Showing posts with label Growing Intolerance. Show all posts
Showing posts with label Growing Intolerance. Show all posts

Tuesday, February 24, 2015

ਸੁਆਲ ਸੰਵਾਦ: 'ਮੈਂ ਵੀ ਪਾਨਸਰੇ, ਮੈਂ ਵੀ ਦਾਭੋਲਕਰ'

ਦਲਜੀਤ ਅਮੀ
ਗੋਬਿੰਦ ਪਾਨਸਰੇ ਦੇ ਸਸਕਾਰ ਉੱਤੇ ਲੱਗ ਰਹੇ ਨਾਅਰਿਆਂ ਵਿੱਚ ਸਭ ਤੋਂ ਅਹਿਮ ਨਾਅਰਾ ਸੀ - 'ਮੈਂ ਵੀ ਪਾਨਸਰੇ, ਮੈਂ ਵੀ ਦਾਭੋਲਕਰ'। ਇਸ ਨਾਅਰੇ ਨੂੰ ਭਾਵੇਂ ਮੀਡੀਆ ਵਿੱਚ 'ਮੈਂ ਵੀ ਸ਼ਾਰਲੀ ਐਬਦੋ' ਜਿੰਨੀ ਥਾਂ ਨਾ ਮਿਲੇ ਪਰ ਇਹ ਸਾਡੇ ਦੌਰ ਦੇ ਸੋਗ਼ਵਾਰ ਰੁਝਾਨ ਅਤੇ ਨਾਬਰ ਸੁਰ ਦੀ ਇੱਕੋ ਵੇਲੇ ਨੁਮਾਇੰਦਗੀ ਕਰਦਾ ਹੈ। ਇਨ੍ਹਾਂ ਦੋਵਾਂ ਨਾਅਰਿਆਂ ਵਿੱਚ ਮੌਜੂਦਾ ਦੌਰ ਦੀ ਸਿਆਸਤ ਦਾ ਦਰਦਮੰਦ ਖ਼ਾਸਾ ਸਮੋਇਆ ਹੈ ਜੋ ਕੰਨੀਆਂ ਤੱਕ ਮਹਿਦੂਦ ਹੋ ਗਿਆ ਹੈ। ਇਸੇ ਦਰਦਮੰਦ ਸਿਆਸਤ ਦੇ ਨੁਮਾਇੰਦੇ ਮੌਜੂਦਾ ਨਿਜ਼ਾਮ ਦੇ ਨਿਸ਼ਾਨੇ ਉੱਤੇ ਹਨ। ਗੋਬਿੰਦ ਪਾਨਸਰੇ ਦਾ ਕਤਲ ਮਹਾਂਰਾਸ਼ਟਰ ਦੇ ਕੋਹਲਾਪੁਰ ਕਸਬੇ ਵਿੱਚ ਹੋਇਆ ਹੈ ਜਿੱਥੋਂ ਪੂਨੇ ਦੀ ਫ਼ਾਸਲਾ ਤਕਰੀਬਨ 240 ਕਿਲੋਮੀਟਰ ਹੈ। ਪੂਨੇ ਵਿੱਚ ਗੋਬਿੰਦ ਪਾਨਸਰੇ ਉੱਤੇ ਹੋਏ ਜਾਨਲੇਵਾ ਹਮਲੇ ਤੋਂ 545 ਦਿਨ ਪਹਿਲਾਂ ਡਾ. ਨਰਿੰਦਰ ਦਾਭੋਲਕਰ ਦਾ ਕਤਲ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਕਤਲਾਂ ਦੀ ਥਾਂ ਦਾ ਫ਼ਾਸਲਾ 240 ਕਿਲੋਮੀਟਰ ਅਤੇ ਸਮੇਂ ਦਾ ਫ਼ਰਕ ੫੪੫ ਦਿਨਾਂ ਦਾ ਹੈ ਪਰ ਵਿਚਾਰ ਪੱਖੋਂ ਮਕਤੂਲਾਂ ਦੀ ਨੇੜਤਾ ਗੂੜ੍ਹੀ ਹੈ। ਦੂਜੇ ਪਾਸੇ ਬੇਪਛਾਣ ਕਾਤਲਾਂ ਦੀ ਜ਼ਾਹਰਾ ਸਾਂਝ ਕਤਲ ਕਰਨ ਦੇ ਸਮੇਂ, ਸਥਾਨ ਅਤੇ ਤਰੀਕੇ ਤੋਂ ਸ਼ੁਰੂ ਹੁੰਦੀ ਹੈ ਅਤੇ ਗੌਣ ਪੱਖ ਦੀ ਸਿਧਾਂਤਕ ਪਛਾਣ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈ। 

ਡਾ ਨਰਿੰਦਰ ਦਾਭੋਲਕਰ ਅਤੇ ਗੋਬਿੰਦ ਪਾਨਸਰੇ ਦੇ ਕਤਲ ਬੇਪਛਾਣ ਕਾਤਲਾਂ ਨੇ ਸਵੇਰ ਦੀ ਸੈਰ ਮੌਕੇ ਸੇਂਧ ਲਗਾ ਕੇ ਬਹੁਤ ਨੇੜਿਓਂ ਗੋਲੀਆਂ ਮਾਰ ਕੇ ਕੀਤੇ ਹਨ। ਗੋਬਿੰਦ ਪਾਨਸਰੇ ਆਪਣੀ ਜੀਵਨ ਸਾਥਣ ਉਮਾ ਪਾਨਸਰੇ ਨਾਲ ਸਵੇਰ ਦੀ ਸੈਰ ਤੋਂ ਪਰਤ ਰਹੇ ਸਨ। ਦੋਵੇਂ ਵਾਰ ਕਾਤਲ ਮੋਟਰਸਾਈਕਲਾਂ ਉੱਤੇ ਫਰਾਰ ਹੋਣ ਵਿੱਚ ਕਾਮਯਾਬ ਹੋਏ। ਤਕਰੀਬਨ 67 ਸਾਲ ਦੇ ਡਾ. ਨਰਿੰਦਰ ਦਾਭੋਲਕਰ ਅਤੇ 82 ਸਾਲਾ ਗੋਬਿੰਦ ਪਾਨਸਰੇ ਨੂੰ ਕਿਸੇ ਲੁੱਟ-ਖੋਹ ਜਾਂ ਨਿੱਜੀ ਰੰਜਿਸ਼ ਕਾਰਨ ਕਤਲ ਨਹੀਂ ਕੀਤਾ ਗਿਆ। ਇਹ ਕਤਲ ਕਿਸੇ ਸ਼ਨਾਖ਼ਤ ਦੀ ਗ਼ਲਤੀ ਨਾਲ ਵੀ ਨਹੀਂ ਹੋਏ। ਇਨ੍ਹਾਂ ਕਤਲਾਂ ਦੀ ਗੁੱਥੀ ਮਕਤੂਲਾਂ ਦੀ ਕਾਰਗੁਜ਼ਾਰੀ ਅਤੇ ਕਾਤਲਾਂ ਦੀ ਸੋਚ ਵਿੱਚ ਪਈ ਜਾਪਦੀ ਹੈ। 

ਗੋਬਿੰਦ ਪਾਨਸਰੇ ਦਾ ਜਨਮ 26 ਨਵੰਬਰ 1933 ਨੂੰ ਮਹਾਂਰਾਸ਼ਟਰ ਸੂਬੇ ਦੇ ਅਹਿਮਦਨਗਰ ਜ਼ਿਲ੍ਹੇ ਦੇ ਪਿੰਡ ਕੋਲਹਾਰ ਵਿੱਚ ਹੋਇਆ ਸੀ। ਉਚੇਰੀ ਪੜ੍ਹਾਈ ਲਈ ਕੋਹਲਾਪੁਰ ਪਹੁੰਚੇ ਗੋਬਿੰਦ ਪਾਨਸਰੇ ਨੇ ਇਸੇ ਕਸਬੇ ਨੂੰ ਆਪਣੀ ਕਰਮਭੂਮੀ ਬਣਾ ਲਿਆ। ਉਨ੍ਹਾਂ ਦੀ ਜ਼ਿੰਦਗੀ ਨਿੱਜੀ ਅਤੇ ਸਮਾਜਿਕ ਪੱਧਰ ਉੱਤੇ ਸੰਘਰਸ਼ ਦੀ ਗਾਥਾ ਹੈ। ਉਨ੍ਹਾਂ ਨੇ ਅਖ਼ਬਾਰ ਦੀ ਪਰਚੂਨ ਵੰਡ ਤੋਂ ਸ਼ੁਰੂ ਕਰਕੇ ਮਿਉਨਸੀਪਲ ਕਮੇਟੀ ਵਿੱਚ ਚਪੜਾਸੀ ਦੀ ਨੌਕਰੀ ਕੀਤੀ। ਫਿਰ ਪ੍ਰਾਈਮਰੀ ਸਕੂਲ ਵਿੱਚ ਪੜ੍ਹਾਇਆ ਅਤੇ 1966 ਵਿੱਚ ਵਕਾਲਤ ਸ਼ੁਰੂ ਕੀਤੀ। ਇਸ ਦੌਰਾਨ ਉਹ ਕਈ ਸਾਲ ਕੋਹਲਾਪੁਰ ਵਾਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਰੋਜ਼ੀ-ਰੋਟੀ ਕਮਾਉਣ ਵਾਲਾ ਪੇਸ਼ੇਵਰ ਪੱਖ ਹੈ। 

