Showing posts with label Shiv Sena. Show all posts
Showing posts with label Shiv Sena. Show all posts

Friday, December 14, 2012

ਪਸ਼ੇਮਾਨੀ ਤੋਂ ਮੁਕਤ ਮੱਧ-ਵਰਗ, ਮੁਨਾਫ਼ਾ ਤੇ ਮੂਲਵਾਦ

ਦਲਜੀਤ ਅਮੀ

ਇਤਿਹਾਸ ਨੂੰ ਸਮਝਣ ਲਈ ਸਮੇਂ ਤੇ ਸਥਾਨ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਪਰ ਕਈ ਵਾਰ ਸਬੱਬ ਗੁੰਝਲਦਾਰ ਰੁਝਾਨ ਨੂੰ ਸੁਖਾਲਾ ਕਰ ਕੇ ਸਮਝਾਉਂਦਾ ਹੈ। ਇੱਕੋ ਦਿਨ ਬਾਲ ਠਾਕਰੇ ਅਤੇ ਪੌਂਟੀ ਚੱਢਾ ਤੇ ਉਸ ਦੇ ਭਰਾ ਦੀ ਮੌਤ ਹੋਈ ਜੋ ਭਾਰਤੀ ਰਾਜਤੰਤਰ ਦੇ ਖ਼ਾਸੇ ਦੇ ਪੇਚੀਦਾ ਪੱਖ ਦੀ ਕੁੰਜੀ ਬਣ ਗਈ ਜਾਪਦੀ ਹੈ। ਇਨ੍ਹਾਂ ਮੌਤਾਂ ਦੇ ਕਾਰਨ ਵੱਖ-ਵੱਖ ਸਨ। ਥਾਂਵਾਂ ਵਿੱਚ ਚੋਖਾ ਫ਼ਰਕ ਸੀ। ਇਹ ਵੀ ਹੋ ਸਕਦਾ ਹੈ ਕਿ ਜਿਉਂਦੇ ਜੀਅ ਚੱਢਾ ਭਰਾ ਤੇ ਬਾਲ ਠਾਕਰੇ ਇੱਕ-ਦੂਜੇ ਦੇ ਸੰਪਰਕ ਵਿੱਚ ਨਾ ਆਏ ਹੋਣ। ਸਾਂਝ ਇਹ ਹੋ ਸਕਦੀ ਹੈ ਕਿ ਤਿੰਨਾਂ ਨੂੰ ਫ਼ਿਲਮ ਸਨਅਤ ਪੁੱਜ ਕੇ ਸਲਾਮ ਕਰਦੀ ਹੈ। ਕਾਨੂੰਨ ਨੂੰ ਮਰੋੜੀ ਦੇ ਕੇ ਇਨ੍ਹਾਂ ਨੂੰ ਆਪਣੀ ਮਨ-ਮਰਜ਼ੀ ਕਰਨੀ ਆਉਂਦੀ ਸੀ। ਇੱਕ ਨੇ ਆਪਣੇ ਘਰੋਂ ਬੈਠ ਕੇ ਸਰਕਾਰ ਚਲਾਉਣ ਦਾ ਤਜਰਬਾ ਕੀਤਾ ਤਾਂ ਦੂਜਿਆਂ ਨੇ ਪੈਸੇ ਦੇ ਜ਼ੋਰ ਨਾਲ ਕਾਨੂੰਨੀ ਅੜਿੱਕੇ ਲਾਂਭੇ ਕੀਤੇ। ਜੇ ਇਨ੍ਹਾਂ ਦੀ ਮੌਤ ਵੱਖ-ਵੱਖ ਦਿਨ ਹੁੰਦੀ ਤਾਂ ਫ਼ਿਲਮ ਸਨਅਤ ਤੇ ਪੱਤਰਕਾਰ ਤਬਕੇ ਨੇ ਚੱਢਾ ਭਰਾਵਾਂ ਨਾਲ ਆਪਣੀ ਨੇੜਤਾ ਦਾ ਇਜ਼ਹਾਰ ਵਧੇਰੇ ਕਰਨਾ ਸੀ। ਬਾਲ ਠਾਕਰੇ ਘਟਨਾਕ੍ਰਮ ਦੇ ਕੇਂਦਰ ਵਿੱਚ ਆ ਗਿਆ ਤਾਂ ਚੱਢਾ ਭਰਾ ਚਿੱਤਰਪਟ ਉੱਤੇ ਥੋੜਾ ਪਿੱਛੇ ਹੋ ਗਏ। ਬਾਲ ਠਾਕਰੇ ਅਤੇ ਚੱਢਾ ਭਰਾਵਾਂ ਵਿੱਚ ਸਾਂਝ ਇਹ ਵੀ ਹੈ ਕਿ ਉਨ੍ਹਾਂ ਨੇ ਭਾਰਤੀ ਇਤਿਹਾਸ ਨੂੰ ਨਵੀਂ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਮੋੜ ਦੇਣ ਵਾਲੀਆਂ ਤਾਕਤਾਂ ਦੀ ਉਹ ਨੁਮਾਇੰਦਗੀ ਕਰਦੇ ਸਨ। ਦੋਵਾਂ ਨੇ ਇੱਕ-ਦੂਜੇ ਵੱਲ ਪਿੱਠ ਕਰ ਕੇ ਖੜੀਆਂ ਧਿਰਾਂ ਨੂੰ ਇੱਕੋ ਵੇਲੇ ਕਲਾਵੇ ਵਿੱਚ ਲਿਆ। ਦੂਜੀਆਂ ਧਿਰਾਂ ਆਪਣੇ-ਆਪਣੇ ਪੈਂਤੜੇ ਉੱਤੇ ਕਾਇਮ ਰਹਿੰਦੀਆਂ ਹੋਈਆਂ ਇਸ ਕਲਾਵੇ ਦਾ ਨਿੱਘ ਮਾਣਦੀਆਂ ਰਹੀਆਂ। ਉਨ੍ਹਾਂ ਨੇ ਸਿਆਸਤ ਤੇ ਵਪਾਰ ਵਿੱਚ ਦੋਸਤੀ, ਦੁਸ਼ਮਣੀ, ਵਫ਼ਾਦਾਰੀ ਤੇ ਅਹਿਸਾਨ ਦੀ ਵਿਆਖਿਆ ਬਦਲ ਦਿੱਤੀ। ਉਨ੍ਹਾਂ ਨੇ ਖ਼ੁਦਗਰਜ਼ੀ, ਮੌਕਾਪ੍ਰਸਤੀ, ਤਿਕੜਮ, ਬੇਕਿਰਕੀ ਤੇ ਪਲਟੀਮਾਰ ਵਤੀਰੇ ਨੂੰ ਪਸ਼ੇਮਾਨੀ ਦੇ ਘੇਰੇ ਵਿੱਚੋਂ ਮੁਕਤ ਕਰ ਦਿੱਤਾ।


