Showing posts with label Death Penalty. Show all posts
Showing posts with label Death Penalty. Show all posts

Tuesday, August 04, 2015

ਸੁਆਲ-ਸੰਵਾਦ: ਇਲਜ਼ਾਮਾਂ ਦੇ ਘੇਰੇ ਵਿੱਚੋਂ ਜ਼ਮੀਰ ਦੀ ਆਵਾਜ਼

ਦਲਜੀਤ ਅਮੀ


ਯਾਕੂਬ ਮੈਨਨ ਨੂੰ ਫਾਂਸੀ ਦੇ ਮੁੱਦੇ ਉੱਤੇ ਮਨੁੱਖੀ, ਸ਼ਹਿਰੀ ਅਤੇ ਜਮਹੂਰੀ ਹਕੂਕ ਕਾਰਕੁਨਾਂ ਖ਼ਿਲਾਫ਼ ਘੇਰਾਬੰਦੀ ਹਮਲਾਵਰ ਰੁਖ਼ ਅਖ਼ਤਿਆਰ ਕਰ ਗਈ ਹੈ। ਮੌਤ ਦੀ ਸਜ਼ਾ ਖ਼ਤਮ ਕਰਨ ਦੀ ਵਕਾਲਤ ਕਰਨ ਵਾਲੀ ਮੁਹਿੰਮ ਨੂੰ ਹਰ ਤਰ੍ਹਾਂ ਦੇ ਵਿਸ਼ੇਸ਼ਣ ਦਿੱਤੇ ਜਾ ਰਹੇ ਹਨ। ਇੱਕ ਪਾਸੇ ਜ਼ਮੀਰ ਦੀ ਆਵਾਜ਼ ਬੁਲੰਦ ਕਰਨ ਵਾਲੀ ਨਿਗੂਣੀ-ਗਿਣਤੀ ਤਿੱਖੇ ਸੁਆਲਾਂ ਦੇ ਘੇਰੇ ਵਿੱਚ ਹੈ ਅਤੇ ਦੂਜੇ ਪਾਸੇ ਇਹ ਆਪਣੀ ਸਮਝ ਦੀ ਅਹਿਮੀਅਤ ਨੂੰ ਮੁਖ਼ਾਤਬ ਹੋ ਰਹੀ ਹੈ। ਸੁਆਲਾਂ ਦੇ ਘੇਰੇ ਅਤੇ ਗਾਲਾਂਨੁਮਾ ਵਿਸ਼ੇਸ਼ਣਾਂ ਦੀ ਗੜੇਮਾਰੀ ਵਿੱਚ ਘਿਰੇ ਹੋਣ ਤੋਂ ਬਾਅਦ ਆਪਣੀ ਆਵਾਜ਼ ਦੀ ਅਸਰਅੰਦਾਜ਼ੀ ਦਾ ਅੰਦਾਜ਼ਾ ਲਗਾਉਣਾ ਹਮੇਸ਼ਾ ਮਸਲਾ ਤਾਂ ਬਣਦਾ ਹੈ। ਜੰਗ ਦਾ ਵਿਰੋਧ ਕਰਦਿਆਂ, ਜੰਗੀ ਮੁੰਹਿਮਾਂ ਦੇ ਪ੍ਰਚਾਰ ਦੀ ਮਾਰ ਵਿੱਚ ਆਉਣਾ ਅਤੇ ਖ਼ੂਨ-ਖ਼ਰਾਬੇ ਸਨਮੁੱਖ ਬੇਮਾਅਨਾ ਹੋਣ ਦਾ ਅਹਿਸਾਸ 'ਜੰਗ ਵਿਰੋਧੀ ਲਹਿਰਾਂ' ਦੇ ਹਿੱਸੇ ਆਇਆ ਹੈ। ਫਿਰਕੂ ਹਿੰਸਾ ਦੇ ਦੌਰ ਵਿੱਚ ਡਰਪੋਕ ਕਰਾਰ ਦਿੱਤੇ ਜਾਣਾ ਅਤੇ ਬਾਅਦ ਵਿੱਚ ਇਤਿਹਾਸ ਵਿੱਚੋਂ ਰੱਦ ਕੀਤਾ ਜਾਣਾ ਅਮਨਪਸੰਦੀ ਦੀ ਝੋਲੀ ਪਿਆ ਹੈ। ਯਾਕੂਬ ਮੈਨਨ ਦੇ ਹਵਾਲੇ ਨਾਲ ਬਹੁਤ ਸਾਰੇ ਕਾਰਕੁਨਾਂ ਨੂੰ ਦੇਸ਼ਧ੍ਰੋਹੀ ਤੋਂ ਮੁਨੱਖਤਾ ਵਿਰੋਧੀ ਅਤੇ ਅਤਿਵਾਦ ਪੱਖੀ ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਿਨਾਂ ਨਫ਼ਰਤ ਦੇ ਬੋਲਿਆਂ ਦੀ ਕੋਈ ਗਿਣਤੀ ਨਹੀਂ ਹੈ। ਪੁਲਿਸ ਅਫ਼ਸਰਾਂ ਵੱਲੋਂ ਲਿਖੀਆਂ 'ਵਿਦਵਾਨਾਂ ਦੇ ਨਾਮ' ਬੇਨਾਮੀ ਚਿੱਠੀਆਂ ਤੋਂ ਲੈ ਕੇ ਹੁਕਮਰਾਨ ਧਿਰ ਦੇ ਸ਼ਬਦੀ ਬਾਣਾਂ ਦੇ ਨਾਲ-ਨਾਲ 'ਦੇਸ਼-ਭਗਤੀ' ਦੇ ਨਾਮ ਉੱਤੇ ਵੰਨ-ਸਵੰਨੀਆਂ ਜਥੇਬੰਦੀਆਂ ਦੀਆਂ ਧਮਕੀਆਂ ਦੀ ਲੰਮੀ ਫ਼ਹਿਰਿਸਤ ਬਣਾਈ ਜਾ ਸਕਦੀ ਹੈ।

ਮਨੁੱਖੀ, ਸ਼ਹਿਰੀ ਅਤੇ ਜਮਹੂਰੀ ਹਕੂਕ ਦੇ ਮਾਮਲਿਆਂ ਵਿੱਚ ਆਵਾਜ਼ ਬੁਲੰਦ ਕਰਨ ਦੀ ਲੋੜ ਸਦਾ ਰਹਿੰਦੀ ਹੈ। ਹਮਲਾਵਰ ਧਿਰ ਹਮੇਸ਼ਾਂ ਦਲੀਲ ਦਿੰਦੀ ਹੈ ਕਿ 'ਫਲਾਣੇ ਵੇਲੇ ਤੁਸੀਂ ਕਿੱਥੇ ਸੀ?' ਅਤੇ 'ਧਿਮਕੇ ਦੀ ਵਾਰੀ ਤੁਸੀਂ ਚੁੱਪ ਕਿਉਂ ਸੀ?' ਹੁਕਮਰਾਨ ਦੀ ਹਿੰਸਾ ਉੱਤੇ ਸੁਆਲ ਕੀਤਾ ਜਾਂਦਾ ਹੈ ਤਾਂ ਉਹ ਆਸ ਕਰਦੇ ਹਨ ਕਿ ਪਹਿਲਾਂ ਉਨ੍ਹਾਂ ਦੀ ਤੈਅ ਯੋਗਤਾ ਪੂਰੀ ਕਰਨ ਲਈ ਦੇਸ਼-ਭਗਤੀ ਦਾ ਇਮਤਿਹਾਨ ਦਿੱਤਾ ਜਾਵੇ। ਗ਼ੈਰ-ਹੁਕਮਰਾਨ ਦੀਆਂ ਵਧੀਕੀਆਂ ਉੱਤੇ ਸੁਆਲ ਕਰੋ ਤਾਂ ਉਹ ਹੁਕਮਰਾਨ ਦੇ ਦਲਾਲ ਕਰਾਰ ਦੇਣ ਤੋਂ ਲੈ ਕੇ 'ਕਿਸੇ ਵੇਲੇ ਚੁੱਪ ਰਹਿਣ?' ਜਾਂ 'ਕਿਸੇ ਵੇਲੇ ਗ਼ੈਰ-ਹਾਜ਼ਰ ਰਹਿਣ?' ਤੱਕ ਦੇ ਹੁੰਦੇ ਹਨ। ਹੁਕਮਰਾਨ ਦੇ ਦਲਾਲ ਹੋਣ ਤੋਂ ਲੈ ਕੇ ਅਤਿਵਾਦੀਆਂ ਦੇ ਹਮਾਇਤੀ ਹੋਣ ਦੇ ਇਲਜ਼ਾਮ ਆਪਣੀ ਥਾਂ ਹਨ ਪਰ ਇਨ੍ਹਾਂ ਜ਼ੋਖਮ ਭਰੇ ਸੁਆਲਾਂ ਨੂੰ ਕੋਈ ਕਰਦਾ ਕਿਉਂ ਹੈ? ਜਦੋਂ ਮਨੁੱਖੀ, ਸ਼ਹਿਰੀ ਅਤੇ ਜਮਹੂਰੀ ਹਕੂਕ ਕਾਰਕੁਨਾਂ ਦੀਆਂ ਦਲੀਲਾਂ ਦੇ ਬਾਵਜੂਦ ਯਾਕੂਬ ਮੈਨਨ ਨੂੰ ਫਾਂਸੀ ਦੇ ਦਿੱਤੀ ਗਈ ਹੈ ਤਾਂ ਕੀ ਇਹ ਬੇਮਾਅਨਾ ਹੋ ਗਏ ਹਨ? ਇਹ ਸੁਆਲ ਹਰ ਜੰਗੀ ਮੁੰਹਿਮ, ਦੰਗੇ, ਕਤਲੇਆਮ ਅਤੇ ਮੌਤ ਦੀ ਸਜ਼ਾ ਤੋਂ ਬਾਅਦ ਖੜ੍ਹੇ ਹੁੰਦੇ ਹਨ। 

ਦੱਖਣੀ ਏਸ਼ੀਆ ਵਿੱਚ ਸਭ ਤੋਂ ਵੱਡਾ ਕਤਲੇਆਮ 1947 ਦੀ ਵੰਡ ਦੌਰਾਨ ਹੋਇਆ। ਉਸ ਦੇ ਖ਼ੂਨ-ਖ਼ਰਾਬੇ ਦੀ ਤਫ਼ਸੀਲ ਵਿੱਚ ਇਹ ਗੱਲ ਤਾਂ ਹਮੇਸ਼ਾਂ ਵਿਸਾਰ ਦਿੱਤੀ ਜਾਂਦੀ ਹੈ ਕਿ ਉਸ ਦੌਰ ਵਿੱਚ ਕੁਝ ਲੋਕਾਂ ਨੇ ਅਮਨ-ਕਮੇਟੀਆਂ ਬਣਾ ਕੇ ਆਪਣੀਆਂ ਜਾਨਾਂ ਨੂੰ ਖ਼ਤਰਾ ਸਹੇੜਿਆਂ ਸੀ। ਉਸ ਦੌਰ ਵਿੱਚ ਲੋਕਾਂ ਨੇ ਜੋਟੀਆਂ ਪਾ ਕੇ 'ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥' ਗਾਇਆ ਸੀ। ਕਿਸੇ ਗਹਿਲ ਸਿੰਘ ਛੱਜਲਵੰਡੀ ਨੂੰ 'ਦੂਜਿਆਂ' ਦੀ ਰਾਖੀ ਕਰਨ ਦੇ 'ਸਨਮਾਨ' ਵਜੋਂ ਆਪਣੇ ਨੇ ਮਾਰ ਕੇ ਸਭ ਤੋਂ ਮੁਕੱਦਸ ਥਾਂ ਸਾੜਿਆ ਸੀ। ਗਾਜ਼ਾ ਉੱਤੇ ਇਸਰਾਇਲੀ ਹਮਲੇ ਦੌਰਾਨ ਹਮਲਾਵਰ ਟੈਂਕਾਂ ਨੇ ਅਮਰੀਕਾ ਤੋਂ ਆਈ ਅਮਨਪਸੰਦ ਕਾਰਕੁਨ ਰੈਸ਼ਲ ਕੈਰੀ ਨੂੰ ਲਤਾੜਿਆ ਸੀ। ਗਹਿਲ ਸਿੰਘ ਛੱਜਲਵੰਡੀ ਨਾਲ ਕਤਲੇਆਮ ਨਹੀਂ ਰੁਕਿਆ ਅਤੇ ਨਾ ਹੀ ਰੈਸ਼ਲ ਕੈਰੀ ਨਾਲ ਇਸਰਾਇਲ ਦੀਆਂ ਆਦਮਖ਼ੋਰ ਮੁੰਹਿਮਾਂ ਨੂੰ ਠੱਲ੍ਹ ਪਈ। ਇਸ ਤਰ੍ਹਾਂ ਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। 





ਬੁਨਿਆਦੀ ਰੂਪ ਵਿੱਚ ਮਨੁੱਖੀ, ਸ਼ਹਿਰੀ ਅਤੇ ਜਮਹੂਰੀ ਹਕੂਕ ਦੀਆਂ ਦਲੀਲਾਂ ਸਰਕਾਰ ਜਾਂ ਕਾਨੂੰਨੀ ਅਦਾਰਿਆਂ ਨੂੰ ਮੁਖ਼ਾਤਬ ਹੁੰਦੀਆਂ ਹਨ। ਜਦੋਂ ਸਰਕਾਰ ਦਾ ਦਾਅਵਾ ਕਾਨੂੰਨ ਤਹਿਤ ਕੰਮ ਕਰਨਾ ਹੈ ਤਾਂ ਕਾਨੂੰਨ ਦੀਆਂ ਚੋਰ-ਮੋਰੀਆਂ ਰਾਹੀਂ ਹੁੰਦੀਆਂ ਸਰਕਾਰੀ ਵਧੀਕੀਆਂ ਉੱਤੇ ਸੁਆਲ ਹੁਕਮਰਾਨ ਧਿਰ ਨੂੰ ਹੀ ਕੀਤਾ ਜਾਵੇਗਾ। ਜੇ ਕੋਈ ਕਾਨੂੰਨ ਨਾਇਨਸਾਫ਼ੀ ਦਾ ਸਬੱਬ ਬਣਦਾ ਹੈ ਤਾਂ ਉਸ ਨੂੰ ਰੱਦ ਕਰਨ, ਸੋਧਣ ਜਾਂ ਬਦਲਣ ਦਾ ਸੁਆਲ ਸਰਕਾਰ ਨੂੰ ਹੀ ਕੀਤਾ ਜਾਵੇਗਾ। ਜੇ ਨੀਤੀਆਂ ਕਾਰਨ ਆਵਾਮ ਅਵਾਜ਼ਾਰ ਹੁੰਦਾ ਹੈ ਤਾਂ ਬੁਨਿਆਦੀ ਸੁਆਲ ਤਾਂ ਸਰਕਾਰ ਨੂੰ ਹੀ ਕੀਤਾ ਜਾਣਾ ਚਾਹੀਦਾ ਹੈ। ਜੇ ਨੀਤੀਆਂ ਲਾਗੂ ਕਰਨ ਜਾਂ ਫ਼ੈਸਲੇ ਕਰਨ ਵਿੱਚ ਕੋਈ ਟੀਰ ਹੈ ਤਾਂ ਸੁਆਲ ਸਰਕਾਰ ਨੂੰ ਹੀ ਕੀਤਾ ਜਾਣਾ ਹੈ। ਕਾਨੂੰਨ ਨਾਲ ਬੱਝੇ ਅਦਾਰਿਆਂ ਦੀ ਕਾਰਗੁਜ਼ਾਰੀ ਨੂੰ ਜ਼ਮੀਰ ਅਤੇ ਹਕੂਕ ਦੇ ਸੁਆਲਾਂ ਦੀ ਸਾਣ ਉੱਤੇ ਚਾੜ੍ਹਨਾ ਮਨੁੱਖੀ ਹਕੂਕ ਦਾ ਬੁਨਿਆਦੀ ਨੁਕਤਾ ਹੈ। 

ਮਨੁੱਖੀ ਹਕੂਕ ਜਥੇਬੰਦੀਆਂ ਅਤੇ ਕਾਰਕੁਨਾਂ ਦਾ ਦੂਜਾ ਕੰਮ ਸਰਕਾਰ ਜਾਂ ਨਿਜ਼ਾਮ ਵਿਰੋਧੀ ਮੁਹਿੰਮਾਂ ਦੇ ਖ਼ਾਸੇ ਉੱਤੇ ਸਮਝ ਉਸਾਰਨਾ ਹੈ। ਇਹ ਮੁਹਿੰਮਾਂ ਦੀ ਬੁਨਿਆਦੀ ਚੂਲ ਸਰਕਾਰੀ ਕਾਰਗੁਜ਼ਾਰੀ ਜਾਂ ਸਮਝ ਨੂੰ ਮੁਖ਼ਾਤਬ ਹੁੰਦੀ ਹੈ ਇਸ ਲਈ ਇਨ੍ਹਾਂ ਦਾ ਪੜਚੋਲ ਵਿਚਾਰਧਾਰਕ ਸਾਂਚੇ ਵਿੱਚ ਹੁੰਦੀ ਹੈ। ਬਹੁਤ ਵਾਰ ਜਾਇਜ਼ ਮੰਗਾਂ ਲਈ ਨਾਜਾਇਜ਼ ਢੰਗ-ਤਰੀਕਿਆਂ ਦਾ ਸੁਆਲ ਆਉਂਦਾ ਹੈ। ਕਈ ਵਾਰ ਜਾਇਜ਼ ਮੰਗਾਂ ਦੇ ਰੋਹ ਨੂੰ ਕੁਰਾਹੇ ਪਾਉਣ ਦਾ ਸੁਆਲ ਆਉਂਦਾ ਹੈ। ਜਦੋਂ ਮਨੁੱਖੀ, ਸ਼ਹਿਰੀ ਅਤੇ ਜਮਹੂਰੀ ਹਕੂਕ ਦੇ ਪੈਤੜੇਂ ਤੋਂ ਇਨ੍ਹਾਂ ਸੁਆਲਾਂ ਨੂੰ ਮੁਖ਼ਾਤਬ ਹੋਣਾ ਹੈ ਤਾਂ ਨਾਖ਼ੁਸ਼ਗਵਾਰੀ ਹੋਣ ਦੀ ਸੰਭਾਵਨਾ ਕਾਇਮ ਰਹਿੰਦੀ ਹੈ। ਸਰਕਾਰਾਂ ਅਤੇ ਸਰਕਾਰ ਵਿਰੋਧੀ ਮੁਹਿੰਮਾਂ ਆਸ ਕਰਦੀਆਂ ਹਨ ਕਿ ਇਨ੍ਹਾਂ ਸੁਆਲਾਂ ਰਾਹੀਂ ਉਨ੍ਹਾਂ ਦੇ ਪੈਤੜਿਆਂ ਦੀ ਤਸਦੀਕ ਹੋਣੀ ਚਾਹੀਦੀ ਹੈ। ਇਹ ਜ਼ਰੂਰੀ ਨਹੀਂ ਹੁੰਦਾ ਅਤੇ ਨਾ ਹੀ ਇਸ ਤਵੱਕੋ ਨਾਲ ਇਨ੍ਹਾਂ ਸੁਆਲਾਂ ਨੂੰ ਮੁਖ਼ਾਤਬ ਹੋਇਆ ਜਾਂਦਾ ਹੈ। ਇਹ ਕਈ ਵਾਰ ਹੋਇਆ ਹੈ ਕਿ ਮਨੁੱਖੀ ਹਕੂਕ ਕਾਰਕੁਨ ਜਾਂ ਜਥੇਬੰਦੀ ਨੂੰ ਸਰਕਾਰ ਵੱਲੋਂ 'ਦਹਿਸ਼ਤਪਸੰਦ' ਅਤੇ ਦੂਜੀ ਧਿਰ ਵੱਲੋਂ ਸਰਕਾਰੀ ਦਲਾਲ ਕਰਾਰ ਦੇ ਦਿੱਤਾ ਜਾਵੇ। ਕਈ ਵਾਰ ਦਲੀਲ ਇਹ ਵੀ ਦਿੱਤੀ ਜਾਂਦੀ ਹੈ ਕਿ ਮਨੁੱਖੀ ਹਕੂਕ ਕਾਰਕੁਨਾਂ ਨੂੰ 'ਸਰਕਾਰ ਵਿਰੋਧੀ ਮੁਹਿੰਮਾਂ ਨੂੰ ਭੰਡਣ' ਦੇ ਇਨਾਮ ਵਜੋਂ 'ਹੁਕਮਰਾਨ ਧਿਰ ਖ਼ਿਲਾਫ਼ ਬੋਲਣ' ਦੀ ਖੁੱਲ੍ਹ ਦਿੱਤੀ ਗਈ ਹੈ। ਇਨ੍ਹਾਂ ਹਾਲਾਤ ਵਿੱਚ ਇੱਕ ਪਾਸੇ ਮਨੁੱਖੀ, ਸ਼ਹਿਰੀ ਅਤੇ ਜਮਹੂਰੀ ਹਕੂਕ ਜਥੇਬੰਦੀਆਂ ਦੀ ਵੰਨ-ਸਵੰਨਤਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੇ ਕਿਸੇ ਧਿਰ ਦਾ ਬੁਲਾਰਾ ਹੋ ਜਾਣ ਦਾ ਖ਼ਦਸ਼ਾ ਹੈ। ਇਸੇ ਲਈ ਬਹੁਤ ਸਾਰੀਆਂ ਸਿਆਸੀ ਧਿਰਾਂ ਨਾਲ ਜੁੜੀਆਂ ਮਨੁੱਖੀ ਹਕੂਕ ਜਥੇਬੰਦੀਆਂ ਦੀ ਕਾਰਗੁਜ਼ਾਰੀ ਸੁਆਲਾਂ ਦੇ ਘੇਰੇ ਵਿੱਚ ਰਹਿੰਦੀ ਹੈ। ਉਨ੍ਹਾਂ ਦੀ ਪਛਾਣ ਹੀ ਆਪਣੀ ਧਿਰ ਦੀ ਜਥੇਬੰਦੀ ਵਜੋਂ ਰਹਿੰਦੀ ਹੈ ਅਤੇ ਮਨੁੱਖੀ ਹਕੂਕ ਜਥੇਬੰਦੀ ਵਜੋਂ ਭਰੋਸੇਯੋਗਤਾ ਸ਼ੱਕੀ ਰਹਿੰਦੀ ਹੈ। 

