Showing posts with label Barrack Obama. Show all posts
Showing posts with label Barrack Obama. Show all posts

Tuesday, July 07, 2015

ਸੁਆਲ-ਸੰਵਾਦ: ਵਿਆਪਮ ਦੀ ਮੰਡੀ ਵਿੱਚ ਸਰਕਾਰ ਦਾ ਮਨਮੋਹਨ-ਮੋਦੀ ਖ਼ਾਸਾ

ਦਲਜੀਤ ਅਮੀ

ਮੱਧ ਪ੍ਰਦੇਸ਼ ਵਿੱਚ ਵਿਆਪਮ ਘਪਲੇ ਦੀਆਂ ਖ਼ਬਰਾਂ ਅਖ਼ਬਾਰਾਂ ਅਤੇ ਟੈਲੀਵਿਜ਼ਨਾਂ ਉਤੇ ਲਗਾਤਾਰ ਚੱਲ ਰਹੀਆਂ ਹਨ। ਹੋ ਸਕਦਾ ਹੈ, ਇਹ ਲੇਖ ਪਾਠਕਾਂ ਦੇ ਹੱਥਾਂ ਤੱਕ ਪਹੁੰਚਣ ਤੱਕ ਕੋਈ ਹੋਰ ਖ਼ਬਰ ਅਹਿਮ ਹੋ ਚੁੱਕੀ ਹੋਵੇ ਅਤੇ ਵਿਆਪਮ ਦੀ 'ਅਹਿਮੀਅਤ' ਘਟ ਗਈ ਹੋਵੇ। 'ਮੁੱਲ ਦੀਆਂ ਖ਼ਬਰਾਂ' ਦੇ ਦੌਰ ਵਿੱਚ ਵਿਆਪਮ ਘਪਲੇ ਨੂੰ ਪੱਤਰਕਾਰੀ ਦਾ ਧਿਆਨ ਖਿੱਚਣ ਲਈ ਵੱਡੀ ਕੀਮਤ ਤਾਰਨੀ ਪਈ ਹੈ। ਜਦੋਂ ਵਿਆਪਮ ਕਾਰੋਬਾਰ ਸੀ ਤਾਂ ਇਹ ਲੋਕਾਂ ਨੂੰ ਜ਼ਿੰਦਗੀ ਦੇ ਬਿਹਤਰ ਮੌਕਿਆਂ ਤੋਂ ਮਹਿਰੂਮ ਕਰ ਰਿਹਾ ਸੀ ਅਤੇ ਜਦੋਂ ਘਪਲੇ ਵਜੋਂ ਬੇਪਰਦ ਹੋਇਆ ਹੈ ਤਾਂ ਇਸ ਦਾ ਖ਼ੂੰਖ਼ਾਰ ਰੂਪ ਸਾਹਮਣੇ ਹੈ। ਤਕਰੀਬਨ ਛੇ ਸਾਲਾਂ ਦੌਰਾਨ ਇਸ ਵਿਆਪਮ ਨਾਲ ਕਾਰੋਬਾਰ ਵਜੋਂ ਜਾਂ ਇਸ ਦੀ ਘਪਲੇ ਵਜੋਂ ਸ਼ਨਾਖ਼ਤ ਕਰਨ ਨਾਲ ਕਈ ਜੀਆਂ ਦੀਆਂ ਮੌਤਾਂ ਹੋਈਆਂ ਹਨ। ਮੀਡੀਆ ਵਿੱਚ ਇਨ੍ਹਾਂ ਮੌਤਾਂ ਦੀ ਗਿਣਤੀ ਪੱਚੀ ਤੋਂ ਚਾਲੀ ਤੱਕ ਦੱਸੀ ਜਾ ਰਹੀ ਹੈ। ਇਨ੍ਹਾਂ ਸਾਰੀਆਂ ਮੌਤਾਂ ਨੂੰ ਸਿਧਾਂਤਕ ਅਤੇ ਤਕਨੀਕੀ ਪੱਖੋਂ ਕੁਦਰਤੀ ਮੌਤ ਵਜੋਂ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਵਿੱਚੋਂ ਦਸ ਸੜਕ 'ਹਾਦਸਿਆਂ' ਵਿੱਚ ਮਾਰੇ ਗਏ। ਪੰਜ 'ਖ਼ੁਦਕੁਸ਼ੀਆਂ' ਕਰ ਗਏ। ਦੋ ਦਿਲ ਦੇ 'ਦੌਰੇ' ਅਤੇ ਇੱਕ ਦਿਮਾਗ ਦੀ ਨਸ 'ਫਟਣ' ਕਾਰਨ ਪੂਰੇ ਹੋ ਗਏ। ਕੁਝ ਸ਼ਰਾਬ ਨਾਲ ਹੋਈਆਂ ਬੀਮਾਰੀਆਂ ਕਾਰਨ, ਦਵਾਈਆਂ ਦੇ ਉਲਟ ਅਸਰ ਅਤੇ ਸ਼ੱਕੀ ਹਾਲਾਤ ਵਿੱਚ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

ਲੰਘੇ ਸ਼ਨਿੱਚਰ-ਐਤ-ਸੋਮਵਾਰ (4-5-6 ਜੁਲਾਈ) ਨੂੰ ਤਿੰਨ ਮੌਤਾਂ ਹੋਣ ਕਾਰਨ ਇਹ ਮਸਲਾ ਨਜ਼ਰਅੰਦਾਜ਼ ਕਰਨਾ ਮੁਸ਼ਕਿਲ ਹੋ ਗਿਆ। ਪੱਤਰਕਾਰ ਅਕਸ਼ੈ ਸਿੰਘ, ਜਬਲਪੁਰ ਮੈਡੀਕਲ ਕਾਲਜ ਦੇ ਡੀਨ ਡਾ. ਅਰੁਣ ਸ਼ਰਮਾ ਅਤੇ ਟਰੇਨੀ ਸਬ-ਇੰਸਪੈਕਟਰ ਅਨਾਮਿਕਾ ਖੁਸ਼ਵਾਹਾ ਦੀਆਂ ਮੌਤਾਂ ਸ਼ੱਕੀ ਹਾਲਾਤ ਵਿੱਚ ਹੋਈਆਂ ਸਨ। ਡਾ. ਅਰੁਣ ਸ਼ਰਮਾ ਤੋਂ ਪਹਿਲਾਂ ਡਾ. ਡੀ.ਕੇ. ਸਾਕਾਲੇ ਕਾਲਜ ਦੇ ਡੀਨ ਸਨ ਜਿਨ੍ਹਾਂ ਦੀ ਸਾਲ ਪਹਿਲਾਂ ਸ਼ੱਕੀ ਹਾਲਾਤ ਵਿੱਚ ਮੌਤ ਹੋਈ ਸੀ। ਅਖ਼ਬਾਰਾਂ ਮੁਤਾਬਕ ਡਾ. ਅਰੁਣ ਸ਼ਰਮਾ ਨੇ ਪਿਛਲੇ ਦਿਨੀਂ ਵਿਆਪਮ ਘਪਲੇ ਨਾਲ ਜੁੜੇ ਦੋ ਸੌ ਦਸਤਾਵੇਜ਼ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਦੇ ਹਵਾਲੇ ਕੀਤੇ ਸਨ। ਪੱਤਰਕਾਰ ਅਕਸ਼ੈ ਸਿੰਘ ਇਸੇ ਘਪਲੇ ਨਾਲ ਜੁੜੀ ਮੌਤ ਬਾਰੇ ਖੋਜ ਕਰ ਰਹੇ ਸਨ ਅਤੇ ਇੱਕ ਮਕਤੂਲਾ ਦੇ ਮਾਪਿਆਂ ਨਾਲ ਮੁਲਾਕਾਤ ਕਰ ਕੇ ਹਟੇ ਸਨ। ਡਾ. ਅਰੁਣ ਸ਼ਰਮਾ ਦੀ ਲਾਸ਼ ਦਿੱਲੀ ਦੇ ਇੱਕ ਹੋਟਲ ਵਿੱਚੋਂ ਮਿਲੀ ਅਤੇ ਅਕਸ਼ੈ ਨੂੰ ਭੇਤਭਰੀ ਬੀਮਾਰੀ ਕਾਰਨ ਮੂੰਹ ਵਿੱਚੋਂ ਝੱਗ ਨਿਕਲਦਿਆਂ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਮੌਤ ਮੱਧ ਪ੍ਰਦੇਸ਼ ਦੇ ਝੱਬੂਆ ਜ਼ਿਲ੍ਹੇ ਵਿੱਚ ਮੇਘਾਨਗਰ ਵਿੱਚ ਹੋਈ। ਟਰੇਨੀ ਸਬ-ਇੰਸਪੈਕਟਰ ਅਨਾਮਿਕਾ ਖੁਸ਼ਵਾਹਾ ਜਵਾਹਰਲਾਲ ਨਹਿਰੂ ਟਰੇਨਿੰਗ ਸੈਂਟਰ ਵਿੱਚ ਤਾਇਨਾਤ ਸੀ ਅਤੇ ਦੱਸਿਆ ਗਿਆ ਹੈ ਕਿ ਇਸੇ ਸੈਂਟਰ ਦੇ ਪੂਲ ਵਿੱਚ ਛਾਲ ਮਾਰ ਕੇ ਉਸ ਨੇ 'ਖੁਦਕੁਸ਼ੀ' ਕੀਤੀ।

ਮੱਧ ਪ੍ਰਦੇਸ਼ ਪ੍ਰੋਫ਼ੈਸ਼ਨਲ ਐਗਜਾਮੀਨੇਸ਼ਨ ਬੋਰਡ ਨੂੰ ਹਿੰਦੀ ਵਿੱਚ ਛੋਟਾ ਨਾਮ 'ਵਿਆਪਮ' ਮਿਲਿਆ ਹੈ। ਇਸ ਦਾ ਕੰਮ ਦਾਖ਼ਲੇ ਅਤੇ ਭਰਤੀ ਨਾਲ ਜੁੜੇ ਇਮਤਿਹਾਨ ਲੈਣਾ ਹੈ। ਵਿਆਪਮ ਘਪਲਾ 2009 ਵਿੱਚ ਬੇਪਰਦ ਹੋਇਆ ਅਤੇ ਉਸ ਤੋਂ ਬਾਅਦ ਅਦਾਲਤੀ ਕਾਰਵਾਈਆਂ, ਜਾਂਚਾਂ ਅਤੇ ਖੋਜਾਂ ਦਾ ਦੌਰ ਜਾਰੀ ਹੈ। ਇਸ ਘਪਲੇ ਦੇ ਘੇਰੇ ਵਿੱਚ ਸਿਆਸਤਦਾਨ, ਇੰਤਜ਼ਾਮੀਆ ਅਤੇ ਕਾਰੋਬਾਰੀਆਂ ਦਾ ਵੱਡਾ ਪੂਰ ਆਉਂਦਾ ਹੈ। ਦੋਸ਼ੀਆਂ ਅਤੇ ਨੁਕਸਾਨ ਦਾ ਅੰਦਾਜ਼ਾ ਸ਼ਾਇਦ ਕਦੇ ਨਾ ਲੱਗੇ ਅਤੇ ਸ਼ਾਇਦ ਕਦੇ ਕਿਸੇ ਨੂੰ ਕਸੂਰਵਾਰ ਕਰਾਰ ਨਾ ਦਿੱਤਾ ਜਾਵੇ ਪਰ ਕੁਝ ਤੱਥ-ਸਰਬ ਪ੍ਰਵਾਨਤ ਹੋ ਗਏ ਹਨ। ਇਹ ਘਪਲਾ ਹੋਇਆ ਹੈ ਅਤੇ ਇਸ ਨੂੰ ਅੰਜ਼ਾਮ ਦੇਣ ਦੇ ਤਰੀਕੇ ਜਾਂਚ ਏਜੰਸੀਆਂ ਤੋਂ ਲੈ ਕੇ ਆਵਾਮ ਦੀ ਜਾਣਕਾਰੀ ਵਿੱਚ ਆ ਚੁੱਕੇ ਹਨ। ਇਨ੍ਹਾਂ ਤਰੀਕਿਆਂ ਵਿੱਚ ਹੀ ਇਸ ਘਪਲੇ ਦਾ ਖ਼ਾਸਾ ਲੁਕਿਆ ਹੋਇਆ ਹੈ। ਪਹਿਲੇ ਤਰੀਕੇ ਤਹਿਤ ਇਮਤਿਹਾਨ ਵੇਲੇ ਕਈ ਉਮੀਦਵਾਰਾਂ ਦੀ ਥਾਂ ਹੁਸ਼ਿਆਰ ਵਿਦਿਆਰਥੀ ਬੈਠਦੇ ਸਨ। ਦੂਜਾ ਤਰੀਕਾ ਇਹ ਸੀ ਕਿ ਪਿਛਲੇ ਸਾਲਾਂ ਦੇ ਹੁਸ਼ਿਆਰ ਵਿਦਿਆਰਥੀ ਦੁਬਾਰਾ ਇਮਤਿਹਾਨ ਦਿੰਦੇ ਸਨ ਅਤੇ ਆਪਣੇ ਅਗਲੇ-ਪਿਛਲੇ ਉਮੀਦਵਾਰਾਂ ਨੂੰ ਨਕਲ ਕਰਵਾਉਂਦੇ ਸਨ। ਤੀਜਾ ਤਰੀਕਾ ਸੀ ਕਿ ਉਮੀਦਵਾਰ ਕਿਸੇ ਸੁਆਲ ਦਾ ਜੁਆਬ ਦੇਣ ਦੀ ਥਾਂ ਖਾਲੀ ਸ਼ੀਟ ਵਾਪਸ ਫੜਾ ਦਿੰਦੇ ਸਨ। ਇਨ੍ਹਾਂ ਖਾਲੀ ਸ਼ੀਟਾਂ ਉਤੇ ਜ਼ਿਆਦਾ ਨੰਬਰ ਭਰ ਦਿੱਤੇ ਜਾਂਦੇ ਸਨ। ਬਾਅਦ ਵਿੱਚ ਸੂਚਨਾ ਦੇ ਅਧਿਕਾਰ ਤਹਿਤ ਇਹ ਸ਼ੀਟਾਂ ਦੇਖਣ ਦੀ ਮੰਗ ਕੀਤੀ ਜਾਂਦੀ ਸੀ ਅਤੇ ਭਰੇ ਨੰਬਰਾਂ ਮੁਤਾਬਕ ਜੁਆਬੀ ਨਿਸ਼ਾਨੀਆਂ ਲਗਾ ਦਿੱਤੀਆਂ ਜਾਂਦੀਆਂ ਸਨ। ਇਸ ਨਾਲ ਘਪਲੇ ਦਾ ਸਬੂਤ ਮਿਟ ਜਾਂਦਾ ਸੀ। ਇਸ ਕਾਰੋਬਾਰ ਵਿੱਚ ਵੱਡੀਆਂ ਵੱਡੀਆਂ ਰਕਮਾਂ ਜੇਬਾਂ ਬਦਲਦੀਆਂ ਸਨ।