ਕੌਮੀ ਮੁਕਤੀ ਲਹਿਰ ਤੋਂ ਬਾਅਦ ਆਪਣੀ ਬਿਹਤਰ ਸਮਝ ਪੇਸ਼ ਕਰ ਕੇ ਸਰਕਾਰ ਬਣਾਉਣ ਲਈ ਬਹੁਮਤ ਜੋੜਨ ਦਾ ਉਪਰਾਲਾ ਹੁੰਦਾ ਸੀ, ਜਾਂ ਘੱਟੋ-ਘੱਟ ਅਜਿਹਾ ਕਰਨ ਦੀ ਤਵੱਕੋ ਕੀਤੀ ਜਾਂਦੀ ਸੀ। ਹੁਣ ਦੂਜੇ ਨੂੰ ਆਪਣੇ ਤੋਂ ਮਾੜਾ ਕਰਾਰ ਦਿੰਦੇ ਹੋਏ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾਂਦੀ ਹੈ। ਇਹ ਤਬਦੀਲੀ ਰਾਤੋ-ਰਾਤ ਨਹੀਂ ਆਈ, ਸਗੋਂ ਇਸ ਪਿੱਛੇ 65 ਸਾਲਾਂ ਦਾ ਰੁਝਾਨ ਹੈ। ਬਾਲ ਠਾਕਰੇ ਤੇ ਪੌਂਟੀ ਚੱਢਾ ਇਸੇ ਰੁਝਾਨ ਦੇ ਮਗਰਲੇ ਸਿਰੇ ਦੀ ਪ੍ਰਵਾਨਗੀ ਦੇ ਨੁਮਾਇੰਦੇ ਹਨ। ਬਾਲ ਠਾਕਰੇ ਨੇ ਮੁੰਬਈ ਵਿੱਚ ਉਸ ਵੇਲੇ ਸ਼ਿਵ ਸੈਨਾ ਬਣਾਈ ਜਦੋਂ ਕਾਂਗਰਸ ਆਪਣੀ ਕੌਮੀ ਮੁਕਤੀ ਵਾਲੇ ਖ਼ਾਸੇ ਤੋਂ ਕੰਨੀ ਕਸਕਾਉਣਾ ਸ਼ੁਰੂ ਕਰ ਰਹੀ ਸੀ। ਕੌਮੀ ਮੁਕਤੀ ਦਾ ਟੁੱਟਿਆ ਸੁਫ਼ਨਾ ਸਨਅਤੀ ਕਾਮਿਆਂ ਦੇ ਏਕੇ ਵਜੋਂ ਕਮਿਉਨਿਸਟ ਪਾਰਟੀ ਤੋਂ ਸੇਧ ਭਾਲ ਰਿਹਾ ਸੀ। ਮੁੰਬਈ ਵਿੱਚ ਸਨਅਤੀ  ਕਾਮਿਆਂ ਦੇ ਆਗੂ ਇੱਕੋ ਵੇਲੇ ਕਾਂਗਰਸ ਅਤੇ ਮਿੱਲ ਮਾਲਕਾਂ ਨੂੰ ਚੁੱਭਦੇ ਸਨ। ਸ਼ਿਵ ਸੈਨਾ ਇੱਕੋ ਕੰਮ ਨਾਲ ਦੋਵਾਂ ਦੀ ਸਰਪ੍ਰਸਤੀ ਹਾਸਲ ਕਰ ਰਹੀ ਸੀ। ਸਿਆਸਤ ਅਤੇ ਸਰਮਾਏ ਦਾ ਗਠਜੋੜ ਸ਼ਿਵ ਸੈਨਾ ਦੇ ਰੂਪ ਵਿੱਚ ਮਰਾਠੀ ਪਛਾਣ ਦੀ ਗੱਲ ਕਰ ਰਿਹਾ ਸੀ। ਪਾਠਕ ਇਹ ਨਾ ਸਮਝਣ ਕਿ ਇਹ ਹਿਟਲਰ ਦੇ ਤਜਰਬੇ ਦਾ ਭਾਰਤੀ ਚਰਬਾ ਹੈ। ਜਦੋਂ ਇੱਕ ਪਾਸੇ ਕਮਿaਨਿਸਟ ਪਾਰਟੀ ਦੇ ਦੋਫਾੜ ਹੋਣ ਤੋਂ ਬਾਅਦ ਤੀਜੀ ਧਿਰ ਦੀਆਂ ਫਾਂਟਾਂ ਨਕਸਲਬਾੜੀ ਲਹਿਰ ਦੇ ਰੂਪ ਵਿੱਚ ਸਰਗਰਮ ਸਨ ਤਾਂ ਬਾਲ ਠਾਕਰੇ ਨੇ ਸ਼ਿਵ ਸੈਨਾ ਦੇ 'ਸਾਮਨਾ' ਤੋਂ ਪਹਿਲੇ ਪਰਚੇ 'ਮਾਰਮਿਕ' ਵਿੱਚ 'ਕਮਿਉਨਿਸਟਾਂ ਦਾ ਲੱਕ ਤੋੜਨ' ਦਾ ਐਲਾਨ ਕੀਤਾ ਸੀ। ਇਸ ਤੋਂ ਤਿੰਨ ਮਹੀਨੇ ਬਾਅਦ ਸ਼ਿਵ ਸੈਨਾ ਨੇ ਭਾਰਤੀ ਕਮਿਉਨਿਸਟ ਪਾਰਟੀ ਦੇ ਪਰੇਲ ਦਫ਼ਤਰ ਉੱਤੇ ਹਮਲਾ ਕਰ ਕੇ ਭੰਨ-ਤੋੜ ਕੀਤੀ। ਪੰਜ ਜੂਨ 1970 ਨੂੰ ਸ਼ਿਵ ਸੈਨਾ ਨੇ ਭਾਰਤੀ ਕਮਿਉਨਿਸਟ ਪਾਰਟੀ ਦੇ ਵਿਧਾਇਕ ਕ੍ਰਿਸ਼ਨ ਦੇਸਾਈ ਦਾ ਕਤਲ ਕੀਤਾ। ਕ੍ਰਿਸ਼ਨ ਦੇਸਾਈ ਦੇ ਅੰਤਿਮ ਸਸਕਾਰ ਉੱਤੇ ਸਨਅਤੀ ਕਾਮਿਆਂ ਦਾ ਇੱਕਠ ਉਸੇ ਸ਼ਿਵਾਜੀ ਪਾਰਕ ਵਿੱਚ ਹੋਇਆ ਸੀ ਜਿੱਥੇ ਬਾਲ ਠਾਕਰੇ ਨੂੰ ਦਾਗ਼ ਦਿੱਤਾ ਗਿਆ। ਸ਼ਿਵ ਸੈਨਾ ਖ਼ਿਲਾਫ਼ ਨਾਅਰੇ ਲਗਾ ਰਿਹਾ ਇਕੱਠ ਖਾੜਕੂ ਜਵਾਬ ਦੇਣਾ ਚਾਹੁੰਦਾ ਸੀ ਪਰ ਪਾਰਟੀ ਨੇ ਕਾਨੂੰਨੀ ਘੇਰੇ ਵਿੱਚ ਰਹਿ ਕੇ ਮੂਲਵਾਦ ਨੂੰ ਬੇਪਰਦ ਕਰਨ ਨੂੰ ਤਰਜੀਹ ਦਿੱਤੀ। ਸਿਆਸੀ ਟਿੱਪਣੀਕਾਰ ਸਰੋਜ ਗਿਰੀ ਲਿਖਦਾ ਹੈ ਕਿ ਇਹੋ ਮੋੜ ਨਿਰਾਸ਼ ਕਾਮਿਆਂ ਅਤੇ ਬੇਮੁਹਾਰ ਸ਼ਿਵ ਸੈਨਾ ਲਈ ਫ਼ੈਸਲਾਕੁਨ ਸਾਬਤ ਹੋਇਆ। ਇੱਕ ਧਿਰ ਕਾਨੂੰਨ ਦੇ ਘੇਰੇ ਵਿੱਚ ਰਹਿ ਕੇ ਤਕਰੀਬਨ ਅਣਹੋਈ ਵਾਲੀ ਹਾਲਤ ਵਿੱਚ ਪਹੁੰਚ ਗਈ ਤੇ ਦੂਜੀ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਕਾਨੂੰਨ ਬਣਾਉਣ ਦੀ ਸੰਵਿਧਾਨਕ ਪਦਵੀ ਤੱਕ ਪੁੱਜ ਗਈ। ਠਾਕਰੇ ਉਸ ਕਤਲ ਤੋਂ ਬਾਅਦ ਅਜਿਹੀਆਂ ਹੋਰ ਕਾਰਵਾਈਆਂ ਕਰਨ ਦੇ ਦਾਅਵੇ ਕਰ ਰਿਹਾ ਸੀ ਤੇ ਭਾਰਤੀ ਕਮਿਉਨਿਸਟ ਪਾਰਟੀ ਕਾਨੂੰਨ ਤੇ ਅਦਾਲਤਾਂ ਤੋਂ ਰਾਹਤ ਭਾਲ ਰਹੀ ਸੀ। ਚੋਣਾਂ ਵਿੱਚ ਕ੍ਰਿਸ਼ਨ ਦੇਸਾਈ ਦੀ ਵਿਧਵਾ ਸਰੋਜਨੀ ਦੇਸਾਈ ਸ਼ਿਵ ਸੈਨਾ ਦੇ ਉਮੀਦਵਾਰ ਤੋਂ ਕਮਿਉਨਿਸਟਾਂ ਦੇ ਗੜ੍ਹ ਵਿੱਚ ਹੀ ਹਾਰ ਗਈ। 

ਅਜਿਹੇ ਮੌਕੇ ਜੇਤੂ ਨਾਲ ਖੁੱਲ੍ਹੇ ਜਾਂ ਗੁਪਤ ਤੌਰ ਦੇ ਜੁੜਨ ਦਾ ਰੁਝਾਨ ਤੁਰ ਪੈਂਦਾ ਹੈ। ਕੁਝ ਪੁਰਾਣੀਆਂ ਵਫ਼ਾਦਾਰੀਆਂ ਜਾਂ ਪਛਾਣ ਦੀ ਦੇਹਲੀ ਪਾਰ ਕਰ ਕੇ ਕੁਝ ਸਮੇਂ ਲਈ ਪਸ਼ੇਮਾਨ ਹੁੰਦੇ ਹੋਏ ਵੀ ਨਵੀਆਂ ਵਫ਼ਾਦਾਰੀਆਂ ਦਾ ਸੁੱਖ ਮਾਣਦੇ ਹਨ। ਅਜਿਹੀ ਮਿਸਾਲ ਪ੍ਰਤਿਸ਼ ਨੰਦੀ ਦਾ ਬਾਲ ਠਾਕਰੇ ਦੀ ਮੌਤ ਤੋਂ ਬਾਅਦ ਲਿਖਿਆ ਸ਼ਰਧਾਜਲੀ ਲੇਖ ਹੈ। ਨੰਦੀ ਨੂੰ 1998 ਵਿੱਚ ਸ਼ਿਵ ਸੈਨਾ ਨੇ ਰਾਜ ਸਭਾ ਦਾ ਮੈਂਬਰ ਬਣਾਇਆ ਸੀ। ਨੰਦੀ ਦੇ ਮੂਲਵਾਦ ਨਾਲ ਇਤਫ਼ਾਕ ਨਾ ਰੱਖਣ ਵਾਲੇ ਦੋਸਤ ਉਸ ਨੂੰ ਪਸ਼ੇਮਾਨ ਕਰਦੇ ਸਨ। ਉਸ ਨੇ ਲੇਖ ਵਿੱਚ ਲਿਖਿਆ ਹੈ, "ਠਾਕਰੇ ਮੇਰੀ ਪਸ਼ੇਮਾਨੀ ਦਾ ਸਵਾਦ ਲੈਂਦਾ ਸੀ।" ਪਸ਼ੇਮਾਨੀ ਕਬੂਲ ਕਰਦਾ ਹੋਇਆ ਨੰਦੀ ਰਾਜ ਸਭਾ ਦਾ ਨਿੱਘ ਮਾਣਦਾ ਰਿਹਾ ਅਤੇ ਠਾਕਰੇ ਦੀ ਮੌਤ ਤੋਂ ਬਾਅਦ ਉਹ ਆਪਣੀ ਵਫ਼ਾਦਾਰੀ ਦਾ ਐਲਾਨ ਕਰਦਾ ਹੋਇਆ ਇਸ ਪਸ਼ੇਮਾਨੀ ਤੋਂ ਮੁਕਤ ਹੋ ਗਿਆ। ਸੋਗ ਵਿੱਚ 'ਜੇ ਰੋਣ ਨਾ ਆਵੇ ਤਾਂ ਰੋਣ ਵਰਗਾ ਮੂੰਹ ਕਰ' ਲੈਣ ਦੀ ਰੀਤ ਪ੍ਰਤਿਸ਼ ਨੰਦੀ ਦੇ ਨਾਲ-ਨਾਲ ਬਹੁਤ ਸਾਰੇ ਪੱਤਰਕਾਰਾਂ ਦੇ ਕੰਮ ਆਈ ਹੈ।


