ ਵਜੋਂ ਕਰ ਲਈ ਹੈ। ਜੇ ਇਹੋ ਦਸਤੂਰ ਹੈ ਤਾਂ ਮੈਨੂੰ ਵੀ ਇਨ੍ਹਾਂ ਵਿੱਚੋਂ ਗਿਣਿਆ ਜਾਵੇ।'ਮੈਂ ਵੀ ਪਾਨਸਰੇ, ਮੈਂ ਵੀ ਦਾਭੋਲਕਰ।'
(ਇਹ ਲੇਖ 25 ਫਰਵਰੀ 2015 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ)
ਦਲਜੀਤ ਅਮੀ
ਦੋ ਹਫ਼ਤੇ ਪਹਿਲਾਂ ਡਾ ਨਰਿੰਦਰ ਦਾਭੋਲਕਰ ਨੇ ਪੁਣੇ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ ਦੀ ਨਿਖੇਧੀ ਕੀਤੀ ਸੀ ਕਿ ਉਹ ਅੰਧ-ਵਿਸ਼ਵਾਸ ਖ਼ਿਲਾਫ਼ ਬਿੱਲ ਦਾ ਖਰੜਾ ਵਿਧਾਨ ਸਭਾ ਵਿੱਚ ਪੇਸ਼ ਕਿਉਂ ਨਹੀਂ ਕਰਦੇ। ਵੀਹ ਅਗਸਤ ਨੂੰ ਸਵੇਰੇ ਡਾ. ਦਾਭੋਲਕਰ (ਪਹਿਲੀ ਨਵੰਬਰ 1945-20 ਅਗਸਤ 2013) ਦਾ ਕਤਲ ਕਰ ਦਿੱਤਾ ਗਿਆ ਤਾਂ ਪ੍ਰਿਥਵੀਰਾਜ ਚੌਹਾਨ ਨੇ ਉਨ੍ਹਾਂ ਦੇ ਕਤਲ ਦੀ ਤੁਲਨਾ ਮਹਾਂਤਮਾ ਗਾਂਧੀ ਦੇ ਕਤਲ ਨਾਲ ਕਰਦੇ ਹੋਏ ਸ਼ਰਧਾਜਲੀ ਭੇਟ ਕੀਤੀ। ਆਖ਼ਰ ਇਹ ਡਾ. ਦਾਭੋਲਕਰ ਕੌਣ ਹੈ ਜਿਸ ਦੇ ਕਤਲ ਨੂੰ ਕਾਂਗਰਸੀ ਮੁੱਖ ਮੰਤਰੀ, ਮਹਾਂਤਮਾ ਗਾਂਧੀ ਦੇ ਕਤਲ ਨਾਲ ਮੇਲ ਕੇ ਪੇਸ਼ ਕਰ ਰਿਹਾ ਹੈ? ਜੇ ਡਾ. ਦਾਭੋਲਕਰ ਦੀ ਹੋਣੀ ਮਹਾਂਤਮਾ ਗਾਂਧੀ ਨਾਲ ਮੇਲ ਖਾਂਦੀ ਹੈ ਤਾਂ ਨੱਥੂਰਾਮ ਗੌਂਡਸੇ ਦੇ ਵਾਰਸ ਕੌਣ ਹਨ? ਕੁਝ ਦਿਨ ਪਹਿਲਾਂ ਹੀ ਡਾ. ਦਾਭੋਲਕਰ ਦੀ ਨਿਖੇਧੀ ਦਾ ਨਿਸ਼ਾਨਾ ਬਣੇ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ ਦਾ ਗੌਂਡਸੇ ਦੇ ਵਾਰਸਾਂ ਨਾਲ ਕੀ ਰਿਸ਼ਤਾ ਹੈ? ਡਾ. ਦਾਭੋਲਕਰ ਤਕਰਸ਼ੀਲ ਲਹਿਰ ਦੇ ਪਹਿਲੀ ਸਫ਼ ਦੇ ਆਗੂਆਂ ਵਿੱਚ ਸ਼ੁਮਾਰ ਸਨ। ਉਨ੍ਹਾਂ ਦੇ ਕਤਲ ਤੋਂ ਬਾਅਦ ਮਹਾਂਰਾਸ਼ਟਰ ਸਰਕਾਰ ਨੇ 1995 ਤੋਂ ਲਟਕਦਾ ਆ ਰਿਹਾ 'ਜਾਦੂ ਟੂਣਾ ਅਤੇ ਅੰਧ-ਵਿਸ਼ਵਾਸ ਵਿਰੋਧੀ ਬਿੱਲ' ਆਰਡੀਨੈਂਸ ਵਜੋਂ ਲਾਗੂ ਕਰ ਦਿੱਤਾ। ਮਹਾਂਰਾਸ਼ਟਰ ਦੀ ਹਿੰਦੂ ਮੂਲਵਾਦੀ ਜਥੇਬੰਦੀ ਸਨਾਤਨ ਸੰਸਥਾ ਦੇ ਆਗੂ ਡਾ. ਜੈਯੰਤ ਅਥਵਾਲੇ ਨੇ ਆਪਣੇ ਰਸਾਲੇ 'ਸਨਾਤਨ ਪ੍ਰਭਾਤ' ਵਿੱਚ ਲਿਖਿਆ ਹੈ, "ਡਾ. ਦਾਭੋਲਕਰ ਦੀ ਮੌਤ ਰੱਬ ਦੀ ਇੱਛਾ ਹੈ। ਇਸ ਤਰ੍ਹਾਂ (ਝਟਕੇ ਨਾਲ) ਮਰ ਜਾਣਾ ਲੰਮੀ ਬੀਮਾਰੀ ਜਾਂ ਡਾਕਟਰੀ ਚੀਰ-ਫਾੜ ਦੀ ਪੀੜ ਨਾਲ ਮਰਨ ਤੋਂ ਬਿਹਤਰ ਹੈ।" ਬਾਅਦ ਵਿੱਚ ਸਨਾਤਨ ਸੰਸਥਾ ਦੇ ਬੁਲਾਰੇ ਅਭੈ ਵਾਰਤਕ ਨੇ ਸਪਸ਼ਟੀਕਰਨ ਦਿੱਤਾ ਕਿ ਉਨ੍ਹਾਂ ਦਾ ਡਾ. ਦਾਭੋਲਕਰ ਦੇ ਕਤਲ ਨਾਲ ਕੋਈ ਰਿਸ਼ਤਾ ਨਹੀਂ ਹੈ।
ਡਾ. ਦਾਭੋਲਕਰ ਦਾ ਕਤਲ ਮੌਜੂਦਾ ਦੌਰ ਵਿੱਚ ਵਿਗਿਆਨਕ ਸੋਚ ਦੇ ਪਸਾਰੇ ਅਤੇ ਇਸ ਦੀ ਅਹਿਮੀਅਤ ਦਾ ਅੰਦਾਜ਼ਾ ਲਗਾਉਣ ਦਾ ਪੁਰ-ਜ਼ੋਰ ਸੱਦਾ ਹੈ। ਇਹ ਵੇਖਣਾ ਬਣਦਾ ਹੈ ਕਿ ਵਿਗਿਆਨ ਦੀਆਂ ਕਾਢਾਂ ਦਾ ਆਨੰਦ ਮਾਣ ਰਹੇ ਸਮਾਜ ਵਿੱਚ ਵਿਗਿਆਨਕ ਸੋਚ ਇੰਨੀ ਖ਼ਤਰਨਾਕ ਕਿਉਂ ਮੰਨੀ ਜਾ ਰਹੀ ਹੈ? ਇਸ ਨਾਲ ਦਲੀਲ ਰਾਹੀਂ ਸੰਵਾਦ ਕਰਨ ਦੀ ਥਾਂ, ਇਸ ਨੂੰ ਤਾਕਤ ਨਾਲ ਚੁੱਪ ਕਰਵਾਉਣ ਦੀ ਲੋੜ ਕਿਉਂ ਪੈਂਦੀ ਹੈ? ਵਿਗਿਆਨ ਅਤੇ ਵਿਸ਼ਵਾਸ ਵਿਚਲਾ ਸੰਘਰਸ਼ ਅਜ਼ਲਾਂ ਤੋਂ ਚੱਲਦਾ ਆ ਰਿਹਾ ਹੈ। ਦਲੀਲ ਅਤੇ ਅੰਧ-ਵਿਸ਼ਵਾਸ ਵਿਚਲਾ ਸੰਘਰਸ਼ ਲਗਾਤਾਰ ਸਰਕਾਰ ਅਤੇ ਚਰਚ ਦੀ ਸਰਪ੍ਰਸਤੀ ਨਾਲ ਖ਼ੂਨੀ ਰੂਪ ਧਾਰਦਾ ਰਿਹਾ ਹੈ। ਜਦੋਂ ਰੱਬ ਦੀ ਹੋਂਦ ਉੱਤੇ ਕੀਤੇ ਸਵਾਲ ਨੂੰ ਧਰਮ ਜਾਂ ਮੁਲਕ ਦੀ ਪਛਾਣ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਤਾਂ ਇਸ ਜਮ੍ਹਾਂਜੋੜ ਦੇ ਫਾਲਿਆਂ ਤੋਂ ਤਿੱਖੇ ਦੰਦ, ਜਗਿਆਸਾ ਨੂੰ ਆਪਣੇ ਤੈਅ ਕੀਤੇ ਮੰਤਰਾਂ ਦੇ ਜਾਪ ਵਿੱਚ ਤਬਦੀਲ ਕਰਨ ਦਾ ਤਰੱਦਦ ਕਰਦੇ ਰਹੇ ਹਨ। ਸੁਕਰਾਤ ਤੋਂ ਗੈਲੀਲੀਓ ਅਤੇ ਕੌਪਰਨਿਕਸ ਤੋਂ ਮਨਸੂਰ ਤੱਕ ਦੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।