ਜਦੋਂ ਮੌਤ ਦੀ ਸਜ਼ਾ ਉੱਤੇ ਸੁਆਲ ਆਉਂਦਾ ਹੈ ਤਾਂ ਹੁਕਮਰਾਨ ਜਾਂ ਇਸ ਸਜ਼ਾ ਨੂੰ ਇਨਸਾਫ਼ ਲਈ ਅਹਿਮ ਮੰਨਣ ਵਾਲੀ ਧਿਰ ਦੀ ਦਲੀਲ ਰਹਿੰਦੀ ਹੈ ਕਿ 'ਅਤਿਵਾਦੀ', 'ਕਾਤਲ', 'ਬਲਾਤਕਾਰੀ' ਜਾਂ 'ਦੇਸ਼ਧ੍ਰੋਹੀ' ਦਾ ਪੱਖ ਪੂਰਿਆ ਜਾ ਰਿਹਾ ਹੈ। ਕਾਨੂੰਨ ਮੁਤਾਬਕ ਮੌਤ ਦੀ ਸਜ਼ਾ ਤਾਂ ਇਨ੍ਹਾਂ ਇਲਜ਼ਾਮਾਂ ਤਹਿਤ ਹੀ ਦਿੱਤੀ ਜਾਣੀ ਹੈ। ਇਸ ਲਈ ਮੌਤ ਦੀ ਸਜ਼ਾ ਦਾ ਸੁਆਲ ਵੀ ਅਜਿਹੇ ਮਾਮਲਿਆ ਦੇ ਹਵਾਲੇ ਨਾਲ ਹੀ ਆਉਣਾ ਹੈ। ਜਦੋਂ ਸਰਕਾਰਾਂ ਮੌਤ ਦੀ ਸਜ਼ਾ ਵਰਗੇ ਸੁਆਲ ਨੂੰ ਵਡੇਰੇ ਸੁਆਲਾਂ ਨਾਲ ਜੋੜ ਕੇ ਮੁਖ਼ਾਤਬ ਨਹੀਂ ਹੁੰਦੀਆਂ ਤਾਂ ਚਰਚਾ ਤਾਂ ਕਿਸੇ ਮਾਮਲੇ ਨਾਲ ਜੋੜ ਕੇ ਹੀ ਹੋਣੀ ਹੈ। ਜਿਸ ਵੀ ਮਾਮਲੇ ਨਾਲ ਜੋੜ ਕੇ ਹੋਵੇਗੀ ਉਸ ਵਿੱਚ ਅਤਿਵਾਦ ਜਾਂ ਕਤਲ ਜਾਂ ਬਲਾਤਕਾਰ ਜਾਂ ਦੇਸ਼ਧ੍ਰੋਹ ਦੇ ਇਲਜ਼ਾਮ ਤਾਂ ਹੋਣਗੇ। ਜਦੋਂ ਸਰਕਾਰ ਜ਼ਿੰਦਗੀ ਅਤੇ ਹਕੂਕ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਬਹਿਸ ਨੂੰ ਦੋਸ਼ੀ ਕਰਾਰ ਦਿੱਤੇ ਗਏ ਬੰਦੇ ਉੱਤੇ ਲੱਗੇ ਇਲਜ਼ਾਮ ਤੱਕ ਮਹਿਦੂਦ ਕੀਤਾ ਜਾਂਦਾ ਹੈ। ਇਸ ਨਾਲ ਮਨੁੱਖੀ ਹਕੂਕ ਦੀ ਦਲੀਲ ਉੱਤੇ ਕਾਤਲ ਜਾਂ ਬਲਾਤਕਾਰੀ ਜਾਂ ਦੇਸ਼ਧ੍ਰੋਹੀ ਦੇ ਹਮਾਇਤੀ ਹੋਣ ਦਾ ਇਲਜ਼ਾਮ ਲੱਗ ਜਾਂਦਾ ਹੈ ਅਤੇ ਬਹਿਸ ਉਲਾਰ ਹੋ ਜਾਂਦੀ ਹੈ। 'ਜੇ ਥੋਡੀ ਭੈਣ ਨਾਲ ਕੁਝ ਹੋਵੇ?' ਜਾਂ 'ਜੇ ਤੁਹਾਡੇ ਰਿਸ਼ਤੇਦਾਰ ਦਾ ਕਤਲ ਹੋਵੇ?' ਵਰਗੇ ਬੋਲੇ ਬਹਿਸ ਨੂੰ ਦਲੀਲ ਦੀ ਥਾਂ ਵੇਗ ਨਾਲ ਜੋੜ ਦਿੰਦੇ ਹਨ। 


ਅਜਿਹੇ ਮੌਕੇ ਇੱਕ ਦਲੀਲ ਇਹ ਦਿੱਤੀ ਜਾਂਦੀ ਹੈ ਕਿ 'ਫਲਾਣੇ ਨੂੰ ਤਾਂ ਫਾਂਸੀ ਨਹੀਂ ਦਿੱਤੀ ਗਈ' ਤਾਂ 'ਇਸ ਨੂੰ ਕਿਉਂ' ਦਿੱਤੀ ਜਾ ਰਹੀ ਹੈ। ਇਸ ਦਲੀਲ ਦੀ ਅਹਿਮੀਅਤ ਪੱਖਪਾਤ ਅਤੇ ਹੋਰ ਨਾਇਨਸਾਫ਼ੀਆਂ ਨੂੰ ਉਘਾੜਨ ਵਿੱਚ ਹੈ। ਦੂਜੇ ਪਾਸਿਓਂ ਇਹ ਮੌਜੂਦਾ ਮਾਮਲੇ ਵਿੱਚ ਸਰਕਾਰ ਨੂੰ ਮੌਤ ਦੀ ਸਜ਼ਾ ਕਾਇਮ ਰੱਖਣ ਦੀ ਸ਼ਰਤ ਬਣਦੀ ਹੈ ਕਿ ਜੇ 'ਫਲਾਣੇ ਨੂੰ ਫਾਂਸੀ ਦਿੱਤੀ' ਜਾਵੇ ਤਾਂ 'ਇਸ ਨੂੰ ਵੀ' ਦਿੱਤੀ ਜਾ ਸਕਦੀ ਹੈ। ਇਸ ਦਲੀਲ ਵਾਲੀ ਧਿਰ ਨੂੰ 'ਮੌਤ ਦੀ ਸਜ਼ਾ' ਨਾਲ ਕੋਈ ਇਤਰਾਜ਼ ਨਹੀਂ ਹੈ ਸਗੋਂ ਇਹ ਮੌਤ ਦੀ ਸਜ਼ਾ ਨੂੰ ਨਿਰਪੱਖਤਾ ਨਾਲ ਦੇਣ ਦੀ ਅਲੰਬਰਦਾਰ ਹੈ। ਸਰਕਾਰੀ ਕਾਰਗੁਜ਼ਾਰੀ ਵਿੱਚ ਇਹ ਨਿਰਪੱਖਤਾ ਤਾਂ ਹੋਣੀ ਹੀ ਚਾਹੀਦੀ ਹੈ ਪਰ ਮੌਤ ਦੀ ਸਜ਼ਾ ਦੇ ਮਾਮਲੇ ਵਿੱਚ ਇਹ ਦਲੀਲ ਨਾਲ ਹੋਰ ਪੇਚੀਦਗੀ ਵੀ ਜੁੜੀ ਹੋਈ ਹੈ। ਇਹ ਦਲੀਲ 'ਮੌਤ ਦੀ ਸਜ਼ਾ' ਰਾਹੀਂ ਇਨਸਾਫ਼ ਯਕੀਨੀ ਬਣਾਉਣ ਵਾਲੀ ਸਰਕਾਰੀ ਧਿਰ ਨਾਲ ਸਹਿਮਤ ਹੈ ਅਤੇ ਇਸ ਸਜ਼ਾ ਨੂੰ ਸਬਕ ਵਜੋਂ ਜਾਰੀ ਰੱਖਣ ਦਾ ਦਾਅਵਾ ਕਰਦੀ ਹੈ।

ਸੁਆਲ 'ਮੌਤ ਦੀ ਸਜ਼ਾ' ਦੀ ਇਨਸਾਫ਼ ਅਤੇ ਰੋਕਥਾਮ ਦੇ ਸਬਕ ਵਜੋਂ ਅਹਿਮੀਅਤ ਅਤੇ ਹਰ ਦੋਸ਼ੀ ਨੂੰ ਸਜ਼ਾ ਦੇਣ ਦਾ ਹੈ। ਇਸ ਮਾਮਲੇ ਵਿੱਚ ਬਹੁਤ ਸਾਰੇ ਅੰਕੜੇ ਇਕੱਠੇ ਅਤੇ ਅਧਿਐਨ ਹੋ ਚੁੱਕੇ ਹਨ ਕਿ 'ਮੌਤ ਦੀ ਸਜ਼ਾ' ਨਾਲ ਅਪਰਾਧ ਘਟ ਨਹੀਂ ਜਾਂਦਾ ਅਤੇ ਇਸ ਨੂੰ ਖ਼ਤਮ ਕਰਨ ਨਾਲ ਵਧ ਨਹੀਂ ਜਾਂਦਾ। ਇਹ ਸਜ਼ਾ ਦੇਣ ਤੋਂ ਬਾਅਦ ਰੱਦ ਨਹੀਂ ਹੋ ਸਕਦੀ ਜਿਸ ਨਾਲ ਕਿਸੇ ਗ਼ਲਤੀ ਜਾਂ ਉਕਾਈ ਨੂੰ ਮਨੁੱਖੀ ਜਾਨ ਲੈਣ ਦੀ ਗੁੰਜਾਇਸ਼ ਨਹੀਂ ਛੱਡੀ ਜਾ ਸਕਦੀ। ਸੁਧਾਰ ਦੇ ਮਾਮਲੇ ਵਿੱਚ ਡਾਕੂ ਉਂਗਲੀਮਾਲ ਤੋਂ ਸੱਜਣ ਠੱਗ ਤੱਕ ਦਾ ਇਤਿਹਾਸ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਸਭ ਤੋਂ ਅਹਿਮ ਪੱਖ ਇਹ ਹੈ ਕਿ ਸਰਕਾਰ ਨੂੰ ਜਾਨ ਲੈਣ ਦਾ ਕੋਈ ਹੱਕ ਨਹੀਂ ਹੈ। ਇਸ ਦਾ ਕੰਮ ਦੋਸ਼ੀ ਨੂੰ ਸਜ਼ਾ ਯਕੀਨੀ ਬਣਾਉਣਾ ਹੈ ਜੋ ਮੌਤ ਤੋਂ ਘੱਟ ਕੁਝ ਵੀ ਹੋ ਸਕਦੀ ਹੈ। ਇਨਸਾਫ਼ ਦਾ ਦੂਜਾ ਪੱਖ ਉਨ੍ਹਾਂ ਹਾਲਾਤ ਨੂੰ ਮੁਖ਼ਾਤਬ ਹੋਣਾ ਹੈ ਜਿਸ ਵਿੱਚੋਂ ਕਾਤਲ, ਬਲਾਤਕਾਰੀ ਅਤੇ ਦੇਸ਼ਧ੍ਰੋਹੀ ਪੈਦਾ ਹੁੰਦਾ ਹੈ। ਜਦੋਂ ਸਰਕਾਰ ਇਨ੍ਹਾਂ ਹਾਲਾਤ ਨੂੰ ਮੁਖ਼ਾਤਬ ਹੋਣ ਦੀ ਥਾਂ 'ਮੌਤ ਦੀ ਸਜ਼ਾ' ਦੀ ਵਕਾਲਤ ਕਰਦੀ ਹੈ ਤਾਂ ਇਹ ਸਰਕਾਰੀ ਕਤਲ ਦੀ ਮੂੰਹਜ਼ੋਰ ਨੁਮਾਇਸ਼ ਤੋਂ ਘੱਟ ਕੁਝ ਨਹੀਂ ਹੁੰਦੀ। 

ਸਰਕਾਰ ਦਾ ਕੰਮ ਆਵਾਮ ਦੀ ਸੁਰੱਖਿਆ ਅਤੇ ਇਨਸਾਫ਼ ਯਕੀਨੀ ਬਣਾਉਣਾ ਹੈ। ਸੁਰੱਖਿਆ ਅਤੇ ਇਨਸਾਫ਼ ਨੂੰ ਯਕੀਨੀ ਬਣਾਉਣ ਲਈ ਸਜ਼ਾ ਇੱਕ ਪੱਖ ਹੈ ਪਰ ਅਹਿਮ ਪੱਖ ਹਾਲਾਤ ਨੂੰ ਮੁਖ਼ਾਤਬ ਹੋਣਾ ਹੈ। ਮਿਸਾਲ ਵਜੋਂ ਇਨ੍ਹਾਂ ਸੁਆਲਾਂ ਨੂੰ ਮੁਖ਼ਾਤਬ ਹੋਣਾ ਜ਼ਰੂਰੀ ਹੈ; ਕੋਈ ਉਸਾਮਾ ਬਿਨ ਲਾਦੇਨ ਪੁੱਲਾਂ ਅਤੇ ਸੜਕਾਂ ਬਣਾਉਣ ਦਾ ਮਾਹਰ ਹੋਣ ਤੋਂ ਬਾਅਦ ਮੋਰਚਿਆਂ ਦੀ ਜ਼ਿੰਦਗੀ ਕਿਉਂ ਚੁਣਦਾ ਹੈ? ਕੋਈ ਰਣਜੀਤ ਕੁੱਕੀ ਖੇਤੀ ਵਿਗਿਆਨ ਪੜ੍ਹਦਾ-ਪੜ੍ਹਦਾ ਕਿਸੇ ਲਲਿਤ ਮਾਕਣ ਦੇ ਕਤਲ ਦੇ ਇਲਜ਼ਾਮ ਦਾ ਭਾਗੀਦਾਰ ਕਿਉਂ ਬਣਦਾ ਹੈ? ਨਵੇਂ ਕੁੜਤੇ ਤੋਂ ਮਹਿਰੂਮ ਮੁਹੰਮਦ ਕਸਾਬ ਦੁਨੀਆਂ ਦੇ ਮਹਿੰਗੇ ਅਤੇ ਆਦਮਖ਼ੋਰ ਹਥਿਆਰਾਂ ਨਾਲ ਸਰਹੱਦਾਂ ਅਤੇ ਸਮੁੰਦਰਾਂ ਦੀ ਦੂਰੀ ਤੈਅ ਕਰਕੇ ਕਾਤਲ ਵਜੋਂ ਦਫ਼ਨ ਕਿਵੇਂ ਹੁੰਦਾ ਹੈ? ਕੋਈ ਮੁਕੇਸ਼ ਕੁਮਾਰ ਕਿਨ੍ਹਾਂ ਹਾਲਾਤ ਅਤੇ ਕਿਹੜੀ ਸੋਚ ਤਹਿਤ ਬਲਾਤਕਾਰੀ ਅਤੇ ਕਾਤਲ ਬਣਦਾ ਹੈ? ਕਾਨੂੰਨ ਦੇ ਘੇਰੇ ਤੋਂ ਬਾਹਰ ਅਤੇ ਜਾਇਜ਼-ਨਜਾਇਜ਼ ਵਿੱਚ ਕੋਈ ਫ਼ਰਕ ਨਾ ਕਰਨ ਵਾਲੀਆਂ ਖ਼ੂਫ਼ੀਆ ਏਜੰਸੀਆਂ ਜਮਹੂਰੀਅਤ ਕਿਵੇਂ ਚਲਾ ਸਕਦੀਆਂ ਹਨ? ਕਤਲੇਆਮ ਦੇ ਇਲਜ਼ਾਮਾਂ ਵਿੱਚ ਘਿਰੇ ਸਿਆਸੀ ਆਗੂ ਸਭ ਤੋਂ ਵੱਡੇ 'ਸਮਾਜਵਾਦੀ ਅਤੇ ਜਮਹੂਰੀ' ਮੁਲਕ ਦੇ ਸਰਬਉੱਚ ਅਹੁਦਿਆਂ ਤੱਕ ਕਿਵੇਂ ਪਹੁੰਚਦੇ ਹਨ? 'ਮੌਤ ਦੀ ਸਜ਼ਾ' ਕਿਸੇ ਨੂੰ ਨਹੀਂ ਹੋਣੀ ਚਾਹੀਦੀ; ਦੋਸ਼ੀ ਦਾ ਨਾਮ ਭਾਵੇਂ ਉਸਾਮਾ ਬਿਨ ਲਾਦੇਨ ਹੋਵੇ ਜਾਂ ਮੁਹੰਮਦ ਕਸਾਬ। ਉਸ ਦਾ ਨਾਮ ਚਾਹੇ ਮਾਇਆ ਬੇਨ ਕੋਦਨਾਨੀ ਹੋਵੇ ਜਾਂ ਬਾਬੂ ਬਜਰੰਗੀ। ਉਸ ਦਾ ਨਾਮ ਮੁਕੇਸ਼ ਕੁਮਾਰ ਹੋਵੇ ਜਾਂ ਸੁਰਿੰਦਰ ਕੋਹਲੀ। ਉਸ ਦਾ ਨਾਮ ਚਾਹੇ ਦਾਰਾ ਸਿੰਘ ਹੋਵੇ ਜਾਂ ਕਿਸ਼ੋਰੀ ਲਾਲ ਬੁੱਚੜ। ਇਸੇ ਤਰ੍ਹਾਂ ਸਜ਼ਾ ਹਰ ਗੁਨਾਹਗਾਰ ਨੂੰ ਮਿਲਣੀ ਚਾਹੀਦੀ ਹੈ; ਉਸ ਦੇ ਨਾਮ ਨਾਲ ਭਾਵੇਂ ਗਾਂਧੀ ਜੁੜੇ ਜਾਂ ਮੋਦੀ। ਉਸ ਕੋਲ ਭਾਵੇਂ ਟਾਟਾ ਦੀ ਵਿਰਾਸਤ ਹੋਵੇ ਜਾਂ ਬਿਰਲਾ ਦੀ। ਉਸ ਨੇ ਭਾਵੇਂ ਮੁਲਕ ਦੀ 'ਏਕਤਾ-ਅਖੰਡਤਾ' ਦੀ ਰਾਖੀ ਕੀਤੀ ਹੋਵੇ ਜਾਂ ਸੰਤ ਦਾ ਭੇਸ ਧਾਰਨ ਕੀਤਾ ਹੋਵੇ।