ਇਨ੍ਹਾਂ ਤਰੀਕਿਆਂ ਨਾਲ ਤੈਅ ਹੋ ਜਾਂਦਾ ਹੈ ਕਿ ਇਹ ਘਪਲਾ ਕਿਸੇ ਲਾਲਚੀ ਬੰਦੇ ਜਾਂ ਬੇਈਮਾਨ ਅਫ਼ਸਰ ਜਾਂ ਅਮੀਰ ਮਾਪਿਆਂ ਦੇ ਖ਼ਾਤੇ ਨਹੀਂ ਪਾਇਆ ਜਾ ਸਕਦਾ। ਇਹ ਸਾਰੇ ਤੱਤ ਅਤੇ ਤਬਕੇ ਘਪਲੇ ਦਾ ਹਿੱਸਾ ਹਨ ਪਰ ਇਹ ਪੂਰੇ ਇਮਤਿਹਾਨ ਦੇ ਢਾਂਚੇ ਨੂੰ ਮੁਨਾਫ਼ਾਮੁਖੀ ਮੋੜਾ ਦੇਣ ਦਾ ਮਸਲਾ ਹੈ। ਇਸ ਵਿੱਚ ਉਪਰ ਤੋਂ ਹੇਠਾਂ ਤੱਕ ਸਿਆਸਤਦਾਨ, ਇੰਤਜ਼ਾਮੀਆ, ਕਾਰੋਬਾਰੀ, ਕਾਲਾਬਾਜ਼ਾਰੀ, ਵਿਦਿਆਰਥੀ ਅਤੇ ਮਾਪੇ ਸ਼ਾਮਿਲ ਹਨ। ਇਸ ਨਾਲ ਸਿਆਸੀ, ਪ੍ਰਬੰਧਕੀ, ਸਮਾਜਕ ਅਤੇ ਸਿਧਾਂਤਕ ਤੰਦਾਂ ਜੁੜੀਆਂ ਹੋਈਆਂ ਹਨ ਜੋ ਸਮੁੱਚੇ ਨਿਜ਼ਾਮ ਦੇ ਖ਼ਾਸੇ ਦੀ ਨੁਮਾਇੰਦਗੀ ਕਰਦੀਆਂ ਹਨ। ਮੌਜੂਦਾ ਨਿਜ਼ਾਮ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਨਾਮ ਉਤੇ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਦੇ ਸਕਦਾ ਹੈ ਅਤੇ ਕੁਝ ਕਸੂਰਵਾਰ ਪਤਵੰਤਿਆਂ ਦੀ ਬਲੀ ਲੈ ਸਕਦਾ ਹੈ। ਇਸ ਮਾਮਲੇ ਵਿੱਚ ਸਾਬਕਾ ਸਿੱਖਿਆ ਮੰਤਰੀ ਲਕਸ਼ਮੀ ਕਾਂਤ ਸ਼ਰਮਾ ਤੋਂ ਲੈ ਕੇ ਵਿਆਪਮ ਦਾ ਇੰਤਜ਼ਾਮੀਆ, ਅਫ਼ਸਰਸ਼ਾਹੀ ਅਤੇ ਦਲਾਲਾਂ ਦੀ ਵੱਡੀ ਗਿਣਤੀ ਖ਼ਿਲਾਫ਼ ਕਾਰਵਾਈ ਹੋਈ ਹੈ। ਘਪਲੇ ਦੇ ਦੋਵੇਂ ਪਾਸੇ ਇਲਜ਼ਾਮਾਂ ਵਿੱਚ ਘਿਰੇ ਲੋਕਾਂ ਨੂੰ ਕਾਰਵਾਈ ਅਤੇ ਜਾਂਚ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਰਿਸ਼ਵਤਖ਼ੋਰਾਂ ਖ਼ਿਲਾਫ਼ ਕਾਰਵਾਈ ਹੋਈ ਹੈ ਤਾਂ ਇਸ ਘਪਲੇ ਰਾਹੀਂ ਨੌਕਰੀਆਂ ਲੈਣ/ਦਿਵਾਉਣ ਅਤੇ ਦਾਖ਼ਲੇ ਲੈਣ/ਕਰਵਾਉਣ ਵਾਲਿਆਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਇਲਜ਼ਾਮ ਦਾ ਘੇਰਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਗਵਰਨਰ ਰਾਮ ਨਰੇਸ਼ ਯਾਦਵ ਤੱਕ ਫੈਲਿਆ ਹੋਇਆ ਹੈ। ਰਾਮ ਨਰੇਸ਼ ਯਾਦਵ ਦਾ ਪੁੱਤਰ ਸ਼ੈਲੇਸ਼ ਇਸ ਘਪਲੇ ਵਿੱਚ ਮੁਲਜ਼ਮ ਸੀ ਅਤੇ ਉਸ ਦੀ ਮੌਤ ਭੇਤਭਰੇ ਹਾਲਾਤ ਵਿੱਚ ਹੋਈ ਸੀ। ਇਸੇ ਤਰ੍ਹਾਂ ਗਵਰਨਰ ਦੇ ਵਿਸ਼ੇਸ਼ ਅਫ਼ਸਰ ਧਨਰਾਜ ਯਾਦਵ ਦੀ ਇਸੇ ਘਪਲੇ ਵਿੱਚ ਗ੍ਰਿਫ਼ਤਾਰੀ ਹੋਈ ਸੀ। ਗਵਰਨਰ ਨੇ ਸੰਵਿਧਾਨਕ ਅਖ਼ਤਿਆਰ ਤਹਿਤ ਆਪਣੇ ਖ਼ਿਲਾਫ਼ ਜਾਂਚ ਨਾ ਕਰਨ ਲਈ ਮੱਧ ਪ੍ਰਦੇਸ਼ ਦੀ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਖ਼ਿਲਾਫ਼ ਕਾਰਵਾਈ ਰੋਕ ਦਿੱਤੀ ਗਈ ਹੈ ਅਤੇ ਜਾਂਚ ਜਾਰੀ ਹੈ। ਉਹ ਸਤੰਬਰ 2016 ਵਿੱਚ ਗਵਰਨਰ ਵਜੋਂ ਸੇਵਾਮੁਕਤ ਹੋਣ ਵਾਲੇ ਹਨ ਅਤੇ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਮੁਤਾਬਕ ਉਨ੍ਹਾਂ ਖ਼ਿਲਾਫ਼ ਸੇਵਾਮੁਕਤ ਹੋਣ ਤੋਂ ਬਾਅਦ ਕਾਰਵਾਈ ਹੋਵੇਗੀ। ਸੰਵਿਧਾਨ ਦੇ ਅਖ਼ਤਿਆਰੀ ਮੋਰਚੇ ਅੰਦਰ ਬੈਠੇ ਰਾਮ ਨਰੇਸ਼ ਯਾਦਵ ਭਾਵੇਂ ਬਚ ਜਾਣ ਪਰ ਇਸ ਨਾਲ ਇਹ ਸਾਬਤ ਹੋ ਜਾਂਦਾ ਹੈ ਕਿ ਗਵਰਨਰ ਦੇ ਅਹੁਦੇ ਲਈ ਇਖ਼ਲਾਕੀ ਸੁਆਲਾਂ ਦੀ ਕੋਈ ਅਹਿਮੀਅਤ ਨਹੀਂ ਹੈ। ਦੂਜਾ ਪਾਸਾ ਇਹ ਹੈ ਕਿ ਵਿਆਪਮ ਦੀ ਘਪਲੇ ਵਜੋਂ ਮਾਰ ਮੁਲਕ ਦੇ ਸੰਵਿਧਾਨਕ ਅਹੁਦਿਆਂ ਤੱਕ ਹੈ ਜਿਨ੍ਹਾਂ ਦੀਆਂ ਅਖ਼ਤਿਆਰੀ ਰਿਆਇਤਾਂ ਨੂੰ ਹੁਣ ਜਮਹੂਰੀਅਤ ਦਾ ਹਿੱਸਾ ਨਹੀਂ ਮੰਨਿਆ ਜਾ ਸਕਦਾ।

ਜੇ ਯੋਗਾ ਦਿਵਸ ਦੀ ਸਰਕਾਰੀ ਮਸ਼ਕ ਵਿੱਚ ਸ਼ਮੂਲੀਅਤ ਨਾ ਕਰਨ ਕਾਰਨ ਉਪ ਰਾਸ਼ਟਰਪਤੀ ਹਮੀਦ ਅੰਸਾਰੀ ਕਿਸੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਆਗੂ ਰਾਮ ਮਾਧਵ ਦੇ ਸੁਆਲਾਂ ਦੇ ਘੇਰੇ ਵਿੱਚ ਆਉਂਦੇ ਹਨ ਤਾਂ ਮੱਧ ਪ੍ਰਦੇਸ਼ ਦਾ ਗਵਰਨਰ ਇਖ਼ਲਾਕੀ ਜਾਂ ਮੁਲਕਪ੍ਰਸਤੀ ਦੇ ਸੁਆਲਾਂ ਵਿੱਚ ਸ਼ੁਮਾਰ ਕਿਉਂ ਨਹੀਂ ਹੁੰਦਾ? ਜਦੋਂ ਨਰੇਂਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਜ਼ਾਦੀ ਦਿਵਸ ਮੌਕੇ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਕਰੀਰ ਨੂੰ ਨਿਸ਼ਾਨਾ ਬਣਾ ਸਕਦਾ ਹੈ ਤਾਂ ਮੱਧ ਪ੍ਰਦੇਸ਼ ਦਾ ਗਵਰਨਰ ਨਜ਼ਰਅੰਦਾਜ਼ ਕਿਵੇਂ ਹੋ ਜਾਂਦਾ ਹੈ? ਜੇ ਚੋਣਾਂ ਤੋਂ ਬਾਅਦ ਭਾਜਪਾ ਦੇ ਗਵਰਨਰ ਲਗਾਉਣ ਲਈ ਪੁਰਾਣੇ ਗਵਰਨਰ ਹਟਾਉਣ ਦੀ ਮਸ਼ਕ ਹੋ ਸਕਦੀ ਹੈ ਤਾਂ ਰਾਮ ਨਰੇਸ਼ ਯਾਦਵ ਨਾਲ ਸਾਂਝ ਦਾ ਸੁਆਲ ਤਾਂ ਪੁੱਛਿਆ ਹੀ ਜਾਣਾ ਚਾਹੀਦਾ ਹੈ? ਇਹ ਸੁਆਲ ਅਹਿਮ ਜਾਪ ਸਕਦੇ ਹਨ ਪਰ ਵਿਆਪਮ ਦਾ ਖ਼ਾਸਾ ਇਨ੍ਹਾਂ ਨੂੰ ਬੇਮਾਅਨਾ ਕਰ ਦਿੰਦਾ ਹੈ। ਭ੍ਰਿਸ਼ਟਾਚਾਰ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਗੱਠਜੋੜ ਦੀਆਂ ਮਜਬੂਰੀਆਂ ਕਰਾਰ ਦਿੱਤਾ ਜਾਂਦਾ ਸੀ ਪਰ ਨਰੇਂਦਰ ਮੋਦੀ ਦੇ ਦੌਰ ਵਿੱਚ ਸ਼ਾਨਦਾਰ ਬਹੁਮਤ ਦੀ ਸਰਪ੍ਰਸਤੀ ਵਿੱਚ ਮੂੰਹਜ਼ੋਰ ਹੋ ਜਾਂਦਾ ਹੈ।

ਵਿਆਪਮ ਘਪਲਾ ਵਿੱਤੀ ਪਾੜੇ ਨੂੰ ਵਧਾਉਣ ਅਤੇ ਪੱਕਾ ਕਰਨ ਦੀ ਮਸ਼ਕ ਹੈ ਜੋ ਮਨਮੋਹਨ-ਮੋਦੀ ਦੀ ਖੁੱਲ੍ਹੀ ਮੰਡੀ ਵਾਲੀ ਸੇਧ ਨਾਲ ਮੇਲ ਖਾਂਦੀ ਹੈ। ਦਾਖ਼ਲਿਆਂ ਅਤੇ ਨੌਕਰੀਆਂ ਤੋਂ ਮਹਿਰੂਮ ਕੌਣ ਹੋ ਰਿਹਾ ਹੈ? ਲਿਆਕਤ ਦੇ ਬਾਵਜੂਦ ਗ਼ਰੀਬ ਤਬਕਾ। ਰਿਸ਼ਵਤ ਦੇ ਕੌਣ ਰਿਹਾ ਹੈ? ਅਮੀਰ ਪਤਵੰਤਾ। ਰਿਸ਼ਵਤ ਲੈ ਕੌਣ ਰਿਹਾ ਹੈ? ਅਮੀਰ ਪਤਵੰਤਾ। ਅਮੀਰਾਂ ਦੀ ਇਸ ਖੇਡ ਵਿੱਚ ਸਮੁੱਚਾ ਨਿਜ਼ਾਮ ਸ਼ਾਮਿਲ ਹੈ ਤਾਂ ਸਮੱਸਿਆ ਕੀ ਹੈ? ਜਦੋਂ ਸਰਕਾਰ ਵਿਉਂਤਬੰਦ ਢੰਗ ਨਾਲ ਨਿੱਜੀ ਕਾਰੋਬਾਰੀਆਂ ਨੂੰ ਰਿਆਇਤਾਂ ਅਤੇ ਛੋਟਾਂ ਦੇ ਕੇ ਸਰਕਾਰੀ ਅਦਾਰਿਆਂ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਵਿਆਪਮ ਨੂੰ ਇਸੇ ਸਰਕਾਰੀ ਸਨਅਤ ਦਾ ਹਿੱਸਾ ਕਿਉਂ ਨਹੀਂ ਮੰਨਿਆ ਜਾ ਸਕਦਾ? ਨਿਵੇਸ਼ਕਾਰਾਂ ਨੂੰ ਜਦੋਂ ਕਾਨੂੰਨੀ ਘੇਰੇ ਵਿੱਚ ਪ੍ਰਵਾਨਗੀਆਂ ਨਹੀਂ ਮਿਲਦੀਆਂ ਤਾਂ ਕਾਨੂੰਨੀ ਸੋਧਾਂ ਦੇ ਵਾਅਦੇ ਪ੍ਰਧਾਨ ਮੰਤਰੀ ਕੌਮਾਂਤਰੀ ਮੰਚਾਂ ਉੱਤੇ ਕਰਦੇ ਹਨ। ਜੇ ਆਪਣੇ ਬੱਚਿਆਂ ਨੂੰ ਦਾਖ਼ਲੇ ਜਾਂ ਨੌਕਰੀਆਂ ਦਿਵਾਉਣ ਲਈ ਅਮੀਰ ਕਾਨੂੰਨੀ ਘੇਰੇ ਨੂੰ ਮੋਕਲਾ ਕਰਦੇ ਹਨ ਤਾਂ ਇਹ ਵੱਖਰੀ ਗੱਲ ਕਿਵੇਂ ਹੋਈ? ਜਦੋਂ ਸਿਆਸਤਦਾਨ ਮੰਤਰੀਆਂ ਵਜੋਂ ਆਪਣੇ ਨਿੱਜੀ ਕਾਰੋਬਾਰ ਵਧਾਉਂਦੇ ਹਨ ਪਰ ਉਨ੍ਹਾਂ ਦੇ ਸਰਕਾਰੀ ਮਹਿਕਮੇ ਘਾਟੇ ਵਿੱਚ ਜਾਂਦੇ ਹਨ ਤਾਂ ਇਹ ਵਿਆਪਮ ਦੀ ਕੜੀ ਕਿਉਂ ਨਹੀਂ ਹੁੰਦਾ? ਨਿੱਜੀ ਨਿਵੇਸ਼ ਅਤੇ ਸਰਕਾਰੀ ਅਹੁਦੇ ਦਾ ਮਨਮੋਹਨ-ਮੋਦੀ ਰਿਸ਼ਤਾ ਨੌਕਰੀਆਂ ਅਤੇ ਦਾਖ਼ਲਿਆਂ ਦੇ ਮਾਮਲੇ ਵਿੱਚ ਵੱਖ ਕਿਉਂ ਹੋ ਸਕਦਾ ਹੈ? ਜੇ ਕੋਈ ਰਜਤ ਗੁਪਤਾ ਨਾਮ ਦਾ ਕੌਮਾਂਤਰੀ ਵਿੱਤੀ ਅਪਰਾਧੀ ਸਰਕਾਰੀ ਸਰਪ੍ਰਸਤੀ ਹੇਠ ਰਿਆਇਤਾਂ ਅਤੇ ਛੋਟਾਂ ਲੈ ਕੇ ਮੈਡੀਕਲ ਸਿੱਖਿਆ ਦੇ ਕਾਨੂੰਨੀ ਪੱਖੋਂ ਗ਼ੈਰ-ਪ੍ਰਵਾਨਤ ਅਦਾਰੇ ਖੋਲ੍ਹ ਸਕਦਾ ਹੈ ਤਾਂ ਕੋਈ ਪਤਵੰਤਾ ਰਿਸ਼ਵਤ ਦੇ ਕੇ ਆਪਣੇ ਨਾਲਾਇਕਾਂ ਨੂੰ ਲਾਇਕ ਕਿਉਂ ਨਹੀਂ ਬਣਾ ਸਕਦਾ? ਇਨ੍ਹਾਂ ਸੁਆਲਾਂ ਦੀ ਫਹਿਰਿਸਤ ਬਹੁਤ ਲੰਮੀ ਹੋ ਸਕਦੀ ਹੈ। ਅਹਿਮ ਸੁਆਲ ਵਿਆਪਮ ਘਪਲੇ ਦੇ ਖ਼ਾਸੇ ਦਾ ਮੌਜੂਦਾ ਨਿਜ਼ਾਮ ਨਾਲ ਮੇਲ ਖਾਣਾ ਹੈ। ਇਨ੍ਹਾਂ ਹਾਲਾਤ ਵਿੱਚ ਵਿਆਪਮ ਕਿਸੇ ਘਪਲੇ ਦੇ ਨਾਮ ਤੱਕ ਮਹਿਦੂਦ ਨਹੀਂ ਹੈ ਸਗੋਂ ਇਹ ਮੌਜੂਦਾ ਨਿਜ਼ਾਮ ਦੇ ਅਮੀਰ ਪੱਖੀ ਰੁਝਾਨ ਦਾ ਬਿੰਬ ਹੈ। ਵਿਆਪਮ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ ਕਿ ਕੋਈ ਅਦਾਰਾ ਇਸ ਦੀ ਮਾਰ ਤੋਂ ਬਾਹਰ ਨਹੀਂ ਹੈ। ਇਸ ਦੀ ਮਾਰ ਏਨੀ ਬਹੁਪੱਖੀ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮਾਂ ਜਾਂ ਸਰਕਾਰੀ ਮਸ਼ਕਾਂ ਇਸ ਉੱਤੇ ਪਰਦੇ ਪਾਉਣ ਵਿੱਚ ਨਾਕਾਮਯਾਬ ਰਹੀਆਂ ਹਨ। 

