Showing posts with label War against terror. Show all posts
Showing posts with label War against terror. Show all posts

Wednesday, April 08, 2015

ਸੁਆਲ-ਸੰਵਾਦ: ਨਿਜ਼ਾਮ ਅਤੇ ਅਤਿਵਾਦ ਦੀ ਘੇਰਾਬੰਦੀ ਵਿੱਚ ਫਸੇ ਮਨੁੱਖੀ ਸਰੋਕਾਰ

ਦਲਜੀਤ ਅਮੀ


ਤਿੰਨ ਵਾਰ ਰਾਸ਼ਟਰਪਤੀ ਵੱਲੋਂ ਪਰਤਾਇਆ ਗਿਆ ਬਿੱਲ ਗੁਜਰਾਤ ਵਿਧਾਨ ਸਭਾ ਨੇ ਚੌਥੀ ਵਾਰ ਪ੍ਰਵਾਨ ਕਰ ਲਿਆ ਹੈ। ਹੁਣ ਇਹ ਬਿੱਲ ਕੇਂਦਰ ਸਰਕਾਰ ਦੀ ਪ੍ਰਵਾਨਗੀ ਲਈ ਜਾਣ ਵਾਲਾ ਹੈ ਅਤੇ ਕੇਂਦਰੀ ਗ੍ਰਹਿ-ਮੰਤਰਾਲੇ ਮੁਤਾਬਕ 'ਬਦਲੇ ਹਾਲਾਤ' ਵਿੱਚ 'ਨਵੀਂ ਸਰਕਾਰ ਦੀ ਸਖ਼ਤ ਨੀਤੀ' ਇਸ ਦਾ ਰਾਹ ਪੱਧਰਾ ਕਰਨ ਵਿੱਚ ਸਹਾਈ ਹੋਵੇਗੀ। ਗੁਜਰਾਤ ਕੰਟਰੋਲ ਆਫ਼ ਟੈਰੋਰਿਜਮ ਐਂਡ ਔਰਗੇਨਾਈਜਡ ਕਰਾਇਮ ਬਿੱਲ ਬਾਰੇ ਬਹਿਸ ਚੱਲ ਰਹੀ ਹੈ ਕਿ ਇਹ ਪਹਿਲਾਂ ਖ਼ਤਮ ਕੀਤੇ ਗਏ 'ਪੋਟਾ' ਅਤੇ 'ਟਾਡਾ' ਵਰਗੇ ਕਾਨੂੰਨਾਂ ਦਾ ਸਖ਼ਤ ਰੂਪ ਹੈ। 'ਪੋਟਾ' ਅਤੇ 'ਟਾਡਾ' ਨੂੰ ਮਨੁੱਖੀ ਹਕੂਕ ਦੇ ਉਲੰਘਣ ਅਤੇ ਲਾਗੂ ਕਰਨ ਵਾਲੇ ਅਦਾਰਿਆਂ ਦੇ ਆਪਹੁਦਰੇਪਣ ਕਾਰਨ ਖ਼ਤਮ ਕੀਤਾ ਗਿਆ ਸੀ। ਇਹ ਸੁਆਲ ਤਾਂ ਪੁੱਛਣਾ ਬਣਦਾ ਹੀ ਹੈ ਕਿ ਆਖ਼ਰ ਗੁਜਰਾਤ ਸਰਕਾਰ ਇਸ ਬਿੱਲ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਏਨੀ ਤਹੂ ਕਿਉਂ ਹੈ? ਪਹਿਲਾਂ ਇਹ ਬਿੱਲ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਹੁੰਦਿਆਂ ਕੇਂਦਰ ਸਰਕਾਰ ਨੂੰ ਪ੍ਰਵਾਨਗੀ ਲਈ ਤਿੰਨ ਵਾਰ ਭੇਜਿਆ ਗਿਆ ਸੀ। ਹੁਣ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਇਸ ਨੂੰ ਕਾਨੂੰਨੀ ਰੁਤਬਾ ਦਿਵਾਉਣ ਲਈ ਅਸਰਅੰਦਾਜ਼ ਹੋਣਾ ਹੈ। ਨਰਿੰਦਰ ਮੋਦੀ ਦੀ ਅਸਰਅੰਦਾਜ਼ੀ ਤੋਂ ਤਾਂ ਕੋਈ ਧਿਰ ਮੁਨਕਰ ਨਹੀਂ ਹੈ ਪਰ ਪੇਸ਼ਕਾਰੀ ਵਿੱਚ ਇਸ ਨੂੰ 'ਤਾਕਤ ਦੀ ਦੂਰਵਰਤੋਂ' ਤੋਂ ਲੈ ਕੇ 'ਏਕਤਾ, ਅਖੰਡਤਾ, ਸੁਰੱਖਿਆ ਅਤੇ ਖੁਦਮੁਖ਼ਤਿਆਰੀ ਦੇ ਸੁਆਲਾਂ ਸਾਹਮਣੇ ਅਣਸਰਦੀ ਲੋੜ' ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਦਰਅਸਲ ਮੁੱਦਾ ਮੋਦੀ ਤੋਂ ਵਡੇਰਾ ਅਤੇ ਅਹਿਮ ਹੈ। 

ਗੁਜਰਾਤ ਸਰਕਾਰ ਦੀ ਇਸ ਪਹਿਲਕਦਮੀ ਨੂੰ ਮੋਦੀ ਦੀ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ। ਸ਼ੱਕੀ ਪੁਲਿਸ ਮੁਕਾਬਲਿਆਂ, ਸਿਆਸਤਦਾਨਾਂ ਉੱਤੇ ਲੱਗੇ ਇਲਾਜ਼ਾਮਾਂ, ਦਰਜ ਹੋਏ ਮੁਕੱਦਮਿਆਂ ਅਤੇ ਅਦਾਲਤੀ ਫ਼ੈਸਲਿਆਂ ਦੇ ਨਾਲ-ਨਾਲ ਕਈ ਪੁਲਿਸ ਅਫ਼ਸਰਾਂ ਦੇ ਬਿਆਨ ਚਰਚਾ ਵਿੱਚ ਆਉਂਦੇ ਰਹੇ ਹਨ। ਅਮਿਤ ਸ਼ਾਹ, ਮਾਇਆ ਕੋਦਨਾਨੀ ਤੋਂ ਲੈ ਕੇ ਵੰਜਾਰਾ ਅਤੇ ਸੰਜੀਵ ਭੱਟ ਦੇ ਮਾਮਲੇ ਵੱਖ-ਵੱਖ ਹੋਣ ਦੇ ਨਾਲ-ਨਾਲ ਇੱਕ ਰੁਝਾਨ ਦੀਆਂ ਕੜੀਆਂ ਜਾਪਦੇ ਹਨ। ਮੌਜੂਦਾ ਕੌਮਾਂਤਰੀ ਹਾਲਾਤ ਅਤੇ ਕੇਂਦਰੀ ਸਰਕਾਰ ਦੇ ਝੁਕਾਅ ਦੇ ਨਾਲ-ਨਾਲ ਵਿੱਤੀ ਪੂੰਜੀ, ਵਿਕਾਸ ਅਤੇ ਵਿਦੇਸ਼ੀ ਨਿਵੇਸ਼ ਵਰਗੀਆਂ ਧਾਰਨਾਵਾਂ ਨੂੰ ਅਤਿਵਾਦ ਦੇ ਖ਼ਤਰੇ ਨਾਲ ਜੋੜ ਕੇ ਸਮਝਿਆ ਜਾਣਾ ਜ਼ਰੂਰੀ ਹੈ। ਇਹ ਪੇਚੀਦਾ ਮਾਮਲਾ ਹੈ ਅਤੇ ਕੁਝ ਚੋਣਵੇਂ ਤੱਥਾਂ ਨਾਲ ਹਰ ਤਰ੍ਹਾਂ ਦੀ ਸਮਝ ਦੀ ਤਸਦੀਕ ਕੀਤੀ ਜਾ ਸਕਦੀ ਹੈ। ਇਸ ਵੇਲੇ ਸਮੁੱਚੀਆਂ ਸਿਆਸੀ ਪਾਰਟੀਆਂ ਚੋਣਵੇਂ ਤੱਥਾਂ ਰਾਹੀਂ ਹੀ ਆਪਣੀ ਦਲੀਲ ਪੇਸ਼ ਕਰਨ ਵਿੱਚ ਲੱਗੀਆਂ ਹੋਈਆਂ ਹਨ। ਜ਼ਿਆਦਾਤਰ ਸਿਆਸੀ ਪਾਰਟੀਆਂ ਲਈ ਇਹ ਸੁਆਲ 'ਹਾਲਾਤ (ਸਰਕਾਰ) ਬਦਲਣ ਨਾਲ ਬਦਲ' ਜਾਂਦੇ ਹਨ ਪਰ ਕਾਨੂੰਨ ਦੇ ਨਾਮ ਅਤੇ ਸਰਕਾਰ ਤੋਂ ਇਲਾਵਾ ਅਜਿਹੀਆਂ ਕਾਨੂੰਨੀ ਪਹਿਲਕਦਮੀਆਂ ਦੇ ਰੁਝਾਨ ਉੱਤੇ ਅਸਰਅੰਦਾਜ਼ ਹਾਲਾਤ, ਸੋਚ ਅਤੇ ਤੱਥ ਇੱਕਸਾਰ ਰਹਿੰਦੇ ਹਨ। ਪਹਿਲਾਂ ਇਸ ਕਾਨੂੰਨ ਦੀਆਂ ਕੁਝ ਧਾਰਾਵਾਂ ਦਾ ਜ਼ਿਕਰ ਜ਼ਰੂਰੀ ਹੈ। 

ਇਸ ਕਾਨੂੰਨ ਮੁਤਾਬਕ ਹਰ ਤਰ੍ਹਾਂ ਦੇ ਸੰਚਾਰ ਸਬੂਤ ਨੂੰ ਅਦਾਲਤ ਵਿੱਚ ਪ੍ਰਵਾਨ ਕੀਤਾ ਜਾ ਸਕੇਗਾ। ਮੌਜੂਦਾ ਸੰਚਾਰ ਤਕਨੀਕ ਰਾਹੀਂ ਹੁੰਦਾ ਮਨੁੱਖੀ ਰਾਬਤਾ ਜੇ ਸਬੂਤ ਵਜੋਂ ਦਰਜ ਕੀਤਾ ਜਾ ਸਕੇਗਾ ਤਾਂ ਨਿਗਰਾਨੀ ਦੇ ਨਾਮ ਉੱਤੇ ਇਸ ਨੂੰ ਸਰਕਾਰ ਦੇ ਘੇਰੇ ਵਿੱਚ ਲਿਆਉਣਾ ਜ਼ਰੂਰੀ ਮੰਨਿਆ ਜਾਵੇਗਾ। 'ਸਬੂਤ' ਜਾਂ 'ਕਾਰਵਾਈ ਯੋਗ ਜਾਣਕਾਰੀ' ਦੇ ਨਾਮ ਉੱਤੇ ਸਮੁੱਚੇ ਸੰਚਾਰ ਪ੍ਰਬੰਧ ਨੂੰ ਸੁਰੱਖਿਆ 'ਮਾਹਰਾਂ' ਦੇ ਹਵਾਲੇ ਕੀਤਾ ਜਾਣਾ ਗੂਗਲ ਵਰਗੀ ਕੰਪਨੀ ਦਾ ਅਮਰੀਕੀ ਵਿਦੇਸ਼ ਨੀਤੀ ਦੀ ਝੰਡਾ-ਬਰਦਾਰ ਹੋਣ ਨਾਲ ਜਾ ਜੁੜਦਾ ਹੈ। ਜੇ ਅਮਰੀਕਾ ਦਾ ਪੈਟਰੀਓਟ ਐਕਟ ਦੂਜੇ ਮੁਲਕਾਂ ਲਈ ਮਿਸਾਲੀ ਹੈ ਤਾਂ ਗੂਗਲ ਅਤੇ ਅਮਰੀਕੀ ਵਿਦੇਸ਼ ਨੀਤੀ ਦੀ ਸਾਂਝ ਵੀ ਰਾਹ ਦਰਸਾਵਾਂ ਹੈ। ਜੂਲੀਅਨ ਅਸਾਂਜ ਦੀ ਕਿਤਾਬ 'ਵੈੱਨ ਗੂਗਲ ਮੈੱਟ ਵਿੱਕੀਲੀਕਜ਼' ਵਿੱਚ ਗੂਗਲ ਦੀ ਕਾਰਗੁਜ਼ਾਰੀ ਦੀ ਤਫ਼ਸੀਲ ਦਿੰਦਾ ਹੈ ਜੋ ਅਮਰੀਕੀ ਵਿਦੇਸ਼ ਨੀਤੀ ਦੀ ਥਾਹ ਪਾਉਣ ਦਾ ਵਸੀਲਾ ਬਣਦੀ ਹੈ। ਇੱਕ ਪਾਸੇ ਜਾਣਕਾਰੀ ਦੇ ਹਰ ਤਬਾਦਲੇ ਨੂੰ ਸੁਰੱਖਿਆ ਨਾਲ ਜੋੜਣ ਅਤੇ ਦੂਜੇ ਪਾਸੇ ਨਿੱਜੀ ਕੰਪਨੀਆਂ ਰਾਹੀਂ ਸ਼ਹਿਰੀਆਂ ਦੇ ਹਰ ਭੇਦ ਨੂੰ ਸੇਂਧ ਲਗਾਉਣ ਦਾ ਇਹ ਰੁਝਾਨ ਮੁੱਖ ਮੰਤਰੀ ਵਜੋਂ ਨਰਿੰਦਰ ਮੋਦੀ ਵੱਲੋਂ 'ਬਾਪ ਦੀ ਸ਼ਿਕਾਇਤ ਉੱਤੇ ਕਰਵਾਈ ਧੀ ਦੀ ਜਸੂਸੀ' ਨਾਲ ਜਾ ਜੁੜਦੀ ਹੈ। 