ਪਾਨਸਰੇ ਕਮਿਉਨਿਸਟ ਪਾਰਟੀ ਆਫ਼ ਇੰਡੀਆ ਦੇ ਸਰਗਰਮ ਕਾਰਕੁਨ ਸਨ। ਪਾਨਸਰੇ ਨੇ ਮਾਰਕਸਵਾਦੀ ਵਿਚਾਰਧਾਰਾ ਦੀ ਦਲੀਲ ਆਪਣੀ ਪਾਰਟੀ ਸਮੇਤ ਸਮਾਜ ਉੱਤੇ ਲਾਗੂ ਕੀਤੀ। ਨਤੀਜੇ ਵਜੋਂ ਉਨ੍ਹਾਂ ਨੂੰ ਮਰਾਠੀ ਮੂਲ ਦੇ ਅਹਿਮ ਮਾਰਕਸਵਾਦੀ ਲੇਖਕਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਵੀਹ ਤੋਂ ਜ਼ਿਆਦਾ ਕਿਤਾਬਾਂ ਲਿਖੀਆਂ। ਇਹ ਕਿਤਾਬਾਂ ਮੁਕਾਮੀ ਇਤਿਹਾਸ ਤੋਂ ਸ਼ੁਰੂ ਹੋ ਕੇ ਸਮਾਜ, ਜਾਤ, ਜਮਾਤ ਅਤੇ ਘੱਟ-ਗਿਣਤੀਆਂ ਦੇ ਸਮਕਾਲੀ ਮਸਲਿਆਂ ਨੂੰ ਮੁਖ਼ਾਤਬ ਹੁੰਦੀਆਂ ਹਨ। ਮਰਾਠੀ ਵਿੱਚ ਲਿਖੀਆਂ ਇਨ੍ਹਾਂ ਕਿਤਾਬਾਂ ਵਿੱਚ ਕਾਮਾ ਮੇਲ ਦੀ ਬੰਦਖ਼ਲਾਸੀ ਅਤੇ ਖੁੱਲ੍ਹਨਜ਼ਰੀ ਦੀ ਵਕਾਲਤ ਲਗਾਤਾਰ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਨਸਰੇ ਮਹਾਂਰਾਸ਼ਟਰ ਦੀ ਤਰਕਸ਼ੀਲ ਲਹਿਰ ਦੇ ਸਰਗਰਮ ਕਾਰਕੁਨ ਸਨ। 

ਮਹਾਂਰਾਸ਼ਟਰ ਵਿੱਚ ਤਰਕਸ਼ੀਲ ਜਥੇਬੰਦੀਆਂ ਦਾ ਮੂਲਵਾਦੀ ਜਥੇਬੰਦੀਆਂ ਨਾਲ ਸਿੱਧਾ ਟਕਰਾਅ ਹੈ। ਡਾ. ਦਾਭੋਲਕਰ ਦੀ ਜਥੇਬੰਦੀ ਅੰਧ-ਸ਼ਰਧਾ ਨਿਰਮੂਲਨ ਸਮਿਤੀ ਮੂਲਵਾਦੀ ਜਥੇਬੰਦੀਆਂ ਦੀ ਆਲੋਚਨਾ ਦਾ ਲਗਾਤਾਰ ਸ਼ਿਕਾਰ ਰਹੀ ਹੈ। ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ ਸਨ ਅਤੇ ਅੰਤ ਨੂੰ ਦਾਭੋਲਕਰ ਦਾ ਕਤਲ ਵੀ ਕੀਤਾ ਗਿਆ। ਇਹ ਕਤਲ ਕੋਈ ਅਚੰਭਾ ਨਹੀਂ ਸੀ ਸਗੋਂ ਇਸ ਦਾ ਖ਼ਦਸ਼ਾ ਲਗਾਤਾਰ ਮਹਿਸੂਸ ਕੀਤਾ ਜਾ ਰਿਹਾ ਸੀ। ਡਾ. ਦਾਭੋਲਕਰ ਨੇ ਪੁਲਿਸ ਸੁਰੱਖਿਆ ਲੈਣ ਤੋਂ ਇਨਕਾਰ ਕਰਦਿਆਂ ਬਿਆਨ ਦਿੱਤਾ ਸੀ, "ਜੇ ਮੈਨੂੰ ਆਪਣੇ ਹੀ ਮੁਲਕ ਵਿੱਚ ਆਪਣੇ ਹੀ ਲੋਕਾਂ ਤੋਂ ਸੁਰੱਖਿਆ ਲੈਣੀ ਪੈਂਦੀ ਹੈ ਤਾਂ ਮੇਰੇ ਵਿੱਚ ਕੋਈ ਕਮੀ ਹੈ। ਮੈਂ ਕਿਸੇ ਦੇ ਖ਼ਿਲਾਫ਼ ਲੜਨ ਦੀ ਥਾਂ ਸੰਵਿਧਾਨ ਦੇ ਘੇਰੇ ਅੰਦਰ ਆਵਾਮ ਲਈ ਲੜ ਰਿਹਾ ਹਾਂ।" ਦਾਭੋਲਕਰ ਦੇ ਕਤਲ ਤੋਂ ਬਾਅਦ ਤਤਕਾਲੀ ਕਾਂਗਰਸ-ਨੈਸ਼ਨਲ ਕਾਂਗਰਸ ਪਾਰਟੀ ਗੱਠਜੋੜ ਸਰਕਾਰ ਨੇ ਕਈ ਬਿਆਨ ਦਿੱਤੇ ਸਨ। ਅੰਧ-ਸ਼ਰਧਾ ਨਿਰਮੂਲਨ ਸਮਿਤੀ ਵੱਲੋਂ ਤਿਆਰ ਕੀਤੇ ਗਏ 'ਅੰਧ-ਵਿਸ਼ਵਾਸ ਅਤੇ ਕਾਲੇ ਜਾਦੂ ਖ਼ਿਲਾਫ਼ ਕਾਨੂੰਨ' ਦਾ ਖਰੜਾ ਸੱਤ ਵਿਧਾਨ ਸਭਾ ਇਜਲਾਸਾਂ ਵਿੱਚ ਪੇਸ਼ ਹੋਣ ਤੋਂ ਬਾਅਦ ਵੀ ਪ੍ਰਵਾਨ ਨਹੀਂ ਹੋਇਆ ਸੀ ਪਰ ਦਾਭੋਲਕਰ ਦੇ ਕਤਲ ਤੋਂ ਅਗਲੇ ਦਿਨ ਇਸ ਨੂੰ ਮੰਤਰੀ ਮੰਡਲ ਨੇ ਆਰਡੀਨੈਂਸ ਵਜੋਂ ਪ੍ਰਵਾਨ ਕੀਤਾ ਸੀ। ਇਸ ਨੂੰ ਵਿਧਾਨ ਸਭਾ ਅਤੇ ਬਾਅਦ ਵਿੱਚ ਲੋਕ ਸਭਾ ਲੋੜੀਂਦੀ ਪ੍ਰਵਾਨਗੀ ਨਹੀਂ ਮਿਲ ਸਕੀ। ਇਸ ਕਾਨੂੰਨ ਦਾ ਵਿਰੋਧ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੀਆਂ ਹੁਣ ਮਹਾਂਰਾਸ਼ਟਰ ਸੂਬੇ ਅਤੇ ਕੇਂਦਰ ਵਿੱਚ ਸਰਕਾਰਾਂ ਹਨ। 