ਸਰਕਾਰੀ ਅਦਾਰਿਆਂ ਅਤੇ ਸਰਕਾਰ ਲਈ ਵਿਆਪਮ 'ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ' ਹੈ ਜਿਸ ਨੂੰ ਛੱਡਣ ਨਾਲ ਮੋਦੀ-ਤਾਕਤ ਦਾ ਤਲਿੱਸਮ ਟੁੱਟਦਾ ਹੈ ਅਤੇ ਨਿਗਲ ਜਾਣ ਨਾਲ 'ਵਿਕਾਸ' ਦਾ ਕਿਲ੍ਹਾ ਢਹਿੰਦਾ ਹੈ। ਸਰਕਾਰ ਵੱਲੋਂ ਵਿਆਪਮ ਬਾਰੇ ਫ਼ੈਸਲਾ ਅਡਾਨੀ ਅਤੇ ਓਬਾਮਾ ਨੂੰ ਮੁਖ਼ਾਤਬ ਹੋ ਕੇ ਕੀਤਾ ਜਾ ਸਕਦਾ ਹੈ। ਜੇ ਡਾ. ਮਨਮੋਹਨ ਸਿੰਘ ਹਰ ਮੌਕੇ ਓਬਾਮਾ ਨਾਲ ਭਾਰਤ ਦੇ ਪਿਆਰ ਦਾ ਇਜ਼ਹਾਰ ਕਰਦੇ ਰਹੇ ਹਨ ਤਾਂ ਮੋਦੀ ਦਾ ਚੋਣ ਰੱਥ ਅਡਾਨੀ ਦੇ ਜਹਾਜ਼ ਵਿੱਚ ਸਵਾਰ ਹੋ ਕੇ ਦਿੱਲੀ ਪਹੁੰਚਿਆ ਹੈ। ਜੇ ਡਾ. ਮਨਮੋਹਨ ਸਿੰਘ ਕਦੇ ਰਤਨ ਟਾਟਾ ਦੀ ਨਿੱਜੀ ਜ਼ਿੰਦਗੀ ਦਾ ਸਤਿਕਾਰ ਕਰਨਾ ਨਹੀਂ ਭੁੱਲੇ ਤਾਂ ਮੋਦੀ ਨੇ ਓਬਾਮਾ ਨੂੰ ਨਾਮ ਨਾਲ ਬੁਲਾ ਕੇ ਭਾਰਤ ਦਾ ਮਾਣ ਵਧਾਇਆ ਹੈ। ਇਸ ਦੌਰ ਵਿੱਚ ਖੁੱਲ੍ਹੀ ਮੰਡੀ ਦੇ ਆਪਹੁਦਰੇਪਣ ਨੂੰ ਸਰਕਾਰੀ ਸਰਪ੍ਰਸਤੀ ਵਿੱਚ ਲਿਆਉਣ ਲਈ ਕੌਮਾਂਤਰੀ ਅਦਾਰਿਆਂ ਤੋਂ ਲੈ ਕੇ ਮੁਕਾਮੀ ਕਾਰੋਬਾਰੀਆਂ ਦਾ ਵੱਡਾ ਗੱਠਜੋੜ ਹੈ। ਜੇ ਇਸ ਗੱਠਜੋੜ ਨੂੰ ਵਿਆਪਮ ਦਾ ਸਰਕਾਰੀ ਰੂਪ ਮੰਨ ਲਿਆ ਜਾਵੇ ਤਾਂ ਮੱਧ ਪ੍ਰਦੇਸ਼ ਵਾਲੇ ਵਿਆਪਮ ਦੇ ਨਕਸ਼ ਜ਼ਿਆਦਾ ਉਘੜ ਆਉਂਦੇ ਹਨ। ਸਰਕਾਰ ਨੇ ਸਿੱਖਿਆ ਦੇ ਹਰ ਖੇਤਰ ਵਿੱਚ ਪਰਵਾਸੀਆਂ ਅਤੇ ਅਖ਼ਤਿਆਰੀ ਖ਼ਾਤਿਆਂ ਵਿੱਚ ਦਾਖ਼ਲੇ ਵੇਚਣ ਦਾ ਰੁਝਾਨ ਸ਼ੁਰੂ ਕੀਤਾ ਹੈ ਅਤੇ ਵਿਆਪਮ ਦਾ ਇਸ ਨੂੰ ਖੁੱਲ੍ਹੀ ਮੰਡੀ ਵਿੱਚ ਬੋਲੀ ਲਗਾਉਣ ਵਾਲੀ ਖਿੜਕੀ ਹੈ। ਜੇ ਨਵੇਂ ਸਾਮਰਾਜਵਾਦੀ ਦੌਰ ਵਿੱਚ ਦੂਜੇ ਮੁਲਕਾਂ ਵਿੱਚ ਖੁੱਲ੍ਹੀ ਮੰਡੀ ਦੀਆਂ ਨੀਤੀਆਂ ਲਾਗੂ ਕਰਵਾਉਣ ਲਈ ਤਾਨਾਸ਼ਾਹੀ, ਜੰਗ ਅਤੇ ਜਮਹੂਰੀਅਤ ਦਾ ਸਹਾਰਾ ਲਿਆ ਜਾ ਸਕਦਾ ਹੈ ਤਾਂ ਵਿਆਪਮ ਨੂੰ ਬੇਪਰਦ ਕਰਨ ਵਾਲਾ ਇਖ਼ਲਾਕੀ ਨਿਜ਼ਾਮ ਸੜਕ ਹਾਦਸਿਆਂ ਦੀ ਮਾਰ ਵਿੱਚ ਕਿਉਂ ਨਹੀਂ ਆ ਸਕਦਾ? ਕੌਮਾਂਤਰੀ ਪੱਧਰ ਉੱਤੇ ਖੁੱਲ੍ਹੀ ਮੰਡੀ ਦਾ ਵਿਰੋਧ ਕਰਨ ਵਾਲੇ ਅਤਿਵਾਦੀ, ਦੇਸ਼ ਧਰੋਹੀ, ਗ਼ੈਰ-ਜਮਹੂਰੀ ਅਤੇ ਗ਼ੈਰ-ਮਨੁੱਖੀ ਕਰਾਰ ਦਿੱਤੇ ਗਏ ਹਨ। ਉਨ੍ਹਾਂ ਦਾ ਖ਼ੂਨ ਜ਼ਖ਼ਮਾਂ ਰਾਹੀਂ ਵਗਿਆ ਹੈ ਅਤੇ ਥੁੜ੍ਹਾਂ ਰਾਹੀਂ ਸੁੱਕਿਆ ਹੈ। ਵਿਆਪਮ ਉੱਤੇ ਸੁਆਲ ਕਰਨ ਵਾਲਿਆਂ ਨੂੰ ਟੱਕਰੇ ਸੜਕ ਹਾਦਸੇ, ਉਨ੍ਹਾਂ ਦੇ ਮੂੰਹਾਂ ਵਿੱਚੋਂ ਨਿਕਲਦੀ ਜ਼ਹਿਰੀਲੀ ਝੱਗ, ਜਵਾਨ ਉਮਰੇ ਪਏ ਦਿਲ ਦੇ ਦੌਰੇ ਅਤੇ ਫਟੀਆਂ ਦਿਮਾਗ਼ ਦੀਆਂ ਨਸਾਂ ਜਾਂ ਹੱਡਾਂ ਵਿੱਚ ਰਚ ਗਈ ਮਣਾਂਮੂੰਹੀ ਸ਼ਰਾਬ ਮੌਤ ਨੂੰ ਕੁਦਰਤੀ ਨਹੀਂ ਬਣਾ ਦਿੰਦੇ। ਇਹ ਆਵਾਮ ਦੀ ਗ਼ੈਰ-ਮਨੁੱਖੀ ਕਾਨੂੰਨੀ ਘੇਰਾਬੰਦੀ ਖ਼ਿਲਾਫ਼ ਇਖ਼ਲਾਕੀ ਲੜਾਈ ਹੈ। ਇਸ ਲੜਾਈ ਵਿੱਚ ਖ਼ੂਨ ਡਰੋਨਾਂ ਦੀ ਮਾਰ ਨਾਲ ਵਹਿੰਦਾ ਹੈ ਤਾਂ ਨੀਤੀਆਂ ਦੀ ਮਾਰ ਨਾਲ ਸੁੱਕਦਾ ਹੈ।

(ਇਹ ਲੇਖ 8 ਜੁਲਾਈ 2015 ਨੂੰ ਨਵਾਂ ਜ਼ਮਾਨਾ ਅਤੇ ਅਮਰੀਕਾ ਵਿੱਚ ਛਪਦੇ ਪੰਜਾਬ ਟਾਈਮਜ਼ ਦੇ 15 ਜੁਲਾਈ 2015 ਵਾਲੇ ਅੰਕ ਵਿੱਚ ਛਪਿਆ।)

Tuesday, January 27, 2015

ਸੁਆਲ-ਸੰਵਾਦ: ਗ਼ੈਰ-ਹਾਜ਼ਰ ਗਣ ਅਤੇ ਅਗਵਾ ਹੋਇਆ ਗਣਤੰਤਰ

ਦਲਜੀਤ ਅਮੀ

ਗਣਤੰਤਰ ਦਿਵਸ ਸਮਾਗਮ ਵਿੱਚ ਬਰਾਕ ਓਬਾਮਾ ਦੀ ਮੇਜ਼ਬਾਨੀ ਦੇ ਕੀ ਮਾਅਨੇ ਹਨ? ਕਿਸੇ ਮੁਲਕ ਦੇ ਗਣਤੰਤਰ ਦਿਵਸ ਸਮਾਗਮ ਉੱਤੇ ਆਇਆ ਮਹਿਮਾਨ ਮੌਕੇ ਤੋਂ ਵੱਡਾ ਕਿਵੇਂ ਹੋ ਸਕਦਾ ਹੈ? ਜਮਹੂਰੀ ਮੁਲਕ ਦੀ ਸਰਕਾਰ ਦੀ ਨੁਮਾਇੰਦਗੀ ਪ੍ਰਧਾਨ ਮੰਤਰੀ ਤੱਕ ਮਹਿਦੂਦ ਕਿਵੇਂ ਹੋ ਸਕਦੀ ਹੈ? ਅਮਰੀਕਾ ਦਾ ਰਾਸ਼ਟਰਪਤੀ ਇੱਕ ਜਮਹੂਰੀ ਮੁਲਕ ਦਾ ਦੌਰਾ ਵਿਚਾਲੇ ਛੱਡ ਕੇ ਕਿਸੇ ਤਾਨਾਸ਼ਾਹ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋਣ ਕਿਉਂ ਜਾਂਦਾ ਹੈ? ਪ੍ਰਮਾਣੂ ਹਾਦਸਿਆਂ ਦੀ ਜਵਾਬਦੇਹੀ ਤੋਂ ਸਰਕਾਰਾਂ ਅਤੇ ਪ੍ਰਮਾਣੂ-ਕਾਰੋਬਾਰੀ ਸੁਰਖ਼ਰੂ ਕਿਉਂ ਹੋਣੇ ਚਾਹੀਦੇ ਹਨ? ਬੀਮਾ ਕੰਪਨੀਆਂ ਦੀ ਕਾਰਗੁਜ਼ਾਰੀ ਨੂੰ ਨਜ਼ਰਅੰਦਾਜ਼ ਕਰਕੇ ਇਨ੍ਹਾਂ ਨੂੰ ਭਰੋਸੇਯੋਗ ਕਰਾਰ ਦੇਣਾ ਸਰਕਾਰਾਂ ਦੀ ਕੀ ਮਜਬੂਰੀ ਹੈ? ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੀ ਤਕਰੀਰ, ਸਰਕਾਰੀ ਬਿਆਨਾਂ ਅਤੇ ਵਾਅਦਿਆਂ ਤੋਂ ਬਿਨ੍ਹਾਂ 2015 ਦਾ ਗਣਤੰਤਰ ਦਿਵਸ ਇਨ੍ਹਾਂ ਸੁਆਲਾਂ ਦੇ ਹਵਾਲੇ ਨਾਲ ਯਾਦ ਕੀਤਾ ਜਾਵੇਗਾ। 

ਬਰਾਕ ਓਬਾਮਾ ਅਤੇ ਨਰਿੰਦਰ ਮੋਦੀ ਦੀ ਹਰ ਚੇਤ-ਅਚੇਤ ਹਰਕਤ ਬਾਰੇ ਮੀਡੀਆ ਚਰਚਾ ਤੋਂ ਲੈ ਕੇ ਭਾਰਤ-ਅਮਰੀਕਾ ਵਿਚਕਾਰ ਹੋਏ ਸਮਝੌਤਿਆਂ ਅਤੇ ਪਾਕਿਸਤਾਨ ਨੂੰ ਮਾਰੀਆਂ ਘੁਰਕੀਆਂ ਨਾਲ ਗਣਤੰਤਰ ਦਿਵਸ ਦੇ ਜਸ਼ਨ ਮੁਕੰਮਲ ਹੋਏ ਹਨ। ਨਰਿੰਦਰ ਮੋਦੀ ਅਤੇ ਮਿਸ਼ੇਲ ਓਬਾਮਾ ਦਾ ਡਿਜ਼ਾਇਨਰ ਕੱਪੜਿਆਂ ਦਾ ਮੁਕਾਬਲਾ ਦਿਲਚਸਪ ਹੋਣ ਦੇ ਬਾਵਜੂਦ ਜ਼ਿਆਦਾ ਚਰਚਾ ਵਿੱਚ ਨਹੀਂ ਆਇਆ। ਗੁਜਰਾਤ ਦੇ ਮੁੱਖ ਮੰਤਰੀ ਵਜੋਂ ਨਰਿੰਦਰ ਮੋਦੀ ਨੇ 15 ਅਗਸਤ 2013 ਨੂੰ ਲਾਲ ਕਿਲ੍ਹੇ ਤੋਂ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤਕਰੀਰ ਦਾ ਜੁਆਬ ਭੁੱਜ ਦੇ ਲਾਲਨ ਕਾਲਜ ਵਿੱਚ ਹੋਏ ਸਰਕਾਰੀ ਸਮਾਗਮ ਦੌਰਾਨ ਦਿੱਤਾ ਸੀ। ਉਸ ਵੇਲੇ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਸੀ ਕਿ ਮੁਲਕ ਵਾਸੀ ਦਿੱਲੀ ਤੋਂ ਪ੍ਰਧਾਨ ਮੰਤਰੀ ਅਤੇ ਭੁੱਜ ਤੋਂ ਗੁਜਰਾਤ ਦੇ ਮੁੱਖ ਮੰਤਰੀ ਨੂੰ ਸੁਣਨਗੇ। ਕੇਂਦਰ ਸਰਕਾਰ ਦੀ 'ਕਮਜ਼ੋਰ ਵਿਦੇਸ਼ ਨੀਤੀ' ਨੂੰ ਉਸ ਵੇਲੇ ਨਰਿੰਦਰ ਮੋਦੀ ਨੇ ਨਿਸ਼ਾਨਾ ਬਣਾਇਆ ਸੀ। ਹੁਣ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਿਆਂ ਅੱਠ ਮਹੀਨੇ ਹੋ ਗਏ ਹਨ। ਇਸ ਗਣਤੰਤਰ ਦਿਵਸ ਨੂੰ ਨਰਿੰਦਰ ਮੋਦੀ ਦੀ ਵਿਦੇਸ਼ ਨੀਤੀ ਦੀ ਨੁਮਾਇਸ਼ ਵਜੋਂ ਵੇਖਿਆ ਜਾ ਸਕਦਾ ਹੈ। 

ਜੇ ਵਿਦੇਸ਼ ਨੀਤੀ ਦੀ ਪੜਚੋਲ ਦਾ ਹਵਾਲਾ 'ਸਭ ਤੋਂ ਤਾਕਤਵਰ ਮੁਲਕ' ਨਾਲ ਰਿਸ਼ਤੇ ਤੱਕ ਮਹਿਦੂਦ ਕੀਤਾ ਜਾਵੇ ਤਾਂ ਸੁਆਲ ਦਾ ਜੁਆਬ ਮੀਡੀਆ ਦੀ ਪੇਸ਼ਕਾਰੀ ਵਿੱਚੋਂ ਲੱਭਿਆ ਜਾ ਸਕਦਾ ਹੈ। ਵਿਦੇਸ਼ ਨੀਤੀ ਦਾ ਇੱਕ ਪੱਖ ਤਾਂ ਬਿਨ੍ਹਾਂ ਸ਼ੱਕ ਆਲਮੀ ਅਰਥਚਾਰੇ ਨਾਲ ਜੁੜਿਆ ਹੋਇਆ ਹੈ ਪਰ ਇਸ ਦੇ ਅਹਿਮ ਪੱਖ ਆਲਮੀ ਪਾਲਾਬੰਦੀ, ਸੁਰੱਖਿਆ, ਇਨਸਾਫ਼ ਅਤੇ ਜਮਹੂਰੀਅਤ ਨਾਲ ਜੁੜੇ ਹੋਏ ਹਨ। ਮੌਜੂਦਾ ਹਾਲਾਤ ਵਿੱਚ ਅਤਿਵਾਦ ਅਤੇ ਕੌਮਾਂਤਰੀ ਵਪਾਰ ਅਹਿਮ ਮੁੱਦੇ ਹਨ ਜੋ ਤਕਰੀਬਨ ਸਾਰੇ ਮੁਲਕਾਂ ਦੇ ਦੁਵੱਲੇ, ਤਿਕੋਣੇ, ਚੌਕੋਣੇ ਰਿਸ਼ਤਿਆਂ ਅਤੇ ਖੇਤਰੀ ਜਾਂ ਕੌਮਾਂਤਰੀ ਮੰਚਾਂ ਉੱਤੇ ਅਸਰਅੰਦਾਜ਼ ਹੋਏ ਹਨ। ਇਨ੍ਹਾਂ ਹਾਲਾਤ ਵਿੱਚ ਓਬਾਮਾ-ਮੋਦੀ ਨੇੜਤਾ ਕਿਸੇ ਧਿਰ ਦੀ ਪ੍ਰਾਪਤੀ ਹੈ ਜਾਂ ਇਹ ਦੋ ਮੁਲਕਾਂ ਦੀਆਂ ਵਿਦੇਸ਼ ਨੀਤੀਆਂ ਅਤੇ ਸਿਆਸੀ ਸੇਧ ਦਾ ਸਹਿਜ ਮੇਲ ਹੈ?