ਨਵੇਂ ਕਾਨੂੰਨ ਦੀ ਤਜਵੀਜ਼ ਮੁਤਾਬਕ ਸੁਪਰਡੈਂਟ ਤੋਂ ਸ਼ੁਰੂ ਕਰ ਕੇ ਉਪਰਲੇ ਪੁਲਿਸ ਅਫ਼ਸਰਾਂ ਕੋਲ ਦਿੱਤਾ ਗਿਆ ਬਿਆਨ ਅਦਾਲਤੀ ਸਬੂਤ ਵਜੋਂ ਪ੍ਰਵਾਨ ਕੀਤਾ ਜਾਵੇਗਾ। ਹੁਣ ਤੱਕ ਕਾਨੂੰਨ ਤਹਿਤ ਸਬੂਤ ਇਕੱਠੇ ਕਰਨ ਲਈ ਮੁਲਜ਼ਮ ਦਾ ਪੁਲਿਸ ਕੋਲ ਦਿੱਤਾ ਬਿਆਨ ਅਦਾਲਤੀ ਕਾਰਵਾਈ ਵਿੱਚ ਸਬੂਤ ਵਜੋਂ ਪ੍ਰਵਾਨ  ਕੀਤਾ ਜਾਂਦਾ ਹੈ। ਸੁਰੱਖਿਆ ਨਾਲ ਜੁੜੇ ਹਰ ਨਵੇਂ ਕਾਨੂੰਨ ਵਿੱਚ ਇਹੋ ਤਜਵੀਜ਼ ਲਗਾਤਾਰ ਆਈ ਹੈ ਕਿ ਪੁਲਿਸ ਕੋਲ ਦਰਜ ਬਿਆਨ ਨੂੰ ਸਬੂਤ ਵਜੋਂ ਪ੍ਰਵਾਨ ਕੀਤਾ ਜਾਵੇ। ਇਸ ਧਾਰਨਾ ਦਾ 'ਟਾਡਾ', 'ਪੋਟਾ' ਅਤੇ 'ਅਫ਼ਸਪਾ' ਤੋਂ ਵਡੇਰਾ ਇਤਿਹਾਸ ਹੈ ਜੋ ਪੁਲਿਸ ਦੀਆਂ ਆਪਹੁਦਰੀਆਂ ਨਾਲ ਭਰਿਆ ਪਿਆ ਹੈ। ਪੁਲਿਸ ਵੱਲੋਂ ਤਿਆਰ ਲਿਖਤੀ ਚੌਖਟੇ ਵਿੱਚ ਮਾਮਲਾ ਲਿਆਉਣ ਦੀਆਂ ਕਿੰਨੀਆਂ ਮਿਸਾਲਾਂ ਇਤਿਹਾਸ ਵਿੱਚ ਦਰਜ ਹਨ ਜਿਨ੍ਹਾਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਗਵਾਹੀਆਂ ਅਤੇ ਬਰਾਮਦਗੀਆਂ ਦੀਆਂ ਕਹਾਣੀਆਂ ਵਿੱਚ ਸਿਰਫ਼ ਤਰੀਕਾਂ, ਨਾਮ ਅਤੇ ਥਾਂਵਾਂ ਬਦਲਦੀ ਹੈ। ਇਸ ਤਜਵੀਜ਼ ਵਿੱਚ ਇਹ ਧਾਰਨਾ ਨਿਹਤ ਹੈ ਕਿ ਵੱਡੇ ਅਫ਼ਸਰ ਜ਼ਿਆਦਾ ਨੇਕ ਅਤੇ ਸੁਹਿਰਦ ਹਨ। ਜਦੋਂ ਉੱਚੇ ਅਹੁਦੇ ਸਿਆਸਤਦਾਨਾਂ ਦੇ ਇਸ਼ਾਰੇ ਨਾਲ ਮਿਲਦੇ ਅਤੇ ਥਾਣੇਦਾਰ ਮੁਕਾਮੀ ਸਿਆਸਤਦਾਨ ਦੀ ਪਸੰਦ-ਨਾਪਸੰਦ ਨਾਲ ਲੱਗਦੇ ਹਨ ਤਾਂ ਇਹ ਤਜਵੀਜ਼ ਮੂੰਹਜ਼ੋਰੀ ਨੂੰ ਮਜ਼ਬੂਤ ਕਰਨ ਦਾ ਮਸ਼ਕ ਜਾਪਦੀ ਹੈ। ਪੁਲਿਸ ਮਹਿਕਮੇ ਦੇ ਕੰਮ ਤੋਂ ਸਭ ਜਾਣੂ ਹਨ ਕਿ ਵੱਡੇ ਅਫ਼ਸਰਾਂ ਨੇ ਮੁਲਾਜ਼ਮਾਂ ਤੋਂ ਕੰਮ ਕਰਵਾ ਕੇ ਆਪਣੀ ਹਾਜ਼ਰੀ ਦੀ ਗਵਾਹੀ ਲਈ ਦਸਤਖ਼ਤ ਕਰਨੇ ਹੁੰਦੇ ਹਨ। ਇਸ ਤਰ੍ਹਾਂ ਜੇ ਇਸ ਤਜਵੀਜ਼ ਦੀ 'ਉੱਚੇ ਅਫ਼ਸਰਾਂ ਦੀ ਸੁਹਿਰਦਤਾ' ਵਾਲੀ ਮਨੌਤ ਨੂੰ ਮੰਨ ਵੀ ਲਿਆ ਜਾਵੇ ਤਾਂ ਵੀ ਪੁਲਿਸ ਮਹਿਕਮੇ ਦੇ ਕੰਮ-ਤਰੀਕੇ ਵਿੱਚ ਇਹ ਬੇਮਾਅਨਾ ਦਲੀਲ ਹੈ। 

ਗੁਜਰਾਤ ਵਿਧਾਨ ਸਭਾ ਵੱਲੋਂ ਪ੍ਰਵਾਨ ਕੀਤੇ ਬਿੱਲ ਮੁਤਾਬਕ ਇਸ ਦੀ ਦੂਰਵਰਤੋਂ ਨੂੰ ਰੋਕਣ ਲਈ ਡਿਪਟੀ ਸੁਪਰਡੈਂਟ ਜਾਂ ਉਸ ਤੋਂ ਵਡੇਰਾ ਅਫ਼ਸਰ ਹੀ ਮਾਮਲਾ ਦਰਜ ਕਰ ਸਕਦਾ ਹੈ ਅਤੇ ਇਲਜ਼ਾਮ ਦਰਜ ਕਰਨ ਵੇਲੇ ਅਡੀਸ਼ਨਲ ਡਾਈਰੈਕਟਰ ਜਨਰਲ ਦੀ ਇਜਾਜ਼ਤ ਜ਼ਰੂਰੀ ਹੈ। ਇਹ ਤਜਵੀਜ਼ ਵੀ ਉਪਰਲੇ ਅਫ਼ਸਰਾਂ ਦੀ 'ਦਿਆਨਤਦਾਰੀ' ਵਾਲੀ ਦਲੀਲ ਨਾਲ ਜੁੜੀ ਹੋਈ ਹੈ। ਸਾਡੇ ਮੁਲਕ ਦੇ ਤਕਰੀਬਨ ਹਰ ਸੂਬੇ ਦਾ ਤਜਰਬਾ ਹੈ ਕਿ ਲੋੜ ਪੈਣ ਉੱਤੇ ਸਰਕਾਰਾਂ ਚੋਣਵੇਂ ਮੁਲਾਜ਼ਮਾਂ ਨੂੰ ਆਰਜ਼ੀ ਜਾਂ ਵਕਤੀ ਤਰੱਕੀਆਂ ਦਿੰਦੀਆਂ ਹਨ। ਪੰਜਾਬ ਵਿੱਚ ਸਿਪਾਹੀਆਂ ਨੂੰ ਥਾਣੇਦਾਰ ਬਣਾਉਣ ਦੀਆਂ ਕਿੰਨੀਆਂ ਮਿਸਾਲਾਂ ਹਨ। ਕਈ ਮੁਲਾਜ਼ਮ ਤਕਰੀਬਨ ਸਾਰੀ ਨੌਕਰੀ ਛੋਟੇ-ਵੱਡੇ ਇੰਸਪੈਕਟਰਾਂ ਵਜੋਂ ਕਰਕੇ ਸੇਵਾਮੁਕਤ ਹੋਣ ਵਾਲੇ ਹਨ ਜਾਂ ਹੋ ਗਏ ਹਨ ਪਰ ਕਾਗ਼ਜ਼ਾਂ ਵਿੱਚ ਉਹ ਹੌਲਦਾਰੀਆਂ ਵੀ ਹਾਸਲ ਨਹੀਂ ਕਰ ਸਕੇ।  
ਜਮਹੂਰੀਅਤ ਵਿੱਚ ਹਰ ਸਰਕਾਰੀ ਅਦਾਰੇ ਅਤੇ ਮੁਲਾਜ਼ਮ ਦੀ ਜ਼ਿੰਮੇਵਾਰੀ ਅਤੇ ਜੁਆਬਦੇਹੀ ਹੋਣੀ ਬਣਦੀ ਹੈ। ਗੁਜਰਾਤ ਵਾਲਾ ਬਿੱਲ ਪੁਲਿਸ ਮੁਲਾਜ਼ਮਾਂ ਨੂੰ ਜੁਆਬਦੇਹੀ ਦੇ ਘੇਰੇ ਵਿੱਚੋਂ ਬਾਹਰ ਕੱਢ ਦਿੰਦਾ ਹੈ। ਦਲੀਲ ਇਹ ਦਿੱਤੀ ਗਈ ਹੈ 'ਜੋ ਕੁਝ ਨੇਕ ਇਰਾਦੇ ਨਾਲ ਕੀਤਾ ਗਿਆ ਹੈ ਜਾਂ ਕਰਨ ਦਾ ਓਪਰਾਲਾ ਕੀਤਾ ਗਿਆ ਹੈ।' ਲਈ ਮੁਲਾਜ਼ਮਾਂ ਦੀ ਜੁਆਬਤਲਬੀ ਨਹੀਂ ਹੋਵੇਗੀ। ਇਸ ਹਵਾਲੇ ਨਾਲ ਇਹ ਕਾਨੂੰਨ 'ਅਫਸਪਾ' ਦੇ ਨੇੜੇ ਢੁੱਕਦਾ ਹੈ ਜਿਸ ਦੀ ਕਾਰਗੁਜ਼ਾਰੀ ਜਮਹੂਰੀਅਤ ਤੋਂ ਬਿਨਾਂ ਕੁਝ ਵੀ ਕਰਾਰ ਦਿੱਤੀ ਜਾ ਸਕਦੀ ਹੈ। ਗੁਜਰਾਤ ਵਾਲੇ ਬਿੱਲ ਦੀ ਤਜਵੀਜ਼ ਮੁਤਾਬਕ ਕਿਸੇ ਵੀ ਮੁਲਜ਼ਮ ਨੂੰ ਤੀਹ ਦਿਨਾਂ ਤੱਕ ਪੁਲਿਸ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ ਅਤੇ ਪੁਲਿਸ ਨੂੰ ਚਲਾਨ ਪੇਸ਼ ਕਰਨ ਲਈ ਛੇ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ। ਇਸ ਬਿੱਲ ਤਹਿਤ ਦਰਜ ਕੀਤੀ ਸ਼ਿਕਾਇਤ ਵਾਲਾ ਮਾਮਲਾ ਗ਼ੈਰ-ਜ਼ਮਾਨਤੀ ਹੋਵੇਗਾ। ਮਤਲਬ ਇੱਕ ਵਾਰ ਗ੍ਰਿਫ਼ਤਾਰ ਹੋਣ ਤੋਂ ਬਾਅਦ ਛੇ ਮਹੀਨੇ ਦੀ ਕੈਦ ਤਾਂ ਘੱਟ ਤੋਂ ਘੱਟ ਹੋ ਹੀ ਜਾਵੇਗੀ। 
  