ਗਿਆਨ ਅਤੇ ਵਿਗਿਆਨ ਵਿੱਚ ਸਵਾਲਾਂ ਨਾਲ ਵਾਧਾ ਹੁੰਦਾ ਹੈ। ਗਿਆਨ-ਵਿਗਿਆਨ ਦਾ ਭੰਡਾਰ ਨਵੇਂ ਸਵਾਲਾਂ ਨੂੰ ਜਨਮ ਦਿੰਦਾ ਹੈ। ਇਨ੍ਹਾਂ ਸਵਾਲਾਂ ਦੇ ਜਵਾਬਾਂ ਵਿੱਚ ਨਵਾਂ ਗਿਆਨ-ਵਿਗਿਆਨ ਉਪਜਦਾ ਹੈ। ਇਹੋ ਧਾਰਨਾ ਫਲਸਫੇ ਉੱਤੇ ਲਾਗੂ ਹੁੰਦੀ ਹੈ। ਇਸ ਤਰ੍ਹਾਂ ਗਿਆਨ-ਵਿਗਿਆਨ ਨਿੱਤ ਨਵਾਂ ਹੁੰਦਾ ਹੈ ਅਤੇ ਸਦਾ ਗਤੀ ਵਿੱਚ ਕਾਰਜਸ਼ੀਲ ਰਹਿੰਦਾ ਹੈ। ਰੋਜ਼ਮਰਾ ਜ਼ਿੰਦਗੀ ਵਿੱਚ ਇਹੋ ਧਾਰਨਾ ਕੰਮ ਕਰਦੀ ਹੈ। ਤਜਰਬੇ ਅਤੇ ਨਾ-ਕਾਮਯਾਬੀਆਂ ਤੋਂ ਸਿੱਖ ਕੇ ਛੋਟੀਆਂ-ਵੱਡੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਂਦੀਆਂ ਹਨ। ਨਤੀਜੇ ਵਜੋਂ ਕਦੇ ਕੁਦਰਤੀ ਕਰੋਪੀ ਮੰਨੀਆਂ ਜਾਂਦੀਆਂ ਮੁਸ਼ਕਿਲਾਂ ਹੁਣ ਮਨੁੱਖੀ ਗਿਆਨ ਦੇ ਘੇਰੇ ਵਿੱਚ ਆ ਗਈਆਂ ਹਨ। ਪਲੇਗ ਵਰਗੀ ਬੀਮਾਰੀ ਖ਼ਤਮ ਹੋ ਗਈ ਹੈ। ਪੋਲੀਓ ਖ਼ਤਮ ਹੋਣ ਦੇ ਕੰਢੇ ਪੁੱਜ ਗਿਆ ਹੈ। ਇਸ ਨੂੰ ਖ਼ਤਮ ਕਰਨਾ ਮਨੁੱਖੀ ਸਮਰੱਥਾ ਦੇ ਘੇਰੇ ਵਿੱਚ ਹੈ ਪਰ ਇਸ ਦੀ ਹੋਂਦ ਸਰਕਾਰੀ ਬਦਨੀਅਤ ਕਾਰਨ ਹੀ ਕਾਇਮ ਹੈ। ਇਹ ਧਾਰਨਾ ਰੋਟੀ ਬਣਾਉਣ ਤੋਂ ਲੈ ਕੇ ਕਾਗ਼ਜ਼ ਉੱਤੇ a, ਅ, e ਲਿਖਣ ਜਾਂ ਸੜਕ ਉੱਤੇ ਸਾਈਕਲ ਚਲਾਉਣ ਤੱਕ ਵਰਗੇ ਕੰਮਾਂ ਉੱਤੇ ਲਾਗੂ ਹੁੰਦੀ ਹੈ। ਤਜਰਬੇ ਨਾਲ ਰੋਟੀ ਗੋਲ ਬਣਦੀ ਹੈ, ਕਿਉਂਕਿ ਵੇਲਣਾ ਚਲਾਉਣ ਦਾ ਵਲ ਆ ਜਾਂਦਾ ਹੈ। ਅੱਖਰ ਸਿੱਧੇ ਪੈਂਦੇ ਹਨ ਕਿਉਂਕਿ ਕਲਮ ਫੜਨ ਅਤੇ ਹੱਥ ਦੀ ਹਰਕਤ ਬਾਰੇ ਪਤਾ ਲੱਗ ਜਾਂਦਾ ਹੈ। ਸਾਈਕਲ ਦੋ ਪਹੀਆਂ ਉੱਤੇ ਚੱਲਦੀ ਹੈ ਕਿਉਂਕਿ ਤਜਰਬੇ ਨਾਲ ਹੱਥ ਪਾਉਣ ਅਤੇ ਪੈਰ ਮਾਰਨ ਤੋਂ ਅੱਗੇ ਜਾ ਕੇ ਹਵਾ ਨਾਲ ਸਮਤੋਲ ਬਣਾਉਣਾ ਸਿੱਖ ਲਿਆ ਜਾਂਦਾ ਹੈ। ਇਹੋ ਜਿਹੇ ਕੰਮ ਸਿੱਖਣ ਲਈ ਵਿਗਿਆਨ ਪੜ੍ਹਨ ਦੀ ਲੋੜ ਨਹੀਂ ਪੈਂਦੀ ਪਰ ਜਿਉਂ ਹੀ ਇਨ੍ਹਾਂ ਦੇ ਅਧਿਐਨ ਰਾਹੀਂ ਵਿਗਿਆਨ ਦੀ ਸਮਝ ਆਉਂਦੀ ਹੈ ਤਾਂ ਮਨੁੱਖ ਸਾਹਮਣੇ ਇਸ ਵਿਗਿਆਨ ਰਾਹੀਂ ਆਪਣੀ ਸਮਝ ਨੂੰ ਤਿੱਖਾ ਕਰਨ ਦਾ ਰਾਹ ਖੁੱਲ੍ਹ ਜਾਂਦਾ ਹੈ।
ਅੱਗ ਅਤੇ ਪਹੀਏ ਵਰਗੀਆਂ ਖੋਜਾਂ ਨੇ ਮਨੁੱਖ ਦੀ ਜ਼ਿੰਦਗੀ ਵਿੱਚ ਮਿਆਰੀ ਤਬਦੀਲੀਆਂ ਕੀਤੀਆਂ ਸਨ। ਉਸ ਤਬਦੀਲੀ ਦਾ ਹੁਣ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ, ਕਿਉਂਕਿ ਹੁਣ ਅਸੀਂ ਇਨ੍ਹਾਂ ਦੀ ਵਰਤੋਂ ਵਿੱਚ ਹੀ ਜ਼ਿੰਦਗੀ ਬਸਰ ਕਰਦੇ ਹਾਂ ਅਤੇ ਇਨ੍ਹਾਂ ਤੋਂ ਬਿਨਾਂ ਜ਼ਿੰਦਗੀ ਦਾ ਕਿਆਸ ਕਰਨਾ ਤੱਕ ਮੁਸ਼ਕਿਲ ਹੈ। ਇਨ੍ਹਾਂ ਤੋਂ ਬਿਨਾਂ ਮਨੁੱਖ ਠੰਢ ਤੋਂ ਬਚਣ ਜਾਂ ਸਿਹਤਮੰਦ ਖਾਣੇ ਲਈ ਆਪਣੀ ਚੋਣ ਉੱਤੇ ਨਿਰਭਰ ਕਰਦਾ ਸੀ ਪਰ ਬਾਅਦ ਵਿੱਚ ਅੱਗ ਦੇ ਸਾਥ ਨਾਲ ਮਨੁੱਖ ਨੇ ਆਪਣੀ ਜੀਭ ਦੇ ਸਵਾਦਾਂ ਦੀ ਬਾਰੀਕੀ ਦਾ ਗਿਆਨ ਹਾਸਲ ਕੀਤਾ। ਅੱਗ ਮਚਾਉਣ ਅਤੇ ਬੁਝਾਉਣ ਦਾ ਤਜਰਬਾ ਹੁਣ ਲੋਹਾ ਪਿਘਲਾਉਣ ਅਤੇ ਪ੍ਰਮਾਣੂ ਵਿਸਫੋਟ ਦੀ ਤਪਸ਼ ਨਾਪਣ ਤੱਕ ਪਹੁੰਚ ਗਿਆ ਹੈ।
ਗਿਆਨ-ਵਿਗਿਆਨ ਨੇ ਮਨੁੱਖ ਦੀ ਜ਼ਿੰਦਗੀ ਨੂੰ ਸਹਿਲ ਬਣਾਇਆ ਹੈ ਜਿਸ ਨੂੰ ਅਪਣਾਉਣ ਵਿੱਚ ਸ਼ੁਰੂਆਤੀ ਸੰਕੋਚ ਤੋਂ ਜ਼ਿਆਦਾ ਵਿਰੋਧ ਨਹੀਂ ਹੋਇਆ। ਗਿਆਨ ਦੀ ਘਾਟ ਕਾਰਨ ਪੈਦਾ ਹੋਈਆਂ ਮਿੱਥਾਂ ਅਤੇ ਧਾਰਨਾਵਾਂ ਦੁਆਲੇ ਰੀਤ-ਰਿਵਾਜ਼ ਅਤੇ ਧਰਮ ਦਾ ਬਹੁਤ ਕੁਝ ਉਸਰਿਆ ਹੈ। ਇਸ ਲਈ ਜਦੋਂ ਵਿਗਿਆਨ ਧਰਤੀ ਦੇ ਗੋਲ ਹੋਣ ਅਤੇ ਇਸ ਦੇ ਸੂਰਜ ਦੁਆਲੇ ਘੁੰਮਦੇ ਹੋਣ ਦਾ ਸਬੂਤ ਪੇਸ਼ ਕਰਦਾ ਹੈ ਤਾਂ ਅੰਜ਼ੀਲ ਵਿੱਚ ਦਰਜ ਧਾਰਮਿਕ ਫਲਸਫਾ ਸਵਾਲ ਦੇ ਘੇਰੇ ਵਿੱਚ ਆਉਂਦਾ ਹੈ। ਅੰਜ਼ੀਲ, ਧਰਮ ਅਤੇ ਚਰਚ ਹੀ ਜ਼ਿੰਦਗੀ ਦਾ ਕੇਂਦਰ ਸਮਝੇ ਜਾਂਦੇ ਸਨ ਪਰ ਹੁਣ ਤਾਂ ਧਰਤੀ ਦਾ ਕੇਂਦਰ ਹੋਣਾ ਵੀ ਸਵਾਲਾਂ ਦੇ ਘੇਰੇ ਵਿੱਚ ਸੀ। ਕੌਪਰਨਿਕਸ ਤੋਂ ਬਾਅਦ ਗੈਲੀਲੀਓ ਦਾ ਚਰਚ ਨੇ ਜ਼ਬਰਦਸਤ ਵਿਰੋਧ ਕੀਤਾ ਪਰ ਧਰਤੀ ਗੋਲ ਰਹੀ ਅਤੇ ਸੂਰਜ ਦੁਆਲੇ ਘੁੰਮਦੀ ਰਹੀ। ਹੁਣ ਵਿਗਿਆਨ ਨੇ ਇਹ ਵੀ ਪਤਾ ਕਰ ਲਿਆ ਹੈ ਕਿ ਧਰਤੀ ਵਿੱਚ ਗੋਲ ਹੋਣ ਦੇ ਨਾਲ-ਨਾਲ ਉਚਾਣ-ਨਿਵਾਣ ਕਿਵੇਂ ਤੈਅ ਹੁੰਦੇ ਹਨ ਜੋ ਸਦੀਆਂ ਵਿੱਚ ਰੂਪ ਬਦਲਦੇ ਹਨ। ਸੂਰਜ ਨਾਲੋਂ ਧਰਤੀ ਦੀ ਦੂਰੀ ਸਦਾ ਇੱਕੋ-ਜਿਹੀ ਨਹੀਂ ਹੁੰਦੀ।