ਦਾਭੋਲਕਰ ਦੇ ਕਤਲ ਦੀ ਸਾਜ਼ਿਸ਼ ਵਾਲਾ ਚੌਖਟਾ ਪਾਨਸਰੇ ਉੱਤੇ ਲਾਗੂ ਹੁੰਦਾ ਹੈ। ਪਾਨਸਰੇ ਸੜਕਾਂ ਉੱਤੇ ਟੋਲ ਪਲਾਜ਼ਾ ਲਗਾਉਣ ਖ਼ਿਲਾਫ਼ ਸੰਘਰਸ਼ ਦੀ ਅਗਵਾਈ ਕਰ ਰਹੇ ਸਨ। ਇਸ ਧੰਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਵੱਲੋਂ 'ਨੈਚੂਰਲੀ ਕਰੱਪਟ ਪਾਰਟੀ' ਗ਼ਰਦਾਨੀ ਗਈ ਨੈਸ਼ਨਲ ਕਾਂਗਰਸ ਪਾਰਟੀ ਦੇ ਆਗੂਆਂ ਦੀ ਵੱਡੀ ਹਿੱਸੇਦਾਰੀ ਹੈ। ਪਾਨਸਰੇ ਨੇ 1984 ਵਿੱਚ ਸ਼ਿਵਾਜੀ ਮਰਾਠੇ ਉੱਤੇ 'ਸ਼ਿਵਾਜੀ ਕੌਣ ਹੋਤਾ?' (ਸ਼ਿਵਾਜੀ ਕੌਣ ਸਨ?) ਨਾਮ ਦੀ ਕਿਤਾਬ ਲਿਖੀ ਸੀ ਜਿਸ ਦਾ ਤਰਜਮਾ ਹਿੰਦੀ, ਅੰਗਰੇਜ਼ੀ, ਕੰਨਡ, ਉਰਦੂ ਅਤੇ ਗੁਜਰਾਤੀ ਵਿੱਚ ਹੋਇਆ। ਇਹ ਕਿਤਾਬ ਮਰਾਠੀ ਵਿੱਚ ੨੪ ਵਾਰ ਛਪ ਕੇ ਡੇਢ ਲੱਖ ਤੋਂ ਜ਼ਿਆਦਾ ਗਿਣਤੀ ਵਿੱਚ ਵਿਕ ਚੁੱਕੀ ਹੈ। ਮਹਾਂਰਾਸ਼ਟਰ ਵਿੱਚ ਸ਼ਿਵਾਜੀ ਉੱਤੇ ਦਾਅਵੇਦਾਰੀ ਸ਼ਿਵ ਸੈਨਾ ਅਤੇ ਮਹਾਂਰਾਸ਼ਟਰ ਨਵ ਨਿਰਮਾਣ ਸੈਨਾ ਦੀ ਰਹੀ ਹੈ ਜਿਨ੍ਹਾਂ ਦੀ ਹਮਲਾਵਰ ਸਿਆਸਤ ਖੱਬੇ ਪੱਖੀਆਂ ਅਤੇ ਗ਼ੈਰ-ਮਰਾਠੀਆਂ ਦੇ ਵਿਰੋਧ ਉੱਤੇ ਟਿਕੀ ਹੋਈ ਹੈ। ਪਾਨਸਰੇ ਦੀ ਕਿਤਾਬ ਵਿੱਚ ਪੇਸ਼ ਹੋਇਆ ਸ਼ਿਵਾਜੀ ਦਾ ਅਕਸ ਉਨ੍ਹਾਂ ਦੀ ਮੂਲਵਾਦੀ ਸਿਆਸਤ ਦਾ ਭਾਂਡਾ ਭੰਨ੍ਹਣ ਵਾਲਾ ਹੈ। ਪਾਨਸਰੇ ਦੀ ਦਲੀਲ ਸੀ ਕਿ ਸ਼ਿਵ ਸੈਨਾ-ਭਾਜਪਾ ਵਰਗੀਆਂ ਪਾਰਟੀਆਂ ਅਤੇ ਇਨ੍ਹਾਂ ਦੀਆਂ ਜਥੇਬੰਦੀਆਂ ਨੇ ਸ਼ਿਵਾਜੀ ਨੂੰ ਮੁਸਲਮਾਨ ਵਿਰੋਧੀ ਬਿੰਬ ਵਜੋਂ ਪੇਸ਼ ਕੀਤਾ ਹੈ ਜੋ ਇਤਿਹਾਸ ਦੀ ਗ਼ਲਤਬਿਆਨੀ ਹੈ। ਇਸ ਕਿਤਾਬ ਦੇ ਅਸਰ ਦਾ ਅੰਦਾਜ਼ਾ ਪੱਤਰਕਾਰ ਆਤਿਸ਼ ਨਾਗਪੁਰੇ ਦੇ ਇੱਕ ਲੇਖ ਤੋਂ ਲਗਾਇਆ ਜਾ ਸਕਦਾ ਹੈ। ਗੋਬਿੰਦ ਪਾਨਸਰੇ ਦੇ ਸ਼ਰਧਾਜਲੀ ਲੇਖ ਵਿੱਚ ਆਤਿਸ਼ ਨੇ ਲਿਖਿਆ ਹੈ, "ਬਚਪਨ ਵਿੱਚ ਬੱਚੇ 'ਸ਼ਿਵਾਜੀ ਮਹਾਨਾਤੋ' (ਸ਼ਿਵਾਜੀ ਕਹਿੰਦੈ) ਨਾਮ ਦੀ ਖੇਡ ਖੇਡਦੇ ਸੀ ਜਿਸ ਵਿੱਚ ਸ਼ਿਵਾਜੀ ਬਣਿਆ ਬੱਚਾ ਦੂਜਿਆਂ ਨੂੰ ਕੋਈ ਵੀ ਹੁਕਮ ਦੇ ਸਕਦਾ ਸੀ। ਬਿਨ੍ਹਾਂ ਕਿਸੇ ਰੋਕਟੋਕ ਤੋਂ 'ਸ਼ਿਵਾਜੀ' ਨੂੰ ਹਰ ਹੁਕਮ ਦੇਣ ਦੀ ਖੁੱਲ੍ਹ ਸੀ। ਉਂਝ ਤਾਂ ਇਹ ਵੀ ਬੱਚਿਆਂ ਦੀਆਂ ਦੂਜੀਆਂ ਖੇਡਾਂ ਵਰਗੀ ਖੇਡ ਸੀ ਪਰ ਇਸ ਤੋਂ ਮਹਾਂਰਾਸ਼ਟਰ ਵਿੱਚ ਸ਼ਿਵਾਜੀ ਦੀ ਪ੍ਰਵਾਨਗੀ ਦਾ ਅੰਦਾਜ਼ਾ ਹੁੰਦਾ ਹੈ। ਮੈਂ ਜ਼ਿੰਦਗੀ ਵਿੱਚ 'ਸ਼ਿਵਾਜੀ' ਨੂੰ ਬਹੁਤ ਵਾਰ ਮਿਲਿਆ ਹਾਂ। ਉਹ ਬਹਾਦਰ ਅਤੇ ਨਿਧੜਕ ਹਿੰਦੂਵਾਦੀ ਰਾਜਾ ਸੀ ਜੋ ਗਾਂ ਅਤੇ ਬ੍ਰਾਹਮਣ ਦੀ ਰਾਖੀ ਕਰਦਾ ਸੀ। ਗੋਬਿੰਦ ਪਾਨਸਰੇ ਦੀ ਕਿਤਾਬ 'ਸ਼ਿਵਾਜੀ ਕੌਣ ਹੋਤਾ?' ਪੜ੍ਹ ਕੇ ਮੈਂ ਹੈਰਾਨ ਰਹਿ ਗਿਆ। ਉਸ ਦਿਨ ਮੈਂ ਸ਼ਿਵਾਜੀ ਨੂੰ ਨਵੇਂ ਸਿਰੇ ਤੋਂ ਪਛਾਣਿਆ। ਦਰਅਸਲ ਇਸ ਨਾਲ ਮੇਰਾ ਆਪਣੇ-ਆਪ ਨਾਲ ਸੰਵਾਦ ਸ਼ੁਰੂ ਹੋਇਆ। ਇਸ ਨਾਲ ਮੇਰੀ ਇਤਿਹਾਸ, ਸਮਾਜ ਅਤੇ ਜ਼ਿੰਦਗੀ ਬਾਰੇ ਸੋਚ ਬਦਲ ਗਈ।"

ਕਤਲ ਤੋਂ ਦੋ ਹਫ਼ਤੇ ਪਹਿਲਾਂ ਪਾਨਸਰੇ ਨੇ ਸ਼ਿਵਾਜੀ ਯੂਨੀਵਰਸਿਟੀ ਵਿੱਚ ਆਪਣੀ ਤਕਰੀਰ ਦੌਰਾਨ ਦਲੀਲ ਦਿੱਤੀ ਸੀ ਕਿ ਨੱਥੂਰਾਮ ਗੌਂਡਸੇ ਦੀ ਨਾਇਕ ਵਜੋਂ ਪੇਸ਼ਕਾਰੀ ਸਮਾਜ ਲਈ ਘਾਤਕ ਹੈ। ਦੂਜੇ ਪਾਸੇ ਭਾਜਪਾ ਦੇ ਆਗੂ ਸਾਕਸ਼ੀ ਮਹਾਰਾਜ ਨੱਥੂਰਾਮ ਗੌਂਡਸੇ ਨੂੰ ਦੇਸ਼ਭਗਤ ਵਜੋਂ ਪੇਸ਼ ਕਰਦੇ ਰਹਿੰਦੇ  ਹਨ। ਪਾਨਸਰੇ ਦੀ ਇਸ ਦਲੀਲ ਦਾ ਭਾਜਪਾ ਨਾਲ ਜੁੜੀ ਵਿਦਿਆਰਥੀ ਜਥੇਬੰਦੀ ਦੇ ਕਾਰਕੁਨਾਂ ਨੇ ਵਿਰੋਧ ਕੀਤਾ ਸੀ। ਇਸੇ ਤਰ੍ਹਾਂ ਕਤਲ ਤੋਂ ਤਕਰੀਬਨ ਇੱਕ ਹਫ਼ਤਾ ਪਹਿਲਾਂ ਉਨ੍ਹਾਂ ਨੇ '26 ਨਵੰਬਰ' ਦੇ ਅਤਿਵਾਦੀ ਹਮਲੇ ਉੱਤੇ ਹੋਏ ਸਮਾਗਮ ਵਿੱਚ ਆਪਣੀ ਤਕਰੀਰ ਵਿੱਚ ਉਸ ਵੇਲੇ ਮਾਰੇ ਗਏ 'ਐਂਟੀ ਟੈਰੋਰਿਸਟ ਸਕੂਐਡ' ਦੇ ਮੁਖੀ ਹੇਮੰਤ ਕਰਕਰੇ ਬਾਰੇ ਟਿੱਪਣੀਆਂ ਕੀਤੀਆਂ ਸਨ। ਅਖ਼ਬਾਰਾਂ ਵਿੱਚ ਸੂਤਰਾਂ ਦੇ ਹਵਾਲੇ ਨਾਲ ਖ਼ਬਰਾਂ ਛਪੀਆਂ ਹਨ ਕਿ ਇਸ ਤਕਰੀਰ ਤੋਂ ਬਾਅਦ ਪਾਨਸਰੇ ਨੂੰ ਧਮਕੀਆਂ ਮਿਲੀਆਂ ਸਨ। ਹੇਮੰਤ ਕਰਕਰੇ ਬਾਰੇ ਲਿਖੀ ਗਈ ਕਿਤਾਬ 'ਹੂ ਕਿੰਲਡ ਕਰਕਰੇ' ਹਿੰਦੂ ਮੂਲਵਾਦੀ ਜਥੇਬੰਦੀਆਂ ਅਤੇ ਕਾਰਕੁਨਾਂ ਦੀਆਂ ਅੱਖਾਂ ਵਿੱਚ ਲਗਾਤਾਰ ਰੜਕਦੀ ਹੈ। ਇਹ ਕਿਤਾਬ ਮਹਾਂਰਾਸ਼ਟਰ ਦੇ ਸਾਬਕਾ ਪੁਲਿਸ ਅਫ਼ਸਰ ਐਸ.ਐੱਮ. ਮੁਸ਼ਰਿਫ਼ ਨੇ ਲਿਖੀ ਹੈ। 

ਪਾਨਸਰੇ ਖ਼ਿਲਾਫ਼ ਸਨਾਤਨ ਸੰਸਥਾ ਨੇ ਅਦਾਲਤ ਵਿੱਚ ਮਾਨਹਾਨੀ ਦੇ ਮੁਕੱਦਮੇ ਦਰਜ ਕੀਤੇ ਹੋਏ ਹਨ। ਇਸ ਸੰਸਥਾ ਖ਼ਿਲਾਫ਼ ਥਾਨੇ ਅਤੇ ਗੋਆ ਵਿੱਚ ਬੰਬ ਧਮਾਕੇ ਕਰਨ ਦੇ ਇਲਜ਼ਾਮ ਤਹਿਤ ਅਦਾਲਤ ਵਿੱਚ ਦੋਸ਼ ਪੱਤਰ ਦਰਜ ਕੀਤੇ ਜਾ ਚੁੱਕੇ ਹਨ। ਪਾਨਸਰੇ ਨੇ ਲਿਖਿਆ ਸੀ ਕਿ ਇਸ ਸੰਸਥਾ ਦਾ ਖ਼ਾਸਾ ਅਤਿਵਾਦੀ ਹੈ ਅਤੇ ਇਹ ਹਿੰਦੂ ਨੌਜਵਾਨਾਂ ਨੂੰ ਮੂਲਵਾਦ ਨਾਲ ਜੋੜਦੀ ਹੈ। ਦਾਭੋਲਕਰ ਦੇ ਕਤਲ ਤੋਂ ਕੁਝ ਮਹੀਨੇ ਬਾਅਦ ਪਾਨਸਰੇ ਨੂੰ ਧਮਕੀ ਮਿਲੀ ਸੀ ਕਿ 'ਤੁਮਚਾ ਦਾਭੋਲਕਰ ਕਾਰੂ' (ਤੇਰੇ ਨਾਲ ਦਾਭੋਲਕਰ ਵਾਲੀ ਹੋਵੇਗੀ)। ਇਨ੍ਹਾਂ ਹਾਲਾਤ ਵਿੱਚ ਪਾਨਸਰੇ ਦੇ ਕਤਲ ਦੀ ਖ਼ਦਸ਼ਾ ਲਗਾਤਾਰ ਮੰਡਰਾ ਰਿਹਾ ਸੀ। ਸੁਆਲ ਇਸ ਵੇਲੇ ਸਿਰਫ਼ ਕਾਤਲਾਂ ਦੀ ਪਛਾਣ ਤੱਕ ਮਹਿਦੂਦ ਨਹੀਂ ਹੈ ਸਗੋਂ ਉਸ ਮਾਹੌਲ ਦਾ ਹੈ ਜਿੱਥੇ ਸਮਾਜ ਦੇ 'ਦਾਭੋਲਕਰ-ਪਾਨਸਰੇ ਖ਼ਾਸੇ' ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 