ਮੌਜੂਦਾ ਤਜਵੀਜ਼ ਦੇ ਪੱਖ ਵਿੱਚ ਮਹਾਂਰਾਸ਼ਟਰ ਕੰਟਰੋਲ ਆਫ਼ ਕਰਾਇਮ ਐਕਟ (ਮਕੋਕਾ)-1999 ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਮਕੋਕਾ ਦੀ ਕਾਰਗੁਜ਼ਾਰੀ ਦਾ ਅਧਿਐਨ ਕਰਨ ਲਈ ਮਹਾਂਰਾਸ਼ਟਰ ਸਰਕਾਰ ਨੇ ਧਰਮਅਧਿਕਾਰੀ ਕਮੇਟੀ ਬਣਾਈ ਸੀ ਜਿਸ ਨੇ ਇਸ ਕਾਨੂੰਨ ਦੀ ਕਾਰਗੁਜ਼ਾਰੀ ਉੱਤੇ ਤਸੱਲੀ ਪ੍ਰਗਟਾਈ ਸੀ। ਇਸ ਕਾਨੂੰਨ ਤਹਿਤ ਤਕਰੀਬਨ ਚਾਲੀ ਮਾਮਲੇ ਸਲਾਨਾ ਦਰਜ ਕੀਤੇ ਜਾਂਦੇ ਹਨ ਅਤੇ ਹਰ ਮਾਮਲੇ ਵਿੱਚ ਛੇ-ਸੱਤ ਗ੍ਰਿਫ਼ਤਾਰੀਆਂ ਹੁੰਦੀਆਂ ਹਨ। ਇਨ੍ਹਾਂ ਅੰਕੜਿਆਂ ਨੂੰ ਨਿਗੂਣੇ ਕਰਾਰ ਦੇ ਕੇ ਕਾਰਗੁਜ਼ਾਰੀ ਤਸੱਲੀਬਖ਼ਸ਼ ਕਰਾਰ ਦਿੱਤੀ ਗਈ ਹੈ। ਇਹ ਹਵਾਲਾ ਨਹੀਂ ਦਿੱਤਾ ਗਿਆ ਕਿ ਕਿੰਨੇ ਮੁਲਜ਼ਮਾਂ ਖ਼ਿਲਾਫ਼ ਅਦਾਲਤ ਵਿੱਚ ਇਲਜ਼ਾਮ ਸਾਬਤ ਨਹੀਂ ਹੋ ਸਕੇ। ਇਨਸਾਫ਼ ਦੀ ਧਾਰਨਾ ਤਾਂ ਇਸ ਬੁਨਿਆਦ ਉੱਤੇ ਟਿਕੀ ਹੈ ਕਿ ਬੇਗੁਨਾਹ ਨਹੀਂ ਫਸਣਾ ਚਾਹੀਦਾ ਪਰ ਅਜਿਹੇ ਕਾਨੂੰਨਾਂ ਦਾ ਬੁਨਿਆਦੀ ਖ਼ਾਸਾ ਉਲਟਾ ਹੈ। ਇਨ੍ਹਾਂ ਦਾ ਕਾਰਗੁਜ਼ਾਰੀ ਦੱਸਦੀ ਹੈ ਕਿ 'ਗੁਨਾਹਗ਼ਾਰ ਤੱਕ ਪਹੁੰਚਣ ਲਈ ਬੇਗੁਨਾਹਾਂ ਦੀ ਬਲੀ' ਲਈ ਜਾ ਸਕਦੀ ਹੈ। ਜਦੋਂ ਸਰਕਾਰ ਬਲੀ ਲੈਣ ਉੱਤੇ ਉੱਤਰ ਆਵੇ ਤਾਂ ਹਰ ਗਿਣਤੀ ਨਿਗੂਣੀ ਹੀ ਰਹੇਗੀ।

ਇਸ ਬਿੱਲ ਦਾ ਕਾਨੂੰਨ ਬਣਨਾ ਜਾਂ ਨਾ ਬਣਨਾ ਸਿਧਾਂਤਕ ਪੱਖੋਂ ਬੇਮਾਅਨਾ ਹੈ। ਇਹ ਨਿਜ਼ਾਮ ਦੇ ਝੁਕਾਅ ਨੂੰ ਪੇਸ਼ ਕਰਦਾ ਹੈ। ਇਹ ਮੌਜੂਦਾ ਨਿਜ਼ਾਮ ਦੇ 'ਅਤਿਵਾਦ ਮੁਖੀ' ਖ਼ਾਸੇ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਏਕਤਾ, ਅਖੰਡਤਾ, ਸੁਰੱਖਿਆ ਅਤੇ ਖੁਦਮੁਖ਼ਤਿਆਰੀ ਦੇ ਸੁਆਲ ਆਵਾਮ ਉੱਤੇ ਲੱਗਣ ਵਾਲੀਆਂ ਪਾਬੰਦੀਆਂ ਦਾ ਸਬੱਬ ਬਣਦੇ ਹਨ। ਇਹ ਸ਼ਖ਼ਸ਼ੀ ਆਜ਼ਾਦੀ ਦੇ ਸੁਆਲ ਨੂੰ ਮੂਲੋਂ ਖ਼ਾਰਜ ਕਰ ਦੇਣ ਦਾ ਮਸਲਾ ਹੈ। ਇਹ ਮਨੁੱਖ ਨੂੰ ਸੀਲ ਕਰਨ ਲਈ ਕੀਤਾ ਮੂੰਹਜ਼ੋਰ ਸਰਕਾਰੀ ਹਮਲਾ ਹੈ। ਜੇ ਜੁਆਬਦੇਹੀਆਂ ਨੂੰ ਯਕੀਨੀ ਨਹੀਂ ਬਣਾਉਣਾ ਅਤੇ ਸਰਕਾਰੀ ਅਦਾਰਿਆਂ ਨੂੰ ਆਪਹੁਦਰੀਆਂ ਤਾਕਤਾਂ ਦੇਣੀਆਂ ਹਨ ਤਾਂ ਇਸ ਨਿਜ਼ਾਮ ਨਾਲ ਮਨੁੱਖ ਦਾ ਕੀ ਰਿਸ਼ਤਾ ਬਣਦਾ ਹੈ? 

ਪਿਛਲੇ ਦੋ-ਢਾਈ ਦਹਾਕਿਆਂ ਵਿੱਚ ਅਜਿਹੇ ਕਾਨੂੰਨ ਜ਼ਿਆਦਾਤਰ ਮੁਲਕਾਂ ਵਿੱਚ ਬਣਾਏ ਗਏ ਹਨ। ਇਨ੍ਹਾਂ ਕਾਨੂੰਨਾਂ ਨੂੰ ਵਿੱਤੀ ਪੂੰਜੀ, ਵਿਕਾਸ ਅਤੇ ਵਿਦੇਸ਼ੀ ਨਿਵੇਸ਼ ਦੇ ਨਾਲ-ਨਾਲ ਮੁਲਕ ਦੀ ਏਕਤਾ, ਅਖੰਡਤਾ, ਸੁਰੱਖਿਆ ਅਤੇ ਖੁਦਮੁਖ਼ਤਿਆਰੀ ਨਾਲ ਜੋੜਿਆ ਗਿਆ ਹੈ। ਇਹ ਸਾਰੀਆਂ ਧਾਰਨਾਵਾਂ ਦਾ ਜਮ੍ਹਾਂਜੋੜ ਮੌਜੂਦਾ ਨਿਜ਼ਾਮ ਅਤੇ ਆਵਾਮ ਦੇ ਰਿਸ਼ਤੇ ਦੀਆਂ ਰਮਜ਼ਾਂ ਖੋਲ੍ਹਦਾ ਹੈ। ਵਿੱਤੀ ਪੂੰਜੀ ਅਤੇ ਵਿਦੇਸ਼ੀ ਨਿਵੇਸ਼ ਨੂੰ ਕੇਂਦਰ ਵਿੱਚ ਰੱਖ ਕੇ ਅਤਿਵਾਦ ਖ਼ਿਲਾਫ਼ ਲੜਾਈ ਵਿੱਢੀ ਗਈ ਹੈ। ਅਤਿਵਾਦ ਨੂੰ ਪੈਦਾ ਕਰਨ ਵਾਲੇ ਹਾਲਾਤ ਅਤੇ ਕਾਰਨ ਨਜ਼ਰਅੰਦਾਜ਼ ਕਰ ਦਿੱਤੇ ਗਏ ਹਨ। ਅਮਰੀਕੀ ਗ਼ਲਬੇ ਵਾਲੇ ਆਲਮੀ ਨਿਜ਼ਾਮ ਦੀਆਂ ਵਿਦੇਸ਼ ਨੀਤੀਆਂ, ਵੱਡੀਆਂ ਕੰਪਨੀਆਂ ਦਾ ਪਸਾਰਾ ਅਤੇ (ਗ਼ੈਰ-ਇਸਲਾਮੀ) ਬੁਨਿਆਦਪ੍ਰਸਤੀ ਆਪਣੀਆਂ ਮੁਹਿੰਮਾਂ ਨੂੰ ਹੋਰ ਮੂੰਹਜ਼ੋਰ ਕਰਨ ਲਈ ਇਸਲਾਮੀ ਖ਼ਤਰੇ ਦਾ ਸਹਾਰਾ ਲੈ ਰਹੀ ਹੈ। ਦਰਅਸਲ ਆਲਮੀ ਨਿਜ਼ਾਮ ਦੀਆਂ ਮੁਹਿੰਮਾਂ ਅਤੇ ਅਤਿਵਾਦ ਦਾ ਖ਼ਾਸਾ ਸਖ਼ਤੀ ਅਤੇ ਸ਼ਰਧਾ ਦੇ ਮਾਮਲਿਆਂ ਵਿੱਚ ਇੱਕ ਹੋ ਜਾਂਦਾ ਹੈ। ਇਸ ਰੁਝਾਨ ਵਿੱਚ ਮਨੁੱਖ ਨੂੰ ਕਾਨੂੰਨ ਦੇ ਖੁੱਡਿਆਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਜੋ ਆਪਣੇ ਪਿੰਡੇ ਉੱਤੇ ਸਖ਼ਤੀ ਹੰਢਾਉਣ ਲਈ ਆਜ਼ਾਦ ਹੈ। ਉਸ ਨੂੰ ਸ਼ਰਧਾ ਤਹਿਤ ਸਭ ਕੁਝ ਪ੍ਰਵਾਨ ਕਰਨ ਦੀ ਖੁੱਲ੍ਹ ਹੈ। ਮੰਡੀ ਦਾ ਮੁਨਾਫ਼ਾ ਬਣਨ ਲਈ ਉਸ ਨੂੰ ਸੀਲ ਖ਼ਪਤਕਾਰ ਹੋਣ ਦੀ ਛੁੱਟੀ ਹੈ। ਜੇ ਇੱਕ ਪਾਸੇ ਅਤਿਵਾਦੀ ਮੁੰਹਿਮਾਂ ਹਰ ਤਰ੍ਹਾਂ ਦੀ ਕਿਆਸੀ-ਅਣਕਿਆਸੀ ਨਾਬਰੀ ਦੇ ਆਹੂ ਲਾਹ ਰਹੀਆਂ ਹਨ ਤਾਂ ਦੂਜੇ ਪਾਸੇ ਨਿਜ਼ਾਮ ਆਵਾਮ ਨੂੰ ਸੀਲ ਕਰਨ ਦੇ ਕਾਨੂੰਨੀ ਦੰਦ ਤਿੱਖੇ ਕਰ ਰਿਹਾ ਹੈ। ਇਹ ਕਾਨੂੰਨ ਇੱਕ ਪਾਸੇ ਵਿੱਤੀ ਪੂੰਜੀ ਲਈ ਰਿਆਇਤਾਂ, ਛੋਟਾਂ ਅਤੇ ਕਾਨੂੰਨ ਦੇ ਘੇਰੇ ਤੋਂ ਬਾਹਰ ਟਾਪੂ ਸਿਰਜ ਰਹੀਆਂ ਹਨ ਤਾਂ ਦੂਜੇ ਪਾਸੇ ਹਰ ਸੁਆਲ ਨੂੰ ਏਕਤਾ, ਅਖੰਡਤਾ, ਸੁਰੱਖਿਆ ਅਤੇ ਖੁਦਮੁਖ਼ਤਿਆਰੀ ਨਾਲ ਜੋੜ ਰਹੀਆਂ ਹਨ। ਦੋਵੇਂ ਧਿਰਾਂ ਵਿਤਕਰੇ, ਨਾਇਨਸਾਫ਼ੀ ਅਤੇ ਬੇਦਲੀਲੀ ਨੂੰ ਪੱਕੇ ਪੈਰੀਂ ਕਰ ਰਹੀਆਂ ਹਨ। ਮੋਬਾਈਲ ਫੋਨਾਂ, ਸੀ.ਸੀ.ਟੀ.ਵੀ., ਸੈੱਟਲਾਈਟ ਅਤੇ ਪੇਸ਼ੇਵਰ ਕੈਮਰਿਆਂ ਵਿੱਚ ਸਿਮਟਿਆ ਮਨੁੱਖ ਸਾਹ ਲੈਣ ਲਈ ਥਾਂ ਲੱਭ ਰਿਹਾ ਹੈ। ਨਿਜ਼ਾਮ ਅਤੇ ਅਤਿਵਾਦ ਐਲਾਨ ਕਰ ਰਿਹਾ ਹੈ ਕਿ ਖੌਲਣ ਵਾਲਾ ਖ਼ੂਨ ਡੋਲ ਦਿੱਤਾ ਜਾਵੇਗਾ ਜਾਂ ਥੁੜਾਂ ਰਾਹੀਂ ਸੁਕਾ ਦਿੱਤਾ ਜਾਵੇਗਾ। ਸੀਲ ਖ਼ਪਤਕਾਰ ਲਈ ਸ਼ਰਧਾਮਈ ਸਹੂਲਤਾਂ ਦੀ ਵਸਤਾਂ ਵਜੋਂ ਜ਼ਾਮਨੀ ਨਿਜ਼ਾਮ ਭਰ ਰਿਹਾ ਹੈ ਅਤੇ ਅਤਿਵਾਦ ਹੂਰਾਂ, ਜ਼ੰਨਤ ਅਤੇ ਤਹੂਰ ਦੇ ਵਾਅਦੇ ਕਰ ਰਿਹਾ ਹੈ। ਮਨੁੱਖੀ ਜ਼ਿੰਦਗੀ ਦਾ ਸੁਆਲ ਇੱਕੋ ਹੈ ਕਿ ਇਸ ਫ਼ਾਨੀ ਸੰਸਾਰ ਦੀ ਬਿਹਤਰੀ ਦਾ ਰਾਹ ਕਿਹੜਾ ਹੈ?