ਨਰਿੰਦਰ ਮੋਦੀ ਭਾਰਤੀ ਸਿਆਸਤ ਦੇ ਬਹੁ-ਗਿਣਤੀ ਬਨਿਆਦੀਪ੍ਰਸਤ ਖ਼ਾਸੇ ਦੀ ਨੁਮਾਇੰਦਗੀ ਕਰਦੇ ਹਨ ਜੋ ਆਰਥਿਕ ਮੁਹਾਜ ਉੱਤੇ ਖੁੱਲ੍ਹੀ ਮੰਡੀ ਦੀ ਵਕਾਲਤ ਕਰਦਾ ਹੈ। ਇਸ ਬੁਨਿਆਦਪ੍ਰਸਤੀ ਦੇ ਅੰਦਰ ਵੀ ਨਰਿੰਦਰ ਮੋਦੀ ਸ਼ਖ਼ਸ਼ੀਅਤ ਮੁਖੀ ਸਿਆਸਤ ਦੇ ਮੂੰਹਜ਼ੋਰ ਅਲੰਬਰਦਾਰ ਹਨ। ਉਹ ਚੋਣ ਪ੍ਰਚਾਰ ਦੌਰਾਨ ਹਰ ਦਾਅਵਾ 'ਆਪਣੀ ਹਿੱਕ ਦੇ ਨਾਪ' ਨਾਲ ਜੋੜ ਕੇ 'ਮੈਂ' ਦੇ ਹਵਾਲੇ ਨਾਲ ਕਰਦੇ ਹਨ। ਪ੍ਰਚਾਰ ਵਿੱਚ ਭਾਜਪਾ ਅਤੇ ਦੂਜੇ ਆਗੂਆਂ ਦੀ ਥਾਂ ਦੋਇਮ ਦਰਜੇ ਤੱਕ ਮਹਿਦੂਦ ਕਰ ਦਿੱਤੀ ਜਾਂਦੀ ਹੈ। ਭਾਜਪਾ ਦੇ ਅੰਦਰ ਦੂਜੇ ਆਗੂਆਂ ਦੇ ਕੱਦ ਮੋਦੀ ਦੀ ਮਰਜ਼ੀ ਨਾਲ ਘਟਦੇ-ਵਧਦੇ ਹਨ। ਕੁਰਸੀਆਂ ਅਤੇ ਅਹੁਦਿਆਂ ਦੀ ਵੰਡ ਮੋਦੀ ਦੀ ਇੱਛਾ ਮੁਤਾਬਕ ਹੁੰਦੀ ਹੈ। ਕੋਈ ਮੰਤਰੀ-ਸੰਤਰੀ ਮੋਦੀ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਫ਼ੈਸਲਾ ਨਹੀਂ ਕਰ ਸਕਦਾ। ਗ੍ਰਹਿ-ਮੰਤਰੀ ਆਪਣਾ ਸਕੱਤਰ ਆਪਣੀ ਮਰਜ਼ੀ ਨਾਲ ਨਹੀਂ ਲਗਾ ਸਕਦਾ। ਮੰਤਰੀਆਂ ਦੇ ਵਿਦੇਸ਼ ਦੌਰੇ ਪ੍ਰਧਾਨ ਮੰਤਰੀ ਦੇ ਦਫ਼ਤਰ ਰਾਹੀਂ ਪ੍ਰਵਾਨ ਜਾਂ ਰੱਦ ਕੀਤੇ ਜਾਂਦੇ ਹਨ। ਓਬਾਮਾ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਤੋਂ ਬਿਨ੍ਹਾਂ ਬਾਕੀ ਮੰਤਰੀਆਂ ਦੀ ਹੋਂਦ ਰਸਮੀ ਤੋਂ ਬੌਣੀ ਹੋ ਜਾਂਦੀ ਹੈ। ਆਖ਼ਰ ਪ੍ਰਧਾਨ ਮੰਤਰੀ ਦਾ ਬਿਆਨ ਆ ਗਿਆ ਕਿ ਉਹ ਅਮਰੀਕਾ ਨਾਲ ਹੋਏ ਅਹਿਮ ਸਮਝੌਤਿਆਂ ਦੀ ਆਪ ਨਿਗਰਾਨੀ ਕਰਨਗੇ। ਬਾਕੀ ਮੰਤਰੀਆਂ ਨੇ ਕੀ ਕਰਨਾ ਹੈ?

ਦੂਜੇ ਪਾਸੇ ਬਰਾਕ ਓਬਾਮਾ ਹਨ ਜੋ ਅਮਰੀਕੀ ਵਿਦੇਸ਼ ਨੀਤੀ ਦੀ ਲਗਾਤਾਰਤਾ ਦੇ ਅਲੰਬਰਦਾਰ ਹਨ। ਇਸ ਨੀਤੀ ਦਾ ਟੀਚਾ ਸਾਫ਼ ਹੈ ਕਿ ਜੋ 'ਸਾਡੇ ਨਾਲ ਨਹੀਂ ਹੈ ਉਹ ਸਾਡੇ ਖ਼ਿਲਾਫ਼ ਹੈ।' ਅਮਰੀਕਾ ਦੀਆਂ ਜੰਗੀ ਮੁਹਿੰਮਾਂ ਪੂਰੀ ਦੁਨੀਆਂ ਵਿੱਚ ਫੈਲੀਆਂ ਹੋਈਆਂ ਹਨ। ਪੂਰੀ ਦੁਨੀਆਂ ਨੂੰ ਆਪਣੀ ਫ਼ੌਜੀ ਤਾਕਤ ਦੇ ਘੇਰੇ ਵਿੱਚ ਲਿਆਉਣਾ ਉਨ੍ਹਾਂ ਦਾ ਮਕਸਦ ਹੈ। ਭਾਰਤ ਨੂੰ ਫ਼ੌਜੀ ਟਿਕਾਣਾ ਜਾਂ ਲੋੜ ਮੁਤਾਬਕ ਅੱਡਾ ਬਣਾਉਣਾ ਅਮਰੀਕੀ ਵਿਦੇਸ਼ ਨੀਤੀ ਦਾ ਚਿਰਕਾਲੀ ਟੀਚਾ ਹੈ। ਇਸ ਟੀਚੇ ਨਾਲ ਰਾਹੀਂ ਉਹ ਏਸ਼ੀਆਈ ਖ਼ਿੱਤੇ ਵਿੱਚ ਆਪਣੇ ਰਵਾਇਤੀਆਂ ਦੋਸਤਾਂ ਦੀਆਂ ਨਰਾਜ਼ਗੀਆਂ ਬਰਦਾਸ਼ਤ ਕਰਨ ਅਤੇ ਗ਼ਲਬਾ ਕਾਇਮ ਕਰਨ ਵਾਲੀ ਹਾਲਤ ਵਿੱਚ ਆ ਜਾਵੇਗਾ। ਭਾਰਤ ਨਾਲ ਵਪਾਰ ਅਤੇ ਫ਼ੌਜੀ ਸਮਝੌਤਿਆਂ ਨਾਲ ਚੀਨ ਨੂੰ ਸੁਨੇਹਾ ਦੇਣ ਅਤੇ ਪਾਕਿਸਤਾਨ ਨੂੰ ਘੂਰਕੀ ਮਾਰਨ ਦਾ ਕੰਮ ਸਹਿਜ ਹੋ ਜਾਂਦਾ ਹੈ। ਪ੍ਰਮਾਣੂ ਸਮਝੌਤਿਆਂ ਰਾਹੀਂ ਜਪਾਨ ਨਾਲ ਭਾਰਤ ਦੇ ਵਪਾਰ ਦੀਆਂ ਸੰਭਾਵਨਾਵਾਂ ਵਧਦੀਆਂ ਹਨ। ਇਸ ਤਰ੍ਹਾਂ ਚੀਨ-ਜਪਾਨ ਰਿਸ਼ਤਿਆਂ ਵਿੱਚ ਭਾਰਤ ਦੇ ਜਪਾਨ ਵੱਲ ਝੁਕਣ ਦੀ ਸੰਭਾਵਨਾ ਵਧ ਜਾਂਦੀ ਹੈ। ਭਾਰਤ ਅਤੇ ਜਪਾਨ ਰਾਹੀਂ ਅਮਰੀਕਾ ਆਪਣੇ ਪੁਰਾਣੇ ਸ਼ਰੀਕ ਰੂਸ ਦੀ ਵਿੱਤੀ ਘੇਰਾਬੰਦੀ ਕਰਦਾ ਜਾਪਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕਾਉਂਸਿਲ ਵਿੱਚ ਭਾਰਤ ਦੀ ਪੱਕੀ ਨੁਮਾਇੰਦਗੀ ਹਾਸਲ ਕਰਨ ਵਿੱਚ ਮਦਦ ਕਰਨ ਦਾ ਬਿਆਨ ਦਿੱਤਾ ਹੈ। ਇਹ ਬਿਆਨ ਪਹਿਲਾਂ ਵੀ ਕਈ ਵਾਰ ਦਿੱਤਾ ਜਾ ਚੁੱਕਿਆ ਹੈ ਪਰ ਸ਼ਰਤ ਅਮਰੀਕਾ ਨਾਲ ਨਾਟੋ ਦੀ ਤਰਜ਼ ਦੀ ਦੋਸਤੀ ਹੋਵੇਗੀ। ਜਿਵੇਂ ਮੋਦੀ ਭਾਰਤ ਅੰਦਰ ਸਭ ਕੁਝ ਆਪਣੇ ਮਰਜ਼ੀ ਦੇ ਘੇਰੇ ਵਿੱਚ ਲਿਆਉਣਾ ਚਾਹੁੰਦਾ ਹੈ ਉਸੇ ਤਰ੍ਹਾਂ ਬਰਾਕ ਓਬਾਮਾ ਪੂਰੀ ਦੁਨੀਆਂ ਉੱਤੇ ਆਪਣਾ ਗ਼ਲਬਾ ਕਾਇਮ ਕਰਨਾ ਚਾਹੁੰਦਾ ਹੈ। ਅਮਰੀਕੀ ਗ਼ਲਬੇ ਦੇ ਅੰਦਰ-ਅੰਦਰ ਭਾਰਤ ਲਈ ਕਾਫ਼ੀ ਥਾਂ ਹੈ। ਇਸੇ ਥਾਂ ਕਾਰਨ ਮੋਦੀ-ਓਬਾਮਾ ਦੋਸਤੀ ਇਨ੍ਹਾਂ ਦੀ ਅਣਸਰਦੀ ਲੋੜ ਵਿੱਚੋਂ ਨਿਕਲੀ ਹੈ।

ਪ੍ਰਮਾਣੂ ਊਰਜਾ ਦੇ ਮਾਮਲੇ ਵਿੱਚ ਭਾਰਤ ਦਾ ਅਮਰੀਕਾ ਨਾਲ ਸਮਝੌਤਾ 2008 ਵਿੱਚ ਹੋ ਗਿਆ ਸੀ ਪਰ ਵਪਾਰ ਨਹੀਂ ਹੋ ਸਕਿਆ। ਭਾਰਤ ਦੀ ਸੁਆਲ ਰਿਹਾ ਹੈ ਕਿ ਪ੍ਰਮਾਣੂ ਹਾਦਸੇ ਦੀ ਹਾਲਤ ਵਿੱਚ ਜਵਾਬਦੇਹੀ ਕਿਸ ਦੀ ਹੋਵੇਗੀ। ਇਸ ਮਾਮਲੇ ਵਿੱਚ ਫਰਾਂਸ ਅਤੇ ਰੂਸ ਦੀਆਂ ਸਰਕਾਰਾਂ ਨੇ ਜ਼ਿੰਮੇਵਾਰੀ ਓਟ ਲਈ ਹੈ ਕਿਉਂਕਿ ਉਨ੍ਹਾਂ ਦੀਆਂ ਪ੍ਰਮਾਣੂ ਕੰਪਨੀਆਂ ਸਰਕਾਰੀ ਹਨ। ਅਮਰੀਕਾ ਦੀਆਂ ਨਿੱਜੀ ਕੰਪਨੀਆਂ ਇਸ ਤਰ੍ਹਾਂ ਦੀ ਕੋਈ ਸ਼ਰਤ ਮੰਨਣ ਨੂੰ ਤਿਆਰ ਨਹੀਂ ਅਤੇ ਸਰਕਾਰ ਉਨ੍ਹਾਂ ਦੀ ਜ਼ਾਮਨੀ ਭਰਨ ਤੋਂ ਮੁਨਕਰ ਹੈ। ਸੰਨ 1984 ਵਿੱਚ ਅਮਰੀਕਾ ਦੀ ਕੰਪਨੀ ਯੂਨੀਅਨ ਕਾਰਵਾਇਡ ਭੂਪਾਲ ਵਿੱਚ ਗੈਸ ਹਾਦਸੇ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਤੋਂ ਭੱਜ ਚੁੱਕੀ ਹੈ। ਭੂਪਾਲ ਵਿੱਚ ਪਿਆ ਰਸਾਇਣਕ ਕੱਚਰਾ ਜਿਉਂ ਦਾ ਤਿਉਂ ਪਿਆ ਹੈ ਅਤੇ ਉਸ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਜਾਪਦਾ ਇਹ ਹੈ ਕਿ ਮੋਦੀ-ਬਰਾਕ ਸਰਕਾਰਾਂ ਨੇ ਬੀਮਾ ਕੰਪਨੀਆਂ ਰਾਹੀਂ ਇਹ ਜ਼ਿੰਮੇਵਾਰੀ ਤੀਜੀ ਧਿਰ ਉੱਤੇ ਪਾ ਦੇਣੀ ਹੈ। ਬੀਮਾ ਕੰਪਨੀਆਂ ਦੀ ਕਾਰਗੁਜ਼ਾਰੀ ਬਾਰੇ ਅਮਰੀਕਾ ਦੇ ਵਿਦਵਾਨਾਂ ਨੇ ਬਹੁਤ ਸਾਰੀਆਂ ਤਫ਼ਸੀਲਾਂ ਪੇਸ਼ ਕੀਤੀਆਂ ਹੋਈਆਂ ਹਨ। ਮਾਈਕਲ ਮੂਰ ਨੇ ਸਿਹਤ ਮੁੱਦਿਆਂ ਉੱਤੇ ਬਣਾਈ ਆਪਣੀ ਫ਼ਿਲਮ ਵਿੱਚ ਤਫ਼ਸੀਲ ਦਿੱਤੀ ਹੈ ਕਿ ਕਿਸ ਤਰ੍ਹਾਂ ਬੀਮਾ ਕੰਪਨੀਆਂ ਦੀ ਮਹਾਰਤ ਦਾਅਵੇਦਾਰੀਆਂ ਨੂੰ ਰੱਦ ਕਰਨ ਵਿੱਚ ਹੈ। ਭਾਰਤ ਵਿੱਚ ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ ਉੱਤੇ ਇਹ ਜ਼ਿੰਮੇਵਾਰੀ ਪਾਈ ਜਾਣ ਦੀ ਸੰਭਾਵਨਾ ਹੈ। ਕੀ ਖੁੱਲ੍ਹੀ ਮੰਡੀ ਦੇ ਅਲੰਬਰਦਾਰ (ਡਾ. ਮਨਮੋਹਨ ਸਿੰਘ ਤੋਂ ਅਰੁਣ ਜੇਤਲੀ) ਇਨ੍ਹਾਂ ਦੀ 'ਮਾੜੀ ਕਾਰਗੁਜ਼ਾਰੀ' ਦੀ ਤਸਦੀਕ ਨਹੀਂ ਕਰਨਗੇ? ਜਨਤਕ ਬੀਮਾ ਕੰਪਨੀਆਂ ਨੂੰ ਮੁਨਾਫ਼ੇ ਵਾਲੇ ਖੇਤਰ ਵਿੱਚ ਮੁਕਾਬਲੇ ਦੇ ਨਾਮ ਉੱਤੇ ਬਾਹਰ ਕੀਤਾ ਜਾ ਰਿਹਾ ਹੈ ਅਤੇ ਜ਼ਿੰਮੇਵਾਰੀਆਂ ਦੇ ਨਾਮ ਉੱਤੇ ਘਾਟੇ ਵਾਲੇ ਖੇਤਰਾਂ ਵਿੱਚ ਲਿਆਂਦਾ ਜਾ ਰਿਹਾ ਹੈ। 

ਪ੍ਰਮਾਣੂ ਊਰਜਾ ਦੇ ਮੁੱਦਿਆਂ ਉੱਤੇ ਕੀ ਸਮਝੌਤਾ ਹੋਇਆ ਹੈ? ਇਸ ਦੀਆਂ ਤਫ਼ਸੀਲਾਂ ਤਾਂ ਹਾਲੇ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਉਣਗੀਆਂ ਪਰ ਪ੍ਰਮਾਣੂ ਊਰਜਾ ਦੇ ਖ਼ਦਸ਼ਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਫਰਾਂਸ ਅਤੇ ਜਰਮਨੀ ਵਰਗੇ ਪ੍ਰਮਾਣੂ ਊਰਜਾ ਪੈਦਾ ਕਰਨ ਵਾਲੇ ਮੁਲਕ ਅਗਲੇ ਸਾਲਾਂ ਵਿੱਚ ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਕਟੌਤੀਆਂ ਕਰਨ ਵਾਲੇ ਹਨ। ਉਹ ਊਰਜਾ ਦੇ ਮਾਮਲੇ ਵਿੱਚ ਨਵਿਆਉਣਯੋਗ ਅਤੇ ਜ਼ਿਆਦਾ ਸੁਰੱਖਿਅਤ ਊਰਜਾ ਨੂੰ ਤਰਜੀਹ ਦੇਣ ਵਾਲੇ ਹਨ। ਦੂਜੇ ਪਾਸੇ ਭਾਰਤ ਵਰਗਾ ਮੁਲਕ ਪ੍ਰਮਾਣੂ ਊਰਜਾ ਦੇ ਮਹਿੰਗੇ ਅਤੇ ਖ਼ਦਸ਼ਿਆਂ ਭਰਪੂਰ ਰਾਹ ਦੀ ਚੋਣ ਕਰ ਰਿਹਾ ਹੈ। ਇਸ ਮੌਕੇ ਉੱਤੇ ਕਿਸੇ ਅਖ਼ਬਾਰ ਜਾਂ ਟੈਲੀਵਿਜ਼ਨ ਨੇ ਚਰਨੋਵਿਲ, ਫੂਕੋਸ਼ੀਮਾ ਜਾਂ ਜਾਦੂਗੌੜਾ ਦੀਆਂ ਕਹਾਣੀਆਂ ਚੇਤੇ ਕਰਵਾਉਣ ਦਾ ਉਪਰਾਲਾ ਨਹੀਂ ਕੀਤਾ।