ਦਾਭੋਲਕਰ-ਪਾਨਸਰੇ ਜੋਟੀ ਇੱਕ ਪਾਸੇ ਇਨਸਾਫ਼ ਅਤੇ ਮਾਣ-ਸਨਮਾਨ ਦੇ ਹਵਾਲੇ ਨਾਲ ਕਾਨੂੰਨ ਨੂੰ ਵਿਗਿਆਨਕ ਸੋਚ ਨਾਲ ਜੋੜ ਕੇ ਲਾਗੂ ਕਰਨ ਦੀ ਦਲੀਲ ਪੇਸ਼ ਕਰ ਰਹੀ ਹੈ। ਦੂਜੇ ਪਾਸੇ ਇਹੋ ਜੋਟੀ ਸਰਕਾਰੀ ਸਰਪ੍ਰਸਤੀ ਵਿੱਚ ਨਿੱਜੀ ਮੁਨਾਫ਼ਾਖ਼ੋਰਾਂ ਨੂੰ ਲੁੱਟ ਮਚਾਉਣ ਦੀ ਦਿੱਤੀ ਛੋਟ ਉੱਤੇ ਸੁਆਲ ਕਰ ਰਹੀ ਹੈ। ਤੀਜੇ ਪਾਸੇ ਸ਼ਰਧਾ ਦੇ ਧੰਦੇ ਨੂੰ ਦਲੀਲ ਦੇ ਹਵਾਲੇ ਨਾਲ ਬੇਪਰਦ ਕਰਦੀ ਹੈ। ਇਸ ਤਰ੍ਹਾਂ ਦਾਭੋਲਕਰ-ਪਾਨਸਰੇ ਰੁਝਾਨ ਬੇਇਨਸਾਫ਼ੀ, ਮੁਨਾਫ਼ਾਖ਼ੋਰੀ ਅਤੇ ਅੰਧ-ਵਿਸ਼ਵਾਸ਼ ਦੇ ਜਮ੍ਹਾਂਜੋੜ ਉੱਤੇ ਸਿੱਧਾ ਸੁਆਲ ਕਰਦਾ ਹੈ। ਇਸ ਰੁਝਾਨ ਉੱਤੇ ਮੋੜਵਾਂ ਹਮਲਾ ਧਰਮ ਅਤੇ ਆਸਥਾ ਦੇ ਨਾਮ ਉੱਤੇ ਕੀਤਾ ਜਾਂਦਾ ਹੈ। ਵਿਗਿਆਨਕ ਸੋਚ ਦੇ ਪਸਾਰੇ ਅਤੇ ਰੱਬ ਉੱਤੇ ਸੁਆਲਾਂ ਨੂੰ ਜ਼ਿਆਦਾਤਰ ਧਾਰਮਿਕ ਅਦਾਰੇ ਅਤੇ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਦੇ। ਇਸੇ ਤੰਗਨਜ਼ਰੀ ਅਤੇ ਤੰਗਦਿਲੀ ਦੇ ਮਾਹੌਲ ਵਿੱਚ ਦਾਭੋਲਕਰ ਅਤੇ ਪਾਨਸਰੇ ਦੇ ਕਤਲਾਂ ਦੀ ਸਾਜ਼ਿਸ਼ ਰਲੀ ਹੋਈ ਹੈ। ਇਸ ਸਾਜ਼ਿਸ਼ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ। ਮਿਸਾਲ ਵਜੋਂ ਪ੍ਰਧਾਨ ਮੰਤਰੀ ਵੱਲੋਂ ਪ੍ਰਸਾਰ ਭਾਰਤੀ ਦੇ ਮੁਖੀ ਬਣਾਏ ਗਏ ਸੂਰਯਾ ਪ੍ਰਕਾਸ਼ ਦਾ 25 ਸਤੰਬਰ 2007 ਨੂੰ ਛਪਿਆ ਲੇਖ ਧਿਆਨ ਦੀ ਮੰਗ ਕਰਦਾ ਹੈ। ਲੇਖ ਵਿੱਚ ਦਰਜ ਹੈ, "ਇਹ ਕਹਿਣ ਦੀ ਲੋੜ ਨਹੀਂ ਕਿ ਤਰਕਸ਼ੀਲ ਹਰ ਤਰ੍ਹਾਂ ਦੀ ਆਜ਼ਾਦੀ ਭਾਲਦੇ ਹਨ। ਭਾਰਤੀ ਲੋਕ ਧਾਰਮਿਕ ਲੋਕ ਹਨ ਪਰ ਕੁਝ ਕਾਫ਼ਰ ਆਪਣੀਆਂ ਬੇਹੂਦਾ ਟਿੱਪਣੀਆਂ ਨਾਲ ਸਾਡੀ ਕੌਮੀ ਜ਼ਿੰਦਗੀ ਵਿੱਚ ਖਲਲ ਪਾਉਣਾ ਚਾਹੁੰਦੇ ਹਨ। ਇਨ੍ਹਾਂ ਕਾਫ਼ਰਾਂ ਦੀ ਗਿਣਤੀ ਮੁੱਠੀ ਭਰ ਹੈ। ਸੰਨ 1991 ਦੀ ਮਰਦਮਸ਼ੁਮਾਰੀ ਦਾ ਅੰਕੜਾ ਦਰਸਾਉਂਦਾ ਹੈ ਕਿ ਭਾਰਤ ਵਿੱਚ 1783 ਕਾਫ਼ਰ ਅਤੇ 101 ਨਾਸਤਿਕ ਹਨ। … ਇਸ ਤੋਂ ਪਹਿਲਾਂ ਕਿ ਇਹ ਨਿਗੂਣੀ ਜਿਹੀ ਗਿਣਤੀ ਕੋਈ ਤਬਾਹੀ ਕਰੇ ਸਾਨੂੰ ਇਸ ਦਾ ਬੇਕਿਰਕੀ ਨਾਲ ਅੰਤ ਕਰ ਦੇਣਾ ਚਾਹੀਦਾ ਹੈ।" 

ਦਾਭੋਲਕਰ ਅਤੇ ਪਾਨਸਰੇ ਦੇ ਕਤਲਾਂ ਨਾਲ ਸਾਡੇ ਮੁਲਕ ਦੀ ਸਿਆਸਤ ਦਾ ਬਦਲਦਾ ਖ਼ਾਸਾ ਸਮਝ ਆਉਂਦਾ ਹੈ। ਇਨ੍ਹਾਂ ੫੪੫ ਦਿਨਾਂ ਵਿੱਚ ਸੂਬਾ ਅਤੇ ਕੇਂਦਰ ਸਰਕਾਰਾਂ ਬਦਲ ਗਈਆਂ ਹਨ। ਆਪਣੀ ਬਦਲੀ ਥਾਂ ਮੁਤਾਬਕ ਸਰਕਾਰਾਂ ਦੇ ਬਿਆਨ ਆਏ ਹਨ। ਸ਼ਿਵ ਸੈਨਾ ਨੇ ਸੂਬਾ ਸਰਕਾਰ ਦੀ ਜਾਬਤਾ ਪੂਰਤੀ ਵਾਲੀ ਆਲੋਚਨਾ ਕਰ ਦਿੱਤੀ ਹੈ। ਇਹੋ ਕੰਮ ਨੈਸ਼ਨਲ ਕਾਂਗਰਸ ਪਾਰਟੀ ਦੇ ਆਗੂਆਂ ਨੇ ਵੀ ਕਰ ਦਿੱਤਾ ਹੈ। ਮੁੱਖ-ਮੰਤਰੀ ਫਡਨਵੀਸ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇੱਕ ਪਾਸਾ ਤਾਂ ਇਹ ਹੈ ਕਿ ਵਿਗਿਆਨਕ ਸੋਚ ਅਤੇ 'ਖ਼ਿਆਲਾਂ ਦੀ ਆਜ਼ਾਦੀ' ਨਾਲ ਜੁੜੇ ਮਸਲਿਆਂ ਉੱਤੇ ਸਿਆਸੀ ਸੋਚ ਵਿੱਚ ਸਰਕਾਰਾਂ ਬਦਲਣ ਨਾਲ ਕੋਈ ਫ਼ਰਕ ਨਹੀਂ ਪਿਆ। ਸਿਆਸਤ ਦੇ ਸ਼ਰਧਾਮੁਖੀ ਅਤੇ ਮੁਨਾਫ਼ਾਖ਼ੋਰ ਰੁਝਾਨ ਦਾ ਪਨਾ ਕਾਂਗਰਸ ਤੋਂ ਭਾਜਪਾ, ਸ਼ਿਵ ਸੈਨਾ ਤੋਂ ਨੈਸ਼ਨਲ ਕਾਂਗਰਸ ਪਾਰਟੀ ਅਤੇ ਨਵ-ਨਿਰਮਾਣ ਸੈਨਾ ਤੋਂ ਹਿੰਦੂ ਜਾਗ੍ਰਿਤੀ ਸਮਿਤੀ ਤੱਕ ਫੈਲਿਆ ਹੋਇਆ ਹੈ। ਤੰਗਨਜ਼ਰੀ ਜਾਂ ਤੰਗਦਿਲੀ ਵਿੱਚ ਕੁਝ ਫ਼ਰਕ ਹੋ ਸਕਦਾ ਹੈ ਪਰ ਵਿਗਿਆਨਕ ਸੋਚ ਦਾ ਪਸਾਰਾ ਕਿਸੇ ਦੀ ਸਿਆਸਤ ਵਿੱਚ ਤਰਜੀਹ ਨਹੀਂ ਬਣਦਾ।  