ਡਾ. ਨਰਿੰਦਰ ਦਾਭੋਲਕਰ ਦੇ ਸ਼ਰਧਾਜਲੀ ਲੇਖ ਵਿੱਚ ਐਲਨ ਬੈਰੀ ਨੇ 'ਨਿਊਯਾਰਕ ਟਾਈਮਜ਼' ਵਿੱਚ ਲਿਖਿਆ ਹੈ, "ਡਾ ਦਾਭੋਲਕਰ ਦਾ ਕਤਲ ਹਜ਼ਾਰਾਂ ਸਾਲਾਂ ਤੋਂ ਪੁਰਾਤਨਪੰਥੀਆਂ ਅਤੇ ਸੁਧਾਰਕਾਂ ਵਿੱਚ ਚਲਦੀ ਕੁਸ਼ਤੀ ਵਿੱਚ ਸੱਜਰਾ ਵਾਕਾ ਹੈ। ਜਦੋਂ ਜਾਸੂਸਾਂ ਨੇ ਡਾ. ਦਾਭੋਲਕਰ ਦੇ ਦੁਸ਼ਮਣਾਂ ਦੀ ਫਿਹਰਿਸਤ ਬਣਾਉਣੀ ਸ਼ੁਰੂ ਕੀਤੀ, ਤਾਂ ਇਹ ਬਹੁਤ ਲੰਮੀ ਨਿਕਲੀ। ਉਸ ਨੂੰ ਹਿੰਦੂ ਮੂਲਵਾਦੀ ਜਥੇਬੰਦੀਆਂ ਦੀਆਂ ਧਮਕੀਆਂ ਮਿਲੀਆਂ ਸਨ। ਉਸ ਉੱਤੇ ਚਮਤਕਾਰੀ ਬਾਬਿਆਂ ਦੇ ਗੁੱਸੇ ਵਿੱਚ ਆਏ ਸ਼ਰਧਾਲੂਆਂ ਨੇ ਹਮਲੇ ਕੀਤੇ ਸਨ। ਉਹ ਜਾਟ ਪੰਚਾਇਤੀ ਦੇ ਗ਼ਲਬੇ ਨੂੰ ਸਵਾਲ ਕਰਨ ਕਾਰਨ ਉਨ੍ਹਾਂ ਦੇ ਨਿਸ਼ਾਨੇ ਉੱਤੇ ਸੀ। ਸੂਬਾ ਸਰਕਾਰ ਉਸ ਦੀ ਪਹਿਲਕਦਮੀ ਵਾਲੇ ਬਿੱਲ ਉੱਤੇ ਚੌਦਾਂ (ਦਰਅਸਲ ਅਠਾਰਾਂ) ਸਾਲਾਂ ਤੋਂ ਵਿਚਾਰ ਕਰ ਰਹੀ ਸੀ ਜਿਸ ਤਹਿਤ ਪਸ਼ੂਆਂ ਦੀ ਬਲੀ, ਸੱਪ ਦੇ ਡੰਗੇ ਦਾ ਚਮਤਕਾਰੀ ਇਲਾਜ ਅਤੇ ਜਾਦੂ-ਟੋਣੇ ਵਾਲੇ ਨਗਾਂ ਦੀ ਵਿਕਰੀ ਉੱਤੇ ਪਾਬੰਦੀ ਲੱਗਣੀ ਸੀ।" ਜਦੋਂ ਸਥਾਪਿਤ ਮੱਠਾਂ ਹੇਠਲੀ ਜ਼ਮੀਨ ਦੀ ਦਲੀਲ ਥੋਥੀ ਪੈਂਦੀ ਹੈ ਤਾਂ ਉਨ੍ਹਾਂ ਨੂੰ ਤਕਲੀਫ਼ ਹੁੰਦੀ ਹੈ। ਮੌਜੂਦਾ ਦੌਰ ਵਿੱਚ ਬਹੁਤ ਸਾਰੇ ਚਮਤਕਾਰੀ ਬਾਬਿਆਂ ਅਤੇ ਮਾਤਾਵਾਂ ਦੇ ਵੱਡੇ ਕਾਰੋਬਾਰ ਅਗਿਆਨਤਾ ਕਾਰਨ ਚੱਲਦੇ ਹਨ। ਉਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਪਸਾਰੇ ਲਈ ਅਗਿਆਨਤਾ ਚਾਹੀਦੀ ਹੈ। ਇਸ ਪਸਾਰੇ ਵਿੱਚ ਸਿਆਸਤਦਾਨਾਂ ਅਤੇ ਮੁਨਾਫ਼ਾਖੋਰਾਂ ਦੇ ਹਿੱਤ ਹਨ ਜਿਨ੍ਹਾਂ ਨੂੰ ਅਗਿਆਨਤਾ ਰਾਸ ਆਉਂਦੀ ਹੈ। ਇਸੇ ਲਈ ਵਿਗਿਆਨ ਜਾਂ ਵਿਗਿਆਨੀਆਂ ਦੀ ਥਾਂ ਵਿਗਿਆਨਕ ਸੋਚ ਨੂੰ ਵਧੇਰੇ ਖ਼ਤਰਨਾਕ ਮੰਨਿਆ ਜਾਂਦਾ ਹੈ। ਵਿਗਿਆਨਕ ਸੋਚ ਮਨੁੱਖ ਦੀ ਜਗਿਆਸਾ ਨੂੰ ਤੇਜ਼ ਕਰਦੀ ਹੈ। ਇਹ ਉਸ ਨੂੰ ਹਰ ਚੀਜ਼, ਹਰ ਰੁਝਾਨ, ਹਰ ਸਰਗਰਮੀ ਅਤੇ ਹਰ ਤਰ੍ਹਾਂ ਦੇ ਵਿਹਾਰ ਉੱਤੇ ਸਵਾਲ ਕਰਨ ਦਾ ਬਲ ਦਿੰਦੀ ਹੈ।
ਮੌਜੂਦਾ ਵਿਗਿਆਨਕ ਸੋਚ ਸਵਾਲ ਕਰ ਰਹੀ ਹੈ ਕਿ ਅਕਾਲ, ਸੋਕਿਆਂ, ਹੜ੍ਹਾਂ ਅਤੇ ਕੁਦਰਤੀ ਆਫ਼ਤਾਂ ਦੀ ਮਾਰ ਮਨੁੱਖੀ ਅਣਗਹਿਲੀ ਹੈ। ਇਹ ਸਵਾਲ ਕਰ ਰਹੀ ਹੈ ਕਿ ਜਿਸ ਧਾਰਨਾ ਦੀ ਤਸਦੀਕ ਲਈ ਸਬੂਤ ਅਤੇ ਵਾਰ-ਵਾਰ ਕੀਤਾ ਤਜਰਬਾ ਨਹੀਂ ਹੈ, ਉਸ ਨੂੰ ਵਿਗਿਆਨ ਨਹੀਂ ਮੰਨਿਆ ਜਾ ਸਕਦਾ। ਚਮਤਕਾਰ ਇਸੇ ਘੇਰੇ ਵਿੱਚ ਆਉਂਦਾ ਹੈ। ਧਰਮ ਦੀ ਆੜ ਵਿੱਚ ਉਸਰੇ ਬਾਬਿਆਂ ਅਤੇ ਮਾਤਾਵਾਂ ਦੇ ਮੱਠ ਦਾਅਵਾ ਕਰਦੇ ਹਨ ਕਿ ਉਹ ਚਮਤਕਾਰ ਕਰ ਸਕਦੇ ਹਨ। ਨਤੀਜੇ ਵਜੋਂ ਸ਼ਰਧਾ ਵੱਡਾ ਕਾਰੋਬਾਰ ਬਣਦੀ ਹੈ ਅਤੇ ਪਹਿਲਾਂ ਹੀ ਮੁਸ਼ਕਿਲਾਂ ਵਿੱਚ ਘਿਰਿਆ ਮਨੁੱਖ ਉਨ੍ਹਾਂ ਨੂੰ ਹੋਣੀ ਪ੍ਰਵਾਨ ਕਰ ਲੈਂਦਾ ਹੈ। ਵਿਗਿਆਨਕ ਸੋਚ ਦੇ ਧਾਰਨੀ ਉਨ੍ਹਾਂ ਚਮਤਕਾਰਾਂ ਪਿੱਛੇ ਲੁਕੀਆਂ ਵਿਗਿਆਨਕ ਧਾਰਨਾਵਾਂ ਰਾਹੀਂ ਸਾਬਤ ਕਰਦੇ ਹਨ ਕਿ ਇਹੋ ਚਮਤਕਾਰ ਕੋਈ ਵੀ ਕਰ ਸਕਦਾ ਹੈ। ਉਹ ਸ਼ਰੇਆਮ ਨੁਮਾਇਸ਼ ਰਾਹੀਂ ਦੱਸਦੇ ਹਨ ਕਿ ਸਾਹਮਣੇ ਵਾਲਾ ਤੁਹਾਨੂੰ ਧੋਖਾ ਕਿਵੇਂ ਦੇ ਰਿਹਾ ਹੈ। ਇਸ ਹਾਲਤ ਵਿੱਚ ਮਨੁੱਖ ਆਪਣੀ ਹੋਣੀ ਨੂੰ ਬਦਲਣ ਦਾ ਸਵਾਲ ਕਰੇਗਾ ਤਾਂ ਰਾਜਤੰਤਰ ਨੂੰ ਵੀ ਮੁਸ਼ਕਿਲ ਆਵੇਗੀ। ਇਸੇ ਕਰ ਕੇ ਇਹ ਕਾਰੋਬਾਰ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਚੱਲ ਸਕਦਾ। ਅਸੀਂ ਖ਼ਬਰਾਂ ਪੜ੍ਹਦੇ-ਸੁਣਦੇ ਹਾਂ ਕਿ ਕਿਸ ਬਾਬੇ ਦੀ ਸਿਫ਼ਾਰਿਸ਼ ਨਾਲ ਕੌਣ ਮੰਤਰੀ ਬਣਿਆ; ਕਿਸ ਦੀ ਸਿਫ਼ਾਰਿਸ਼ ਨਾਲ ਕਿਸ ਦੀ ਤਰੱਕੀ ਹੋਈ ਅਤੇ ਕਿਸ ਨੂੰ ਠੇਕੇ ਮਿਲੇ। ਜਦੋਂ ਚਮਤਕਾਰ ਸਵਾਲ ਦੇ ਘੇਰੇ ਵਿੱਚ ਆਉਂਦਾ ਹੈ ਤਾਂ ਇਸ ਸਮੁੱਚੇ ਕਾਰੋਬਾਰ ਉੱਤੇ ਸਵਾਲ ਹੁੰਦਾ ਹੈ।