ਠਾਕਰੇ ਦੀ ਮੌਤ ਤੋਂ ਬਾਅਦ ਸ਼ਰਧਾਜਲੀਆਂ ਭੇਟ ਕਰਨ ਵਾਲਿਆਂ ਉੱਤੇ ਭਗਤੀ ਰਸ ਭਾਰੂ ਰਿਹਾ। ਉਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਗਏ ਜੋ ਆਮ ਤੌਰ ਉੱਤੇ ਧਾਰਮਿਕ ਸ਼ਖ਼ਸੀਅਤਾਂ ਜਾਂ ਕਲਾਕਾਰਾਂ ਲਈ ਰਾਖਵੇਂ ਹੁੰਦੇ ਹਨ। ਜੇ ਅਜੇ ਦੇਵਗਨ ਨੂੰ ਠਾਕਰੇ 'ਦੂਰਗਾਮੀ ਸੱਜਣ' ਜਾਪਦਾ ਹੈ ਤਾਂ ਰਾਮ ਗੋਪਾਲ ਵਰਮਾ ਉਸ ਨੂੰ 'ਤਾਕਤ ਦਾ ਮੁਜੱਸਮਾ' ਕਰਾਰ ਦਿੱਤਾ। ਅਮਿਤਾਭ ਬਚਨ ਉਸ ਦੀ 'ਦ੍ਰਿੜਤਾ ਨੂੰ ਸਲਾਹੁੰਦਾ' ਹੈ ਅਤੇ ਲਤਾ ਮੰਗੇਸ਼ਕਰ ਨੂੰ ਉਸ ਦੇ ਵਿਛੋੜੇ ਨੇ 'ਅਨਾਥ ਹੋਣ ਦਾ ਅਹਿਸਾਸ' ਕਰਵਾਇਆ। ਹਰ ਧਾਰਾ ਦੇ ਸਿਆਸਤਦਾਨ ਇਸੇ ਸੁਰ ਵਿੱਚ ਸੁਰ ਮਿਲਾਉਂਦੇ ਜਾਪਦੇ ਸਨ। ਰਾਸ਼ਟਰਪਤੀ ਪ੍ਰਣਬ ਮੁਖਰਜੀ ਇਸ ਨੂੰ 'ਨਾ ਪੂਰਿਆ ਜਾ ਸਕਣ ਵਾਲੇ ਘਾਟਾ' ਦੱਸਿਆ। ਟੈਲੀਵਿਜ਼ਨ ਪੇਸ਼ਕਾਰ ਰਾਜਦੀਪ ਸਰਦੇਸਾਈ ਉਸ ਨੂੰ 'ਮੁੰਬਈ ਨਾਇਕ' ਕਰਾਰ ਦਿੰਦਾ ਹੋਇਆ ਪੇਸ਼ੀਨਗੋਈ ਕਰ ਰਿਹਾ ਸੀ ਕਿ ਮੁੰਬਈ ਉਸ ਦੇ ਸਤਿਕਾਰ/ਡਰ ਵਜੋਂ ਬੰਦ ਰਹੇਗਾ। ਅਰਨਵ ਗੋਸੁਆਮੀ ਨੇ ਠਾਕਰੇ ਦੀ ਮੌਤ ਨੂੰ 'ਇਤਿਹਾਸਕ ਘਟਨਾ' ਕਰਾਰ ਦਿੱਤਾ ਤੇ ਦਰਸ਼ਕਾਂ ਨੂੰ 'ਉਸ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ' ਦੀ ਬੇਨਤੀ ਕੀਤੀ। ਵੀਰ ਸੰਗਵੀ ਉਸ ਨੂੰ 'ਮੁੰਬਈ ਦਾ ਬੇਤਾਜ਼ ਬਾਦਸ਼ਾਹ' ਕਰਾਰ ਦਿੱਤਾ। ਇਸੇ ਮਾਹੌਲ ਵਿੱਚ ਟੈਲੀਵਿਜ਼ਨ ਚੈਨਲ ਇੱਕ-ਦੂਜੇ ਨਾਲ ਮੁਕਾਬਲਾ ਕਰਦੇ ਹਨ ਕਿ ਕਿਸ ਨੇ ਕਿੰਨੇ ਪੱਖਾਂ ਤੋਂ ਅੰਤਿਮ ਸਸਕਾਰ ਦਿਖਾਉਣ ਦਾ ਇੰਤਜ਼ਾਮ ਕੀਤਾ ਹੈ। ਕਿਸ ਨੇ ਕਿੰਨੇ ਪੱਤਰਕਾਰ ਤੇ ਕੈਮਰਾਂ ਟੀਮਾਂ ਤਾਇਨਾਤ ਕੀਤੀਆਂ ਹਨ। ਟਾਈਮਜ਼ ਨਾਓ ਨੇ ਇਸ ਕੰਮ ਲਈ ਸੱਤ ਕੈਮਰਾ ਟੀਮਾਂ ਤਾਇਨਾਤ ਕੀਤੀਆਂ ਤੇ ਐਨ.ਡੀ.ਟੀ.ਵੀ. ਨੇ ਇਹ ਕੰਮ ਤਿੰਨ ਟੀਮਾਂ ਨਾਲ ਕੀਤਾ। ਉਸ ਦਿਨ ਸ਼੍ਰੀਕ੍ਰਿਸ਼ਨਾ ਕਮਿਸ਼ਨ ਦੀ ਰਪਟ ਨੂੰ ਯਾਦ ਨਹੀਂ ਕੀਤਾ ਗਿਆ ਜਿਸ ਵਿੱਚ ਬਾਲ ਠਾਕਰੇ ਦੀ 1992 ਦੇ ਮੁੰਬਈ ਵਿੱਚ ਦੰਗਿਆਂ ਦੇ ਦੋਸ਼ੀ ਵਜੋਂ ਨਿਸ਼ਾਨਦੇਹੀ ਕੀਤੀ ਗਈ ਸੀ। ਠਾਕਰੇ ਨੇ ਫ਼ਿਲਮਸਾਜ਼ ਮਣੀ ਰਤਨਮ ਦੀ ਫ਼ਿਲਮ 'ਰੋਜ਼ਾ' ਉੱਤੇ ਇਤਰਾਜ਼ ਕੀਤਾ ਸੀ ਕਿ ਬਾਲ ਠਾਕਰੇ ਨਾਲ ਮੇਲ ਖਾਂਦਾ ਕਿਰਦਾਰ ਦੰਗਿਆਂ ਉੱਤੇ ਅਫ਼ਸੋਸ ਜ਼ਾਹਿਰ ਕਰਦਾ ਹੈ।


ਉਸੇ ਦਿਨ ਦਿੱਲੀ ਲਾਗੇ ਇੱਕ ਫਾਰਮਹਾਊਸ ਉੱਤੇ ਚੱਲੀ ਗੋਲੀ ਵਿੱਚ ਚੱਢਾ ਭਰਾ ਮਾਰੇ ਗਏ ਤਾਂ ਉਨ੍ਹਾਂ ਦੀ ਤਰੱਕੀ ਦੀਆਂ ਤਫ਼ਸੀਲਾਂ ਸਭ ਦੇ ਸਾਹਮਣੇ ਆਈਆਂ। ਪੰਜਾਬੀਆਂ ਨੂੰ ਤਾਂ ਇਹ ਨਹੀਂ ਭੁੱਲਿਆ ਹੋਣਾ ਕਿ ਪੰਜਾਬ ਵਿੱਚ ਹੁਣ ਤੱਕ ਦੀ ਸਭ ਤੋਂ ਗੰਧਲੀ ਚੋਣ ਲੜਨ ਤੋਂ ਬਾਅਦ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ, ਦੋਵੇਂ ਪੌਂਟੀ ਚੱਢਾ ਦੀ ਕੁੜੀ ਦੇ ਵਿਆਹ ਉੱਤੇ ਸਜ-ਧਜ ਕੇ ਪਹੁੰਚੇ ਸਨ। ਪੌਂਟੀ ਦਾ ਘਰ ਉਨ੍ਹਾਂ ਥਾਂਵਾਂ ਦੀ ਨੁਮਾਇੰਦਗੀ ਕਰਦਾ ਹੈ ਜੋ ਮੌਜੂਦਾ ਸਿਆਸਤਦਾਨਾਂ ਲਈ ਸਿਆਸੀ ਪਾਲਾਬੰਦੀ ਤੋਂ ਉਪਰ ਉੱਠ ਕੇ ਅਹਿਮ ਹੋ ਗਈਆਂ ਹਨ। ਗੱਠਜੋੜ ਸਰਕਾਰਾਂ ਦੇ ਦੌਰ ਵਿੱਚ ਕੋਈ ਸਿਆਸੀ ਪਾਰਟੀ ਕਿਸੇ ਦੀ ਪੱਕੀ ਦੋਸਤ ਜਾਂ ਦੁਸ਼ਮਣ ਨਹੀਂ ਹੈ। ਇਸ ਦੌਰ ਵਿੱਚ ਸਮਾਜਵਾਦੀ ਪਾਰਟੀ (ਸਪਾ) ਤੇ ਬਸਪਾ (ਬਸਪਾ) ਆਪਣੀ ਦੁਸ਼ਮਣੀ ਕਾਇਮ ਰੱਖਣ ਲਈ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਹਨ। ਉੱਤਰ ਪ੍ਰਦੇਸ਼ ਵਿੱਚ ਮੌਜੂਦਾ ਦੌਰ ਦੀ ਸਭ ਤੋਂ ਜ਼ਹਿਰੀ ਦੁਸ਼ਮਣੀ ਪਾਲਣ ਵਾਲੀਆਂ ਜਥੇਬੰਦੀਆਂ ਸਪਾ ਤੇ ਬਸਪਾ, ਚੱਢਿਆਂ ਨੂੰ ਆਪਣੀ ਦੁਸ਼ਮਣੀ ਦਾ ਸੇਕ ਨਹੀਂ ਲੱਗਣ ਦਿੰਦੀਆਂ। ਨਤੀਜੇ ਵਜੋਂ ਚੱਢਿਆਂ ਦਾ ਕਾਰੋਬਾਰ ਰਾਕਟੀ ਚਾਲ ਵਧਿਆ। ਟ੍ਰਿਬਿਊਨ ਦਾ ਪੱਤਰਕਾਰ ਪ੍ਰਭਜੋਤ ਸਿੰਘ ਚੱਢਿਆਂ ਦੇ ਹੁਨਰ ਵਿੱਚੋਂ ਖੁਖਰੈਨ ਬਰਾਦਰੀ ਦੇ ਉਧਮੀ ਖ਼ਾਸੇ ਦੀ ਨਿਸ਼ਾਨਦੇਹੀ ਕਰਦਾ ਹੋਇਆ ਉਨ੍ਹਾਂ ਦੇ ਕਾਰੋਬਾਰ ਦੀ ਚਿੰਤਾ ਕਰਦਾ ਹੈ। ਇਹ ਲੇਖ ਦੱਸ ਪਾਉਂਦਾ ਹੈ ਕਿ ਚੱਢਿਆਂ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਨੇ ਨਾਲ ਰਿਸ਼ਤੇਦਾਰੀ ਹੈ। ਜਦੋਂ ਪ੍ਰਭਜੋਤ ਸਿੰਘ ਦਾ ਇਹ ਲੇਖ 'ਪੰਜਾਬੀ ਟ੍ਰਿਬਿਊਨ' ਦੇ ਸੰਪਾਦਕੀ ਪੰਨੇ ਉੱਤੇ ਛਪਿਆ ਤਾਂ ਇਹ ਤਫ਼ਸੀਲ ਚਰਚਾ ਵਿੱਚ ਸੀ ਕਿ ਚੱਢਿਆਂ ਦੀ ਆਪਣੀ ਗੁੰਡਾ-ਢਾਣੀ ਸਰਕਾਰ ਦੇ ਮਾਲ ਮਹਿਕਮੇ ਦੇ ਬਰਾਬਰ ਕੰਮ ਕਰਦੀ ਸੀ। ਇਸ ਦੇ ਅਹੁਦੇ ਵੀ ਫ਼ੌਜੀ ਤਰਜ਼ ਉੱਤੇ ਸਨ ਤੇ ਇਨ੍ਹਾਂ ਦੀ ਤਨਖ਼ਾਹ ਦਾ ਬੰਦੋਬਸਤ ਤੈਅ ਮੁੱਲ ਤੋਂ ਮਹਿੰਗੀ ਸ਼ਰਾਬ ਵੇਚ ਕੇ ਹੁੰਦਾ ਸੀ। ਇਸ ਤਰ੍ਹਾਂ ਪ੍ਰਭਜੋਤ ਸਿੰਘ ਦਾ ਸ਼ਰਧਾਜਲੀ ਲੇਖ ਤੇ ਪ੍ਰਤਿਸ਼ ਨੰਦੀ ਦਾ ਸ਼ਰਧਾਜਲੀ ਲੇਖ ਇੱਕੋ ਲੜੀ ਦੀਆਂ ਦੋ ਕੜੀਆਂ ਹੋ ਨਿਬੜਦੇ ਹਨ। ਦੋਵਾਂ ਨੂੰ ਮੌਤ ਪਸ਼ੇਮਾਨੀ ਦੇ ਘੇਰ ਵਿੱਚੋਂ ਬਾਹਰ ਲੈ ਆਈ ਹੈ।