(ਇਹ ਲੇਖ 8 ਅਪ੍ਰੈਲ 2015 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ)

Thursday, September 12, 2013

ਸੀਰੀਆ ਵਿੱਚ ਅਲ-ਕਾਇਦਾ ਦੇ ਰਸਾਲੇ ਅਤੇ ਅਮਰੀਕੀ ਬੰਬਾਜ਼

ਦਲਜੀਤ ਅਮੀ


ਅਮਰੀਕਾ ਇਸ ਵੇਲੇ ਸੀਰੀਆ ਉੱਤੇ ਹਮਲੇ ਲਈ ਵਿਉਂਤਬੰਦੀ ਕਰ ਰਿਹਾ ਹੈ। ਇੰਗਲੈਂਡ ਵਿੱਚ ਇਹ ਤਜਵੀਜ਼ ਹੁਕਮਰਾਨ ਪਾਰਟੀ ਦੇ ਆਗੂਆਂ ਦੀ ਰਾਏ ਦੇ ਉਲਟ ਨਾਮਨਜ਼ੂਰ ਹੋ ਗਈ ਹੈ। ਜਰਮਨ ਨੇ ਲੜਾਈ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰ ਦਿੱਤਾ ਹੈ। ਫਰਾਂਸ ਹਮਲੇ ਲਈ ਤਿਆਰ ਹੈ। ਅਮਰੀਕਾ ਵਿੱਚ ਹਵਾਈ ਹਮਲਾ ਕਰਨ ਦੀ ਤਜਵੀਜ਼ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਪੂਰੀ ਦੁਨੀਆਂ ਦੇ ਅਮਨਪਸੰਦ ਲੋਕ ਇਸ ਤਜਵੀਜ਼ ਦਾ ਵਿਰੋਧ ਕਰ ਰਹੇ ਹਨ। ਕੁਝ ਅਮਰੀਕੀ ਜਥੇਬੰਦੀਆਂ ਸੀਰੀਆ ਵਿੱਚ ਆਪਣੇ ਕਾਰਕੁਨ ਭੇਜਣ ਦੀ ਤਜਵੀਜ਼ ਬਣਾ ਰਹੀਆਂ ਹਨ ਤਾਂ ਜੋ ਇਨ੍ਹਾਂ ਰਾਹੀਂ ਅਮਰੀਕਾ ਉੱਤੇ ਹਮਲਾ ਨਾ ਕਰਨ ਲਈ ਦਬਾਅ ਪਾਇਆ ਜਾਵੇ। ਅਮਰੀਕਾ ਆਖ਼ਰ ਸੀਰੀਆ ਉੱਤੇ ਹਮਲਾ ਕਰਨ ਲਈ ਇੰਨਾ ਕਾਹਲਾ ਕਿਉਂ ਹੈ? ਫੌਰੀ ਦਲੀਲ ਤਾਂ ਇਹੋ ਦਿੱਤੀ ਜਾ ਰਹੀ ਹੈ ਕਿ ਸੀਰੀਆ ਦੀ ਸਰਕਾਰ ਨੇ ਬਾਗ਼ੀਆਂ ਖ਼ਿਲਾਫ਼ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਹੈ। ਇਨ੍ਹਾਂ ਰਸਾਇਣਕ ਹਥਿਆਰਾਂ ਦੀ ਵਰਤੋਂ ਨੂੰ ਰੋਕਣ ਲਈ ਸੀਰੀਆ ਦੇ ਮਿੱਥੇ ਟਿਕਾਣਿਆਂ ਉੱਤੇ ਹਮਲੇ ਕਰਨ ਦੀ ਲੋੜ ਅਮਰੀਕਾ ਨੂੰ ਆ ਪਈ ਹੈ। ਇਸ ਦਲੀਲ ਅੰਦਰ ਥੋਥ ਜਾਪਦੀ ਹੈ। ਰਸਾਇਣਕ ਹਥਿਆਰਾਂ ਦੀ ਵਰਤੋਂ ਰੋਕਣ ਲਈ ਹੋਰ ਭਿਆਨਕ ਹਥਿਆਰਾਂ ਦੀ ਵਰਤੋਂ ਕਰਨ ਨਾਲ ਨਤੀਜਾ ਕੀ ਨਿਕਲੇਗਾ? ਹਥਿਆਰਾਂ ਦੀ ਵਰਤੋਂ ਤਾਂ ਬੰਦੇ ਮਾਰਦੀ ਹੈ। ਉਹ ਰਸਾਇਣਕ ਹਥਿਆਰ ਨਾਲ ਵੀ ਮਰਦੇ ਹਨ ਅਤੇ ਬਾਰੂਦੀ ਬੰਬਾਂ ਨਾਲ ਵੀ। ਸੀਰੀਆ ਦਾ ਬੰਦੇ ਮਾਰਨਾ ਨਾਜਾਇਜ਼ ਅਤੇ ਅਮਰੀਕਾ ਦਾ ਬੰਦੇ ਮਾਰਨਾ ਜਾਇਜ਼ ਕਿਵੇਂ ਹੋਇਆ? ਇਹ ਸਵਾਲ ਵੱਖਰਾ ਹੈ ਕਿ ਰਸਾਇਣਕ ਹਥਿਆਰਾਂ ਦੀ ਵਰਤੋਂ ਸੀਰੀਆ ਸਰਕਾਰ ਨੇ ਕੀਤੀ ਹੈ ਜਾਂ ਬਾਗ਼ੀਆਂ ਨੇ। ਸੰਯੁਕਤ ਰਾਸ਼ਟਰ ਦੀ ਮੁੱਢਲੀ ਜਾਂਚ ਵਿੱਚ ਇਨ੍ਹਾਂ ਹਥਿਆਰਾਂ ਦੀ ਵਰਤੋਂ ਦਾ ਇਸ਼ਾਰਾ ਬਾਗ਼ੀਆਂ ਵੱਲ ਹੋਇਆ ਸੀ। ਇੰਗਲੈਂਡ ਕਬੂਲ ਵੀ ਕਰ ਚੁੱਕਿਆ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਬਣਾਉਣ ਲਈ ਲੋੜੀਂਦਾ ਰਸਾਇਣ ਉੱਥੋਂ ਬਰਾਮਦ ਕੀਤਾ ਗਿਆ ਹੈ।