ਇਹ ਸਵਾਲ ਸਿਰਫ਼ ਵਿਗਿਆਨ ਦੀ ਖੋਜ, ਧਾਰਨਾਵਾਂ ਅਤੇ ਵਿਗਿਆਨਕ ਯੰਤਰਾਂ ਤੱਕ ਮਹਿਦੂਦ ਨਹੀਂ ਰਹਿੰਦਾ, ਸਗੋਂ ਜ਼ਿੰਦਗੀ ਦੀ ਸਿਆਸੀ, ਆਰਥਿਕ ਅਤੇ ਸੱਭਿਆਚਾਰਕ ਪੱਖਾਂ ਉੱਤੇ ਵੀ ਲਾਗੂ ਹੁੰਦਾ ਹੈ। ਇਹ ਸਵਾਲੀਆ ਬਿਰਤੀ ਵਿਗਿਆਨਕ ਸੋਚ ਹੈ ਜੋ ਫਾਲਿਆਂ ਤੋਂ ਤਿੱਖੇ ਦੰਦਾਂ ਦਾ ਖ਼ੂੰਖ਼ਾਰ ਖ਼ਾਸਾ ਸਾਹਮਣੇ ਲਿਆਉਂਦੀ ਹੈ। ਚਮਤਕਾਰੀ ਬਾਬਿਆਂ, ਮਾਤਾਵਾਂ ਅਤੇ ਸ਼ਰਧਾ ਨਾਲ ਜੁੜੇ ਰੀਤ-ਰਿਵਾਜ਼ ਦੁਆਲੇ ਵਿਗਿਆਨਕ ਸੋਚ ਦੀ ਘੇਰਾਬੰਦੀ ਕੀਤੀ ਜਾਂਦੀ ਹੈ ਕਿਉਂਕਿ ਸ਼ਰਧਾ ਦੇ ਘੇਰਿਆਂ ਵਿੱਚ ਨਫ਼ਰਤ ਫੈਲਾਉਣੀ ਅਤੇ ਸਵਾਲ ਕਰਨ ਵਾਲੀ ਧਿਰ ਨੂੰ ਨਿਸ਼ਾਨੇ ਉੱਤੇ ਲਿਆਉਣਾ ਸੁਖਾਲਾ ਹੁੰਦਾ ਹੈ। ਇਸੇ ਸ਼ਰਧਾ ਦੇ ਆਸਰੇ ਨਾਬਾਲਗ਼ ਕੁੜੀ ਨਾਲ ਵਧੀਕੀ ਦੇ ਇਲਜ਼ਾਮਾਂ ਵਿੱਚ ਘਿਰਿਆ ਆਸਾਰਾਮ ਬਾਪੂ ਯਕੀਨ ਨਾਲ ਬੋਲਦਾ ਹੈ ਕਿ ਉਹ ਬੇਕਸੂਰ ਹੈ ਅਤੇ ਵਧੀਕੀ ਦਾ ਇਲਜ਼ਾਮ ਲਗਾਉਣ ਵਾਲੀ ਕੁੜੀ ਬਹੁਤ ਹੁਸ਼ਿਆਰ ਹੈ। ਉਹ ਪ੍ਰਸ਼ਾਸਨ ਨੂੰ ਆਪਣੇ ਸ਼ਰਧਾਲੂਆਂ ਦੀ ਤਾਕਤ ਦਰਸਾ ਰਿਹਾ ਹੈ ਅਤੇ ਪ੍ਰਸ਼ਾਸਨ ਨੇ ਲੋਕਾਂ ਦੀ ਸ਼ਰਧਾ ਦੇ ਹਵਾਲੇ ਨਾਲ ਹੀ ਆਸਾਰਾਮ ਨੂੰ ਰਾਹਤ ਦੇਣੀ ਹੈ। ਮੌਜੂਦਾ ਸਿਆਸਤ ਵਿੱਚ ਭਾਜਪਾ ਖੁੱਲ੍ਹ ਕੇ ਉਸ ਦੀ ਹਮਾਇਤ ਕਰ ਰਹੀ ਹੈ ਅਤੇ ਕਾਂਗਰਸ 'ਕਾਨੂੰਨ ਆਪਣਾ ਕੰਮ ਕਰੇਗਾ' ਵਾਲੀ ਮੌਕਾ ਟਪਾਉ ਦਲੀਲ ਤੋਂ ਪਿੱਛੇ ਖੜੀ ਹੈ। ਉਮਾ ਭਾਰਤੀ ਨੂੰ ਤਾਂ ਆਸਾਰਾਮ ਦੀ ਬੇਕਸੂਰੀ ਦਾ ਐਲਾਨ ਕਰਨ ਵਿੱਚ ਵੀ ਇਤਰਾਜ਼ ਨਹੀਂ ਹੈ। ਇਸ ਤੋਂ ਬਾਅਦ ਸਬੂਤਾਂ ਅਤੇ ਗਵਾਹਾਂ ਉੱਤੇ ਟਿਕੀ ਅਦਾਲਤੀ ਕਾਰਵਾਈ ਵਿੱਚ ਪੀੜਤ ਦਾ ਪੱਖ ਕਮਜ਼ੋਰ ਹੋ ਜਾਵੇਗਾ। ਆਸਾਰਾਮ ਬਾਪੂ 'ਬੇਕਸੂਰ' ਸਾਬਤ ਹੋਵੇਗਾ ਅਤੇ ਇਸ ਦੀ ਸ਼ਰਧਾ ਦਾ ਘੇਰਾ ਵਧੇਗਾ। ਡਾ. ਨਰਿੰਦਰ ਦਾਭੋਲਕਰ ਬਾਰੇ ਐਲਨ ਬੈਰੀ ਅੱਗੇ ਲਿਖਦੀ ਹੈ, "ਉਹ ਕਈ ਮੁਹਾਜ਼ਾਂ ਉੱਤੇ ਸਰਗਰਮ ਸੀ ਜਿਨ੍ਹਾਂ ਵਿੱਚ ਚੌਗਿਰਦੇ ਤੋਂ ਲੈ ਕੇ ਔਰਤਾਂ ਦੇ ਮਸਲੇ ਸ਼ਾਮਿਲ ਸਨ ਪਰ ਸਭ ਤੋਂ ਜ਼ਿਆਦਾ ਚਰਚਾ ਚਮਤਕਾਰੀ ਬਾਬਿਆਂ ਦਾ ਪਰਦਾ ਚਾਕ ਵਾਲੀ ਮੁਹਿੰਮ ਦੀ ਹੋਈ।"
ਦਸ ਭੈਣਾਂ-ਭਾਈਆਂ ਦਾ ਸਭ ਤੋਂ ਛੋਟਾ ਡਾ. ਨਰਿੰਦਰ ਦਾਭੋਲਕਰ ਡਾਕਟਰੀ ਪੜ੍ਹਿਆ ਸੀ ਅਤੇ ਉਹ ਬਾਰਾਂ ਸਾਲ ਡਾਕਟਰੀ ਕਰਨ ਤੋਂ ਬਾਅਦ ਸਮਾਜਕ ਕਾਰਕੁਨ ਬਣਿਆ, ਸਮਾਜਕ ਇਨਸਾਫ਼ ਦੀਆਂ ਲਹਿਰਾਂ ਨਾਲ ਜੁੜਿਆ। ਡਾ. ਦਾਭੋਲਕਰ ਦਾ ਵੱਡਾ ਭਰਾ ਸਮਾਜਵਾਦੀ-ਗਾਂਧੀਵਾਦੀ ਸਿੱਖਿਆ-ਸ਼ਾਸਤਰੀ ਦੇਵਦੱਤਾ ਦਾਭੋਲਕਰ ਸੀ ਜੋ ਬਾਅਦ ਵਿੱਚ ਪੁਣੇ ਯੂਨੀਵਰਸਿਟੀ ਦਾ ਉਪ-ਕੁਲਪਤੀ ਬਣਿਆ। ਉਨ੍ਹਾਂ ਦਾ ਵਿਚਾਰਧਾਰਕ ਅਸਰ ਡਾ. ਨਰਿੰਦਰ ਦਾਭੋਲਕਰ ਉੱਤੇ ਵੀ ਹੋਇਆ। ਵਿਦਿਆਰਥੀ ਵਜੋਂ ਨਰਿੰਦਰ ਸ਼ਿਵਾਜੀ ਯੂਨੀਵਰਸਿਟੀ ਦੀ ਕਬੱਡੀ ਟੀਮ ਵਿੱਚ ਖੇਡਿਆ। ਬੰਗਲਾ ਦੇਸ਼ ਖ਼ਿਲਾਫ਼ ਭਾਰਤ ਦੀ ਨੁਮਾਇੰਦਗੀ ਕੀਤੀ। ਸੂਬਾ ਸਰਕਾਰ ਨੇ ਉਸ ਨੂੰ ਸ਼ਿਵਾਜੀ ਛਤਰਾਪਤੀ ਯੁਵਾ ਐਵਾਰਡ ਨਾਲ ਸਨਮਾਨਿਤ ਕੀਤਾ। ਡਾ. ਦਾਭੋਲਕਰ ਸਮਾਜਕ ਕਾਰਕੁਨ ਵਜੋਂ ਬਾਬਾ ਅਧਹਾਵੇ ਦੀ ਅਗਵਾਈ ਵਿੱਚ ਚੱਲ ਰਹੀ 'ਇੱਕ ਪਿੰਡ - ਇੱਕ ਖੂਹ' ਦੀ ਮੁਹਿੰਮ ਨਾਲ ਜੁੜਿਆ। ਇਸ ਮੁਹਿੰਮ ਦਾ ਮਕਸਦ ਮਨੁੱਖ ਨੂੰ ਬਰਾਬਰੀ ਵਾਲਾ ਰੁਤਬਾ ਬੁਲੰਦ ਕੀਤਾ ਗਿਆ ਅਤੇ ਛੂਤ-ਛਾਤ ਦਾ ਵਿਰੋਧ ਕੀਤਾ ਗਿਆ। ਪਿੰਡਾਂ ਵਿੱਚ ਬਣੇ ਜਾਤੀ-ਆਧਾਰਤ ਖੂਹਾਂ ਦੀ ਥਾਂ ਇੱਕੋ ਖੂਹ ਵਿੱਚੋਂ ਪਾਣੀ ਪੀਣ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਜਿਸ ਵਿੱਚੋਂ ਹਰ ਜਾਤ ਦੇ ਲੋਕ ਪਾਣੀ ਪੀ ਸਕਦੇ ਸਨ। ਬਾਬਾ ਅੰਬੇਦਕਰ ਦੇ ਵਿਚਾਰ ਮੁਤਾਬਕ ਇਹ ਮੁਹਿੰਮ ਪਾਣੀ ਉੱਤੇ ਮਨੁੱਖੀ ਹਕੂਕ ਦੀ ਦਾਅਵੇਦਾਰੀ ਦੀ ਤਰਜ਼ਮਾਨੀ ਕਰਦੀ ਸੀ। ਮੁਹਿੰਮ ਪਿੱਛੇ ਡਾ. ਅੰਬੇਦਕਰ ਦੀ ਅਗਵਾਈ ਵਿੱਚ 1927 ਦੌਰਾਨ ਪਾਣੀ ਲਈ ਲੜੇ ਗਏ ਸੰਘਰਸ਼ਾਂ ਦਾ ਇਤਿਹਾਸ ਸੀ। ਜਾਤੀ ਤੋੜਨ ਅਤੇ ਬਰਾਬਰ ਸਮਾਜਕ ਰੁਤਬੇ ਦੀ ਲੜਾਈ ਦਾ ਬਾਨਣੂੰ ਖੂਹ ਦੁਆਲੇ ਬੰਨ੍ਹਿਆ ਜਾ ਰਿਹਾ ਸੀ ਜੋ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਸੀ। ਇਸ ਦਲੀਲ ਦਾ ਆਪਣਾ ਸਮਾਜ ਸ਼ਾਸਤਰ ਹੈ ਅਤੇ ਵਿਗਿਆਨ ਵੀ: ਮਨੁੱਖ ਬਰਾਬਰ ਹੈ ਅਤੇ ਪਾਣੀ ਕਿਸੇ ਦੇ ਹੱਥ ਲਗਾਉਣ ਨਾਲ ਭਿੱਟਿਆ ਨਹੀਂ ਜਾਂਦਾ। ਇਸੇ ਦਲੀਲ ਦਾ ਪਸਾਰਾ ਡਾ. ਦਾਭੋਲਕਰ ਨੂੰ ਔਰਤਾਂ ਨੂੰ ਮੰਦਿਰਾਂ ਵਿੱਚ ਜਾ ਕੇ ਪੂਜਾ-ਪਾਠ ਦਾ ਹੱਕ ਦਿਵਾਉਣ ਵਾਲੀ ਮੁਹਿੰਮ ਦਾ ਹਿੱਸਾ ਬਣਾਉਂਦਾ ਹੈ। ਬਰਾਬਰ ਦੇ ਮਨੁੱਖ ਵਜੋਂ ਔਰਤ ਮੰਦਿਰਾਂ ਵਿੱਚ ਕਿਉਂ ਨਹੀਂ ਜਾ ਸਕਦੀ?