ਇਨ੍ਹਾਂ ਹਾਲਾਤ ਵਿੱਚ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੀ ਗਣਤੰਤਰ ਦਿਵਸ ਵਾਲੀ ਤਕਰੀਰ ਦੇ ਕੀ ਮਾਅਨੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਹੈ, "ਭਾਰਤੀ ਸਿਆਣਪ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਏਕੇ ਵਿੱਚ ਤਾਕਤ ਹੈ ਅਤੇ ਗ਼ਲਬਾ ਕਮਜ਼ੋਰੀ ਹੈ।" ਇਸੇ ਗਣਤੰਤਰ ਦਿਵਸ ਉੱਤੇ ਮੋਦੀ-ਓਬਾਮਾ ਆਪਣੇ ਗ਼ਲਬੇ ਦਾ ਰਾਹ ਪੱਧਰਾ ਕਰ ਰਹੇ ਹਨ। ਇਸੇ ਤਕਰੀਰ ਵਿੱਚ ਕਿਹਾ ਗਿਆ ਹੈ ਕਿ ਆਰਡੀਨੈਂਸ ਰਾਹੀਂ ਕਾਨੂੰਨ ਬਣਾਉਣ ਦਾ ਰੁਝਾਨ ਗ਼ਲਤ ਹੈ, "ਇਸ ਨਾਲ ਲੋਕਾਂ ਦੁਆਰਾ ਸਰਕਾਰ ਉੱਤੇ ਕੀਤੇ ਯਕੀਨ ਨੂੰ ਖੋਰਾ ਲੱਗਦਾ ਹੈ। ਇਹ ਨਾ ਤਾਂ ਜਮਹੂਰੀਅਤ ਲਈ ਸਿਹਤਮੰਦ ਹੈ ਅਤੇ ਨਾ ਹੀ ਇਨ੍ਹਾਂ ਕਾਨੂੰਨਾਂ ਨਾਲ ਜੁੜੀਆਂ ਨੀਤੀਆਂ ਲਈ ਠੀਕ ਹੈ।" ਮੋਦੀ-ਬਰਾਕ ਮੁਲਾਕਾਤਾਂ ਵਿੱਚ ਤਾਂ ਗੱਲ ਹੋਰ ਵੀ ਅੱਗੇ ਲੰਘ ਗਈ ਹੈ। ਇਸ ਮੌਕੇ ਤਾਂ ਮੋਦੀ ਨੇ ਆਪਣੇ ਵਜ਼ੀਰਾਂ ਨਾਲ ਵੀ ਸਲਾਹ-ਮਸ਼ਵਰਾ ਨਹੀਂ ਕੀਤਾ। ਮੋਦੀ ਸਰਕਾਰ ਵੱਲੋਂ ਆਰਡੀਨੈਂਸਾਂ ਦੇ ਅਪਣਾਏ ਰਾਹ ਦੀ ਮੰਤਰੀ-ਮੰਡਲ ਵਿੱਚ ਆਲੋਚਨਾ ਦੀਆਂ ਖ਼ਬਰਾਂ ਆਈਆਂ ਸਨ ਪਰ ਕੋਈ ਪੁਖ਼ਤਾ ਆਵਾਜ਼ ਹਾਲੇ ਤੱਕ ਸੁਣਾਈ ਨਹੀਂ ਦਿੱਤੀ। ਬਰਾਕ ਓਬਾਮਾ ਦੇ ਦੌਰੇ ਦੌਰਾਨ ਰਸਮੀ ਮੌਕਿਆਂ ਉੱਤੇ ਹਾਜ਼ਰੀ ਤੋਂ ਬਿਨ੍ਹਾਂ ਇਹ ਪਤਾ ਤੱਕ ਨਹੀਂ ਲੱਗਿਆ ਕਿ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਹਨ। 

ਹੁਣ ਤੱਕ 15 ਅਗਸਤ ਅਤੇ 26 ਜਨਵਰੀ ਉੱਤੇ ਪ੍ਰਾਪਤੀਆਂ ਅਤੇ ਚਣੌਤੀਆਂ ਚਰਚਾ ਦਾ ਵਿਸ਼ਾ ਬਣਦੀਆਂ ਰਹੀਆਂ ਹਨ। ਇਸ ਵਾਰ ਆਵਾਮ ਨੂੰ ਦਰਪੇਸ਼ ਚਣੌਤੀਆਂ ਦਾ ਰਸਮੀ ਜ਼ਿਕਰ ਰਾਸ਼ਟਰਪਤੀ ਪ੍ਰਣਾਬ ਮੁਖ਼ਰਜੀ ਦੀ ਤਕਰੀਰ ਵਿੱਚ ਹੋਇਆ ਪਰ ਇਹ ਕਿਸੇ ਚਰਚਾ ਦਾ ਵਿਸ਼ਾ ਨਹੀਂ ਬਣੀਆਂ। ਰਾਸ਼ਟਰਪਤੀ ਦੀ ਤਕਰੀਰ ਨਾਲ ਦਲੀਲਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਥੌਮਸ ਜੈਫ਼ਰਸਨ ਅਤੇ ਸਾਬਕਾ ਅਮਰੀਕੀ ਉਪ-ਰਾਸ਼ਟਰਪਤੀ ਬੈਂਜਾਮਿਨ ਫਰੈਂਕਲਿਨ ਦੀਆਂ ਤੁਕਾਂ ਨਾਲ ਦਿੱਤੀਆਂ ਗਈਆਂ। ਇਨ੍ਹਾਂ ਤੋਂ ਇਲਾਵਾ ਇੱਕ ਤੁਕ ਮਹਾਤਮਾ ਗਾਂਧੀ ਦੀ ਦਿੱਤੀ ਗਈ। ਸੰਵਿਧਾਨ ਦੇ ਹਵਾਲੇ ਨਾਲ ਰਾਸ਼ਟਰਪਤੀ ਨੇ ਕਿਹਾ, "ਇਸ ਦੀ ਬੁਨਿਆਦ ਚਾਰ ਅਸੂਲਾਂ ਉੱਤੇ ਟਿਕੀ ਹੋਈ ਹੈ: ਜਮਹੂਰੀਅਤ, ਧਰਮ ਦੀ ਆਜ਼ਾਦੀ, ਲਿੰਗ ਦੀ ਬਰਾਬਰੀ ਅਤੇ ਗ਼ੁਰਬਤ ਦੀ ਘੁੰਮਣਘੇਰੀ ਵਿੱਚ ਫਸੇ ਲੋਕਾਂ ਦੀ ਬੰਦਖਲਾਸੀ। ਇਹ ਸੰਵਿਧਾਨ ਰਾਹੀਂ ਓਟੀਆਂ ਗਈਆਂ ਅਹਿਮ ਜ਼ਿੰਮੇਵਾਰੀਆਂ ਸਨ।" ਇਸ ਤੋਂ ਬਾਅਦ ਉਨ੍ਹਾਂ ਨੇ ਮੁਲਕ ਦੀਆਂ ਸਰਕਾਰਾਂ ਨੂੰ ਗਾਂਧੀ ਦੀ ਇਹ ਤੁਕ ਚਿਤਾਰੀ ਹੈ, "ਜਦੋਂ ਕਿਸੇ ਸ਼ੱਕ ਵਿੱਚ ਹੋਵੋਂ … ਆਪਣੀ ਯਾਦ ਵਿੱਚ ਦਰਜ ਸਭ ਤੋਂ ਗ਼ਰੀਬ ਅਤੇ ਕਮਜ਼ੋਰ ਮਨੁੱਖ ਨੂੰ ਯਾਦ ਕਰੋ ਅਤੇ ਆਪਣੇ-ਆਪ ਨੂੰ ਸੁਆਲ ਪੁੱਛੋ … ਕੀ ਇਸ ਨਾਲ ਸਵਰਾਜ ਉਨ੍ਹਾਂ ਤੱਕ ਪਹੁੰਚੇਗਾ ਜਿਨ੍ਹਾਂ ਦਾ ਢਿੱਡ ਅਤੇ ਆਤਮਾ ਭੁੱਖ ਦੀ ਸ਼ਿਕਾਰ ਹੈ।" 

ਇਹ ਤਕਰੀਬਨ ਸਰਬਪ੍ਰਵਾਨਤ ਤੱਥ ਹਨ ਕਿ ਇਸ ਵੇਲੇ ਸਾਡੇ ਮੁਲਕ ਵਿੱਚ ਆਰਥਿਕ ਪਾੜਾ ਵਧ ਰਿਹਾ ਹੈ। ਸਰਮਾਇਆ ਕੁਝ ਪਰਿਵਾਰਾਂ ਤੱਕ ਸਿਮਟ ਰਿਹਾ ਹੈ। ਧਨ-ਕੁਬੇਰਾਂ ਦੀ ਗਿਣਤੀ ਵਧ ਰਹੀ ਹੈ। ਕੁਣਬਾਪ੍ਰਸਤੀ ਦਾ ਰੁਝਾਨ ਸਿਆਸਤ ਉੱਤੇ ਭਾਰੂ ਹੋ ਗਿਆ ਹੈ। ਫਿਰਕਾਪ੍ਰਸਤੀ ਦੇ ਦੰਦ ਤਿੱਖੇ ਹੋ ਰਹੇ ਹਨ। ਰਾਸ਼ਟਰਪਤੀ ਦੀ ਤਕਰੀਰ ਦਾ ਇਹ ਰਸਮੀ ਹਿੱਸਾ ਵੀ ਪਦਮ ਵਿਭੂਸ਼ਨ ਅਤੇ ਪਦਮ ਭੂਸ਼ਨ ਦੀ ਫਹਿਰਿਸਤ ਨਾਲ ਛਿੱਥਾ ਪੈ ਜਾਂਦਾ ਹੈ। ਤਿੰਨ ਨਾਮ ਅਹਿਮ ਹਨ; ਲਾਲ ਕ੍ਰਿਸ਼ਨ ਅਡਵਾਨੀ, ਪ੍ਰਕਾਸ਼ ਸਿੰਘ ਬਾਦਲ (ਪਦਮ ਵਿਭੂਸ਼ਨ) ਅਤੇ ਵਿਲ ਤੇ ਮੀਲਿੰਦਾ ਗੇਟਸ (ਪਦਮ ਭੂਸ਼ਨ)। ਲਾਲ ਕ੍ਰਿਸ਼ਨ ਅਡਵਾਨੀ ਬੁਨਿਆਦਪ੍ਰਸਤੀ ਦੇ ਅਗਵਾਨ ਹਨ ਅਤੇ ਉਨ੍ਹਾਂ ਦੀ ਸੋਚ ਨੂੰ ਹਮਲਾਵਰ ਢੰਗ ਨਾਲ ਅੱਗੇ ਤੋਰਨ ਵਾਲੇ ਇਸ ਵੇਲੇ ਸਰਕਾਰ ਚਲਾ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਕੁਣਬਾਪ੍ਰਸਤੀ ਦੇ ਨੁਮਾਇੰਦੇ ਹਨ। ਗੇਟਸ ਜੋੜਾ ਕਾਣੀ ਵੰਡ ਵਾਲੇ ਆਲਮੀ ਨਿਜ਼ਾਮ ਦੀ ਨੁਮਾਇੰਦਗੀ ਕਰਦਾ ਹੈ। ਇਹ ਜਾਣਕਾਰੀ ਅਤੇ ਤਕਨਾਲੋਜੀ ਦੇ ਹਰ ਪੱਖ ਨੂੰ ਸਰਮਾਏ ਵਿੱਚ ਤਬਦੀਲ ਕਰਨ ਦੇ ਅਲੰਬਰਦਾਰ ਹਨ ਅਤੇ ਇਸ ਤਰ੍ਹਾਂ ਕੀਤੀ ਕਮਾਈ ਵਿੱਚੋਂ ਨਿਗੂਣਾ ਜਿਹਾ ਹਿੱਸਾ (ਜੋ ਰਕਮ ਪੱਖੋਂ ਵੱਡਾ ਹੁੰਦਾ ਹੈ।) ਪਰਉਪਕਾਰੀ ਕੰਮਾਂ ਉੱਤੇ ਲਗਾਉਂਦਾ ਹੈ। ਉਨ੍ਹਾਂ ਲਈ ਦੁਨੀਆਂ ਖਪਤਕਾਰ ਹੈ ਜਾਂ ਉਨ੍ਹਾਂ ਦੇ ਪਰਉਪਕਾਰ ਉੱਤੇ ਟਿਕੀ ਹੋਈ ਹੈ। ਵਿਲ ਗੇਟਸ ਕਈ ਸਾਲਾਂ ਤੋਂ ਦੁਨੀਆਂ ਦੇ ਚੋਟੀ ਦੇ ਧਨ-ਕੁਬੇਰਾਂ ਵਿੱਚ ਸ਼ੁਮਾਰ ਹੈ ਅਤੇ ਕੰਪਿਊਟਰ ਦੇ ਖੇਤਰ ਵਿੱਚ 'ਗਿਆਨ ਲੋਕਾਂ ਰਾਹੀਂ ਲੋਕਾਂ ਲਈ' (ਓਪਨ ਸੋਰਸ) ਦੀ ਧਾਰਨਾ ਦਾ ਲਗਾਤਾਰ ਵਿਰੋਧ ਕਰਦਾ ਹੈ।

ਗਣਤੰਤਰ ਦਿਵਸ ਉੱਤੇ ਗਣ ਹਰ ਪੱਖੋਂ ਗ਼ੈਰ-ਹਾਜ਼ਰ ਰਿਹਾ ਹੈ ਅਤੇ ਤੰਤਰ ਅਮਰੀਕੀ ਤਰਜ਼ ਵਿੱਚ ਪ੍ਰਾਪਤੀਆਂ ਪੇਸ਼ ਕਰ ਰਿਹਾ ਹੈ। ਇਨ੍ਹਾਂ ਹਾਲਾਤ ਵਿੱਚ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੀ ਤਕਰੀਰ ਵਿੱਚ ਆਈ ਬੈਂਜਾਮਿਨ ਫਰੈਕਲਿਨ ਦੀ ਤੁਕ ਅਹਿਮ ਹੋ ਜਾਂਦੀ ਹੈ, "ਜਿੰਨੀ ਦੇਰ ਬੇਇਨਸਾਫ਼ੀ ਦੇ ਘੇਰੇ ਤੋਂ ਬਾਹਰਲਾ ਤਬਕਾ ਬੇਇਨਸਾਫ਼ ਦਾ ਸ਼ਿਕਾਰ ਤਬਕੇ ਨਾਲ ਰਲ ਕੇ ਆਵਾਜ਼ ਬੁਲੰਦ ਨਹੀਂ ਕਰਦਾ ਓਨੀ ਦੇਰ ਤੱਕ ਇਨਸਾਫ਼ ਨਹੀਂ ਹੋ ਸਕਦਾ।" ਇਸ ਲਿਹਾਜ ਨਾਲ ਤਾਂ ਗਣਤੰਤਰ ਦਿਵਸ ਆਵਾਮ ਨੂੰ ਦਰਪੇਸ਼ ਹਰ ਮਸਲਾ ਨਜ਼ਰਅੰਦਾਜ਼ ਕਰ ਗਿਆ ਹੈ। ਕੀ ਗਣਤੰਤਰ ਦਿਵਸ ਨੂੰ ਅਗਵਾ ਕਰ ਲਿਆ ਗਿਆ ਹੈ?

(ਇਹ ਲੇਖ 28 ਜਨਵਰੀ 2015 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ)