ਪਾਨਸਰੇ ਦੇ ਕਤਲ ਬਾਰੇ ਅਦਾਲਤੀ ਕਾਰਵਾਈ ਜਾਂ ਕਾਨੂੰਨੀ ਚਾਰਾਜੋਈ ਕਿਸੇ ਵੀ ਨਤੀਜੇ ਉੱਤੇ ਪਹੁੰਚੇ ਪਰ ਦਾਭੋਲਕਰ-ਪਾਨਸਰੇ ਰੁਝਾਨ ਲਈ ਮੌਜੂਦਾ ਮਾਹੌਲ ਅਤੇ ਇਸ ਦੀਆਂ ਸਮਾਜਿਕ, ਧਾਰਮਿਕ ਅਤੇ ਸਿਆਸੀ ਤੰਦਾਂ ਨੂੰ ਮੁਖ਼ਾਤਬ ਹੋਣਾ ਜ਼ਰੂਰੀ ਹੈ। ਵਿਗਿਆਨਕ ਸੋਚ ਦੇ ਪਸਾਰੇ ਨੂੰ ਹੁਣ ਤੋਂ ਵਧੇਰੇ ਖ਼ਤਰਾ ਕਦੇ ਨਹੀਂ ਸੀ ਕਿਉਂਕਿ 'ਵੈਦਿਕ ਵਿਗਿਆਨ' ਦੇ ਦਾਅਵੇਦਾਰ ਮੌਜੂਦਾ ਵਿਗਿਆਨ ਦੇ ਖ਼ਤਰਨਾਕ ਸੰਦਾਂ (ਹਥਿਆਰਾਂ) ਦਾ ਜ਼ਸ਼ਨ ਮਨਾ ਰਹੇ ਹਨ ਪਰ ਵਿਚਾਰ ਪੱਖੋਂ ਇਸ ਨੂੰ ਜੜ੍ਹੋਂ ਪੁੱਟ ਦੇਣਾ ਚਾਹੁੰਦੇ ਹਨ। ਪਣਬੁੱਬੀਆਂ ਅਤੇ ਇਸਰੋ ਦੀਆਂ ਕਾਮਯਾਬੀਆਂ ਦੇ ਜ਼ਸ਼ਨ ਮਨਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਜ ਵਿਗਿਆਨ ਵਿੱਚ ਮਿਥਹਾਸ ਦਾ ਮਿਲਗੋਭਾ ਕਰਨ ਲਈ ਦੀਨਾ ਨਾਥ ਬਤਰਾ ਵਰਗਿਆਂ ਦੀ ਪਿੱਠ ਥਾਪੜ ਰਹੇ ਹਨ। ਉਨ੍ਹਾਂ ਨੂੰ ਮਾਰੂ ਅਤੇ ਗ਼ਲਬਾ ਮੁਖੀ ਤਾਕਤ ਆਧੁਨਿਕ ਗਿਆਨ-ਵਿਗਿਆਨ ਦੀ ਚਾਹੀਦੀ ਹੈ ਪਰ ਆਵਾਮ ਸ਼ਰਧਾਮਈ ਅਤੇ ਸੀਲ ਖ਼ਪਤਕਾਰ ਚਾਹੀਦਾ ਹੈ। ਉਹ ਕਿਸੇ ਲੰਘੇ 'ਸਨਹਿਰੀ ਯੁੱਗ' ਦੇ 'ਅੰਤਿਮ ਸੱਚ' ਰਾਹੀਂ ਸਮਕਾਲੀ ਦੌਰ ਦੀ ਜਗਿਆਸੂ ਬਿਰਤੀ ਨੂੰ ਖ਼ਤਮ ਕਰ ਦੇਣਾ ਚਾਹੁੰਦੇ ਹਨ। ਇਸ ਦੌਰ ਵਿੱਚ ਰੱਬ, ਪੈਗੰਬਰ, ਗ੍ਰੰਥ, ਮੰਦਿਰ ਅਤੇ ਮੱਠ ਸੁਆਲਾਂ ਦੇ ਘੇਰੇ ਵਿੱਚ ਹਨ। ਸਿਆਸੀ ਨਿਜ਼ਾਮ ਇਨ੍ਹਾਂ ਦੀ ਸਰਪ੍ਰਸਤੀ ਵਿੱਚ ਆਪਣੇ ਦੰਦ ਫਾਲਿਆਂ ਤੋਂ ਤਿੱਖੇ ਕਰ ਰਿਹਾ ਹੈ। 

ਦਾਭੋਲਕਰ ਤੋਂ ਬਾਅਦ ਪਾਨਸਰੇ ਦੀ ਸ਼ਹਾਦਤ ਮਨੁੱਖ ਨੂੰ ਆਪਣੀ ਸਮਰੱਥਾ ਦਾ ਜ਼ਸ਼ਨ ਮਨਾਉਣ ਅਤੇ ਆਪਣੀ ਸਾਂਝੀ ਵਿਰਾਸਤ ਉੱਤੇ ਦਾਅਵੇਦਾਰੀ ਕਰਨ ਦਾ ਸੱਦਾ ਦਿੰਦੀ ਹੈ। ਇਹ 'ਖ਼ਿਆਲਾਂ ਦੀ ਆਜ਼ਾਦੀ' ਵਾਲੀ ਬਹਿਸ ਬਾਰੇ ਸੁਆਲ ਖੜ੍ਹਾ ਕਰਦੀ ਹੈ। 'ਖ਼ਿਆਲ ਦੀ ਆਜ਼ਾਦੀ' ਦੀ ਬਹਿਸ ਵਿੱਚ 'ਮੈਂ ਵੀ ਸ਼ਾਰਲੀ' ਦਾ ਹੋਕਾ ਦੇਣ ਵਾਲਿਆਂ ਨੂੰ 'ਮੈਂ ਵੀ ਪਾਨਸਰੇ, ਮੈਂ ਵੀ ਦਾਭੋਲਕਰ' ਕਹਿਣਾ ਔਖਾ ਕਿਉਂ ਲੱਗਦਾ ਹੈ? ਇਹ ਸਪਸ਼ਟ ਹੋ ਗਿਆ ਹੈ ਕਿ ਮੌਜੂਦਾ ਦੌਰ ਵਿੱਚ ਸਰਕਾਰ, ਸ਼ਰਧਾ ਅਤੇ ਮੁਨਾਫ਼ੇ ਦੇ ਗੱਠਜੋੜ ਨੇ ਰੱਬ ਨੂੰ ਨਾ ਮੰਨਣ ਵਾਲੇ ਸਮਾਜਵਾਦੀ ਦੀ ਸ਼ਨਾਖ਼ਤ ਸਭ ਤੋਂ ਖ਼ਤਰਨਾਕ ਮਨੁੱਖ ਵਜੋਂ ਕਰ ਲਈ ਹੈ। ਜੇ ਇਹੋ ਦਸਤੂਰ ਹੈ ਤਾਂ ਮੈਨੂੰ ਵੀ ਇਨ੍ਹਾਂ ਵਿੱਚੋਂ ਗਿਣਿਆ ਜਾਵੇ।'ਮੈਂ ਵੀ ਪਾਨਸਰੇ, ਮੈਂ ਵੀ ਦਾਭੋਲਕਰ।'

(ਇਹ ਲੇਖ 25 ਫਰਵਰੀ 2015 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ)