ਚੱਢਿਆਂ ਦੀ ਮੌਤ ਦਾ ਘਟਨਾਕ੍ਰਮ ਹੋਰ ਕੜੀਆਂ ਜੋੜਦਾ ਹੈ। ਆਖ਼ਰਕਾਰ, ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਸੁਖਦੇਵ ਸਿੰਘ ਨਾਮਧਾਰੀ ਮੁਲਜ਼ਮ ਬਣਾਇਆ ਜਾਂਦਾ ਹੈ ਤਾਂ ਉਸ ਦੀ ਤਰੱਕੀ ਦੀ ਤਫ਼ਸੀਲ ਵੀ ਸਾਹਮਣੇ ਆਉਂਦੀ ਹੈ। ਉਹ ਟਰੱਕ ਡਰਾਈਵਰ ਤੋਂ ਅਰਬਾਂਪਤੀ ਤੇ ਭਾਜਪਾ ਦੀ ਉਤਰਾਖੰਡ ਸਰਕਾਰ ਦਾ ਘੱਟਗਿਣਤੀ ਕਮਿਸ਼ਨ ਦਾ ਨਾਮਜ਼ਦ ਚੇਅਰਮੈਨ ਕਿਵੇਂ ਬਣਿਆ? ਮਹਿਲਾਂ ਨੂੰ ਮਾਤ ਪਾਉਂਦੇ ਘਰ ਅਤੇ ੯੯ ਫ਼ੀਸਦੀ ਆਬਾਦੀ ਨੂੰ ਜ਼ਲੀਲ ਕਰਨ ਦੀ ਹੱਦ ਤੱਕ ਵੱਡੀਆਂ ਰਕਮਾਂ ਦੀ ਤਫ਼ਸੀਲ ਦੱਸਦੀ ਹੈ ਕਿ ਚੱਢਿਆਂ ਦੀ ਨਾਮਧਾਰੀ ਨਾਲ ਕੀ ਸਾਂਝ ਸੀ। ਇਹ ਸੁਖਦੇਵ ਸਿੰਘ ਨਾਮਧਾਰੀ ਭਾਜਪਾ ਦੇ ਸਿੱਖ ਵਿਰੋਧੀ ਵਿਧਾਇਕ ਦੇ ਕਤਲ ਤੋਂ ਬਾਅਦ ਕਦੇ ਡੇਰਾ ਭੈਣੀ ਸਾਹਿਬ ਦੀ ਸ਼ਰਨ ਵਿੱਚ ਰਿਹਾ। ਭੈਣੀ ਸਾਹਿਬ ਦੇ ਡੇਰੇ ਬਾਬਤ ਅੰਦਰਲੀਆਂ ਗੱਲਾਂ ਪਿਛਲੇ ਸਾਲਾਂ ਦੌਰਾਨ ਲੇਖਕ ਸੁਖਜੀਤ ਨੇ 'ਫਿਲਹਾਲ' ਪਰਚੇ ਵਿੱਚ ਲਿਖੀਆਂ ਹਨ। ਸੁਖਜੀਤ ਦੀਆਂ ਲਿਖਤਾਂ ਭੇਤੀ ਤਜਰਬੇ ਵਿੱਚੋਂ ਉਪਜੀਆਂ ਹਨ। ਇਹ ਸਵੈ-ਜੀਵਨੀਨੁਮਾ ਲੇਖ ਪੜ੍ਹ ਕੇ ਬੰਦੇ ਆਪਣੇ ਕਿਸੇ ਵੀ ਗੌਂਅ ਦਾ ਤਾਂ ਭਗਤ ਹੋ ਸਕਦਾ ਹੈ ਪਰ ਉਸ ਦਾ ਬੰਦਿਆਈ ਵਿੱਚ ਯਕੀਨ ਕਾਇਮ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ। ਸੁਖਦੇਵ ਸਿੰਘ ਨਾਮਧਾਰੀ ਨੇ ਆਪਣਾ ਹੁਨਰ ਇਸੇ ਸਿਖਲਾਈ ਕੇਂਦਰ ਵਿੱਚ ਨਿਖਾਰਿਆ। ਰੇਤ ਮਾਫ਼ੀਆ ਰਾਹੀਂ ਸੁਖਦੇਵ ਸਿੰਘ ਨਾਮਧਾਰੀ ਮੁੜ ਕੇ ਉਤਰਾਖੰਡ ਪਹੁੰਚਿਆ ਅਤੇ ਅਮੀਰਾਂ ਦੀ ਅਮੀਰੀ ਵਿੱਚ ਵਾਧੇ ਦਾ ਕਾਰੋਬਾਰ ਕਰਨ ਲੱਗਿਆ ਜੋ ਕਿਸੇ ਧਰਮ ਜਾਂ ਕਾਨੂੰਨ ਦੇ ਘੇਰੇ ਵਿੱਚ ਨਹੀਂ ਆਉਂਦਾ। ਇਸੇ ਦੌਰਾਨ ਉਸ ਦੇ ਹੁਨਰ ਦੀ ਸ਼ਨਾਖ਼ਤ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਕੀਤੀ। ਇਸੇ ਹੁਨਰ ਦੀ ਕਦਰਦਾਨੀ ਵਜੋਂ ਉਸ ਨੂੰ ਰਾਸ਼ਟਰੀ ਸਿੱਖ ਸੰਗਤ ਦਾ ਅਹੁਦੇਦਾਰ ਬਣਾਇਆ ਗਿਆ। ਇਸੇ ਖ਼ਾਤੇ ਵਿੱਚੋਂ ਸੁਖਦੇਵ ਸਿੰਘ ਘੱਟ-ਗਿਣਤੀ ਕਮਿਸ਼ਨ ਦਾ ਚੇਅਰਮੈਨ ਨਾਮਜ਼ਦ ਹੋਇਆ।

ਸੁਖਦੇਵ ਸਿੰਘ ਦੀ ਤਰੱਕੀ ਦਾ ਰਾਹ ਚੱਢਿਆਂ ਨਾਲ ਵੀ ਮਿਲਦਾ ਹੈ ਤੇ ਠਾਕਰੇ ਨਾਲ ਵੀ। ਉਹ ਇਸੇ ਰੁਝਾਨ ਦੀ ਜਿਉਂਦੀ ਤੇ ਤਬਦੀਲੀ ਦੇ ਦੌਰ ਵਿੱਚੋਂ ਲੰਘ ਰਹੀ ਕੜੀ ਹੈ। ਜਿਵੇਂ ਠਾਕਰੇ ਦੇ ਹੁਨਰ ਦੀ ਕਦਰ ਪਹਿਲਾਂ ਕਾਂਗਰਸ ਤੇ ਬਾਅਦ ਵਿੱਚ ਭਾਜਪਾ ਨੇ ਪਾਈ, ਉਸੇ ਤਰ੍ਹਾਂ ਸੁਖਦੇਵ ਸਿੰਘ ਦੇ ਹੁਨਰ ਦੀ ਕੀਮਤ ਪਹਿਲਾਂ ਡੇਰੇ, ਫਿਰ ਸ਼ਰਾਬ ਦੇ ਠੇਕੇਦਾਰਾਂ ਅਤੇ ਬਾਅਦ ਵਿੱਚ ਰਾਸ਼ਟਰੀ ਸਵੈਮਸੇਵਕ ਸੰਘ ਨੇ ਪਾਈ। ਸਮੇਂ ਦੇ ਨਾਲ-ਨਾਲ ਠਾਕਰੇ ਅਤੇ ਪੌਂਟੀ ਰਾਜਸੱਤਾ ਨੂੰ ਰਾਸ ਆ ਗਏ ਤੇ ਸੁਖਦੇਵ ਸਿੰਘ ਹਾਲੇ ਤਬਦੀਲੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ।