Thursday, September 12, 2013

ਸੀਰੀਆ ਵਿੱਚ ਅਲ-ਕਾਇਦਾ ਦੇ ਰਸਾਲੇ ਅਤੇ ਅਮਰੀਕੀ ਬੰਬਾਜ਼

ਦਲਜੀਤ ਅਮੀ


ਅਮਰੀਕਾ ਇਸ ਵੇਲੇ ਸੀਰੀਆ ਉੱਤੇ ਹਮਲੇ ਲਈ ਵਿਉਂਤਬੰਦੀ ਕਰ ਰਿਹਾ ਹੈ। ਇੰਗਲੈਂਡ ਵਿੱਚ ਇਹ ਤਜਵੀਜ਼ ਹੁਕਮਰਾਨ ਪਾਰਟੀ ਦੇ ਆਗੂਆਂ ਦੀ ਰਾਏ ਦੇ ਉਲਟ ਨਾਮਨਜ਼ੂਰ ਹੋ ਗਈ ਹੈ। ਜਰਮਨ ਨੇ ਲੜਾਈ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰ ਦਿੱਤਾ ਹੈ। ਫਰਾਂਸ ਹਮਲੇ ਲਈ ਤਿਆਰ ਹੈ। ਅਮਰੀਕਾ ਵਿੱਚ ਹਵਾਈ ਹਮਲਾ ਕਰਨ ਦੀ ਤਜਵੀਜ਼ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਪੂਰੀ ਦੁਨੀਆਂ ਦੇ ਅਮਨਪਸੰਦ ਲੋਕ ਇਸ ਤਜਵੀਜ਼ ਦਾ ਵਿਰੋਧ ਕਰ ਰਹੇ ਹਨ। ਕੁਝ ਅਮਰੀਕੀ ਜਥੇਬੰਦੀਆਂ ਸੀਰੀਆ ਵਿੱਚ ਆਪਣੇ ਕਾਰਕੁਨ ਭੇਜਣ ਦੀ ਤਜਵੀਜ਼ ਬਣਾ ਰਹੀਆਂ ਹਨ ਤਾਂ ਜੋ ਇਨ੍ਹਾਂ ਰਾਹੀਂ ਅਮਰੀਕਾ ਉੱਤੇ ਹਮਲਾ ਨਾ ਕਰਨ ਲਈ ਦਬਾਅ ਪਾਇਆ ਜਾਵੇ। ਅਮਰੀਕਾ ਆਖ਼ਰ ਸੀਰੀਆ ਉੱਤੇ ਹਮਲਾ ਕਰਨ ਲਈ ਇੰਨਾ ਕਾਹਲਾ ਕਿਉਂ ਹੈ? ਫੌਰੀ ਦਲੀਲ ਤਾਂ ਇਹੋ ਦਿੱਤੀ ਜਾ ਰਹੀ ਹੈ ਕਿ ਸੀਰੀਆ ਦੀ ਸਰਕਾਰ ਨੇ ਬਾਗ਼ੀਆਂ ਖ਼ਿਲਾਫ਼ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਹੈ। ਇਨ੍ਹਾਂ ਰਸਾਇਣਕ ਹਥਿਆਰਾਂ ਦੀ ਵਰਤੋਂ ਨੂੰ ਰੋਕਣ ਲਈ ਸੀਰੀਆ ਦੇ ਮਿੱਥੇ ਟਿਕਾਣਿਆਂ ਉੱਤੇ ਹਮਲੇ ਕਰਨ ਦੀ ਲੋੜ ਅਮਰੀਕਾ ਨੂੰ ਆ ਪਈ ਹੈ। ਇਸ ਦਲੀਲ ਅੰਦਰ ਥੋਥ ਜਾਪਦੀ ਹੈ। ਰਸਾਇਣਕ ਹਥਿਆਰਾਂ ਦੀ ਵਰਤੋਂ ਰੋਕਣ ਲਈ ਹੋਰ ਭਿਆਨਕ ਹਥਿਆਰਾਂ ਦੀ ਵਰਤੋਂ ਕਰਨ ਨਾਲ ਨਤੀਜਾ ਕੀ ਨਿਕਲੇਗਾ? ਹਥਿਆਰਾਂ ਦੀ ਵਰਤੋਂ ਤਾਂ ਬੰਦੇ ਮਾਰਦੀ ਹੈ। ਉਹ ਰਸਾਇਣਕ ਹਥਿਆਰ ਨਾਲ ਵੀ ਮਰਦੇ ਹਨ ਅਤੇ ਬਾਰੂਦੀ ਬੰਬਾਂ ਨਾਲ ਵੀ। ਸੀਰੀਆ ਦਾ ਬੰਦੇ ਮਾਰਨਾ ਨਾਜਾਇਜ਼ ਅਤੇ ਅਮਰੀਕਾ ਦਾ ਬੰਦੇ ਮਾਰਨਾ ਜਾਇਜ਼ ਕਿਵੇਂ ਹੋਇਆ? ਇਹ ਸਵਾਲ ਵੱਖਰਾ ਹੈ ਕਿ ਰਸਾਇਣਕ ਹਥਿਆਰਾਂ ਦੀ ਵਰਤੋਂ ਸੀਰੀਆ ਸਰਕਾਰ ਨੇ ਕੀਤੀ ਹੈ ਜਾਂ ਬਾਗ਼ੀਆਂ ਨੇ। ਸੰਯੁਕਤ ਰਾਸ਼ਟਰ ਦੀ ਮੁੱਢਲੀ ਜਾਂਚ ਵਿੱਚ ਇਨ੍ਹਾਂ ਹਥਿਆਰਾਂ ਦੀ ਵਰਤੋਂ ਦਾ ਇਸ਼ਾਰਾ ਬਾਗ਼ੀਆਂ ਵੱਲ ਹੋਇਆ ਸੀ। ਇੰਗਲੈਂਡ ਕਬੂਲ ਵੀ ਕਰ ਚੁੱਕਿਆ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਬਣਾਉਣ ਲਈ ਲੋੜੀਂਦਾ ਰਸਾਇਣ ਉੱਥੋਂ ਬਰਾਮਦ ਕੀਤਾ ਗਿਆ ਹੈ।

ਸੀਰੀਆ ਦੇ ਮੌਜੂਦਾ ਮਸਲੇ ਬਾਬਤ ਗੱਲਬਾਤ ਕਰਨ ਲਈ ਕੁਝ ਤੱਥ ਜਾਣ ਲੈਣੇ ਜ਼ਰੂਰੀ ਹਨ। ਸੀਰੀਆ ਪੱਛਮੀ ਏਸ਼ੀਆ ਦਾ ਅਰਬੀ ਮੁਲਕ ਹੈ ਜਿਸ ਦੇ ਉੱਤਰ ਵਿੱਚ ਤੁਰਕੀ, ਪੂਰਬ ਵਿੱਚ ਇਰਾਕ, ਦੱਖਣ ਵਿੱਚ ਜੌਰਡਨ, ਦੱਖਣ-ਪੱਛਮ ਵਿੱਚ ਇਸਰਾਈਲ ਅਤੇ ਪੱਛਮ ਵਿੱਚ ਲਿਬਨਾਨ ਤੇ ਭੂ-ਮੱਧ ਸਾਗਰ ਹੈ। ਸੀਰੀਆ ਪਹਿਲੀ ਆਲਮੀ ਜੰਗ ਦੀ ਭੰਨ-ਤੋੜ ਦੇ ਨਤੀਜੇ ਵਜੋਂ ਫਰਾਂਸੀਸੀਆਂ ਦੀ ਵਿਉਂਤਬੰਦੀ ਨਾਲ ਹੋਂਦ ਵਿੱਚ ਆਇਆ। ਇਸ ਮੁਲਕ ਵਿੱਚ ਆਬਾਦੀ ਅਤੇ ਧਰਾਤਲ ਦੀ ਵੰਨ-ਸਵੰਨਤਾ ਹੈ। ਆਬਾਦੀ ਵਿੱਚ ਕੁਰਦ, ਤੁਰਕ, ਅਰਮੀਨੀਆਈ, ਅਸੀਰੀਆਈ, ਈਸਾਈ, ਡਰੂਜ਼, ਅਲਾਵਾਈਟ ਸ਼ੀਆ ਅਤੇ ਅਰਬੀ ਸੁੰਨੀ ਹਨ। ਧਰਾਤਲ ਵਿੱਚ ਉਪਜਾਉ ਪੱਧਰ ਜ਼ਮੀਨ ਦੇ ਨਾਲ-ਨਾਲ ਉੱਚੇ ਪਹਾੜ ਅਤੇ ਰੇਗ਼ਿਸਤਾਨ ਹੈ। ਸੀਰੀਆ ਅਪਰੈਲ 1946 ਵਿੱਚ ਫਰਾਂਸੀਸੀ ਬਸਤਾਨ ਤੋਂ ਆਜ਼ਾਦ ਹੋਇਆ। ਇਸ ਤੋਂ ਬਾਅਦ ਸੀਰੀਆ ਦਾ ਇਤਿਹਾਸ ਫ਼ੌਜੀ ਰਾਜ ਪਲਟਿਆਂ ਦੀ ਤਵਾਰੀਖ਼ ਹੈ। ਸੰਨ 1970 ਤੋਂ ਬਾਅਦ ਅਸਦ ਖ਼ਾਨਦਾਨ ਦਾ ਰਾਜ ਹੈ। ਇਸ ਦੌਰਾਨ 2000 ਤੱਕ ਹਾਫ਼ਿਜ਼ ਅਲ-ਅਸਦ ਦਾ ਰਾਜ ਰਿਹਾ ਅਤੇ ਉਸ ਤੋਂ ਬਾਅਦ ਹੁਣ ਤੱਕ ਉਸ ਦੇ ਮੁੰਡੇ ਬਸ਼ਰ ਅਲ-ਅਸਦ ਦਾ ਰਾਜ ਹੈ। ਸਿਆਸੀ ਪਾਰਟੀ ਵਜੋਂ ਇਹ ਬਾਥਿਸਟ ਪਾਰਟੀ ਦਾ ਰਾਜ ਹੈ। ਬਾਥ ਪਾਰਟੀ ਦਾ ਅਰਬੀ ਵਿੱਚ ਪੂਰਾ ਨਾਮ ਹਿਜ਼ਬ ਅਲ-ਬਾਥ ਅਲ-ਅਰਾਬੀ ਅਲ-ਇਸ਼ਤਰਾਕੀ ਹੈ ਜਿਸ ਦਾ ਅੰਗਰੇਜ਼ੀ ਨਾਮ ਅਰਬ ਸੋਸ਼ਲਿਸਟ ਪਾਰਟੀ ਹੈ। ਦੂਜੀ ਆਲਮੀ ਜੰਗ ਤੋਂ ਬਾਅਦ ਇਹ ਅਰਬੀ ਏਕੇ, ਆਜ਼ਾਦੀ ਅਤੇ ਸਮਾਜਵਾਦ ਦੇ ਟੀਚੇ ਤਹਿਤ ਸੋਵੀਅਤ ਯੂਨੀਅਨ ਦੀ ਹਮਾਇਤ ਨਾਲ ਬਣੀ ਪਾਰਟੀ ਸੀ ਜਿਸ ਦਾ ਅਸਰ ਇਰਾਕ, ਮਿਸਰ ਅਤੇ ਸੀਰੀਆ ਵਿੱਚ ਸਭ ਤੋਂ ਜ਼ਿਆਦਾ ਸੀ। ਇਸ ਪਾਰਟੀ ਦੇ ਅਸਰ ਕਾਰਨ ਸੀਰੀਆ ਅਤੇ ਮਿਸਰ ਨੇ 1954 ਵਿੱਚ ਯੂਨਾਈਟਿਡ ਅਰਬ ਰਿਪਬਲਿਕ ਵਜੋਂ ਏਕਾ ਕਰ ਲਿਆ ਸੀ ਪਰ 1961 ਵਿੱਚ ਇਹ ਦੁਬਾਰਾ ਵੱਖਰੇ ਮੁਲਕ ਬਣ ਗਏ। ਇਹ ਸਾਰੇ ਤੱਤ ਮਿਲ ਕੇ ਸੀਰੀਆ ਨੂੰ ਉਸ ਖਿੱਤੇ ਦੀ ਸਿਆਸਤ ਦਾ ਅਹਿਮ ਅਖਾੜਾ ਬਣਾਉਂਦੇ ਹਨ ਜਿਸ ਵਿੱਚ ਕਈ ਧਿਰਾਂ ਦੀ ਦਿਲਚਸਪੀ ਹੈ।

ਕਦੇ ਇਰਾਕ ਦਾ ਕਰੀਬੀ ਰਿਹਾ ਸੀਰੀਆ ਇਸ ਵੇਲੇ ਇਰਾਨ ਅਤੇ ਰੂਸ ਦਾ ਕਰੀਬੀ ਹੈ। ਕਦੇ ਅਰਬੀ ਏਕੇ ਦਾ ਝੰਡਾ-ਬਰਦਾਰ ਸਮਝੇ ਜਾਂਦੇ ਸੀਰੀਆ ਨੂੰ ਇਸ ਵੇਲੇ ਅਰਬ ਲੀਗ ਨੇ ਛੇਕਿਆ ਹੋਇਆ ਹੈ। ਉੱਤਰੀ ਅਮਰੀਕੀ ਅਤੇ ਏਸ਼ੀਆ ਦੇ ਅਰਬੀ ਖਿੱਤੇ ਦੀਆਂ ਬਗ਼ਾਵਤਾਂ ਦਾ ਅਸਰ ਸੀਰੀਆ ਉੱਤੇ ਵੀ ਪਿਆ ਹੈ ਅਤੇ ਮਾਰਚ 2011 ਤੋਂ ਖ਼ਾਨਾਜੰਗੀ ਚੱਲ ਰਹੀ ਹੈ। ਮਾਰਚ 2012 ਵਿੱਚ ਬਾਗ਼ੀ ਧੜਿਆਂ ਨੇ ਮਿਲ ਕੇ ਬਦਲਵੀਂ ਸਰਕਾਰ (ਸੀਰੀਅਨ ਨੈਸ਼ਨਲ ਕੁਲੀਸ਼ਨ) ਦਾ ਐਲਾਨ ਕੀਤਾ ਹੋਇਆ ਹੈ ਜਿਸ ਨੂੰ ਅਮਰੀਕਾ, ਇੰਗਲੈਂਡ ਅਤੇ ਫਰਾਂਸ ਨੇ ਸੀਰੀਆਈ ਆਵਾਮ ਦੀ ਨੁਮਾਇੰਦਾ ਸਰਕਾਰ ਵਜੋਂ ਮਾਨਤਾ ਦਿੱਤੀ ਹੋਈ ਹੈ। ਅਰਬ ਲੀਗ ਇਸ ਵੇਲੇ ਸੀਰੀਆ ਦੀ ਬਸ਼ਰ ਅਲ-ਅਸਦ ਸਰਕਾਰ ਦੀ ਥਾਂ ਸੀਰੀਅਨ ਨੈਸ਼ਨਲ ਕੁਲੀਸ਼ਨ ਨੂੰ ਸੱਦਾ ਦੇ ਚੁੱਕੀ ਹੈ। ਇਸ ਖ਼ਿੱਤੇ ਵਿੱਚ ਅਮਰੀਕੀ-ਇਸਰਾਈਲੀ ਸਾਮਰਾਜ ਦੇ ਹਿੱਤ ਸਾਂਝੇ ਹਨ। ਦਿਲਚਸਪ ਤੱਥ ਇਹ ਹੈ ਕਿ ਇਸਰਾਈਲ ਨਾਲ ਰਵਾਇਤੀ ਦੁਸ਼ਮਣੀ ਭੁਲਾ ਕੇ ਅਰਬ ਲੀਗ ਇਸ ਵੇਲੇ ਸੀਰੀਆ ਦੇ ਖ਼ਿਲਾਫ਼ ਹੈ। ਦੂਜੇ ਪਾਸੇ ਸੀਰੀਆ ਦੇ ਬਾਗ਼ੀਆਂ ਵਿੱਚ ਅਲ-ਕਾਇਦਾ (ਨੁਸਰਾ-ਫਰੰਟ) ਸ਼ਾਮਿਲ ਹੈ ਜਿਸ ਦੀ ਹਮਾਇਤ ਅਮਰੀਕਾ ਕਰ ਰਿਹਾ ਹੈ। ਇਨ੍ਹਾਂ ਹਾਲਾਤ ਵਿੱਚ ਉਸ ਖ਼ਿੱਤੇ ਵਿੱਚ ਇਰਾਨ ਅਤੇ ਸੀਰੀਆ ਹੀ ਅਮਰੀਕੀ ਗ਼ਲਬੇ ਉੱਤੇ ਸਵਾਲ ਕਰਦੇ ਹਨ। ਇਸ ਤੰਦ ਦੀ ਤਫ਼ਸੀਲ 'ਇੰਡੀਪੈਂਡੈਂਟ' ਅਖ਼ਬਾਰ ਦਾ ਪੱਤਰਕਾਰ ਰੌਬਰਟ ਫਿਸਕ ਲਿਖਦਾ ਹੈ, "ਜੇ ਹੋਇਆ ਤਾਂ ਇਹ ਆਧੁਨਿਕ ਮਨੁੱਖੀ ਇਤਿਹਾਸ ਦਾ ਸਭ ਤੋਂ ਮੂਰਖ਼ਾਨਾ ਪੱਛਮੀ ਹਮਲਾ ਹੋਵੇਗਾ ... ਮਨੁੱਖੀ ਇਤਿਹਾਸ ਦੇ ਸਭ ਤੋਂ ਪੁਰਾਣੇ ਸੀਰੀਆਈ ਸ਼ਹਿਰਾਂ ਉੱਤੇ ਸੁੱਟੀਆਂ ਜਾਣ ਵਾਲੀਆਂ ਕਰੂਜ਼ ਮਿਜਾਇਲਾਂ ਦਾ ਸੀਰੀਆ ਨਾਲ ਕੋਈ ਲੈਣਾ-ਦੇਣਾ ਨਹੀਂ। ਇਹ ਇਰਾਨ ਦਾ ਨੁਕਸਾਨ ਕਰਨ ਲਈ ਸੁੱਟੀਆਂ ਜਾਣਗੀਆਂ। ਇਹ ਇਸਲਾਮਕ ਰਿਪਬਲਿਕ ਖ਼ਿਲਾਫ਼ ਹਮਲਾ ਹੋਵੇਗਾ ਜੋ ਹੁਣ ਖਰਦਿਮਾਗ਼ ਮੁਹੰਮਦ ਅਹਿਮਦੀਨਿਜਾਦ ਦੇ ਮੁਕਾਬਲੇ ਨਵੇਂ ਅਤੇ ਊਰਜਾਵਾਨ ਰਾਸ਼ਟਰਪਤੀ ਦੀ ਅਗਵਾਈ ਵਿੱਚ ਪਹਿਲਾਂ ਤੋਂ ਵਧੇਰੇ ਸਥਿਰ ਹੈ। ਇਰਾਨ ਦਰਅਸਲ ਇਸਰਾਈਲ ਦਾ ਦੁਸ਼ਮਣ ਹੈ। ਇਸ ਤੋਂ ਬਾਅਦ ਉਹ ਸਹਿਜ ਸੁਭਾਅ ਅਮਰੀਕਾ ਦਾ ਦੁਸ਼ਮਣ ਬਣ ਜਾਂਦਾ ਹੈ। ਇਸ ਕਰ ਕੇ ਇਰਾਨ ਦੇ ਇਕਲੌਤੇ ਅਰਬੀ ਸਾਥੀ ਉੱਤੇ ਮਿਜ਼ਾਇਲਾਂ ਸੁੱਟੀਆਂ ਜਾਣੀਆਂ ਹਨ।" ਅਹਿਮਦੀਨਿਜਾਦ ਦੇ ਨਾਮ ਨਾਲ ਲੱਗਿਆ ਵਿਸ਼ੇਸ਼ਣ ਰੌਬਰਟ ਫਿਸਕ ਦੀ ਗੋਰਿਆਂ ਦੀ ਦੂਜਿਆਂ ਬਾਰੇ ਸਮਝ ਉਭਾਰਦਾ ਹੈ ਪਰ ਉਸ ਦੀ ਦਲੀਲ ਵਿੱਚੋਂ ਮੌਜੂਦਾ ਹਾਲਾਤ ਨੂੰ ਸਮਝਣਾ ਸੁਖਾਲਾ ਹੈ। ਇਹੋ ਮਾਹੌਲ ਮੁਹੰਮਦ ਅਹਿਮਦੀਨਿਜਾਦ ਵੇਲੇ ਇਰਾਨ ਖ਼ਿਲਾਫ਼ ਉਸਾਰਿਆ ਗਿਆ ਸੀ ਪਰ ਉਸ ਤੋਂ ਬਾਅਦ ਦਲੀਲ ਕਮਜ਼ੋਰ ਪੈ ਗਈ। ਦਲੀਲ ਕਮਜ਼ੋਰ ਪੈਣ ਨਾਲ ਅਮਰੀਕੀ-ਇਸਰਾਈਲ ਨੂੰ ਆਪਣੇ ਟੀਚੇ ਤਾਂ ਨਹੀਂ ਭੁੱਲੇ ਜੋ ਹੁਣ ਸੀਰੀਆ ਰਾਹੀਂ ਹਾਸਲ ਕਰਨ ਦੀ ਮਸ਼ਕ ਚੱਲ ਰਹੀ ਹੈ।