Saturday, February 04, 2012

ਸੀਲ ਸ਼ਹਿਰੀ ਅਤੇ ਸ਼ਰਧਾ ਦਾ ਘੇਰਾ

ਦਲਜੀਤ ਅਮੀ

ਚੋਣਾਂ ਦੌਰਾਨ ਅਖ਼ਬਾਰਾਂ ਤੇ ਟੈਲੀਵਿਜ਼ਨਾਂ ਦਾ ਰੁਝਾਨ ਚੋਣ ਸਰਗਰਮੀ ਨਾਲ ਜੁੜਿਆ ਰਿਹਾ ਪਰ ਇਸੇ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਜਮਹੂਰੀਅਤ ਦੇ ਸਵਾਲ ਨਾਲੋਂ ਨਿਖੇੜ ਕੇ ਦੇਖਣਾ ਔਖਾ ਹੈ। ਜੈਪੁਰ ਦੇ ਸਾਹਿਤ ਮੇਲੇ ਵਿੱਚ ਸਲਮਾਨ ਰਸ਼ਦੀ ਦੀ ਰੱਦ ਹੋਈ ਸ਼ਿਰਕਤ, ਪੁਣੇ ਵਿੱਚ ਸੰਜੇ ਕਾਕ ਦੀ ਦਸਤਾਵੇਜ਼ੀ ਫ਼ਿਲਮ 'ਜਸ਼ਨ-ਏ-ਆਜ਼ਾਦੀ' ਖ਼ਿਲਾਫ਼ ਰੋਹ ਅਤੇ ਮੁੰਬਈ ਵਿੱਚ 'ਟਾਈਮਜ਼ ਆਫ਼ ਇੰਡੀਆ' ਦੇ ਦਫ਼ਤਰ ਦੀ ਭੰਨਤੋੜ ਇੱਕੋ ਰੁਝਾਨ ਦੀਆਂ ਕੜੀਆਂ ਜਾਪਦੀਆਂ ਹਨ। ਇਨ੍ਹਾਂ ਨਾਲ ਨਾਭੇ ਵਿੱਚ ਪੱਤਰਕਾਰ ਹਰਵਿੰਦਰ ਕੌਰ ਨੌਹਰਾ ਉੱਪਰ ਹੋਏ ਹਮਲੇ ਦੀ ਕੋਈ ਤੰਦ ਵੀ ਜੁੜਦੀ ਜਾਪਦੀ ਹੈ। ਇਹ ਚਾਰੇ ਘਟਨਾਵਾਂ ਭਾਵੇਂ ਵੱਖ ਵੱਖ ਥਾਵਾਂ ਉੱਤੇ ਵਾਪਰੀਆਂ ਹਨ ਤੇ ਇਨ੍ਹਾਂ ਵਿੱਚ ਹਿੱਸੇਦਾਰ ਧਿਰਾਂ ਵੱਖਰੀਆਂ-ਵੱਖਰੀਆਂ ਹਨ ਪਰ ਇਨ੍ਹਾਂ ਨੂੰ ਇਕ-ਦੂਜੇ ਤੋਂ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਉਂਜ, ਜੇ ਇਸ ਰੁਝਾਨ ਦੀਆਂ ਪੁਰਾਣੀਆਂ ਕੜੀਆਂ ਜੋੜ ਲਈਆਂ ਜਾਣ ਤਾਂ ਪਤਾ ਲੱਗਦਾ ਹੈ ਕਿ ਇਹ ਵਡੇਰੇ ਕੌਮਾਂਤਰੀ ਰੁਝਾਨ ਦੇ ਮੁਕਾਮੀ ਪ੍ਰਗਟਾਵੇ ਹਨ।
ਸਲਮਾਨ ਰਸ਼ਦੀ ਦੀ ਜੈਪੁਰ ਦੇ ਸਾਹਿਤਕ ਮੇਲੇ ਵਿੱਚ ਸ਼ਿਰਕਤ ਦਾ ਵਿਰੋਧ ਹੋਇਆ। ਉਸ ਦੀ ਕਿਤਾਬ 'ਸਟੈਨਿਕ ਵਰਸਿਸ' (ਸ਼ੈਤਾਨ ਦੀਆਂ ਆਇਤਾਂ) ਨੂੰ ਭਾਰਤ ਵਿੱਚ ਦਰਾਮਦ ਕਰਨ ਉੱਤੇ ਰਾਜੀਵ ਗਾਂਧੀ ਦੀ ਸਰਕਾਰ ਨੇ ਪਾਬੰਦੀ ਲਗਾਈ ਸੀ। ਇਸ ਤੋਂ ਇਲਾਵਾ ਸਲਮਾਨ ਰਸ਼ਦੀ ਖ਼ਿਲਾਫ਼ ਕੁਫ਼ਰ ਦੇ ਇਲਜ਼ਾਮ ਤਹਿਤ ਫਤਵਾ ਵੀ ਜਾਰੀ ਹੋਇਆ ਹੈ। ਸਲਮਾਨ ਰਸ਼ਦੀ ਗ਼ਲਤ ਹੋ ਸਕਦਾ ਹੈ ਪਰ ਫਤਵੇ ਵਰਗੀ ਸ਼ੈਅ ਲਈ ਮੌਜੂਦਾ ਦੌਰ ਵਿੱਚ ਕੋਈ ਥਾਂ ਨਹੀਂ ਹੈ। ਜ਼ਿਆਦਾਤਰ ਮੁਲਕਾਂ ਦੇ ਸੰਵਿਧਾਨ ਅਜਿਹੇ ਫਰਮਾਨਾਂ ਦੀ ਇਜਾਜ਼ਤ ਨਹੀਂ ਦਿੰਦੇ। ਸੰਜੇ ਕਾਕ ਦੀ ਫ਼ਿਲਮ 'ਜਸ਼ਨ-ਏ-ਆਜ਼ਾਦੀ' ਜੰਮੂ ਕਸ਼ਮੀਰ ਦੇ ਮੌਜੂਦਾ ਹਾਲਾਤ ਦੀ ਕਾਵਿਕ ਪੇਸ਼ਕਾਰੀ ਹੈ। ਕਵਿਤਾ, ਦੇਸ਼ ਭਗਤੀ ਦੇ ਗੀਤਾਂ, ਗਣਤੰਤਰ ਦਿਵਸ ਅਤੇ ਫ਼ੌਜ ਦਾ ਕਸ਼ਮੀਰ ਦੀ ਧਰਤੀ ਨਾਲ ਰਿਸ਼ਤਾ ਇਸ ਬਹੁ-ਪਰਤੀ ਫ਼ਿਲਮ ਦਾ ਧੁਰਾ ਹੈ ਜੋ ਸੰਜੀਦਾ ਸੰਵਾਦ ਲਈ ਸੱਦਾ ਦਿੰਦਾ ਹੈ। ਪੁਣੇ ਦੀ ਨਾਮੀ ਵਿਦਿਅਕ ਸੰਸਥਾ 'ਸਿਮਬਿਓਸਿਸ' ਵਿੱਚ 'ਵੁਆਸਿਸ ਆਫ਼ ਕਸ਼ਮੀਰ' (ਕਸ਼ਮੀਰ ਦੀਆਂ ਆਵਾਜ਼ਾਂ) ਦੇ ਸਿਰਲੇਖ ਹੇਠ ਸੈਮੀਨਾਰ ਹੋ ਰਿਹਾ ਸੀ ਜਿੱਥੇ 'ਜਸ਼ਨ-ਏ-ਆਜ਼ਾਦੀ' ਦਿਖਾਈ ਜਾਣੀ ਸੀ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਧਮਕੀ ਕਾਰਨ ਇਸ ਫ਼ਿਲਮ ਦੀ ਪਰਦਾਪੇਸ਼ੀ ਰੱਦ ਕਰ ਦਿੱਤੀ।