ਸੀਰੀਆ ਦੇ ਮੌਜੂਦਾ ਮਸਲੇ ਬਾਬਤ ਗੱਲਬਾਤ ਕਰਨ ਲਈ ਕੁਝ ਤੱਥ ਜਾਣ ਲੈਣੇ ਜ਼ਰੂਰੀ ਹਨ। ਸੀਰੀਆ ਪੱਛਮੀ ਏਸ਼ੀਆ ਦਾ ਅਰਬੀ ਮੁਲਕ ਹੈ ਜਿਸ ਦੇ ਉੱਤਰ ਵਿੱਚ ਤੁਰਕੀ, ਪੂਰਬ ਵਿੱਚ ਇਰਾਕ, ਦੱਖਣ ਵਿੱਚ ਜੌਰਡਨ, ਦੱਖਣ-ਪੱਛਮ ਵਿੱਚ ਇਸਰਾਈਲ ਅਤੇ ਪੱਛਮ ਵਿੱਚ ਲਿਬਨਾਨ ਤੇ ਭੂ-ਮੱਧ ਸਾਗਰ ਹੈ। ਸੀਰੀਆ ਪਹਿਲੀ ਆਲਮੀ ਜੰਗ ਦੀ ਭੰਨ-ਤੋੜ ਦੇ ਨਤੀਜੇ ਵਜੋਂ ਫਰਾਂਸੀਸੀਆਂ ਦੀ ਵਿਉਂਤਬੰਦੀ ਨਾਲ ਹੋਂਦ ਵਿੱਚ ਆਇਆ। ਇਸ ਮੁਲਕ ਵਿੱਚ ਆਬਾਦੀ ਅਤੇ ਧਰਾਤਲ ਦੀ ਵੰਨ-ਸਵੰਨਤਾ ਹੈ। ਆਬਾਦੀ ਵਿੱਚ ਕੁਰਦ, ਤੁਰਕ, ਅਰਮੀਨੀਆਈ, ਅਸੀਰੀਆਈ, ਈਸਾਈ, ਡਰੂਜ਼, ਅਲਾਵਾਈਟ ਸ਼ੀਆ ਅਤੇ ਅਰਬੀ ਸੁੰਨੀ ਹਨ। ਧਰਾਤਲ ਵਿੱਚ ਉਪਜਾਉ ਪੱਧਰ ਜ਼ਮੀਨ ਦੇ ਨਾਲ-ਨਾਲ ਉੱਚੇ ਪਹਾੜ ਅਤੇ ਰੇਗ਼ਿਸਤਾਨ ਹੈ। ਸੀਰੀਆ ਅਪਰੈਲ 1946 ਵਿੱਚ ਫਰਾਂਸੀਸੀ ਬਸਤਾਨ ਤੋਂ ਆਜ਼ਾਦ ਹੋਇਆ। ਇਸ ਤੋਂ ਬਾਅਦ ਸੀਰੀਆ ਦਾ ਇਤਿਹਾਸ ਫ਼ੌਜੀ ਰਾਜ ਪਲਟਿਆਂ ਦੀ ਤਵਾਰੀਖ਼ ਹੈ। ਸੰਨ 1970 ਤੋਂ ਬਾਅਦ ਅਸਦ ਖ਼ਾਨਦਾਨ ਦਾ ਰਾਜ ਹੈ। ਇਸ ਦੌਰਾਨ 2000 ਤੱਕ ਹਾਫ਼ਿਜ਼ ਅਲ-ਅਸਦ ਦਾ ਰਾਜ ਰਿਹਾ ਅਤੇ ਉਸ ਤੋਂ ਬਾਅਦ ਹੁਣ ਤੱਕ ਉਸ ਦੇ ਮੁੰਡੇ ਬਸ਼ਰ ਅਲ-ਅਸਦ ਦਾ ਰਾਜ ਹੈ। ਸਿਆਸੀ ਪਾਰਟੀ ਵਜੋਂ ਇਹ ਬਾਥਿਸਟ ਪਾਰਟੀ ਦਾ ਰਾਜ ਹੈ। ਬਾਥ ਪਾਰਟੀ ਦਾ ਅਰਬੀ ਵਿੱਚ ਪੂਰਾ ਨਾਮ ਹਿਜ਼ਬ ਅਲ-ਬਾਥ ਅਲ-ਅਰਾਬੀ ਅਲ-ਇਸ਼ਤਰਾਕੀ ਹੈ ਜਿਸ ਦਾ ਅੰਗਰੇਜ਼ੀ ਨਾਮ ਅਰਬ ਸੋਸ਼ਲਿਸਟ ਪਾਰਟੀ ਹੈ। ਦੂਜੀ ਆਲਮੀ ਜੰਗ ਤੋਂ ਬਾਅਦ ਇਹ ਅਰਬੀ ਏਕੇ, ਆਜ਼ਾਦੀ ਅਤੇ ਸਮਾਜਵਾਦ ਦੇ ਟੀਚੇ ਤਹਿਤ ਸੋਵੀਅਤ ਯੂਨੀਅਨ ਦੀ ਹਮਾਇਤ ਨਾਲ ਬਣੀ ਪਾਰਟੀ ਸੀ ਜਿਸ ਦਾ ਅਸਰ ਇਰਾਕ, ਮਿਸਰ ਅਤੇ ਸੀਰੀਆ ਵਿੱਚ ਸਭ ਤੋਂ ਜ਼ਿਆਦਾ ਸੀ। ਇਸ ਪਾਰਟੀ ਦੇ ਅਸਰ ਕਾਰਨ ਸੀਰੀਆ ਅਤੇ ਮਿਸਰ ਨੇ 1954 ਵਿੱਚ ਯੂਨਾਈਟਿਡ ਅਰਬ ਰਿਪਬਲਿਕ ਵਜੋਂ ਏਕਾ ਕਰ ਲਿਆ ਸੀ ਪਰ 1961 ਵਿੱਚ ਇਹ ਦੁਬਾਰਾ ਵੱਖਰੇ ਮੁਲਕ ਬਣ ਗਏ। ਇਹ ਸਾਰੇ ਤੱਤ ਮਿਲ ਕੇ ਸੀਰੀਆ ਨੂੰ ਉਸ ਖਿੱਤੇ ਦੀ ਸਿਆਸਤ ਦਾ ਅਹਿਮ ਅਖਾੜਾ ਬਣਾਉਂਦੇ ਹਨ ਜਿਸ ਵਿੱਚ ਕਈ ਧਿਰਾਂ ਦੀ ਦਿਲਚਸਪੀ ਹੈ।

ਕਦੇ ਇਰਾਕ ਦਾ ਕਰੀਬੀ ਰਿਹਾ ਸੀਰੀਆ ਇਸ ਵੇਲੇ ਇਰਾਨ ਅਤੇ ਰੂਸ ਦਾ ਕਰੀਬੀ ਹੈ। ਕਦੇ ਅਰਬੀ ਏਕੇ ਦਾ ਝੰਡਾ-ਬਰਦਾਰ ਸਮਝੇ ਜਾਂਦੇ ਸੀਰੀਆ ਨੂੰ ਇਸ ਵੇਲੇ ਅਰਬ ਲੀਗ ਨੇ ਛੇਕਿਆ ਹੋਇਆ ਹੈ। ਉੱਤਰੀ ਅਮਰੀਕੀ ਅਤੇ ਏਸ਼ੀਆ ਦੇ ਅਰਬੀ ਖਿੱਤੇ ਦੀਆਂ ਬਗ਼ਾਵਤਾਂ ਦਾ ਅਸਰ ਸੀਰੀਆ ਉੱਤੇ ਵੀ ਪਿਆ ਹੈ ਅਤੇ ਮਾਰਚ 2011 ਤੋਂ ਖ਼ਾਨਾਜੰਗੀ ਚੱਲ ਰਹੀ ਹੈ। ਮਾਰਚ 2012 ਵਿੱਚ ਬਾਗ਼ੀ ਧੜਿਆਂ ਨੇ ਮਿਲ ਕੇ ਬਦਲਵੀਂ ਸਰਕਾਰ (ਸੀਰੀਅਨ ਨੈਸ਼ਨਲ ਕੁਲੀਸ਼ਨ) ਦਾ ਐਲਾਨ ਕੀਤਾ ਹੋਇਆ ਹੈ ਜਿਸ ਨੂੰ ਅਮਰੀਕਾ, ਇੰਗਲੈਂਡ ਅਤੇ ਫਰਾਂਸ ਨੇ ਸੀਰੀਆਈ ਆਵਾਮ ਦੀ ਨੁਮਾਇੰਦਾ ਸਰਕਾਰ ਵਜੋਂ ਮਾਨਤਾ ਦਿੱਤੀ ਹੋਈ ਹੈ। ਅਰਬ ਲੀਗ ਇਸ ਵੇਲੇ ਸੀਰੀਆ ਦੀ ਬਸ਼ਰ ਅਲ-ਅਸਦ ਸਰਕਾਰ ਦੀ ਥਾਂ ਸੀਰੀਅਨ ਨੈਸ਼ਨਲ ਕੁਲੀਸ਼ਨ ਨੂੰ ਸੱਦਾ ਦੇ ਚੁੱਕੀ ਹੈ। ਇਸ ਖ਼ਿੱਤੇ ਵਿੱਚ ਅਮਰੀਕੀ-ਇਸਰਾਈਲੀ ਸਾਮਰਾਜ ਦੇ ਹਿੱਤ ਸਾਂਝੇ ਹਨ। ਦਿਲਚਸਪ ਤੱਥ ਇਹ ਹੈ ਕਿ ਇਸਰਾਈਲ ਨਾਲ ਰਵਾਇਤੀ ਦੁਸ਼ਮਣੀ ਭੁਲਾ ਕੇ ਅਰਬ ਲੀਗ ਇਸ ਵੇਲੇ ਸੀਰੀਆ ਦੇ ਖ਼ਿਲਾਫ਼ ਹੈ। ਦੂਜੇ ਪਾਸੇ ਸੀਰੀਆ ਦੇ ਬਾਗ਼ੀਆਂ ਵਿੱਚ ਅਲ-ਕਾਇਦਾ (ਨੁਸਰਾ-ਫਰੰਟ) ਸ਼ਾਮਿਲ ਹੈ ਜਿਸ ਦੀ ਹਮਾਇਤ ਅਮਰੀਕਾ ਕਰ ਰਿਹਾ ਹੈ। ਇਨ੍ਹਾਂ ਹਾਲਾਤ ਵਿੱਚ ਉਸ ਖ਼ਿੱਤੇ ਵਿੱਚ ਇਰਾਨ ਅਤੇ ਸੀਰੀਆ ਹੀ ਅਮਰੀਕੀ ਗ਼ਲਬੇ ਉੱਤੇ ਸਵਾਲ ਕਰਦੇ ਹਨ। ਇਸ ਤੰਦ ਦੀ ਤਫ਼ਸੀਲ 'ਇੰਡੀਪੈਂਡੈਂਟ' ਅਖ਼ਬਾਰ ਦਾ ਪੱਤਰਕਾਰ ਰੌਬਰਟ ਫਿਸਕ ਲਿਖਦਾ ਹੈ, "ਜੇ ਹੋਇਆ ਤਾਂ ਇਹ ਆਧੁਨਿਕ ਮਨੁੱਖੀ ਇਤਿਹਾਸ ਦਾ ਸਭ ਤੋਂ ਮੂਰਖ਼ਾਨਾ ਪੱਛਮੀ ਹਮਲਾ ਹੋਵੇਗਾ ... ਮਨੁੱਖੀ ਇਤਿਹਾਸ ਦੇ ਸਭ ਤੋਂ ਪੁਰਾਣੇ ਸੀਰੀਆਈ ਸ਼ਹਿਰਾਂ ਉੱਤੇ ਸੁੱਟੀਆਂ ਜਾਣ ਵਾਲੀਆਂ ਕਰੂਜ਼ ਮਿਜਾਇਲਾਂ ਦਾ ਸੀਰੀਆ ਨਾਲ ਕੋਈ ਲੈਣਾ-ਦੇਣਾ ਨਹੀਂ। ਇਹ ਇਰਾਨ ਦਾ ਨੁਕਸਾਨ ਕਰਨ ਲਈ ਸੁੱਟੀਆਂ ਜਾਣਗੀਆਂ। ਇਹ ਇਸਲਾਮਕ ਰਿਪਬਲਿਕ ਖ਼ਿਲਾਫ਼ ਹਮਲਾ ਹੋਵੇਗਾ ਜੋ ਹੁਣ ਖਰਦਿਮਾਗ਼ ਮੁਹੰਮਦ ਅਹਿਮਦੀਨਿਜਾਦ ਦੇ ਮੁਕਾਬਲੇ ਨਵੇਂ ਅਤੇ ਊਰਜਾਵਾਨ ਰਾਸ਼ਟਰਪਤੀ ਦੀ ਅਗਵਾਈ ਵਿੱਚ ਪਹਿਲਾਂ ਤੋਂ ਵਧੇਰੇ ਸਥਿਰ ਹੈ। ਇਰਾਨ ਦਰਅਸਲ ਇਸਰਾਈਲ ਦਾ ਦੁਸ਼ਮਣ ਹੈ। ਇਸ ਤੋਂ ਬਾਅਦ ਉਹ ਸਹਿਜ ਸੁਭਾਅ ਅਮਰੀਕਾ ਦਾ ਦੁਸ਼ਮਣ ਬਣ ਜਾਂਦਾ ਹੈ। ਇਸ ਕਰ ਕੇ ਇਰਾਨ ਦੇ ਇਕਲੌਤੇ ਅਰਬੀ ਸਾਥੀ ਉੱਤੇ ਮਿਜ਼ਾਇਲਾਂ ਸੁੱਟੀਆਂ ਜਾਣੀਆਂ ਹਨ।" ਅਹਿਮਦੀਨਿਜਾਦ ਦੇ ਨਾਮ ਨਾਲ ਲੱਗਿਆ ਵਿਸ਼ੇਸ਼ਣ ਰੌਬਰਟ ਫਿਸਕ ਦੀ ਗੋਰਿਆਂ ਦੀ ਦੂਜਿਆਂ ਬਾਰੇ ਸਮਝ ਉਭਾਰਦਾ ਹੈ ਪਰ ਉਸ ਦੀ ਦਲੀਲ ਵਿੱਚੋਂ ਮੌਜੂਦਾ ਹਾਲਾਤ ਨੂੰ ਸਮਝਣਾ ਸੁਖਾਲਾ ਹੈ। ਇਹੋ ਮਾਹੌਲ ਮੁਹੰਮਦ ਅਹਿਮਦੀਨਿਜਾਦ ਵੇਲੇ ਇਰਾਨ ਖ਼ਿਲਾਫ਼ ਉਸਾਰਿਆ ਗਿਆ ਸੀ ਪਰ ਉਸ ਤੋਂ ਬਾਅਦ ਦਲੀਲ ਕਮਜ਼ੋਰ ਪੈ ਗਈ। ਦਲੀਲ ਕਮਜ਼ੋਰ ਪੈਣ ਨਾਲ ਅਮਰੀਕੀ-ਇਸਰਾਈਲ ਨੂੰ ਆਪਣੇ ਟੀਚੇ ਤਾਂ ਨਹੀਂ ਭੁੱਲੇ ਜੋ ਹੁਣ ਸੀਰੀਆ ਰਾਹੀਂ ਹਾਸਲ ਕਰਨ ਦੀ ਮਸ਼ਕ ਚੱਲ ਰਹੀ ਹੈ।