ਮਨੁੱਖੀ, ਸ਼ਹਿਰੀ ਅਤੇ ਜਮਹੂਰੀ ਹਕੂਕ ਦੇ ਪੈਂਤੜੇ ਤੋਂ ਇਹ ਧਾਰਨਾ ਸਭ ਤੋਂ ਅਹਿਮ ਹੈ ਕਿ ਕਾਨੂੰਨ ਮਹਿਜ ਤਕਨੀਕੀ ਚਾਰਾਜੋਈ ਨਾਲ ਨਹੀਂ ਸਗੋਂ  ਇਨਸਾਫ਼ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ। ਇਨਸਾਫ਼ ਦੀ ਭਾਵਨਾ ਨੂੰ ਜ਼ਮੀਰ ਦੀ ਆਵਾਜ਼ ਸੁਣੇ ਬਿਨਾਂ ਲਾਗੂ ਨਹੀਂ ਕੀਤਾ ਜਾ ਸਕਦਾ। ਇਹ ਆਵਾਜ਼ ਭਾਵੇਂ ਕਿੰਨੀ ਵੀ ਨਾਖ਼ੁਸ਼ਗਵਾਰ ਹੋਵੇ ਅਤੇ ਭਾਵੇਂ ਇਤਿਹਾਸ ਦੀਆਂ ਕੰਨੀਆਂ ਵਿੱਚ ਮਹਿਦੂਦ ਹੋ ਜਾਵੇ ਪਰ ਇਹ ਮਨੁੱਖੀ ਸ਼ਾਨ ਦਾ ਹੋਕਾ ਹੈ। ਇਨਸਾਫ਼ ਦੀ ਕਤਾਰ ਵਿੱਚ ਖੜ੍ਹਾ ਆਖ਼ਰੀ ਜੀਅ ਇਸੇ ਆਵਾਜ਼ ਤੋਂ ਆਸ ਰੱਖਦਾ ਹੈ। ਮੌਜੂਦਾ ਹਾਲਾਤ ਵਿੱਚ ਇਹ ਆਵਾਜ਼ ਬੁਲੰਦ ਕਰਨਾ ਜ਼ਰੂਰੀ ਹੈ। ਦੇਸ਼ਧ੍ਰੋਹੀ, ਸਰਕਾਰੀ ਦਲਾਲ, ਕਾਤਲ ਪੱਖੀ ਜਾਂ ਬਲਾਤਕਾਰੀ ਹਮਾਇਤੀ ਕਰਾਰ ਦਿੱਤੇ ਜਾਣ ਤੋਂ ਬਾਅਦ ਵੀ ਇਹ ਆਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਹੈ। ਆਖ਼ਰ ਇਹ ਆਵਾਜ਼ ਜ਼ਿੰਦਗੀ ਦੀ ਕਦਰ ਕਰਨ ਦਾ ਉਜਰ ਹੈ ਅਤੇ ਤਾਕਤਵਰ ਦੀ ਜਵਾਬਦੇਹੀ ਦਾ ਸਬੱਬ ਹੈ। ਸਰਕਾਰ ਆਪਣੀ ਨਾਕਸ ਕਾਰਗੁਜ਼ਾਰੀ ਉੱਤੇ ਪਰਦਾ ਪਾਉਣ ਦੀ ਮਸ਼ਕ ਕਰਦੀ ਹੈ ਤਾਂ ਜ਼ਮੀਰ ਦੀ ਆਵਾਜ਼ ਇਸ ਪਰਦੇ ਵਿੱਚ ਮੋਰੀ ਕਰਨ ਦਾ ਨਿਮਾਣਾ ਜਿਹਾ ਉਪਰਾਲਾ ਹੈ। 

(ਇਹ ਲੇਖ 5 ਅਗਸਤ 2015 ਨੂੰ ਨਵਾਂ ਜ਼ਮਾਨਾ ਅਤੇ ਅਮਰੀਕਾ ਵਿੱਚ ਛਪਦੇ ਪੰਜਾਬ ਟਾਈਮਜ਼ ਦੇ 8 ਅਗਸਤ 2015 ਵਾਲੇ ਅੰਕ ਵਿੱਚ ਛਪਿਆ।)

Tuesday, October 15, 2013

ਜੱਜ ਸਾਹਿਬ! ਅਜਿਹੇ ਪਿਆਰ ਤੋਂ ਬਿਨਾਂ ਹੀ ਚੰਗੈ ...

ਦਲਜੀਤ ਅਮੀ

"ਅਪੀਲਕਰਤਾ ਉਸ ਵੇਲੇ ਦਿੱਲੀ ਯੂਥ ਕਾਂਗਰਸ ਦਾ ਪ੍ਰਧਾਨ ਸੀ। ਮਕਤੂਲ ਸਿਖਲਾਈ-ਯਾਫ਼ਤਾ ਪਾਇਲਟ ਹੋਣ ਦੇ ਨਾਲ-ਨਾਲ ਦਿੱਲੀ ਯੂਥ ਕਾਂਗਰਸ ਦੀ ਕੁੜੀਆਂ ਦੀ ਜਥੇਬੰਦੀ ਦੀ ਜਰਨਲ ਸਕੱਤਰ ਸੀ। ਉਹ ਆਜ਼ਾਦ ਔਰਤ ਸੀ ਜੋ ਆਪਣੇ ਫ਼ੈਸਲੇ ਆਪ ਕਰਨ ਦੇ ਸਮਰੱਥ ਸੀ। ਪੇਸ਼ ਕੀਤੇ ਗਏ ਸਬੂਤਾਂ ਮੁਤਾਬਕ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਘਰ ਦੀ ਚਾਰਦੀਵਾਰੀ ਤੋਂ ਬਾਹਰਲੇ ਲੋਕਾਂ ਨਾਲ ਸੰਪਰਕ ਵਿੱਚ ਨਹੀਂ ਸੀ। ਸਬੂਤਾਂ ਮੁਤਾਬਕ ਉਸ ਨੇ ਵਾਰਦਾਤ ਵਾਲੇ ਦਿਨ ਸ਼ਾਮ ਨੂੰ ਚਾਰ ਵਜੇ ਪੈਰਵੀ ਪੱਖ ਦੇ ਗਵਾਹ ਨੰਬਰ-12 ਮਤਲੂਬ ਕਰੀਮ ਨਾਲ ਸੰਪਰਕ ਕੀਤਾ। ਉਹ ਕੋਈ ਗ਼ਰੀਬ ਜਾਹਲ ਤੇ ਬਦਕਿਸਮਤ ਔਰਤ ਨਹੀਂ ਸੀ। ਮਕਤੂਲ ਦਾ ਸਮਾਜਕ ਰੁਤਬਾ ਧਿਆਨ ਵਿੱਚ ਰੱਖ ਕੇ ਇਹ ਨਿਚੋੜ ਕੱਢਣਾ ਮੁਸ਼ਕਿਲ ਹੈ ਕਿ ਅਪੀਲਕਰਤਾ ਉਸ ਦੇ ਮੁਕਾਬਲੇ ਗ਼ਾਲਿਬ ਹਾਲਤ ਵਿੱਚ ਸੀ। ਅਪੀਲਕਰਤਾ ਮਕਤੂਲ ਨਾਲ ਬੇਇੰਤਹਾ ਪਿਆਰ ਕਰਦਾ ਸੀ। ਉਸ ਨੇ ਮਕਤੂਲ ਦੀ ਪੈਰਵੀ ਪੱਖ ਦੇ ਗਵਾਹ ਨੰਬਰ-12 ਮਤਲੂਬ ਕਰੀਮ ਨਾਲ ਬਹੁਤ ਨੇੜਤਾ ਤੋਂ ਜਾਣੂ ਹੋਣ ਦੇ ਬਾਵਜੂਦ ਉਸ ਨਾਲ ਵਿਆਹ ਕੀਤਾ। ਉਸ ਨੂੰ ਆਸ ਸੀ ਕਿ ਮਕਤੂਲ ਵਿਆਹ ਤੋਂ ਬਾਅਦ ਉਸ ਨਾਲ ਵਸ ਜਾਵੇਗੀ ਅਤੇ ਖ਼ੁਸ਼ਗਵਾਰ ਜ਼ਿੰਦਗੀ ਵਸਰ ਕਰੇਗੀ। ਪੇਸ਼ ਕੀਤੇ ਗਏ ਸਬੂਤਾਂ ਮੁਤਾਬਕ ਉਹ ਵਿਆਹ ਕਰਵਾ ਕੇ ਇੱਕਠੇ ਰਹਿੰਦੇ ਸਨ ਪਰ ਮੰਦੇਭਾਗੀ, ਜਾਪਦਾ ਇੰਝ ਹੈ ਕਿ ਮਕਤੂਲ ਪੈਰਵੀ ਪੱਖ ਦੇ ਗਵਾਹ ਨੰਬਰ-12 ਮਤਲੂਬ ਕਰੀਮ ਨਾਲ ਸੰਪਰਕ ਵਿੱਚ ਸੀ। ਜਾਪਦਾ ਹੈ ਕਿ ਅਪੀਲਕਰਤਾ ਪਿਆਰਵਸ ਮਕਤੂਲ ਉੱਤੇ ਬਹੁਤ ਮੇਰ ਮਾਰਦਾ ਸੀ। ਹਾਜ਼ਰ ਸਬੂਤਾਂ ਮੁਤਾਬਕ ਅਪੀਲਕਰਤਾ ਨੂੰ ਮਕਤੂਲ ਦੀ ਵਫ਼ਾਦਾਰੀ ਉੱਤੇ ਸ਼ੱਕ ਸੀ ਅਤੇ ਮੇਰ ਦੀ ਭਾਵਨਾਵਸ ਹੀ ਕਤਲ ਹੋਇਆ। ਇਹ ਵੀ ਦਰਜ ਕੀਤਾ ਗਿਆ ਹੈ ਕਿ ਜਦੋਂ ਅਪੀਲਕਰਤਾ ਨੂੰ ਲੇਡੀ ਹਾਰਡਿੰਜ (ਹਸਪਤਾਲ) ਦੇ ਮੁਰਦਾਘਰ ਵਿੱਚ ਲਾਸ਼ ਦਿਖਾਈ ਗਈ ਤਾਂ ਉਹ ਰੋ ਪਿਆ। ਇਹ ਕਹਿਣਾ ਮੁਸ਼ਕਿਲ ਹੈ ਕਿ ਉਸ ਨੂੰ ਆਪਣੇ ਕੀਤੇ ਦਾ ਅਫ਼ਸੋਸ ਨਹੀਂ ਹੈ। ... ਇਹ ਕਤਲ ਰਿਸ਼ਤਿਆਂ ਵਿੱਚ ਆਈ ਕੁੜੱਤਣ ਦਾ ਨਤੀਜਾ ਸੀ। ਇਹ ਸਮਾਜ ਖ਼ਿਲਾਫ਼ ਅਪਰਾਧ ਨਹੀਂ ਸੀ। ਅਪੀਲਕਰਤਾ ਦਾ ਪਿਛੋਕੜ ਅਪਰਾਧ ਨਾਲ ਨਹੀਂ ਜੁੜਦਾ। ... ਅਪੀਲਕਰਤਾ ਦਾ ਸੁਧਾਰ ਅਤੇ ਮੁੜ ਬਹਾਲੀ ਸੰਭਵ ਹੈ।" ਇਹ ਲਿਖਤ ਸੁਪਰੀਮ ਕੋਰਟ ਦੇ ਤੰਦੂਰ ਕਾਂਡ ਵਿੱਚ ਫ਼ੈਸਲੇ ਦੇ ਪੈਰਾ 84 ਦਾ ਪੰਜਾਬੀ ਤਰਜਮਾ ਹੈ।

ਇਸ ਦਲੀਲ ਦੀ ਬੁਨਿਆਦ ਉੱਤੇ ਸੁਪਰੀਮ ਕੋਰਟ ਨੇ ਕਾਤਲ ਸੁਸ਼ੀਲ ਸ਼ਰਮਾ ਦੀ ਮੌਤ ਦੀ ਸਜ਼ਾ ਘਟਾ ਕੇ ਉਮਰ ਕੈਦ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪੈਰਾ 81 ਵਿੱਚ ਮੌਤ ਦੀ ਸਜ਼ਾ ਬਾਬਤ ਫ਼ੈਸਲੇ ਦੀ ਦਲੀਲ ਇੰਝ ਦਰਜ ਕੀਤੀ ਗਈ ਹੈ, "... ਅਦਾਲਤ ਕੋਲ ਕਿਸੇ ਮੁਲਜ਼ਮ ਨੂੰ ਮੌਤ ਦੀ ਸਜ਼ਾ ਦੇਣ ਜਾਂ ਨਾ ਦੇਣ ਦਾ ਕੋਈ ਪੱਕਾ ਨੇਮ ਨਹੀਂ ਹੈ। ਤੱਥ ਕਿਸੇ ਵੀ ਅਪਰਾਧੀ ਮਾਮਲੇ ਦਾ ਧੁਰਾ ਹੁੰਦੇ ਹਨ ਜੋ ਹਰ ਮਾਮਲੇ ਵਿੱਚ ਵੱਖ-ਵੱਖ ਹੁੰਦੇ ਹਨ। ਇਸ ਲਈ ਅਪਰਾਧੀ ਦੀ ਉਮਰ, ਉਸ ਦੇ ਸਮਾਜਕ ਰੁਤਬੇ ਅਤੇ ਪਿਛੋਕੜ ਉੱਤੇ ਧਿਆਨ ਦੇਣਾ ਪਵੇਗਾ। ਇਹ ਵੇਖਣਾ ਹੋਵੇਗਾ ਕਿ ਕੀ ਉਹ ਹੰਢਿਆ ਹੋਇਆ ਅਪਰਾਧੀ ਹੈ, ਕੀ ਉਸ ਦੇ ਸੁਧਾਰ ਜਾਂ ਮੁੜ ਬਹਾਲੀ ਦੀ ਸੰਭਾਵਨਾ ਹੈ ਜਾਂ ਇਹ ਅਸੰਭਵ ਹੈ, ਕੀ ਮੁਲਜ਼ਮ ਮੁੜ ਕੇ ਅਪਰਾਧ ਕਰ ਸਕਦਾ ਹੈ ਅਤੇ ਸਮਾਜ ਲਈ ਘਾਤਕ ਸਾਬਤ ਹੋ ਸਕਦਾ ਹੈ? ਇਨ੍ਹਾਂ ਤੱਥਾਂ ਦਾ ਹਰ ਮਾਮਲੇ ਵਿੱਚ ਨਿਰਪੱਖ ਪੜਚੋਲ ਕਰਨੀ ਪਵੇਗੀ।" 

'ਮੌਤ ਦੀ ਸਜ਼ਾ' ਨੂੰ ਘਟਾਇਆ ਜਾਣਾ ਸਿਧਾਂਤਕ ਪੱਖੋਂ ਠੀਕ ਹੈ ਕਿਉਂਕਿ ਤਕਰੀਬਨ 140 ਮੁਲਕ ਅਜਿਹੀ ਸਜ਼ਾ ਉੱਤੇ ਕਾਨੂੰਨੀ ਪਾਬੰਦੀ ਲਗਾ ਚੁੱਕੇ ਹਨ ਜਾਂ ਅਮਲ ਵਿੱਚ ਇਸ ਤੋਂ ਪਰਹੇਜ਼ ਕਰ ਰਹੇ ਹਨ। ਆਲਮੀ ਪੱਧਰ ਉੱਤੇ ਮੌਤ ਦੀ ਸਜ਼ਾ ਖ਼ਿਲਾਫ਼ ਮੁਹਿੰਮ ਚੱਲ ਰਹੀ ਹੈ। ਇਸ ਮੁਹਿੰਮ ਦੀਆਂ ਦਲੀਲਾਂ ਅਤੇ ਇਤਿਹਾਸ 'ਮੌਤ ਦੀ ਸਜ਼ਾ' ਨੂੰ ਮੱਧਯੁੱਗੀ ਅਤੇ ਮੌਜੂਦਾ ਸੱਭਿਅਤਾ ਉੱਤੇ ਦਾਗ਼ ਕਰਾਰ ਦਿੰਦੀਆਂ ਹਨ। ਸੁਪਰੀਮ ਕੋਰਟ ਦਾ ਇਹ ਫ਼ੈਸਲਾ ਠੀਕ ਹੈ ਪਰ ਇਸ ਦੀ ਦਲੀਲ ਨਜ਼ਰਸਾਨੀ ਦੀ ਮੰਗ ਕਰਦੀ ਹੈ। ਇਸ ਫ਼ੈਸਲੇ ਵਿੱਚ ਦਰਜ ਦਲੀਲਾਂ ਨੂੰ ਮੌਜੂਦਾ ਸਮਾਜਕ ਰੁਝਾਨ ਨਾਲ ਜੋੜ ਕੇ ਵੇਖਿਆ ਜਾਣਾ ਬਣਦਾ ਹੈ। ਪਹਿਲਾ ਸਵਾਲ 'ਪਿਆਰ' ਅਤੇ ਦੂਜਾ 'ਸਮਾਜਕ ਰੁਤਬੇ' ਨਾਲ ਜੁੜਦਾ ਹੈ। ਇਨ੍ਹਾਂ ਦੋਵਾਂ ਦੀ ਬੁਨਿਆਦ ਉੱਤੇ ਹੀ ਕਾਤਲ ਨੂੰ ਰਿਆਇਤ ਦਿੰਦੇ ਹੋਏ 'ਮੌਤ ਦੀ ਸਜ਼ਾ' ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਗਿਆ ਹੈ। ਇਨ੍ਹਾਂ ਦਲੀਲਾਂ ਦੀ ਪੜਚੋਲ ਤੋਂ ਪਹਿਲਾਂ ਤੰਦੂਰ ਕਾਂਡ ਦੀ ਤਫ਼ਸੀਲ ਜਾਣ ਲੈਣੀ ਜ਼ਰੂਰੀ ਹੈ। ਨੈਨਾ ਸਾਹਨੀ ਯੂਥ ਕਾਂਗਰਸ ਦੀ ਕੁੜੀਆਂ ਦੀ ਜਥੇਬੰਦੀ ਵਿੱਚ ਆਗੂ ਅਤੇ ਯੂਥ ਕਾਂਗਰਸ ਦੇ ਆਗੂ ਮਤਲੂਬ ਕਰੀਮ ਨਾਲ ਪਿਆਰ ਕਰਦੀ ਸੀ ਪਰ ਮਜ਼ਹਬੀ ਕੰਧ ਨੇ ਉਨ੍ਹਾਂ ਦਾ ਵਿਆਹ ਨਹੀਂ ਹੋਣ ਦਿੱਤਾ। ਨੈਨਾ ਸਾਹਨੀ ਨੇ ਸੁਸ਼ੀਲ ਸ਼ਰਮਾ ਨਾਲ ਪਿਆਰ ਵਿਆਹ ਕੀਤਾ। ਸੁਸ਼ੀਲ ਇਸ ਵਿਆਹ ਨੂੰ ਸਮਾਜਕ ਤੌਰ ਉੱਤੇ ਜ਼ਾਹਿਰ ਨਹੀਂ ਕਰਨਾ ਚਾਹੁੰਦਾ ਸੀ ਅਤੇ ਨੈਨਾ ਸਾਹਨੀ ਨੇ ਆਪਣੇ ਜਮਾਤੀ ਮਤਲੂਬ ਨਾਲ ਸੰਪਰਕ ਕਾਇਮ ਰੱਖਿਆ। ਇਸ ਅਦਾਲਤੀ ਫ਼ੈਸਲੇ ਵਿੱਚ ਬਚਾਅ ਪੱਖ ਦੀ ਦਲੀਲ ਹੈ ਕਿ "ਪੈਰਵੀ ਪੱਖ ਦੇ ਸਬੂਤ ਦਰਸਾਉਂਦੇ ਹਨ ਕਿ ਅਪੀਲਕਰਤਾ ਮਕਤੂਲ ਨੂੰ ਬਹੁਤ ਪਿਆਰ ਕਰਦਾ ਸੀ। ਮਤਲੂਬ ਕਰੀਮ ਨਾਲ ਮਕਤੂਲ ਦਾ ਕਰੀਬੀ ਰਿਸ਼ਤਾ ਹੋਣ ਦੇ ਬਾਵਜੂਦ ਅਪੀਲਕਰਤਾ ਨੇ ਮਕਤੂਲ ਨੂੰ ਘਰੋਂ ਨਹੀਂ ਕੱਢਿਆ। ਉਸ ਨੇ ਮਕਤੂਲ ਦੀਆਂ ਮਨਮਤੀਆਂ ਨੂੰ ਰੋਕਣ ਲਈ ਉਸ ਦਾ ਘਰੋਂ ਆਉਣਾ-ਜਾਣਾ ਸੀਮਤ ਕਰ ਦਿੱਤਾ।" ਸੁਸ਼ੀਲ ਅਤੇ ਨੈਨਾ ਦੀ ਤਕਰਾਰ ਦੋ ਜੁਲਾਈ 1995 ਨੂੰ ਖ਼ੂਨੀ ਰੂਪ ਧਾਰ ਗਈ। ਸੁਸ਼ੀਲ ਗੋਲੀਆਂ ਨਾਲ ਕਤਲ ਕਰ ਕੇ ਨੈਨਾ ਦੀ ਲਾਸ਼ ਕਾਰ ਰਾਹੀਂ ਆਪਣੇ ਹੋਟਲ 'ਬਗ਼ੀਆ' ਲੈ ਗਿਆ। ਲਾਸ਼ ਦੇ ਟੋਟੇ ਕਰ ਕੇ ਤੰਦੂਰ ਵਿੱਚ ਸੁੱਟੇ ਗਏ। ਆਲੇ-ਦੁਆਲੇ ਧੂੰਆਂ ਫੈਲ ਗਿਆ। ਰਾਤ ਨੂੰ ਗਸ਼ਤ ਕਰਦੀ ਪੁਲਿਸ ਨੂੰ ਅੱਗ ਲੱਗਣ ਦਾ ਸ਼ੱਕ ਹੋਇਆ ਤਾਂ ਮੁਲਾਜ਼ਮ ਮੌਕੇ ਉੱਤੇ ਪਹੁੰਚ ਗਏ ਅਤੇ ਉਨ੍ਹਾਂ ਦੀ ਨਜ਼ਰ ਤੰਦੂਰ ਵਿੱਚ ਸੜਦੇ ਮਨੁੱਖੀ ਅੰਗਾਂ ਉੱਤੇ ਪੈ ਗਈ। ਵਿਉਂਤਬੰਦ ਕਤਲ ਸਬੱਬ ਨਾਲ ਪੁਲਿਸ ਦੇ ਧਿਆਨ ਵਿੱਚ ਆ ਗਿਆ। ਇਸ ਤਰ੍ਹਾਂ ਇਹ ਮਾਮਲਾ ਪੁਲਿਸ ਰਾਹੀਂ ਅਦਾਲਤ ਵਿੱਚ ਪਹੁੰਚ ਗਿਆ। ਹੇਠਲੀਆਂ ਅਦਾਲਤਾਂ ਨੇ ਸੁਸ਼ੀਲ ਨੂੰ 'ਮੌਤ ਦੀ ਸਜ਼ਾ' ਸੁਣਾਈ ਅਤੇ ਲਾਸ਼ ਕਿਉਟਣ ਵਿੱਚ ਮਦਦਗ਼ਾਰ ਹੋਟਲ ਮੈਨੇਜਰ ਕੇਸ਼ਵ ਕੁਮਾਰ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ।

ਦਿੱਲੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੀਆਂ ਇਸ ਮਾਮਲੇ ਨੂੰ ਕ੍ਰਮਵਾਰ 'ਨਿਆਰਿਆਂ ਵਿੱਚੋਂ ਨਿਆਰਾ' ਮੰਨਣ ਅਤੇ ਨਾ ਮੰਨਣ ਦੀਆਂ ਦਲੀਲਾਂ ਦਿਲਚਸਪ ਹਨ ਅਤੇ ਅਦਾਲਤੀ ਕਾਰਵਾਈ ਵਿੱਚ ਨਿਰਪੱਖਤਾ ਦੀ ਥਾਂ ਜੱਜਾਂ ਦੀ ਨਿੱਜੀ ਸੋਚ ਦੀ ਨੁਮਾਇੰਦਗੀ ਕਰਦੀਆਂ ਹਨ। ਇਸ ਲੇਖ ਦਾ ਘੇਰਾ ਅਦਾਲਤੀ ਕਾਰਵਾਈ ਉੱਤੇ ਅਸਰਅੰਦਾਜ਼ ਜੱਜਾਂ ਦੀ ਸੋਚ ਬਾਬਤ ਟਿੱਪਣੀ ਕਰਨਾ ਨਹੀਂ ਸਗੋਂ 'ਪਿਆਰ' ਅਤੇ 'ਸਮਾਜਕ ਰੁਤਬੇ' ਦੀਆਂ ਦਲੀਲਾਂ ਦੀ ਪੜਚੋਲ ਕਰਨਾ ਹੈ। ਜਦੋਂ ਅਦਾਲਤੀ ਫ਼ੈਸਲੇ ਵਿੱਚ ਸੁਸ਼ੀਲ ਨੂੰ ਉਸ ਦੇ 'ਬੇਇੰਤਹਾ ਪਿਆਰ' ਦੀ ਰਿਆਇਤ ਦਿੱਤੀ ਜਾਂਦੀ ਹੈ ਤਾਂ ਇਹ ਔਰਤ ਉੱਤੇ ਮਰਦਾਵੇਂ ਕਬਜ਼ੇ ਦੀ ਵਕਾਲਤ ਕਰਦੀ ਹੈ। ਬੀਬੀਆਂ ਦੀ ਆਜ਼ਾਦੀ ਵਿੱਚ ਖ਼ਲਲ ਪਾਉਣ ਤੋਂ ਲੈਕੇ ਖ਼ੌਫ਼ਜ਼ਦਾ ਕਰਨ ਵਾਲੇ ਇਸ ਰੁਝਾਨ ਦੀ ਜੜ੍ਹਾਂ ਮਰਦਾਵੇਂ ਗ਼ਲਬੇ ਨਾਲ ਜੁੜੀਆਂ ਹੋਈਆਂ ਹਨ। ਫ਼ਿਲਮਾਂ ਵਿੱਚ ਇਸ ਸੋਚ ਦੀ ਨੁਮਾਇੰਦਗੀ ਹੁੰਦੀ ਹੈ ਜਿੱਥੇ ਕੁੜੀਆਂ ਦਾ ਪਿੱਛਾ ਉਦੋਂ ਤੱਕ ਕੀਤਾ ਜਾਂਦਾ ਹੈ ਜਦੋਂ ਤੱਕ ਉਹ 'ਹਾਂ' ਨਹੀਂ ਕਹਿ ਦਿੰਦੀਆਂ। ਹਰ ਇਜ਼ਹਾਰ ਵਿੱਚ 'ਮੈਂ ਤੇਰੇ ਲਈ ਮਰ ਸਕਦਾ ਹਾਂ' ਵਾਲੀ ਭਾਵਨਾ ਕਾਇਮ ਰਹਿੰਦੀ ਹੈ। ਜੋ ਮਰ ਸਕਦਾ ਹੈ, ਉਹ ਮਾਰ ਵੀ ਸਕਦਾ ਹੈ। ਇਨਕਾਰ ਕਰਨ ਦੀ ਹਾਲਤ ਵਿੱਚ ਇਸ ਦੇ ਨਤੀਜੇ ਤੇਜ਼ਾਬੀ ਹਮਲਿਆਂ ਤੋਂ ਲੈ ਕੇ ਬਲਾਤਕਾਰਾਂ ਅਤੇ ਉਧਾਲਿਆਂ ਤੱਕ ਸਾਹਮਣੇ ਆਉਂਦੇ ਹਨ। ਇਹੋ ਸੋਚ ਅਦਾਲਤਾਂ ਦੇ 'ਬਲਾਤਕਾਰੀਆਂ ਨੂੰ ਵਿਆਹ ਦੀ ਸਜ਼ਾ' ਦੇਣ ਵਾਲੇ ਫ਼ੈਸਲਿਆਂ ਵਿੱਚ ਦਰਜ ਹੋਈ ਹੈ। ਇਸ ਤਰ੍ਹਾਂ ਦਾ ਰੁਝਾਨ ਕਾਨੂੰਨ ਮੁਤਾਬਕ ਅਪਰਾਧ ਦੇ ਘੇਰੇ ਵਿੱਚ ਹੋਣ ਦੇ ਬਾਵਜੂਦ ਸਮਾਜਕ ਪ੍ਰਵਾਨਗੀ ਹਾਸਲ ਕਰ ਗਿਆ ਹੈ ਅਤੇ ਮਰਦਾਵੇਂ ਗ਼ਲਬੇ ਦੀ ਮਜ਼ਬੂਤੀ ਦਾ ਕਾਰਨ ਬਣਿਆ ਹੈ। ਇਹ ਮੰਨ ਲਿਆ ਗਿਆ ਹੈ ਕਿ ਇਜ਼ਹਾਰ ਮਰਦ ਨੇ ਕਰਨਾ ਹੈ ਅਤੇ ਬੀਬੀ ਦੇ ਇਕਰਾਰ ਲਈ ਕੋਈ ਵੀ ਹਰਬਾ ਵਰਤਿਆ ਜਾ ਸਕਦਾ ਹੈ। ਅਦਾਲਤ ਦਾ ਮੌਜੂਦਾ ਫ਼ੈਸਲਾ ਇਸੇ ਮਰਦਾਵੇਂ ਗ਼ਲਬੇ ਦੀ ਹਾਮੀ ਭਰਦਾ ਹੈ ਜਿੱਥੇ ਮਰਦ ਪਿਆਰ ਵਿੱਚ ਮਰ ਸਕਦਾ ਹੈ ਅਤੇ ਮਾਰ ਸਕਦਾ ਹੈ। ਉਹ ਹਰ ਹਾਲਤ ਵਿੱਚ ਕਿਸੇ ਨਾਲ ਜਿਉਣ ਦਾ ਵਾਅਦਾ ਨਹੀਂ ਕਰ ਸਕਦਾ। ਉਹ ਕਿਸੇ ਨੂੰ ਹਰ ਹਾਲਤ ਵਿੱਚ ਪ੍ਰਵਾਨ ਕਰਨ ਦੀ ਹੀਆ ਨਹੀਂ ਕਰ ਸਕਦਾ। ਮੌਜੂਦਾ ਦੌਰ ਇਸ ਸੋਚ ਉੱਤੇ ਸਵਾਲ ਕਰਨ ਦਾ ਸਮਾਂ ਹੈ। ਬੀਬੀਆਂ ਨੇ ਆਪਣੇ 'ਇਕਰਾਰ' ਅਤੇ 'ਇਜ਼ਹਾਰ' ਦੀ ਇੱਜ਼ਤ ਕਮਾ ਲਈ ਹੈ। ਮਰਦਾਂ ਨੇ ਹਾਲੇ 'ਇਨਕਾਰ' ਦਾ ਸਤਿਕਾਰ ਕਰਨਾ ਸਿੱਖਣਾ ਹੈ। ਆਪਣੇ 'ਇਕਰਾਰ' ਅਤੇ 'ਇਜ਼ਹਾਰ' ਦੀ ਮਨੁੱਖ ਵਜੋਂ ਕਦਰ ਕਰਨੀ ਸਿੱਖਣੀ ਹੈ। ਇਸ ਦੀ ਸਭ ਤੋਂ ਪਹਿਲੀ ਪੌੜੀ ਤਾਂ ਆਪਣੇ 'ਇਜ਼ਹਾਰ' ਨੂੰ ਮਰਦਾਵੀਂ ਹੈਂਕੜ ਨਾਲੋਂ ਨਿਖੇੜ ਕੇ ਮਨੁੱਖੀ ਅਹਿਸਾਸ ਵਜੋਂ ਮਾਨਤਾ ਦੇਕੇ ਹੀ ਚੜ੍ਹੀ ਜਾ ਸਕਦੀ ਹੈ। ਦੋਵਾਂ ਧਿਰਾਂ ਦੇ ਇਜ਼ਹਾਰ, ਇਕਰਾਰ ਜਾਂ ਇਨਕਾਰ ਦੀ ਬਰਾਬਰ ਮਾਨਤਾ ਮਨੁੱਖ ਨੂੰ ਬਿਹਤਰ ਮਨੁੱਖ ਹੋਣ ਦਾ ਰਾਹ ਦਰਸਾ ਸਕਦੀ ਹੈ। 

ਅਦਾਲਤ ਦੀ ਰਿਆਇਤ ਦੇਣ ਵਾਲੀ ਦਲੀਲ ਦਾ ਦੂਜਾ ਪੱਖ 'ਸਮਾਜਕ ਰੁਤਬੇ' ਨਾਲ ਜੁੜਿਆ ਹੋਇਆ ਹੈ। ਅਦਾਲਤੀ ਕਾਰਗੁਜ਼ਾਰੀ ਦੀ ਪੜਚੋਲ ਵਿੱਚ ਨਿਰਪੱਖਤਾ ਲਗਾਤਾਰ ਸਵਾਲ ਦੇ ਘੇਰੇ ਵਿੱਚ ਆਉਂਦੀ ਰਹੀ ਹੈ। ਜਦੋਂ ਅਦਾਲਤ ਸਜ਼ਾ ਦੀ ਮਿਕਦਾਰ ਤੈਅ ਕਰਨ ਵੇਲੇ ਅਪਰਾਧੀ ਦੇ ਸੁਧਰਨ ਜਾਂ ਨਾ ਸੁਧਾਰਨ ਦੀ ਗੁੰਜ਼ਾਇਸ਼ ਅਤੇ ਮੁੜ-ਬਹਾਲੀ ਦੀ ਸੰਵਾਭਨਾ ਜਾਂ ਨਾ-ਸੰਭਾਵਨਾ ਦੇ ਬਰਾਬਰ ਸਮਾਜਕ ਰੁਤਬੇ ਦਾ ਵਜ਼ਨ ਤੋਲਦੀ ਹੈ ਤਾਂ ਨਿਰਪੱਖਤਾ ਉੱਤੇ ਹੋਇਆ ਸਵਾਲ ਹੋਰ ਉਘੜ ਆਉਂਦਾ ਹੈ। ਇਸ ਤੋਂ ਜਾਪਦਾ ਹੈ ਕਿ ਅਦਾਲਤ ਅਮੀਰ-ਗ਼ਰੀਬ, ਦਮਿਤ-ਦਲਿਤ, ਔਰਤ-ਮਰਦ ਅਤੇ ਗ਼ਾਲਿਬ-ਨਿਤਾਣੇ ਵਿੱਚ ਨਿਰਪੱਖ ਨਹੀਂ ਹੈ। ਔਰਤ-ਮਰਦ ਦੇ ਮਾਮਲੇ ਵਿੱਚ 'ਸਮਾਜਕ ਰੁਤਬਾ' ਮਰਦਾਵੇਂ ਦਾਬੇ ਨੂੰ ਬੇਮਾਅਨਾ ਨਹੀਂ ਕਰ ਦਿੰਦਾ। ਵੱਖ-ਵੱਖ ਸਮਾਜਕ ਘੇਰਿਆਂ ਵਿੱਚ ਜੀਵਨ-ਮਿਆਰ ਅਤੇ ਜੀਵਨ-ਸ਼ੈਲੀ ਦੇ ਇਤਫ਼ਰਕਿਆਂ ਦੇ ਬਾਵਜੂਦ ਔਰਤ-ਮਰਦ ਦੀ ਨਾਬਰਾਬਰੀ ਜ਼ਾਹਿਰ ਜਾਂ ਗੁੱਝੇ ਰੂਪ ਵਿੱਚ ਕਾਇਮ ਹੈ। ਜੇ ਅਜਿਹਾ ਨਾ ਹੁੰਦਾ ਤਾਂ ਭਰੂਣ-ਹੱਤਿਆ ਤੋਂ ਲੈ ਕੇ ਘਰੇਲੂ ਹਿੰਸਾ ਜਾਂ ਪਾਬੰਦੀਆਂ ਦਾ ਰੁਝਾਨ ਸਮਾਜਕ ਦੀ ਥਾਂ ਜਮਾਤੀ ਹੁੰਦਾ। ਪਿਤਾ-ਪੁਰਖੀ ਕਦਰਾਂ-ਕੀਮਤਾਂ ਅਤੇ ਮਰਦਾਵਾਂ ਗ਼ਲਬਾ ਸਮਾਜਕ ਰੁਝਾਨ ਹੈ ਜਿਸ ਤੋਂ ਮੁਕਤੀ ਲਈ ਸਮਾਜਕ ਰੁਤਬਾ ਨਾਕਾਫ਼ੀ ਹੈ। ਜਦੋਂ ਅਦਾਲਤ ਨੈਨਾ ਸਾਹਨੀ ਦੇ ਸਮਾਜਕ ਰੁਤਬੇ ਦੇ ਹਵਾਲੇ ਨਾਲ ਮੰਨ ਲੈਂਦੀ ਹੈ ਕਿ ਕਾਤਲ ਉਸ ਦੇ ਮੁਕਾਬਲੇ ਗ਼ਾਲਿਬ ਹਾਲਤ ਵਿੱਚ ਨਹੀਂ ਸੀ ਤਾਂ ਮਰਦਾਵਾਂ ਸਮਾਜਕ ਗ਼ਲਬਾ ਨਜ਼ਰਅੰਦਾਜ਼ ਹੋ ਜਾਂਦਾ ਹੈ। ਇਸ ਤਰ੍ਹਾਂ ਔਰਤ ਉੱਤੇ 'ਆਪਣੀ ਰਾਖੀ ਆਪ ਕਰਨ' ਦੀ ਜ਼ਿੰਮੇਵਾਰੀ ਆ ਪੈਂਦੀ ਹੈ। ਸਮਾਜਕ ਟੀਚੇ ਅਤੇ ਮਨੁੱਖੀ ਕਦਰਾਂ-ਕੀਮਤਾਂ ਵਜੋਂ ਇਹ ਧਾਰਨਾ ਠੀਕ ਹੋ ਸਕਦੀ ਹੈ ਪਰ ਅਦਾਲਤੀ ਮਨੌਤ ਵਜੋਂ ਸਮਕਾਲੀ ਸਮਾਜ ਦੀ ਪੀੜਤ ਧਿਰ ਉੱਤੇ ਬੇਲੋੜਾ ਬੋਝ ਪਾਉਂਦੀ ਹੈ। ਇਸ ਤਰ੍ਹਾਂ ਸਹੀ ਫ਼ੈਸਲਾ ਗ਼ਲਤ ਦਲੀਲਾਂ ਉੱਤੇ ਟਿਕਿਆ ਹੋਇਆ ਹੈ। ਇਹ ਦਲੀਲਾਂ ਉਸੇ ਸੋਚ ਦੀ ਤਸਦੀਕ ਕਰਦੀਆਂ ਹਨ ਜੋ ਨੈਨਾ ਸਾਹਨੀ ਦੇ ਕਤਲ ਦਾ ਕਾਰਨ ਬਣੀ ਸੀ।


(ਇਹ ਲੇਖ 17 ਅਕਤੂਬਰ 2013 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ।)