'ਟਾਈਮਜ਼ ਆਫ਼ ਇੰਡੀਆ' ਗਰੁੱਪ ਦੇ ਮਰਾਠੀ ਅਖ਼ਬਾਰ 'ਦ ਮਹਾਰਾਸ਼ਟਰਾ ਟਾਈਮਜ਼' ਨੇ ਪਹਿਲੇ ਪੰਨੇ ਉੱਤੇ ਖ਼ਬਰ ਛਾਪ ਦਿੱਤੀ ਕਿ 'ਸ਼ਿਵ ਸੈਨਾ' ਦਾ ਕੋਈ ਪਾਰਲੀਮੈਂਟ ਮੈਂਬਰ ਨੈਸ਼ਨਲਿਸਟ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਾ ਹੈ। ਸ਼ਿਵ ਸੈਨਾ ਦੇ ਕਾਰਕੁਨਾਂ ਨੇ ਮੁੰਬਈ ਵਿੱਚ 'ਟਾਈਮਜ਼ ਆਫ਼ ਇੰਡੀਆ' ਦੇ ਦਫ਼ਤਰ ਵਿੱਚ ਵੜ ਕੇ ਭੰਨਤੋੜ ਕਰ ਦਿੱਤੀ। ਨਾਭੇ ਵਿੱਚ ਹਰਵਿੰਦਰ ਕੌਰ ਨੌਹਰਾ ਪੱਤਰਕਾਰ ਵਜੋਂ ਚੋਣ ਅਮਲ ਦਾ ਜਾਇਜ਼ਾ ਲੈ ਰਹੀ ਸੀ। ਕੁਝ ਜਣਿਆਂ ਨੇ ਸ਼ਿਕਾਇਤ ਕੀਤੀ ਕਿ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਵਾਲਾ ਫਾਰਮ ਨਹੀਂ ਮਿਲ ਰਿਹਾ। ਕਾਨੂੰਨੀ ਤੌਰ ਉੱਤੇ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਦਾ ਅਧਿਕਾਰ ਸਾਰੇ ਭਾਰਤੀਆਂ ਨੂੰ ਮਿਲਿਆ ਹੋਇਆ ਹੈ ਪਰ ਇਸ ਦੀ ਵਰਤੋਂ ਹਾਲੇ ਵੋਟ ਪਾਉਣ ਜਿੰਨੀ ਸੁਖਾਲੀ ਨਹੀਂ ਹੈ। ਹਰਵਿੰਦਰ ਕੌਰ ਨੌਹਰਾ ਨੇ ਮੌਕੇ ਦੇ ਅਮਲੇ ਤੋਂ ਪੁੱਛਿਆ ਤਾਂ ਕਾਂਗਰਸ ਦੇ ਕੁਝ ਹਮਾਇਤੀਆਂ ਨੇ ਉਸ ਉੱਤੇ ਸੁਰੱਖਿਆ ਗਾਰਦ ਦੀ ਹਾਜ਼ਰੀ ਵਿੱਚ ਹਮਲਾ ਕਰ ਦਿੱਤਾ।
ਤਰਦੀ ਨਜ਼ਰੇ ਇਹ ਸਾਰੀਆਂ ਘਟਨਾਵਾਂ 'ਆਜ਼ਾਦੀ' ਉੱਤੇ ਹਮਲਾ ਜਾਪਦੀਆਂ ਹਨ। ਪੱਤਰਕਾਰ, ਫ਼ਿਲਮਸਾਜ਼ ਅਤੇ ਲੇਖਕ ਆਜ਼ਾਦੀ ਨਾਲ ਲਿਖ ਸਕਦੇ ਹਨ। ਜੇ ਉਹ ਕਿਸੇ ਹੋਰ ਤਬਕੇ ਖ਼ਿਲਾਫ਼ ਨਫ਼ਰਤ ਨਹੀਂ ਉਕਸਾਉਂਦੇ ਤਾਂ ਉਨ੍ਹਾਂ ਦੇ ਨਾਖ਼ੁਸ਼ਗਵਾਰ ਸਵਾਲਾਂ ਦਾ ਸੰਜੀਦਗੀ ਨਾਲ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਸਭਿਅਤਾ ਦਾ ਤਕਾਜ਼ਾ ਤਾਂ ਇਹੋ ਕਹਿੰਦਾ ਹੈ। ਸਲਮਾਨ ਰਸ਼ਦੀ ਦਾ ਮਾਮਲਾ ਵੱਖਰਾ ਜਾਪ ਸਕਦਾ ਹੈ ਕਿਉਂਕਿ ਇਹ ਧਰਮ ਅਤੇ ਇਸਲਾਮ ਦੇ ਅਕੀਦਿਆਂ ਨਾਲ ਜੁੜਿਆ ਹੋਇਆ ਹੈ। ਕਿਹਾ ਜਾ ਸਕਦਾ ਹੈ ਕਿ ਧਰਮ ਸ਼ਰਧਾ ਦਾ ਮਸਲਾ ਹੈ ਅਤੇ ਰੱਬ ਤੇ ਪੈਗੰਬਰਾਂ ਬਾਬਤ ਕੋਈ ਸਵਾਲ ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ ਵਿਕਰਮ ਸੇਠ ਨੇ ਕੋਲਕਾਤਾ ਦੇ ਸਾਹਿਤਕ ਮੇਲੇ ਵਿੱਚ ਕਿਹਾ ਹੈ, "ਰੱਬ ਅਤੇ ਪੈਗੰਬਰਾਂ ਨੂੰ ਆਪਣੀ ਰਾਖੀ ਲਈ ਬੁਰਛਾਗਰਦਾਂ ਦੀ ਲੋੜ ਨਹੀਂ।" ਸੰਜੇ ਕਾਕ, ਟਾਈਮਜ਼ ਆਫ਼ ਇੰਡੀਆ ਅਤੇ ਹਰਵਿੰਦਰ ਨੌਹਰਾ ਦੇ ਮਾਮਲਿਆਂ ਵਿੱਚ ਹਮਲੇ ਦਾ ਸਬੱਬ ਵੀ ਸ਼ਰਧਾ ਹੀ ਬਣੀ ਹੈ। ਹਮਲਾਵਰ ਇਸ ਸੋਚ ਦੇ ਧਾਰਨੀ ਹਨ ਕਿ ਕਸ਼ਮੀਰ ਬਾਬਤ ਕੋਈ ਸਵਾਲ ਨਹੀਂ ਹੋ ਸਕਦਾ। ਇਹ ਗ਼ੈਰ-ਕਾਨੂੰਨੀ ਨਹੀਂ, ਗ਼ੈਰ-ਮਨੁੱਖੀ ਨਹੀਂ ਸਗੋਂ ਇਹ ਸਵਾਲ ਜਮਹੂਰੀ ਖ਼ਾਸੇ ਦੀ ਅਹਿਮ ਤੰਦ ਹੈ। ਇਸ ਸਵਾਲ ਨੂੰ ਦਰਕਿਨਾਰ ਕਰਕੇ ਜਮਹੂਰੀਅਤ ਦਾ ਦਾਅਵਾ ਕੀ ਮਾਅਨੇ ਰੱਖਦਾ ਹੈ?
'ਟਾਈਮਜ਼ ਆਫ਼ ਇੰਡੀਆ' ਦੇ ਪੱਤਰਕਾਰਾਂ ਦੀ ਜ਼ਿੰਮੇਵਾਰੀ ਵਿੱਚ ਖ਼ਬਰਾਂ ਛਾਪਣਾ ਸ਼ਾਮਿਲ ਹੈ। ਖ਼ਬਰਾਂ ਵਿੱਚ ਸੰਭਾਵਨਾਵਾਂ ਅਤੇ ਅੰਦਾਜ਼ੇ ਸ਼ਾਮਿਲ ਹੋ ਸਕਦੇ ਹਨ। ਜੇ ਖ਼ਬਰ ਗ਼ਲਤ ਛਪ ਜਾਵੇ ਤਾਂ ਅਖ਼ਬਾਰ ਨੂੰ ਉਕਾਈ ਲਈ ਮੁਆਫ਼ੀ ਮੰਗਣ ਅਤੇ ਦਰੁਸਤ ਜਾਣਕਾਰੀ ਦੇਣ ਕਈ ਕਿਹਾ ਜਾ ਸਕਦਾ ਹੈ। ਲੋੜ ਪੈਣ ਉੱਤੇ ਹੋਰ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਅਖ਼ਬਾਰਾਂ ਵਿੱਚ ਰੋਜ਼ਾਨਾ ਗ਼ਲਤੀਆਂ ਦੀਆਂ ਸੋਧਾਂ ਛਪਦੀਆਂ ਹਨ। ਗ਼ਲਤ ਖ਼ਬਰਾਂ ਲਈ ਮੁਆਫ਼ੀਆਂ ਮੰਗੀਆਂ ਜਾਂਦੀਆਂ ਹਨ। ਇਸ ਮਾਮਲੇ ਵਿੱਚ ਸਵਾਲ ਵੱਖਰਾ ਹੈ। ਸ਼ਿਵ ਸੈਨਾ ਖ਼ਿਲਾਫ਼ ਮੁੰਬਈ ਵਿੱਚ ਖ਼ਬਰ ਛਾਪਣ ਦਾ ਸਬਕ ਸਿਖਾਉਣਾ ਉਨ੍ਹਾਂ ਦੇ ਖ਼ਾਸੇ ਦਾ ਹਿੱਸਾ ਹੈ। ਜਦੋਂ ਉਹ ਬੁਰਛਾਗਰਦੀ ਕਰਦੇ ਹਨ ਤਾਂ ਇਹੋ ਮੰਗ ਕਰਦੇ ਹਨ ਕਿ ਧਰਮ ਅਤੇ ਮੁਲਕ ਵਾਂਗ ਸ਼ਿਵ ਸੈਨਾ ਵੀ ਸ਼ਰਧਾ ਦੀ ਹੱਕਦਾਰ ਹੈ। ਇਸ ਦੇ ਅਕਸ ਉੱਤੇ ਸਵਾਲ ਕਰਨਾ ਕੁਫ਼ਰ ਹੈ। ਅਜਿਹੀ ਗ਼ਲਤੀ ਦਾ ਸਬਕ ਸਿਖਾਉਣ ਦਾ ਜ਼ਿੰਮਾ ਉਹ ਕਾਨੂੰਨ ਉੱਤੇ ਨਹੀਂ ਛੱਡ ਸਕਦੇ।