ਮੀਡੀਆ ਵੱਲੋਂ ਬਾਲ ਠਾਕਰੇ ਦਾ ਸਸਕਾਰ ਸ਼ਰਧਾ ਭਾਵਨਾ ਨਾਲ ਪੇਸ਼ ਕਰਨਾ ਕਈ ਤਰ੍ਹਾਂ ਦੇ ਸਵਾਲਾਂ ਦਾ ਸਬੱਬ ਬਣਿਆ ਹੈ। ਇਹ ਸਹਿਮਤੀ ਦੀ ਘਾੜਤ ਨਹੀਂ ਤਾਂ ਹੋਰ ਕੀ ਹੈ? ਪੌਂਟੀ ਚੱਢਾ ਤੇ ਬਾਲ ਠਾਕਰੇ ਦੀ ਇੱਕੋ ਦਿਨ ਮੌਤ ਇਤਿਹਾਸਕ ਸਬੱਬ ਹੈ ਜਿਸ ਨਾਲ ਸਾਡੇ ਮੁਲਕ ਦਾ ਰਾਜਤੰਤਰੀ ਖ਼ਾਸਾ ਉਘੜਵੇਂ ਰੂਪ ਵਿੱਚ ਪੇਸ਼ ਹੋਇਆ ਹੈ। ਇਸ ਮੌਕੇ ਅੰਨ੍ਹੇ ਮੁਨਾਫ਼ੇ ਤੇ ਮੂਲਵਾਦ ਦਾ ਜਮਾਂਜੋੜ ਮੀਡੀਆ ਦੇ ਮੰਚ ਉੱਤੋਂ ਆਪਣੀ ਮੂੰਹਜ਼ੋਰੀ ਦਾ ਸਬੂਤ ਦੇ ਚੁੱਕਿਆ ਹੈ। ਬਾਲ ਠਾਕਰੇ ਨੇ ਭਾਰਤੀ ਸਿਆਸਤ ਵਿੱਚ ਨਾਜ਼ੀ ਬਿਰਤੀ ਨੂੰ ਹਵਾ ਦਿੱਤੀ ਜੋ ਪੌਂਟੀ ਚੱਢੇ ਦੇ ਕੰਮ ਆਈ ਅਤੇ ਸੁਖਦੇਵ ਸਿੰਘ ਨਾਮਧਾਰੀ ਦੀ ਤਰੱਕੀ ਦਾ ਸਬੱਬ ਬਣੀ। ਪੱਤਰਕਾਰ ਪਰਵੀਨ ਸੁਆਮੀ ਨੇ ਹਿੰਦੂ ਵਿੱਚ ਲਿਖੇ ਲੇਖ ਵਿੱਚ ਯਾਦ ਕਰਵਾਇਆ ਹੈ ਕਿ ਬਾਲ ਠਾਕਰੇ ਨੇ 1967 ਵਿੱਚ 'ਨਵਾਂ ਕੱਲ੍ਹ' ਅਖ਼ਬਾਰ ਨੂੰ ਕਿਹਾ ਸੀ, "ਭਾਰਤ ਵਿੱਚ ਹਿਟਲਰ ਦੀ ਜ਼ਰੂਰਤ ਹੈ।" ਹਿਟਲਰਸ਼ਾਹੀ ਦਾ ਦੂਜਾ ਪਾਸਾ ਇਹੋ ਹੈ ਕਿ ਉਸ ਦੇ ਬੰਦਿਆਂ ਦੀ ਮਰਜ਼ੀ ਚੱਲੇਗੀ ਤੇ ਕਾਇਦਾ-ਕਾਨੂੰਨ ਵੀ ਉਨ੍ਹਾਂ ਦੇ ਲਿਹਾਜ਼ ਨਾਲ ਚੱਲੇਗਾ। ਮੁਨਾਫ਼ਾ ਤੇ ਮੂਲਵਾਦ ਉਸ ਦੌਰ ਵਿੱਚ ਵਧ ਰਹੇ ਹਨ ਜਦੋਂ ਗ਼ਰੀਬ-ਅਮੀਰ ਦਾ ਪਾੜਾ ਲਗਾਤਾਰ ਵਧ ਰਿਹਾ ਹੈ। ਠਾਕਰੇ ਨੇ ਮਰਾਠੀ ਮਾਨਸ ਦਾ ਨਾਅਰਾ ਦਿੱਤਾ ਪਰ ਮੁੰਬਈ ਵਿੱਚ ਤਕਰੀਬਨ ਅੱਧੀ ਅਬਾਦੀ ਝੁੱਗੀ-ਝੌਪੜੀ ਵਿੱਚ ਰਹਿੰਦੀ ਹੈ ਜਿਨ੍ਹਾਂ ਹੇਠ ਤਕਰੀਬਨ ਛੇ ਫ਼ੀਸਦੀ ਜ਼ਮੀਨ ਹੈ। ਤਿੰਨ ਚੌਥਾਈ ਕੁੜੀਆਂ ਅਤੇ ਦੋ ਤਿਹਾਈ ਮੁੰਡੇ ਕੁਪੋਸ਼ਣ ਦਾ ਸ਼ਿਕਾਰ ਹਨ। ਸ਼ਹਿਰ ਦੇ ਤਿੰਨ ਚੌਥਾਈ ਲੋਕ 15 ਗਜ਼ ਦੇ ਇੱਕ ਕਮਰੇ ਵਾਲੇ ਮਕਾਨਾਂ ਵਿੱਚ ਰਹਿੰਦੇ ਹਨ। ਇਨ੍ਹਾਂ ਘਰਾਂ ਵਿੱਚ ਔਸਤਨ ਛੇ ਜੀਅ ਰਹਿੰਦੇ ਹਨ। ਠਾਕਰੇ ਪਹਿਲਾਂ ਕਮਿਉਨਿਸਟਾਂ, ਫਿਰ ਦੱਖਣੀ ਭਾਰਤੀਆਂ ਤੇ ਆਖ਼ਰ ਮੁਸਲਮਾਨਾਂ ਨੂੰ ਦੁਸ਼ਮਣ ਕਰਾਰ ਦਿੰਦਾ ਹੈ। ਇਨ੍ਹਾਂ ਦੇ ਕਤਲ ਜਾਂ ਕਤਲੇਆਮ ਵਿੱਚ ਸ਼ਾਮਿਲ ਹੋਣ ਦਾ ਉਸ ਨੂੰ ਅਫ਼ਸੋਸ ਨਹੀਂ ਹੋ ਸਕਦਾ। ਇਹੋ ਬੇਕਿਰਕੀ ਤਾਂ ਸੁਖਦੇਵ ਸਿੰਘ ਨਾਮਧਾਰੀ ਅਤੇ ਚੱਢਿਆਂ ਦੇ ਕਾਰੋਬਾਰ ਵਿੱਚ ਸਾਫ਼ ਝਲਕਦੀ ਹੈ। ਇਨ੍ਹਾਂ ਸਭ ਦਾ ਸਕੂਲ, ਹਸਪਤਾਲ ਜਾਂ ਲੋਕ-ਕਲਿਆਣ ਦੀ ਕਿਸੇ ਸ਼ੈਅ ਨਾਲ ਨਾਮ ਨਹੀਂ ਜੁੜਦਾ। ਇਹ ਕਦੇ ਵੀ ਸ਼ਿਵ ਸੈਨਾ ਦੀ ਸਿਆਸਤ ਦਾ ਹਿੱਸਾ ਨਹੀਂ ਰਹੀਆਂ। ਸੁਖਦੇਵ ਸਿੰਘ ਨਾਮਧਾਰੀ ਦੇ ਧਰਮ ਅਤੇ ਚੱਢਿਆਂ ਦੇ ਕਾਰੋਬਾਰ ਵਿੱਚ ਇਨ੍ਹਾਂ ਦੀ ਕੋਈ ਥਾਂ ਨਹੀਂ। 

ਇਸ ਤਿਕੜੀ ਨੇ ਆਪਣੀ ਧੌਂਸ ਨਾਲ ਸਾਬਤ ਕੀਤਾ ਕਿ ਕਾਨੂੰਨ ਅਤੇ ਕਾਨੂੰਨ ਬਣਾਣ ਵਾਲੇ ਇਨ੍ਹਾਂ ਦੀ ਕਿੰਨੀ 'ਕਦਰ' ਕਰਦੇ ਹਨ। ਮੌਤ ਨੇ ਪੜ੍ਹੇ-ਲਿਖੇ ਸ਼ਹਿਰੀ ਮੱਧ ਵਰਗ ਨੂੰ ਪਸ਼ੇਮਾਨੀ ਤੋਂ ਬਾਹਰ ਕੱਢ ਕੇ ਦੱਸ ਦਿੱਤਾ ਹੈ ਕਿ ਇਹ ਤਿਕੜੀ ਸਿਆਸਤ ਤੇ ਅਰਥਚਾਰੇ ਉੱਤੇ ਹੀ ਭਾਰੂ ਨਹੀਂ ਹੈ ਸਗੋਂ ਪਸ਼ੇਮਾਨੀ ਵਿੱਚੋਂ ਬਾਹਰ ਨਿਕਲੇ ਤਬਕੇ ਦੀ ਗੁੱਝੀ ਪਸੰਦ ਵੀ ਹੈ। ਆਖ਼ਰ ਪੱਤਰਕਾਰਾਂ, ਵਿਦਵਾਨਾਂ, ਫ਼ਿਲਮਸਾਜ਼ਾਂ, ਕਲਾਕਾਰਾਂ, ਸਨਅਤਕਾਰਾਂ ਤੇ ਸਿਆਸਤਦਾਨਾਂ ਵਿਚਕਾਰ ਬਿਨਾਂ ਕਿਸੇ ਕਾਰਨ ਤੋਂ ਤਾਂ ਇਹ ਦੱਸਣ ਦੀ ਦੌੜ ਨਹੀਂ ਲੱਗੀ ਹੋਈ ਕਿ ਬਾਲ ਠਾਕਰੇ ਨਾਲ ਉਨ੍ਹਾਂ ਨੇ ਕਿਸ ਤਰ੍ਹਾਂ ਦੀ ਅਤੇ ਕਿਸ ਵੇਲੇ ਸ਼ਰਾਬ ਪੀਤੀ? ਜੇ ਕਾਤਲ ਇਸ ਤਬਕੇ ਨਾਲ ਪਿਆਰ ਨਾਲ ਗੱਲ ਕਰੇ ਤੇ ਸ਼ਰਾਬ ਪਿਲਾਵੇ ਤਾਂ ਕੀ ਉਹ ਕਾਤਲ ਨਹੀਂ ਰਹਿੰਦਾ?
(ਇਹ ਲੇਖ 15 ਨਵੰਬਰ 2012 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ।)