ਅਮਰੀਕੀ ਇਤਿਹਾਸ ਆਦਮਖ਼ੋਰ ਮੁਹਿੰਮਾਂ ਨਾਲ ਭਰਿਆ ਪਿਆ ਹੈ। ਹੀਰੋਸ਼ੀਮਾ-ਨਾਗਾਸਾਕੀ ਉੱਤੇ ਪਰਮਾਣੂ ਹਮਲੇ ਅਤੇ ਵੀਅਤਨਾਮ ਦੀ ਜੰਗ ਵਿੱਚ ਰਸਾਇਣਕ ਬੰਬਾਂ ਦੀ ਵਰਤੋਂ ਕਿਸੇ ਤੋਂ ਲੁਕੀ ਨਹੀਂ। ਇਸੇ ਅਮਰੀਕਾ ਦੇ ਗੈਸ ਬੰਬ ਸੱਦਾਮ ਹੁਸੈਨ ਨੇ 1988 ਵਿੱਚ ਕੁਰਦ ਬਾਗ਼ੀਆਂ ਖ਼ਿਲਾਫ਼ ਵਰਤੇ ਸਨ। ਰੌਬਰਟ ਫਿਸਕ ਮੁਤਾਬਕ ਉਸ ਵੇਲੇ ਰਸਾਇਣਕ ਹਥਿਆਰਾਂ ਦੀ ਵਰਤੋਂ ਦਾ ਇਲਜ਼ਾਮ ਸੀ.ਆਈ.ਏ. ਨੇ ਇਰਾਨ ਉੱਤੇ ਲਗਾਇਆ ਸੀ। ਇਨ੍ਹਾਂ ਹੀ ਹਥਿਆਰਾਂ ਦੇ ਨਾਮ ਉੱਤੇ ਇਰਾਕ ਉੱਤੇ 2003 ਵਿੱਚ ਹਮਲਾ ਕੀਤਾ ਗਿਆ ਜੋ ਉਸ ਵੇਲੇ ਇਰਾਕ ਕੋਲ ਨਹੀਂ ਸਨ।ਇਸ ਤੋਂ ਪਹਿਲਾਂ ਇਸਰਾਈਲ ਨੇ ਲਿਬਨਾਨ ਵਿੱਚ 17,000 ਸ਼ਹਿਰੀਆਂ ਨੂੰ ਮਾਰਿਆ। ਹਾਫ਼ਿਜ਼ ਅਲ-ਅਸਦ (ਬਸ਼ਰ ਅਲ-ਅਸਦ ਦਾ ਬਾਪ) ਨੇ 1980ਵਿਆਂ ਦੇ ਮੁੱਢ ਵਿੱਚ ਮੁਸਲਿਮ ਬ੍ਰਦਰਹੁੱਡ (ਅਲ-ਅਖ਼ਬਾਨ) ਦੇ ਹਜ਼ਾਰਾਂ ਕਾਰਕੁਨਾਂ ਨੂੰ ਹਾਮਾ ਇਲਾਕੇ ਵਿੱਚ ਮਾਰਿਆ। ਇਰਾਨ-ਇਰਾਕ ਜੰਗ (1980-88) ਦੌਰਾਨ ਸੱਦਾਮ ਹੁਸੈਨ ਨੇ ਗੈਸ ਬੰਬਾਂ ਦੀ ਵਰਤੋਂ ਕੀਤੀ ਪਰ ਉਸ ਵੇਲੇ ਉਹ ਅਮਰੀਕਾ ਪੱਖੀ ਸੀ। ਰੌਬਰਟ ਫਿਸਕ ਕਬੂਲ ਕਰਦਾ ਹੈ ਕਿ ਸਬੂਤ ਪੇਸ਼ ਕੀਤੇ ਜਾਣ ਦੇ ਬਾਵਜੂਦ ਪੱਛਮੀ ਪੱਤਰਕਾਰਾਂ ਨੇ ਇਨ੍ਹਾਂ ਹਮਲਿਆਂ ਨੂੰ 'ਅਖਾਉਤੀ' ਲਿਖਿਆ ਸੀ। ਜਦੋਂ ਕੁਵੈਤ ਉੱਤੇ ਹਮਲੇ ਤੋਂ ਬਾਅਦ ਅਮਰੀਕਾ ਨੇ ਨਾਟੋ ਦੇ ਝੰਡੇ ਥੱਲੇ ਇਰਾਕ ਉੱਤੇ ਹਮਲਾ ਕੀਤਾ ਤਾਂ ਇਸੇ ਸੀਰੀਆ ਵਿੱਚੋਂ ਕਰੂਜ਼ ਮਿਜ਼ਾਇਲਾਂ ਦਾਗ਼ੀਆਂ ਗਈਆਂ ਸਨ। ਲਿਬਨਾਨ ਜੰਗ ਵਿੱਚ ਅਮਰੀਕਾ, ਇਸਰਾਈਲ ਅਤੇ ਸੀਰੀਆ ਦਾ ਟਾਕਰਾ ਸਭ ਧਿਰਾਂ ਲਈ ਨਾਖ਼ੁਸ਼ਗਵਾਰ ਰਿਹਾ ਸੀ।

ਇਸ ਵੇਲੇ ਅਮਰੀਕੀ ਦਲੀਲ ਸੀਰੀਆ ਦੀ ਬਸ਼ਰ ਅਲ-ਅਸਦ ਸਰਕਾਰ ਵੱਲੋਂ ਵਰਤੇ ਗਏ ਰਸਇਣਕ ਹਥਿਆਰਾਂ ਤੋਂ ਮੁੜ ਵਰਤੋਂ ਰੋਕਣ ਦੇ ਮਕਸਦ ਨਾਲ ਜੋੜੀ ਜਾ ਰਹੀ ਹੈ। ਦੋ ਤੱਥਾਂ ਦੀ ਇਸ ਮਾਮਲੇ ਵਿੱਚ ਬਹੁਤ ਅਹਿਮੀਅਤ ਹੈ। ਇਸ ਵੇਲੇ ਲਿਬਨਾਨ ਵਿੱਚ ਸਰਗਰਮ ਹਿਜ਼ਬੁੱਲਾ ਨੂੰ ਇਰਾਨ ਦੀ ਹਮਾਇਤ ਹੈ ਅਤੇ ਹਿਜ਼ਬੁੱਲਾ ਸੀਰੀਆ ਵਿੱਚ ਬਾਗ਼ੀਆਂ ਖ਼ਿਲਾਫ਼ ਲੜ ਰਿਹਾ ਹੈ। ਹਿਜ਼ਬੁੱਲਾ ਦੇ ਤਿੰਨ ਲੜਾਕੇ ਰਸਾਇਣਕ ਹਮਲੇ ਦਾ ਸ਼ਿਕਾਰ ਹੋਏ ਹਨ ਅਤੇ ਇਸ ਵੇਲੇ ਲਿਬਨਾਨ ਦੇ ਰਾਜਧਾਨੀ ਬੈਰੂਤ ਵਿੱਚ ਜ਼ੇਰੇ-ਇਲਾਜ ਹਨ। ਇਨ੍ਹਾਂ ਦੀ ਖ਼ਬਰ ਉੱਤਰੀ ਅਮਰੀਕੀ ਅਤੇ ਯੂਰਪੀ ਮੀਡੀਆ ਦਾ ਹਿੱਸਾ ਨਹੀਂ ਬਣੀ। ਇਹ ਮੀਡੀਆ ਦੀ ਪੁਰਾਣੀ ਸਾਮਰਾਜ ਪੱਖੀ ਰਵਾਇਤ ਦਾ ਸਮਕਾਲੀ ਰੂਪ ਤਾਂ ਨਹੀਂ ਜਿਸ ਦਾ ਪਛਤਾਵਾਂ ਰੌਬਰਟ ਫਿਸਕ ਤਿੰਨ ਦਹਾਕਿਆਂ ਬਾਅਦ ਕਰ ਰਿਹਾ ਹੈ? ਸੰਯੁਕਤ ਰਾਸ਼ਟਰ ਨੇ ਸੀਰੀਆ ਲਈ ਕੌਮਾਂਤਰੀ ਜਾਂਚ ਕਮਿਸ਼ਨ ਬਣਾਇਆ ਹੋਇਆ ਹੈ। ਇਸ ਦੀ ਟੀਮ ਨੇ ਮਈ (2013) ਵਿੱਚ ਸਾਫ਼ ਕੀਤਾ ਸੀ ਕਿ ਮੁੱਢਲੀ ਜਾਂਚ ਤੋਂ ਬਾਅਦ ਰਸਾਇਣਕ ਹਥਿਆਰਾਂ ਦੀ ਵਰਤੋਂ ਦਾ ਸ਼ੱਕ ਬਾਗ਼ੀਆਂ ਉੱਤੇ ਜਾਂਦਾ ਹੈ। ਇਸ ਕਮਿਸ਼ਨ ਦੀ ਮੈਂਬਰ ਕਾਰਲਾ ਡੈਲ ਪੌਂਟੀ ਨੇ ਸਵਿੱਸ ਟੈਲੀਵਿਜ਼ਨ ਨਾਲ ਮੁਲਾਕਾਤ ਵਿੱਚ ਕਿਹਾ ਸੀ ਕਿ ਬਾਗ਼ੀਆਂ ਉੱਤੇ ਰਸਾਇਣਕ ਹਥਿਆਰਾਂ ਦੀ ਵਰਤੋਂ ਦੇ ਸ਼ੱਕ ਦੀ ਠੋਸ ਬੁਨਿਆਦ ਬਣਦੀ ਹੈ ਪਰ ਇਸ ਨੂੰ ਹਾਲੇ ਸਬੂਤ ਵਿੱਚ ਤਬਦੀਲ ਕਰਨ ਲਈ ਹੋਰ ਜਾਂਚ ਕਰਨ ਦੀ ਲੋੜ ਹੈ।

ਅਮਰੀਕਾ ਨੇ ਹੁਣ ਤੱਕ ਅਤਿਵਾਦ ਖ਼ਿਲਾਫ਼ ਜੰਗ ਦੀਆਂ ਸਾਰੀਆਂ ਮੁਹਿੰਮਾਂ ਲਈ ਸੁਰੱਖਿਆ ਅਤੇ ਜਮਹੂਰੀਅਤ ਦੀ ਰਾਖੀ ਨੂੰ ਮੋਹਰਾ ਬਣਾਇਆ ਹੈ। ਇਨ੍ਹਾਂ ਮੁਹਿੰਮਾਂ ਵਿੱਚ ਉਸ ਨੇ ਅਲ-ਕਾਇਦਾ ਦੇ ਆਗੂਆਂ ਦੀ ਭਾਲ ਵਿੱਚ ਸਭ ਤੋਂ ਵੱਡੀਆਂ ਖ਼ੁਫ਼ੀਆ ਅਤੇ ਜ਼ਾਹਰਾ ਫ਼ੌਜੀ ਕਾਰਵਾਈਆਂ ਕੀਤੀਆਂ ਹਨ। ਦੂਜੇ ਮੁਲਕਾਂ ਦੀਆਂ ਸਰਹੱਦਾਂ ਅਤੇ ਸਫ਼ਾਰਤੀ ਸਲੀਕੇ ਦੀ ਪ੍ਰਵਾਹ ਕੀਤੇ ਬਿਨਾਂ ਡਰੋਨ ਹਮਲੇ ਕੀਤੇ ਹਨ, ਮਿਜ਼ਾਇਲ ਹਮਲੇ ਕੀਤੇ ਹਨ ਅਤੇ ਫ਼ੌਜੀਆਂ ਨੇ ਰਾਤ-ਬਰਾਤੇ ਸੈਂਕੜੇ ਮੀਲ ਅੰਦਰ ਜਾ ਕੇ ਹਥਿਆਰਬੰਦ ਕਾਰਵਾਈਆਂ ਕੀਤੀਆਂ ਹਨ। ਅਲ-ਕਾਇਦਾ ਦੀ ਭਾਲ ਵਿੱਚ ਅਫ਼ਗ਼ਾਨਿਸਤਾਨ, ਇਰਾਕ ਅਤੇ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਵਿੱਚ ਬਰੂਦ ਦਾ ਮੀਂਹ ਵਰਸਾਉਣ ਵਾਲਾ ਅਮਰੀਕਾ ਹੁਣ ਅਲ-ਕਾਇਦਾ (ਨੁਸਰਾ-ਫਰੰਟ) ਨਾਲ ਮਿਲ ਕੇ ਸੀਰੀਆ ਉੱਤੇ ਹਮਲਾ ਕਰ ਰਿਹਾ ਹੈ। ਅਮਰੀਕਾ ਦਾ ਦਾਅਵਾ ਹੈ ਕਿ ਸੀਰੀਆ ਦੀ ਧਰਤੀ ਉੱਤੇ ਅਮਰੀਕੀ ਫ਼ੌਜੀ ਪੈਰ ਨਹੀਂ ਧਰਨਗੇ। ਮਤਲਬ ਸਾਫ਼ ਹੈ ਕਿ ਨੁਸਰਾ-ਫਰੰਟ ਦੀ ਨਿਸ਼ਾਨਦੇਹੀ ਉੱਤੇ ਅਮਰੀਕਾ ਬੰਬਾਰੀ ਕਰੇਗਾ। ਅਲ-ਅਖ਼ਬਾਨ ਹੁਣ ਅਮਰੀਕਾ ਨੂੰ ਦੱਸੇਗਾ ਕਿ ਸੀਰੀਆ ਵਿੱਚ ਕਿੱਥੇ ਬੰਬ ਸੁੱਟਣੇ ਹਨ। ਮਿਸਰ ਵਿੱਚ ਚੋਣਾਂ ਜਿੱਤ ਕੇ ਸਰਕਾਰ ਬਣਵਾਉਣ ਵਾਲੇ ਅਲ-ਅਖ਼ਬਾਨ ਨੂੰ ਫ਼ੌਜੀ ਇਮਦਾਦ ਨਾਲ ਹਟਾ ਦਿੱਤੇ ਜਾਣਾ ਅਮਰੀਕਾ ਨੂੰ ਪ੍ਰੇਸ਼ਾਨ ਨਹੀਂ ਕਰਦਾ ਕਿਉਂਕਿ ਉਸ ਨੂੰ ਦੂਜੀ ਧਿਰ ਦੀ ਸਰਕਾਰ ਚਾਹੀਦੀ ਹੈ। ਮਿਸਰ ਵਿੱਚ ਅਲ-ਅਖ਼ਬਾਨ ਨੂੰ ਇਸਲਾਮੀ ਕੱਟੜਪੰਥੀ ਕਰਾਰ ਦੇਣ ਵਾਲਾ ਅਮਰੀਕਾ ਉਨ੍ਹਾਂ ਨਾਲ ਮਿਲ ਕੇ ਸੀਰੀਆ ਉੱਤੇ ਚੜ੍ਹਾਈ ਕਰ ਰਿਹਾ ਹੈ। ਇਹ ਗੱਠਜੋੜ ਓਬਾਮਾ, ਕੈਮਰੂਨ, ਫਰੈਂਕੋਅਸ ਅਲਾਂਦੇ, ਨੁਸਰਾ-ਫਰੰਟ ਅਤੇ ਦੁਨੀਆਂ ਦੇ ਹੋਰ ਛੋਟੇ-ਵੱਡੇ ਸਰਕਾਰੀ ਜਾਂ ਗ਼ੈਰ-ਸਰਕਾਰੀ ਜੰਗਬਾਜ਼ਾਂ ਦੀ ਬਹੁਤ ਵੱਡੀ ਪ੍ਰਾਪਤੀ ਵਜੋਂ ਪੇਸ਼ ਕੀਤਾ ਜਾ ਸਕਦਾ ਹੈ।