Thursday, January 03, 2013

ਬੇਨਾਮ ਸਮਕਾਲੀ ਦੀ ਸ਼ਰਧਾਂਜਲੀ, ਇਤਿਹਾਸ ਤੇ ਬਿਹਤਰ ਸਮਾਜ

ਦਲਜੀਤ ਅਮੀ

ਪਿਛਲੇ ਦਿਨਾਂ ਦੀਆਂ ਘਟਨਾਵਾਂ ਨੇ ਬਹੁਤ ਕੁਝ ਬਦਲਿਆ ਹੈ। ਇਸ ਬਦਲਾਅ ਬਾਰੇ ਦਲੀਲਬੰਦ ਖ਼ਦਸ਼ਾ ਹੈ ਕਿ ਇਹ ਵਕਤੀ ਉਬਾਲ ਸਾਬਤ ਹੋਵੇਗਾ। ਇਸ ਬਦਲਾਅ ਦੇ ਚਿਰਕਾਲੀ ਹੋਣ ਦੀ ਗੁੰਜਾਇਸ਼ ਵੀ ਫਰੋਲੀ ਜਾ ਰਹੀ ਹੈ। ਸਮਾਜ ਵਿਚਲੇ ਮਰਦਾਵੇਂ ਦਾਬੇ ਦੀ ਕਰੂਰਤਾ ਦਾ ਸ਼ਿਕਾਰ ਹੋਈ ਬੀਬੀ ਨੇ ਸਾਲ 2012 ਦਾ ਲੇਖਾ-ਜੋਖਾ ਤਾਂ ਬਦਲ ਦਿੱਤਾ। 'ਆਪ-ਮੁਹਾਰੇ' ਹੋਏ ਰੋਸ ਮੁਜ਼ਾਹਰਿਆਂ ਨੇ ਦਰਸਾ ਦਿੱਤਾ ਕਿ ਇੰਤਜ਼ਾਮੀਆ ਦੀਆਂ ਲਗਾਈਆਂ ਪਾਬੰਦੀਆਂ ਅਤੇ ਸਿਆਸੀ ਪਾਰਟੀਆਂ ਨੂੰ ਨਜ਼ਰਅੰਦਾਜ਼ ਕਰ ਕੇ ਸਰਕਾਰ ਦੀ ਜਵਾਬਤਲਬੀ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਇਹ ਖ਼ਦਸ਼ਾ ਵੀ ਕਾਇਮ ਰਿਹਾ ਕਿ ਬਿਨਾਂ ਅਗਵਾਈ ਤੋਂ ਚੱਲ ਰਹੀ ਰੋਸ-ਮੁਹਿੰਮ ਕਦੇ ਵੀ ਲੀਹੋਂ ਲੱਥ ਸਕਦੀ ਹੈ। ਇਸ ਸਮੁੱਚੇ ਘਟਨਾਚੱਕਰ ਨੂੰ ਗ਼ੈਰ-ਸਿਆਸੀ ਕਰਾਰ ਦੇਣ ਲਈ ਪੜਚੋਲੀਆਂ ਅਤੇ ਹਿੱਸਾ ਲੈਣ ਵਾਲਿਆਂ ਵਿੱਚ ਦੌੜ ਲੱਗੀ ਰਹੀ। ਇਸੇ ਦੌਰਾਨ ਇਹ ਵੀ ਸਵਾਲ ਕੀਤੇ ਗਏ ਕਿ ਔਰਤਾਂ ਖ਼ਿਲਾਫ਼ ਹਿੰਸਾ ਮੌਜੂਦਾ ਪ੍ਰਬੰਧਕੀ ਢਾਂਚੇ ਦੀ ਦੇਣ ਹੈ। ਇਹ ਮਾਮਲਾ ਦਿੱਲੀ ਕਾਰਨ ਵਧੇਰੇ ਚਰਚਾ ਵਿੱਚ ਆਇਆ ਹੈ। ਇਸ ਮੁਹਿੰਮ ਦੌਰਾਨ ਵੀ ਅਜਿਹੀਆਂ ਘਟਨਾਵਾਂ ਵਿੱਚ ਕਮੀ ਨਹੀਂ ਆਈ। ਸਭ ਤੋਂ ਤਿੱਖਾ ਸਵਾਲ ਇਹ ਸੀ ਕਿ ਇਸ ਮੌਕੇ ਰੋਸ ਮੁਜ਼ਾਹਰੇ ਕਰਨ ਵਾਲਿਆਂ ਵਿੱਚੋਂ  ਬਹੁਤ ਸਾਰੇ ਕਿਸੇ ਹੋਰ ਮੌਕੇ ਮੁਲਜ਼ਮਾਂ ਦੀ ਧਿਰ ਵਿੱਚ ਹੋ ਸਕਦੇ ਹਨ। ਪੜਚੋਲ ਵਿੱਚ ਇਹ ਵੀ ਨੁਕਤਾ ਆਇਆ ਕਿ ਮੁਜ਼ਾਹਰਾਕਾਰੀ ਮਰਦ ਇਨਸਾਫ਼ ਦੀ ਥਾਂ ਸ਼ਰਮਸ਼ਾਰੀ ਦੇ ਅਹਿਸਾਸ ਨਾਲ ਵਧੇਰੇ ਆਏ ਹਨ। ਇਸੇ ਦੌਰਾਨ ਸਖ਼ਤ ਸਜ਼ਾਵਾਂ ਦੀ ਮੰਗ ਅਤੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਲਗਾਤਾਰ ਮੰਗ, ਵਾਰ-ਵਾਰ ਚਰਚਾ ਦਾ ਵਿਸ਼ਾ ਬਣਦੀ ਰਹੀ।


ਅਜਿਹੀਆਂ ਘਟਨਾਵਾਂ ਦੀ ਬੁਨਿਆਦ ਕਿਸ ਮਾਨਸਿਕਤਾ ਵਿੱਚ ਖੜ੍ਹੀ ਹੈ? ਇੱਕ ਦਲੀਲ ਇਹ ਹੈ ਕਿ ਮੌਜੂਦਾ ਦੌਰ ਵਿੱਚ ਬੀਬੀਆਂ ਆਪਣੀ ਕਾਰਗੁਜ਼ਾਰੀ ਰਾਹੀਂ ਹਰ ਖੇਤਰ ਵਿੱਚ ਮਰਦਾਂ ਨੂੰ ਵੰਗਾਰ ਰਹੀਆਂ ਹਨ; ਸੋ, ਮਰਦ ਦੀ ਸਮਾਜਿਕ ਹਕੂਮਤ ਡੋਲ ਰਹੀ ਹੈ। ਦੂਜੀ ਦਲੀਲ ਇਹ ਹੈ ਕਿ ਮਰਦ ਆਪਣੀ ਹਕੂਮਤ ਲਿਆਕਤ ਨਾਲ ਤਾਂ ਨਹੀਂ ਬਚਾ ਸਕਿਆ ਪਰ ਪਸ਼ੂਬਲ ਨਾਲ ਬਚਾ ਲੈਣ ਲਈ ਕਿਸੇ ਵੀ ਹੱਦ ਤੱਕ ਜਾ ਰਿਹਾ ਹੈ। ਤੀਜੀ ਦਲੀਲ ਇਹ ਹੈ ਕਿ ਧੜੱਲੇ ਨਾਲ ਫਿਰਦੀਆਂ ਬੀਬੀਆਂ ਮਰਦਾਂ ਤੋਂ ਜਰੀਆਂ ਨਹੀਂ ਜਾਂਦੀਆਂ। ਚੌਥੀ ਦਲੀਲ ਇਹ ਹੈ ਕਿ ਹੁਣ ਬੀਬੀਆਂ ਦੇਰ ਰਾਤ ਤੱਕ ਬਾਹਰ ਰਹਿੰਦੀਆਂ ਹਨ ਜਿਸ ਕਾਰਨ ਅਹਿਸਾਸ-ਏ-ਕਮਤਰੀ ਤੋਂ ਪੀੜਤ ਮਰਦ ਹਮਲਾਵਰ ਹੋ ਜਾਂਦੇ ਹਨ। ਇਨ੍ਹਾਂ ਸਾਰੀਆਂ ਦਲੀਲਾਂ ਦੀ ਸ਼ਹਿਰੀ ਤਬਕੇ ਦੀ ਰੁਜ਼ਗਾਰ-ਮੰਡੀ ਵਿੱਚ ਕਾਰਜਸ਼ੀਲ ਬੀਬੀਆਂ ਦੇ ਮਾਮਲੇ ਵਿੱਚ ਅਹਿਮੀਅਤ ਹੋ ਸਕਦੀ ਹੈ। ਇਸੇ ਤਬਕੇ ਦੇ ਜ਼ਿਆਦਾ ਮਾਮਲੇ ਚਰਚਾ ਵਿੱਚ ਆਉਂਦੇ ਹਨ ਤੇ ਸਮੁੱਚੀ ਬਹਿਸ ਦਾ ਧੁਰਾ ਬਣਦੇ ਹਨ। ਕਾਰਨ ਇਹ ਹੈ ਕਿ ਇਹੋ ਤਬਕਾ ਇਨ੍ਹਾਂ ਮਾਮਲਿਆਂ ਵਿੱਚ ਸਭ ਤੋਂ ਅਸਰਦਾਰ ਤੇ ਜਾਗਰੂਕ ਹੈ। ਇਸ ਤਬਕੇ ਨਾਲ ਮੀਡੀਆ ਦੀ ਸਮਾਜਿਕ ਪਛਾਣ ਜੁੜਦੀ ਹੈ। ਇਨ੍ਹਾਂ ਦੋਵਾਂ ਦਾ ਪੇਸ਼ੇਵਰ ਤੇ ਸਮਾਜਿਕ ਮੇਲ-ਜੋਲ ਵਧੇਰੇ ਹੈ। ਇਸ ਤਬਕੇ ਤੋਂ ਬਾਹਰ ਹੁੰਦੀਆਂ ਅਜਿਹੀਆਂ ਘਟਨਾਵਾਂ ਦੇ ਕਾਰਨ ਇਹ ਵੀ ਹੋ ਸਕਦੇ ਹਨ ਪਰ ਇਨ੍ਹਾਂ ਤੋਂ ਬਿਨਾਂ ਹੋਰ ਕਾਰਨ ਹਨ। ਅਜਿਹੀਆਂ ਘਟਨਾਵਾਂ ਵਿੱਚ ਨੱਬੇ ਫ਼ੀਸਦੀ ਤੋਂ ਜ਼ਿਆਦਾ ਮੁਲਜ਼ਮ ਪੀੜਤ ਦੀ ਜਾਣ-ਪਛਾਣ ਜਾਂ ਪਰਿਵਾਰ ਦੇ ਜੀਅ ਹੁੰਦੇ ਹਨ। ਇਹ ਘਟਨਾਵਾਂ ਕੁਝ ਮਹੀਨਆਂ ਦੀ ਉਮਰ ਦੀਆਂ ਕੁੜੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਨਾਲ ਵਾਪਰ ਰਹੀਆਂ ਹਨ। ਇਹ ਘਟਨਾਵਾਂ ਹਰ ਤਰ੍ਹਾਂ ਦੇ ਲਿਬਾਸਾਂ, ਹਰ ਵੇਲੇ ਅਤੇ ਹਰ ਥਾਂ ਹੋ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਤੋਂ ਲੈ ਕੇ ਬਹੁਤ ਸਾਰੇ ਜਣੇ ਲਿਬਾਸ ਨੂੰ ਅਜਿਹੀਆਂ ਘਟਨਾਵਾਂ ਦਾ ਅਹਿਮ ਕਾਰਨ ਮੰਨਦੇ ਹਨ। ਇਹ ਸਲਾਹ ਦਿੰਦੇ ਹਨ ਕਿ ਬੀਬੀਆਂ ਦੀ ਪੁਸ਼ਾਕ 'ਸਲੀਕੇ' ਵਾਲੀ ਹੋਣੀ ਚਾਹੀਦੀ ਹੈ। ਦੁਨੀਆਂ ਭਰ ਦੇ ਵਿਦਵਾਨਾਂ ਨੇ ਅਧਿਐਨਾਂ ਅਤੇ ਅੰਕੜਿਆਂ ਰਾਹੀਂ ਸਾਬਤ ਕਰ ਦਿੱਤਾ ਹੈ ਕਿ ਲਿਬਾਸ ਦੀ ਇਸ ਮਾਮਲੇ ਵਿੱਚ ਕੋਈ ਭੂਮਿਕਾ ਨਹੀਂ ਹੈ। ਇਹ ਸਲਵਾਰ-ਕਮੀਜ਼, ਪੈਂਟ-ਸ਼ਰਟ, ਬੁਰਕੇ, ਫਰਨ ਅਤੇ ਸਿਰ ਤੋਂ ਪੈਰ ਤੱਕ ਢਕਣ ਵਾਲੇ ਲਿਬਾਸਾਂ ਵਾਲੀਆਂ ਬੀਬੀਆਂ ਵੀ ਮਰਦ ਦਾਬੇ ਵਿੱਚੋਂ ਉਪਜਦੀ ਇਸ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ, ਜਦੋਂ ਲਿਬਾਸ ਦੀ ਦਲੀਲ ਉਸੇ ਮਰਦਾਵੇਂ ਦਾਬੇ ਵਿੱਚੋਂ ਉਪਜਦੀ ਹੈ। ਇੱਕ ਮਰਦ ਆਪਣਾ ਗ਼ਲਬਾ ਬੀਬੀਆਂ ਦੇ ਜਿਸਮ ਨੂੰ ਮਧੋਲ ਕੇ ਕਾਇਮ ਕਰਦਾ ਹੈ ਤੇ ਦੂਜਾ ਕੱਪੜਿਆਂ ਤੱਕ ਦੀ ਚੋਣ ਵੀ ਆਪਣੇ ਹੱਥ ਰੱਖ ਕੇ ਔਰਤ ਦੇ ਤੁਰਨ-ਫਿਰਨ ਦਾ ਕਾਇਦਾ-ਕਾਨੂੰਨ ਤੈਅ ਕਰ ਕੇ ਹਮਦਰਦ ਦੇ ਰੂਪ ਵਿੱਚ ਗ਼ਾਲਬ ਬਣਦਾ ਹੈ।


ਇਹ ਖ਼ਦਸ਼ਾ ਆਪਣੀ ਥਾਂ ਜਾਇਜ਼ ਹੋ ਸਕਦਾ ਹੈ ਕਿ ਇਹ ਸਭ ਕੁਝ ਵਕਤੀ ਉਬਾਲ ਹੈ ਪਰ ਦੂਜੇ ਪਾਸੇ ਇਸ ਦਲੀਲ ਨਾਲ ਸਭ ਕੁਝ ਨੂੰ ਦਰਕਿਨਾਰ ਕਰ ਦੇਣਾ ਵੀ ਤਾਂ ਸਨਕੀਪੁਣੇ ਦੇ ਘੇਰੇ ਵਿੱਚੋਂ ਬਾਹਰ ਨਹੀਂ ਜਾ ਸਕਦਾ। ਇਸ ਦੇ ਨਾਲ ਦੂਜੀ ਜੁੜਵੀਂ ਦਲੀਲ ਇਹ ਰਹੀ ਕਿ ਸ਼ਰਮਸ਼ਾਰੀ ਦਾ ਅਹਿਸਾਸ ਪ੍ਰਦਰਸ਼ਨਕਾਰੀਆਂ ਵਿੱਚ ਭਾਰੂ ਰਿਹਾ। ਇਸੇ ਦਲੀਲ ਦਾ ਦੂਜਾ ਪੱਖ ਹੈ ਕਿ ਰੋਹ ਲਈ ਲੋੜੀਂਦੇ ਅਹਿਸਾਸ ਵਿੱਚ ਸ਼ਰਮਸ਼ਾਰੀ ਵਾਧਾ ਕਰਦੀ ਹੈ ਤੇ ਬੰਦੇ ਨੂੰ ਬਾਹਰਮੁਖੀ ਹੁੰਦਿਆਂ ਵੀ ਅੰਦਰਮੁਖੀ ਹੋਣ ਦਾ ਸਬੱਬ ਬਣਾਉਂਦੀ ਹੈ। ਸ਼ਰਮਸ਼ਾਰੀ ਮੌਜੂਦਾ ਮੁਹਿੰਮ ਦੇ ਅਹਿਸਾਸ ਵਿੱਚ ਸ਼ੁਮਾਰ ਹੈ। ਸ਼ਰਮਸ਼ਾਰ ਹੋਣ ਵਾਲਾ ਸੰਵੇਦਨਸ਼ੀਲ ਤਾਂ ਹੋਵੇਗਾ ਹੀ, ਤੇ ਉਸ ਦੇ ਸੁਹਜਮੰਦ ਹੋਣ ਦੀ ਵੀ ਸੰਭਾਵਨਾ ਹੈ। ਕੋਈ ਕਿਸੇ ਵੀ ਅਹਿਸਾਸ, ਮਜਬੂਰੀ ਜਾਂ ਲਾਲਸਾ ਹਿੱਤ ਮੁਹਿੰਮ ਵਿੱਚ ਸ਼ਾਮਿਲ ਹੋਇਆ ਹੋਵੇ, ਕੀ ਸੰਵਾਦ ਦੀ ਸੰਜੀਦਗੀ ਉਸ ਨਾਲ ਵੀ ਕਾਇਮ ਨਹੀਂ ਰੱਖਣੀ ਚਾਹੀਦੀ? ਅੱਜ ਦੀ ਸ਼ਰਮਸ਼ਾਰੀ ਸਾਨੂੰ ਭਲਕੇ ਦਰਦਮੰਦ ਹੋਣ ਦੇ ਰਾਹ ਪਾਏਗੀ। ਸੰਵਾਦ ਦੇ ਘੇਰੇ ਵਿੱਚ ਆਏ ਜਣੇ/ਜਣੀ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗਣੀ ਕਿ ਬਲਾਤਕਾਰ ਨੂੰ ਹਾਲਾਤ ਤੇ ਵਿਹਾਰ ਨਾਲੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਸਾਡੀ ਪਸੰਦ-ਨਾਪਸੰਦ ਦੇ ਬਾਵਜੂਦ ਮੌਜੂਦਾ ਮਾਹੌਲ ਵਿੱਚ ਸੰਜੀਦਾ ਸੰਵਾਦ ਦੀ ਸੰਭਾਵਨਾ ਘਟ ਰਹੀ ਹੈ। ਅਜਿਹੇ ਮੌਕੇ ਉੱਤੇ ਲੋਕ ਇੱਕ ਮਸਲੇ ਬਾਰੇ ਗੱਲ ਕਰਦੇ ਹਨ; ਸੋ, ਸੁਣਦੇ ਵੀ ਹਨ। ਚੇਤਨ ਬੰਦੇ ਦੀ ਜ਼ਿੰਮੇਵਾਰੀ ਹੈ ਕਿ ਇਸ ਮੌਕੇ ਸੰਵਾਦ ਦੀ ਸੰਜੀਦਗੀ ਵਿੱਚ ਵਾਧਾ ਕਰੇ ਤੇ ਮਸਲੇ ਦੀਆਂ ਰਮਜ਼ਾਂ ਫਰੋਲੇ। ਇਸ ਮੌਕੇ ਸੜਕਾਂ ਉੱਤੇ ਉਤਰੇ ਲੋਕਾਂ ਵਿੱਚੋਂ ਬਹੁਤ ਸਾਰੇ ਹੋਣਗੇ ਜੋ ਪਹਿਲਾਂ ਵਰਗੇ ਕਦੇ ਨਹੀਂ ਹੋ ਸਕਣਗੇ। ਜੋ ਪਹਿਲਾਂ ਵਰਗੇ ਨਹੀਂ ਹੋ ਸਕਣਗੇ, ਉਨ੍ਹਾਂ ਵਿੱਚੋਂ ਕੁਝ ਨਿਰਾਸ਼ ਹੋ ਕੇ ਪਰਤਣਗੇ ਤੇ ਕੁਝ ਬਿਹਤਰ ਮਨੁੱਖ ਹੋਣ ਦੇ ਨਾਲ-ਨਾਲ ਚੰਗਾ ਸਮਾਜ ਸਿਰਜਣ ਦੇ ਰਾਹ ਪੈ ਸਕਦੇ ਹਨ। 

ਇੱਕ ਦਲੀਲ ਇਹ ਵੀ ਵਾਰ-ਵਾਰ ਦਿੱਤੀ ਗਈ ਕਿ ਜੋ ਹੁਣ ਬੋਲੇ ਹਨ, ਉਹ ਪਹਿਲਾਂ ਕਿੱਥੇ ਸਨ? ਉਹ ਦੂਜੀਆਂ ਥਾਵਾਂ ਜਾਂ ਸੋਨੀ ਸੋਰੀ ਤੋਂ ਮਨੋਰਮਾ ਤੱਕ ਦੀ ਵਾਰੀ ਕਿਉਂ ਚੁੱਪ ਸਨ? ਉਹ 1984, 1992, 2002 ਅਤੇ 2008 ਦੇ ਫਿਰਕੂ ਕਤਲੇਆਮ ਮੌਕੇ ਕਿਉਂ ਚੁੱਪ ਰਹੇ ਸਨ? ਇਨ੍ਹਾਂ ਦਲੀਲਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ। ਇਸ ਵਿੱਚੋਂ ਦੋ ਨੁਕਤੇ ਸਮਝਣੇ ਜ਼ਰੂਰੀ ਹਨ। ਪਹਿਲਾਂ ਉਨ੍ਹਾਂ ਬਾਬਤ ਹੈ ਜੋ ਆਪਣੇ-ਆਪ ਨੂੰ ਗ਼ੈਰ-ਸਿਆਸੀ ਮੰਨਦੇ ਹਨ ਤੇ ਇਸ ਮੌਕੇ ਸੜਕਾਂ ਉੱਤੇ ਉਤਰ ਆਏ ਹਨ। ਇਹ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਅਜਿਹੀ ਪੀੜ ਦਾ ਅਹਿਸਾਸ ਪਹਿਲੀ ਵਾਰ ਹੋਇਆ ਹੋਵੇ। ਕੀ ਇਸ ਅਹਿਸਾਸ ਦਾ ਕਾਰਨ ਪੀੜਤ ਦਾ ਉਨ੍ਹਾਂ ਦੇ ਆਪਣੇ ਤਬਕੇ ਵਿੱਚੋਂ ਹੋਣ ਕਾਰਨ ਹੋਇਆ ਹੈ? ਇਸ ਤਬਕੇ ਨਾਲ ਸੰਵਾਦ ਕਰਨ ਦਾ ਮੌਕਾ ਹੈ। ਜਦੋਂ ਅਸੀਂ ਇੱਕੋ ਜਿਹੀਆਂ ਘਟਨਾਵਾਂ ਵਿੱਚੋਂ ਚੋਣ ਕਰਦੇ ਹਾਂ ਕਿ ਕਿਸ ਨੂੰ ਹੁੰਗਾਰਾ ਭਰਨਾ ਹੈ ਤੇ ਕਦੋਂ ਚੁੱਪ ਵੱਟਣੀ ਹੈ ਤਾਂ ਇਹ ਸਾਡੀ ਸਚੇਤ ਨਹੀਂ ਤਾਂ ਅਚੇਤ ਸਹੀ, ਪਰ ਸਿਆਸੀ ਚੋਣ ਹੁੰਦੀ ਹੈ। ਹੁਣ ਜਦੋਂ ਸੰਵਾਦ ਦਾ ਪਿੜ ਬੱਝਿਆ ਹੈ ਤਾਂ ਇਸ ਮੌਕੇ ਬਲਾਤਕਾਰ ਨੂੰ ਹਥਿਆਰ ਵਜੋਂ ਵਰਤਦੀ ਪੁਲਿਸ ਤੇ ਫ਼ੌਜ ਜਾਂ ਸਿਆਸੀ ਸਰਪ੍ਰਸਤੀ ਹੇਠ ਪਲਦੇ ਫਿਰਕੂ ਜਨੂੰਨੀ ਜਾਂ ਗੁੰਡੇ ਇਸ ਮਰਦਾਵੇਂ ਦਾਬੇ ਦੀਆਂ ਕੜੀਆਂ ਜੋੜ ਕੇ ਲੜੀ ਨੂੰ ਬੇਪਰਦ ਕੀਤਾ ਜਾਣਾ ਚਾਹੀਦਾ ਹੈ। ਜੋ ਕੱਲ੍ਹ ਚੁੱਪ ਸੀ ਤੇ ਅੱਜ ਬੋਲਿਆ ਹੈ, ਉਸ ਦੇ ਭਲਕੇ ਵੀ ਬੋਲਣ ਦੀ ਸੰਭਾਵਨਾ ਹੈ। ਅੱਜ ਤੇ ਭਲਕ ਦੇ ਵਿਚਕਾਰ ਉਸ ਦੀ ਸੰਵੇਦਨਾ ਦਲੀਲ ਦੀ ਸਾਣ ਉੱਤੇ ਚੜ੍ਹ ਕੇ ਸਿਦਕਦਿਲੀ ਤੱਕ ਦਾ ਸਫ਼ਰ ਤੈਅ ਕਰ ਸਕਦੀ ਹੈ।

ਇਸ ਮੌਕੇ ਤੁਰ ਗਈ ਸਮਕਾਲੀ ਬੀਬੀ ਦੀ ਬੇਨਾਮੀ ਦੀ ਅਹਿਮੀਅਤ ਸਮਝ ਆਉਂਦੀ ਹੈ ਤਾਂ ਉਹ 1947, 1984, 1992 ਜਾਂ 2002 ਵਿੱਚ ਧਰਮ ਦੇ ਨਾਮ ਉੱਤੇ ਬਲਾਤਕਾਰ ਦਾ ਸ਼ਿਕਾਰ ਹੋਈਆਂ ਬੀਬੀਆਂ ਵਿੱਚੋਂ ਇੱਕ ਜਾਪਦੀ ਹੈ। ਅਸੀਂ ਉਸ ਵਿੱਚੋਂ ਕਸ਼ਮੀਰ ਦੀਆਂ ਬੀਬੀਆਂ ਜਾਂ ਨਾਗਾਲੈਂਡ ਦੀ ਮਨੋਰਮਾ ਨੂੰ ਵੀ ਲੱਭ ਸਕਦੇ ਹਾਂ। ਇਹ ਸਾਡੀ ਆਪਣੀ ਕਿਰਨਜੀਤ ਦਾ ਕੋਈ ਰੂਪ ਵੀ ਹੋ ਸਕਦੀ ਹੈ। ਇਸ ਵਿੱਚੋਂ ਜਾਪਾਨੀ ਫ਼ੌਜ ਹੱਥੋਂ ਜ਼ੁਲਮ ਦਾ ਸ਼ਿਕਾਰ ਹੋਈਆਂ ਕੋਰੀਆਈ ਬੀਬੀਆਂ ਵੀ ਤਾਂ ਦਿਸਦੀਆਂ ਹਨ ਜੋ ਹੁਣ ਵੀ ਜਾਪਾਨੀ ਸਫ਼ਾਰਤਖ਼ਾਨੇ ਮੂਹਰੇ ਮੁਜ਼ਾਹਰੇ ਕਰਦੀਆਂ ਹਨ। ਅਮਰੀਕੀਆਂ ਦੀ ਹਵਸ ਦਾ ਸ਼ਿਕਾਰ ਹੋਈਆਂ ਅਫ਼ਗ਼ਾਨ ਤੇ ਇਰਾਕੀ ਬੀਬੀਆਂ ਵੀ ਤਾਂ ਉਸ ਦੀਆਂ ਹਮਨਾਮ ਹਨ। ਸਾਡੇ ਲਈ ਤਾਂ ਸਵਾਲ ਇਹੋ ਹੈ ਕਿ ਇਤਿਹਾਸ ਵਿੱਚੋਂ ਤੁਰੀ ਆਉਂਦੀ ਇਸ ਲੜੀ ਨੂੰ ਭਵਿੱਖ ਵਿੱਚ ਪਸਰਨ ਤੋਂ ਕਿਵੇਂ ਰੋਕਣਾ ਹੈ। ਬਿਹਤਰ ਮਨੁੱਖ ਕਿਵੇਂ ਬਣਨਾ ਹੈ?


ਇਸ ਮੁਹਿੰਮ ਵਿੱਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਤੇ ਫ਼ਾਂਸੀ ਦੀ ਮੰਗ ਲਗਾਤਾਰ ਉੱਠਦੀ ਰਹੀ। ਇਸ ਦਲੀਲ ਦਾ 'ਮੌਤ ਦੀ ਸਜ਼ਾ' ਖ਼ਿਲਾਫ਼ ਚੱਲਦੀ ਆਲਮੀ ਮੁਹਿੰਮ ਨਾਲ ਟਾਕਰਾ ਦਿੱਲੀ ਦੀਆਂ ਸੜਕਾਂ ਉੱਤੇ ਹੋਇਆ। ਬਹੁਤ ਸਾਰੀਆਂ ਔਰਤ ਜਥੇਬੰਦੀਆਂ ਬੀਬੀਆਂ ਦੇ ਹਕੂਕ ਲਈ ਜੂਝਦੀਆਂ ਹਨ ਤੇ ਨਾਲੋ-ਨਾਲ ਉਹ 'ਮੌਤ ਦੀ ਸਜ਼ਾ' ਦੇ ਵੀ ਖ਼ਿਲਾਫ਼ ਹਨ। 'ਮੌਤ ਦੀ ਸਜ਼ਾ' ਦੇ ਖ਼ਿਲਾਫ਼ ਦਲੀਲਾਂ ਵਿੱਚ ਇੱਕ ਦਲੀਲ ਇਹ ਹੈ ਕਿ ਰਾਜ ਪ੍ਰਬੰਧ ਨੂੰ ਕਤਲ ਕਰਨ ਦਾ ਕਾਨੂੰਨੀ ਹੱਕ ਨਹੀਂ ਹੋਣਾ ਚਾਹੀਦਾ ਤੇ ਇਹ ਅਕਸਰ ਆਵਾਮ ਖ਼ਿਲਾਫ਼ ਜ਼ਿਆਦਾ ਵਰਤਿਆ ਜਾਂਦਾ ਹੈ। ਦਿੱਲੀ ਦੀਆਂ ਸੜਕਾਂ ਉੱਤੇ ਫਾਂਸੀ ਦੀ ਸਜ਼ਾ ਮੰਗਣ ਲਈ ਆਏ ਕਈ ਬੰਦਿਆਂ ਨੇ ਇਨ੍ਹਾਂ ਬੀਬੀਆਂ ਦੀ ਦਲੀਲ ਦਾ ਅਸਰ ਕਬੂਲ ਕਰ ਕੇ ਆਪਣੀ ਸਮਝ ਨੂੰ ਦਰੁਸਤ ਕਰਨ ਦਾ ਮੌਕਾ ਨਹੀਂ ਖੁੰਝਾਇਆ। ਸਖ਼ਤ ਸਜ਼ਾਵਾਂ ਤੇ ਫ਼ਾਂਸੀ ਦੀ ਸਜ਼ਾ ਦੀ ਮੰਗ ਰਵਾਇਤੀ ਮਰਦਾਵੀਂ ਹੈਂਕੜ ਜਾਂ ਪਸ਼ੂਬਲ ਦੇ ਇਸਤੇਮਾਲ ਦੀ ਧਾਰਨਾ ਨਾਲ ਜੁੜੀ ਹੋਈ ਹੈ। ਸਿਆਸੀ ਪਾਰਟੀਆਂ ਸਾਰੇ ਮੁੱਦੇ ਦਾ ਹੱਲ ਸਖ਼ਤ ਸਜ਼ਾਵਾਂ ਤੇ ਕਾਨੂੰਨਾਂ ਤੱਕ ਮਹਿਦੂਦ ਕਰਦੀਆਂ ਹਨ। ਭਾਜਪਾ ਬਲਾਤਕਾਰੀਆਂ ਲਈ ਫ਼ਾਂਸੀ ਦੀ ਸਜ਼ਾ ਦੀ ਮੰਗ ਕਰ ਰਹੀ ਹੈ। ਕਾਂਗਰਸ ਦੱਬੀ ਸੁਰ ਵਿੱਚ ਬਲਾਤਕਾਰੀਆਂ ਨੂੰ ਰਸਾਇਣਕ ਢੰਗ ਨਾਲ ਖੱਸੀ ਕਰਨ ਦੀ ਵਕਾਲਤ ਕਰ ਰਹੀ ਹੈ। ਇਸੇ ਢੰਗ ਦੀ ਮੰਗ ਜੈਲਲਿਤਾ ਨੇ ਕਰ ਦਿੱਤੀ ਹੈ। ਸਵਾਲ ਇਹ ਹੈ ਕਿ ਮੌਜੂਦਾ ਕਾਨੂੰਨ ਤੇ ਨਿਆਂ ਪ੍ਰਬੰਧ ਵਿੱਚ ਅਦਾਲਤ ਤੱਕ ਪੁੱਜੇ ਇੱਕ ਚੌਥਾਈ ਦੋਸ਼ੀਆਂ ਨੂੰ ਵੀ ਸਜ਼ਾ ਨਹੀਂ ਮਿਲਦੀ। ਚਾਰ ਦਹਾਕੇ ਪਹਿਲਾਂ ਹਰ ਦੂਜੇ ਦੋਸ਼ੀ ਨੂੰ ਸਜ਼ਾ ਮਿਲ ਰਹੀ ਸੀ। ਪੁਖ਼ਤਾ ਢੰਗ ਨਾਲ ਜਾਂਚ ਕਰ ਕੇ ਸਮਾਂਬੱਧ ਅਦਾਲਤੀ ਕਾਰਵਾਈ ਬਿਹਤਰ ਇਨਸਾਫ਼ ਯਕੀਨੀ ਬਣ ਸਕਦਾ ਹੈ ਪਰ ਕੋਈ ਸਿਆਸੀ ਪਾਰਟੀ ਇਸ ਪੱਖ ਵਿੱਚ ਦਿਲਚਸਪੀ ਨਹੀਂ ਰੱਖਦੀ। ਸਾਰੀਆਂ ਪਾਰਟੀਆਂ ਅਜਿਹੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਦੀਆਂ ਹਨ ਜੋ ਇਸੇ ਪੱਖੋਂ ਦਾਗ਼ੀ ਹਨ। ਜੇ ਸਿਆਸੀ ਪਾਰਟੀਆਂ ਸੰਜੀਦਾ ਹੋਣ ਤਾਂ ਉਨ੍ਹਾਂ ਦੀ ਸਿਆਸਤ ਵਿੱਚ ਔਰਤਾਂ ਦੇ ਮਸਲਿਆਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ। ਇਸ ਵੇਲੇ ਉਹ ਉਲਾਰ ਬਿਆਨਬਾਜ਼ੀ ਦਾ ਮੁਕਾਬਲਾ ਕਰ ਰਹੀਆਂ ਹਨ। ਇਹ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਵਿੱਚ ਜਸਟਿਸ ਕਮੇਟੀ ਦੀਆਂ ਸਿਫ਼ਾਰਿਸ਼ਾਂ ਤੇ ਸਿਆਸੀ ਪਾਰਟੀਆਂ ਦੀ ਸਹਿਮਤੀ ਨਾਲ ਸਖ਼ਤ ਸਜ਼ਾ ਦਾ ਕਾਨੂੰਨੀ ਬੰਦੋਬਸਤ ਕਰ ਦਿੱਤਾ ਜਾਏ। ਸਵਾਲ ਇਹੋ ਰਹੇਗਾ ਕਿ ਕਾਨੂੰਨੀ ਬੰਦੋਬਸਤ ਤੇ ਅਮਲ ਵਿਚਲਾ ਖੱਪਾ ਕਿਵੇਂ ਪੂਰਿਆ ਜਾ ਸਕਦਾ ਹੈ?

ਕੁਝ ਤਬਕਿਆਂ ਨੇ ਦਲੀਲ ਦਿੱਤੀ ਹੈ ਕਿ ਔਰਤਾਂ ਉੱਤੇ ਮਰਦਾਵੇਂ ਦਾਬੇ ਨੂੰ ਮੌਜੂਦਾ ਪ੍ਰਬੰਧ ਵਿੱਚ ਨਹੀਂ ਤੋੜਿਆ ਜਾ ਸਕਦਾ। ਇਸ ਦਲੀਲ ਵਿੱਚ ਬਹੁਤ ਵਜ਼ਨ ਹੈ ਕਿਉਂਕਿ ਸਿਆਸੀ ਸਰਪ੍ਰਸਤੀ ਤੇ ਘੇਸਲ ਨਾਲ ਇਹ ਰੁਝਾਨ ਬਾਦਸਤੂਰ ਜਾਰੀ ਹੈ। ਸਿਆਸਤਦਾਨ ਸਭ ਕੁਝ ਕਰ ਰਹੇ ਹਨ ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਸਮਾਜ ਵਿੱਚ ਇਹ 'ਖੁੱਲ੍ਹਾਂ' ਜਾਇਜ਼ ਕਰਾਰ ਦੇ ਦਿੱਤੀਆਂ ਜਾਣ। ਸਰਕਾਰਾਂ ਖ਼ਿਲਾਫ਼ ਅਤੇ ਗੁੰਡਿਆਂ ਖ਼ਿਲਾਫ਼ ਤਾਂ ਹਰ ਹੀਲੇ, ਹਰ ਤਰ੍ਹਾਂ ਤੇ ਹਰ ਵੇਲੇ ਲੜਨਾ ਹੀ ਚਾਹੀਦਾ ਹੈ ਪਰ ਨਾਲੋ-ਨਾਲ ਆਪਣੇ ਆਪ ਨੂੰ 'ਸਰਕਾਰੀ' ਬੰਦੇ ਤੋਂ ਬਿਹਤਰ ਵੀ ਬਣਾਉਣਾ ਚਾਹੀਦਾ ਹੈ। ਇਹ ਸਵਾਲ ਸਾਨੂੰ ਇਕਾਈਆਂ ਵਜੋਂ ਵੀ ਪੁੱਛਣਾ ਚਾਹੀਦਾ ਹੈ ਤੇ ਅਦਾਰਿਆਂ ਵਜੋਂ ਵੀ। ਹਰ ਹਾਲਾਤ ਵਿੱਚ ਤਮਾਮ ਪਾਬੰਦੀਆਂ ਦੇ ਬਾਵਜੂਦ ਕੁਝ ਵਿੱਥ ਹੁੰਦੀ ਹੈ ਜਿਸ ਵਿੱਚੋਂ  ਬੰਦਿਆਈ ਸਾਹ ਲੈਂਦੀ ਹੈ। ਜਾਗਰੂਕ ਬੰਦੇ ਦਾ ਫ਼ਰਜ਼ ਬਣਦਾ ਹੈ ਕਿ ਇਸ ਥਾਂ ਦਾ ਪਸਾਰਾ ਕਰਨ ਲਈ ਤਰੱਦਦ ਕਰੇ। ਜਾਗਰੂਕ ਤੇ ਚੇਤਨ ਬੰਦੇ ਦੀ ਕਿਸੇ ਸੱਤਾ ਨੇ ਬਾਂਹ ਨਹੀਂ ਫੜੀ ਹੋਈ ਕਿ ਉਹ ਬਿਹਤਰ ਮਨੁੱਖ ਹੋਣ ਤੋਂ ਮੁਨਕਰ ਹੋ ਜਾਵੇ। ਬਹੁਤ ਕੁਝ ਸਰਕਾਰਾਂ ਹੱਥ ਹੁੰਦਾ ਹੈ ਪਰ ਬੰਦਾ ਆਪਣੀ ਚੰਗਿਆਈ ਤੋਂ ਖਹਿੜਾ ਛੁਡਾਉਣ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਸਿਰ ਨਹੀਂ ਪਾ ਸਕਦਾ। ਸਮਾਜ ਦੀਆਂ ਬਾਕੀ ਇਕਾਈਆਂ ਅਤੇ ਅਦਾਰੇ ਕਿੱਥੇ ਹਨ? ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਜਿਨ੍ਹਾਂ ਨੇ ਚੰਗਾ ਸਮਾਜ ਸਿਰਜਣਾ ਹੈ ਜਾਂ ਬਿਹਤਰ ਸੱਤਾ ਸਿਰਜਣੀ ਹੈ, ਉਨ੍ਹਾਂ ਨੂੰ ਮੌਜੂਦਾ ਪ੍ਰਬੰਧ ਨੂੰ ਚੰਗਿਆਈ ਵਿੱਚ ਵੀ ਮਾਤ ਦੇਣੀ ਹੋਵੇਗੀ। 