Saturday, February 04, 2012

ਸੀਲ ਸ਼ਹਿਰੀ ਅਤੇ ਸ਼ਰਧਾ ਦਾ ਘੇਰਾ

ਦਲਜੀਤ ਅਮੀ

ਚੋਣਾਂ ਦੌਰਾਨ ਅਖ਼ਬਾਰਾਂ ਤੇ ਟੈਲੀਵਿਜ਼ਨਾਂ ਦਾ ਰੁਝਾਨ ਚੋਣ ਸਰਗਰਮੀ ਨਾਲ ਜੁੜਿਆ ਰਿਹਾ ਪਰ ਇਸੇ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਜਮਹੂਰੀਅਤ ਦੇ ਸਵਾਲ ਨਾਲੋਂ ਨਿਖੇੜ ਕੇ ਦੇਖਣਾ ਔਖਾ ਹੈ। ਜੈਪੁਰ ਦੇ ਸਾਹਿਤ ਮੇਲੇ ਵਿੱਚ ਸਲਮਾਨ ਰਸ਼ਦੀ ਦੀ ਰੱਦ ਹੋਈ ਸ਼ਿਰਕਤ, ਪੁਣੇ ਵਿੱਚ ਸੰਜੇ ਕਾਕ ਦੀ ਦਸਤਾਵੇਜ਼ੀ ਫ਼ਿਲਮ 'ਜਸ਼ਨ-ਏ-ਆਜ਼ਾਦੀ' ਖ਼ਿਲਾਫ਼ ਰੋਹ ਅਤੇ ਮੁੰਬਈ ਵਿੱਚ 'ਟਾਈਮਜ਼ ਆਫ਼ ਇੰਡੀਆ' ਦੇ ਦਫ਼ਤਰ ਦੀ ਭੰਨਤੋੜ ਇੱਕੋ ਰੁਝਾਨ ਦੀਆਂ ਕੜੀਆਂ ਜਾਪਦੀਆਂ ਹਨ। ਇਨ੍ਹਾਂ ਨਾਲ ਨਾਭੇ ਵਿੱਚ ਪੱਤਰਕਾਰ ਹਰਵਿੰਦਰ ਕੌਰ ਨੌਹਰਾ ਉੱਪਰ ਹੋਏ ਹਮਲੇ ਦੀ ਕੋਈ ਤੰਦ ਵੀ ਜੁੜਦੀ ਜਾਪਦੀ ਹੈ। ਇਹ ਚਾਰੇ ਘਟਨਾਵਾਂ ਭਾਵੇਂ ਵੱਖ ਵੱਖ ਥਾਵਾਂ ਉੱਤੇ ਵਾਪਰੀਆਂ ਹਨ ਤੇ ਇਨ੍ਹਾਂ ਵਿੱਚ ਹਿੱਸੇਦਾਰ ਧਿਰਾਂ ਵੱਖਰੀਆਂ-ਵੱਖਰੀਆਂ ਹਨ ਪਰ ਇਨ੍ਹਾਂ ਨੂੰ ਇਕ-ਦੂਜੇ ਤੋਂ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਉਂਜ, ਜੇ ਇਸ ਰੁਝਾਨ ਦੀਆਂ ਪੁਰਾਣੀਆਂ ਕੜੀਆਂ ਜੋੜ ਲਈਆਂ ਜਾਣ ਤਾਂ ਪਤਾ ਲੱਗਦਾ ਹੈ ਕਿ ਇਹ ਵਡੇਰੇ ਕੌਮਾਂਤਰੀ ਰੁਝਾਨ ਦੇ ਮੁਕਾਮੀ ਪ੍ਰਗਟਾਵੇ ਹਨ।
ਸਲਮਾਨ ਰਸ਼ਦੀ ਦੀ ਜੈਪੁਰ ਦੇ ਸਾਹਿਤਕ ਮੇਲੇ ਵਿੱਚ ਸ਼ਿਰਕਤ ਦਾ ਵਿਰੋਧ ਹੋਇਆ। ਉਸ ਦੀ ਕਿਤਾਬ 'ਸਟੈਨਿਕ ਵਰਸਿਸ' (ਸ਼ੈਤਾਨ ਦੀਆਂ ਆਇਤਾਂ) ਨੂੰ ਭਾਰਤ ਵਿੱਚ ਦਰਾਮਦ ਕਰਨ ਉੱਤੇ ਰਾਜੀਵ ਗਾਂਧੀ ਦੀ ਸਰਕਾਰ ਨੇ ਪਾਬੰਦੀ ਲਗਾਈ ਸੀ। ਇਸ ਤੋਂ ਇਲਾਵਾ ਸਲਮਾਨ ਰਸ਼ਦੀ ਖ਼ਿਲਾਫ਼ ਕੁਫ਼ਰ ਦੇ ਇਲਜ਼ਾਮ ਤਹਿਤ ਫਤਵਾ ਵੀ ਜਾਰੀ ਹੋਇਆ ਹੈ। ਸਲਮਾਨ ਰਸ਼ਦੀ ਗ਼ਲਤ ਹੋ ਸਕਦਾ ਹੈ ਪਰ ਫਤਵੇ ਵਰਗੀ ਸ਼ੈਅ ਲਈ ਮੌਜੂਦਾ ਦੌਰ ਵਿੱਚ ਕੋਈ ਥਾਂ ਨਹੀਂ ਹੈ। ਜ਼ਿਆਦਾਤਰ ਮੁਲਕਾਂ ਦੇ ਸੰਵਿਧਾਨ ਅਜਿਹੇ ਫਰਮਾਨਾਂ ਦੀ ਇਜਾਜ਼ਤ ਨਹੀਂ ਦਿੰਦੇ। ਸੰਜੇ ਕਾਕ ਦੀ ਫ਼ਿਲਮ 'ਜਸ਼ਨ-ਏ-ਆਜ਼ਾਦੀ' ਜੰਮੂ ਕਸ਼ਮੀਰ ਦੇ ਮੌਜੂਦਾ ਹਾਲਾਤ ਦੀ ਕਾਵਿਕ ਪੇਸ਼ਕਾਰੀ ਹੈ। ਕਵਿਤਾ, ਦੇਸ਼ ਭਗਤੀ ਦੇ ਗੀਤਾਂ, ਗਣਤੰਤਰ ਦਿਵਸ ਅਤੇ ਫ਼ੌਜ ਦਾ ਕਸ਼ਮੀਰ ਦੀ ਧਰਤੀ ਨਾਲ ਰਿਸ਼ਤਾ ਇਸ ਬਹੁ-ਪਰਤੀ ਫ਼ਿਲਮ ਦਾ ਧੁਰਾ ਹੈ ਜੋ ਸੰਜੀਦਾ ਸੰਵਾਦ ਲਈ ਸੱਦਾ ਦਿੰਦਾ ਹੈ। ਪੁਣੇ ਦੀ ਨਾਮੀ ਵਿਦਿਅਕ ਸੰਸਥਾ 'ਸਿਮਬਿਓਸਿਸ' ਵਿੱਚ 'ਵੁਆਸਿਸ ਆਫ਼ ਕਸ਼ਮੀਰ' (ਕਸ਼ਮੀਰ ਦੀਆਂ ਆਵਾਜ਼ਾਂ) ਦੇ ਸਿਰਲੇਖ ਹੇਠ ਸੈਮੀਨਾਰ ਹੋ ਰਿਹਾ ਸੀ ਜਿੱਥੇ 'ਜਸ਼ਨ-ਏ-ਆਜ਼ਾਦੀ' ਦਿਖਾਈ ਜਾਣੀ ਸੀ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਧਮਕੀ ਕਾਰਨ ਇਸ ਫ਼ਿਲਮ ਦੀ ਪਰਦਾਪੇਸ਼ੀ ਰੱਦ ਕਰ ਦਿੱਤੀ।