ਅਮਰੀਕੀ ਇਤਿਹਾਸ ਆਦਮਖ਼ੋਰ ਮੁਹਿੰਮਾਂ ਨਾਲ ਭਰਿਆ ਪਿਆ ਹੈ। ਹੀਰੋਸ਼ੀਮਾ-ਨਾਗਾਸਾਕੀ ਉੱਤੇ ਪਰਮਾਣੂ ਹਮਲੇ ਅਤੇ ਵੀਅਤਨਾਮ ਦੀ ਜੰਗ ਵਿੱਚ ਰਸਾਇਣਕ ਬੰਬਾਂ ਦੀ ਵਰਤੋਂ ਕਿਸੇ ਤੋਂ ਲੁਕੀ ਨਹੀਂ। ਇਸੇ ਅਮਰੀਕਾ ਦੇ ਗੈਸ ਬੰਬ ਸੱਦਾਮ ਹੁਸੈਨ ਨੇ 1988 ਵਿੱਚ ਕੁਰਦ ਬਾਗ਼ੀਆਂ ਖ਼ਿਲਾਫ਼ ਵਰਤੇ ਸਨ। ਰੌਬਰਟ ਫਿਸਕ ਮੁਤਾਬਕ ਉਸ ਵੇਲੇ ਰਸਾਇਣਕ ਹਥਿਆਰਾਂ ਦੀ ਵਰਤੋਂ ਦਾ ਇਲਜ਼ਾਮ ਸੀ.ਆਈ.ਏ. ਨੇ ਇਰਾਨ ਉੱਤੇ ਲਗਾਇਆ ਸੀ। ਇਨ੍ਹਾਂ ਹੀ ਹਥਿਆਰਾਂ ਦੇ ਨਾਮ ਉੱਤੇ ਇਰਾਕ ਉੱਤੇ 2003 ਵਿੱਚ ਹਮਲਾ ਕੀਤਾ ਗਿਆ ਜੋ ਉਸ ਵੇਲੇ ਇਰਾਕ ਕੋਲ ਨਹੀਂ ਸਨ।ਇਸ ਤੋਂ ਪਹਿਲਾਂ ਇਸਰਾਈਲ ਨੇ ਲਿਬਨਾਨ ਵਿੱਚ 17,000 ਸ਼ਹਿਰੀਆਂ ਨੂੰ ਮਾਰਿਆ। ਹਾਫ਼ਿਜ਼ ਅਲ-ਅਸਦ (ਬਸ਼ਰ ਅਲ-ਅਸਦ ਦਾ ਬਾਪ) ਨੇ 1980ਵਿਆਂ ਦੇ ਮੁੱਢ ਵਿੱਚ ਮੁਸਲਿਮ ਬ੍ਰਦਰਹੁੱਡ (ਅਲ-ਅਖ਼ਬਾਨ) ਦੇ ਹਜ਼ਾਰਾਂ ਕਾਰਕੁਨਾਂ ਨੂੰ ਹਾਮਾ ਇਲਾਕੇ ਵਿੱਚ ਮਾਰਿਆ। ਇਰਾਨ-ਇਰਾਕ ਜੰਗ (1980-88) ਦੌਰਾਨ ਸੱਦਾਮ ਹੁਸੈਨ ਨੇ ਗੈਸ ਬੰਬਾਂ ਦੀ ਵਰਤੋਂ ਕੀਤੀ ਪਰ ਉਸ ਵੇਲੇ ਉਹ ਅਮਰੀਕਾ ਪੱਖੀ ਸੀ। ਰੌਬਰਟ ਫਿਸਕ ਕਬੂਲ ਕਰਦਾ ਹੈ ਕਿ ਸਬੂਤ ਪੇਸ਼ ਕੀਤੇ ਜਾਣ ਦੇ ਬਾਵਜੂਦ ਪੱਛਮੀ ਪੱਤਰਕਾਰਾਂ ਨੇ ਇਨ੍ਹਾਂ ਹਮਲਿਆਂ ਨੂੰ 'ਅਖਾਉਤੀ' ਲਿਖਿਆ ਸੀ। ਜਦੋਂ ਕੁਵੈਤ ਉੱਤੇ ਹਮਲੇ ਤੋਂ ਬਾਅਦ ਅਮਰੀਕਾ ਨੇ ਨਾਟੋ ਦੇ ਝੰਡੇ ਥੱਲੇ ਇਰਾਕ ਉੱਤੇ ਹਮਲਾ ਕੀਤਾ ਤਾਂ ਇਸੇ ਸੀਰੀਆ ਵਿੱਚੋਂ ਕਰੂਜ਼ ਮਿਜ਼ਾਇਲਾਂ ਦਾਗ਼ੀਆਂ ਗਈਆਂ ਸਨ। ਲਿਬਨਾਨ ਜੰਗ ਵਿੱਚ ਅਮਰੀਕਾ, ਇਸਰਾਈਲ ਅਤੇ ਸੀਰੀਆ ਦਾ ਟਾਕਰਾ ਸਭ ਧਿਰਾਂ ਲਈ ਨਾਖ਼ੁਸ਼ਗਵਾਰ ਰਿਹਾ ਸੀ।

ਇਸ ਵੇਲੇ ਅਮਰੀਕੀ ਦਲੀਲ ਸੀਰੀਆ ਦੀ ਬਸ਼ਰ ਅਲ-ਅਸਦ ਸਰਕਾਰ ਵੱਲੋਂ ਵਰਤੇ ਗਏ ਰਸਇਣਕ ਹਥਿਆਰਾਂ ਤੋਂ ਮੁੜ ਵਰਤੋਂ ਰੋਕਣ ਦੇ ਮਕਸਦ ਨਾਲ ਜੋੜੀ ਜਾ ਰਹੀ ਹੈ। ਦੋ ਤੱਥਾਂ ਦੀ ਇਸ ਮਾਮਲੇ ਵਿੱਚ ਬਹੁਤ ਅਹਿਮੀਅਤ ਹੈ। ਇਸ ਵੇਲੇ ਲਿਬਨਾਨ ਵਿੱਚ ਸਰਗਰਮ ਹਿਜ਼ਬੁੱਲਾ ਨੂੰ ਇਰਾਨ ਦੀ ਹਮਾਇਤ ਹੈ ਅਤੇ ਹਿਜ਼ਬੁੱਲਾ ਸੀਰੀਆ ਵਿੱਚ ਬਾਗ਼ੀਆਂ ਖ਼ਿਲਾਫ਼ ਲੜ ਰਿਹਾ ਹੈ। ਹਿਜ਼ਬੁੱਲਾ ਦੇ ਤਿੰਨ ਲੜਾਕੇ ਰਸਾਇਣਕ ਹਮਲੇ ਦਾ ਸ਼ਿਕਾਰ ਹੋਏ ਹਨ ਅਤੇ ਇਸ ਵੇਲੇ ਲਿਬਨਾਨ ਦੇ ਰਾਜਧਾਨੀ ਬੈਰੂਤ ਵਿੱਚ ਜ਼ੇਰੇ-ਇਲਾਜ ਹਨ। ਇਨ੍ਹਾਂ ਦੀ ਖ਼ਬਰ ਉੱਤਰੀ ਅਮਰੀਕੀ ਅਤੇ ਯੂਰਪੀ ਮੀਡੀਆ ਦਾ ਹਿੱਸਾ ਨਹੀਂ ਬਣੀ। ਇਹ ਮੀਡੀਆ ਦੀ ਪੁਰਾਣੀ ਸਾਮਰਾਜ ਪੱਖੀ ਰਵਾਇਤ ਦਾ ਸਮਕਾਲੀ ਰੂਪ ਤਾਂ ਨਹੀਂ ਜਿਸ ਦਾ ਪਛਤਾਵਾਂ ਰੌਬਰਟ ਫਿਸਕ ਤਿੰਨ ਦਹਾਕਿਆਂ ਬਾਅਦ ਕਰ ਰਿਹਾ ਹੈ? ਸੰਯੁਕਤ ਰਾਸ਼ਟਰ ਨੇ ਸੀਰੀਆ ਲਈ ਕੌਮਾਂਤਰੀ ਜਾਂਚ ਕਮਿਸ਼ਨ ਬਣਾਇਆ ਹੋਇਆ ਹੈ। ਇਸ ਦੀ ਟੀਮ ਨੇ ਮਈ (2013) ਵਿੱਚ ਸਾਫ਼ ਕੀਤਾ ਸੀ ਕਿ ਮੁੱਢਲੀ ਜਾਂਚ ਤੋਂ ਬਾਅਦ ਰਸਾਇਣਕ ਹਥਿਆਰਾਂ ਦੀ ਵਰਤੋਂ ਦਾ ਸ਼ੱਕ ਬਾਗ਼ੀਆਂ ਉੱਤੇ ਜਾਂਦਾ ਹੈ। ਇਸ ਕਮਿਸ਼ਨ ਦੀ ਮੈਂਬਰ ਕਾਰਲਾ ਡੈਲ ਪੌਂਟੀ ਨੇ ਸਵਿੱਸ ਟੈਲੀਵਿਜ਼ਨ ਨਾਲ ਮੁਲਾਕਾਤ ਵਿੱਚ ਕਿਹਾ ਸੀ ਕਿ ਬਾਗ਼ੀਆਂ ਉੱਤੇ ਰਸਾਇਣਕ ਹਥਿਆਰਾਂ ਦੀ ਵਰਤੋਂ ਦੇ ਸ਼ੱਕ ਦੀ ਠੋਸ ਬੁਨਿਆਦ ਬਣਦੀ ਹੈ ਪਰ ਇਸ ਨੂੰ ਹਾਲੇ ਸਬੂਤ ਵਿੱਚ ਤਬਦੀਲ ਕਰਨ ਲਈ ਹੋਰ ਜਾਂਚ ਕਰਨ ਦੀ ਲੋੜ ਹੈ।