ਇਸ ਮਾਮਲੇ 'ਤੇ ਮੀਡੀਆ ਦੀ ਕਾਰਗੁਜ਼ਾਰੀ ਉੱਤੇ ਕਈ ਸਵਾਲ ਹੋਏ ਹਨ। ਜਦੋਂ ਸਰਕਾਰਾਂ ਸੰਜੀਦਾ ਖੋਜਾਂ ਅਤੇ ਸਮਾਜਿਕ ਰੁਝਾਨ (ਵਿਗਾੜ ਤੇ ਨਿਘਾਰ) ਦਾ ਦੱਸ ਪਾਉਂਦੇ ਲੇਖਾਂ ਨੂੰ ਨਜ਼ਰਅੰਦਾਜ਼ ਕਰਦੀਆਂ ਹਨ ਤਾਂ ਘਟਨਾਵਾਂ ਦੇ ਹਵਾਲੇ ਨਾਲ ਹੀ ਸਹੀ, ਘੱਟੋ-ਘੱਟ ਗੱਲ ਤਾਂ ਹੁੰਦੀ ਹੈ। ਉਸ ਦੀ ਐਂਬੂਲੈਂਸ ਪਿੱਛੇ ਭੱਜਦੇ ਕੈਮਰਿਆਂ ਵਾਲਿਆਂ ਨੂੰ ਦੇਖ ਕੇ ਪੱਤਰਕਾਰ ਬਰਾਦਰੀ ਵੀ ਸ਼ਰਮਸ਼ਾਹ ਹੋਈ। ਉਧਰ, ਸਰਕਾਰ ਔਖੀ ਹੋਈ ਪਰ ਮੀਡੀਆ ਨੇ ਪ੍ਰਦਰਸ਼ਨਕਾਰੀਆਂ ਨੂੰ ਨਾ ਸਿਰਫ਼ ਦਿਖਾਇਆ ਬਲਕਿ ਲਗਾਤਾਰ ਚਰਚਾ ਵੀ ਕੀਤੀ। ਹੁਣ ਸਰਕਾਰ ਦੀ ਇਸੇ ਔਖ ਦੀ ਹਾਮੀ ਭਰਦੇ 'ਵਿਦਵਾਨ' ਆਪਣਾ ਪੱਖ ਵਿਚਾਰਨ ਕਿ ਉਹ ਕਿਸ ਦੇ ਨਾਲ ਹਨ? ਮੀਡੀਆ ਕੋਲ ਕੋਈ ਮੰਤਰ ਨਹੀਂ ਕਿ ਅਜਿਹੇ ਮੌਕੇ ਕਿਵੇਂ ਕੰਮ ਕਰੇ, ਪਰ ਸਰਕਾਰ ਦੀ ਔਖ ਕਾਰਨ ਤਾਂ ਚੁੱਪ ਨਹੀਂ ਕੀਤਾ ਜਾ ਸਕਦਾ! ਦਿੱਲੀ ਮੌਕੇ ਕੇਂਦਰ ਸਰਕਾਰ ਔਖੀ ਹੁੰਦੀ ਹੈ ਤੇ ਅੰਮ੍ਰਿਤਸਰ ਮੌਕੇ ਪੰਜਾਬ ਸਰਕਾਰ ਪੱਖਪਾਤੀ ਕਰਾਰ ਦਿੰਦੀ ਹੈ। ਸਰਕਾਰ ਦਾ ਲੋਕ ਸੰਪਰਕ ਮਹਿਕਮਾ ਆਪਣੇ ਪ੍ਰਬੰਧਕੀ ਹੁਨਰ ਨਾਲ ਮੀਡੀਆ ਵਿੱਚ ਦਖ਼ਲਅੰਦਾਜ਼ੀ ਕਰ ਰਿਹਾ ਹੈ ਤੇ ਚੋਖਾ ਕਾਮਯਾਬ ਵੀ ਹੈ। ਇਸ ਮਾਹੌਲ ਵਿੱਚ ਵੀ ਇਹ ਮਹਿਕਮਾ ਹੂੰਝਾ ਨਹੀਂ ਫੇਰ ਸਕਿਆ। ਇਹ ਤਸੱਲੀ ਵਾਲੀ ਗੱਲ ਹੈ।

ਕੁਝ ਦਿਨਾਂ ਬਾਅਦ ਇਹ ਮਸਲਾ ਪੁਰਾਣਾ ਪੈ ਜਾਵੇਗਾ। ਉਸ ਵੇਲੇ ਮੁੜ ਕੇ ਆਵਾਜ਼ਾਂ ਆਉਣਗੀਆਂ ਕਿ ਕੁਝ ਨਹੀਂ ਹੋ ਸਕਦਾ। ਪਟਿਆਲੇ ਵਾਲੇ ਮਾਮਲੇ ਵਿੱਚ ਪੁਲਿਸ ਨੂੰ ਦੋ ਮੁਲਾਜ਼ਮ ਬਰਖ਼ਾਸਤ ਕਰਕੇ ਮੁਲਜ਼ਮ ਵਜੋਂ ਗ੍ਰਿਫ਼ਤਾਰ ਕਰਨੇ ਪਏ ਹਨ। ਗੁਰਦਾਸਪੁਰ ਵਿੱਚ ਪੁਲਿਸ ਮਹੀਨੇ ਬਾਅਦ ਕਾਰਵਾਈ ਕਰਨ ਲਈ ਮਜਬੂਰ ਹੋਈ ਹੈ। ਇਸੇ ਤਰ੍ਹਾਂ ਹੋਰ ਕਈ ਥਾਵਾਂ ਉੱਤੇ ਪੁਲਿਸ ਦਾ ਘੇਸਲ ਵਾਲਾ ਰਵਈਆ ਬਦਲਿਆ ਹੈ। ਇਹ ਬਦਲਾਅ ਵਕਤੀ ਹੈ ਪਰ ਇਸ ਨੂੰ ਚਿਰਕਾਲੀ ਬਣਾਉਣ ਦੀ ਕੂੰਜੀ ਆਵਾਮ ਦੇ ਹੱਥ ਲੱਗ ਗਈ ਹੈ। ਜਿਨ੍ਹਾਂ ਦੇ ਅੰਦਰੋਂ ਉਸ ਬੇਨਾਮ ਦੇ ਨਾਲ ਕੁਝ ਖੁਰ ਗਿਆ ਹੈ, ਉਨ੍ਹਾਂ ਨੂੰ ਇਸ ਅਹਿਸਾਸ ਦੀ ਕਦਰ ਕਰਨੀ ਹੋਵੇਗੀ। ਇਸ ਨਾਲ ਵਕਤੀ ਉਬਾਲ ਚਿਰਕਾਲੀ ਸੁਹਜ ਦਾ ਰੂਪ ਧਾਰ ਸਕਦਾ ਹੈ ਤੇ ਅਸੀਂ ਬਿਹਤਰ ਮਨੁੱਖ ਹੋ ਸਕਦੇ ਹਾਂ। ਇਹ ਕਿਹਾ ਜਾ ਸਕਦਾ ਹੈ ਕਿ ਚਿਰਕਾਲੀ ਪ੍ਰਾਪਤੀ ਸ਼ਾਇਦ ਕੁਝ ਨਾ ਹੋਵੇ। ਜਿਨ੍ਹਾਂ ਨੂੰ ਬਿਹਤਰ ਸਮਾਜ ਚਾਹੀਦਾ ਹੈ, ਉਨ੍ਹਾਂ ਨੂੰ ਅਸੰਭਵ ਬਾਰੇ ਸੋਚਣ ਤੋਂ ਅਤੇ ਚਾਰਾਜੋਈ ਤੋਂ ਕੌਣ ਰੋਕ ਸਕਦਾ ਹੈ?

Thursday, March 22, 2012

ਜ਼ਿੰਦਗੀ-ਮੌਤ ਤੇ ਇਨਸਾਫ਼ ਬਨਾਮ 'ਕੌਮੀ ਸ਼ਰਮਸ਼ਾਰੀ'

ਦਲਜੀਤ ਅਮੀ
ਬਲਵੰਤ ਸਿੰਘ ਰਾਜੋਆਣਾ ਦੇ ਕਾਲੇ ਵਾਰੰਟ ਜਾਰੀ ਹੋਣ ਤੋਂ ਬਾਅਦ 'ਮੌਤ ਦੀ ਸਜ਼ਾ' ਦੇ ਸਵਾਲ ਬਾਬਤ ਚਰਚਾ ਭਖ ਗਈ ਹੈ। ਇਹ ਕਾਨੂੰਨੀ ਤੌਰ ਉੱਤੇ ਹੱਲ ਹੋ ਚੁੱਕਿਆ ਮਾਮਲਾ ਹੈ। ਅਦਾਲਤ ਦੇ ਫ਼ੈਸਲੇ ਅਤੇ ਬਲਵੰਤ ਸਿੰਘ ਦੀਆਂ ਲਿਖਤਾਂ ਦੇ ਨਾਲ-ਨਾਲ ਸਮੁੱਚੀ ਪ੍ਰਚਾਰ ਮੁਹਿੰਮ ਵਿੱਚ ਤੱਥਮੂਲਕ ਸਹਿਮਤੀ ਹੈ। ਸਭ ਧਿਰਾਂ ਮੰਨਦੀਆਂ ਹਨ ਕਿ ਉਸ ਦੀ ਬੇਅੰਤ ਸਿੰਘ ਉੱਤੇ ਕਾਤਲਾਨਾ ਹਮਲੇ ਵਿੱਚ ਸ਼ਮੂਲੀਅਤ ਸੀ। ਉਹ ਆਪ ਇਹ ਤੱਥ ਮਾਣ ਨਾਲ ਦੱਸਦਾ ਹੈ ਅਤੇ ਕਿਸੇ ਅਦਾਲਤੀ ਕਾਰਵਾਈ ਵਿੱਚ ਆਪਣੀ ਪੈਰਵਾਈ ਨਹੀਂ ਕਰਨਾ ਚਾਹੁੰਦਾ ਤੇ ਜਲਦੀ ਤੋਂ ਜਲਦੀ ਆਪਣੇ ਦੂਜੇ ਸਾਥੀ ਦਿਲਾਵਰ ਸਿੰਘ ਕੋਲ ਪੁੱਜਣਾ ਚਾਹੁੰਦਾ ਹੈ। ਦਿਲਾਵਰ ਸਿੰਘ ਨੇ ਬੇਅੰਤ ਸਿੰਘ ਉੱਤੇ ਮਨੁੱਖੀ ਬੰਬ ਵਜੋਂ ਹਮਲਾ ਕੀਤਾ ਸੀ। ਇਸ ਮਾਮਲੇ ਨੂੰ ਆਲਮੀ ਪੱਧਰ ਉੱਤੇ ਚੱਲਦੀ 'ਮੌਤ ਦੀ ਸਜ਼ਾ' ਖ਼ਿਲਾਫ਼ ਮੁਹਿੰਮ ਨਾਲ ਜੋੜ ਕੇ ਵੇਖਣਾ ਜ਼ਰੂਰੀ ਹੈ। ਇਸ ਮੁਹਿੰਮ ਦੀ ਦਲੀਲ ਕਾਨੂੰਨ ਦੀ ਥਾਂ ਮਨੁੱਖਤਾ, ਨੈਤਿਕਤਾ ਤੇ ਸਿਧਾਂਤ ਉੱਤੇ ਟਿਕੀ ਹੋਈ ਹੈ। ਇਸ ਮੁਹਿੰਮ ਵਿੱਚ ਕਾਨੂੰਨ ਦਾ ਨੁਕਤਾ ਸਿਰਫ਼ ਇੰਨਾ ਕੁ ਹੈ ਕਿ ਅਦਾਲਤ ਫ਼ੈਸਲਾ ਕਰਨ ਵੇਲੇ ਪੱਖਪਾਤ ਜਾਂ ਗ਼ਲਤੀ ਕਰ ਸਕਦੀ ਹੈ। ਜੇ ਗ਼ਲਤੀ ਨਾਲ ਕਿਸੇ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਵੇ ਤਾਂ ਕੋਈ ਮੁਆਵਜ਼ਾ ਜਾਂ ਪਛਤਾਵਾ ਬੇਕਸੂਰ ਨੂੰ ਮੋੜ ਕੇ ਨਹੀਂ ਲਿਆ ਸਕਦਾ। ਇਸ ਪੱਖੋਂ ਮੌਤ ਦੀ ਸਜ਼ਾ ਦੇਣੀ ਹੀ ਨਹੀਂ ਚਾਹੀਦੀ। ਬਲੰਵਤ ਸਿੰਘ ਦੇ ਮਾਮਲੇ ਵਿੱਚ ਇਹ ਦਲੀਲ ਲਾਗੂ ਨਹੀਂ ਹੁੰਦੀ। ਉਸ ਨੇ ਇਲਜ਼ਾਮ ਕਬੂਲ ਕੀਤਾ ਹੈ ਤੇ ਆਪਣੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਹੈ।

ਸਵਾਲ ਇਹ ਹੈ ਕਿ ਕੀ ਬਲੰਵਤ ਸਿੰਘ ਦੇ ਇਕਬਾਲੀਆ ਬਿਆਨ ਜਾਂ ਹਠ ਸਾਹਮਣੇ ਚੁੱਪ ਵੱਟ ਲਈ ਜਾਣੀ ਚਾਹੀਦੀ ਹੈ ਤੇ ਅਦਾਲਤੀ ਫ਼ੈਸਲੇ ਨੂੰ ਬਿਨਾਂ ਸਵਾਲ ਕੀਤੇ ਲਾਗੂ ਹੋਣ ਦਿੱਤਾ ਜਾਣਾ ਚਾਹੀਦਾ ਹੈ? ਬਲਵੰਤ ਸਿੰਘ ਦੀ ਆਪਣੀ ਮਰਜ਼ੀ ਨੂੰ ਦਰਕਿਨਾਰ ਕਰਕੇ ਉਸ ਦੀ 'ਮੌਤ ਦੀ ਸਜ਼ਾ' ਰੱਦ ਕਰਨਾ ਕਿਉਂ ਜ਼ਰੂਰੀ ਹੈ? ਇਸ ਮਸਲੇ ਦੀਆਂ ਦੂਜੀਆਂ ਪਰਤਾਂ ਨੂੰ ਸਮਝਣ ਲਈ 'ਮੌਤ ਦੀ ਸਜ਼ਾ' ਖ਼ਿਲਾਫ਼ ਮੁਹਿੰਮ ਦੀਆਂ ਹੋਰ ਦਲੀਲਾਂ ਨੂੰ ਸਮਝਣਾ ਜ਼ਰੂਰੀ ਹੈ। 'ਮੌਤ ਦੀ ਸਜ਼ਾ' ਨਾਲ ਬੁਨਿਆਦੀ ਮਨੁੱਖੀ ਕਦਰਾਂ-ਕੀਮਤਾਂ ਦਾ ਅਪਮਾਨ ਹੁੰਦਾ ਹੈ। ਜੇ ਮਨੁੱਖ ਜ਼ਿੰਦਗੀ ਦੇ ਨਹੀਂ ਸਕਦਾ ਤਾਂ ਉਸ ਨੂੰ ਜ਼ਿੰਦਗੀ ਲੈਣ ਦਾ ਕੀ ਹੱਕ ਹੈ? ਮਨੁੱਖੀ ਵਿਗਾਸ ਦੇ ਮੌਜੂਦਾ ਮਿਆਰ ਨਾਲ ਅਜਿਹੀ ਸਜ਼ਾ ਮੇਲ ਨਹੀਂ ਖਾਂਦੀ। ਇਸ ਦਲੀਲ ਦਾ ਇੱਕ ਪਾਸਾ ਤਾਂ ਕਾਨੂੰਨੀ ਕਾਰਵਾਈ ਰਾਹੀਂ ਮਿਲਣ ਵਾਲੀ ਸਜ਼ਾ ਨਾਲ ਜੁੜਦਾ ਹੈ ਅਤੇ ਦੂਜਾ ਜ਼ਿੰਦਗੀ ਨੂੰ ਬੇਮੁਹਾਲ ਕਰਨ ਵਾਲੇ ਹਾਲਾਤ ਦੀ ਉਸਾਰੀ ਨਾਲ ਜੁੜਦਾ ਹੈ। ਜਦੋਂ ਬਹੁਤਾਤ ਦੇ ਦੌਰ ਵਿੱਚ ਥੁੜਾਂ, ਜ਼ਿੰਦਗੀ ਨੂੰ ਬੇਮੁਹਾਲ ਕਰਦੀਆਂ ਹਨ ਤਾਂ ਇਹ ਦਲੀਲ ਜ਼ਖੀਰੇਬਾਜ਼ੀ ਤੇ ਮੁਨਾਫ਼ਾਖ਼ੋਰੀ ਉੱਤੇ ਸਵਾਲ ਕਰਦੀ ਹੈ। ਇਸੇ ਵਿੱਚੋਂ ਡਾ. ਬਿਨਾਇਕ ਸੈਨ ਦੀ ਦਲੀਲ ਨਿਕਲਦੀ ਹੈ ਕਿ ਕੁਪੋਸ਼ਣ ਭਾਰਤ ਵਿੱਚ ਰਾਜਤੰਤਰ ਦੀ ਸਰਪ੍ਰਸਤੀ ਵਿੱਚ ਚੱਲ ਰਿਹਾ ਸਭ ਤੋਂ ਵੱਡਾ ਕਤਲੇਆਮ ਹੈ। ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਹਿੰਦੋਸਤਾਨ ਦੇ ਛੇ ਸਾਲ ਤੋਂ ਘੱਟ ਉਮਰ ਦੇ 42 ਫ਼ੀਸਦੀ ਬੱਚਿਆਂ ਨੂੰ 'ਕੌਮੀ ਸ਼ਰਮਸ਼ਾਰੀ' ਦਾ ਸਬੱਬ ਤਾਂ ਮੰਨਦੇ ਹਨ ਪਰ ਉਨ੍ਹਾਂ ਦਾ ਪਸੰਦੀਦਾ ਵਿੱਤ ਮੰਤਰੀ ਆਪਣੇ ਬਜਟ ਵਿੱਚ ਇਸ ਸ਼ਰਮਸ਼ਾਰੀ ਤੋਂ ਬਾਹਰ ਨਿਕਲਣ ਦੀ ਕੋਈ ਤਜਵੀਜ਼ ਪੇਸ਼ ਨਹੀਂ ਕਰਦਾ। 'ਕੌਮੀ ਸ਼ਰਮਸ਼ਾਰੀ' ਦੀ ਕਤਲੇਅਮ ਦੇ ਰੂਪ ਵਿੱਚ ਨਿਸ਼ਾਨਦੇਹੀ ਕਾਤਲ ਦਾ ਖੁਰਾ ਨੱਪਣ ਦਾ ਸੱਦਾ ਤਾਂ ਦਿੰਦੀ ਹੀ ਹੈ। ਮਨੁੱਖ ਦੀ ਜਾਨ ਲੈਣ ਦਾ ਹਰ ਤਰੀਕਾ ਇਸ ਦਲੀਲ ਦੇ ਘੇਰੇ ਵਿੱਚ ਆਉਂਦਾ ਹੈ। ਕੁਪੋਸ਼ਣ ਦਾ ਸ਼ਿਕਾਰ ਬੇਆਵਾਜ਼ ਬੱਚਿਆਂ ਨੂੰ ਇਨਸਾਫ਼ ਲਈ ਆਵਾਜ਼ ਵਾਲੇ ਤਬਕੇ ਦੀ ਉਡੀਕ ਕਰਨੀ ਪਵੇਗੀ। ਬਲਵੰਤ ਸਿੰਘ ਦੇ ਮਾਮਲੇ ਵਿੱਚ ਇਹ ਦਲੀਲ ਵਜ਼ਨਦਾਰ ਹੈ ਕਿ ਜੇ ਕੋਈ ਜ਼ਿੰਦਗੀ ਦੇ ਨਹੀਂ ਸਕਦਾ ਤਾਂ ਲੈ ਕਿਵੇਂ ਸਕਦਾ ਹੈ।