'ਟਾਈਮਜ਼ ਆਫ਼ ਇੰਡੀਆ' ਗਰੁੱਪ ਦੇ ਮਰਾਠੀ ਅਖ਼ਬਾਰ 'ਦ ਮਹਾਰਾਸ਼ਟਰਾ ਟਾਈਮਜ਼' ਨੇ ਪਹਿਲੇ ਪੰਨੇ ਉੱਤੇ ਖ਼ਬਰ ਛਾਪ ਦਿੱਤੀ ਕਿ 'ਸ਼ਿਵ ਸੈਨਾ' ਦਾ ਕੋਈ ਪਾਰਲੀਮੈਂਟ ਮੈਂਬਰ ਨੈਸ਼ਨਲਿਸਟ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਾ ਹੈ। ਸ਼ਿਵ ਸੈਨਾ ਦੇ ਕਾਰਕੁਨਾਂ ਨੇ ਮੁੰਬਈ ਵਿੱਚ 'ਟਾਈਮਜ਼ ਆਫ਼ ਇੰਡੀਆ' ਦੇ ਦਫ਼ਤਰ ਵਿੱਚ ਵੜ ਕੇ ਭੰਨਤੋੜ ਕਰ ਦਿੱਤੀ। ਨਾਭੇ ਵਿੱਚ ਹਰਵਿੰਦਰ ਕੌਰ ਨੌਹਰਾ ਪੱਤਰਕਾਰ ਵਜੋਂ ਚੋਣ ਅਮਲ ਦਾ ਜਾਇਜ਼ਾ ਲੈ ਰਹੀ ਸੀ। ਕੁਝ ਜਣਿਆਂ ਨੇ ਸ਼ਿਕਾਇਤ ਕੀਤੀ ਕਿ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਵਾਲਾ ਫਾਰਮ ਨਹੀਂ ਮਿਲ ਰਿਹਾ। ਕਾਨੂੰਨੀ ਤੌਰ ਉੱਤੇ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਦਾ ਅਧਿਕਾਰ ਸਾਰੇ ਭਾਰਤੀਆਂ ਨੂੰ ਮਿਲਿਆ ਹੋਇਆ ਹੈ ਪਰ ਇਸ ਦੀ ਵਰਤੋਂ ਹਾਲੇ ਵੋਟ ਪਾਉਣ ਜਿੰਨੀ ਸੁਖਾਲੀ ਨਹੀਂ ਹੈ। ਹਰਵਿੰਦਰ ਕੌਰ ਨੌਹਰਾ ਨੇ ਮੌਕੇ ਦੇ ਅਮਲੇ ਤੋਂ ਪੁੱਛਿਆ ਤਾਂ ਕਾਂਗਰਸ ਦੇ ਕੁਝ ਹਮਾਇਤੀਆਂ ਨੇ ਉਸ ਉੱਤੇ ਸੁਰੱਖਿਆ ਗਾਰਦ ਦੀ ਹਾਜ਼ਰੀ ਵਿੱਚ ਹਮਲਾ ਕਰ ਦਿੱਤਾ।
ਤਰਦੀ ਨਜ਼ਰੇ ਇਹ ਸਾਰੀਆਂ ਘਟਨਾਵਾਂ 'ਆਜ਼ਾਦੀ' ਉੱਤੇ ਹਮਲਾ ਜਾਪਦੀਆਂ ਹਨ। ਪੱਤਰਕਾਰ, ਫ਼ਿਲਮਸਾਜ਼ ਅਤੇ ਲੇਖਕ ਆਜ਼ਾਦੀ ਨਾਲ ਲਿਖ ਸਕਦੇ ਹਨ। ਜੇ ਉਹ ਕਿਸੇ ਹੋਰ ਤਬਕੇ ਖ਼ਿਲਾਫ਼ ਨਫ਼ਰਤ ਨਹੀਂ ਉਕਸਾਉਂਦੇ ਤਾਂ ਉਨ੍ਹਾਂ ਦੇ ਨਾਖ਼ੁਸ਼ਗਵਾਰ ਸਵਾਲਾਂ ਦਾ ਸੰਜੀਦਗੀ ਨਾਲ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਸਭਿਅਤਾ ਦਾ ਤਕਾਜ਼ਾ ਤਾਂ ਇਹੋ ਕਹਿੰਦਾ ਹੈ। ਸਲਮਾਨ ਰਸ਼ਦੀ ਦਾ ਮਾਮਲਾ ਵੱਖਰਾ ਜਾਪ ਸਕਦਾ ਹੈ ਕਿਉਂਕਿ ਇਹ ਧਰਮ ਅਤੇ ਇਸਲਾਮ ਦੇ ਅਕੀਦਿਆਂ ਨਾਲ ਜੁੜਿਆ ਹੋਇਆ ਹੈ। ਕਿਹਾ ਜਾ ਸਕਦਾ ਹੈ ਕਿ ਧਰਮ ਸ਼ਰਧਾ ਦਾ ਮਸਲਾ ਹੈ ਅਤੇ ਰੱਬ ਤੇ ਪੈਗੰਬਰਾਂ ਬਾਬਤ ਕੋਈ ਸਵਾਲ ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ ਵਿਕਰਮ ਸੇਠ ਨੇ ਕੋਲਕਾਤਾ ਦੇ ਸਾਹਿਤਕ ਮੇਲੇ ਵਿੱਚ ਕਿਹਾ ਹੈ, "ਰੱਬ ਅਤੇ ਪੈਗੰਬਰਾਂ ਨੂੰ ਆਪਣੀ ਰਾਖੀ ਲਈ ਬੁਰਛਾਗਰਦਾਂ ਦੀ ਲੋੜ ਨਹੀਂ।" ਸੰਜੇ ਕਾਕ, ਟਾਈਮਜ਼ ਆਫ਼ ਇੰਡੀਆ ਅਤੇ ਹਰਵਿੰਦਰ ਨੌਹਰਾ ਦੇ ਮਾਮਲਿਆਂ ਵਿੱਚ ਹਮਲੇ ਦਾ ਸਬੱਬ ਵੀ ਸ਼ਰਧਾ ਹੀ ਬਣੀ ਹੈ। ਹਮਲਾਵਰ ਇਸ ਸੋਚ ਦੇ ਧਾਰਨੀ ਹਨ ਕਿ ਕਸ਼ਮੀਰ ਬਾਬਤ ਕੋਈ ਸਵਾਲ ਨਹੀਂ ਹੋ ਸਕਦਾ। ਇਹ ਗ਼ੈਰ-ਕਾਨੂੰਨੀ ਨਹੀਂ, ਗ਼ੈਰ-ਮਨੁੱਖੀ ਨਹੀਂ ਸਗੋਂ ਇਹ ਸਵਾਲ ਜਮਹੂਰੀ ਖ਼ਾਸੇ ਦੀ ਅਹਿਮ ਤੰਦ ਹੈ। ਇਸ ਸਵਾਲ ਨੂੰ ਦਰਕਿਨਾਰ ਕਰਕੇ ਜਮਹੂਰੀਅਤ ਦਾ ਦਾਅਵਾ ਕੀ ਮਾਅਨੇ ਰੱਖਦਾ ਹੈ?
'ਟਾਈਮਜ਼ ਆਫ਼ ਇੰਡੀਆ' ਦੇ ਪੱਤਰਕਾਰਾਂ ਦੀ ਜ਼ਿੰਮੇਵਾਰੀ ਵਿੱਚ ਖ਼ਬਰਾਂ ਛਾਪਣਾ ਸ਼ਾਮਿਲ ਹੈ। ਖ਼ਬਰਾਂ ਵਿੱਚ ਸੰਭਾਵਨਾਵਾਂ ਅਤੇ ਅੰਦਾਜ਼ੇ ਸ਼ਾਮਿਲ ਹੋ ਸਕਦੇ ਹਨ। ਜੇ ਖ਼ਬਰ ਗ਼ਲਤ ਛਪ ਜਾਵੇ ਤਾਂ ਅਖ਼ਬਾਰ ਨੂੰ ਉਕਾਈ ਲਈ ਮੁਆਫ਼ੀ ਮੰਗਣ ਅਤੇ ਦਰੁਸਤ ਜਾਣਕਾਰੀ ਦੇਣ ਕਈ ਕਿਹਾ ਜਾ ਸਕਦਾ ਹੈ। ਲੋੜ ਪੈਣ ਉੱਤੇ ਹੋਰ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਅਖ਼ਬਾਰਾਂ ਵਿੱਚ ਰੋਜ਼ਾਨਾ ਗ਼ਲਤੀਆਂ ਦੀਆਂ ਸੋਧਾਂ ਛਪਦੀਆਂ ਹਨ। ਗ਼ਲਤ ਖ਼ਬਰਾਂ ਲਈ ਮੁਆਫ਼ੀਆਂ ਮੰਗੀਆਂ ਜਾਂਦੀਆਂ ਹਨ। ਇਸ ਮਾਮਲੇ ਵਿੱਚ ਸਵਾਲ ਵੱਖਰਾ ਹੈ। ਸ਼ਿਵ ਸੈਨਾ ਖ਼ਿਲਾਫ਼ ਮੁੰਬਈ ਵਿੱਚ ਖ਼ਬਰ ਛਾਪਣ ਦਾ ਸਬਕ ਸਿਖਾਉਣਾ ਉਨ੍ਹਾਂ ਦੇ ਖ਼ਾਸੇ ਦਾ ਹਿੱਸਾ ਹੈ। ਜਦੋਂ ਉਹ ਬੁਰਛਾਗਰਦੀ ਕਰਦੇ ਹਨ ਤਾਂ ਇਹੋ ਮੰਗ ਕਰਦੇ ਹਨ ਕਿ ਧਰਮ ਅਤੇ ਮੁਲਕ ਵਾਂਗ ਸ਼ਿਵ ਸੈਨਾ ਵੀ ਸ਼ਰਧਾ ਦੀ ਹੱਕਦਾਰ ਹੈ। ਇਸ ਦੇ ਅਕਸ ਉੱਤੇ ਸਵਾਲ ਕਰਨਾ ਕੁਫ਼ਰ ਹੈ। ਅਜਿਹੀ ਗ਼ਲਤੀ ਦਾ ਸਬਕ ਸਿਖਾਉਣ ਦਾ ਜ਼ਿੰਮਾ ਉਹ ਕਾਨੂੰਨ ਉੱਤੇ ਨਹੀਂ ਛੱਡ ਸਕਦੇ।