ਅਮਰੀਕੀ ਜਾਣਕਾਰੀ ਜਾਂ ਦਲੀਲ ਖ਼ੁਫ਼ੀਆ ਮਹਿਕਮੇ ਦੇ ਮੁਲਾਜ਼ਮਾਂ ਦੀ ਜਾਣਕਾਰੀ ਉੱਤੇ ਟਿਕੀ ਹੋਈ ਹੈ। ਇਹੋ ਮਾਹਰ 'ਭਰੋਸੇਯੋਗ' ਸੂਤਰਾਂ ਦੇ ਹਵਾਲੇ ਨਾਲ ਇਰਾਕ ਦੇ ਭਿਆਨਕ ਤਬਾਹੀ ਕਰਨ ਵਾਲੇ ਹਥਿਆਰਾਂ ਦੇ ਜ਼ਖ਼ੀਰਿਆਂ ਦੀ ਜਾਣਕਾਰੀ ਦਿੰਦੇ ਸਨ। ਉਹ ਹਥਿਆਰਾਂ ਦੇ ਜ਼ਖੀਰੇ ਕਦੇ ਨਹੀਂ ਮਿਲੇ ਪਰ ਉਸ ਦਲੀਲ ਦੇ ਹਵਾਲੇ ਨਾਲ ਇਰਾਕ ਵਿੱਚ ਅਮਰੀਕੀਆਂ ਦੀ ਅਗਵਾਈ ਵਿੱਚ ਨਾਟੋ ਫ਼ੌਜਾਂ ਨੇ ਭਿਆਨਕ ਤਬਾਹੀ ਮਚਾ ਦਿੱਤੀ ਹੈ। ਸੀਰੀਆ ਉੱਤੇ ਹਮਲੇ ਦੇ ਕਾਰਨਾਂ ਬਾਰੇ ਰੌਬਰਟ ਫਿਸਕ ਲਿਖਦਾ ਹੈ, "ਮੈਨੂੰ ਲੱਗਦਾ ਹੈ ਕਿ ਮੈਂ ਇਸ ਦਾ ਕਾਰਨ ਜਾਣਦਾ ਹਾਂ। ਮੈਨੂੰ ਜਾਪਦਾ ਹੈ ਕਿ ਬਸ਼ਰ ਅਲ-ਅਸਦ ਦੀ ਬੇਕਿਰਕ ਫ਼ੌਜ ਬਾਗ਼ੀਆਂ ਉੱਤੇ ਜਿੱਤ ਹਾਸਲ ਕਰ ਰਹੀ ਹੈ ਜਿਨ੍ਹਾਂ ਨੂੰ ਅਸੀਂ ਚੋਰੀ-ਛਿਪੇ ਹਥਿਆਰ ਦਿੰਦੇ ਹਾਂ। ਇਰਾਨ ਦੀ ਸਰਪ੍ਰਸਤੀ ਵਾਲੇ ਲਿਬਨਾਨੀ ਹਿਜ਼ਬੁੱਲਾ ਦੀ ਮਦਦ ਨਾਲ ਦਮਸ਼ਕ ਦੇ ਨਿਜ਼ਾਮ ਨੇ ਕਿਉਸੇਅਰ ਵਿੱਚ ਬਾਗ਼ੀਆਂ ਦਾ ਲੱਕ ਤੋੜ ਦਿੱਤਾ ਹੈ ਅਤੇ ਇਹੋ ਕੁਝ ਹੋਮਸ ਦੇ ਉੱਤਰ ਵੱਲ ਹੋਣ ਵਾਲਾ ਹੈ। ਇਰਾਨ ਇਸ ਵੇਲੇ ਸੀਰੀਆ ਸਰਕਾਰ ਨੂੰ ਬਚਾਉਣ ਲਈ ਹਰ ਪੱਧਰ ਉੱਤੇ ਲੱਗਿਆ ਹੋਇਆ ਹੈ। ਬਸ਼ਰ ਦੀ ਜਿੱਤ ਦਾ ਮਤਲਬ ਇਰਾਨ ਦੀ ਜਿੱਤ ਹੈ। ਇਰਾਨ ਦੀ ਜਿੱਤ ਪੱਛਮ ਬਰਦਾਸ਼ਤ ਨਹੀਂ ਕਰ ਸਕਦਾ।" ਹੁਣ ਅਮਰੀਕਾ ਰਸਾਇਣਕ ਹਥਿਆਰਾਂ ਦੀ ਵਰਤੋਂ ਕਾਰਨ ਇੱਕ ਮੁਲਕ ਉੱਤੇ ਹਮਲਾ ਕਰਨ ਲਈ ਤਿਆਰ ਹੈ। ਅਫ਼ਗ਼ਾਨਿਸਤਾਨ ਅਤੇ ਇਰਾਕ ਵਿੱਚ ਸੁੱਟੇ ਬੰਬਾਂ ਦਾ ਰਸਾਇਣਕ ਖ਼ਾਸਾ ਨਵੇਂ ਜੰਮੇ ਬੱਚਿਆਂ ਉੱਤੇ ਅਸਰਅੰਦਾਜ਼ ਹੋ ਰਿਹਾ ਹੈ। ਇਨ੍ਹਾਂ ਮੁਲਕਾਂ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਬੱਚੇ ਪੈਦਾ ਹੋ ਰਹੇ ਹਨ ਜਿਸ ਤਰ੍ਹਾਂ ਦਾ ਜ਼ਿਕਰ ਅਸੀਂ ਹੀਰੋਸ਼ੀਮਾ-ਨਾਗਾਸ਼ਾਕੀ ਦੇ ਹਾਦਸਿਆਂ ਦੇ ਹਵਾਲੇ ਨਾਲ ਪੜ੍ਹਦੇ-ਸੁਣਦੇ-ਦੇਖਦੇ ਆਏ ਹਨ। ਕਿਸੇ ਦੇ ਇੱਕ ਹੱਥ, ਕਿਸੇ ਦੇ ਪੰਜ ਹੱਥ, ਕਿਸੇ ਦੇ ਛੋਟੀਆਂ-ਵੱਡੀਆਂ ਲੱਤਾਂ-ਬਾਹਾਂ, ਕਿਸੇ ਦੇ ਸਰੀਰ ਦਾ ਕੋਈ ਨਾ ਕੋਈ ਅੰਗ ਬੇਢੱਬਾ ਜਾਂ ਬੇਕਾਰ ਹੈ। ਇਨ੍ਹਾਂ ਪੱਖਾਂ ਤੋਂ ਤਾਂ ਅਫ਼ਗ਼ਾਨਿਸਤਾਨ ਅਤੇ ਇਰਾਕ ਦਾ ਅਧਿਐਨ ਹੀ ਨਹੀਂ ਕੀਤਾ ਜਾ ਰਿਹਾ।

ਪਿਛਲੇ ਸਾਲਾਂ ਦੌਰਾਨ ਬਗ਼ਾਵਤਾਂ ਦਾ ਅਖਾੜਾ ਬਣਨ ਵਾਲੇ ਜ਼ਿਆਦਾਤਰ ਮੁਲਕਾਂ ਵਿੱਚ ਕਦੇ ਫਰਾਂਸ ਦਾ ਸਾਮਰਾਜ ਰਿਹਾ ਹੈ। ਫਰਾਂਸ ਲਈ ਇਹ ਖੁੱਸ ਚੁੱਕੇ ਸਾਮਰਾਜ ਵਿੱਚ ਦਖ਼ਲਅੰਦਾਜ਼ੀ ਵਧਾਉਣ ਦੀ ਲੜਾਈ ਹੈ। ਅਲਜੀਰੀਆ ਦਾ ਲੇਖਕ ਫਰਾਂਜ਼ ਫਾਨੋ ਆਪਣੀ ਕਿਤਾਬ 'ਰੈਚਡ ਆਫ਼ ਦਿ ਅਰਥ' ਵਿੱਚ ਫਰਾਂਸੀਸੀਆਂ ਦੇ ਜ਼ੁਲਮਾਂ ਦੀ ਤਫ਼ਸੀਲ ਲਿਖਦਾ ਹੈ। ਇਸ ਕਿਤਾਬ ਦੀ ਭੂਮਿਕਾ ਫਰਾਂਸੀਸੀ ਮੂਲ ਦੇ ਨਾਬਰ ਲੇਖਕ ਜੀਨ ਪਾਲ ਸਾਰਤਰ ਨੇ ਲਿਖੀ ਹੈ। ਉਹ ਆਪਣੇ ਮੁਲਕ ਵਾਸੀਆਂ ਨੂੰ ਕਿਤਾਬ ਪੜ੍ਹਣ ਦੀ ਸਿਫ਼ਾਰਿਸ਼ ਕਰਦਾ ਹੈ ਕਿ ਜੇ ਉਹ ਚਾਹੁੰਦੇ ਹਨ ਕਿ 'ਫਰਾਂਸ ਕਿਸੇ ਮਨੋਰੋਗ ਦਾ ਨਾਮ ਹੋਣ ਦੀ ਥਾਂ ਕਿਸੇ ਮੁਲਕ ਦਾ ਨਾਮ ਹੋਵੇ ਤਾਂ ਇਹ ਕਿਤਾਬ ਪੜ੍ਹਨ ਅਤੇ ਸਮਝਣ ਕਿ ਫਰਾਂਸੀਸੀ ਨਫ਼ਰਤ ਦੇ ਲਾਇਕ ਕਿਉਂ ਹਨ।' ਫਰਾਂਸ ਨੇ ਲੀਬੀਆ ਉੱਤੇ ਬੰਬਾਰੀ ਵਾਲੀ ਮੁਹਿੰਮ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਸੀ ਅਤੇ ਹੁਣ ਸੀਰੀਆ ਉੱਤੇ ਹਮਲੇ ਲਈ ਕੱਛਾਂ ਵਜਾ ਰਿਹਾ ਹੈ। ਇਹ ਫਰਾਂਜ਼ ਫਾਨੋ ਦਾ ਪਛਾਣਿਆ ਹੋਇਆ ਮਨੋਰੋਗ ਹੈ ਜਿਸ ਤੋਂ ਸਾਰਤਰ ਫਰਾਂਸ ਨੂੰ ਬਚਾਉਣਾ ਚਾਹੁੰਦਾ ਸੀ।

ਸੀਰੀਆ ਉੱਤੇ ਹਮਲੇ ਲਈ ਲੋਕ-ਰਾਏ ਬਣਾਉਣ ਲਈ ਯੂ-ਟਿਉਬ ਦਾ ਵੀਡੀਓ ਵਰਤਿਆ ਜਾ ਰਿਹਾ ਹੈ। ਫੇਸ-ਬੁੱਕ ਅਤੇ ਯੂ-ਟਿਉਬ ਦਾ ਇਹ ਜਲਵਾ ਕਈ ਥਾਂਈਂ ਦੇਖਿਆ ਜਾ ਰਿਹਾ ਹੈ। ਜੋ ਅਫ਼ਵਾਹਾਂ ਦੇ ਹਵਾਲੇ ਨਾਲ ਬਰਮਾ ਵਿੱਚ ਹੋਇਆ ਸੀ ਅਤੇ ਇਸ ਵੇਲੇ ਉੱਤਰ ਪ੍ਰਦੇਸ਼ ਦੇ ਮੁੱਜਫਰਨਗਰ ਇਲਾਕੇ ਵਿੱਚ ਹੋ ਰਿਹਾ ਹੈ, ਉਹੋ ਕੌਮਾਂਤਰੀ ਪੱਧਰ ਉੱਤੇ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੀ ਤਫ਼ਸੀਲ ਜਾਣਨ ਤੋਂ ਬਾਅਦ ਕਿਸੇ ਗੱਲ ਦੀ ਕੋਈ ਦਲੀਲ ਬਣਦੀ ਸਮਝ ਨਹੀਂ ਆਉਂਦੀ। ਜਾਪਦਾ ਇੰਝ ਹੈ ਕਿ ਇਹ ਸਭ ਕੁਝ ਪਾਗ਼ਲਪਣ ਹੈ। ਇਸ ਪਾਗ਼ਲਪਣ ਵਿੱਚ ਤਰਤੀਬ ਹੈ ਜੋ ਸਾਮਰਾਜੀ ਜੰਗਬਾਜ਼ਾਂ ਦੇ ਪੱਖ ਵਿੱਚ ਭੁਗਤਦੀ ਹੈ। ਇਸ ਪਾਗ਼ਲਪਣ ਦੀ ਤਰਤੀਬ ਇਹੋ ਹੈ ਕਿ ਮਸਲਾ ਦਲੀਲ ਨਾਲ ਨਹੀਂ ਸਗੋਂ ਆਪਣੀ ਹੈਂਕੜ ਨਾਲ ਸੁਲਝਾਉਣਾ ਹੈ। ਹਥਿਆਰਾਂ ਦੀ ਤਾਕਤ ਨਾਲ ਦੁਨੀਆਂ ਉੱਤੇ ਅਮਰੀਕੀ 'ਜਮਹੂਰੀਅਤ' ਦਾ ਝੰਡਾ ਝੁਲਾਉਣਾ ਹੈ। ਜੇ ਹਮਲਾ ਹੁੰਦਾ ਹੈ ਤਾਂ ਉਸ ਦਾ ਨਤੀਜਾ ਕੁਝ ਵੀ ਹੋਵੇ ਪਰ ਫਰਾਂਸੀਸੀਆਂ ਅਤੇ ਅਮਰੀਕੀਆਂ ਦੀ ਹਥਿਆਰ ਦੀ ਮੰਗ ਇਸ ਖ਼ਿੱਤੇ ਵਿੱਚ ਵਧ ਜਾਵੇਗੀ ਕਿ ਅਫ਼ਗ਼ਾਨਿਸਤਾਨ ਤੋਂ ਸੀਰੀਆ ਤੱਕ ਦਾ ਖ਼ਿੱਤਾ ਭਿਆਨਕ ਖ਼ਾਨਾਜੰਗੀ ਦਾ ਸ਼ਿਕਾਰ ਹੋ ਸਕਦਾ ਹੈ। ਇਸ ਅੱਗੇ ਮਿਸਰ ਅਤੇ ਲੀਬੀਆ ਪਹਿਲਾਂ ਹੀ ਖ਼ਾਨਾਜੰਗੀ ਵਿੱਚ ਉਲਝੇ ਹੋਏ ਹਨ। ਕੁਝ ਸਤਰਾਂ ਰੌਬਰਟ ਫਿਸਕ ਦੀਆਂ ਬਹੁਤ ਅਹਿਮ ਹਨ, "ਜੇ ਅਸੀਂ ਵਾਸ਼ਿੰਗਟਨ, ਲੰਡਨ, ਪੈਰਿਸ ਅਤੇ ਹੋਰ 'ਸਭਿਅਕ' ਮੁਲਕਾਂ ਦੀ ਮੂਰਖ਼ਤਾ ਉੱਤੇ ਯਕੀਨ ਕਰੀਏ ਤਾਂ ਲਹੂ-ਪੀਣੀ ਤਲਵਾਰ ਦਮਸ਼ਕ ਉੱਤੇ ਚੱਲਣ ਵਾਲੀ ਹੈ। ਇਸ ਤਬਾਹੀ ਨੂੰ ਹੱਲਾਸ਼ੇਰੀ ਦਿੰਦਾ ਬਾਕੀ ਅਰਬ ਆਲਮ ਇਸ ਖ਼ਿਤੇ ਦੇ ਇਤਿਹਾਸ ਦਾ ਸ਼ਾਇਦ ਸਭ ਤੋਂ ਦੁਖਦਾਈ ਤਜਰਬਾ ਹੋਵੇਗਾ। ਸ਼ਾਇਦ ਸਭ ਤੋਂ ਜ਼ਿਆਦਾ ਸ਼ਰਮਸ਼ਾਰ ਕਰਨ ਵਾਲਾ। ਇਹ ਤੱਥ ਵੀ ਧਿਆਨ ਦੇਣ ਵਾਲਾ ਹੈ ਕਿ ਅਸੀਂ ਸ਼ੀਆ ਮੁਸਲਮਾਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਉੱਤੇ ਹਮਲਾ ਕਰਾਂਗੇ ਤਾਂ ਸੁੰਨੀ ਮੁਸਲਮਾਨ ਬਾਘੀਆਂ ਪਾ ਰਹੇ ਹੋਣਗੇ।" ਖ਼ਾਨਾਜੰਗੀ ਇਸੇ ਨੂੰ ਕਹਿੰਦੇ ਹਨ। ਦੁਨੀਆਂ ਨੂੰ ਇਸ ਤਰ੍ਹਾਂ ਦੀ ਖ਼ਾਨਾਜੰਗੀ ਵਿੱਚ ਉਲਝਾਉਣਾ ਸਾਮਰਾਜੀਆਂ ਦਾ ਖ਼ਾਸਾ ਹੈ। ਅਸੀਂ ਇਸ ਨੂੰ 'ਪਾੜੋ ਤੇ ਰਾਜ ਕਰੋ' ਕਹਿੰਦੇ ਆਏ ਹਾਂ। ਸਾਮਰਾਜੀਆਂ ਨੇ ਆਪੇ ਸਿਰਜੇ ਪਾਗ਼ਲਪਣ ਵਿੱਚੋਂ ਆਪਣੇ ਪੱਖ ਦੀ ਤਰਤੀਬ ਲੱਭ ਲਈ ਹੈ। ਅਮਨਪਸੰਦ ਅਤੇ ਇਨਸਾਫ਼ਪਸੰਦ ਧਿਰਾਂ ਇਸ ਵੇਲੇ ਕਿਤੇ ਵੀ ਦਰਸ਼ਕ ਨਹੀਂ ਹੋ ਸਕਦੀਆਂ। ਇਸ ਵੇਲੇ ਸੀਰੀਆ ਕਿਸੇ ਮੁਲਕ ਦਾ ਨਾਮ ਨਹੀਂ ਹੈ। ਇਹ ਸਾਮਰਾਜ ਖ਼ਿਲਾਫ਼ ਨਾਬਰੀ ਦਾ ਬਿੰਬ ਹੈ ਜਿਸ ਦੇ ਗੁਣ-ਔਗੁਣ ਬਸ਼ਰ ਅਲ-ਅਸਦ ਜਾਂ ਉਸ ਦੀ ਸਰਕਾਰ ਵਿੱਚੋਂ ਨਹੀਂ ਲੱਭੇ ਜਾਣੇ ਚਾਹੀਦੇ। ਸੀਰੀਆ ਇਸ ਵੇਲੇ ਅਮਰੀਕੀ ਗ਼ਲਬੇ ਉੱਤੇ ਸਵਾਲ ਕਰ ਕੇ ਮਨੁੱਖ ਦੀ ਬੰਦਖਲਾਸੀ ਅਤੇ ਜਮਹੂਰੀਅਤ ਦੇ ਮਸਲੇ ਪੇਸ਼ ਕਰਨ ਦਾ ਮੌਕਾ ਹੈ ਜੋ ਖੁੰਝਾਇਆ ਨਹੀਂ ਜਾਣਾ ਚਾਹੀਦਾ।

(ਇਹ ਲੇਖ 12 ਸਤੰਬਰ 2013 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ।)