ਹੌਲੀ-ਹੌਲੀ ਉਸ ਦੀ ਬਿਰਤੀ ਅੰਧ-ਵਿਸ਼ਵਾਸ ਵਿਰੋਧੀ ਮੁਹਿੰਮ ਨਾਲ ਵਧੇਰੇ ਜੁੜਦੀ ਗਈ। ਉਹ ਅਖਿਲ ਭਾਰਤੀ ਅੰਧ-ਸ਼ਰਧਾ ਨਿਰਮੂਲਨ ਸਮਿਤੀ ਨਾਲ ਜੁੜ ਗਿਆ। ਬਾਅਦ ਵਿੱਚ ਡਾ. ਨਰਿੰਦਰ ਦਾਭੋਲਕਰ ਨੇ 1989 ਵਿੱਚ ਮਹਾਂਰਾਸ਼ਟਰ ਅੰਧ-ਸ਼ਰਧਾ ਨਿਰਮੂਲਨ ਸਮਿਤੀ ਬਣਾਈ। ਚਮਤਕਾਰਾਂ, ਤਾਂਤਰਿਕਾਂ ਦਾ ਵਿਰੋਧ ਕਰਦੇ ਹੋਏ ਸਤਾਰਾ ਵਿੱਚ ਮਨੋਰੋਗੀਆਂ ਅਤੇ ਅੰਧ-ਸ਼ਰਧਾ ਦਾ ਸ਼ਿਕਾਰ ਮਰੀਜ਼ਾਂ ਲਈ 'ਪਰਿਵਰਤਨ' ਨਾਮ ਦਾ ਮੁੜ-ਵਸੇਬਾ ਕੇਂਦਰ ਬਣਾਇਆ। ਡਾ. ਦਾਭੋਲਕਰ ਇਸ ਦੇ ਬਾਨੀਆਂ ਵਿੱਚ ਸ਼ਾਮਿਲ ਸਨ। ਉਹ ਮਰਾਠੀ ਹਫ਼ਤਾਵਾਰੀ 'ਸਾਧਨਾ' ਦਾ ਸੰਪਾਦਕ ਸੀ ਜੋ ਸਾਨੇ ਗੁਰੂਜੀ ਨੇ ਸ਼ੁਰੂ ਕੀਤਾ ਸੀ। ਸੰਨ 1999 ਤੋਂ 2010 ਤੱਕ ਫੈਡਰੇਸ਼ਨ ਆਫ਼ ਇੰਡੀਅਨ ਰੈਸ਼ਨਲਿਸਟ ਐਸੋਸੀਏਸ਼ਨਜ਼ ਦੇ ਉਪ-ਪ੍ਰਧਾਨ ਰਹੇ। ਇਸੇ ਦੌਰਾਨ ਡਾ. ਦਾਭੋਲਕਰ ਮਹਾਂਰਾਸ਼ਟਰ ਵਿੱਚ ਉਠੀਆਂ ਕਈ ਲਹਿਰਾਂ ਦਾ ਹਿੱਸਾ ਰਿਹਾ। ਇਨ੍ਹਾਂ ਵਿੱਚ ਦਲਿਤਾਂ ਲਈ ਸਮਾਜਕ ਬਰਾਬਰੀ ਅਤੇ ਮਰਾਠਵਾੜਾ ਯੂਨੀਵਰਸਿਟੀ ਦਾ ਨਾਮ ਬਾਬਾ ਅੰਬੇਦਕਰ ਦੇ ਨਾਮ ਉੱਤੇ ਰੱਖਣ ਦੀਆਂ ਮੁਹਿੰਮਾਂ ਸ਼ਾਮਿਲ ਸਨ।
ਪਾਣੀ ਦੇ ਹਕੂਕ ਦੀ ਮੁਹਿੰਮ ਨਾਲ ਸਮਾਜਕ ਜ਼ਿੰਦਗੀ ਸ਼ੁਰੂ ਕਰਨ ਵਾਲੇ ਡਾ. ਦਾਭੋਲਕਰ ਦੀ ਆਖ਼ਰੀ ਮੁਹਿੰਮ ਵੀ ਪਾਣੀ ਦੇ ਮਾਮਲੇ ਵਿੱਚ ਸੀ। ਇਸੇ ਸਾਲ ਅਪਰੈਲ ਦੌਰਾਨ ਮਹਾਂਰਾਸ਼ਟਰ ਵਿੱਚ 1972 ਤੋਂ ਬਾਅਦ ਦਾ ਸਭ ਤੋਂ ਵੱਡਾ ਸੋਕਾ ਪਿਆ ਹੋਇਆ ਸੀ ਤਾਂ ਆਸਾਰਾਮ ਬਾਪੂ ਹੋਲੀ ਦੇ ਜਸ਼ਨਾਂ ਲਈ ਨਾਗਪੁਰ ਦੇ ਕਸਤੁਰ ਚੰਦ ਪਾਰਕ ਵਿੱਚ ਰੋਜ਼ਾਨਾ ਘੱਟੋ-ਘੱਟ ਪੰਜਾਹ ਹਜ਼ਾਰ ਲੀਟਰ ਪਾਣੀ ਵਹਾ ਰਿਹਾ ਸੀ। ਡਾ. ਦਾਭੋਲਕਰ ਦੀ ਅਗਵਾਈ ਵਿੱਚ 'ਮਹਾਂਰਾਸ਼ਟਰ ਅੰਧ-ਸ਼ਰਧਾ ਨਿਰਮੂਲਨ ਸਮਿਤੀ' ਨੇ ਪਾਣੀ ਦੀ ਇਸ ਬਰਬਾਦੀ ਦਾ ਵਿਰੋਧ ਕੀਤਾ। ਨਾਗਪੁਰ ਮਿਉਂਸਪਲ ਕਾਰਪੋਰੇਸ਼ਨ ਨੇ ਅਗਲੇ ਦਿਨ ਕਾਰਵਾਈ ਕੀਤੀ ਅਤੇ ਪਾਣੀ ਦੇਣ ਉੱਤੇ ਪਾਬੰਦੀ ਲਗਾ ਦਿੱਤੀ। ਆਸਾਰਾਮ ਨੇ ਅਗਲੇ ਦਿਨ ਇਸੇ ਤਰਜ਼ ਦਾ ਜਸ਼ਨ ਨਵੀਂ ਮੁੰਬਈ ਵਿੱਚ ਰੱਖਿਆ ਸੀ ਪਰ ਮਾਲ ਮੰਤਰੀ ਬਾਲਾ ਸਾਹੇਬ ਥੋਰਟ ਨੇ ਮੁਕਾਮੀ ਪ੍ਰਸ਼ਾਸਨ ਨੂੰ ਹਿਦਾਇਤ ਜਾਰੀ ਕੀਤੀ ਕਿ ਇਸ ਤਰ੍ਹਾਂ ਪਾਣੀ ਦੀ ਬਰਬਾਦੀ ਦੀ ਛੋਟ ਨਹੀਂ ਦਿੱਤੀ ਜਾ ਸਕਦੀ। ਥੋਰਟ ਨੇ ਵਿਧਾਨ ਸਭਾ ਵਿੱਚ ਕਿਹਾ, "ਜਦੋਂ ਪਾਣੀ ਦੀ ਕਿੱਲਤ ਮਾਰੂ ਹੋ ਰਹੀ ਹੈ ਤਾਂ ਅਸੀਂ ਇਸ ਤਰ੍ਹਾਂ ਪਾਣੀ ਦੀ ਬਰਬਾਦੀ ਨਹੀਂ ਕਰ ਸਕਦੇ।" ਵਿਰੋਧੀ ਧਿਰ ਦੇ ਭਾਜਪਾਈ ਆਗੂ ਵਿਨੋਦ ਤਾਵਦੇ ਨੇ ਕਿਹਾ ਸੀ, "ਵਹਾਂ ਆਦਮੀ ਪਾਨੀ ਕੇ ਲੀਏ ਤਰਸੇ, ਔਰ ਜਹਾਂ ਰੰਗ ਬਰਸੇ। ਮਨ ਕੋ ਵੇਦਨਾ ਦੇਨੇ ਵਾਲੀ ਬਾਤ ਹੈ।" ਆਸਾਰਾਮ ਦੇ ਸ਼ਰਧਾਲੂਆਂ ਨੇ ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਨਿੱਜੀ ਸਰੋਤਾਂ ਤੋਂ ਪਾਣੀ ਦਾ ਬੰਦੋਬਸਤ ਕੀਤਾ ਅਤੇ ਨਾਗਪੁਰ ਤੋਂ ਵਧੇਰੇ ਪਾਣੀ ਵਹਾਇਆ। ਇਨ੍ਹਾਂ ਸ਼ਰਧਾਲੂਆਂ ਨੇ ਪੱਥਰਾਉ ਵੀ ਕੀਤੀ ਅਤੇ ਆਲੋਚਨਾ ਤੋਂ ਖ਼ਫ਼ਾ ਹੋ ਕੇ ਪੱਤਰਕਾਰਾਂ ਉੱਤੇ ਹਮਲਾ ਵੀ ਕੀਤਾ। ਤਿੰਨ ਪੱਤਰਕਾਰ ਜ਼ਖ਼ਮੀ ਹੋਏ। ਆਸਾਰਾਮ ਬਾਪੂ ਨੇ ਸਮਾਗਮ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਹਰ ਜਣੇ ਪਿੱਛੇ '50 ਗਰਾਮ' ਪਾਣੀ ਵਰਤਿਆ ਹੈ। ਉਸ ਦੀ ਹਿੰਦੀ ਵਿੱਚ ਕੀਤੀ ਤਕਰੀਰ ਵਿੱਚ ਦਰਜ ਹੈ, "ਮੀਡੀਆ ਕਹਿੰਦਾ ਹੈ ਕਿ ਮੈਂ ਪਾਣੀ ਬਰਬਾਦ ਕਰਦਾ ਹਾਂ। ਹੁਣ ਮੈਂ ਉਹ ਕਰਾਂ ਜੋ ਇਹ ਹਰਾਮੀ ਚਾਹੁੰਦੇ ਹਨ।" ਸਵਾਲ ਇਹ ਬੋਲ-ਬਾਣੀ ਅਤੇ ਪੱਤਰਕਾਰਾਂ ਉੱਤੇ ਹੋਏ ਹਮਲੇ ਦੇ ਆਪਣੀ ਰਿਸ਼ਤੇ ਦਾ ਹੈ। ਇਸ ਤਕਰੀਰ ਤੋਂ ਬਾਅਦ ਸ਼ਰਧਾਲੂਆਂ ਨੇ ਬਾਘੀਆਂ ਪਾਈਆਂ ਸਨ ਅਤੇ ਮਹਾਂਰਾਸ਼ਟਰ ਦੇ ਗ੍ਰਹਿ ਮੰਤਰੀ ਆਰ.ਆਰ. ਪਾਟਿਲ ਨੇ ਤਸਦੀਕ ਕੀਤੀ ਸੀ ਕਿ ਇਸ ਭੜਕਾਊ ਤਕਰੀਰ ਤੋਂ ਬਾਅਦ ਪੱਤਰਕਾਰਾਂ ਉੱਤੇ ਹਮਲਾ ਹੋਇਆ ਹੈ। ਇਹ ਬਿਆਨ ਆਪਣੀ ਥਾਂ ਉੱਤੇ ਠੀਕ ਹੈ ਪਰ ਪਾਬੰਦੀ ਲਗਾਉਣ ਦੇ ਬਾਵਜੂਦ ਪਾਣੀ ਦੀ ਇਸ ਤਰ੍ਹਾਂ ਹੋ ਰਹੀ ਬਰਬਾਦੀ ਨੂੰ ਰੋਕਿਆ ਨਹੀਂ ਗਿਆ। ਪਾਣੀ ਦੀ ਬਰਬਾਦੀ ਨੂੰ ਜਾਇਜ਼ ਕਰਾਰ ਦੇਣ ਵਾਲੀ ਤਕਰੀਰ ਦੀ ਤਰਜ਼ ਉੱਤੇ ਹੀ ਆਸਾਰਾਮ ਨੇ ਹੁਣ ਕੁੜੀ ਨਾਲ ਵਧੀਕੀ ਕਰਨ ਦਾ ਇਲਜ਼ਾਮ ਲੱਗਣ ਤੋਂ ਬਾਅਦ ਤਕਰੀਰ ਕੀਤੀ ਹੈ। ਇਸ ਤਰ੍ਹਾਂ ਆਸਾਰਾਮ ਰਾਹੀਂ ਸ਼ਰਧਾ ਦੇ ਕਾਰੋਬਾਰ ਦਾ ਚੌਗਿਰਦੇ, ਔਰਤ, ਗ਼ਰੀਬ ਅਤੇ ਦਲੀਲ ਵਿਰੋਧੀ ਖ਼ਾਸਾ ਉਭਰ ਕੇ ਸਾਹਮਣੇ ਆਉਂਦਾ ਹੈ।