ਅਮਰੀਕਾ ਨੇ ਹੁਣ ਤੱਕ ਅਤਿਵਾਦ ਖ਼ਿਲਾਫ਼ ਜੰਗ ਦੀਆਂ ਸਾਰੀਆਂ ਮੁਹਿੰਮਾਂ ਲਈ ਸੁਰੱਖਿਆ ਅਤੇ ਜਮਹੂਰੀਅਤ ਦੀ ਰਾਖੀ ਨੂੰ ਮੋਹਰਾ ਬਣਾਇਆ ਹੈ। ਇਨ੍ਹਾਂ ਮੁਹਿੰਮਾਂ ਵਿੱਚ ਉਸ ਨੇ ਅਲ-ਕਾਇਦਾ ਦੇ ਆਗੂਆਂ ਦੀ ਭਾਲ ਵਿੱਚ ਸਭ ਤੋਂ ਵੱਡੀਆਂ ਖ਼ੁਫ਼ੀਆ ਅਤੇ ਜ਼ਾਹਰਾ ਫ਼ੌਜੀ ਕਾਰਵਾਈਆਂ ਕੀਤੀਆਂ ਹਨ। ਦੂਜੇ ਮੁਲਕਾਂ ਦੀਆਂ ਸਰਹੱਦਾਂ ਅਤੇ ਸਫ਼ਾਰਤੀ ਸਲੀਕੇ ਦੀ ਪ੍ਰਵਾਹ ਕੀਤੇ ਬਿਨਾਂ ਡਰੋਨ ਹਮਲੇ ਕੀਤੇ ਹਨ, ਮਿਜ਼ਾਇਲ ਹਮਲੇ ਕੀਤੇ ਹਨ ਅਤੇ ਫ਼ੌਜੀਆਂ ਨੇ ਰਾਤ-ਬਰਾਤੇ ਸੈਂਕੜੇ ਮੀਲ ਅੰਦਰ ਜਾ ਕੇ ਹਥਿਆਰਬੰਦ ਕਾਰਵਾਈਆਂ ਕੀਤੀਆਂ ਹਨ। ਅਲ-ਕਾਇਦਾ ਦੀ ਭਾਲ ਵਿੱਚ ਅਫ਼ਗ਼ਾਨਿਸਤਾਨ, ਇਰਾਕ ਅਤੇ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਵਿੱਚ ਬਰੂਦ ਦਾ ਮੀਂਹ ਵਰਸਾਉਣ ਵਾਲਾ ਅਮਰੀਕਾ ਹੁਣ ਅਲ-ਕਾਇਦਾ (ਨੁਸਰਾ-ਫਰੰਟ) ਨਾਲ ਮਿਲ ਕੇ ਸੀਰੀਆ ਉੱਤੇ ਹਮਲਾ ਕਰ ਰਿਹਾ ਹੈ। ਅਮਰੀਕਾ ਦਾ ਦਾਅਵਾ ਹੈ ਕਿ ਸੀਰੀਆ ਦੀ ਧਰਤੀ ਉੱਤੇ ਅਮਰੀਕੀ ਫ਼ੌਜੀ ਪੈਰ ਨਹੀਂ ਧਰਨਗੇ। ਮਤਲਬ ਸਾਫ਼ ਹੈ ਕਿ ਨੁਸਰਾ-ਫਰੰਟ ਦੀ ਨਿਸ਼ਾਨਦੇਹੀ ਉੱਤੇ ਅਮਰੀਕਾ ਬੰਬਾਰੀ ਕਰੇਗਾ। ਅਲ-ਅਖ਼ਬਾਨ ਹੁਣ ਅਮਰੀਕਾ ਨੂੰ ਦੱਸੇਗਾ ਕਿ ਸੀਰੀਆ ਵਿੱਚ ਕਿੱਥੇ ਬੰਬ ਸੁੱਟਣੇ ਹਨ। ਮਿਸਰ ਵਿੱਚ ਚੋਣਾਂ ਜਿੱਤ ਕੇ ਸਰਕਾਰ ਬਣਵਾਉਣ ਵਾਲੇ ਅਲ-ਅਖ਼ਬਾਨ ਨੂੰ ਫ਼ੌਜੀ ਇਮਦਾਦ ਨਾਲ ਹਟਾ ਦਿੱਤੇ ਜਾਣਾ ਅਮਰੀਕਾ ਨੂੰ ਪ੍ਰੇਸ਼ਾਨ ਨਹੀਂ ਕਰਦਾ ਕਿਉਂਕਿ ਉਸ ਨੂੰ ਦੂਜੀ ਧਿਰ ਦੀ ਸਰਕਾਰ ਚਾਹੀਦੀ ਹੈ। ਮਿਸਰ ਵਿੱਚ ਅਲ-ਅਖ਼ਬਾਨ ਨੂੰ ਇਸਲਾਮੀ ਕੱਟੜਪੰਥੀ ਕਰਾਰ ਦੇਣ ਵਾਲਾ ਅਮਰੀਕਾ ਉਨ੍ਹਾਂ ਨਾਲ ਮਿਲ ਕੇ ਸੀਰੀਆ ਉੱਤੇ ਚੜ੍ਹਾਈ ਕਰ ਰਿਹਾ ਹੈ। ਇਹ ਗੱਠਜੋੜ ਓਬਾਮਾ, ਕੈਮਰੂਨ, ਫਰੈਂਕੋਅਸ ਅਲਾਂਦੇ, ਨੁਸਰਾ-ਫਰੰਟ ਅਤੇ ਦੁਨੀਆਂ ਦੇ ਹੋਰ ਛੋਟੇ-ਵੱਡੇ ਸਰਕਾਰੀ ਜਾਂ ਗ਼ੈਰ-ਸਰਕਾਰੀ ਜੰਗਬਾਜ਼ਾਂ ਦੀ ਬਹੁਤ ਵੱਡੀ ਪ੍ਰਾਪਤੀ ਵਜੋਂ ਪੇਸ਼ ਕੀਤਾ ਜਾ ਸਕਦਾ ਹੈ।

ਅਮਰੀਕੀ ਜਾਣਕਾਰੀ ਜਾਂ ਦਲੀਲ ਖ਼ੁਫ਼ੀਆ ਮਹਿਕਮੇ ਦੇ ਮੁਲਾਜ਼ਮਾਂ ਦੀ ਜਾਣਕਾਰੀ ਉੱਤੇ ਟਿਕੀ ਹੋਈ ਹੈ। ਇਹੋ ਮਾਹਰ 'ਭਰੋਸੇਯੋਗ' ਸੂਤਰਾਂ ਦੇ ਹਵਾਲੇ ਨਾਲ ਇਰਾਕ ਦੇ ਭਿਆਨਕ ਤਬਾਹੀ ਕਰਨ ਵਾਲੇ ਹਥਿਆਰਾਂ ਦੇ ਜ਼ਖ਼ੀਰਿਆਂ ਦੀ ਜਾਣਕਾਰੀ ਦਿੰਦੇ ਸਨ। ਉਹ ਹਥਿਆਰਾਂ ਦੇ ਜ਼ਖੀਰੇ ਕਦੇ ਨਹੀਂ ਮਿਲੇ ਪਰ ਉਸ ਦਲੀਲ ਦੇ ਹਵਾਲੇ ਨਾਲ ਇਰਾਕ ਵਿੱਚ ਅਮਰੀਕੀਆਂ ਦੀ ਅਗਵਾਈ ਵਿੱਚ ਨਾਟੋ ਫ਼ੌਜਾਂ ਨੇ ਭਿਆਨਕ ਤਬਾਹੀ ਮਚਾ ਦਿੱਤੀ ਹੈ। ਸੀਰੀਆ ਉੱਤੇ ਹਮਲੇ ਦੇ ਕਾਰਨਾਂ ਬਾਰੇ ਰੌਬਰਟ ਫਿਸਕ ਲਿਖਦਾ ਹੈ, "ਮੈਨੂੰ ਲੱਗਦਾ ਹੈ ਕਿ ਮੈਂ ਇਸ ਦਾ ਕਾਰਨ ਜਾਣਦਾ ਹਾਂ। ਮੈਨੂੰ ਜਾਪਦਾ ਹੈ ਕਿ ਬਸ਼ਰ ਅਲ-ਅਸਦ ਦੀ ਬੇਕਿਰਕ ਫ਼ੌਜ ਬਾਗ਼ੀਆਂ ਉੱਤੇ ਜਿੱਤ ਹਾਸਲ ਕਰ ਰਹੀ ਹੈ ਜਿਨ੍ਹਾਂ ਨੂੰ ਅਸੀਂ ਚੋਰੀ-ਛਿਪੇ ਹਥਿਆਰ ਦਿੰਦੇ ਹਾਂ। ਇਰਾਨ ਦੀ ਸਰਪ੍ਰਸਤੀ ਵਾਲੇ ਲਿਬਨਾਨੀ ਹਿਜ਼ਬੁੱਲਾ ਦੀ ਮਦਦ ਨਾਲ ਦਮਸ਼ਕ ਦੇ ਨਿਜ਼ਾਮ ਨੇ ਕਿਉਸੇਅਰ ਵਿੱਚ ਬਾਗ਼ੀਆਂ ਦਾ ਲੱਕ ਤੋੜ ਦਿੱਤਾ ਹੈ ਅਤੇ ਇਹੋ ਕੁਝ ਹੋਮਸ ਦੇ ਉੱਤਰ ਵੱਲ ਹੋਣ ਵਾਲਾ ਹੈ। ਇਰਾਨ ਇਸ ਵੇਲੇ ਸੀਰੀਆ ਸਰਕਾਰ ਨੂੰ ਬਚਾਉਣ ਲਈ ਹਰ ਪੱਧਰ ਉੱਤੇ ਲੱਗਿਆ ਹੋਇਆ ਹੈ। ਬਸ਼ਰ ਦੀ ਜਿੱਤ ਦਾ ਮਤਲਬ ਇਰਾਨ ਦੀ ਜਿੱਤ ਹੈ। ਇਰਾਨ ਦੀ ਜਿੱਤ ਪੱਛਮ ਬਰਦਾਸ਼ਤ ਨਹੀਂ ਕਰ ਸਕਦਾ।" ਹੁਣ ਅਮਰੀਕਾ ਰਸਾਇਣਕ ਹਥਿਆਰਾਂ ਦੀ ਵਰਤੋਂ ਕਾਰਨ ਇੱਕ ਮੁਲਕ ਉੱਤੇ ਹਮਲਾ ਕਰਨ ਲਈ ਤਿਆਰ ਹੈ। ਅਫ਼ਗ਼ਾਨਿਸਤਾਨ ਅਤੇ ਇਰਾਕ ਵਿੱਚ ਸੁੱਟੇ ਬੰਬਾਂ ਦਾ ਰਸਾਇਣਕ ਖ਼ਾਸਾ ਨਵੇਂ ਜੰਮੇ ਬੱਚਿਆਂ ਉੱਤੇ ਅਸਰਅੰਦਾਜ਼ ਹੋ ਰਿਹਾ ਹੈ। ਇਨ੍ਹਾਂ ਮੁਲਕਾਂ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਬੱਚੇ ਪੈਦਾ ਹੋ ਰਹੇ ਹਨ ਜਿਸ ਤਰ੍ਹਾਂ ਦਾ ਜ਼ਿਕਰ ਅਸੀਂ ਹੀਰੋਸ਼ੀਮਾ-ਨਾਗਾਸ਼ਾਕੀ ਦੇ ਹਾਦਸਿਆਂ ਦੇ ਹਵਾਲੇ ਨਾਲ ਪੜ੍ਹਦੇ-ਸੁਣਦੇ-ਦੇਖਦੇ ਆਏ ਹਨ। ਕਿਸੇ ਦੇ ਇੱਕ ਹੱਥ, ਕਿਸੇ ਦੇ ਪੰਜ ਹੱਥ, ਕਿਸੇ ਦੇ ਛੋਟੀਆਂ-ਵੱਡੀਆਂ ਲੱਤਾਂ-ਬਾਹਾਂ, ਕਿਸੇ ਦੇ ਸਰੀਰ ਦਾ ਕੋਈ ਨਾ ਕੋਈ ਅੰਗ ਬੇਢੱਬਾ ਜਾਂ ਬੇਕਾਰ ਹੈ। ਇਨ੍ਹਾਂ ਪੱਖਾਂ ਤੋਂ ਤਾਂ ਅਫ਼ਗ਼ਾਨਿਸਤਾਨ ਅਤੇ ਇਰਾਕ ਦਾ ਅਧਿਐਨ ਹੀ ਨਹੀਂ ਕੀਤਾ ਜਾ ਰਿਹਾ।