ਹਰਵਿੰਦਰ ਨੌਹਰਾ ਦਾ ਮਸਲਾ ਇਸ ਰੁਝਾਨ ਦੀ ਸਭ ਤੋਂ ਪੇਚੀਦਾ ਤੰਦ ਹੈ। ਚੋਣਾਂ ਦੌਰਾਨ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਦਾ ਮਾਮਲਾ ਸਾਰੀਆਂ ਸਿਆਸੀ ਪਾਰਟੀਆਂ ਅਤੇ ਹੋਰ ਉਮੀਦਵਾਰਾਂ ਨੂੰ ਨਾਖ਼ੁਸ਼ਗਵਾਰ ਜਾਪਦਾ ਹੈ। ਇਹ ਜਮਹੂਰੀ ਮੁਲਕ ਦੇ ਸ਼ਹਿਰੀ ਦੀ ਜਾਗਰੂਕਤਾ ਦੀ ਨਿਸ਼ਾਨੀ ਹੋ ਸਕਦੀ ਹੈ। ਜਾਤ, ਧਰਮ, ਰਿਸ਼ਤੇਦਾਰੀਆਂ, ਸ਼ਰੀਕੇਦਾਰੀਆਂ, ਕਾਰੋਬਾਰੀ ਹਿੱਸੇਦਾਰੀਆਂ, ਡੇਰਿਆਂ, ਵਕਤੀ ਲਾਲਚਾਂ, ਬੁਰਛਾਗਰਦੀ ਅਤੇ ਪੈਸੇ ਦੇ ਜ਼ੋਰ ਨਾਲ ਵੋਟਾਂ ਭੁਗਤਾਉਣ ਵਾਲੇ ਕਦੋਂ ਚਾਹੁੰਦੇ ਹਨ ਕਿ ਲੋਕ ਜਾਗਰੂਕ ਹੋਣ। ਉਨ੍ਹਾਂ ਲਈ 'ਅੰਧੀ ਰਈਅਤ ਗਿਆਨ ਵਿਹੂਣੀ' ਹੀ ਠੀਕ ਹੈ। ਇਸ ਤਰ੍ਹਾਂ ਸਿਆਸਤਦਾਨ ਆਪਣੇ ਮੁਲਕ ਦੇ ਸ਼ਹਿਰੀਆਂ ਤੋਂ ਸ਼ਰਧਾ ਦੀ ਮੰਗ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਚੋਣ ਉਨ੍ਹਾਂ ਵਿੱਚੋਂ ਹੀ ਕਿਸੇ ਦੀ ਕੀਤੀ ਜਾਵੇ। ਲਗਾਤਾਰ ਸਮਾਜਿਕ ਨਾਬਰਾਬਰੀ ਵਧ ਰਹੀ ਹੈ, ਨਾਇਨਸਾਫ਼ੀ ਵਧ ਰਹੀ ਹੈ ਅਤੇ ਗ਼ੁਰਬਤ ਮਾਰੀ ਲੋਕਾਈ ਦੀ ਜ਼ਿੰਦਗੀ ਵਿੱਚ ਜਲਾਲਤ ਦੀ ਮਿਕਦਾਰ ਦਿਨੋ-ਦਿਨ ਦੂਣ-ਸਵਾਈ ਹੋ ਰਹੀ ਹੈ। ਇਸ ਹਾਲਤ ਵਿੱਚ ਸਿਆਸਤਦਾਨ ਕਹਿੰਦੇ ਹਨ ਕਿ ਸਿਆਸਤ ਗੰਦੀ ਖੇਡ ਹੈ ਇਸ ਤੋਂ ਬਚਣਾ ਚਾਹੀਦਾ ਹੈ। ਇਹ ਧਾਰਨਾ ਵੀ ਤਾਂ ਸ਼ਰਧਾ ਦੀ ਮੰਗ ਕਰਦੀ ਹੈ। ਦਰਅਸਲ ਉਹ ਕਹਿ ਰਹੇ ਹਨ ਕਿ ਗੰਦੀ ਖੇਡ ਅਸੀਂ ਖੇਡ ਲੈਂਦੇ ਹਾਂ ਤੁਸੀਂ ਗ਼ੁਰਬਤ, ਜਹਾਲਤ ਅਤੇ ਜਲਾਲਤ ਵਿੱਚ ਮੌਜ ਕਰੋ।
ਨੌਮ ਚੌਮਸਕੀ ਨੇ 'ਪਾਪੁਲੇਸ਼ਨ ਕੰਟਰੋਲ' (ਸੀਲ ਆਵਾਮ) ਵਿੱਚ ਲਿਖਿਆ ਹੈ ਕਿ ਰਾਜਤੰਤਰ ਆਵਾਮ ਨੂੰ ਸੀਲ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਤਸ਼ੱਦਦ, ਗ਼ੁਰਬਤ, ਜਹਾਲਤ ਅਤੇ ਜਲਾਲਤ ਇਨ੍ਹਾਂ ਉਪਰਾਲਿਆਂ ਦਾ ਹਿੱਸਾ ਹਨ ਜਿਨ੍ਹਾਂ ਵਿੱਚੋਂ ਰਾਜਤੰਤਰ ਦੀ ਬੇਕਿਰਕ ਗ਼ੈਰ-ਕਾਨੂੰਨੀ ਫ਼ੌਜ ਤਿਆਰ ਹੁੰਦੀ ਹੈ। ਸਾਮਰਾਜ ਦੀਆਂ ਰਾਖਵੀਆਂ ਫ਼ੌਜਾਂ ਦਾ ਜ਼ਿਕਰ ਕਰਦਾ ਹੋਇਆ ਐਨਤੋਨੀਓ ਨੀਗਰੀ ਦੱਸਦਾ ਹੈ ਕਿ ਥੁੜ੍ਹਾਂ ਹੰਢਾਉਂਦੇ ਲੋਕਾਂ ਦੀ ਆਪਸੀ ਮਾਰ-ਕੁੱਟ ਸਾਮਰਾਜੀਆਂ ਨੂੰ ਰਾਸ ਆਉਂਦੀ ਹੈ। ਗ਼ੁਰਬਤ, ਜਹਾਲਤ ਅਤੇ ਜਲਾਲਤ ਵਿੱਚੋਂ ਸਾਮਰਾਜੀਆਂ ਦੀਆਂ ਉਹ ਫ਼ੌਜਾਂ ਭਰਤੀ ਹੁੰਦੀਆਂ ਹਨ ਜਿਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਓਟਣੀ ਪੈਂਦੀ। ਅਮਰੀਕਾ ਇਸੇ ਫ਼ੌਜ ਦੀ ਭਰਤੀ ਲਈ ਦੂਜੇ ਮੁਲਕਾਂ ਦੇ ਕਲੇਸ਼ ਨੂੰ ਹਵਾ ਦਿੰਦਾ ਹੈ। ਅਮਰੀਕਾ ਨੂੰ ਇਰਾਕ ਦੇ ਸ਼ੀਆ ਤਬਕੇ, ਇਰਾਨ ਦੇ ਸੁੰਨੀਆਂ ਅਤੇ ਲੀਬੀਆ ਦੇ ਬਾਗ਼ੀਆਂ ਜਾਂ ਅਫ਼ਗ਼ਾਨਿਸਤਾਨ ਦੇ ਕਬਾਇਲੀਆਂ ਦਾ ਹੇਜ ਕਿਉਂ ਜਾਗ ਪੈਂਦਾ ਹੈ? ਹੁਣ ਅਮਰੀਕਾ ਜੰਗ 'ਜਿੱਤ' ਕੇ ਤੁਰ ਗਿਆ ਹੈ ਅਤੇ ਇਰਾਕੀ ਇਕ-ਦੂਜੇ ਦੇ ਖ਼ੂਨ ਵਿੱਚੋਂ ਖੋਈ ਇੱਜ਼ਤ ਭਾਲ ਰਹੇ ਹਨ। ਬੇਵਿਸਾਹੀ ਦੇ ਨਤੀਜੇ ਵਜੋਂ ਚਲ ਰਹੀ ਭਰਾਮਾਰ ਜੰਗ 'ਸਾਮਰਾਜ ਦੀਆਂ ਰਾਖਵੀਆਂ ਫ਼ੌਜਾਂ' ਦੇ ਸਿਰ ਉੱਤੇ ਲੜੀ ਜਾ ਰਹੀ ਹੈ।
ਹਾਲਾਤ ਵੱਖ-ਵੱਖ ਹੋਣ ਦੇ ਬਾਵਜੂਦ ਧਾਰਨਾ ਦੇ ਪੱਧਰ ਉੱਤੇ ਭਾਰਤ ਆਲਮੀ ਰੁਝਾਨ ਦਾ ਦਿਲਚਸਪ ਮੰਚ ਬਣਿਆ ਹੋਇਆ ਹੈ। ਕਸ਼ਮੀਰ ਵਿੱਚ ਫ਼ੌਜੀ ਆਵਾਮ ਨੂੰ ਬੰਦੂਕਾਂ ਨਾਲ ਸੀਲ ਕਰ ਰਹੇ ਹਨ। ਉਨ੍ਹਾਂ ਦੇ ਅਖ਼ਤਿਆਰ ਖੇਤਰ ਤੋਂ ਬਾਹਰੋਂ ਉੱਠਦੀ ਕਸ਼ਮੀਰੀ ਆਵਾਜ਼ ਨੂੰ ਨੱਪਣ ਵਿੱਚ ਪੁਣੇ ਵਿੱਚ ਰਾਖਵੀ ਫ਼ੌਜ ਤਾਇਨਾਤ ਹੈ। ਤਜਿੰਦਰ ਬੱਗਿਆਂ ਦੀ ਹੱਲਾਸ਼ੇਰੀ ਲਈ ਅਡਵਾਨੀ ਤੋਂ ਚਿੰਦਬਰਮ ਤੱਕ ਦੀ ਸਾਂਝ ਜੱਗ-ਜ਼ਾਹਿਰ ਹੈ। ਸੰਜੇ ਕਾਕ ਦੀ ਫ਼ਿਲਮ ਤੋਂ ਬਿਨਾਂ ਵੀ 'ਕਸ਼ਮੀਰ ਦੀਆਂ ਆਵਾਜ਼ਾਂ' ਦਾ ਸੈਮੀਨਾਰ ਹੋ ਸਕਦਾ ਹੈ। ਪੁਣੇ ਵਿੱਚ ਹੋ ਰਿਹਾ ਹੈ। ਮੁੰਬਈ ਵਿੱਚ 'ਟਾਈਮਜ਼ ਆਫ਼ ਇੰਡੀਆ' ਦੇ ਦਫ਼ਤਰ ਉੱਤੇ ਹਮਲਾ ਹੋ ਸਕਦਾ ਹੈ। ਅਜਿਹੇ ਹਮਲਿਆਂ ਦੀ ਮਸ਼ਕ ਤਾਂ ਪਹਿਲਾਂ ਸੜਕਾਂ ਉੱਤੇ ਆਵਾਮ ਦੇ ਪਿੰਡੇ ਉੱਤੇ ਹੋਈ ਸੀ। ਦੂਜੇ ਧਰਮ, ਸੂਬੇ ਅਤੇ ਬੋਲੀ ਦੇ ਨਾਮ ਉੱਤੇ ਕੀਤਾ ਤਜਰਬਾ ਹੁਣ 'ਟਾਈਮਜ਼ ਆਫ਼ ਇੰਡੀਆ' ਦੇ ਦਫ਼ਤਰ ਪਹੁੰਚ ਗਿਆ ਹੈ। ਹਰਵਿੰਦਰ ਨੌਹਰਾ ਉੱਤੇ ਹੋਇਆ ਹਮਲਾ ਇਸ ਰੁਝਾਨ ਦੀ ਪੇਚੀਦਾ ਪਰਤ ਹੈ ਜੋ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾਵਾਂ ਤੋਂ ਹੇਠਾਂ ਨੂੰ ਚੱਲ ਰਿਹਾ ਹੈ। ਸਮੁੱਚੇ ਮੁਲਕ ਨੂੰ ਮੌਜੂਦਾ ਹਾਲਤ ਤੱਕ ਲਿਆਉਣ ਵਾਲੇ ਅਤੇ ਸੰਵਿਧਾਨ ਦੀ ਬੇਅਦਬੀ ਕਰਨ ਵਾਲੇ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਕਹਿੰਦੇ ਹਨ ਕਿ ਮੁਲਕ ਨੂੰ ਸਹੀ ਲੀਹ ਉੱਤੇ ਲਿਆਉਣ ਦਾ ਕੰਮ ਉਨ੍ਹਾਂ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। ਉਹ ਚੋਣਾਂ ਤੋਂ ਬਿਨਾਂ ਹਰ ਸਰਗਰਮੀ ਨੂੰ ਅਮਨ-ਕਾਨੂੰਨ ਦੇ ਘੇਰੇ ਵਿੱਚ ਰੱਖਣਾ ਚਾਹੁੰਦੇ ਹਨ। ਇਸੇ ਚਾਹਤ ਦਾ ਪ੍ਰਗਟਾਵਾ ਕਸ਼ਮੀਰ, ਪੰਜਾਬ, ਉੱਤਰ-ਪੂਰਬੀ ਸੂਬਿਆਂ ਅਤੇ ਹੁਣ ਮੱਧ-ਭਾਰਤ ਵਿੱਚ ਹੋ ਰਿਹਾ ਹੈ। ਇਸ ਹਾਲਤ ਵਿੱਚ ਹਰਵਿੰਦਰ ਨੌਹਰਾ ਉੱਤੇ ਹੋਇਆ ਹਮਲਾ ਕੋਈ ਵਿਕੋਲਿਤਰੀ ਘਟਨਾ ਨਹੀਂ ਹੈ ਸਗੋਂ ਵਡੇਰੇ ਰੁਝਾਨ ਦੀ ਕੜੀ ਹੈ। ਇਨ੍ਹਾਂ ਕੜੀਆਂ ਅਤੇ ਲੜੀਆਂ ਦਾ ਪੇਚੀਦਾ ਆਦਮਖੋਰ, ਇਨਸਾਫ਼ਖੋਰ, ਮਨੁੱਖ-ਖੋਰ, ਜਮਹੂਰੀਅਤ-ਖੋਰ, ਮੁਨਾਫ਼ਾਖੋਰ ਅਤੇ ਦਰਦਮੰਦੀ-ਖੋਰ ਆਪਾ ਹੁਣ ਬੇਪਰਦ ਹੋਇਆ ਖੜ੍ਹਾ ਹੈ। ਇਸ ਬਾਬਤ ਸ਼ਰਧਾ, ਮਰਿਆਦਾ ਅਤੇ ਸੀਲ ਸ਼ਹਿਰੀ ਦੇ ਘੇਰੇ ਵਿੱਚੋਂ ਸੰਜੀਦਾ ਸੰਵਾਦ ਕਰਨਾ ਔਖਾ ਹੈ।