ਸ਼ਰਧਾ ਦੇ ਇਸ ਕਾਰੋਬਾਰ ਉੱਤੇ ਵਿਗਿਆਨਕ ਸੋਚ ਸਵਾਲ ਕਰਦੀ ਹੈ ਤਾਂ ਸਿਆਸਤਦਾਨ ਅਤੇ ਰਾਜਤੰਤਰ ਇਸ ਦੇ ਘੇਰੇ ਤੋਂ ਬਾਹਰ ਨਹੀਂ ਹੁੰਦਾ। ਪਾਣੀ ਦੇ ਨਾਮ ਉੱਤੇ ਉਹ ਵਿਗਿਆਨਕ ਸੋਚ ਦਾ ਖੁੱਲ੍ਹ ਕੇ ਵਿਰੋਧ ਨਹੀਂ ਕਰ ਸਕਦੇ; ਸੋ ਨੁਮਾਇਸ਼ੀ ਪਾਬੰਦੀਆਂ ਲਗਾਉਂਦੇ ਹਨ ਅਤੇ ਬਿਆਨ ਦਿੰਦੇ ਹਨ ਪਰ ਬਰਬਾਦੀ ਨੂੰ ਰੋਕਣ ਦਾ ਕੰਮ ਸੰਜੀਦਗੀ ਨਾਲ ਨਹੀਂ ਕਰਦੇ। ਇਹ ਪਾਣੀ ਸੋਕੇ ਦੀ ਮਾਰ ਵਿੱਚ ਆਏ ਗ਼ਰੀਬ ਤਬਕੇ ਲਈ ਜ਼ਿਆਦਾ ਜ਼ਰੂਰੀ ਸੀ। ਜੇ ਪਾਣੀ ਆਸਾਰਾਮ ਬਾਪੂ ਤੋਂ ਬਚੇਗਾ ਤਾਂ ਸਵਾਲ ਆਏਗਾ ਕਿ ਰਾਜਤੰਤਰ ਇਸ ਨੂੰ ਗ਼ਰੀਬਾਂ ਦੀ ਪਹੁੰਚ ਵਿੱਚ ਲਿਆਉਣ ਦਾ ਕੰਮ ਕਿਉਂ ਨਹੀਂ ਕਰਦਾ? ਸ਼ਰਧਾਂਜਲੀ ਲੇਖ ਵਿੱਚ ਡਾ. ਨਰਿੰਦਰ ਦਾਭੋਲਕਰ ਦਾ ਪੁਰਾਣਾ ਸਾਥੀ ਅਤੇ ਇੰਡੀਅਨ ਰੈਸ਼ਨੈਲਿਸਟ ਐਸੋਸੀਏਸ਼ਨ ਦਾ ਪ੍ਰਧਾਨ ਸਨਲ ਇਡਾਮਾਰੂਕੂ ਲਿਖਦਾ ਹੈ, "ਜੇ ਅਸੀਂ ਆਪਣੇ ਲੋਕਾਂ ਨੂੰ ਅਗਿਆਨਤਾ, ਪਛੜੇਵੇਂ, ਸ਼ੋਸ਼ਣ ਅਤੇ ਬੇਮਾਅਨੀ ਤਕਲੀਫ਼ਾਂ ਦੇ ਜਕੜਪੰਜੇ ਤੋਂ ਕੱਢ ਕੇ ਮਾਣ ਇੱਜ਼ਤ ਵਾਲੀ ਜ਼ਿੰਦਗੀ ਦੀ ਸੂਹੀ ਸਵੇਰ ਨਾਲ ਨਵਾਜਣਾ ਚਾਹੁੰਦੇ ਹਾਂ ਤਾਂ ਹੁਣ ਪਿੱਛੇ ਮੁੜਨ ਦੇ ਰਾਹ ਬੰਦ ਹੋ ਗਏ ਹਨ। ਅਸੀਂ ਹਿੰਦੋਸਤਾਨ ਦੀ ਆਜ਼ਾਦੀ ਦੀ ਦੂਜੀ ਲੜਾਈ ਦੇ ਪਿੜ ਵਿੱਚ ਹਾਂ ਜੋ 'ਕਰੋ ਜਾਂ ਮਰੋ' ਵਾਲੇ ਪੜਾਅ ਉੱਤੇ ਪਹੁੰਚ ਗਈ ਹੈ।" ਇਹ ਵਿਗਿਆਨਕ ਸੋਚ ਦੇ ਪਸਾਰੇ ਦੀ ਲੜਾਈ ਹੈ।
ਡਾ. ਦਾਭੋਲਕਰ ਨੇ ਆਪਣੀ ਲੜਾਈ ਨੂੰ ਆਵਾਮੀ ਪੱਧਰ ਉੱਤੇ ਅੱਗੇ ਵਧਾਇਆ ਅਤੇ ਨਾਲੋ-ਨਾਲ ਵਿਧਾਨ ਸਭਾ ਵਿੱਚ ਵੀ ਢੁਕਵੀਂਆਂ ਕਾਨੂੰਨੀ ਪੇਸ਼ਬੰਦੀਆਂ ਲਈ ਪਹਿਲਕਦਮੀ ਕੀਤੀ। ਉਨ੍ਹਾਂ ਵੱਲੋਂ ਪੇਸ਼ ਕੀਤਾ ਗਿਆ 'ਜਾਦੂ ਟੂਣੇ ਅਤੇ ਅੰਧ-ਵਿਸ਼ਵਾਸ ਵਿਰੋਧੀ ਬਿੱਲ' ਦਾ ਖਰੜਾ 1995 ਤੋਂ ਲਟਕਦਾ ਆ ਰਿਹਾ ਹੈ। ਹੁਣ ਡਾ. ਦਾਭੋਲਕਰ ਦੇ ਕਤਲ ਤੋਂ ਬਾਅਦ ਵਾਲੇ ਭਾਵੁਕ ਮਾਹੌਲ ਵਿੱਚ ਇਸ ਨੂੰ ਆਰਡੀਨੈਂਸ ਵਜੋਂ ਲਾਗੂ ਕੀਤਾ ਗਿਆ ਹੈ। ਡਾ. ਦਾਭੋਲਕਰ ਅਜਿਹੀਆਂ ਕਾਹਲਕਦਮੀ ਵਾਲੀਆਂ ਪ੍ਰਾਪਤੀਆਂ ਦਾ ਧਾਰਨੀ ਨਹੀਂ ਸੀ। ਦੁੱਖ ਵੰਡਾਉਣ ਆਏ ਲੋਕਾਂ ਨਾਲ ਗੱਲਾਂ ਕਰਦਾ ਡਾ. ਦਾਭੋਲਕਰ ਦਾ ਪੁੱਤਰ ਹਮੀਦ ਦਾਭੋਲਕਰ, ਪੱਤਰਕਾਰ ਐਲਨ ਬੈਰੀ ਨੂੰ ਸਾਫ਼ ਕਰਦਾ ਹੈ, "ਉਹ ਜਾਣਦੇ ਸੀ ਕਿ ਅਜਿਹੀਆਂ ਲੜਾਈਆਂ ਉਮਰਾਂ ਤੱਕ ਲੜੀਆਂ ਜਾਂਦੀਆਂ ਹਨ। ਇਹ ਸਫ਼ਰ ਕੌਪਰਨਿਕਸ ਨਾਲ ਸ਼ੁਰੂ ਹੋਇਆ ਸੀ। ਇਸ ਵੇਲੇ ਮਨੁੱਖ ਦੀ ਜ਼ਿੰਦਗੀ ਤਕਰੀਬਨ 70-80 ਸਾਲ ਹੁੰਦੀ ਹੈ ਜਿਸ ਦੌਰਾਨ ਬਹੁਤ ਘੱਟ ਤਬਦੀਲੀ ਵੇਖੀ ਜਾ ਸਕਦੀ ਹੈ।"
ਡਾ. ਨਰਿੰਦਰ ਦੇ ਕਤਲ ਤੋਂ ਅਗਲੇ ਦਿਨ ਪੁਣੇ ਵਿੱਚ 'ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ' ਦੇ ਵਿਦਿਆਰਥੀਆਂ ਨੇ ਫ਼ਿਲਮਸਾਜ਼ ਆਨੰਦ ਪਟਵਰਧਨ ਅਤੇ 'ਕਬੀਰ ਕਲਾ ਮੰਚ' ਨੂੰ ਸੱਦਿਆ ਸੀ। ਆਨੰਦ ਦੀ ਫ਼ਿਲਮ 'ਜੈ ਭੀਮ ਕਾਮਰੇਡ' ਪਰਦਾਪੇਸ਼ ਕੀਤੀ ਗਈ ਅਤੇ 'ਕਬੀਰ ਕਲਾ ਮੰਚ' ਨੇ ਆਪਣੀ ਪੇਸ਼ਕਾਰੀ ਦਿੱਤੀ। ਸਮਾਗਮ ਤੋਂ ਬਾਅਦ ਪ੍ਰਬੰਧਕਾਂ ਉੱਤੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ 'ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ' ਦੇ ਕਾਰਕੁਨਾਂ ਨੇ ਹਮਲਾ ਕੀਤਾ। ਇਸ ਤੋਂ ਬਾਅਦ ਆਨੰਦ ਦਾ ਬਿਆਨ ਇਨ੍ਹਾਂ ਹਮਲਿਆਂ ਵਿੱਚੋਂ ਮੁਲਕ ਵਿੱਚ ਫੈਲ ਰਹੇ ਤੰਗਨਜ਼ਰੀ ਦੇ ਰੁਝਾਨ ਦੀ ਨਿਸ਼ਾਨਦੇਹੀ ਕਰਦਾ ਹੈ, "ਦਾਭੋਲਕਰ ਨੇ ਆਪਣੇ ਕੰਮ ਦੀ ਬਹੁਤ ਵੱਡੀ ਕੀਮਤ ਅਦਾ ਕੀਤੀ ਹੈ। ਇਹ ਕਤਲ ਅਤੇ ਬਾਅਦ ਵਿੱਚ ਕਬੀਰ ਕਲਾ ਮੰਚ ਉੱਤੇ ਹੋਇਆ ਹਮਲਾ ਸਾਡੇ ਮੁਲਕ ਵਿੱਚ ਵਧ ਰਹੀ ਤੰਗਨਜ਼ਰੀ ਦੀ ਨਮਾਇੰਦਗੀ ਕਰਦੇ ਹਨ। ਇਸ ਵੇਲੇ ਭਾਜਪਾ ਅਤੇ ਸ਼ਿਵ ਸੈਨਾ ਸਮੇਤ ਛੋਟੀਆਂ ਹਿੰਦੂ ਬੁਨਿਆਦਪ੍ਰਸਤ ਜੁੰਡਲੀਆਂ ਕਹਿ ਰਹੀਆਂ ਹਨ ਕਿ ਉਨ੍ਹਾਂ ਨੇ ਦਾਭੋਲਕਰ ਦਾ ਕਤਲ ਨਹੀਂ ਕੀਤਾ ਪਰ ਉਸ ਦਾ ਵਿਰੋਧ ਕਰਨ ਦੀ ਗੱਲ ਕਬੂਲ ਕਰ ਰਹੀਆਂ ਹਨ। ਲੰਘੀ ਰਾਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਇਸ ਪਾਖੰਡੀ ਪਰਦੇ ਨੂੰ ਚਾਕ ਕਰ ਦਿੱਤਾ ਹੈ। ਜਦੋਂ ਤੁਸੀਂ ਕਿਸੇ ਨੂੰ ਦੇਸ਼-ਧ੍ਰੋਹੀ ਨਕਸਲਵਾਦੀ ਕਰਾਰ ਦੇ ਸਕਦੇ ਹੋਵੋਂ ਤਾਂ ਤੰਗਨਜ਼ਰੀ ਦਾ ਸ਼ਰੇਬਾਜ਼ਾਰ ਇਜ਼ਹਾਰ ਸੁਖਾਲਾ ਹੋ ਜਾਂਦਾ ਹੈ।" ਆਨੰਦ ਦੇ ਬਿਆਨ ਨੂੰ ਸਨਲ ਇਡਾਮਾਰੂਕੂ ਦੇ ਇਸ ਬਿਆਨ ਨਾਲ ਜੋੜ ਕੇ ਪੜ੍ਹਿਆ ਜਾਣਾ ਬਣਦਾ ਹੈ, "ਅੰਧ-ਵਿਸ਼ਵਾਸ ਵਿਰੋਧੀ ਮੁਹਿੰਮ ਦੇ ਆਗੂ ਦਾ ਬੇਕਿਰਕ ਕਤਲ ਮੌਜੂਦਾ ਹਾਲਾਤ ਦਾ ਖ਼ਾਸਾ ਉਘਾੜਦਾ ਹੈ। ਨਾਲੋ-ਨਾਲ ਇਹ ਸਾਡੇ ਕੰਮ ਦੀ ਵਧ ਰਹੀ ਅਹਿਮੀਅਤ ਅਤੇ ਮੋਕਲੇ ਹੁੰਦੇ ਘੇਰੇ ਦੀ ਨਿਸ਼ਾਨੀ ਵੀ ਹੈ। ਇਸ ਵੇਲੇ ਤਰਕਸ਼ੀਲ ਸੋਚ ਅਗਾਂਹ ਵਧ ਰਹੀ ਹੈ ਅਤੇ ਬੁਨਿਆਦਪ੍ਰਸਤਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ। ਉਹ ਇਸ ਵੇਲੇ ਧਮਕੀਆਂ, ਤਸ਼ੱਦਦ ਅਤੇ ਕਤਲ ਵਰਗੇ ਮੱਧ-ਯੁੱਗੀ ਹਥਕੰਡਿਆਂ ਨਾਲ ਬਾਜ਼ੀ ਪਲਟਣ ਦੀ ਆਖ਼ਰੀ ਚਾਲ ਚਲ ਰਹੇ ਹਨ। ਇਹ ਉਨ੍ਹਾਂ ਦਾ ਆਖ਼ਰੀ ਹਥਿਆਰ ਹੈ।" ਡਾ. ਨਰਿੰਦਰ ਦਾ ਲਗਾਤਾਰ ਵਿਰੋਧ ਕਰਨ ਵਾਲੀ ਜਥੇਬੰਦੀ ਹਿੰਦੂ ਜਾਗ੍ਰਿਤੀ ਸਮਿਤੀ ਦੀ ਵੈੱਬਸਾਇਟ ਉੱਤੇ ਹੁਣ ਵੀ ਦਰਜ ਹੈ ਕਿ ਉਨ੍ਹਾਂ ਨੇ 27 ਜਨਵਰੀ 2010 ਨੂੰ ਡਾ. ਨਰਿੰਦਰ ਦਾਭੋਲਕਰ ਦਾ ਪੁਣੇ ਵਿੱਚ ਭਾਸ਼ਨ ਰੁਕਵਾਉਣ ਲਈ ਲਾਮਬੰਦੀ ਕੀਤੀ ਸੀ। ਵੈੱਬਸਾਈਟ ਦੀ ਲਿਖਤ ਹੈ, "ਪੁਣੇ ਯੂਨੀਵਰਸਿਟੀ ਦੇ ਹਿਊਮੈਨੀਟੀਜ਼ ਐਂਡ ਸ਼ੋਸ਼ਲ ਸਾਇੰਸਜ਼ ਡਿਪਾਰਟਮੈਂਟ ਨੇ ਮਹਾਂਰਾਸ਼ਟਰ ਅੰਧ-ਸ਼ਰਧਾ ਅਨਮੂਲਨ ਸਮਿਤੀ ਦੇ ਬਦਨਾਮ ਹਿੰਦੂ ਵਿਰੋਧੀ ਆਗੂ ਡਾ. ਨਰਿੰਦਰ ਦਾਭੋਲਕਰ ਦਾ ਭਾਸ਼ਣ 27 ਜਨਵਰੀ ਨੂੰ ਸ਼ਾਮੀ ਚਾਰ ਵਜੇ ਸ਼ਾਤੀ ਨਾਮਾਦੇਵ ਹਾਲ ਵਿੱਚ ਰੱਖਿਆ ਹੈ। ਡਾ. ਨਰਿੰਦਰ ਦਾਭੋਲਕਰ ਆਪਣੀਆਂ ਹਿੰਦੂ ਵਿਰੋਧੀ ਤਕਰੀਰਾਂ ਲਈ ਜਾਣੇ ਜਾਂਦੇ ਹਨ। ਉਹ ਹਿੰਦੂ ਧਰਮ, ਇਸ ਦੇ ਰੀਤ-ਰਿਵਾਜ਼ ਅਤੇ ਹਿੰਦੂ ਸੰਤਾਂ ਦੀਆਂ ਬਦਖੋਹੀਆਂ ਕਰਦੇ ਹਨ। ਇਸ ਕਰ ਕੇ ਹਰ ਹਿੰਦੂ ਦਾ ਫ਼ਰਜ਼ ਹੈ ਕਿ ਇਸ ਭਾਸ਼ਣ ਨੂੰ ਰੱਦ ਕਰਵਾਉਣ ਵਿੱਚ ਕਾਨੂੰਨ ਦੇ ਘੇਰੇ ਵਿੱਚ ਰਹਿ ਕੇ ਵਿਰੋਧ ਕੀਤਾ ਜਾਵੇ।" ਇਨ੍ਹਾਂ ਦਾ ਕਾਨੂੰਨੀ ਘੇਰੇ ਵਿੱਚ ਰਹਿਣ ਵਾਲਾ ਜਾਬਤਾ ਕੌਣ ਨਹੀਂ ਜਾਣਦਾ।
ਆਨੰਦ ਦੀ ਦਲੀਲ ਮੌਜੂਦਾ ਹਾਲਾਤ ਦੀ ਕਰੂਰਤਾ ਨੂੰ ਬਿਆਨ ਕਰਦੀ ਹੈ। ਕਤਲ ਤੋਂ ਬਾਅਦ ਡਾ. ਨਰਿੰਦਰ ਦਾਭੋਲਕਰ ਬਾਬਤ ਚਰਚਾ ਅੰਧ-ਵਿਸ਼ਵਾਸ਼ ਬਨਾਮ ਵਿਗਿਆਨਕ ਸੋਚ ਹੋ ਰਹੀ ਹੈ। ਇਸ ਦਲੀਲ ਵਿੱਚ ਸ਼ਰੇਆਮ ਖੜ੍ਹੇ ਹੋਣਾ ਬੁਨਿਆਦਪ੍ਰਸਤਾਂ ਲਈ ਸੁਖਾਲਾ ਨਹੀਂ ਅਤੇ ਨਾ ਹੀ ਜੁਗਤ ਪੱਖੋਂ ਢੁਕਵਾਂ ਹੈ। ਜਦੋਂ ਵਿਗਿਆਨਕ ਸੋਚ ਦੇ ਹਵਾਲੇ ਨਾਲ ਮੁਲਕ, ਸਿਆਸਤ, ਧਰਮ ਅਤੇ ਮੁਨਾਫ਼ੇ ਉੱਤੇ ਸਵਾਲ ਕੀਤਾ ਜਾਵੇ ਤਾਂ ਬੁਨਿਆਦਪ੍ਰਸਤਾਂ ਲਈ ਦਹਿਸ਼ਤ-ਚੱਕਰ ਚਲਾਉਣਾ ਸੁਖਾਲਾ ਹੋ ਜਾਂਦਾ ਹੈ। ਉਹ ਵਿਗਿਆਨਕ ਸੋਚ ਤੋਂ ਉਪਜੇ ਸਵਾਲ ਨੂੰ ਦੇਸ਼-ਧ੍ਰੋਹ, ਅਰਾਜਕਤਾ, ਨਾਸਤਿਕ ਅਤੇ ਸਮਾਜ ਵਿਰੋਧੀ ਕਰਾਰ ਦੇ ਕੇ ਬਦਨਾਮ ਕਰਦੇ ਹਨ। ਉਸ ਵੇਲੇ ਚਮਤਕਾਰੀ ਬਾਬਿਆਂ ਅਤੇ ਮਾਤਾਵਾਂ ਨਾਲ ਜੁੜੀ ਸ਼ਰਧਾ ਇਨ੍ਹਾਂ ਬੁਨਿਆਦਪ੍ਰਸਤਾਂ ਦੇ ਕੰਮ ਆਉਂਦੀ ਹੈ। 'ਂਕਬੀਰ ਕਲਾ ਮੰਚ' ਉੱਤੇ ਹਮਲੇ ਵਿੱਚ ਸਮੇਂ-ਸਥਾਨ ਦੇ ਫਰਕ ਨਾਲ ਸਾਰੀਆਂ ਸਿਆਸੀ ਪਾਰਟੀਆਂ, ਰਾਜਤੰਤਰ ਅਤੇ ਬੁਨਿਆਦਪ੍ਰਸਤ ਤਾਕਤਾਂ ਸ਼ਾਮਿਲ ਹਨ। ਵਿਗਿਆਨ ਦੇ ਇਤਿਹਾਸ ਅਤੇ ਫਲਸਫੇ ਵਿੱਚ ਖੋਜ ਕਰਨ ਵਾਲੀ ਡਾ. ਮੀਰਾ ਨੰਦਾ ਕਹਿੰਦੀ ਹੈ, "ਵਿਗਿਆਨਕ ਸੋਚ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਧਰਮ-ਨਿਰਪੱਖਤਾ ਨੂੰ ਬਚਾਉਣਾ ਹੈ। ਧਰਮ ਅਤੇ ਸਿਆਸਤ ਦਾ ਨਿਖੇੜਾ ਕੀਤੇ ਬਿਨਾਂ ਵਿਗਿਆਨਕ ਸੋਚ ਦਾ ਪਸਾਰਾ ਨਹੀਂ ਹੋ ਸਕਦਾ।" ਮੌਜੂਦਾ ਹਾਲਾਤ ਵਿੱਚ ਵਿਗਿਆਨਕ ਸੋਚ ਦਾ ਪਸਾਰਾ ਸਿਰਫ਼ ਵਿਗਿਆਨੀਆਂ ਦਾ ਕੰਮ ਨਹੀਂ ਹੈ, ਕਿਉਂਕਿ ਜ਼ਿਆਦਾਤਰ ਵਿਗਿਆਨੀ ਆਪਣੀਆਂ ਲੈਬਾਰਟਰੀਆਂ ਤੋਂ ਬਾਹਰ ਇਸੇ ਗ਼ੈਰ-ਵਿਗਿਆਨਕ ਸੋਚ ਦਾ ਸ਼ਿਕਾਰ ਹਨ। ਇਸ ਮਾਮਲੇ ਵਿੱਚ ਮੁਹਾਲੀ ਵਿੱਚ ਵਿਗਿਆਨ ਦੀ ਖੋਜ ਅਤੇ ਪੜ੍ਹਾਈ ਨਾਲ ਜੁੜੇ ਅਦਾਰੇ ਆਈਸਰ ਵਿੱਚ ਕੰਮ ਕਰਦੇ ਵਿਗਿਆਨੀ ਪ੍ਰੋ. ਅਰਵਿੰਦ ਬਿਲਕੁਲ ਸਪਸ਼ਟ ਕਰਦੇ ਹਨ, "ਸਾਡਾ ਵਿਗਿਆਨ ਦਾ ਅਧਿਐਨ ਸਵਾਲੀਆ ਬਿਰਤੀ ਦੀ ਥਾਂ ਰੱਟਾ ਮਾਰਨ ਨਾਲ ਜੁੜਿਆ ਹੋਇਆ ਹੈ। ਜ਼ਿਆਦਾਤਰ ਵਿਗਿਆਨੀ ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਹੀ ਕਰਮ ਕਾਂਡਾਂ ਵਿੱਚ ਫਸੇ ਹੋਏ ਹਨ। ਇਸੇ ਲਈ ਕਿਸੇ ਵੱਡੇ ਵਿਦਿਅਕ ਜਾਂ ਵਿਗਿਆਨਕ ਅਦਾਰੇ ਨੇ ਡਾ ਨਰਿੰਦਰ ਦਾਭੋਲਕਰ ਦੇ ਕਤਲ ਦਾ ਵਿਰੋਧ ਨਹੀਂ ਕੀਤਾ।" ਪ੍ਰੋ ਅਰਵਿੰਦ ਦੀ ਦਲੀਲ ਦੀ ਤਸਦੀਕ ਕਈ ਬਿਆਨਾਂ ਤੋਂ ਹੁੰਦੀ ਹੈ। ਇੰਸਟੀਚਿਊਟ ਆਫ਼ ਮੈਥੇਮੈਟਿਕਸ ਸਾਇੰਸਜ਼ ਚੇਨਈ ਦੇ ਅਠਾਰਾਂ ਵਿਗਿਆਨੀਆਂ ਨੇ ਇਸ ਕਤਲ ਦੀ ਨਿਖੇਧੀ ਦਾ ਬਿਆਨ ਜਾਰੀ ਕੀਤਾ ਹੈ ਪਰ ਹੇਠਾਂ ਸਪਸ਼ਟ ਕੀਤਾ ਹੈ ਕਿ ਇਹ ਉਨ੍ਹਾਂ ਦਾ ਨਿੱਜੀ ਵਿਚਾਰ ਹੈ। ਬੰਗਲੌਰ ਦੀ ਆਜ਼ਮ ਪ੍ਰੇਮਜੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਬਿਆਨ ਜਾਰੀ ਕਰਨ ਦਾ ਮਤਾ ਆਇਆ ਤਾਂ ਉਥੋਂ ਦੇ ਪ੍ਰਸ਼ਾਸਨ ਨੇ ਅਜਿਹਾ ਬਿਆਨ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਤਾਂ ਵਿਗਿਆਨਕ ਬਿਰਤੀ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਅਦਾਰੇ ਹਨ।