ਪਿਛਲੇ ਸਾਲਾਂ ਦੌਰਾਨ ਬਗ਼ਾਵਤਾਂ ਦਾ ਅਖਾੜਾ ਬਣਨ ਵਾਲੇ ਜ਼ਿਆਦਾਤਰ ਮੁਲਕਾਂ ਵਿੱਚ ਕਦੇ ਫਰਾਂਸ ਦਾ ਸਾਮਰਾਜ ਰਿਹਾ ਹੈ। ਫਰਾਂਸ ਲਈ ਇਹ ਖੁੱਸ ਚੁੱਕੇ ਸਾਮਰਾਜ ਵਿੱਚ ਦਖ਼ਲਅੰਦਾਜ਼ੀ ਵਧਾਉਣ ਦੀ ਲੜਾਈ ਹੈ। ਅਲਜੀਰੀਆ ਦਾ ਲੇਖਕ ਫਰਾਂਜ਼ ਫਾਨੋ ਆਪਣੀ ਕਿਤਾਬ 'ਰੈਚਡ ਆਫ਼ ਦਿ ਅਰਥ' ਵਿੱਚ ਫਰਾਂਸੀਸੀਆਂ ਦੇ ਜ਼ੁਲਮਾਂ ਦੀ ਤਫ਼ਸੀਲ ਲਿਖਦਾ ਹੈ। ਇਸ ਕਿਤਾਬ ਦੀ ਭੂਮਿਕਾ ਫਰਾਂਸੀਸੀ ਮੂਲ ਦੇ ਨਾਬਰ ਲੇਖਕ ਜੀਨ ਪਾਲ ਸਾਰਤਰ ਨੇ ਲਿਖੀ ਹੈ। ਉਹ ਆਪਣੇ ਮੁਲਕ ਵਾਸੀਆਂ ਨੂੰ ਕਿਤਾਬ ਪੜ੍ਹਣ ਦੀ ਸਿਫ਼ਾਰਿਸ਼ ਕਰਦਾ ਹੈ ਕਿ ਜੇ ਉਹ ਚਾਹੁੰਦੇ ਹਨ ਕਿ 'ਫਰਾਂਸ ਕਿਸੇ ਮਨੋਰੋਗ ਦਾ ਨਾਮ ਹੋਣ ਦੀ ਥਾਂ ਕਿਸੇ ਮੁਲਕ ਦਾ ਨਾਮ ਹੋਵੇ ਤਾਂ ਇਹ ਕਿਤਾਬ ਪੜ੍ਹਨ ਅਤੇ ਸਮਝਣ ਕਿ ਫਰਾਂਸੀਸੀ ਨਫ਼ਰਤ ਦੇ ਲਾਇਕ ਕਿਉਂ ਹਨ।' ਫਰਾਂਸ ਨੇ ਲੀਬੀਆ ਉੱਤੇ ਬੰਬਾਰੀ ਵਾਲੀ ਮੁਹਿੰਮ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਸੀ ਅਤੇ ਹੁਣ ਸੀਰੀਆ ਉੱਤੇ ਹਮਲੇ ਲਈ ਕੱਛਾਂ ਵਜਾ ਰਿਹਾ ਹੈ। ਇਹ ਫਰਾਂਜ਼ ਫਾਨੋ ਦਾ ਪਛਾਣਿਆ ਹੋਇਆ ਮਨੋਰੋਗ ਹੈ ਜਿਸ ਤੋਂ ਸਾਰਤਰ ਫਰਾਂਸ ਨੂੰ ਬਚਾਉਣਾ ਚਾਹੁੰਦਾ ਸੀ।

ਸੀਰੀਆ ਉੱਤੇ ਹਮਲੇ ਲਈ ਲੋਕ-ਰਾਏ ਬਣਾਉਣ ਲਈ ਯੂ-ਟਿਉਬ ਦਾ ਵੀਡੀਓ ਵਰਤਿਆ ਜਾ ਰਿਹਾ ਹੈ। ਫੇਸ-ਬੁੱਕ ਅਤੇ ਯੂ-ਟਿਉਬ ਦਾ ਇਹ ਜਲਵਾ ਕਈ ਥਾਂਈਂ ਦੇਖਿਆ ਜਾ ਰਿਹਾ ਹੈ। ਜੋ ਅਫ਼ਵਾਹਾਂ ਦੇ ਹਵਾਲੇ ਨਾਲ ਬਰਮਾ ਵਿੱਚ ਹੋਇਆ ਸੀ ਅਤੇ ਇਸ ਵੇਲੇ ਉੱਤਰ ਪ੍ਰਦੇਸ਼ ਦੇ ਮੁੱਜਫਰਨਗਰ ਇਲਾਕੇ ਵਿੱਚ ਹੋ ਰਿਹਾ ਹੈ, ਉਹੋ ਕੌਮਾਂਤਰੀ ਪੱਧਰ ਉੱਤੇ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੀ ਤਫ਼ਸੀਲ ਜਾਣਨ ਤੋਂ ਬਾਅਦ ਕਿਸੇ ਗੱਲ ਦੀ ਕੋਈ ਦਲੀਲ ਬਣਦੀ ਸਮਝ ਨਹੀਂ ਆਉਂਦੀ। ਜਾਪਦਾ ਇੰਝ ਹੈ ਕਿ ਇਹ ਸਭ ਕੁਝ ਪਾਗ਼ਲਪਣ ਹੈ। ਇਸ ਪਾਗ਼ਲਪਣ ਵਿੱਚ ਤਰਤੀਬ ਹੈ ਜੋ ਸਾਮਰਾਜੀ ਜੰਗਬਾਜ਼ਾਂ ਦੇ ਪੱਖ ਵਿੱਚ ਭੁਗਤਦੀ ਹੈ। ਇਸ ਪਾਗ਼ਲਪਣ ਦੀ ਤਰਤੀਬ ਇਹੋ ਹੈ ਕਿ ਮਸਲਾ ਦਲੀਲ ਨਾਲ ਨਹੀਂ ਸਗੋਂ ਆਪਣੀ ਹੈਂਕੜ ਨਾਲ ਸੁਲਝਾਉਣਾ ਹੈ। ਹਥਿਆਰਾਂ ਦੀ ਤਾਕਤ ਨਾਲ ਦੁਨੀਆਂ ਉੱਤੇ ਅਮਰੀਕੀ 'ਜਮਹੂਰੀਅਤ' ਦਾ ਝੰਡਾ ਝੁਲਾਉਣਾ ਹੈ। ਜੇ ਹਮਲਾ ਹੁੰਦਾ ਹੈ ਤਾਂ ਉਸ ਦਾ ਨਤੀਜਾ ਕੁਝ ਵੀ ਹੋਵੇ ਪਰ ਫਰਾਂਸੀਸੀਆਂ ਅਤੇ ਅਮਰੀਕੀਆਂ ਦੀ ਹਥਿਆਰ ਦੀ ਮੰਗ ਇਸ ਖ਼ਿੱਤੇ ਵਿੱਚ ਵਧ ਜਾਵੇਗੀ ਕਿ ਅਫ਼ਗ਼ਾਨਿਸਤਾਨ ਤੋਂ ਸੀਰੀਆ ਤੱਕ ਦਾ ਖ਼ਿੱਤਾ ਭਿਆਨਕ ਖ਼ਾਨਾਜੰਗੀ ਦਾ ਸ਼ਿਕਾਰ ਹੋ ਸਕਦਾ ਹੈ। ਇਸ ਅੱਗੇ ਮਿਸਰ ਅਤੇ ਲੀਬੀਆ ਪਹਿਲਾਂ ਹੀ ਖ਼ਾਨਾਜੰਗੀ ਵਿੱਚ ਉਲਝੇ ਹੋਏ ਹਨ। ਕੁਝ ਸਤਰਾਂ ਰੌਬਰਟ ਫਿਸਕ ਦੀਆਂ ਬਹੁਤ ਅਹਿਮ ਹਨ, "ਜੇ ਅਸੀਂ ਵਾਸ਼ਿੰਗਟਨ, ਲੰਡਨ, ਪੈਰਿਸ ਅਤੇ ਹੋਰ 'ਸਭਿਅਕ' ਮੁਲਕਾਂ ਦੀ ਮੂਰਖ਼ਤਾ ਉੱਤੇ ਯਕੀਨ ਕਰੀਏ ਤਾਂ ਲਹੂ-ਪੀਣੀ ਤਲਵਾਰ ਦਮਸ਼ਕ ਉੱਤੇ ਚੱਲਣ ਵਾਲੀ ਹੈ। ਇਸ ਤਬਾਹੀ ਨੂੰ ਹੱਲਾਸ਼ੇਰੀ ਦਿੰਦਾ ਬਾਕੀ ਅਰਬ ਆਲਮ ਇਸ ਖ਼ਿਤੇ ਦੇ ਇਤਿਹਾਸ ਦਾ ਸ਼ਾਇਦ ਸਭ ਤੋਂ ਦੁਖਦਾਈ ਤਜਰਬਾ ਹੋਵੇਗਾ। ਸ਼ਾਇਦ ਸਭ ਤੋਂ ਜ਼ਿਆਦਾ ਸ਼ਰਮਸ਼ਾਰ ਕਰਨ ਵਾਲਾ। ਇਹ ਤੱਥ ਵੀ ਧਿਆਨ ਦੇਣ ਵਾਲਾ ਹੈ ਕਿ ਅਸੀਂ ਸ਼ੀਆ ਮੁਸਲਮਾਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਉੱਤੇ ਹਮਲਾ ਕਰਾਂਗੇ ਤਾਂ ਸੁੰਨੀ ਮੁਸਲਮਾਨ ਬਾਘੀਆਂ ਪਾ ਰਹੇ ਹੋਣਗੇ।" ਖ਼ਾਨਾਜੰਗੀ ਇਸੇ ਨੂੰ ਕਹਿੰਦੇ ਹਨ। ਦੁਨੀਆਂ ਨੂੰ ਇਸ ਤਰ੍ਹਾਂ ਦੀ ਖ਼ਾਨਾਜੰਗੀ ਵਿੱਚ ਉਲਝਾਉਣਾ ਸਾਮਰਾਜੀਆਂ ਦਾ ਖ਼ਾਸਾ ਹੈ। ਅਸੀਂ ਇਸ ਨੂੰ 'ਪਾੜੋ ਤੇ ਰਾਜ ਕਰੋ' ਕਹਿੰਦੇ ਆਏ ਹਾਂ। ਸਾਮਰਾਜੀਆਂ ਨੇ ਆਪੇ ਸਿਰਜੇ ਪਾਗ਼ਲਪਣ ਵਿੱਚੋਂ ਆਪਣੇ ਪੱਖ ਦੀ ਤਰਤੀਬ ਲੱਭ ਲਈ ਹੈ। ਅਮਨਪਸੰਦ ਅਤੇ ਇਨਸਾਫ਼ਪਸੰਦ ਧਿਰਾਂ ਇਸ ਵੇਲੇ ਕਿਤੇ ਵੀ ਦਰਸ਼ਕ ਨਹੀਂ ਹੋ ਸਕਦੀਆਂ। ਇਸ ਵੇਲੇ ਸੀਰੀਆ ਕਿਸੇ ਮੁਲਕ ਦਾ ਨਾਮ ਨਹੀਂ ਹੈ। ਇਹ ਸਾਮਰਾਜ ਖ਼ਿਲਾਫ਼ ਨਾਬਰੀ ਦਾ ਬਿੰਬ ਹੈ ਜਿਸ ਦੇ ਗੁਣ-ਔਗੁਣ ਬਸ਼ਰ ਅਲ-ਅਸਦ ਜਾਂ ਉਸ ਦੀ ਸਰਕਾਰ ਵਿੱਚੋਂ ਨਹੀਂ ਲੱਭੇ ਜਾਣੇ ਚਾਹੀਦੇ। ਸੀਰੀਆ ਇਸ ਵੇਲੇ ਅਮਰੀਕੀ ਗ਼ਲਬੇ ਉੱਤੇ ਸਵਾਲ ਕਰ ਕੇ ਮਨੁੱਖ ਦੀ ਬੰਦਖਲਾਸੀ ਅਤੇ ਜਮਹੂਰੀਅਤ ਦੇ ਮਸਲੇ ਪੇਸ਼ ਕਰਨ ਦਾ ਮੌਕਾ ਹੈ ਜੋ ਖੁੰਝਾਇਆ ਨਹੀਂ ਜਾਣਾ ਚਾਹੀਦਾ।

(ਇਹ ਲੇਖ 12 ਸਤੰਬਰ 2013 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ।)