ਸਜ਼ਾ ਦਾ ਅਹਿਮ ਮਕਸਦ ਮੁਜਰਮ ਨੂੰ ਸੁਧਾਰ ਦਾ ਮੌਕਾ ਦੇਣਾ ਹੈ। 'ਮੌਤ ਦੀ ਸਜ਼ਾ' ਸਜ਼ਾ ਦੇ ਇਸ ਬੁਨਿਆਦੀ ਨੁਕਤੇ ਨੂੰ ਨਜ਼ਰਅੰਦਾਜ਼ ਕਰਦੀ ਹੈ। ਇਹ ਸਜ਼ਾ ਬਦਲਾਖ਼ੋਰੀ ਜ਼ਿਆਦਾ ਜਾਪਦੀ ਹੈ। ਦੂਜਾ ਨੁਕਤਾ ਇਹ ਹੈ ਕਿ ਸਜ਼ਾ ਨੂੰ ਜੁਰਮ ਖ਼ਿਲਾਫ਼ ਪੇਸ਼ਬੰਦੀ ਵਜੋਂ ਪੇਸ਼ ਕੀਤਾ ਜਾਂਦਾ ਹੈ। ਜੇਲ੍ਹਾਂ ਤੇ ਥਾਣਿਆਂ ਦੀ ਉਸਾਰੀ ਇਸੇ ਦਲੀਲ ਨਾਲ ਹੋਈ ਹੈ। ਦੁਨੀਆ ਦੇ 96 ਮੁਲਕਾਂ ਨੇ 'ਮੌਤ ਦੀ ਸਜ਼ਾ' ਉੱਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ 34 ਮੁਲਕਾਂ ਨੇ ਭਾਵੇਂ ਪਾਬੰਦੀ ਨਹੀਂ ਲਗਾਈ ਪਰ ਕਈ ਸਾਲਾਂ ਤੋਂ ਕਿਸੇ ਨੂੰ ਇਹ ਸਜ਼ਾ ਨਹੀਂ ਦਿੱਤੀ ਜਾਂਦੀ। ਇਨ੍ਹਾਂ ਮੁਲਕਾਂ ਵਿੱਚ ਜੁਰਮ ਵਧਿਆ ਨਹੀਂ ਹੈ। ਦੂਜੇ ਪਾਸੇ ਜਿਨ੍ਹਾਂ ਮੁਲਕਾਂ ਵਿੱਚ 'ਮੌਤ ਦੀ ਸਜ਼ਾ' ਦਿੱਤੀ ਜਾਂਦੀ ਹੈ, ਉਨ੍ਹਾਂ ਵਿੱਚ ਜੁਰਮ ਘਟਿਆ ਨਹੀਂ ਹੈ। ਕੁੱਲ ਮਿਲਾ ਕੇ ਜੁਰਮ ਖ਼ਿਲਾਫ਼ ਪੇਸ਼ਬੰਦੀ ਵਜੋਂ 'ਮੌਤ ਦੀ ਸਜ਼ਾ' ਕੋਈ ਠੋਸ ਦਲੀਲ ਨਹੀਂ ਬਣਦੀ। ਭਾਰਤ ਵਿੱਚ 1996 ਤੋਂ ਬਾਅਦ ਸਿਰਫ਼ 2004 ਵਿੱਚ ਇੱਕ ਬੰਦੇ ਨੂੰ ਫਾਂਸੀ ਦਿੱਤੀ ਗਈ ਸੀ। ਜੇ ਇਸ ਦੌਰਾਨ ਅਤਿਵਾਦੀ ਹਮਲਿਆਂ ਵਿੱਚ ਕਮੀ ਆਈ ਹੈ ਤਾਂ ਇਸ ਦਾ ਕਾਰਨ ਪੇਸ਼ਬੰਦੀ ਵਜੋਂ ਦਿੱਤੀਆਂ ਸਜ਼ਾਵਾਂ ਨਹੀਂ ਹਨ। ਅਤਿਵਾਦ ਬਾਬਤ ਤਾਂ ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਫਿਦਾਇਨ ਨੂੰ 'ਮੌਤ ਦੀ ਸਜ਼ਾ' ਦੇ ਖ਼ੌਫ਼ ਨਾਲ ਕਿਵੇਂ ਰੋਕਿਆ ਜਾ ਸਕਦਾ ਹੈ? ਬਲੰਵਤ ਤੇ ਕਸਾਬ ਮੌਤ ਤੋਂ ਡਰਦੇ ਨਹੀਂ ਹਨ, ਸਗੋਂ ਸਚੇਤ ਤੌਰ ਉੱਤੇ ਮਰਨਾ ਕਬੂਲ ਕਰਕੇ ਆਏ ਹਨ। ਇਨ੍ਹਾਂ ਵਰਗਿਆਂ ਖ਼ਿਲਾਫ਼ 'ਮੌਤ ਦੀ ਸਜ਼ਾ' ਕੋਈ ਪੇਸ਼ਬੰਦੀ ਨਹੀਂ ਹੈ। ਜੇ ਅਜਿਹਾ ਹੁੰਦਾ ਤਾਂ ਅਮਰੀਕਾ ਦੀਆਂ ਜੰਗੀ ਮੁਹਿੰੰਮਾਂ ਨੇ ਸਮੁੱਚੇ ਆਲਮ ਨੂੰ ਸੀਲ ਕਰ ਲਿਆ ਹੁੰਦਾ। ਅਮਰੀਕੀ ਅਗਵਾਈ ਵਿੱਚ ਨਾਟੋ ਫ਼ੌਜਾਂ ਨੇ ਅਫ਼ਗ਼ਾਨਿਸਤਾਨ ਤੋਂ ਇਰਾਕ ਤੱਕ ਅਣਗਿਣਤ ਬੰਦੇ ਮਾਰ ਦਿੱਤੇ ਹਨ। ਹੁਣ ਕਿਹੜਾ ਉੱਥੇ ਮੋੜਵੇਂ ਹਮਲੇ ਨਹੀਂ ਹੁੰਦੇ? ਜੇ 'ਮੌਤ ਦੀ ਸਜ਼ਾ' ਸੁਰੱਖਿਆ ਦੀ ਕੋਈ ਜ਼ਾਮਨੀ ਨਹੀਂ ਭਰਦੀ ਤਾਂ ਅਜਿਹਾ ਘਿਣਾਉਣਾ ਕੰਮ ਕਿਸੇ ਵੀ ਸੱਭਿਅਕ ਸਮਾਜ ਵਿੱਚ ਰਾਜਤੰਤਰ ਦੀ ਸਰਪ੍ਰਸਤੀ ਵਿੱਚ ਕਿਉਂ ਹੋਣਾ ਚਾਹੀਦਾ ਹੈ? ਜੇ ਰਾਜਤੰਤਰ ਆਪਣੇ-ਆਪ ਨੂੰ ਅਤਿਵਾਦ ਤੋਂ ਵੱਖਰਾ ਕਰਕੇ ਦੇਖਦਾ ਹੈ ਅਤੇ ਵਧੇਰੇ ਜ਼ਿੰਮੇਵਾਰ ਹੋਣ ਦਾ ਦਾਅਵਾ ਕਰਦਾ ਹੈ ਤਾਂ ਇਸ ਦਾ ਅਮਲੀ ਰੂਪ ਪ੍ਰਤੱਖ ਹੋਣਾ ਚਾਹੀਦਾ ਹੈ।

'ਮੌਤ ਦੀ ਸਜ਼ਾ' ਖ਼ਿਲਾਫ਼ ਆਲਮੀ ਮੁਹਿੰਮ ਵਿੱਚ ਬਹੁਤ ਸਾਰੀ ਵੰਨ-ਸੁਵੰਨਤਾ ਹੈ। ਮੌਕੇ ਮੁਤਾਬਕ ਮੁਕਾਮੀ ਮੁਹਿੰਮਾਂ ਇਸ ਦਾ ਹਿੱਸਾ ਬਣਦੀਆਂ ਰਹਿੰਦੀਆਂ ਹਨ। 'ਮੌਤ ਦੀ ਸਜ਼ਾ' ਖ਼ਿਲਾਫ਼ ਦਲੀਲ ਇਹ ਵੀ ਦਿੱਤੀ ਜਾਂਦੀ ਹੈ ਕਿ ਰਾਜਤੰਤਰ ਸਿਆਸੀ, ਨਸਲੀ ਤੇ ਮਜ਼ਹਬੀ ਸ਼ਨਾਖ਼ਤ ਕਰਕੇ ਘੱਟ-ਗਿਣਤੀਆਂ ਤੇ ਗ਼ਰੀਬਾਂ ਨੂੰ ਮੌਤ ਦੀ ਸਜ਼ਾ ਦਿੰਦਾ ਹੈ। ਜਦੋਂ ਅਦਾਲਤੀ ਕਾਰਵਾਈ ਦਾ ਸਿਧਾਂਤਕ ਮੁਹਾਣ ਸਾਹਮਣੇ ਆਵੇ ਤਾਂ ਇਹ ਦਲੀਲ ਜ਼ਿਆਦਾ ਕਾਰਗਰ ਹੁੰਦੀ ਹੈ। ਬਲੰਵਤ ਦੇ ਮਾਮਲੇ ਵਿੱਚ ਇਹ ਦਲੀਲ ਪੇਸ਼ ਕੀਤੀ ਜਾ ਰਹੀ ਹੈ ਜੋ ਮੌਕੇ ਤੇ ਮਾਹੌਲ ਦੀ ਭਾਵੁਕਤਾ ਦਾ ਲਾਹਾ ਖੱਟਣ ਦਾ ਵਸੀਲਾ ਜ਼ਿਆਦਾ ਜਾਪਦੀ ਹੈ। ਇਸ ਨਾਲ ਬਲੰਵਤ ਦਾ ਮਾਮਲਾ ਮਜ਼ਹਬੀ ਘੇਰੇ ਵਿੱਚ ਆ ਕੇ ਕਮਜ਼ੋਰ ਜ਼ਰੂਰ ਹੁੰਦਾ ਹੈ। ਮੌਕੇ ਦਾ ਸਿਆਸੀ ਲਾਹਾ ਲੈਣ ਵਾਲਿਆਂ ਦਾ ਜ਼ਿਕਰ ਬਲੰਵਤ ਸਿੰਘ ਦੀਆਂ ਚਿੱਠੀਆਂ ਵਿੱਚ ਵੀ ਮਿਲਦਾ ਹੈ। ਬਲੰਵਤ ਸਿੰਘ ਸ਼ਰਧਾਵਾਨ ਸਿੱਖ ਹੈ। ਜਦੋਂ ਧਾਰਮਿਕ ਅਦਾਰੇ ਉਸ ਦੀ ਵਕਾਲਤ ਕਰਦੇ ਹੋਏ ਭਾਵੁਕਤਾ ਤੇ ਭੜਕਾਹਟ ਦੇ ਫ਼ਾਸਲੇ ਨੂੰ ਬੇਮਾਅਨਾ ਕਰਦੇ ਹਨ ਤਾਂ ਉਨ੍ਹਾਂ ਉੱਤੇ ਸਵਾਲ ਕੀਤਾ ਜਾਣਾ ਚਾਹੀਦਾ ਹੈ। ਜਿਨ੍ਹਾਂ ਦੇ ਕਤਲ ਦੇ ਇਲਜ਼ਾਮ ਵਿੱਚ ਬਲੰਵਤ ਸਿੰਘ ਨੂੰ ਸਜ਼ਾ ਹੋਈ ਹੈ, ਉਨ੍ਹਾਂ ਦੀ ਮਜ਼ਹਬੀ ਸ਼ਨਾਖ਼ਤ ਇਹ ਅਦਾਰੇ ਕਿਵੇਂ ਕਰਦੇ ਹਨ? ਦਲੀਲ ਦਾ ਦੂਜਾ ਪਾਸਾ ਇਹ ਵੀ ਹੈ ਕਿ ਆਪਣੇ ਕੀਤੇ ਕਤਲ ਨੂੰ ਜਾਇਜ਼ ਕਰਾਰ ਦੇਣਾ ਤੇ ਆਪਣਿਆਂ ਦੇ ਕਤਲ (ਸਜ਼ਾ) ਨੂੰ ਨੈਤਿਕਤਾ ਪੱਖੋਂ ਸਵਾਲ ਕਰਨਾ ਕਿੰਨਾ ਕੁ ਠੀਕ ਹੈ? ਇਹ ਬਹੁਤ ਵਾਰ ਵੇਖਿਆ ਗਿਆ ਹੈ ਕਿ 'ਮੌਤ ਦੀ ਸਜ਼ਾ' ਖ਼ਿਲਾਫ਼ ਪ੍ਰਚਾਰ ਕਰਨ ਵਾਲੀਆਂ ਜਥੇਬੰਦੀਆਂ " … ਨੂੰ ਫਾਹੇ ਲਾਓ" ਤੇ " … ਨੂੰ ਫਾਂਸੀ ਦਿਓ" ਦੇ ਨਾਅਰੇ ਲਗਾਉਂਦੀਆਂ ਹਨ। ਇਸ ਦਾ ਮਤਲਬ ਤਾਂ ਇਹੋ ਹੋਇਆ ਕਿ ਸਾਡਾ ਕੀਤਾ ਕਤਲ ਪਰਉਪਕਾਰ ਤੇ ਤੁਹਾਡਾ ਕੀਤਾ ਕਤਲ 'ਗ਼ੈਰ-ਮਨੁੱਖੀ ਕਾਰਾ'। ਰਾਜਤੰਤਰ ਮੁਲਕ ਦੇ ਅਮਨ-ਚੈਨ ਦੇ ਆਸਰਾ ਲੈ ਕੇ ਝੂਠੇ ਪੁਲਿਸ ਮੁਕਾਬਲਿਆਂ, ਤਸ਼ਦੱਦਖ਼ਾਨਿਆਂ, ਹਿਰਾਸਤੀ ਕਤਲਾਂ, ਪੱਖਪਾਤੀ ਅਦਾਲਤੀ ਕਾਰਵਾਈਆਂ ਤੇ ਹੋਰ ਵਧੀਕੀਆਂ ਨੂੰ ਜਾਇਜ਼ ਕਰਾਰ ਦਿੰਦਾ ਹੈ ਪਰ 'ਕੌਮੀ ਸ਼ਰਮਸ਼ਾਰੀ' ਵਿੱਚੋਂ ਨਿਕਲਣ ਦੀ ਕੋਈ ਚਾਰਾਜੋਈ ਨਹੀਂ ਕਰਦਾ। ਇਸ ਨੂੰ ਬਦਨੀਅਤੀ ਵੀ ਨਹੀਂ ਮੰਨਦਾ। ਜਦੋਂ ਆਪਣੀ ਹਰ ਕਮਜ਼ੋਰੀ ਨੂੰ ਢਕਣ ਲਈ ਰਾਜਤੰਤਰ ਦੀ ਬਦਨੀਅਤੀ ਦਾ ਪਰਦਾ ਪਾਇਆ ਜਾਂਦਾ ਹੈ ਤਾਂ ਦੂਜੀ ਧਿਰ ਵੀ ਸਵਾਲਾਂ ਦੇ ਘੇਰੇ ਵਿੱਚ ਆਉਣੀ ਚਾਹੀਦੀ ਹੈ।

'ਮੌਤ ਦੀ ਸਜ਼ਾ' ਖ਼ਿਲਾਫ਼ ਚੱਲਦੀ ਆਲਮੀ ਮੁਹਿੰਮ ਦੇ ਪੈਂਤੜੇ ਤੋਂ ਬਲਵੰਤ ਸਿੰਘ ਦਾ ਮਾਮਲਾ ਬਿਲਕੁਲ ਸਾਫ਼ ਜਾਪਦਾ ਹੈ। ਜਿਉਣਾ ਉਸ ਦਾ ਮਨੁੱਖੀ ਹੱਕ ਹੈ ਜੋ ਬਹਾਲ ਰਹਿਣਾ ਚਾਹੀਦਾ ਹੈ। ਆਪਣੇ-ਆਪ ਉੱਤੇ ਹਿੰਸਾ ਕਰਨ ਨੂੰ ਕੋਈ ਭਵਿੱਖਮੁਖੀ ਸਮਾਜ ਪ੍ਰਵਾਨ ਨਹੀਂ ਕਰ ਸਕਦਾ। ਇਨ੍ਹਾਂ ਵਿੱਚ ਬਦਹਾਲੀ ਵਿੱਚ ਖ਼ੁਦਕਸ਼ੀਆਂ ਕਰਨ ਵਾਲਿਆਂ ਤੋਂ ਲੈਕੇ ਫਿਦਾਇਨ ਹਮਲੇ ਕਰਨ ਵਾਲੇ ਸ਼ਾਮਿਲ ਹਨ। ਜੇ ਬਲੰਵਤ ਸਿੰਘ ਫਾਂਸੀ ਉੱਤੇ ਹਰ ਹੀਲੇ ਚੜ੍ਹਨ ਲਈ ਬਜ਼ਿੱਦ ਹੈ ਤਾਂ ਸਾਡਾ ਸਮਕਾਲੀਆਂ ਵਜੋਂ ਫ਼ਰਜ਼ ਬਣਦਾ ਹੈ ਕਿ ਉਸ ਦੀ 'ਹਾਂ' ਵਿੱਚ 'ਹਾਂ' ਨਾ ਮਿਲਾਈਏ। ਜੋ ਉਸ ਦੀ ਮੌਤ ਵਿੱਚੋਂ ਸਿਆਸੀ ਰੋਟੀਆਂ ਭਾਲ ਰਹੇ ਹਨ, ਉਹ 'ਸਰਬਤ ਦਾ ਭਲਾ' ਮੰਗਣ ਵਾਲੀ ਸਿੱਖੀ ਦੇ ਹਿਤੈਸ਼ੀ ਤਾਂ ਨਹੀਂ ਹੋ ਸਕਦੇ। ਇਸ ਵੇਲੇ ਚਰਚਾ ਭਖੀ ਹੋਈ ਹੈ ਜਿਸ ਨੂੰ 'ਮੌਤ ਦੀ ਸਜ਼ਾ' ਖ਼ਿਲਾਫ਼ ਸਹਿਮਤੀ ਦੀ ਉਸਾਰੀ ਵਿੱਚ ਬਦਲਿਆ ਜਾ ਸਕਦਾ ਹੈ। ਇਸ ਸਹਿਮਤੀ ਵਿੱਚ ਬਲਵੰਤ ਸਿੰਘ ਦੀ ਲੰਮੀ ਜ਼ਿੰਦਗੀ ਤੇ ਸਾਡੇ ਆਲਮੀ ਕਾਜ ਨਾਲ ਸੁਹਿਰਦ ਹੋ ਕੇ ਜੁੜਨ ਦੀ ਸੰਭਾਵਨਾ ਪਈ ਹੈ। ਸੌੜੀ ਸਿਆਸਤ ਨਾਲੋਂ ਇਹ ਰਾਹ ਔਖਾ ਹੈ ਕਿਉਂਕਿ ਜਦੋਂ ਇਹ ਸਵਾਲ ਝੂਠੇ ਪੁਲਿਸ ਮੁਕਾਬਲਿਆਂ ਜਾਂ ਦਿੱਲੀ, ਗੁਜਰਾਤ ਤੇ ਉੜੀਸਾ ਦੇ ਕਤਲੇਆਮਾਂ ਦੇ ਦੋਸ਼ੀਆਂ ਦੇ ਹਵਾਲੇ ਨਾਲ ਪੁੱਛਿਆ ਜਾਏਗਾ ਤਾਂ ਸਾਡੇ ਨਿਹਚੇ ਦਾ ਇਮਤਿਹਾਨ ਹੋਏਗਾ? ਨਿਹਚੇ ਨੂੰ ਜਿੱਤ ਦਾ ਅਹਿਮ ਤੱਤ ਇਸੇ ਕਰਕੇ ਮੰਨਿਆ ਗਿਆ ਹੈ ਤਾਂ ਜੋ ਸਰਬਤ ਪ੍ਰਧਾਨ ਰਹੇ ਤੇ ਫ਼ੈਸਲੇ ਕਰਨ ਵੇਲੇ ਮੂੰਹ ਸੰਗਤ ਵੱਲ ਰਹੇ। ਗੁਰੂ ਗੋਬਿੰਦ ਸਿੰਘ ਦੇ ਨਿਹਚੇ ਉੱਤੇ ਖੜੋ ਕੇ ਔਖੇ ਰਾਹ ਦੀ ਚੋਣ ਵਿੱਚੋਂ ਹੀ ਅਸੀਂ ਭਾਈ ਘਨ੍ਹਈਆ ਦੇ ਦੀਦਾਰ ਕਰ ਸਕੇ ਹਾਂ। ਬਲੰਵਤ ਸਿੰਘ ਦਾ ਮਾਮਲਾ ਸਵਾਲ ਕਰ ਰਿਹਾ ਹੈ ਕਿ ਕੀ ਅਸੀਂ ਆਲਮੀ ਲਹਿਰ ਦਾ ਸੁਹਿਰਦ ਹਿੱਸਾ ਬਣਨਾ ਹੈ ਜਾਂ ਮੌਕਾਪ੍ਰਸਤ? ਜ਼ਿੰਦਗੀ ਨੂੰ ਮੌਕਾਪ੍ਰਸਤੀ ਦਾ ਭੇਟ ਨਹੀਂ ਚੜ੍ਹਾਇਆ ਜਾਣਾ ਚਾਹੀਦਾ, ਸਗੋਂ ਵਿਛੜਿਆਂ ਦੇ ਮੇਲ ਦਾ ਸਬੱਬ ਬਣਾਇਆ ਜਾਣਾ ਚਾਹੀਦਾ ਹੈ। ਦੁਨੀਆਂ ਉੱਤੇ 'ਮੌਤ ਦੀ ਸਜ਼ਾ' ਖ਼ਤਮ ਹੋਣ ਨਾਲ ਬਿਹਤਰ ਜ਼ਿੰਦਗੀ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਹੁੰਦਾ ਹੈ। ਇਸ ਨਾਲ 'ਕੌਮੀ ਸ਼ਰਮਸ਼ਾਰੀ' ਨੂੰ ਹੱਡੀ-ਹੰਢਾਉਂਦੇ ਭੁਝੰਗੀਆਂ ਦੇ ਬੇਆਵਾਜ਼ ਤੋਂ ਬਾਆਵਾਜ਼ ਹੋਣ ਦਾ ਰਾਹ ਪੱਧਰਾ ਹੋ ਸਕਦਾ ਹੈ।