ਹਰਵਿੰਦਰ ਨੌਹਰਾ ਦਾ ਮਸਲਾ ਇਸ ਰੁਝਾਨ ਦੀ ਸਭ ਤੋਂ ਪੇਚੀਦਾ ਤੰਦ ਹੈ। ਚੋਣਾਂ ਦੌਰਾਨ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਦਾ ਮਾਮਲਾ ਸਾਰੀਆਂ ਸਿਆਸੀ ਪਾਰਟੀਆਂ ਅਤੇ ਹੋਰ ਉਮੀਦਵਾਰਾਂ ਨੂੰ ਨਾਖ਼ੁਸ਼ਗਵਾਰ ਜਾਪਦਾ ਹੈ। ਇਹ ਜਮਹੂਰੀ ਮੁਲਕ ਦੇ ਸ਼ਹਿਰੀ ਦੀ ਜਾਗਰੂਕਤਾ ਦੀ ਨਿਸ਼ਾਨੀ ਹੋ ਸਕਦੀ ਹੈ। ਜਾਤ, ਧਰਮ, ਰਿਸ਼ਤੇਦਾਰੀਆਂ, ਸ਼ਰੀਕੇਦਾਰੀਆਂ, ਕਾਰੋਬਾਰੀ ਹਿੱਸੇਦਾਰੀਆਂ, ਡੇਰਿਆਂ, ਵਕਤੀ ਲਾਲਚਾਂ, ਬੁਰਛਾਗਰਦੀ ਅਤੇ ਪੈਸੇ ਦੇ ਜ਼ੋਰ ਨਾਲ ਵੋਟਾਂ ਭੁਗਤਾਉਣ ਵਾਲੇ ਕਦੋਂ ਚਾਹੁੰਦੇ ਹਨ ਕਿ ਲੋਕ ਜਾਗਰੂਕ ਹੋਣ। ਉਨ੍ਹਾਂ ਲਈ 'ਅੰਧੀ ਰਈਅਤ ਗਿਆਨ ਵਿਹੂਣੀ' ਹੀ ਠੀਕ ਹੈ। ਇਸ ਤਰ੍ਹਾਂ ਸਿਆਸਤਦਾਨ ਆਪਣੇ ਮੁਲਕ ਦੇ ਸ਼ਹਿਰੀਆਂ ਤੋਂ ਸ਼ਰਧਾ ਦੀ ਮੰਗ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਚੋਣ ਉਨ੍ਹਾਂ ਵਿੱਚੋਂ ਹੀ ਕਿਸੇ ਦੀ ਕੀਤੀ ਜਾਵੇ। ਲਗਾਤਾਰ ਸਮਾਜਿਕ ਨਾਬਰਾਬਰੀ ਵਧ ਰਹੀ ਹੈ, ਨਾਇਨਸਾਫ਼ੀ ਵਧ ਰਹੀ ਹੈ ਅਤੇ ਗ਼ੁਰਬਤ ਮਾਰੀ ਲੋਕਾਈ ਦੀ ਜ਼ਿੰਦਗੀ ਵਿੱਚ ਜਲਾਲਤ ਦੀ ਮਿਕਦਾਰ ਦਿਨੋ-ਦਿਨ ਦੂਣ-ਸਵਾਈ ਹੋ ਰਹੀ ਹੈ। ਇਸ ਹਾਲਤ ਵਿੱਚ ਸਿਆਸਤਦਾਨ ਕਹਿੰਦੇ ਹਨ ਕਿ ਸਿਆਸਤ ਗੰਦੀ ਖੇਡ ਹੈ ਇਸ ਤੋਂ ਬਚਣਾ ਚਾਹੀਦਾ ਹੈ। ਇਹ ਧਾਰਨਾ ਵੀ ਤਾਂ ਸ਼ਰਧਾ ਦੀ ਮੰਗ ਕਰਦੀ ਹੈ। ਦਰਅਸਲ ਉਹ ਕਹਿ ਰਹੇ ਹਨ ਕਿ ਗੰਦੀ ਖੇਡ ਅਸੀਂ ਖੇਡ ਲੈਂਦੇ ਹਾਂ ਤੁਸੀਂ ਗ਼ੁਰਬਤ, ਜਹਾਲਤ ਅਤੇ ਜਲਾਲਤ ਵਿੱਚ ਮੌਜ ਕਰੋ।
ਨੌਮ ਚੌਮਸਕੀ ਨੇ 'ਪਾਪੁਲੇਸ਼ਨ ਕੰਟਰੋਲ' (ਸੀਲ ਆਵਾਮ) ਵਿੱਚ ਲਿਖਿਆ ਹੈ ਕਿ ਰਾਜਤੰਤਰ ਆਵਾਮ ਨੂੰ ਸੀਲ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਤਸ਼ੱਦਦ, ਗ਼ੁਰਬਤ, ਜਹਾਲਤ ਅਤੇ ਜਲਾਲਤ ਇਨ੍ਹਾਂ ਉਪਰਾਲਿਆਂ ਦਾ ਹਿੱਸਾ ਹਨ ਜਿਨ੍ਹਾਂ ਵਿੱਚੋਂ ਰਾਜਤੰਤਰ ਦੀ ਬੇਕਿਰਕ ਗ਼ੈਰ-ਕਾਨੂੰਨੀ ਫ਼ੌਜ ਤਿਆਰ ਹੁੰਦੀ ਹੈ। ਸਾਮਰਾਜ ਦੀਆਂ ਰਾਖਵੀਆਂ ਫ਼ੌਜਾਂ ਦਾ ਜ਼ਿਕਰ ਕਰਦਾ ਹੋਇਆ ਐਨਤੋਨੀਓ ਨੀਗਰੀ ਦੱਸਦਾ ਹੈ ਕਿ ਥੁੜ੍ਹਾਂ ਹੰਢਾਉਂਦੇ ਲੋਕਾਂ ਦੀ ਆਪਸੀ ਮਾਰ-ਕੁੱਟ ਸਾਮਰਾਜੀਆਂ ਨੂੰ ਰਾਸ ਆਉਂਦੀ ਹੈ। ਗ਼ੁਰਬਤ, ਜਹਾਲਤ ਅਤੇ ਜਲਾਲਤ ਵਿੱਚੋਂ ਸਾਮਰਾਜੀਆਂ ਦੀਆਂ ਉਹ ਫ਼ੌਜਾਂ ਭਰਤੀ ਹੁੰਦੀਆਂ ਹਨ ਜਿਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਓਟਣੀ ਪੈਂਦੀ। ਅਮਰੀਕਾ ਇਸੇ ਫ਼ੌਜ ਦੀ ਭਰਤੀ ਲਈ ਦੂਜੇ ਮੁਲਕਾਂ ਦੇ ਕਲੇਸ਼ ਨੂੰ ਹਵਾ ਦਿੰਦਾ ਹੈ। ਅਮਰੀਕਾ ਨੂੰ ਇਰਾਕ ਦੇ ਸ਼ੀਆ ਤਬਕੇ, ਇਰਾਨ ਦੇ ਸੁੰਨੀਆਂ ਅਤੇ ਲੀਬੀਆ ਦੇ ਬਾਗ਼ੀਆਂ ਜਾਂ ਅਫ਼ਗ਼ਾਨਿਸਤਾਨ ਦੇ ਕਬਾਇਲੀਆਂ ਦਾ ਹੇਜ ਕਿਉਂ ਜਾਗ ਪੈਂਦਾ ਹੈ? ਹੁਣ ਅਮਰੀਕਾ ਜੰਗ 'ਜਿੱਤ' ਕੇ ਤੁਰ ਗਿਆ ਹੈ ਅਤੇ ਇਰਾਕੀ ਇਕ-ਦੂਜੇ ਦੇ ਖ਼ੂਨ ਵਿੱਚੋਂ ਖੋਈ ਇੱਜ਼ਤ ਭਾਲ ਰਹੇ ਹਨ। ਬੇਵਿਸਾਹੀ ਦੇ ਨਤੀਜੇ ਵਜੋਂ ਚਲ ਰਹੀ ਭਰਾਮਾਰ ਜੰਗ 'ਸਾਮਰਾਜ ਦੀਆਂ ਰਾਖਵੀਆਂ ਫ਼ੌਜਾਂ' ਦੇ ਸਿਰ ਉੱਤੇ ਲੜੀ ਜਾ ਰਹੀ ਹੈ।
ਹਾਲਾਤ ਵੱਖ-ਵੱਖ ਹੋਣ ਦੇ ਬਾਵਜੂਦ ਧਾਰਨਾ ਦੇ ਪੱਧਰ ਉੱਤੇ ਭਾਰਤ ਆਲਮੀ ਰੁਝਾਨ ਦਾ ਦਿਲਚਸਪ ਮੰਚ ਬਣਿਆ ਹੋਇਆ ਹੈ। ਕਸ਼ਮੀਰ ਵਿੱਚ ਫ਼ੌਜੀ ਆਵਾਮ ਨੂੰ ਬੰਦੂਕਾਂ ਨਾਲ ਸੀਲ ਕਰ ਰਹੇ ਹਨ। ਉਨ੍ਹਾਂ ਦੇ ਅਖ਼ਤਿਆਰ ਖੇਤਰ ਤੋਂ ਬਾਹਰੋਂ ਉੱਠਦੀ ਕਸ਼ਮੀਰੀ ਆਵਾਜ਼ ਨੂੰ ਨੱਪਣ ਵਿੱਚ ਪੁਣੇ ਵਿੱਚ ਰਾਖਵੀ ਫ਼ੌਜ ਤਾਇਨਾਤ ਹੈ। ਤਜਿੰਦਰ ਬੱਗਿਆਂ ਦੀ ਹੱਲਾਸ਼ੇਰੀ ਲਈ ਅਡਵਾਨੀ ਤੋਂ ਚਿੰਦਬਰਮ ਤੱਕ ਦੀ ਸਾਂਝ ਜੱਗ-ਜ਼ਾਹਿਰ ਹੈ। ਸੰਜੇ ਕਾਕ ਦੀ ਫ਼ਿਲਮ ਤੋਂ ਬਿਨਾਂ ਵੀ 'ਕਸ਼ਮੀਰ ਦੀਆਂ ਆਵਾਜ਼ਾਂ' ਦਾ ਸੈਮੀਨਾਰ ਹੋ ਸਕਦਾ ਹੈ। ਪੁਣੇ ਵਿੱਚ ਹੋ ਰਿਹਾ ਹੈ। ਮੁੰਬਈ ਵਿੱਚ 'ਟਾਈਮਜ਼ ਆਫ਼ ਇੰਡੀਆ' ਦੇ ਦਫ਼ਤਰ ਉੱਤੇ ਹਮਲਾ ਹੋ ਸਕਦਾ ਹੈ। ਅਜਿਹੇ ਹਮਲਿਆਂ ਦੀ ਮਸ਼ਕ ਤਾਂ ਪਹਿਲਾਂ ਸੜਕਾਂ ਉੱਤੇ ਆਵਾਮ ਦੇ ਪਿੰਡੇ ਉੱਤੇ ਹੋਈ ਸੀ। ਦੂਜੇ ਧਰਮ, ਸੂਬੇ ਅਤੇ ਬੋਲੀ ਦੇ ਨਾਮ ਉੱਤੇ ਕੀਤਾ ਤਜਰਬਾ ਹੁਣ 'ਟਾਈਮਜ਼ ਆਫ਼ ਇੰਡੀਆ' ਦੇ ਦਫ਼ਤਰ ਪਹੁੰਚ ਗਿਆ ਹੈ। ਹਰਵਿੰਦਰ ਨੌਹਰਾ ਉੱਤੇ ਹੋਇਆ ਹਮਲਾ ਇਸ ਰੁਝਾਨ ਦੀ ਪੇਚੀਦਾ ਪਰਤ ਹੈ ਜੋ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾਵਾਂ ਤੋਂ ਹੇਠਾਂ ਨੂੰ ਚੱਲ ਰਿਹਾ ਹੈ। ਸਮੁੱਚੇ ਮੁਲਕ ਨੂੰ ਮੌਜੂਦਾ ਹਾਲਤ ਤੱਕ ਲਿਆਉਣ ਵਾਲੇ ਅਤੇ ਸੰਵਿਧਾਨ ਦੀ ਬੇਅਦਬੀ ਕਰਨ ਵਾਲੇ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਕਹਿੰਦੇ ਹਨ ਕਿ ਮੁਲਕ ਨੂੰ ਸਹੀ ਲੀਹ ਉੱਤੇ ਲਿਆਉਣ ਦਾ ਕੰਮ ਉਨ੍ਹਾਂ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। ਉਹ ਚੋਣਾਂ ਤੋਂ ਬਿਨਾਂ ਹਰ ਸਰਗਰਮੀ ਨੂੰ ਅਮਨ-ਕਾਨੂੰਨ ਦੇ ਘੇਰੇ ਵਿੱਚ ਰੱਖਣਾ ਚਾਹੁੰਦੇ ਹਨ। ਇਸੇ ਚਾਹਤ ਦਾ ਪ੍ਰਗਟਾਵਾ ਕਸ਼ਮੀਰ, ਪੰਜਾਬ, ਉੱਤਰ-ਪੂਰਬੀ ਸੂਬਿਆਂ ਅਤੇ ਹੁਣ ਮੱਧ-ਭਾਰਤ ਵਿੱਚ ਹੋ ਰਿਹਾ ਹੈ। ਇਸ ਹਾਲਤ ਵਿੱਚ ਹਰਵਿੰਦਰ ਨੌਹਰਾ ਉੱਤੇ ਹੋਇਆ ਹਮਲਾ ਕੋਈ ਵਿਕੋਲਿਤਰੀ ਘਟਨਾ ਨਹੀਂ ਹੈ ਸਗੋਂ ਵਡੇਰੇ ਰੁਝਾਨ ਦੀ ਕੜੀ ਹੈ। ਇਨ੍ਹਾਂ ਕੜੀਆਂ ਅਤੇ ਲੜੀਆਂ ਦਾ ਪੇਚੀਦਾ ਆਦਮਖੋਰ, ਇਨਸਾਫ਼ਖੋਰ, ਮਨੁੱਖ-ਖੋਰ, ਜਮਹੂਰੀਅਤ-ਖੋਰ, ਮੁਨਾਫ਼ਾਖੋਰ ਅਤੇ ਦਰਦਮੰਦੀ-ਖੋਰ ਆਪਾ ਹੁਣ ਬੇਪਰਦ ਹੋਇਆ ਖੜ੍ਹਾ ਹੈ। ਇਸ ਬਾਬਤ ਸ਼ਰਧਾ, ਮਰਿਆਦਾ ਅਤੇ ਸੀਲ ਸ਼ਹਿਰੀ ਦੇ ਘੇਰੇ ਵਿੱਚੋਂ ਸੰਜੀਦਾ ਸੰਵਾਦ ਕਰਨਾ ਔਖਾ ਹੈ।