ਡਾ. ਦਾਭੋਲਕਰ ਉੱਤੇ ਵਾਰ-ਵਾਰ ਹਮਲਾ ਕੀਤਾ ਗਿਆ ਕਿ ਉਹ ਧਰਮ ਦੇ ਖ਼ਿਲਾਫ਼ ਹਨ। ਇਸੇ ਨੂੰ ਜਾਦੂ ਟੂਣੇ ਅਤੇ ਅੰਧ-ਵਿਸ਼ਵਾਸ ਵਿਰੋਧੀ ਕਾਨੂੰਨ ਦਾ ਵਿਰੋਧ ਕਰਨ ਦੀ ਦਲੀਲ ਬਣਾਇਆ ਗਿਆ। ਡਾ. ਦਾਭੋਲਕਰ ਨੇ ਏ.ਐਫ.ਪੀ. ਨਾਮ ਦੀ ਖ਼ਬਰ ਏਜੰਸੀ ਨਾਲ ਗੱਲਬਾਤ ਵਿੱਚ ਕਿਹਾ ਸੀ, "ਇਸ ਬਿੱਲ ਵਿੱਚ ਰੱਬ ਅਤੇ ਧਰਮ ਖ਼ਿਲਾਫ਼ ਇੱਕ ਅੱਖਰ ਵੀ ਨਹੀਂ ਹੈ। ਭਾਰਤੀ ਸੰਵਿਧਾਨ ਹਰ ਸ਼ਹਿਰੀ ਨੂੰ ਪੂਜਾ-ਪਾਠ ਅਤੇ ਧਰਮ ਦੀ ਆਜ਼ਾਦੀ ਦਿੰਦਾ ਹੈ ਜੋ ਕੋਈ ਨਹੀਂ ਖੋਹ ਸਕਦਾ। ਇਹ ਬਿੱਲ ਜਾਅਲਸਾਜ਼ੀ ਅਤੇ ਅੰਧਵਿਸ਼ਵਾਸੀ ਰੀਤ-ਰਿਵਾਜ਼ ਦੇ ਖ਼ਿਲਾਫ਼ ਹੈ ਜੋ ਆਮ ਬੰਦੇ ਦੀ ਲੁੱਟ-ਖਸੁੱਟ ਦਾ ਸਬੱਬ ਬਣਦੇ ਹਨ।" ਡਾ. ਦਾਭੋਲਕਰ ਨੇ ਧਾਰਮਿਕ ਰੀਤ-ਰਿਵਾਜ਼ ਨਾਲ ਵੀ ਦਲੀਲ ਨਾਲ ਸੰਵਾਦ ਕੀਤਾ। ਉਸ ਨੇ ਨਦੀਆਂ ਅਤੇ ਸਮੁੰਦਰ ਵਿੱਚ ਮੂਰਤੀਆਂ ਜਲ-ਪ੍ਰਵਾਹ ਕਰਨ ਦੇ ਨੁਕਸਾਨ ਨੂੰ ਉਘਾੜ ਕੇ ਸੰਵਾਦ ਵਿੱਚ ਲਿਆਂਦਾ ਅਤੇ ਲੋਕਾਂ ਨੂੰ ਸਲਾਹ ਦਿੱਤੀ ਕਿ ਨਦੀਆਂ ਵਿੱਚ ਪ੍ਰਦੂਸ਼ਣ ਕਰਨ ਦੀ ਥਾਂ ਪਾਣੀ ਦੀਆਂ ਟੈਂਕੀਆਂ ਵਿੱਚ ਇਹ ਕੰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਹੋ ਜੁਗਤ ਸਮਾਜਕ ਪੱਧਰ ਉੱਤੇ ਜਾਟ ਪੰਚਾਇਤ ਦੀਆਂ ਜਗੀਰੂ ਰੁਚੀਆਂ ਬਾਰੇ ਲਾਗੂ ਕੀਤੀ। ਜਗੀਰੂ ਰੁਚੀਆਂ ਦਾ ਵਿਰੋਧ ਕਰਨ ਦੀ ਦਲੀਲ ਸਪਸ਼ਟ ਕਰਨ ਲਈ ਪਿਛਲੇ ਦਿਨਾਂ ਵਿੱਚ ਇਸ ਮਸਲੇ ਉੱਤੇ ਨਾਸਿਕ ਵਿੱਚ ਵਰਕਸ਼ਾਪ ਵੀ ਕੀਤੀ ਸੀ।
ਡਾ. ਦਾਭੋਲਕਰ ਦੇ ਹਵਾਲੇ ਨਾਲ ਦੋ ਗੱਲਾਂ ਸਪਸ਼ਟ ਹੋਣੀਆਂ ਜ਼ਰੂਰੀ ਹਨ ਕਿ ਵਿਗਿਆਨਕ ਸੋਚ ਦਾ ਘੇਰਾ ਸਿਰਫ਼ ਜਾਦੂ-ਟੂਣੇ ਅਤੇ ਪਾਖੰਡੀ ਬਾਬਿਆਂ ਜਾਂ ਮਾਤਾਵਾਂ ਦੇ ਪਰਦੇ ਚਾਕ ਕਰਨ ਤੱਕ ਮਹਿਦੂਦ ਨਹੀਂ ਹੈ। ਵਿਗਿਆਨਕ ਸੋਚ ਦੇ ਧਾਰਨੀਆਂ ਦੀਆਂ ਪ੍ਰਾਪਤੀਆਂ 'ਉਨ੍ਹਾਂ ਦੇ ਸ਼ਰਧਾਜਲੀ ਸਮਾਗਮ ਵਿੱਚ ਰੂੜ੍ਹੀਵਾਦੀ ਰਸਮਾਂ ਨਹੀਂ ਕੀਤੀਆਂ ਗਈਆਂ' ਦੀ ਪਹਾੜਾਨੁਮਾ ਸਤਰ ਤੱਕ ਮਹਿਦੂਦ ਨਹੀਂ ਹਨ। ਇਹ ਮਨੁੱਖ ਦੀ ਆਪਣੀ ਜਗਿਆਸਾ, ਅਹਿਸਾਸ, ਮਾਣ-ਸਤਿਕਾਰ, ਗਿਆਨ-ਵਿਗਿਆਨ ਤੱਕ ਪਹੁੰਚ, ਬਰਾਬਰ ਮਨੁੱਖੀ ਰੁਤਬੇ ਅਤੇ ਇਨਸਾਫ਼ਪਸੰਦੀ ਨਾਲ ਜਿਉਣ ਦੀ ਲੜਾਈ ਹੈ। ਡਾ. ਨਰਿੰਦਰ ਦੇ ਸੋਗ ਦੀ ਸਫ਼ ਉੱਤੇ ਪ੍ਰਿਥਵੀ ਰਾਜ ਚੌਹਾਨ 'ਰੋਣ ਵਾਲਾ ਮੂੰਹ ਬਣਾ ਕੇ' ਆ ਬੈਠੇ ਹਨ ਪਰ ਭੁਗਤੇ ਹਮੇਸ਼ਾ ਦੂਜੇ ਪਾਸੇ (ਗੌਂਡਸੇ ਵਾਲੇ) ਹਨ। ਇਸ ਤੋਂ ਅੱਗੇ ਇਹ ਲੜਾਈ ਮੁੜ ਕੇ ਉਨ੍ਹਾਂ ਹੀ ਰਾਹਾਂ ਉੱਤੇ ਲੜੀ ਜਾਣੀ ਹੈ ਜਿਨ੍ਹਾਂ ਉੱਤੇ ਡਾ. ਨਰਿੰਦਰ ਦਾਭੋਲਕਰ ਸ਼ਹੀਦ ਹੋਏ ਹਨ। ਉਨ੍ਹਾਂ ਦੀ ਆਪਣੀ ਸੁਰੱਖਿਆ ਬਾਰੇ ਦਲੀਲ ਸੀ, "ਜੇ ਮੇਰੀ ਸੁਰੱਖਿਆ ਹੋਵੇਗੀ ਤਾਂ ਉਹ ਮੇਰੇ ਕਿਸੇ ਸਾਥੀ ਉੱਤੇ ਹਮਲਾ ਕਰਨਗੇ। ਜੇ ਉਨ੍ਹਾਂ ਨੇ ਹਮਲਾ ਹੀ ਕਰਨਾ ਹੈ ਤਾਂ ਮੇਰੇ ਉੱਤੇ ਹੀ ਹੋਣ ਦਿਓ।" ਇਸ ਬੋਲ ਵਿੱਚ ਡਾ ਦਾਭੋਲਕਰ ਦੀ ਵਿਗਿਆਨਕ ਸੋਚ ਅਤੇ ਸਮਾਜ ਸ਼ਾਸਤਰ ਸੂਤਰਬੱਧ ਹੋਏ ਪਏ ਹਨ। ਅਜ਼ੀਮਜੀ ਪ੍ਰੇਮਜੀ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਪ੍ਰੋ. ਹਰਜਿੰਦਰ ਸਿੰਘ ਆਪਣੇ ਬਲੌਗ 'ਆਈਏ ਹਾਥ ਉਠਾਏਂ ਹਮ ਵੀ' ਉੱਤੇ ਨਾ ਜਾਰੀ ਕੀਤੇ ਜਾ ਸਕੇ ਬਿਆਨ ਬਾਰੇ ਲਿਖਦਾ ਹੈ, "ਅਜਿਹੇ ਬਿਆਨ ਕੋਈ ਇਨਕਲਾਬ ਨਹੀਂ ਲਿਆਉਂਦੇ ਅਤੇ ਨਾ ਹੀ ਇਨ੍ਹਾਂ ਨੂੰ ਜਾਰੀ ਕਰਨ ਪਿੱਛੇ ਅਜਿਹੀ ਕੋਈ ਮਨਸ਼ਾ ਹੁੰਦੀ ਹੈ। ਇਹ ਸਿਰਫ਼ ਇੰਨਾ ਕਹਿੰਦੇ ਹਨ ਕਿ ਅਸੀਂ ਇਸ ਧਰਤੀ ਨੂੰ ਜਿਉਣ ਲਾਇਕ ਰੱਖਣਾ ਚਾਹੁੰਦੇ ਹਾਂ। ਅਸੀਂ ਜਿਉਂਦੇ ਹਾਂ, ਆਪਣੇ ਪਿਆਰ ਅਤੇ ਸੰਵੇਦਨਾ ਦੇ ਅਹਿਸਾਸ ਸਮੇਤ ਜਿਉਂਦੇ ਹਾਂ। ਅਸੀਂ ਹਾਂ। ਅਸੀਂ ਸਭ ਦਾਭੋਲਕਰ ਹਾਂ, ਮਾਰ ਲਓ ਕਿੰਨਿਆਂ ਨੂੰ ਮਾਰੋਗੇ। ਅਦਾਰੇ ਡਰਦੇ ਰਹਿਣ ਪਰ ਅਸੀਂ ਨਹੀਂ ਡਰਾਂਗੇ।"
(ਇਹ ਲੇਖ 9 ਸਤੰਬਰ 2013 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ।)